Skip to content

Skip to table of contents

ਸ਼ੈਤਾਨ ਦੇ ਫੰਦੇ ਤੋਂ ਕਿਵੇਂ ਬਚੀਏ?

ਸ਼ੈਤਾਨ ਦੇ ਫੰਦੇ ਤੋਂ ਕਿਵੇਂ ਬਚੀਏ?

ਜਦੋਂ ਇਜ਼ਰਾਈਲੀ ਯਰਦਨ ਦਰਿਆ ਪਾਰ ਕਰ ਕੇ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਵਾਲੇ ਹੀ ਸਨ, ਤਾਂ ਕੁਝ ਲੋਕ ਉਨ੍ਹਾਂ ਨੂੰ ਮਿਲਣ ਆਏ। ਇਹ ਲੋਕ ਹੋਰ ਕੌਮ ਦੀਆਂ ਔਰਤਾਂ ਸਨ ਜੋ ਇਜ਼ਰਾਈਲੀ ਆਦਮੀਆਂ ਨੂੰ ਦਾਅਵਤ ਲਈ ਸੱਦਾ ਦੇਣ ਆਈਆਂ ਸਨ। ਉਨ੍ਹਾਂ ਨੂੰ ਲੱਗਾ ਹੋਣਾ ਕਿ ਨਵੇਂ ਦੋਸਤ ਬਣਾਉਣ, ਨੱਚਣ ਅਤੇ ਵਧੀਆ ਖਾਣਾ ਖਾਣ ਦਾ ਇਹ ਚੰਗਾ ਮੌਕਾ ਸੀ। ਭਾਵੇਂ ਉਨ੍ਹਾਂ ਔਰਤਾਂ ਦੇ ਰੀਤੀ-ਰਿਵਾਜ ਤੇ ਨੈਤਿਕ ਮਿਆਰ ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਨਾਲੋਂ ਬਿਲਕੁਲ ਵੱਖਰੇ ਸਨ, ਪਰ ਫਿਰ ਵੀ ਕੁਝ ਇਜ਼ਰਾਈਲੀ ਆਦਮੀਆਂ ਨੇ ਸ਼ਾਇਦ ਸੋਚਿਆ ਹੋਣਾ: ‘ਸਾਨੂੰ ਪਤਾ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ। ਅਸੀਂ ਧਿਆਨ ਰੱਖਾਂਗੇ।’

ਫਿਰ ਕੀ ਹੋਇਆ? ਬਾਈਬਲ ਦੱਸਦੀ ਹੈ: “ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ।” ਅਸਲ ਵਿਚ ਉਹ ਔਰਤਾਂ ਚਾਹੁੰਦੀਆਂ ਸਨ ਕਿ ਇਜ਼ਰਾਈਲੀ ਆਦਮੀ ਝੂਠੇ ਦੇਵਤਿਆਂ ਦੀ ਭਗਤੀ ਕਰਨ ਤੇ ਆਦਮੀਆਂ ਨੇ ਇੱਦਾਂ ਹੀ ਕੀਤਾ। ਇਸ ਕਰਕੇ “ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।”​—ਗਿਣ. 25:1-3.

ਉਨ੍ਹਾਂ ਇਜ਼ਰਾਈਲੀਆਂ ਨੇ ਦੋ ਤਰੀਕਿਆਂ ਨਾਲ ਪਰਮੇਸ਼ੁਰ ਦਾ ਕਾਨੂੰਨ ਤੋੜਿਆ: ਉਨ੍ਹਾਂ ਨੇ ਮੂਰਤੀਆਂ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਨੇ ਹਰਾਮਕਾਰੀ ਕੀਤੀ। ਅਣਆਗਿਆਕਾਰੀ ਕਰਨ ਕਰਕੇ ਹਜ਼ਾਰਾਂ ਹੀ ਇਜ਼ਰਾਈਲੀ ਮਾਰੇ ਗਏ। (ਕੂਚ 20:4, 5, 14; ਬਿਵ. 13:6-9) ਇਸ ਘਟਨਾ ਦੇ ਦੁਖਦਾਈ ਹੋਣ ਦਾ ਖ਼ਾਸ ਕਾਰਨ ਇਹ ਵੀ ਸੀ ਕਿ ਜੇ ਉਸ ਸਮੇਂ ਉਨ੍ਹਾਂ ਆਦਮੀਆਂ ਨੇ ਯਹੋਵਾਹ ਦਾ ਕਾਨੂੰਨ ਨਾ ਤੋੜਿਆ ਹੁੰਦਾ, ਤਾਂ ਉਨ੍ਹਾਂ ਹਜ਼ਾਰਾਂ ਇਜ਼ਰਾਈਲੀਆਂ ਨੇ ਜਲਦੀ ਹੀ ਯਰਦਨ ਦਰਿਆ ਪਾਰ ਕਰ ਕੇ ਵਾਅਦਾ ਕੀਤੇ ਦੇਸ਼ ਵਿਚ ਪਹੁੰਚ ਜਾਣਾ ਸੀ।​—ਗਿਣ. 25:5, 9.

