Skip to content

Skip to table of contents

ਅਧਿਐਨ ਲੇਖ 24

ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓ

ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓ

“ਅਸੀਂ ਲੋਕਾਂ ਦੀਆਂ ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਉੱਚੀਆਂ-ਉੱਚੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ।”​—2 ਕੁਰਿੰ. 10:5.

ਗੀਤ 18 ਰੱਬ ਦਾ ਪਿਆਰ

ਖ਼ਾਸ ਗੱਲਾਂ *

1. ਪੌਲੁਸ ਰਸੂਲ ਨੇ ਚੁਣੇ ਹੋਏ ਮਸੀਹੀਆਂ ਨੂੰ ਕਿਹੜੀ ਸਖ਼ਤ ਚੇਤਾਵਨੀ ਦਿੱਤੀ?

ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਛੱਡ ਦਿਓ।” ਪਰ ਕੀ ਛੱਡ ਦਿਓ? “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।” (ਰੋਮੀ. 12:2) ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਹ ਸ਼ਬਦ ਕਹੇ ਸਨ। ਉਸ ਨੇ ਪਰਮੇਸ਼ੁਰ ਦੇ ਸਮਰਪਿਤ ਅਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਇੰਨੀ ਸਖ਼ਤ ਚੇਤਾਵਨੀ ਕਿਉਂ ਦਿੱਤੀ ਸੀ?​—ਰੋਮੀ. 1:7.

2-3. ਸ਼ੈਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ, ਪਰ ਅਸੀਂ ਆਪਣੇ ਮਨ ਵਿੱਚੋਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਕਿਵੇਂ ਕੱਢ ਸਕਦੇ ਹਾਂ?

2 ਪੌਲੁਸ ਪਰੇਸ਼ਾਨ ਸੀ ਕਿਉਂਕਿ ਕੁਝ ਮਸੀਹੀਆਂ ’ਤੇ ਸ਼ੈਤਾਨ ਦੀ ਦੁਨੀਆਂ ਦੇ ਨੁਕਸਾਨਦੇਹ ਵਿਚਾਰਾਂ ਅਤੇ ਫ਼ਲਸਫ਼ਿਆਂ ਦਾ ਅਸਰ ਸੀ। (ਅਫ਼. 4:17-19) ਇਸ ਤਰ੍ਹਾਂ ਸਾਡੇ ਨਾਲ ਵੀ ਹੋ ਸਕਦਾ ਹੈ। ਇਸ ਦੁਨੀਆਂ ਦਾ ਈਸ਼ਵਰ ਸ਼ੈਤਾਨ ਸਾਨੂੰ ਹਰ ਕੀਮਤ ’ਤੇ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ ਜਿਸ ਕਰਕੇ ਉਹ ਅਲੱਗ-ਅਲੱਗ ਚਾਲਾਂ ਚੱਲਦਾ ਹੈ। ਮਿਸਾਲ ਲਈ, ਜੇ ਸਾਡੇ ਵਿਚ ਮਸ਼ਹੂਰ ਬਣਨ ਦੀ ਇੱਛਾ ਹੈ, ਤਾਂ ਉਹ ਇਹ ਇੱਛਾ ਵਰਤ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਨਾਲੇ ਉਹ ਸ਼ਾਇਦ ਸਾਡੇ ਪਿਛੋਕੜ, ਸਾਡੇ ਸਭਿਆਚਾਰ ਜਾਂ ਸਾਡੀ ਪੜ੍ਹਾਈ-ਲਿਖਾਈ ਨੂੰ ਵਰਤ ਕੇ ਸਾਡੀ ਸੋਚ ਨੂੰ ਆਪਣੇ ਵਰਗੀ ਬਣਾਉਣ ਦੀ ਕੋਸ਼ਿਸ਼ ਕਰੇ।

3 ਕੀ ਆਪਣੇ ਮਨ ਵਿੱਚੋਂ “ਕਿਲਿਆਂ ਵਰਗੇ ਮਜ਼ਬੂਤ” ਵਿਚਾਰਾਂ ਨੂੰ ਕੱਢਣਾ ਮੁਮਕਿਨ ਹੈ? (2 ਕੁਰਿੰ. 10:4) ਜ਼ਰਾ ਗੌਰ ਕਰੋ ਕਿ ਪੌਲੁਸ ਨੇ ਕੀ ਜਵਾਬ ਦਿੱਤਾ: “ਅਸੀਂ ਲੋਕਾਂ ਦੀਆਂ ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਉੱਚੀਆਂ-ਉੱਚੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ ਅਤੇ ਉਨ੍ਹਾਂ ਦੀ ਹਰ ਸੋਚ ਨੂੰ ਕਾਬੂ ਕਰ ਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।” (2 ਕੁਰਿੰ. 10:5) ਜੀ ਹਾਂ, ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਮਨ ਵਿੱਚੋਂ ਗ਼ਲਤ ਵਿਚਾਰ ਕੱਢ ਸਕਦੇ ਹਾਂ। ਜਿੱਦਾਂ ਦਵਾਈ ਨਾਲ ਜ਼ਹਿਰ ਦਾ ਅਸਰ ਖ਼ਤਮ ਕੀਤਾ ਜਾ ਸਕਦਾ ਹੈ, ਉੱਦਾਂ ਹੀ ਪਰਮੇਸ਼ੁਰ ਦਾ ਬਚਨ ਸ਼ੈਤਾਨ ਦੀ ਦੁਨੀਆਂ ਦੇ ਜ਼ਹਿਰੀਲੇ ਅਸਰਾਂ ਨੂੰ ਖ਼ਤਮ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।

