Skip to content

Skip to table of contents

ਅਧਿਐਨ ਲੇਖ 26

ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ

ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ

“ਤੁਸੀਂ ਸਾਰੇ ਜਣੇ ਇੱਕੋ ਜਿਹੀ ਸੋਚ ਰੱਖੋ, ਤੁਸੀਂ ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਨਾਲ ਪਿਆਰ ਰੱਖੋ, ਇਕ-ਦੂਜੇ ਲਈ ਹਮਦਰਦੀ ਦਿਖਾਓ ਅਤੇ ਨਿਮਰ ਬਣੋ।”​—1 ਪਤ. 3:8.

ਗੀਤ 50 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

ਖ਼ਾਸ ਗੱਲਾਂ *

1. ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ। (ਯੂਹੰ. 3:16) ਅਸੀਂ ਆਪਣੇ ਪਿਆਰੇ ਪਿਤਾ ਦੀ ਰੀਸ ਕਰਨੀ ਚਾਹੁੰਦੇ ਹਾਂ। ਇਸ ਲਈ ਸਾਨੂੰ ‘ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦੇਣ, ਭਰਾਵਾਂ ਨਾਲ ਪਿਆਰ ਰੱਖਣ ਅਤੇ ਇਕ-ਦੂਜੇ ਲਈ ਹਮਦਰਦੀ ਦਿਖਾਉਣ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਖ਼ਾਸ ਕਰਕੇ ਉਨ੍ਹਾਂ ਨਾਲ “ਜੋ ਸਾਡੇ ਮਸੀਹੀ ਭੈਣ-ਭਰਾ ਹਨ।” (1 ਪਤ. 3:8; ਗਲਾ. 6:10) ਔਖੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਦੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ।

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

2 ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਾਲਿਆਂ ਨੂੰ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮਰ. 10:29, 30) ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਅਸੀਂ ਇਕ-ਦੂਜੇ ਦੀ ਮਦਦ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਗੌਰ ਕਰੀਏ ਕਿ ਅਸੀਂ ਬਾਈਬਲ ਵਿਚ ਦਰਜ ਲੂਤ, ਅੱਯੂਬ ਤੇ ਨਾਓਮੀ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ। ਅਸੀਂ ਇਸ ਗੱਲ ’ਤੇ ਵੀ ਗੌਰ ਕਰਾਂਗੇ ਕਿ ਅੱਜ ਸਾਡੇ ਭੈਣ-ਭਰਾ ਕਿਹੜੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ।

ਧੀਰਜ ਰੱਖੋ

3. ਦੂਜਾ ਪਤਰਸ 2:7, 8 ਅਨੁਸਾਰ ਲੂਤ ਨੇ ਕਿਹੜਾ ਗ਼ਲਤ ਫ਼ੈਸਲਾ ਕੀਤਾ ਅਤੇ ਉਸ ਦੇ ਕਿਹੜੇ ਨਤੀਜੇ ਨਿਕਲੇ?

3 ਸਦੂਮ ਦੇ ਅਨੈਤਿਕ ਲੋਕਾਂ ਵਿਚ ਰਹਿਣ ਦਾ ਲੂਤ ਦਾ ਫ਼ੈਸਲਾ ਗ਼ਲਤ ਸੀ। (2 ਪਤਰਸ 2:7, 8 ਪੜ੍ਹੋ।) ਸਦੂਮ ਬਹੁਤ ਹੀ ਅਮੀਰ ਸ਼ਹਿਰ ਸੀ, ਪਰ ਲੂਤ ਨੂੰ ਇਸ ਸ਼ਹਿਰ ਵਿਚ ਰਹਿਣ ਦੀ ਬਹੁਤ ਹੀ ਵੱਡੀ ਕੀਮਤ ਚੁਕਾਉਣੀ ਪਈ। (ਉਤ. 13:8-13; 14:12) ਲੱਗਦਾ ਹੈ ਕਿ ਉਸ ਦੀ ਪਤਨੀ ਦਾ ਉਸ ਸ਼ਹਿਰ ਜਾਂ ਉੱਥੇ ਰਹਿਣ ਵਾਲੇ ਲੋਕਾਂ ਨਾਲ ਇੰਨਾ ਜ਼ਿਆਦਾ ਲਗਾਅ ਹੋ ਗਿਆ ਕਿ ਉਸ ਨੇ ਯਹੋਵਾਹ ਦੀ ਅਣਆਗਿਆਕਾਰੀ ਕੀਤੀ। ਉਸ ਨੇ ਆਪਣੀ ਜ਼ਿੰਦਗੀ ਗੁਆ ਲਈ ਜਦੋਂ ਪਰਮੇਸ਼ੁਰ ਨੇ ਸਦੂਮ ’ਤੇ ਆਕਾਸ਼ੋਂ ਅੱਗ ਤੇ ਗੰਧਕ ਵਰਸਾਈ ਸੀ। ਨਾਲੇ ਜ਼ਰਾ ਲੂਤ ਦੀਆਂ ਦੋ ਧੀਆਂ ਬਾਰੇ ਸੋਚੋ। ਉਹ ਜਿਨ੍ਹਾਂ ਆਦਮੀਆਂ ਨਾਲ ਮੰਗੀਆਂ ਹੋਈਆਂ ਸਨ, ਉਨ੍ਹਾਂ ਨੇ ਸਦੂਮ ਸ਼ਹਿਰ ਵਿਚ ਆਪਣੀਆਂ ਜਾਨਾਂ ਗੁਆ ਲਈਆਂ। ਲੂਤ ਨੇ ਆਪਣਾ ਘਰ ਤੇ ਆਪਣੀਆਂ ਚੀਜ਼ਾਂ ਗੁਆ ਲਈਆਂ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਉਸ ਨੇ ਆਪਣੀ ਪਤਨੀ ਵੀ ਗੁਆ ਲਈ। (ਉਤ. 19:12-14, 17, 26) ਕੀ ਇਸ ਔਖੇ ਸਮੇਂ ਵਿਚ ਯਹੋਵਾਹ ਨੇ ਲੂਤ ਪ੍ਰਤੀ ਆਪਣਾ ਧੀਰਜ ਬਣਾਈ ਰੱਖਿਆ? ਬਿਲਕੁਲ।