ਇਨ੍ਹਾਂ ਘਟਨਾਵਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਸਾਰਾ ਕੁਝ ਜੋ ਉਨ੍ਹਾਂ ਨਾਲ ਹੋਇਆ, ਉਦਾਹਰਣਾਂ ਸਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।” (1 ਕੁਰਿੰ. 10:7-11) ਬਿਨਾਂ ਸ਼ੱਕ, ਸ਼ੈਤਾਨ ਬਹੁਤ ਖ਼ੁਸ਼ ਹੋਇਆ ਹੋਣਾ ਕਿ ਕੁਝ ਇਜ਼ਰਾਈਲੀਆਂ ਨੇ ਗੰਭੀਰ ਪਾਪ ਕੀਤਾ ਸੀ ਅਤੇ ਇਸ ਕਰਕੇ ਉਹ ਵਾਅਦਾ ਕੀਤੇ ਦੇਸ਼ ਵਿਚ ਨਹੀਂ ਜਾ ਸਕੇ। ਸਾਡੇ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਇਸ ਚੇਤਾਵਨੀ ਨੂੰ ਯਾਦ ਰੱਖੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨੂੰ ਇਸ ਤੋਂ ਜ਼ਿਆਦਾ ਖ਼ੁਸ਼ੀ ਹੋਰ ਕਿਸੇ ਚੀਜ਼ ਤੋਂ ਨਹੀਂ ਹੋਵੇਗੀ ਕਿ ਉਹ ਸਾਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾਣ ਤੋਂ ਰੋਕ ਸਕੇ।

ਇਕ ਖ਼ਤਰਨਾਕ ਫੰਦਾ

ਸ਼ੈਤਾਨ ਮਸੀਹੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਉਹ ਉਹੀ ਫੰਦੇ ਵਰਤਦਾ ਹੈ ਜਿਨ੍ਹਾਂ ਨੂੰ ਵਰਤ ਕੇ ਉਸ ਨੇ ਕਈਆਂ ਨੂੰ ਫਸਾਇਆ ਹੈ। ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਹਰਾਮਕਾਰੀ ਦੇ ਫੰਦੇ ਵਿਚ ਫਸਾਇਆ। ਸਾਡੇ ਸਮੇਂ ਵਿਚ ਵੀ ਅਨੈਤਿਕਤਾ ਇਕ ਖ਼ਤਰਨਾਕ ਫੰਦਾ ਹੈ। ਇਸ ਫੰਦੇ ਵਿਚ ਫਸਾਉਣ ਦਾ ਇਕ ਅਸਰਕਾਰੀ ਤਰੀਕਾ ਹੈ, ਪੋਰਨੋਗ੍ਰਾਫੀ।

ਅੱਜ ਇਕ ਵਿਅਕਤੀ ਪੋਰਨੋਗ੍ਰਾਫੀ ਦੇਖ ਸਕਦਾ ਹੈ ਅਤੇ ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਦਹਾਕਿਆਂ ਪਹਿਲਾਂ ਇਕ ਵਿਅਕਤੀ ਨੂੰ ਅਸ਼ਲੀਲ ਫ਼ਿਲਮਾਂ ਦੇਖਣ ਲਈ ਥੀਏਟਰ ਜਾਣਾ ਪੈਂਦਾ ਸੀ ਜਾਂ ਅਸ਼ਲੀਲ ਸਾਹਿੱਤ ਖ਼ਰੀਦਣ ਲਈ ਦੁਕਾਨ ’ਤੇ ਜਾਣਾ ਪੈਂਦਾ ਸੀ। ਬਹੁਤ ਸਾਰੇ ਲੋਕ ਇੱਦਾਂ ਦੀਆਂ ਥਾਵਾਂ ’ਤੇ ਨਹੀਂ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਸ਼ਰਮ ਆਉਂਦੀ ਸੀ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਉੱਥੇ ਦੇਖ ਲਿਆ, ਤਾਂ। ਪਰ ਅੱਜ ਇੰਟਰਨੈੱਟ ਹੋਣ ਕਰਕੇ ਇਕ ਵਿਅਕਤੀ ਕੰਮ ਦੀ ਥਾਂ ’ਤੇ ਜਾਂ ਇੱਥੋਂ ਤਕ ਕਿ ਖੜ੍ਹੀ ਕਾਰ ਵਿਚ ਵੀ ਪੋਰਨੋਗ੍ਰਾਫੀ ਦੇਖ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਆਦਮੀ ਜਾਂ ਔਰਤਾਂ ਘਰ ਬੈਠੇ ਹੀ ਪੋਰਨੋਗ੍ਰਾਫੀ ਦੇਖ ਸਕਦੇ ਹਨ।

ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਮੋਬਾਇਲ, ਟੈਬਲੇਟ ਵਗੈਰਾ ਹੋਣ ਕਰਕੇ ਪੋਰਨੋਗ੍ਰਾਫੀ ਦੇਖਣੀ ਹੋਰ ਸੌਖੀ ਹੋ ਗਈ ਹੈ। ਲੋਕ ਤੁਰੇ ਜਾਂਦੇ ਜਾਂ ਬੱਸ-ਗੱਡੀ ਵਿਚ ਸਫ਼ਰ ਕਰਦੇ ਆਪਣੇ ਮੋਬਾਇਲ ਵਗੈਰਾ ’ਤੇ ਗੰਦੀਆਂ ਤਸਵੀਰਾਂ ਤੇ ਅਸ਼ਲੀਲ ਫ਼ਿਲਮਾਂ ਦੇਖ ਸਕਦੇ ਹਨ।

ਹੁਣ ਪੋਰਨੋਗ੍ਰਾਫੀ ਦੇਖਣੀ ਤੇ ਇਸ ਨੂੰ ਲੁਕਾਉਣਾ ਹੋਰ ਸੌਖਾ ਹੋ ਗਿਆ ਹੈ ਜਿਸ ਕਰਕੇ ਅੱਜ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਪੋਰਨੋਗ੍ਰਾਫੀ ਦੇਖਣ ਕਰਕੇ ਅਣਗਿਣਤ ਲੋਕਾਂ ਦੇ ਵਿਆਹੁਤਾ ਰਿਸ਼ਤੇ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ, ਉਹ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਮੀਰ ਮਰ ਜਾਂਦੀ ਹੈ। ਇਸ ਤੋਂ ਵਧ ਨੁਕਸਾਨ ਇਹ ਹੈ ਕਿ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਦਾਅ ’ਤੇ ਲਾਉਂਦੇ ਹਨ। ਤੁਸੀਂ ਯਕੀਨ ਕਰ ਸਕਦੇ ਹੋ ਕਿ ਪੋਰਨੋਗ੍ਰਾਫੀ ਦੇਖਣ ਵਾਲਿਆਂ ਦਾ ਨੁਕਸਾਨ ਹੀ ਹੁੰਦਾ ਹੈ। ਪੋਰਨੋਗ੍ਰਾਫੀ ਦਾ ਬਹੁਤ ਸਾਰੇ ਲੋਕਾਂ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਕਈਆਂ ’ਤੇ ਇਸ ਦਾ ਅਸਰ ਸਾਲਾਂ ਬੱਧੀ ਰਹਿੰਦਾ ਹੈ ਤੇ ਕਈਆਂ ’ਤੇ ਤਾਂ ਪੂਰੀ ਉਮਰ ਰਹਿੰਦਾ ਹੈ।

ਪਰ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਯਹੋਵਾਹ ਸਾਨੂੰ ਸ਼ੈਤਾਨ ਦੇ ਇਸ ਫੰਦੇ ਤੋਂ ਬਚਾਉਣ ਲਈ ਤਿਆਰ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਬਚਾਵੇ, ਤਾਂ ਸਾਨੂੰ ਇਜ਼ਰਾਈਲੀ ਆਦਮੀਆਂ ਤੋਂ ਉਲਟ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਕੂਚ 19:5) ਸਾਨੂੰ ਇਹ ਗੱਲ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਪੋਰਨੋਗ੍ਰਾਫੀ ਤੋਂ ਘਿਣ ਕਰਦਾ ਹੈ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ?

ਯਹੋਵਾਹ ਵਾਂਗ ਇਸ ਤੋਂ ਘਿਣ ਕਰੋ

ਜ਼ਰਾ ਇਸ ਬਾਰੇ ਸੋਚੋ: ਉਸ ਸਮੇਂ ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਬਾਕੀ ਕੌਮਾਂ ਦੇ ਕਾਨੂੰਨਾਂ ਨਾਲੋਂ ਬਹੁਤ ਵੱਖਰੇ ਸਨ। ਇਹ ਕਾਨੂੰਨ ਕੰਧ ਵਾਂਗ ਆਲੇ-ਦੁਆਲੇ ਦੀਆਂ ਕੌਮਾਂ ਤੋਂ ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਤੋਂ ਇਜ਼ਰਾਈਲੀਆਂ ਦੀ ਰਾਖੀ ਕਰਦੇ ਸਨ ਅਤੇ ਉਨ੍ਹਾਂ ਨੂੰ ਸਿਖਾਉਂਦੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ। (ਬਿਵ. 4:6-8) ਇਨ੍ਹਾਂ ਕਾਨੂੰਨਾਂ ਵਿਚ ਇਕ ਅਹਿਮ ਸੱਚਾਈ ਸਾਫ਼-ਸਾਫ਼ ਦੱਸੀ ਗਈ ਸੀ ਕਿ ਯਹੋਵਾਹ ਹਰਾਮਕਾਰੀ ਤੋਂ ਘਿਣ ਕਰਦਾ ਹੈ।

ਯਹੋਵਾਹ ਨੇ ਇਜ਼ਰਾਈਲ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕੰਮਾਂ ਦਾ ਜ਼ਿਕਰ ਕਰਨ ਤੋਂ ਬਾਅਦ ਇਜ਼ਰਾਈਲੀਆਂ ਨੂੰ ਕਿਹਾ: “ਕਨਾਨ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, . . . ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ।” ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਨਾਨੀਆਂ ਦਾ ਜੀਵਨ-ਢੰਗ ਇੰਨਾ ਘਿਣਾਉਣਾ ਸੀ ਕਿ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਦੇਸ਼ ਵੀ ਅਸ਼ੁੱਧ ਤੇ ਗੰਦਾ ਸੀ।​—ਲੇਵੀ. 18:3, 25.