“ਆਪਣੀ ਸੋਚ ਨੂੰ ਬਦਲੋ”

4. ਸੱਚਾਈ ਸਵੀਕਾਰ ਕਰਨ ’ਤੇ ਸਾਡੇ ਵਿੱਚੋਂ ਕਈ ਜਣਿਆਂ ਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ?

4 ਜ਼ਰਾ ਸੋਚੋ ਕਿ ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਸਵੀਕਾਰ ਕੀਤੀ ਸੀ ਅਤੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ, ਉਦੋਂ ਤੁਹਾਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ। ਸਾਡੇ ਵਿੱਚੋਂ ਕਈ ਜਣਿਆਂ ਨੂੰ ਗ਼ਲਤ ਕੰਮ ਛੱਡਣੇ ਪਏ ਸਨ। (1 ਕੁਰਿੰ. 6:9-11) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਗ਼ਲਤ ਕੰਮ ਕਰਨੇ ਛੱਡ ਸਕੇ!

5. ਰੋਮੀਆਂ 12:2 ਅਨੁਸਾਰ ਸਾਨੂੰ ਕਿਹੜੇ ਦੋ ਕੰਮ ਕਰਨ ਦੀ ਲੋੜ ਹੈ?

5 ਪਰ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਹੋਰ ਤਬਦੀਲੀਆਂ ਕਰਨ ਦੀ ਲੋੜ ਨਹੀਂ ਹੈ। ਭਾਵੇਂ ਅਸੀਂ ਉਹ ਗੰਭੀਰ ਪਾਪ ਕਰਨੇ ਛੱਡ ਦਿੱਤੇ ਹਨ ਜੋ ਅਸੀਂ ਬਪਤਿਸਮੇ ਤੋਂ ਪਹਿਲਾਂ ਕਰਦੇ ਸੀ, ਪਰ ਫਿਰ ਵੀ ਸਾਨੂੰ ਉਸ ਹਰ ਕੰਮ ਤੋਂ ਬਚਣ ਲਈ ਜਤਨ ਕਰਦੇ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਉਹ ਕੰਮ ਦੁਬਾਰਾ ਕਰਨ ਲਈ ਭਰਮਾਏ ਨਾ ਜਾਈਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਪੌਲੁਸ ਨੇ ਕਿਹਾ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।” (ਰੋਮੀ. 12:2) ਸੋ ਸਾਨੂੰ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ, ਸਾਨੂੰ ਇਸ ਦੁਨੀਆਂ ਦੇ ਲੋਕਾਂ ਦੀ “ਨਕਲ ਕਰਨੀ” ਛੱਡਣੀ ਚਾਹੀਦੀ ਹੈ। ਦੂਜਾ, ਸਾਨੂੰ ਆਪਣੀ ਸੋਚ ਬਦਲ ਕੇ “ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ” ਦੀ ਲੋੜ ਹੈ।

6. ਮੱਤੀ 12:43-45 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?