ਯਹੋਵਾਹ ਨੇ ਤਰਸ ਖਾ ਕੇ ਲੂਤ ਤੇ ਉਸ ਦੇ ਪਰਿਵਾਰ ਨੂੰ ਬਚਾਉਣ ਲਈ ਦੂਤ ਘੱਲੇ (ਪੈਰਾ 4 ਦੇਖੋ)

4. ਯਹੋਵਾਹ ਨੇ ਲੂਤ ਨਾਲ ਧੀਰਜ ਕਿਵੇਂ ਦਿਖਾਇਆ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

4 ਚਾਹੇ ਲੂਤ ਨੇ ਖ਼ੁਦ ਸਦੂਮ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ, ਪਰ ਯਹੋਵਾਹ ਨੇ ਹਮਦਰਦੀ ਦਿਖਾਉਂਦਿਆਂ ਲੂਤ ਅਤੇ ਉਸ ਦੇ ਪਰਿਵਾਰ ਨੂੰ ਬਚਾਉਣ ਲਈ ਦੂਤ ਭੇਜੇ। ਪਰ ਜਦੋਂ ਦੂਤਾਂ ਨੇ ਉਸ ਨੂੰ ਭੱਜਣ ਦਾ ਹੁਕਮ ਦਿੱਤਾ, ਤਾਂ ਉਹ “ਢਿੱਲ ਕਰ ਰਿਹਾ ਸੀ।” ਦੂਤਾਂ ਨੂੰ ਉਸ ਦਾ ਹੱਥ ਫੜ ਕੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸ਼ਹਿਰ ਵਿੱਚੋਂ ਨਿਕਲਣ ਵਿਚ ਮਦਦ ਕਰਨੀ ਪਈ। (ਉਤ. 19:15, 16) ਫਿਰ ਦੂਤਾਂ ਨੇ ਉਸ ਨੂੰ ਪਹਾੜੀ ਇਲਾਕੇ ਨੂੰ ਭੱਜ ਜਾਣ ਲਈ ਕਿਹਾ। ਪਰ ਯਹੋਵਾਹ ਦਾ ਕਹਿਣਾ ਮੰਨਣ ਦੀ ਬਜਾਇ ਉਸ ਨੇ ਨੇੜੇ ਦੇ ਨਗਰ ਵਿਚ ਜਾਣ ਲਈ ਪੁੱਛਿਆ। (ਉਤ. 19:17-20) ਯਹੋਵਾਹ ਨੇ ਧੀਰਜ ਨਾਲ ਲੂਤ ਦੀ ਗੱਲ ਸੁਣੀ ਅਤੇ ਉਸ ਨੂੰ ਉਸ ਨਗਰ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ। ਬਾਅਦ ਵਿਚ ਲੂਤ ਨੂੰ ਉਸ ਸ਼ਹਿਰ ਵਿਚ ਰਹਿਣ ਤੋਂ ਡਰ ਲੱਗਣ ਲੱਗਾ ਅਤੇ ਉਹ ਪਹਾੜੀ ਇਲਾਕੇ ਵਿਚ ਚਲਾ ਗਿਆ। ਇਹ ਉਹੀ ਇਲਾਕਾ ਸੀ ਜਿੱਥੇ ਯਹੋਵਾਹ ਨੇ ਪਹਿਲਾਂ ਉਸ ਨੂੰ ਜਾਣ ਲਈ ਕਿਹਾ ਸੀ। (ਉਤ. 19:30) ਯਹੋਵਾਹ ਨੇ ਕਿੰਨਾ ਹੀ ਧੀਰਜ ਦਿਖਾਇਆ! ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

5-6. ਪਰਮੇਸ਼ੁਰ ਦੀ ਰੀਸ ਕਰਦਿਆਂ ਅਸੀਂ 1 ਥੱਸਲੁਨੀਕੀਆਂ 5:14 ਕਿਵੇਂ ਲਾਗੂ ਕਰ ਸਕਦੇ ਹਾਂ?

5 ਲੂਤ ਵਾਂਗ ਸਾਡੇ ਭੈਣ-ਭਰਾ ਵੀ ਕਦੇ-ਕਦਾਈਂ ਗ਼ਲਤ ਫ਼ੈਸਲੇ ਕਰਦੇ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ। ਇਸ ਤਰ੍ਹਾਂ ਹੋਣ ’ਤੇ ਅਸੀਂ ਕਿਵੇਂ ਪੇਸ਼ ਆਵਾਂਗੇ? ਸ਼ਾਇਦ ਅਸੀਂ ਕਹਿਣਾ ਚਾਹੀਏ ਕਿ ਜੋ ਉਸ ਨੇ ਬੀਜਿਆ, ਉਹੀ ਵੱਢ ਰਿਹਾ ਤੇ ਸ਼ਾਇਦ ਇਹ ਗੱਲ ਸੱਚ ਵੀ ਹੋਵੇ। (ਗਲਾ. 6:7) ਪਰ ਵਧੀਆ ਹੋਵੇਗਾ ਜੇ ਅਸੀਂ ਉਸ ਵਿਅਕਤੀ ਦੀ ਉਸ ਤਰ੍ਹਾਂ ਮਦਦ ਕਰੀਏ ਜਿੱਦਾਂ ਯਹੋਵਾਹ ਨੇ ਲੂਤ ਦੀ ਕੀਤੀ ਸੀ। ਕਿਵੇਂ?