ਭਾਵੇਂ ਕਿ ਯਹੋਵਾਹ ਨੇ ਕਨਾਨੀਆਂ ਨੂੰ ਸਜ਼ਾ ਦਿੱਤੀ ਸੀ, ਪਰ ਹੋਰ ਲੋਕ ਹਰਾਮਕਾਰੀ ਕਰ ਰਹੇ ਸਨ। 1,500 ਤੋਂ ਜ਼ਿਆਦਾ ਸਾਲਾਂ ਬਾਅਦ ਪੌਲੁਸ ਨੇ ਉਨ੍ਹਾਂ ਕੌਮਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਮਸੀਹੀ ਰਹਿੰਦੇ ਸਨ ਕਿ ਉੱਥੇ ਦੇ ਲੋਕ “ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ” ਸਨ। ਦਰਅਸਲ “ਉਹ . . . ਢੀਠ ਹੋ ਕੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਲਾਲਚ ਨਾਲ ਕਰਦੇ” ਸਨ। (ਅਫ਼. 4:17-19) ਅੱਜ ਵੀ ਬਹੁਤ ਸਾਰੇ ਲੋਕ ਢੀਠ ਹੋ ਕੇ ਅਨੈਤਿਕ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ’ਤੇ ਕੋਈ ਸ਼ਰਮਿੰਦਗੀ ਨਹੀਂ ਹੁੰਦੀ। ਜਿੰਨਾ ਹੋ ਸਕੇ, ਸੱਚੇ ਮਸੀਹੀਆਂ ਨੂੰ ਇਸ ਦੁਨੀਆਂ ਦੇ ਅਨੈਤਿਕ ਕੰਮ ਦੇਖਣ ਤੋਂ ਦੂਰ ਰਹਿਣਾ ਚਾਹੀਦਾ ਹੈ।

ਪੋਰਨੋਗ੍ਰਾਫੀ ਦੇਖਣ ਵਾਲੇ ਪਰਮੇਸ਼ੁਰ ਲਈ ਘੋਰ ਨਿਰਾਦਰ ਦਿਖਾਉਂਦੇ ਹਨ। ਉਸ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਅਤੇ ਆਪਣੇ ਵਰਗਾ ਬਣਾਇਆ ਹੈ। ਨਾਲੇ ਉਸ ਨੇ ਸਾਨੂੰ ਇਸ ਕਾਬਲੀਅਤ ਨਾਲ ਬਣਾਇਆ ਹੈ ਕਿ ਅਸੀਂ ਸਮਝ ਸਕੀਏ ਕਿ ਕੀ ਸਹੀ ਹੈ ਤੇ ਕੀ ਗ਼ਲਤ। ਉਸ ਨੇ ਸਮਝਦਾਰੀ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਕਾਨੂੰਨ ਦਿੱਤੇ। ਉਹ ਚਾਹੁੰਦਾ ਸੀ ਕਿ ਵਿਆਹੁਤਾ ਜੋੜੇ ਸਰੀਰਕ ਸੰਬੰਧਾਂ ਦਾ ਮਜ਼ਾ ਲੈਣ। (ਉਤ. 1:26-28; ਕਹਾ. 5:18, 19) ਪਰ ਅਸ਼ਲੀਲ ਫ਼ਿਲਮਾਂ ਤੇ ਤਸਵੀਰਾਂ ਬਣਾਉਣ ਜਾਂ ਇਨ੍ਹਾਂ ਨੂੰ ਫੈਲਾਉਣ ਵਾਲੇ ਲੋਕਾਂ ਬਾਰੇ ਕੀ? ਉਹ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਜੀ ਹਾਂ, ਪੋਰਨੋਗ੍ਰਾਫੀ ਨੂੰ ਫੈਲਾਉਣ ਵਾਲੇ ਯਹੋਵਾਹ ਦਾ ਨਿਰਾਦਰ ਕਰਦੇ ਹਨ। ਜਿਹੜੇ ਲੋਕ ਅਸ਼ਲੀਲ ਫ਼ਿਲਮਾਂ ਤੇ ਤਸਵੀਰਾਂ ਬਣਾ ਕੇ ਅਤੇ ਗੰਦਾ ਸਾਹਿੱਤ ਛਾਪ ਕੇ ਜਾਂ ਇਨ੍ਹਾਂ ਨੂੰ ਫੈਲਾ ਕੇ ਪਰਮੇਸ਼ੁਰ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ।​—ਰੋਮੀ. 1:24-27.