6 ਇੱਥੇ ਪੌਲੁਸ ਨੇ ਬਾਹਰਲੇ ਰੂਪ ਨੂੰ ਬਦਲਣ ਦੀ ਨਹੀਂ, ਸਗੋਂ ਆਪਣੇ ਆਪ ਨੂੰ ਅੰਦਰੋਂ ਬਦਲਣ ਦੀ ਗੱਲ ਕੀਤੀ ਹੈ। (“ ਕੀ ਅਸੀਂ ਪੂਰੀ ਤਰ੍ਹਾਂ ਬਦਲ ਗਏ ਹਾਂ ਜਾਂ ਸਿਰਫ਼ ਬਦਲਣ ਦਾ ਦਿਖਾਵਾ ਕਰਦੇ ਹਾਂ?” ਨਾਂ ਦੀ ਡੱਬੀ ਦੇਖੋ।) ਸਾਨੂੰ ਆਪਣੇ ਮਨ ਯਾਨੀ ਆਪਣੇ ਵਿਚਾਰਾਂ, ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ। ਸੋ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ, ‘ਕੀ ਮੈਂ ਮਸੀਹੀ ਬਣਨ ਲਈ ਸਿਰਫ਼ ਉੱਪਰੋਂ-ਉੱਪਰੋਂ ਤਬਦੀਲੀਆਂ ਕਰ ਰਿਹਾ ਹਾਂ ਜਾਂ ਮੈਂ ਵਾਕਈ ਅੰਦਰੋਂ ਆਪਣੇ ਆਪ ਨੂੰ ਬਦਲ ਰਿਹਾ ਹਾਂ?’ ਇਸ ਸਵਾਲ ਦਾ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ। ਯਿਸੂ ਨੇ ਮੱਤੀ 12:43-45 ਵਿਚ ਦੱਸਿਆ ਕਿ ਸਾਨੂੰ ਕੀ ਕਰਨ ਦੀ ਲੋੜ ਹੈ। (ਪੜ੍ਹੋ।) ਇਹ ਸ਼ਬਦ ਸਾਨੂੰ ਇਹ ਅਹਿਮ ਸਬਕ ਸਿਖਾਉਂਦੇ ਹਨ: ਸਿਰਫ਼ ਗ਼ਲਤ ਵਿਚਾਰਾਂ ਨੂੰ ਮਨ ਵਿੱਚੋਂ ਕੱਢਣਾ ਹੀ ਕਾਫ਼ੀ ਨਹੀਂ ਹੈ, ਸਗੋਂ ਆਪਣੇ ਮਨ ਵਿਚ ਪਰਮੇਸ਼ੁਰ ਦੇ ਵਿਚਾਰ ਭਰਨੇ ਵੀ ਜ਼ਰੂਰੀ ਹਨ।

‘ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ’

7. ਅਸੀਂ ਆਪਣੀ ਸੋਚ ਨੂੰ ਕਿਵੇਂ ਬਦਲ ਸਕਦੇ ਹਾਂ?

7 ਕੀ ਆਪਣੀ ਸੋਚ ਬਦਲਣੀ ਮੁਮਕਿਨ ਹੈ? ਪਰਮੇਸ਼ੁਰ ਦਾ ਬਚਨ ਜਵਾਬ ਦਿੰਦਾ ਹੈ: “ਤੁਹਾਨੂੰ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹਿਣਾ ਚਾਹੀਦਾ ਹੈ, ਅਤੇ ਤੁਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।” (ਅਫ਼. 4:23, 24) ਜੀ ਹਾਂ, ਅਸੀਂ ਆਪਣੀ ਸੋਚ ਬਦਲ ਸਕਦੇ ਹਾਂ, ਪਰ ਇੱਦਾਂ ਕਰਨਾ ਸੌਖਾ ਨਹੀਂ ਹੈ। ਸਾਨੂੰ ਸਿਰਫ਼ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਅਤੇ ਗ਼ਲਤ ਕੰਮ ਕਰਨੇ ਛੱਡਣੇ ਹੀ ਨਹੀਂ ਚਾਹੀਦੇ, ਸਗੋਂ ਸਾਨੂੰ “ਆਪਣੀ ਸੋਚ” ਨੂੰ ਵੀ ਬਦਲਣ ਦੀ ਲੋੜ ਹੈ। ਇਸ ਵਿਚ ਆਪਣੀਆਂ ਇੱਛਾਵਾਂ, ਆਪਣੇ ਵਿਚਾਰਾਂ ਅਤੇ ਇਰਾਦਿਆਂ ਨੂੰ ਬਦਲਣਾ ਵੀ ਸ਼ਾਮਲ ਹੈ। ਇੱਦਾਂ ਕਰਨ ਲਈ ਸਾਨੂੰ ਲਗਾਤਾਰ ਜਤਨ ਕਰਦੇ ਰਹਿਣ ਦੀ ਲੋੜ ਹੈ।

8-9. ਇਕ ਭਰਾ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ?