6 ਯਹੋਵਾਹ ਨੇ ਦੂਤਾਂ ਨੂੰ ਸਿਰਫ਼ ਲੂਤ ਨੂੰ ਚੇਤਾਵਨੀ ਦੇਣ ਲਈ ਹੀ ਨਹੀਂ ਘੱਲਿਆ ਸੀ, ਸਗੋਂ ਉਨ੍ਹਾਂ ਨੇ ਸਦੂਮ ਸ਼ਹਿਰ ’ਤੇ ਆਉਣ ਵਾਲੀ ਤਬਾਹੀ ਵਿੱਚੋਂ ਬਚਣ ਵਿਚ ਵੀ ਉਸ ਦੀ ਮਦਦ ਕਰਨੀ ਸੀ। ਇਸੇ ਤਰ੍ਹਾਂ ਜੇ ਅਸੀਂ ਦੇਖਦੇ ਹਾਂ ਕਿ ਸਾਡੇ ਕਿਸੇ ਭੈਣ ਜਾਂ ਭਰਾ ਦੇ ਕੰਮ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ, ਤਾਂ ਸਾਨੂੰ ਉਸ ਨੂੰ ਚੇਤਾਵਨੀ ਦੇਣ ਦੀ ਲੋੜ ਪੈ ਸਕਦੀ ਹੈ। ਪਰ ਸ਼ਾਇਦ ਅਸੀਂ ਉਸ ਦੀ ਮਦਦ ਵੀ ਕਰ ਸਕਦੇ ਹੋਈਏ। ਜੇ ਉਹ ਬਾਈਬਲ ਵਿੱਚੋਂ ਦਿੱਤੀ ਸਲਾਹ ਨੂੰ ਲਾਗੂ ਕਰਨ ਵਿਚ ਢਿੱਲ ਕਰਦਾ ਹੈ, ਤਾਂ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਉਨ੍ਹਾਂ ਦੋ ਦੂਤਾਂ ਵਾਂਗ ਬਣੋ। ਹਾਰ ਮੰਨਣ ਅਤੇ ਭੈਣ ਜਾਂ ਭਰਾ ਦਾ ਸਾਥ ਛੱਡਣ ਦੀ ਬਜਾਇ ਸਾਨੂੰ ਕੁਝ ਕਰ ਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ। (1 ਯੂਹੰ. 3:18) ਸ਼ਾਇਦ ਸਾਨੂੰ ਮਦਦ ਲਈ ਉਸ ਵੱਲ ਆਪਣਾ ਹੱਥ ਵਧਾਉਣਾ ਪਵੇ ਅਤੇ ਚੰਗੀ ਸਲਾਹ ਲਾਗੂ ਕਰਨ ਵਿਚ ਉਸ ਦੀ ਮਦਦ ਕਰਨੀ ਪਵੇ।​—1 ਥੱਸਲੁਨੀਕੀਆਂ 5:14 ਪੜ੍ਹੋ।

7. ਕੀ ਅਸੀਂ ਯਹੋਵਾਹ ਦੇ ਉਸ ਨਜ਼ਰੀਏ ਦੀ ਰੀਸ ਕਰ ਸਕਦੇ ਹਾਂ ਜੋ ਉਸ ਨੇ ਲੂਤ ਬਾਰੇ ਰੱਖਿਆ ਸੀ?

7 ਯਹੋਵਾਹ ਨੇ ਲੂਤ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਧਿਆਨ ਲਾਉਣ ਦੀ ਬਜਾਇ ਪਤਰਸ ਰਸੂਲ ਨੂੰ ਲਿਖਣ ਲਈ ਪ੍ਰੇਰਿਆ ਕਿ ਲੂਤ ਇਕ ਧਰਮੀ ਬੰਦਾ ਸੀ। ਕਿੰਨੀ ਵਧੀਆ ਗੱਲ ਹੈ ਕਿ ਯਹੋਵਾਹ ਸਾਡੀਆਂ ਗ਼ਲਤੀਆਂ ਨੂੰ ਮਾਫ਼ ਕਰਦਾ ਹੈ। (ਜ਼ਬੂ. 130:3) ਕੀ ਅਸੀਂ ਯਹੋਵਾਹ ਦੇ ਉਸ ਨਜ਼ਰੀਏ ਦੀ ਰੀਸ ਕਰ ਸਕਦੇ ਹਾਂ ਜੋ ਉਸ ਨੇ ਲੂਤ ਬਾਰੇ ਰੱਖਿਆ ਸੀ? ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਉਣ ਨਾਲ ਅਸੀਂ ਉਨ੍ਹਾਂ ਨਾਲ ਹੋਰ ਧੀਰਜ ਨਾਲ ਪੇਸ਼ ਆਵਾਂਗੇ। ਇਸ ਕਰਕੇ ਉਨ੍ਹਾਂ ਲਈ ਸਾਡੀ ਮਦਦ ਸਵੀਕਾਰ ਕਰਨੀ ਹੋਰ ਸੌਖੀ ਹੋਵੇਗੀ।

ਹਮਦਰਦ ਬਣੋ

8. ਹਮਦਰਦੀ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗੀ?

8 ਲੂਤ ਤੋਂ ਉਲਟ, ਅੱਯੂਬ ’ਤੇ ਗ਼ਲਤ ਫ਼ੈਸਲਿਆਂ ਕਰਕੇ ਮੁਸੀਬਤਾਂ ਨਹੀਂ ਆਈਆਂ ਸਨ। ਉਸ ’ਤੇ ਭਿਆਨਕ ਬਿਪਤਾਵਾਂ ਆਈਆਂ, ਉਸ ਨੇ ਆਪਣੀਆਂ ਚੀਜ਼ਾਂ, ਸਮਾਜ ਵਿਚ ਰੁਤਬਾ ਅਤੇ ਚੰਗੀ ਸਿਹਤ ਗੁਆ ਲਈ। ਸਭ ਤੋਂ ਜ਼ਿਆਦਾ ਬੁਰਾ ਇਹ ਹੋਇਆ ਕਿ ਉਸ ਦੇ ਸਾਰੇ ਬੱਚੇ ਮਾਰੇ ਗਏ। ਅੱਯੂਬ ਦੇ ਤਿੰਨ ਝੂਠੇ ਦੋਸਤਾਂ ਨੇ ਉਸ ’ਤੇ ਝੂਠੇ ਇਲਜ਼ਾਮ ਲਗਾਏ। ਝੂਠੇ ਦੋਸਤਾਂ ਨੇ ਅੱਯੂਬ ਨਾਲ ਹਮਦਰਦੀ ਕਿਉਂ ਨਹੀਂ ਦਿਖਾਈ? ਉਨ੍ਹਾਂ ਨੇ ਉਸ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਨਤੀਜੇ ਵਜੋਂ, ਉਨ੍ਹਾਂ ਨੇ ਅੱਯੂਬ ਬਾਰੇ ਗ਼ਲਤ ਰਾਇ ਕਾਇਮ ਕਰ ਲਈ ਤੇ ਉਸ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਏ। ਅਸੀਂ ਇਸ ਤਰ੍ਹਾਂ ਦੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਯਾਦ ਰੱਖੋ ਕਿ ਸਿਰਫ਼ ਯਹੋਵਾਹ ਨੂੰ ਹੀ ਕਿਸੇ ਵਿਅਕਤੀ ਦੇ ਹਾਲਾਤਾਂ ਬਾਰੇ ਪੂਰੀ ਤਰ੍ਹਾਂ ਪਤਾ ਹੁੰਦਾ ਹੈ। ਦੁੱਖ ਸਹਿ ਰਹੇ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੋ। ਸੁਣ ਕੇ ਉਸ ਦੇ ਦੁੱਖ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਆਪਣੇ ਭੈਣ ਜਾਂ ਭਰਾ ਨੂੰ ਸੱਚੀ ਹਮਦਰਦੀ ਦਿਖਾ ਸਕੋਗੇ।