ਪਰ ਉਨ੍ਹਾਂ ਲੋਕਾਂ ਬਾਰੇ ਕੀ ਜੋ ਜਾਣ-ਬੁੱਝ ਕੇ ਅਸ਼ਲੀਲ ਸਾਹਿੱਤ ਪੜ੍ਹਦੇ ਜਾਂ ਅਸ਼ਲੀਲ ਪ੍ਰੋਗ੍ਰਾਮ ਦੇਖਦੇ ਹਨ? ਸ਼ਾਇਦ ਕਈ ਸੋਚਦੇ ਹਨ ਕਿ ਇਸ ਵਿਚ ਕੋਈ ਹਰਜ਼ ਨਹੀਂ ਹੈ। ਪਰ ਅਸਲ ਵਿਚ ਉਹ ਉਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਹਨ ਜੋ ਯਹੋਵਾਹ ਦੇ ਮਿਆਰਾਂ ਦਾ ਨਿਰਾਦਰ ਕਰਦੇ ਹਨ। ਜਦੋਂ ਉਨ੍ਹਾਂ ਨੇ ਪੋਰਨੋਗ੍ਰਾਫੀ ਦੇਖਣੀ ਸ਼ੁਰੂ ਕੀਤੀ ਸੀ, ਤਾਂ ਸ਼ਾਇਦ ਉਨ੍ਹਾਂ ਦਾ ਇੱਦਾਂ ਕਰਨ ਦਾ ਕੋਈ ਇਰਾਦਾ ਨਾ ਹੋਵੇ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸੱਚੇ ਪਰਮੇਸ਼ੁਰ ਦੇ ਸੇਵਕਾਂ ਨੂੰ ਪੋਰਨੋਗ੍ਰਾਫੀ ਤੋਂ ਦਿਲੋਂ ਨਫ਼ਰਤ ਕਰਨੀ ਚਾਹੀਦੀ ਹੈ। ਬਾਈਬਲ ਹੱਲਾਸ਼ੇਰੀ ਦਿੰਦੀ ਹੈ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”​—ਜ਼ਬੂ. 97:10.

ਉਨ੍ਹਾਂ ਲੋਕਾਂ ਲਈ ਵੀ ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ ਜਿਹੜੇ ਪੋਰਨੋਗ੍ਰਾਫੀ ਦੇਖਣ ਤੋਂ ਬਚਣਾ ਚਾਹੁੰਦੇ ਹਨ। ਅਸੀਂ ਪਾਪੀ ਹਾਂ ਅਤੇ ਸ਼ਾਇਦ ਸਾਨੂੰ ਆਪਣੀਆਂ ਗ਼ਲਤ ਸਰੀਰਕ ਇੱਛਾਵਾਂ ਨਾਲ ਲੜਨਾ ਪਵੇ। ਨਾਲੇ ਸ਼ਾਇਦ ਸਾਡਾ ਧੋਖੇਬਾਜ਼ ਦਿਲ ਸਾਨੂੰ ਕਹੇ ਕਿ ਪੋਰਨੋਗ੍ਰਾਫੀ ਦੇਖਣ ਵਿਚ ਕੋਈ ਬੁਰਾਈ ਨਹੀਂ ਹੈ। (ਯਿਰ. 17:9) ਪਰ ਬਹੁਤ ਸਾਰੇ ਮਸੀਹੀਆਂ ਨੇ ਇਸ ਲੜਾਈ ’ਤੇ ਜਿੱਤ ਪਾਈ ਹੈ। ਇਹ ਜਾਣ ਕੇ ਤੁਹਾਨੂੰ ਹਿੰਮਤ ਮਿਲ ਸਕਦੀ ਹੈ ਕਿ ਤੁਸੀਂ ਵੀ ਪੋਰਨੋਗ੍ਰਾਫੀ ਦੀ ਲੜਾਈ ’ਤੇ ਜਿੱਤ ਪਾ ਸਕਦੇ ਹੋ। ਗੌਰ ਕਰੋ ਕਿ ਪਰਮੇਸ਼ੁਰ ਦਾ ਬਚਨ ਸ਼ੈਤਾਨ ਦੇ ਫੰਦੇ ਪੋਰਨੋਗ੍ਰਾਫੀ ਤੋਂ ਬਚਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ।