8 ਆਓ ਆਪਾਂ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੀਏ ਜੋ ਪਹਿਲਾਂ ਹਿੰਸਕ ਸੀ। ਉਹ ਹੱਦੋਂ ਵੱਧ ਸ਼ਰਾਬ ਪੀਂਦਾ ਸੀ ਤੇ ਲੜਾਈਆਂ ਕਰਦਾ ਸੀ, ਪਰ ਉਸ ਨੇ ਇਹ ਸਾਰਾ ਕੁਝ ਛੱਡ ਦਿੱਤਾ ਤੇ ਬਪਤਿਸਮਾ ਲੈ ਲਿਆ। ਇਸ ਕਰਕੇ ਉਸ ਦੇ ਇਲਾਕੇ ਦੇ ਲੋਕਾਂ ਨੂੰ ਵਧੀਆ ਗਵਾਹੀ ਮਿਲੀ। ਉਸ ਨੂੰ ਬਪਤਿਸਮਾ ਲਏ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਅਚਾਨਕ ਉਸ ’ਤੇ ਇਕ ਪਰਤਾਵਾ ਆਇਆ। ਇਕ ਸ਼ਰਾਬੀ ਆਦਮੀ ਭਰਾ ਦੇ ਘਰ ਆਇਆ ਅਤੇ ਉਸ ਨਾਲ ਲੜਨਾ ਚਾਹੁੰਦਾ ਸੀ। ਪਹਿਲਾਂ-ਪਹਿਲ ਤਾਂ ਭਰਾ ਨੇ ਆਪਣੇ ਆਪ ’ਤੇ ਕਾਬੂ ਪਾਇਆ। ਪਰ ਜਦੋਂ ਉਹ ਆਦਮੀ ਯਹੋਵਾਹ ਬਾਰੇ ਪੁੱਠਾ-ਸਿੱਧਾ ਬੋਲਣ ਲੱਗਾ, ਤਾਂ ਉਹ ਭਰਾ ਆਪਣੇ ਗੁੱਸੇ ’ਤੇ ਕਾਬੂ ਨਾ ਰੱਖ ਸਕਿਆ। ਉਸ ਨੇ ਬਾਹਰ ਜਾ ਕੇ ਉਸ ਆਦਮੀ ਨੂੰ ਕੁੱਟਿਆ। ਉਸ ਨੇ ਇੱਦਾਂ ਕਿਉਂ ਕੀਤਾ? ਭਾਵੇਂ ਕਿ ਬਾਈਬਲ ਦਾ ਅਧਿਐਨ ਕਰਨ ਕਰਕੇ ਉਹ ਲੜਨ ਦੀ ਆਪਣੀ ਇੱਛਾ ’ਤੇ ਕਾਬੂ ਪਾ ਸਕਿਆ, ਪਰ ਉਸ ਨੇ ਅਜੇ ਆਪਣੀ ਸੋਚ ਨਹੀਂ ਬਦਲੀ ਸੀ।

9 ਪਰ ਇਸ ਭਰਾ ਨੇ ਹਾਰ ਨਹੀਂ ਮੰਨੀ। (ਕਹਾ. 24:16) ਬਜ਼ੁਰਗਾਂ ਦੀ ਮਦਦ ਨਾਲ ਉਹ ਲਗਾਤਾਰ ਤਰੱਕੀ ਕਰਦਾ ਰਿਹਾ। ਅਖ਼ੀਰ ਉਸ ਨੂੰ ਮੰਡਲੀ ਦਾ ਬਜ਼ੁਰਗ ਬਣਾਇਆ ਗਿਆ। ਫਿਰ ਇਕ ਸ਼ਾਮ ਕਿੰਗਡਮ ਹਾਲ ਦੇ ਬਾਹਰ ਉਸ ਦੀ ਉਹੀ ਪਰਖ ਹੋਈ ਜੋ ਸਾਲਾਂ ਪਹਿਲਾਂ ਹੋਈ ਸੀ। ਇਕ ਸ਼ਰਾਬੀ ਆਦਮੀ ਇਕ ਹੋਰ ਬਜ਼ੁਰਗ ਨੂੰ ਕੁੱਟਣ ਹੀ ਵਾਲਾ ਸੀ। ਸਾਡੇ ਭਰਾ ਨੇ ਕੀ ਕੀਤਾ? ਸ਼ਾਂਤੀ ਤੇ ਨਿਮਰਤਾ ਨਾਲ ਭਰਾ ਨੇ ਸ਼ਰਾਬੀ ਆਦਮੀ ਨਾਲ ਗੱਲ ਕੀਤੀ, ਉਸ ਨੂੰ ਸ਼ਾਂਤ ਕੀਤਾ ਅਤੇ ਘਰ ਜਾਣ ਵਿਚ ਉਸ ਦੀ ਮਦਦ ਕੀਤੀ। ਇਸ ਵਾਰ ਭਰਾ ਅਲੱਗ ਤਰੀਕੇ ਨਾਲ ਕਿਉਂ ਪੇਸ਼ ਆਇਆ ਸੀ? ਸਾਡੇ ਭਰਾ ਨੇ ਆਪਣੀ ਸੋਚ ਬਦਲ ਲਈ ਸੀ। ਉਹ ਵਾਕਈ ਸ਼ਾਤਮਈ ਤੇ ਨਿਮਰ ਇਨਸਾਨ ਬਣ ਗਿਆ ਸੀ ਜਿਸ ਕਰਕੇ ਯਹੋਵਾਹ ਦੀ ਮਹਿਮਾ ਹੋਈ।