9. ਹਮਦਰਦੀ ਹੋਣ ਕਰਕੇ ਅਸੀਂ ਕੀ ਨਹੀਂ ਕਰਾਂਗੇ ਅਤੇ ਕਿਉਂ?

9 ਹਮਦਰਦੀ ਹੋਣ ਕਰਕੇ ਅਸੀਂ ਦੁੱਖ ਸਹਿ ਰਹੇ ਵਿਅਕਤੀ ਬਾਰੇ ਗੱਲਾਂ ਨਹੀਂ ਫੈਲਾਵਾਂਗੇ। ਚੁਗ਼ਲੀ ਕਰਨ ਵਾਲਾ ਵਿਅਕਤੀ ਮੰਡਲੀ ਵਿਚ ਏਕਤਾ ਨਹੀਂ, ਸਗੋਂ ਫੁੱਟ ਪਾਉਂਦਾ ਹੈ। (ਕਹਾ. 20:19; ਰੋਮੀ. 14:19) ਉਹ ਪਿਆਰ ਨਹੀਂ ਦਿਖਾਉਂਦਾ, ਸਗੋਂ ਬਿਨਾਂ ਸੋਚੇ-ਸਮਝੇ ਕਹੀਆਂ ਉਸ ਦੀਆਂ ਗੱਲਾਂ ਨਾਲ ਦੁੱਖ ਸਹਿ ਰਹੇ ਵਿਅਕਤੀ ਦਾ ਦਿਲ ਜ਼ਖ਼ਮੀ ਹੋ ਸਕਦਾ ਹੈ। (ਕਹਾ. 12:18; ਅਫ਼. 4:31, 32) ਕਿੰਨਾ ਵਧੀਆ ਹੋਵੇਗਾ ਕਿ ਜੇ ਅਸੀਂ ਵਿਅਕਤੀ ਦੇ ਚੰਗੇ ਗੁਣਾਂ ਵੱਲ ਧਿਆਨ ਦੇਈਏ ਅਤੇ ਸੋਚੀਏ ਕਿ ਦੁੱਖਾਂ ਦਾ ਸਾਮ੍ਹਣਾ ਕਰਨ ਵਿਚ ਅਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹਾਂ।

ਜੇ ਕੋਈ ਭੈਣ-ਭਰਾ ਬਿਨਾਂ ਸੋਚੇ-ਸਮਝੇ ਕੁਝ ਬੋਲਦਾ ਹੈ, ਤਾਂ ਧੀਰਜ ਨਾਲ ਉਸ ਦੀ ਗੱਲ ਸੁਣੋ ਅਤੇ ਸਹੀ ਸਮੇਂ ’ਤੇ ਦਿਲਾਸਾ ਦਿਓ (ਪੈਰੇ 10-11 ਦੇਖੋ) *

10. ਅੱਯੂਬ 6:2, 3 ਤੋਂ ਅਸੀਂ ਕੀ ਸਿੱਖਦੇ ਹਾਂ?

10 ਅੱਯੂਬ ਨੇ ਇਹ ਗੱਲ ਮੰਨੀ ਕਿ ਤਣਾਅ ਵਿਚ ਹੁੰਦਿਆਂ ਉਸ ਨੇ ‘ਮੂਰਖਾਂ ਵਰਗੀਆਂ’ ਗੱਲਾਂ ਕਹੀਆਂ। (ਅੱਯੂ. 6:2, 3, ERV) ਅੱਯੂਬ ਨੇ ਕਈ ਵਾਰੀ ਬਿਨਾਂ ਸੋਚੇ-ਸਮਝੇ ਗੱਲਾਂ ਕੀਤੀਆਂ। ਪਰ ਬਾਅਦ ਵਿਚ ਉਹ ਆਪਣੀਆਂ ਕੁਝ ਗੱਲਾਂ ’ਤੇ ਪਛਤਾਇਆ। (ਅੱਯੂ. 42:6) ਅੱਯੂਬ ਵਾਂਗ ਅੱਜ ਵੀ ਦੁੱਖ ਸਹਿ ਰਿਹਾ ਵਿਅਕਤੀ ਸ਼ਾਇਦ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਵੇ ਜਿਸ ਦਾ ਬਾਅਦ ਵਿਚ ਉਸ ਨੂੰ ਪਛਤਾਵਾ ਹੋਵੇ। ਸਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਨੁਕਤਾਚੀਨੀ ਕਰਨ ਦੀ ਬਜਾਇ ਸਾਨੂੰ ਹਮਦਰਦੀ ਦਿਖਾਉਣੀ ਚਾਹੀਦੀ ਹੈ। ਯਾਦ ਰੱਖੋ ਕਿ ਜਦੋਂ ਯਹੋਵਾਹ ਨੇ ਇਨਸਾਨਾਂ ਨੂੰ ਬਣਾਇਆ ਸੀ, ਤਾਂ ਉਸ ਨੇ ਇਹ ਨਹੀਂ ਚਾਹਿਆ ਸੀ ਕਿ ਉਹ ਮੁਸ਼ਕਲਾਂ ਅਤੇ ਤਣਾਅ ਦਾ ਸਾਮ੍ਹਣਾ ਕਰਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਤਣਾਅ ਵਿਚ ਹੁੰਦਿਆਂ ਬਿਨਾਂ ਸੋਚੇ-ਸਮਝੇ ਕਿਉਂ ਬੋਲ ਦਿੰਦੇ ਹਨ। ਚਾਹੇ ਉਹ ਯਹੋਵਾਹ ਜਾਂ ਸਾਡੇ ਬਾਰੇ ਕੁਝ ਗ਼ਲਤ ਕਹਿ ਵੀ ਦੇਣ, ਤਾਂ ਵੀ ਸਾਨੂੰ ਉਨ੍ਹਾਂ ਦੀਆਂ ਗੱਲਾਂ ਕਰਕੇ ਜਲਦੀ ਗੁੱਸੇ ਨਹੀਂ ਹੋਣਾ ਚਾਹੀਦਾ ਜਾਂ ਉਨ੍ਹਾਂ ਬਾਰੇ ਰਾਇ ਕਾਇਮ ਨਹੀਂ ਕਰ ਲੈਣੀ ਚਾਹੀਦੀ।​—ਕਹਾ. 19:11.