ਅਨੈਤਿਕ ਇੱਛਾਵਾਂ ਬਾਰੇ ਸੋਚਦੇ ਨਾ ਰਹੋ

ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਇਜ਼ਰਾਈਲੀਆਂ ਨੇ ਆਪਣੀਆਂ ਗ਼ਲਤ ਇੱਛਾਵਾਂ ਨੂੰ ਵਧਣ ਦਿੱਤਾ ਜਿਸ ਦੇ ਭਿਆਨਕ ਨਤੀਜੇ ਨਿਕਲੇ। ਅੱਜ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਯਿਸੂ ਦੇ ਭਰਾ ਯਾਕੂਬ ਨੇ ਇਸ ਖ਼ਤਰੇ ਬਾਰੇ ਦੱਸਿਆ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।” (ਯਾਕੂ. 1:14, 15) ਜੇ ਇਕ ਵਿਅਕਤੀ ਅਨੈਤਿਕ ਇੱਛਾ ਨੂੰ ਆਪਣੇ ਅੰਦਰ ਪਲ਼ਣ ਦਿੰਦਾ ਹੈ, ਤਾਂ ਇਕ ਸਮੇਂ ’ਤੇ ਉਹ ਵਿਅਕਤੀ ਪਾਪ ਕਰ ਬੈਠੇਗਾ। ਇਸ ਲਈ ਗੰਦੀਆਂ ਗੱਲਾਂ ਬਾਰੇ ਸੋਚੀ ਜਾਣ ਦੀ ਬਜਾਇ ਸਾਨੂੰ ਇਨ੍ਹਾਂ ਨੂੰ ਆਪਣੇ ਦਿਲ ਵਿੱਚੋਂ ਕੱਢ ਦੇਣਾ ਚਾਹੀਦਾ ਹੈ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗੰਦੀਆਂ ਗੱਲਾਂ ਬਾਰੇ ਸੋਚਦੇ ਰਹਿੰਦੇ ਹੋ, ਤਾਂ ਉਸੇ ਵੇਲੇ ਕਦਮ ਚੁੱਕੋ। ਯਿਸੂ ਨੇ ਕਿਹਾ: “ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਵੱਢ ਸੁੱਟ; . . . ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਕੱਢ ਸੁੱਟ।” (ਮੱਤੀ 18:8, 9) ਯਿਸੂ ਇੱਥੇ ਇਹ ਨਹੀਂ ਕਹਿ ਰਿਹਾ ਸੀ ਕਿ ਸਾਨੂੰ ਆਪਣੇ ਸਰੀਰਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ। ਉਹ ਇਸ ਮਿਸਾਲ ਰਾਹੀਂ ਸਾਡੀ ਇਹ ਸਮਝਣ ਵਿਚ ਮਦਦ ਕਰ ਰਿਹਾ ਸੀ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਮਨ ਵਿਚ ਗ਼ਲਤ ਖ਼ਿਆਲ ਕਿਉਂ ਆਉਂਦੇ ਹਨ ਅਤੇ ਫਿਰ ਉਸੇ ਵੇਲੇ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਪੋਰਨੋਗ੍ਰਾਫੀ ਦੇ ਮਾਮਲੇ ਵਿਚ ਅਸੀਂ ਇਹ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

ਜੇ ਤੁਹਾਡੀ ਨਜ਼ਰ ਕਿਸੇ ਮੈਗਜ਼ੀਨ-ਕਿਤਾਬ, ਸਕ੍ਰੀਨ ’ਤੇ ਜਾਂ ਤੁਹਾਡੇ ਆਲੇ-ਦੁਆਲੇ ਕੋਈ ਅਸ਼ਲੀਲ ਚੀਜ਼ ’ਤੇ ਪੈ ਜਾਵੇ, ਤਾਂ ਇਹ ਨਾ ਸੋਚੋ, ‘ਮੇਰੇ ’ਤੇ ਇਸ ਦਾ ਅਸਰ ਨਹੀਂ ਪੈਣਾ।’ ਇਕਦਮ ਆਪਣੀਆਂ ਨਜ਼ਰਾਂ ਫੇਰ ਲਓ। ਉਸੇ ਵੇਲੇ ਟੀ. ਵੀ. ਬੰਦ ਕਰ ਦਿਓ। ਉਸੇ ਵੇਲੇ ਆਪਣਾ ਕੰਪਿਊਟਰ ਜਾਂ ਮੋਬਾਇਲ ਬੰਦ ਕਰ ਦਿਓ। ਸਾਫ਼-ਸੁਥਰੀਆਂ ਗੱਲਾਂ ’ਤੇ ਧਿਆਨ ਲਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਇੱਛਾਵਾਂ ਤੁਹਾਡੇ ’ਤੇ ਹਾਵੀ ਨਹੀਂ ਹੋਣਗੀਆਂ, ਸਗੋਂ ਤੁਸੀਂ ਉਨ੍ਹਾਂ ’ਤੇ ਕਾਬੂ ਪਾ ਸਕੋਗੇ।

ਅਨੈਤਿਕ ਮਨੋਰੰਜਨ ਦੀਆਂ ਯਾਦਾਂ ਬਾਰੇ ਕੀ?