10. ਆਪਣੀ ਸੋਚ ਨੂੰ ਬਦਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਇਸ ਤਰ੍ਹਾਂ ਦੀਆਂ ਤਬਦੀਲੀਆਂ ਨਾ ਤਾਂ ਰਾਤੋ-ਰਾਤ ਹੁੰਦੀਆਂ ਤੇ ਨਾ ਹੀ ਆਪਣੇ ਆਪ ਹੁੰਦੀਆਂ ਹਨ। ਸਾਨੂੰ ਸ਼ਾਇਦ ਕਈ ਸਾਲ “ਜੀ-ਜਾਨ ਨਾਲ ਕੋਸ਼ਿਸ਼” ਕਰਨੀ ਪਵੇ। (2 ਪਤ. 1:5) ਤਬਦੀਲੀਆਂ ਸਿਰਫ਼ ਇਸ ਕਰਕੇ ਨਹੀਂ ਹੁੰਦੀਆਂ ਕਿ ਅਸੀਂ ਬਹੁਤ ਸਮੇਂ ਤੋਂ ਸੱਚਾਈ ਵਿਚ ਹਾਂ। ਸਾਨੂੰ ਆਪਣੀ ਸੋਚ ਨੂੰ ਬਦਲਣ ਲਈ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਵਿਚ ਕੁਝ ਕੰਮ ਸਾਡੀ ਮਦਦ ਕਰ ਸਕਦੇ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਕੰਮਾਂ ’ਤੇ ਗੌਰ ਕਰੀਏ।

ਆਪਣੀ ਸੋਚ ਨੂੰ ਕਿਵੇਂ ਬਦਲੀਏ?

11. ਸੋਚ ਬਦਲਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ?

11 ਪਹਿਲੀ ਅਹਿਮ ਕੰਮ ਹੈ, ਪ੍ਰਾਰਥਨਾ। ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰਨ ਦੀ ਲੋੜ ਹੈ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ [ਯਾਨੀ ਮਨ] ਵੀ।” (ਜ਼ਬੂ. 51:10) ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਸੋਚ ਬਦਲਣ ਵਿਚ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ? ਹਿਜ਼ਕੀਏਲ ਦੇ ਜ਼ਮਾਨੇ ਵਿਚ ਢੀਠ ਇਜ਼ਰਾਈਲੀਆਂ ਨਾਲ ਕੀਤੇ ਯਹੋਵਾਹ ਦੇ ਵਾਅਦੇ ਤੋਂ ਸਾਨੂੰ ਭਰੋਸਾ ਮਿਲਦਾ ਹੈ: “ਮੈਂ ਉਨ੍ਹਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ [ਮਨ] ਤੁਹਾਡੇ ਅੰਦਰ ਪਾਵਾਂਗਾ . . . ਅਤੇ ਉਨ੍ਹਾਂ ਨੂੰ ਇੱਕ ਮਾਸ ਦਾ ਦਿਲ [ਯਾਨੀ ਪਰਮੇਸ਼ੁਰ ਦੀ ਸੇਧ ਵਿਚ ਚੱਲਣ ਵਾਲਾ ਦਿਲ] ਦਿਆਂਗਾ।” (ਹਿਜ਼. 11:19) ਯਹੋਵਾਹ ਉਨ੍ਹਾਂ ਇਜ਼ਰਾਈਲੀਆਂ ਦੀ ਮਦਦ ਕਰਨ ਲਈ ਤਿਆਰ ਸੀ ਅਤੇ ਉਹ ਸਾਡੀ ਵੀ ਮਦਦ ਕਰਨ ਲਈ ਤਿਆਰ ਹੈ।

12-13. (ੳ) ਜ਼ਬੂਰ 119:59 ਅਨੁਸਾਰ ਸਾਨੂੰ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ? (ਅ) ਤੁਹਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

12 ਦੂਜਾ ਅਹਿਮ ਕੰਮ ਹੈ, ਸੋਚ-ਵਿਚਾਰ। ਹਰ ਰੋਜ਼ ਧਿਆਨ ਨਾਲ ਪਰਮੇਸ਼ੁਰ ਦਾ ਬਚਨ ਪੜ੍ਹਦਿਆਂ ਸਾਨੂੰ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਸਾਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 119:59 ਪੜ੍ਹੋ; ਇਬ. 4:12; ਯਾਕੂ. 1:25) ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੀ ਸੋਚ ਅਤੇ ਵਿਚਾਰਾਂ ’ਤੇ ਦੁਨੀਆਂ ਦਾ ਅਸਰ ਤਾਂ ਨਹੀਂ ਹੈ। ਸਾਨੂੰ ਨਿਮਰਤਾ ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਕਬੂਲ ਕਰਨਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਦੂਰ ਕਰਨ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ।