11. ਬਜ਼ੁਰਗ ਸਲਾਹ ਦਿੰਦਿਆਂ ਅਲੀਹੂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਨ?

11 ਕਈ ਵਾਰ ਔਖੀਆਂ ਘੜੀਆਂ ਵਿੱਚੋਂ ਗੁਜ਼ਰ ਰਹੇ ਵਿਅਕਤੀ ਨੂੰ ਮਦਦ ਲਈ ਸਲਾਹ ਅਤੇ ਤਾੜਨਾ ਦੀ ਵੀ ਲੋੜ ਹੁੰਦੀ ਹੈ। (ਗਲਾ. 6:1) ਮੰਡਲੀ ਦੇ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ? ਉਨ੍ਹਾਂ ਨੂੰ ਅਲੀਹੂ ਦੀ ਰੀਸ ਕਰਨੀ ਚਾਹੀਦੀ ਹੈ ਜਿਸ ਨੇ ਹਮਦਰਦੀ ਦਿਖਾਉਂਦਿਆਂ ਅੱਯੂਬ ਦੀ ਗੱਲ ਸੁਣੀ। (ਅੱਯੂ. 33:6, 7) ਅਲੀਹੂ ਨੇ ਅੱਯੂਬ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਉਸ ਨੂੰ ਸਲਾਹ ਦਿੱਤੀ। ਅਲੀਹੂ ਦੀ ਮਿਸਾਲ ’ਤੇ ਚੱਲਣ ਵਾਲੇ ਬਜ਼ੁਰਗ ਧਿਆਨ ਨਾਲ ਦੂਜੇ ਵਿਅਕਤੀ ਦੀ ਗੱਲ ਸੁਣਨਗੇ ਅਤੇ ਉਸ ਦੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਫਿਰ ਉਨ੍ਹਾਂ ਦੀ ਸਲਾਹ ਸੁਣਨ ਵਾਲੇ ਦੇ ਦਿਲ ਤਕ ਪਹੁੰਚੇਗੀ।

ਆਪਣੀਆਂ ਗੱਲਾਂ ਨਾਲ ਦਿਲਾਸਾ ਦਿਓ

12. ਆਪਣੇ ਪਤੀ ਅਤੇ ਮੁੰਡਿਆਂ ਦੀ ਮੌਤ ਦਾ ਨਾਓਮੀ ’ਤੇ ਕੀ ਅਸਰ ਪਿਆ?

12 ਨਾਓਮੀ ਯਹੋਵਾਹ ਨੂੰ ਪਿਆਰ ਕਰਨ ਵਾਲੀ ਵਫ਼ਾਦਾਰ ਔਰਤ ਸੀ। ਪਰ ਆਪਣੇ ਪਤੀ ਅਤੇ ਦੋ ਮੁੰਡਿਆਂ ਦੀ ਮੌਤ ਮਗਰੋਂ ਉਹ ਆਪਣਾ ਨਾਂ ਨਾਓਮੀ ਤੋਂ ਬਦਲ ਕੇ “ਮਾਰਾ” ਰੱਖਣਾ ਚਾਹੁੰਦੀ ਸੀ ਜਿਸ ਦਾ ਮਤਲਬ ਸੀ “ਕੁੜੱਤਣ।” (ਰੂਥ 1:3, 5, 20, 21) ਨਾਓਮੀ ਦੀ ਨੂੰਹ ਰੂਥ ਨੇ ਔਖੇ ਸਮਿਆਂ ਵਿਚ ਵੀ ਉਸ ਦਾ ਸਾਥ ਦਿੱਤਾ। ਰੂਥ ਨੇ ਉਸ ਦੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕੀਤੀਆਂ, ਸਗੋਂ ਉਸ ਨੇ ਆਪਣੀਆਂ ਗੱਲਾਂ ਨਾਲ ਵੀ ਨਾਓਮੀ ਨੂੰ ਦਿਲਾਸਾ ਦਿੱਤਾ। ਰੂਥ ਨੇ ਆਪਣੀਆਂ ਗੱਲਾਂ ਨਾਲ ਨਾਓਮੀ ਲਈ ਦਿਲੋਂ ਆਪਣਾ ਪਿਆਰ ਜ਼ਾਹਰ ਕੀਤਾ ਅਤੇ ਉਸ ਦਾ ਸਾਥ ਦਿੱਤਾ।​—ਰੂਥ 1:16, 17.

13. ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਜਾਂਦੀ ਹੈ ਉਨ੍ਹਾਂ ਨੂੰ ਸਾਡੇ ਸਹਾਰੇ ਦੀ ਲੋੜ ਕਿਉਂ ਹੁੰਦੀ ਹੈ?