ਉਦੋਂ ਕੀ ਜੇ ਤੁਸੀਂ ਪੋਰਨੋਗ੍ਰਾਫੀ ਦੇਖਣੀ ਬੰਦ ਕਰ ਦਿੱਤੀ ਹੈ, ਪਰ ਸਮੇਂ-ਸਮੇਂ ’ਤੇ ਤੁਹਾਨੂੰ ਉਹ ਗੱਲਾਂ ਯਾਦ ਆ ਜਾਂਦੀਆਂ ਹਨ ਜੋ ਤੁਸੀਂ ਦੇਖੀਆਂ ਸਨ? ਇਕ ਵਿਅਕਤੀ ਦੇ ਮਨ ਵਿਚ ਅਸ਼ਲੀਲ ਤਸਵੀਰਾਂ ਜਾਂ ਖ਼ਿਆਲ ਲੰਬੇ ਸਮੇਂ ਤਕ ਰਹਿ ਸਕਦੇ ਹਨ। ਇਕ ਵਿਅਕਤੀ ਦੇ ਮਨ ਵਿਚ ਅਸ਼ਲੀਲ ਤਸਵੀਰਾਂ ਜਾਂ ਖ਼ਿਆਲਾਂ ਦੀ ਛਾਪ ਲੰਬੇ ਸਮੇਂ ਤਕ ਰਹਿ ਸਕਦੀ ਹੈ। ਇਹ ਕਦੇ ਵੀ ਉਸ ਵਿਅਕਤੀ ਦੇ ਮਨ ਵਿਚ ਦੁਬਾਰਾ ਆ ਸਕਦੇ ਹਨ। ਜੇ ਇੱਦਾਂ ਹੁੰਦਾ ਹੈ, ਤਾਂ ਤੁਸੀਂ ਸ਼ਾਇਦ ਕੁਝ ਗੰਦੇ ਕੰਮ ਕਰਨ ਲਈ ਭਰਮਾਏ ਜਾਓ, ਜਿਵੇਂ ਹਥਰਸੀ। ਸੋ ਹਮੇਸ਼ਾ ਧਿਆਨ ਰੱਖੋ ਕਿ ਇਸ ਤਰ੍ਹਾਂ ਦੇ ਖ਼ਿਆਲ ਤੁਹਾਡੇ ਮਨ ਵਿਚ ਕਦੇ ਵੀ ਆ ਸਕਦੇ ਹਨ। ਇਸ ਲਈ ਹਮੇਸ਼ਾ ਇਨ੍ਹਾਂ ਨਾਲ ਲੜਨ ਲਈ ਤਿਆਰ ਰਹੋ।

ਪਰਮੇਸ਼ੁਰ ਦੀ ਇੱਛਾ ਮੁਤਾਬਕ ਸੋਚ ਰੱਖਣ ਅਤੇ ਕੰਮ ਕਰਨ ਦਾ ਆਪਣਾ ਇਰਾਦਾ ਹੋਰ ਪੱਕਾ ਕਰੋ। ਪੌਲੁਸ ਰਸੂਲ ਦੀ ਤਰ੍ਹਾਂ ਬਣੋ ਜੋ “ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ” ਬਣਾਉਣ ਲਈ ਤਿਆਰ ਸੀ। (1 ਕੁਰਿੰ. 9:27) ਗ਼ਲਤ ਇੱਛਾਵਾਂ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ। “ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ, ਤਾਂਕਿ ਤੁਸੀਂ ਆਪ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” (ਰੋਮੀ. 12:2) ਯਾਦ ਰੱਖੋ ਕਿ ਅਸ਼ਲੀਲ ਕੰਮ ਕਰ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੋਵੇਗੀ, ਸਗੋਂ ਯਹੋਵਾਹ ਦੀ ਇੱਛਾ ਮੁਤਾਬਕ ਸੋਚ ਰੱਖਣ ਤੇ ਕੰਮ ਕਰਨ ਕਰਕੇ ਹੀ ਤੁਹਾਨੂੰ ਖ਼ੁਸ਼ੀ ਮਿਲੇਗੀ।

ਅਸ਼ਲੀਲ ਕੰਮ ਕਰ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੋਵੇਗੀ, ਪਰ ਯਹੋਵਾਹ ਦੀ ਇੱਛਾ ਮੁਤਾਬਕ ਸੋਚ ਰੱਖਣ ਤੇ ਕੰਮ ਕਰਨ ਕਰਕੇ ਤੁਹਾਨੂੰ ਖ਼ੁਸ਼ੀ ਮਿਲੇਗੀ

ਬਾਈਬਲ ਦੀਆਂ ਕੁਝ ਆਇਤਾਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਫਿਰ ਜਦੋਂ ਤੁਹਾਡੇ ਮਨ ਵਿਚ ਗੰਦੇ ਖ਼ਿਆਲ ਆਉਣ, ਤਾਂ ਉਨ੍ਹਾਂ ਆਇਤਾਂ ਬਾਰੇ ਸੋਚਣ ਦੀ ਪੂਰੀ ਕੋਸ਼ਿਸ਼ ਕਰੋ। ਜ਼ਬੂਰ 119:37; ਯਸਾਯਾਹ 52:11; ਮੱਤੀ 5:28; ਅਫ਼ਸੀਆਂ 5:3; ਕੁਲੁੱਸੀਆਂ 3:5 ਅਤੇ 1 ਥੱਸਲੁਨੀਕੀਆਂ 4:4-8 ਵਰਗੀਆਂ ਆਇਤਾਂ ਪੋਰਨੋਗ੍ਰਾਫੀ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੇ ਨਾਲ-ਨਾਲ ਤੁਹਾਡੀ ਇਹ ਸਮਝਣ ਵਿਚ ਮਦਦ ਕਰਨਗੀਆਂ ਕਿ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਨੈਤਿਕ ਚੀਜ਼ਾਂ ਬਾਰੇ ਸੋਚਣ ਜਾਂ ਦੇਖਣ ਤੋਂ ਨਹੀਂ ਬਚ ਪਾ ਰਹੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ। (1 ਪਤ. 2:21) ਯਿਸੂ ਦੇ ਬਪਤਿਸਮੇ ਤੋਂ ਬਾਅਦ ਸ਼ੈਤਾਨ ਉਸ ਨੂੰ ਪਰਖਦਾ ਰਿਹਾ। ਯਿਸੂ ਨੇ ਕੀ ਕੀਤਾ? ਉਹ ਲਗਾਤਾਰ ਉਸ ਦਾ ਵਿਰੋਧ ਕਰਦਾ ਰਿਹਾ। ਧਰਮ-ਗ੍ਰੰਥ ਵਿੱਚੋਂ ਅਲੱਗ-ਅਲੱਗ ਆਇਤਾਂ ਵਰਤ ਕੇ ਉਸ ਨੇ ਸ਼ੈਤਾਨ ਦੇ ਪਰਤਾਵਿਆਂ ਦਾ ਵਿਰੋਧ ਕੀਤਾ। ਉਸ ਨੇ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ” ਅਤੇ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ। ਜਿੱਦਾਂ ਯਿਸੂ ਨੇ ਕਦੇ ਵੀ ਸ਼ੈਤਾਨ ਦਾ ਵਿਰੋਧ ਕਰਨਾ ਨਹੀਂ ਛੱਡਿਆ, ਉੱਦਾਂ ਹੀ ਤੁਹਾਨੂੰ ਵੀ ਨਹੀਂ ਛੱਡਣਾ ਚਾਹੀਦਾ। (ਮੱਤੀ 4:1-11) ਸ਼ੈਤਾਨ ਅਤੇ ਉਸ ਦੀ ਦੁਨੀਆਂ ਤੁਹਾਡੇ ਮਨਾਂ ਨੂੰ ਅਨੈਤਿਕ ਖ਼ਿਆਲਾਂ ਨਾਲ ਭਰਨ ਦੀ ਲਗਾਤਾਰ ਕੋਸ਼ਿਸ਼ ਕਰਦੀ ਰਹੇਗੀ, ਪਰ ਤੁਸੀਂ ਲੜਦੇ ਰਹੋ। ਤੁਸੀਂ ਪੋਰਨੋਗ੍ਰਾਫੀ ਖ਼ਿਲਾਫ਼ ਲੜਾਈ ਜਿੱਤ ਸਕਦੇ ਹੋ। ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਹਰਾ ਸਕਦੇ ਹੋ।

ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਦਾ ਕਹਿਣਾ ਮੰਨੋ

ਹਮੇਸ਼ਾ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋ। ਪੌਲੁਸ ਨੇ ਕਿਹਾ. “ਪਰਮੇਸ਼ੁਰ ਨੂੰ . . . ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਪਰਮੇਸ਼ੁਰ ਤੁਹਾਨੂੰ ਮਨ ਦੀ ਸ਼ਾਂਤੀ ਦੇਵੇਗਾ ਜੋ ਗ਼ਲਤ ਇੱਛਾਵਾਂ ਨਾਲ ਲੜਨ ਵਿਚ ਤੁਹਾਡੀ ਮਦਦ ਕਰੇਗੀ। ਜੇ ਤੁਸੀਂ ਯਹੋਵਾਹ ਦੇ ਨੇੜੇ ਜਾਓਗੇ, ਤਾਂ “ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂ. 4:8.

ਜਹਾਨ ਦੇ ਮਾਲਕ ਨਾਲ ਰਿਸ਼ਤਾ ਮਜ਼ਬੂਤ ਹੋਣ ਕਰਕੇ ਸ਼ੈਤਾਨ ਦੇ ਫੰਦਿਆਂ ਤੋਂ ਸਾਡੀ ਰਾਖੀ ਹੋਵੇਗੀ। ਯਿਸੂ ਨੇ ਕਿਹਾ: “ਇਸ ਦੁਨੀਆਂ ਦਾ ਹਾਕਮ [ਸ਼ੈਤਾਨ] ਆ ਰਿਹਾ ਹੈ। ਉਸ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ।” (ਯੂਹੰ. 14:30) ਯਿਸੂ ਨੂੰ ਇਸ ਗੱਲ ਦਾ ਇੰਨਾ ਭਰੋਸਾ ਕਿਉਂ ਸੀ? ਉਸ ਨੇ ਇਕ ਵਾਰ ਕਿਹਾ ਸੀ: “ਜਿਸ ਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ; ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” (ਯੂਹੰ. 8:29) ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰ ਕੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਨੂੰ ਕਦੇ ਵੀ ਨਹੀਂ ਛੱਡੇਗਾ। ਪੋਰਨੋਗ੍ਰਾਫੀ ਤੋਂ ਬਚੋ ਅਤੇ ਸ਼ੈਤਾਨ ਤੁਹਾਨੂੰ ਕਦੇ ਵੀ ਇਸ ਵਿਚ ਨਹੀਂ ਫਸਾ ਸਕੇਗਾ।