13 ਮਿਸਾਲ ਲਈ, ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਦਿਲ ਵਿਚ ਥੋੜ੍ਹੀ ਜਿਹੀ ਵੀ ਈਰਖਾ ਜਾਂ ਖੁਣਸ ਤਾਂ ਨਹੀਂ ਹੈ?’ (1 ਪਤ. 2:1) ‘ਕੀ ਮੈਨੂੰ ਆਪਣੇ ਪਿਛੋਕੜ, ਆਪਣੀ ਪੜ੍ਹਾਈ-ਲਿਖਾਈ ਜਾਂ ਆਪਣੇ ਪੈਸੇ ਕਰਕੇ ਘਮੰਡ ਤਾਂ ਨਹੀਂ ਹੈ?’ (ਕਹਾ. 16:5) ‘ਕੀ ਮੈਂ ਉਨ੍ਹਾਂ ਲੋਕਾਂ ਨੂੰ ਨੀਵਾਂ ਸਮਝਦਾ ਹਾਂ ਜਿਨ੍ਹਾਂ ਕੋਲ ਮੇਰੇ ਵਰਗੀਆਂ ਚੀਜ਼ਾਂ ਨਹੀਂ ਹਨ ਜਾਂ ਜੋ ਅਲੱਗ ਕੌਮ ਦੇ ਹਨ?’ (ਯਾਕੂ. 2:2-4) ‘ਕੀ ਮੈਨੂੰ ਸ਼ੈਤਾਨ ਦੀ ਦੁਨੀਆਂ ਦੀਆਂ ਚੀਜ਼ਾਂ ਪਸੰਦ ਹਨ?’ (1 ਯੂਹੰ. 2:15-17) ‘ਕੀ ਮੈਨੂੰ ਗੰਦਾ ਤੇ ਹਿੰਸਕ ਮਨੋਰੰਜਨ ਪਸੰਦ ਹੈ?’ (ਜ਼ਬੂ. 97:10; 101:3; ਆਮੋ. 5:15) ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਸ਼ਾਇਦ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਨੂੰ ਕੁਝ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ। ਆਪਣੇ ਮਨ ਵਿੱਚੋਂ “ਕਿਲਿਆਂ ਵਰਗੇ ਮਜ਼ਬੂਤ” ਵਿਚਾਰਾਂ ਨੂੰ ਕੱਢ ਕੇ ਅਸੀਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਾਂਗੇ।​—ਜ਼ਬੂ. 19:14.

14. ਚੰਗੇ ਦੋਸਤ ਬਣਾਉਣੇ ਕਿਉਂ ਜ਼ਰੂਰੀ ਹਨ?

14 ਤੀਜਾ ਅਹਿਮ ਕੰਮ ਹੈ, ਚੰਗੇ ਦੋਸਤ। ਚਾਹੇ ਸਾਨੂੰ ਅਹਿਸਾਸ ਹੋਵੇ ਜਾਂ ਨਾ, ਪਰ ਸਾਡੇ ਦੋਸਤਾਂ ਦਾ ਸਾਡੇ ’ਤੇ ਬਹੁਤ ਅਸਰ ਹੁੰਦਾ ਹੈ। (ਕਹਾ. 13:20) ਕੰਮ ’ਤੇ ਜਾਂ ਸਕੂਲ ਵਿਚ ਅਸੀਂ ਉਨ੍ਹਾਂ ਲੋਕਾਂ ਨਾਲ ਘਿਰੇ ਹੁੰਦੇ ਹਾਂ ਜੋ ਪਰਮੇਸ਼ੁਰ ਵਰਗੀ ਸੋਚ ਅਪਣਾਉਣ ਵਿਚ ਸਾਡੀ ਮਦਦ ਨਹੀਂ ਕਰਦੇ। ਪਰ ਅਸੀਂ ਸਭਾਵਾਂ ਵਿਚ ਸਭ ਤੋਂ ਵਧੀਆ ਦੋਸਤ ਬਣਾ ਸਕਦੇ ਹਾਂ। ਉੱਥੇ ਸਾਨੂੰ “ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਮਿਲ ਸਕਦੀ ਹੈ।​—ਇਬ. 10:24, 25.

“ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ”

15-16. ਸ਼ੈਤਾਨ ਸਾਡੀ ਸੋਚ ਬਦਲਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?

15 ਪਰ ਯਾਦ ਰੱਖੋ ਕਿ ਸ਼ੈਤਾਨ ਨੇ ਸਾਡੀ ਸੋਚ ਨੂੰ ਬਦਲਣ ਦਾ ਪੱਕਾ ਇਰਾਦਾ ਕੀਤਾ ਹੈ। ਉਸ ਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦਾ ਸਾਡੀ ਸੋਚ ’ਤੇ ਚੰਗਾ ਅਸਰ ਹੈ। ਇਸ ਲਈ ਸਾਡੀ ਸੋਚ ਬਦਲਣ ਲਈ ਉਹ ਹਰ ਤਰ੍ਹਾਂ ਦੀ ਦਲੀਲ ਵਰਤਦਾ ਹੈ।