13 ਜਦੋਂ ਕਿਸੇ ਭੈਣ ਜਾਂ ਭਰਾ ਦੇ ਜੀਵਨ ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ। ਵਿਆਹੇ ਜੋੜਿਆਂ ਦੀ ਤੁਲਨਾ ਉਨ੍ਹਾਂ ਦਰਖ਼ਤਾਂ ਨਾਲ ਕੀਤੀ ਜਾ ਸਕਦੀ ਹੈ ਜੋ ਨਾਲ-ਨਾਲ ਲਾਏ ਹੁੰਦੇ ਹਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀਆਂ ਜੜ੍ਹਾਂ ਇਕ-ਦੂਜੇ ਵਿਚ ਇਸ ਤਰ੍ਹਾਂ ਰਲ਼-ਮਿਲ ਜਾਂਦੀਆਂ ਹਨ ਕਿ ਜੇ ਇਕ ਦਰਖ਼ਤ ਨੂੰ ਪੁੱਟਿਆ ਜਾਵੇ, ਤਾਂ ਇਸ ਦਾ ਅਸਰ ਦੂਜੇ ਦਰਖ਼ਤ ’ਤੇ ਵੀ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਕਿਸੇ ਵਿਅਕਤੀ ਦੇ ਜੀਵਨ ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਇਦ ਉਸ ਦਾ ਸਾਥੀ ਕਾਫ਼ੀ ਲੰਬੇ ਸਮੇਂ ਤਕ ਇਸ ਦੁੱਖ ਵਿੱਚੋਂ ਬਾਹਰ ਨਾ ਨਿਕਲੇ। ਪੋਲਾ, * ਜਿਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ, ਕਹਿੰਦੀ ਹੈ: “ਮੇਰੀ ਤਾਂ ਦੁਨੀਆਂ ਹੀ ਉਜੜ ਗਈ ਅਤੇ ਮੈਂ ਬੇਸਹਾਰਾ ਮਹਿਸੂਸ ਕਰਦੀ ਸੀ। ਮੈਂ ਆਪਣਾ ਸਭ ਤੋਂ ਪਿਆਰਾ ਦੋਸਤ ਗੁਆ ਲਿਆ ਸੀ। ਮੈਂ ਆਪਣੇ ਪਤੀ ਨਾਲ ਹਰ ਗੱਲ ਸਾਂਝੀ ਕਰਦੀ ਸੀ। ਉਸ ਨੇ ਦੁੱਖ-ਸੁੱਖ ਵਿਚ ਹਮੇਸ਼ਾ ਮੇਰਾ ਸਾਥ ਦਿੱਤਾ। ਜਦੋਂ ਮੈਂ ਆਪਣੀ ਕਿਸੇ ਪਰੇਸ਼ਾਨੀ ਬਾਰੇ ਉਸ ਨਾਲ ਗੱਲ ਕਰਦੀ ਸੀ, ਤਾਂ ਉਹ ਹਮੇਸ਼ਾ ਮੇਰੀ ਗੱਲ ਸੁਣਦਾ ਸੀ। ਮੈਨੂੰ ਲੱਗਦਾ ਕਿ ਜਿਵੇਂ ਕਿਸੇ ਨੇ ਮੇਰੇ ਸਰੀਰ ਦੇ ਦੋ ਟੁਕੜੇ ਕਰ ਦਿੱਤੇ ਹੋਣ।”

ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਗਈ ਹੈ? (ਪੈਰੇ 14-15 ਦੇਖੋ) *

14-15. ਅਸੀਂ ਉਨ੍ਹਾਂ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਗਈ ਹੈ?

14 ਅਸੀਂ ਉਸ ਵਿਅਕਤੀ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ ਜਿਸ ਦੇ ਜੀਵਨ ਸਾਥੀ ਦੀ ਮੌਤ ਹੋ ਗਈ ਹੈ? ਪਹਿਲਾਂ ਜ਼ਰੂਰੀ ਕਦਮ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ, ਚਾਹੇ ਸਾਨੂੰ ਗੱਲ ਕਰਨੀ ਅਜੀਬ ਲੱਗੇ ਜਾਂ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਹੀਏ। ਪੋਲਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਕਹਿੰਦੀ ਹੈ: “ਮੈਂ ਸਮਝ ਸਕਦੀ ਹਾਂ ਕਿ ਕਿਸੇ ਦੀ ਮੌਤ ਹੋਣ ’ਤੇ ਲੋਕਾਂ ਲਈ ਗੱਲ ਕਰਨੀ ਸੌਖੀ ਨਹੀਂ ਹੁੰਦੀ। ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ ਉਹ ਇੱਦਾਂ ਦੀ ਕੋਈ ਗੱਲ ਨਾ ਕਹਿ ਦੇਣ ਜਿਸ ਦਾ ਕਿਸੇ ਨੂੰ ਬੁਰਾ ਲੱਗੇ। ਪਰ ਇਸ ਤੋਂ ਵੀ ਬੁਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਲੋਕ ਕੁਝ ਵੀ ਨਹੀਂ ਕਹਿੰਦੇ।” ਸੋਗ ਮਨਾ ਰਿਹਾ ਵਿਅਕਤੀ ਇਹ ਉਮੀਦ ਨਹੀਂ ਰੱਖਦਾ ਕਿ ਲੋਕ ਉਸ ਨਾਲ ਬਹੁਤ ਸਮਝਦਾਰੀ ਵਾਲੀਆਂ ਗੱਲਾਂ ਕਰਨ। ਪੋਲਾ ਕਹਿੰਦੀ ਹੈ: “ਮੈਂ ਉਨ੍ਹਾਂ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਿਰਫ਼ ਮੈਨੂੰ ਇੰਨਾ ਹੀ ਕਿਹਾ, ‘ਤੁਹਾਡੇ ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ।’”

15 ਵਿਲੀਅਮ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ। ਉਹ ਕਹਿੰਦਾ ਹੈ: “ਮੈਨੂੰ ਚੰਗਾ ਲੱਗਦਾ ਹੈ ਜਦੋਂ ਦੂਜੇ ਮੇਰੇ ਨਾਲ ਮੇਰੀ ਪਤਨੀ ਬਾਰੇ ਵਧੀਆ ਗੱਲਾਂ ਕਰਦੇ ਹਨ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਉਸ ਨਾਲ ਪਿਆਰ ਕਰਦੇ ਸਨ ਤੇ ਉਸ ਦੀ ਇੱਜ਼ਤ ਕਰਦੇ ਸਨ। ਇਸ ਤਰ੍ਹਾਂ ਮੇਰੀ ਬਹੁਤ ਮਦਦ ਹੁੰਦੀ ਹੈ। ਮੈਨੂੰ ਬਹੁਤ ਦਿਲਾਸਾ ਮਿਲਦਾ ਹੈ ਕਿਉਂਕਿ ਅਸੀਂ ਹਮੇਸ਼ਾ ਇਕੱਠੇ ਹੁੰਦੇ ਸੀ ਅਤੇ ਉਹ ਮੇਰੇ ਲਈ ਬਹੁਤ ਅਨਮੋਲ ਸੀ।” ਇਕ ਵਿਧਵਾ ਭੈਣ ਬਿਆਂਕਾ ਦੱਸਦੀ ਹੈ: “ਮੈਨੂੰ ਦਿਲਾਸਾ ਮਿਲਦਾ ਹੈ ਜਦੋਂ ਦੂਜੇ ਮੇਰੇ ਨਾਲ ਪ੍ਰਾਰਥਨਾ ਕਰਦੇ ਹਨ ਅਤੇ ਮੇਰੇ ਨਾਲ ਇਕ ਜਾਂ ਦੋ ਆਇਤਾਂ ਪੜ੍ਹਦੇ ਹਨ। ਮੈਨੂੰ ਵਧੀਆ ਲੱਗਦਾ ਹੈ ਜਦੋਂ ਉਹ ਮੇਰੇ ਪਤੀ ਬਾਰੇ ਗੱਲਾਂ ਕਰਦੇ ਹਨ ਅਤੇ ਮੇਰੀਆਂ ਗੱਲਾਂ ਸੁਣਦੇ ਹਨ ਜਦੋਂ ਮੈਂ ਆਪਣੇ ਪਤੀ ਬਾਰੇ ਦੱਸਦੀ ਹਾਂ।”

16. (ੳ) ਸਾਨੂੰ ਉਨ੍ਹਾਂ ਦੀ ਮਦਦ ਕਿਉਂ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੈ? (ਅ) ਯਾਕੂਬ 1:27 ਮੁਤਾਬਕ ਸਾਡੀ ਕੀ ਜ਼ਿੰਮੇਵਾਰੀ ਹੈ?

16 ਜਿੱਦਾਂ ਰੂਥ ਨੇ ਵਿਧਵਾ ਨਾਓਮੀ ਦਾ ਸਾਥ ਨਹੀਂ ਛੱਡਿਆ, ਉੱਦਾਂ ਹੀ ਸਾਨੂੰ ਵੀ ਉਨ੍ਹਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਕਿਸੇ ਆਪਣੇ ਦੀ ਮੌਤ ਹੋ ਚੁੱਕੀ ਹੈ। ਪੋਲਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਕਹਿੰਦੀ ਹੈ: “ਮੇਰੇ ਪਤੀ ਦੀ ਮੌਤ ਤੋਂ ਬਾਅਦ ਦੂਜਿਆਂ ਨੇ ਮੇਰੀ ਬਹੁਤ ਮਦਦ ਕੀਤੀ। ਪਰ ਸਮੇਂ ਦੇ ਬੀਤਣ ਨਾਲ, ਸਾਰੇ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਫਿਰ ਤੋਂ ਰੁੱਝ ਗਏ। ਪਰ ਮੇਰੀ ਜ਼ਿੰਦਗੀ ਤਾਂ ਪੂਰੀ ਤਰ੍ਹਾਂ ਬਦਲ ਗਈ ਸੀ। ਉਦੋਂ ਬਹੁਤ ਜ਼ਿਆਦਾ ਮਦਦ ਹੁੰਦੀ ਹੈ ਜਦੋਂ ਦੂਜੇ ਇਹ ਗੱਲ ਸਮਝਦੇ ਹਨ ਕਿ ਸੋਗ ਮਨਾ ਰਹੇ ਵਿਅਕਤੀ ਨੂੰ ਆਪਣੇ ਪਿਆਰੇ ਦੀ ਮੌਤ ਤੋਂ ਕਈ ਮਹੀਨਿਆਂ, ਇੱਥੋਂ ਤਕ ਕਿ ਕਈ ਸਾਲਾਂ, ਬਾਅਦ ਵੀ ਮਦਦ ਦੀ ਲੋੜ ਪੈਂਦੀ ਹੈ।” ਬਿਨਾਂ ਸ਼ੱਕ, ਹਰ ਵਿਅਕਤੀ ਅਲੱਗ ਹੁੰਦਾ ਹੈ। ਕੁਝ ਲੋਕ ਛੇਤੀ ਨਵੇਂ ਹਾਲਾਤਾਂ ਮੁਤਾਬਕ ਢਲ਼ ਜਾਂਦੇ ਹਨ। ਪਰ ਕਈਆਂ ਨੂੰ ਉਹ ਕੰਮ ਕਰਦਿਆਂ ਆਪਣੇ ਅਜ਼ੀਜ਼ ਦੀ ਬਹੁਤ ਯਾਦ ਆਉਂਦੀ ਹੈ ਜੋ ਉਹ ਮਿਲ ਕੇ ਕਰਦੇ ਹੁੰਦੇ ਸਨ। ਹਰ ਵਿਅਕਤੀ ਦੇ ਸੋਗ ਮਨਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਆਓ ਆਪਾਂ ਕਦੀ ਨਾ ਭੁੱਲੀਏ ਕਿ ਯਹੋਵਾਹ ਨੇ ਸਾਨੂੰ ਸਨਮਾਨ ਤੇ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਉਨ੍ਹਾਂ ਲਈ ਪਰਵਾਹ ਦਿਖਾਈਏ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਗਈ ਹੈ।​—ਯਾਕੂਬ 1:27 ਪੜ੍ਹੋ।

17. ਉਨ੍ਹਾਂ ਨੂੰ ਮਦਦ ਦੀ ਕਿਉਂ ਲੋੜ ਹੈ ਜਿਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ?