16 ਸ਼ੈਤਾਨ ਲਗਾਤਾਰ ਉਹੀ ਸਵਾਲ ਪੁੱਛਦਾ ਹੈ ਜੋ ਉਸ ਨੇ ਅਦਨ ਦੇ ਬਾਗ਼ ਵਿਚ ਹੱਵਾਹ ਤੋਂ ਪੁੱਛਿਆ ਸੀ: ‘ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ . . . ?’ (ਉਤ. 3:1) ਸ਼ੈਤਾਨ ਦੀ ਦੁਨੀਆਂ ਵਿਚ ਅਸੀਂ ਅਕਸਰ ਇਸ ਤਰ੍ਹਾਂ ਦੇ ਸਵਾਲ ਸੁਣਦੇ ਹਾਂ ਜਿਨ੍ਹਾਂ ਕਰਕੇ ਸਾਡੇ ਮਨ ਵਿਚ ਆਪਣੇ ਵਿਸ਼ਵਾਸਾਂ ਪ੍ਰਤੀ ਸ਼ੱਕ ਪੈਦਾ ਹੁੰਦੇ ਹਨ: ‘ਕੀ ਰੱਬ ਸੱਚ-ਮੁੱਚ ਆਦਮੀ-ਆਦਮੀ ਤੇ ਔਰਤ-ਔਰਤ ਨਾਲ ਵਿਆਹ ਕਰਨ ਤੋਂ ਮਨ੍ਹਾ ਕਰਦਾ ਹੈ? ਕੀ ਰੱਬ ਸੱਚ-ਮੁੱਚ ਚਾਹੁੰਦਾ ਕਿ ਤੁਸੀਂ ਕ੍ਰਿਸਮਸ ਅਤੇ ਜਨਮ-ਦਿਨ ਨਾ ਮਨਾਓ? ਕੀ ਰੱਬ ਸੱਚ-ਮੁੱਚ ਚਾਹੁੰਦਾ ਹੈ ਕਿ ਤੁਸੀਂ ਖ਼ੂਨ ਨਾ ਲਓ? ਕੀ ਪਿਆਰ ਕਰਨ ਵਾਲਾ ਪਿਤਾ ਸੱਚ-ਮੁੱਚ ਚਾਹੁੰਦਾ ਹੈ ਕਿ ਤੁਸੀਂ ਛੇਕੇ ਗਏ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਕੋਈ ਵਾਸਤਾ ਨਾ ਰੱਖੋ?’

17. ਜੇ ਸਾਡੇ ਮਨ ਵਿਚ ਸਾਡੇ ਵਿਸ਼ਵਾਸਾਂ ਪ੍ਰਤੀ ਕੋਈ ਸਵਾਲ ਖੜ੍ਹਾ ਹੁੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੁਲੁੱਸੀਆਂ 2:6, 7 ਅਨੁਸਾਰ ਇਸ ਤਰ੍ਹਾਂ ਕਰਨ ਦਾ ਕੀ ਨਤੀਜੇ ਨਿਕਲ ਸਕਦੇ ਹਨ?

17 ਸਾਨੂੰ ਆਪਣੇ ਵਿਸ਼ਵਾਸਾਂ ’ਤੇ ਪੱਕਾ ਭਰੋਸਾ ਕਰਨ ਦੀ ਲੋੜ ਹੈ। ਜੇ ਅਸੀਂ ਆਪਣੇ ਵਿਸ਼ਵਾਸਾਂ ਸੰਬੰਧੀ ਉੱਠੇ ਸਵਾਲਾਂ ਦੇ ਜਵਾਬ ਨਹੀਂ ਲੱਭਦੇ, ਤਾਂ ਅਸੀਂ ਆਪਣੇ ਵਿਸ਼ਵਾਸਾਂ ’ਤੇ ਸ਼ੱਕ ਕਰਨਾ ਸ਼ੁਰੂ ਕਰ ਸਕਦੇ ਹਾਂ। ਸਮੇਂ ਦੇ ਬੀਤਣ ਨਾਲ, ਇਹ ਸ਼ੱਕ ਸਾਡੀ ਸੋਚ ਨੂੰ ਵਿਗਾੜ ਸਕਦੇ ਹਨ ਅਤੇ ਸਾਡੀ ਨਿਹਚਾ ਖ਼ਤਮ ਹੋ ਸਕਦੀ ਹੈ। ਫਿਰ ਸਾਨੂੰ ਕੀ ਕਰਨ ਦੀ ਲੋੜ ਹੈ? ਪਰਮੇਸ਼ੁਰ ਦਾ ਬਚਨ ਸਾਨੂੰ ਆਪਣੀ ਸੋਚ ਨੂੰ ਪੂਰੀ ਤਰ੍ਹਾਂ ਬਦਲਣ ਲਈ ਕਹਿੰਦਾ ਹੈ ਤਾਂਕਿ ਅਸੀਂ ਖ਼ੁਦ ਦੇਖ ਸਕੀਏ ਕਿ “ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” (ਰੋਮੀ. 12:2) ਬਾਕਾਇਦਾ ਅਧਿਐਨ ਕਰਨ ਨਾਲ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਕੀਨ ਦਿਵਾ ਸਕਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਜੋ ਸਿੱਖਿਆ, ਉਹ ਸਹੀ ਹੈ। ਨਾਲੇ ਸਾਡਾ ਭਰੋਸਾ ਮਜ਼ਬੂਤ ਹੋਵੇਗਾ ਕਿ ਯਹੋਵਾਹ ਦੇ ਮਿਆਰ ਸਹੀ ਹਨ। ਫਿਰ ਦਰਖ਼ਤ ਦੀਆਂ ਮਜ਼ਬੂਤ ਜੜ੍ਹਾਂ ਵਾਂਗ ਸਾਡੀ ਨਿਹਚਾ ਦੀਆਂ ਜੜ੍ਹਾਂ ਵੀ ਪੱਕੀਆਂ ਹੋਣਗੀਆਂ।​—ਕੁਲੁੱਸੀਆਂ 2:6, 7 ਪੜ੍ਹੋ।

18. ਸ਼ੈਤਾਨ ਦੀ ਦੁਨੀਆਂ ਦੇ ਜ਼ਹਿਰੀਲੇ ਵਿਚਾਰਾਂ ਦੇ ਅਸਰਾਂ ਤੋਂ ਬਚਣ ਲਈ ਕਿਹੜੇ ਕੰਮ ਤੁਹਾਡੀ ਮਦਦ ਕਰਨਗੇ?

18 ਤੁਸੀਂ ਖ਼ੁਦ ਆਪਣੀ ਨਿਹਚਾ ਪੱਕੀ ਕਰ ਸਕਦੇ ਹੋ। ਇਸ ਲਈ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ। ਹਰ ਸਮੇਂ ਪ੍ਰਾਰਥਨਾ ਕਰੋ ਅਤੇ ਯਹੋਵਾਹ ਦੀ ਸ਼ਕਤੀ ਲਈ ਮਿੰਨਤਾਂ ਕਰੋ। ਗਹਿਰਾਈ ਨਾਲ ਸੋਚ-ਵਿਚਾਰ ਕਰੋ ਅਤੇ ਲਗਾਤਾਰ ਆਪਣੀ ਸੋਚ ਤੇ ਇਰਾਦਿਆਂ ਦੀ ਜਾਂਚ ਕਰੋ। ਚੰਗੇ ਦੋਸਤ ਬਣਾਓ ਜੋ ਤੁਹਾਡੀ ਸੋਚ ਨੂੰ ਬਦਲਣ ਵਿਚ ਮਦਦ ਕਰਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸ਼ੈਤਾਨ ਦੀ ਦੁਨੀਆਂ ਦੇ ਜ਼ਹਿਰੀਲੇ ਵਿਚਾਰਾਂ ਦੇ ਅਸਰਾਂ ਨੂੰ ਖ਼ਤਮ ਕਰ ਸਕੋਗੇ ਅਤੇ ਉਨ੍ਹਾਂ ਤੋਂ ਬਚ ਸਕੋਗੇ। ਨਾਲੇ “ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਉੱਚੀਆਂ-ਉੱਚੀਆਂ ਰੁਕਾਵਟਾਂ ਨੂੰ ਪਾਰ” ਕਰ ਸਕੋਗੇ।​—2 ਕੁਰਿੰ. 10:5.

ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ

^ ਪੈਰਾ 5 ਸਾਡੇ ਵਿਚਾਰਾਂ ’ਤੇ ਹਮੇਸ਼ਾ ਸਾਡੀ ਜ਼ਿੰਦਗੀ ਦੇ ਤਜਰਬੇ, ਸਭਿਆਚਾਰ ਅਤੇ ਪੜ੍ਹਾਈ-ਲਿਖਾਈ ਦਾ ਅਸਰ ਪੈਂਦਾ ਹੈ। ਸ਼ਾਇਦ ਸਾਨੂੰ ਅਹਿਸਾਸ ਹੋਵੇ ਕਿ ਕੁਝ ਗ਼ਲਤ ਵਿਚਾਰ ਸਾਡੇ ਸੁਭਾਅ ਦਾ ਹਿੱਸਾ ਬਣ ਗਏ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਔਖਾ ਹੋਵੇ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਆਪਣੇ ਮਨ ਵਿੱਚੋਂ ਇਨ੍ਹਾਂ ਗ਼ਲਤ ਵਿਚਾਰਾਂ ਨੂੰ ਕਿਵੇਂ ਕੱਢ ਸਕਦੇ ਹਾਂ।