17 ਕੁਝ ਵਿਆਹੇ ਲੋਕਾਂ ਨੂੰ ਬਹੁਤ ਜ਼ਿਆਦਾ ਦਰਦ ਅਤੇ ਤਣਾਅ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਦੋਂ ਉਨ੍ਹਾਂ ਦਾ ਜੀਵਨ ਸਾਥੀ ਉਨ੍ਹਾਂ ਨੂੰ ਛੱਡ ਕੇ ਚਲਾ ਜਾਂਦਾ ਹੈ। ਜੋਇਸ, ਜਿਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ, ਕਹਿੰਦੀ ਹੈ: “ਪਤੀ ਦੀ ਮੌਤ ਨਾਲ ਇੰਨਾ ਦਰਦ ਨਹੀਂ ਹੋਣਾ ਸੀ ਜਿੰਨਾ ਉਸ ਦੇ ਤਲਾਕ ਲੈਣ ਨਾਲ ਹੋਇਆ। ਜੇ ਕਿਸੇ ਹਾਦਸੇ ਜਾਂ ਬੀਮਾਰੀ ਕਰਕੇ ਉਸ ਦੀ ਮੌਤ ਹੋ ਜਾਂਦੀ, ਤਾਂ ਇਹ ਉਸ ਦੀ ਆਪਣੀ ਮਰਜ਼ੀ ਨਾਲ ਨਹੀਂ ਸੀ ਹੋਣਾ। ਪਰ ਤਲਾਕ ਲੈ ਕੇ ਮੈਨੂੰ ਛੱਡਣ ਦਾ ਫ਼ੈਸਲਾ ਮੇਰੇ ਪਤੀ ਦਾ ਸੀ। ਮੈਂ ਆਪਣੇ ਆਪ ਵਿਚ ਬਹੁਤ ਘਟੀਆ ਮਹਿਸੂਸ ਕੀਤਾ।”

18. ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਨਹੀਂ ਹਨ?

18 ਜਦੋਂ ਅਸੀਂ ਉਨ੍ਹਾਂ ਲੋਕਾਂ ਲਈ ਛੋਟੇ-ਛੋਟੇ ਕੰਮ ਕਰਦੇ ਹਾਂ ਜਿਨ੍ਹਾਂ ਦੇ ਸਾਥੀ ਨਹੀਂ ਹਨ, ਤਾਂ ਅਸੀਂ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਂਦੇ ਹਾਂ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਉਨ੍ਹਾਂ ਨੂੰ ਚੰਗੇ ਦੋਸਤਾਂ ਦੀ ਲੋੜ ਹੈ। (ਕਹਾ. 17:17) ਅਸੀਂ ਉਨ੍ਹਾਂ ਨੂੰ ਆਪਣੀ ਦੋਸਤੀ ਦਾ ਅਹਿਸਾਸ ਕਿਵੇਂ ਕਰਾ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਆਪਣੇ ਘਰ ਖਾਣੇ ’ਤੇ ਬੁਲਾ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਮਨੋਰੰਜਨ ਕਰਨ ਜਾਂ ਪ੍ਰਚਾਰ ’ਤੇ ਜਾਣ ਲਈ ਕੁਝ ਸਮਾਂ ਕੱਢ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਕਦੇ-ਕਦੇ ਉਨ੍ਹਾਂ ਨੂੰ ਪਰਿਵਾਰਕ ਸਟੱਡੀ ਲਈ ਬੁਲਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ ਜੋ “ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ” ਅਤੇ “ਵਿਧਵਾਂ ਦਾ ਨਿਆਉਂ ਕਰਨ ਵਾਲਾ” ਹੈ।​—ਜ਼ਬੂ. 34:18; 68:5.

19. ਪਹਿਲਾ ਪਤਰਸ 3:8 ਨੂੰ ਮਨ ਵਿਚ ਰੱਖ ਕੇ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

19 ਜਲਦੀ ਹੀ, ਜਦੋਂ ਪਰਮੇਸ਼ੁਰ ਦਾ ਰਾਜ ਧਰਤੀ ’ਤੇ ਆਵੇਗਾ, ਤਾਂ “ਪਹਿਲੇ ਦੁਖ ਭੁਲਾਏ” ਜਾਣਗੇ। ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਜਦੋਂ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾ. 65:16, 17) ਉਦੋਂ ਤਕ, ਆਓ ਆਪਾਂ ਇਕ-ਦੂਜੇ ਦਾ ਸਾਥ ਦੇਈਏ ਅਤੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੀਏ।​—1 ਪਤਰਸ 3:8 ਪੜ੍ਹੋ।

ਗੀਤ 28 ਇਕ ਨਵਾਂ ਗੀਤ

^ ਪੈਰਾ 5 ਲੂਤ, ਅੱਯੂਬ ਅਤੇ ਨਾਓਮੀ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ, ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਉਨ੍ਹਾਂ ਦੇ ਤਜਰਬਿਆਂ ਤੋਂ ਕੀ ਸਿੱਖ ਸਕਦੇ ਹਾਂ। ਅਸੀਂ ਇਸ ਗੱਲ ’ਤੇ ਵੀ ਚਰਚਾ ਕਰਾਂਗੇ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਨਾਲ ਧੀਰਜ ਅਤੇ ਹਮਦਰਦੀ ਨਾਲ ਪੇਸ਼ ਆਉਣਾ ਅਤੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਨਾਲ ਦਿਲਾਸਾ ਦੇਣਾ ਜ਼ਰੂਰੀ ਕਿਉਂ ਹੈ।

^ ਪੈਰਾ 13 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਬਹੁਤ ਪਰੇਸ਼ਾਨ ਹੈ ਅਤੇ ਬਿਨਾਂ ਸੋਚੇ-ਸਮਝੇ ਗੱਲਾਂ ਕਰਦਾ ਹੋਇਆ ਜਦ ਕਿ ਬਜ਼ੁਰਗ ਧੀਰਜ ਨਾਲ ਉਸ ਦੀ ਗੱਲ ਸੁਣਦਾ ਹੋਇਆ। ਭਰਾ ਦਾ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਬਜ਼ੁਰਗ ਪਿਆਰ ਨਾਲ ਉਸ ਨੂੰ ਸਲਾਹ ਦਿੰਦਾ ਹੋਇਆ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਇਕ ਜੋੜਾ ਉਸ ਭਰਾ ਨਾਲ ਸਮਾਂ ਬਿਤਾਉਂਦਾ ਹੋਇਆ ਜਿਸ ਦੀ ਪਤਨੀ ਦੀ ਹਾਲ ਹੀ ਵਿਚ ਮੌਤ ਹੋਈ ਹੈ। ਉਹ ਉਸ ਦੀ ਪਤਨੀ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਹੋਏ।