Skip to content

Skip to table of contents

ਅਧਿਐਨ ਲੇਖ 44

ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ

ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ

“ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ।”—ਕਹਾ. 17:17.

ਗੀਤ 53 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ *

“ਮਹਾਂਕਸ਼ਟ” ਦੌਰਾਨ ਸਾਨੂੰ ਪੱਕੇ ਦੋਸਤਾਂ ਦੀ ਲੋੜ ਹੋਵੇਗੀ (ਪੈਰਾ 2 ਦੇਖੋ) *

1-2. ਪਹਿਲਾ ਪਤਰਸ 4:7, 8 ਅਨੁਸਾਰ ਔਖੀਆਂ ਘੜੀਆਂ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

ਜਿੱਦਾਂ-ਜਿੱਦਾਂ ਅਸੀਂ ‘ਆਖ਼ਰੀ ਦਿਨਾਂ’ ਦੇ ਅੰਤ ਦੇ ਨੇੜੇ ਜਾ ਰਹੇ ਹਾਂ, ਉੱਦਾਂ-ਉੱਦਾਂ ਸ਼ਾਇਦ ਸਾਨੂੰ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਪਵੇ। (2 ਤਿਮੋ. 3:1) ਮਿਸਾਲ ਲਈ, ਪੱਛਮੀ ਅਫ਼ਰੀਕਾ ਦੇ ਇਕ ਦੇਸ਼ ਵਿਚ ਵੋਟਾਂ ਹੋਣ ਤੋਂ ਬਾਅਦ ਗੜਬੜੀ ਤੇ ਹਿੰਸਾ ਦਾ ਮਾਹੌਲ ਪੈਦਾ ਹੋ ਗਿਆ। ਛੇ ਤੋਂ ਜ਼ਿਆਦਾ ਮਹੀਨਿਆਂ ਤਕ ਭੈਣ-ਭਰਾ ਖੁੱਲ੍ਹੇ-ਆਮ ਘੁੰਮ ਨਹੀਂ ਸਕੇ ਕਿਉਂਕਿ ਸਾਰੇ ਪਾਸੇ ਲੋਕ ਲੜ ਰਹੇ ਸਨ। ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਕੁਝ ਜਣਿਆਂ ਨੇ ਸੁਰੱਖਿਅਤ ਇਲਾਕੇ ਵਿਚ ਰਹਿ ਰਹੇ ਭੈਣਾਂ-ਭਰਾਵਾਂ ਦੇ ਘਰ ਪਨਾਹ ਲਈ। ਇਕ ਭਰਾ ਨੇ ਦੱਸਿਆ: “ਇੱਦਾਂ ਦੇ ਹਾਲਾਤਾਂ ਵਿਚ ਮੈਂ ਖ਼ੁਸ਼ ਸੀ ਕਿਉਂਕਿ ਮੈਂ ਆਪਣੇ ਦੋਸਤਾਂ ਨਾਲ ਸੀ। ਅਸੀਂ ਇਕ-ਦੂਜੇ ਨੂੰ ਹੌਸਲਾ ਦੇ ਸਕੇ।”

2 ਜਦੋਂ “ਮਹਾਂਕਸ਼ਟ” ਆਵੇਗਾ, ਤਾਂ ਅਸੀਂ ਖ਼ੁਸ਼ ਹੋਵਾਂਗੇ ਕਿ ਸਾਡੇ ਕੋਲ ਪਿਆਰ ਕਰਨ ਵਾਲੇ ਦੋਸਤ ਹਨ। (ਪ੍ਰਕਾ. 7:14) ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਹੁਣ ਤੋਂ ਹੀ ਆਪਣੇ ਚੰਗੇ ਦੋਸਤ ਬਣਾਈਏ। (1 ਪਤਰਸ 4:7, 8 ਪੜ੍ਹੋ।) ਅਸੀਂ ਯਿਰਮਿਯਾਹ ਦੇ ਤਜਰਬੇ ਤੋਂ ਸਿੱਖ ਸਕਦੇ ਹਾਂ ਜਿਸ ਦੇ ਦੋਸਤਾਂ ਨੇ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਉਸ ਦੀ ਮਦਦ ਕੀਤੀ। * ਅਸੀਂ ਯਿਰਮਿਯਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਯਿਰਮਿਯਾਹ ਦੀ ਮਿਸਾਲ ਤੋਂ ਸਿੱਖੋ

3. (ੳ) ਕਿਸ ਗੱਲ ਕਰਕੇ ਯਿਰਮਿਯਾਹ ਆਪਣੇ ਆਪ ਨੂੰ ਇਕੱਲਿਆਂ ਕਰ ਸਕਦਾ ਸੀ? (ਅ) ਯਿਰਮਿਯਾਹ ਨੇ ਆਪਣੇ ਵਫ਼ਾਦਾਰ ਸੈਕਟਰੀ ਬਾਰੂਕ ਨੂੰ ਕੀ ਦੱਸਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

3 ਯਿਰਮਿਯਾਹ ਘੱਟੋ-ਘੱਟ 40 ਸਾਲਾਂ ਤਕ ਬੇਵਫ਼ਾ ਲੋਕਾਂ ਵਿਚ ਰਿਹਾ। ਇਨ੍ਹਾਂ ਵਿਚ ਉਸ ਦੇ ਗੁਆਂਢੀ ਤੇ ਹੋ ਸਕਦਾ ਹੈ ਕਿ ਉਸ ਦੇ ਸ਼ਹਿਰ ਅਨਾਥੋਥ ਤੋਂ ਉਸ ਦੇ ਕੁਝ ਰਿਸ਼ਤੇਦਾਰ ਵੀ ਸਨ। (ਯਿਰ. 11:21; 12:6) ਪਰ ਉਸ ਨੇ ਆਪਣੇ ਆਪ ਨੂੰ ਇਕੱਲਿਆਂ ਨਹੀਂ ਕੀਤਾ। ਦਰਅਸਲ, ਉਸ ਨੇ ਆਪਣੇ ਵਫ਼ਾਦਾਰ ਸੈਕਟਰੀ ਬਾਰੂਕ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ ਅਤੇ ਬਾਈਬਲ ਵਿਚ ਉਸ ਦੀਆਂ ਭਾਵਨਾਵਾਂ ਦਰਜ ਹੋਣ ਕਰਕੇ ਅਸੀਂ ਵੀ ਉਨ੍ਹਾਂ ਨੂੰ ਜਾਣਦੇ ਹਾਂ। (ਯਿਰ. 8:21; 9:1; 20:14-18; 45:1) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਜਦੋਂ ਬਾਰੂਕ ਨੇ ਯਿਰਮਿਯਾਹ ਨਾਲ ਹੋਈਆਂ ਘਟਨਾਵਾਂ ਲਿਖੀਆਂ ਹੋਣੀਆਂ, ਤਾਂ ਉਨ੍ਹਾਂ ਦੋਵਾਂ ਦਾ ਆਪਸ ਵਿਚ ਪਿਆਰ ਗੂੜ੍ਹਾ ਹੋਇਆ ਹੋਣਾ ਤੇ ਉਨ੍ਹਾਂ ਦੇ ਦਿਲ ਵਿਚ ਇਕ-ਦੂਜੇ ਲਈ ਇੱਜ਼ਤ-ਮਾਣ ਵਧਿਆ ਹੋਣਾ।—ਯਿਰ. 20:1, 2; 26:7-11.

4. ਯਹੋਵਾਹ ਨੇ ਯਿਰਮਿਯਾਹ ਨੂੰ ਕੀ ਕਰਨ ਲਈ ਕਿਹਾ ਅਤੇ ਇਸ ਜ਼ਿੰਮੇਵਾਰੀ ਕਰਕੇ ਯਿਰਮਿਯਾਹ ਤੇ ਬਾਰੂਕ ਵਿਚ ਦੋਸਤੀ ਕਿਵੇਂ ਪੱਕੀ ਹੋਈ?

4 ਕਈ ਸਾਲਾਂ ਤਕ ਯਿਰਮਿਯਾਹ ਨੇ ਦਲੇਰੀ ਨਾਲ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਕਿ ਯਰੂਸ਼ਲਮ ਨੂੰ ਕੀ ਹੋਣ ਵਾਲਾ ਸੀ। (ਯਿਰ. 25:3) ਫਿਰ ਲੋਕਾਂ ਨੂੰ ਤੋਬਾ ਕਰਨ ਦੀ ਹੱਲਾਸ਼ੇਰੀ ਦੇਣ ਲਈ ਯਹੋਵਾਹ ਨੇ ਯਿਰਮਿਯਾਹ ਨੂੰ ਪੋਥੀ ਵਿਚ ਉਸ ਦੀਆਂ ਚੇਤਾਵਨੀਆਂ ਲਿਖਣ ਨੂੰ ਕਿਹਾ। (ਯਿਰ. 36:1-4) ਯਿਰਮਿਯਾਹ ਤੇ ਬਾਰੂਕ ਨੇ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕੀਤਾ, ਸ਼ਾਇਦ ਉਨ੍ਹਾਂ ਨੇ ਇਹ ਕੰਮ ਕਈ ਮਹੀਨਿਆਂ ਤਕ ਕੀਤਾ ਹੋਣਾ। ਬਿਨਾਂ ਸ਼ੱਕ, ਇਸ ਕਰਕੇ ਉਨ੍ਹਾਂ ਵਿਚ ਨਿਹਚਾ ਮਜ਼ਬੂਤ ਕਰਨ ਵਾਲੀ ਗੱਲਬਾਤ ਹੁੰਦੀ ਹੋਣੀ।

5. ਬਾਰੂਕ ਨੇ ਕਿਵੇਂ ਸਾਬਤ ਕੀਤਾ ਕਿ ਉਹ ਯਿਰਮਿਯਾਹ ਦਾ ਪੱਕਾ ਦੋਸਤ ਸੀ?

5 ਜਦੋਂ ਪੋਥੀ ਵਿਚ ਲਿਖੀਆਂ ਗੱਲਾਂ ਦੱਸਣ ਦਾ ਸਮਾਂ ਆਇਆ, ਤਾਂ ਇਸ ਸੰਦੇਸ਼ ਨੂੰ ਸੁਣਾਉਣ ਲਈ ਯਿਰਮਿਯਾਹ ਨੂੰ ਆਪਣੇ ਦੋਸਤ ਬਾਰੂਕ ’ਤੇ ਭਰੋਸਾ ਕਰਨਾ ਪੈਣਾ ਸੀ। (ਯਿਰ. 36:5, 6) ਬਾਰੂਕ ਨੇ ਨਿਡਰ ਹੋ ਕੇ ਇਹ ਔਖੀ ਜ਼ਿੰਮੇਵਾਰੀ ਪੂਰੀ ਕੀਤੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਯਿਰਮਿਯਾਹ ਨੂੰ ਕਿੰਨਾ ਮਾਣ ਮਹਿਸੂਸ ਹੋਇਆ ਹੋਣਾ ਜਦੋਂ ਬਾਰੂਕ ਨੇ ਮੰਦਰ ਦੇ ਵਿਹੜੇ ਵਿਚ ਜਾ ਕੇ ਉਹ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ? (ਯਿਰ. 36:8-10) ਯਹੂਦਾਹ ਦੇ ਸਰਦਾਰਾਂ ਨੇ ਸੁਣਿਆ ਕਿ ਬਾਰੂਕ ਨੇ ਕੀ ਕੀਤਾ। ਇਸ ਲਈ ਉਨ੍ਹਾਂ ਨੇ ਉਸ ਨੂੰ ਪੋਥੀ ਨੂੰ ਉੱਚੀ ਪੜ੍ਹ ਕੇ ਸੁਣਾਉਣ ਦਾ ਹੁਕਮ ਦਿੱਤਾ। (ਯਿਰ. 36:14, 15) ਸਰਦਾਰਾਂ ਨੇ ਰਾਜਾ ਯਹੋਯਾਕੀਮ ਨੂੰ ਯਿਰਮਿਯਾਹ ਦੀਆਂ ਗੱਲਾਂ ਦੱਸਣ ਦਾ ਫ਼ੈਸਲਾ ਕੀਤਾ। ਬਾਰੂਕ ਲਈ ਪਰਵਾਹ ਦਿਖਾਉਂਦਿਆਂ ਉਨ੍ਹਾਂ ਨੇ ਉਸ ਨੂੰ ਕਿਹਾ: “ਜਾਹ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ!” (ਯਿਰ. 36:16-19) ਇਹ ਵਧੀਆ ਸਲਾਹ ਸੀ!

6. ਯਿਰਮਿਯਾਹ ਤੇ ਬਾਰੂਕ ਨੇ ਵਿਰੋਧਤਾ ਦਾ ਸਾਮ੍ਹਣਾ ਕਿਵੇਂ ਕੀਤਾ?

6 ਯਿਰਮਿਯਾਹ ਵੱਲੋਂ ਲਿਖੀਆਂ ਗੱਲਾਂ ਸੁਣ ਕੇ ਰਾਜਾ ਯਹੋਯਾਕੀਮ ਨੂੰ ਇੰਨਾ ਗੁੱਸਾ ਚੜ੍ਹ ਗਿਆ ਕਿ ਉਸ ਨੇ ਪੋਥੀ ਸਾੜ ਦਿੱਤੀ ਅਤੇ ਯਿਰਮਿਯਾਹ ਤੇ ਬਾਰੂਕ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਿਰਮਿਯਾਹ ਡਰਿਆ ਨਹੀਂ। ਉਸ ਨੇ ਇਕ ਹੋਰ ਪੋਥੀ ਲਈ ਤੇ ਬਾਰੂਕ ਨੂੰ ਦਿੱਤੀ। ਯਿਰਮਿਯਾਹ ਯਹੋਵਾਹ ਵੱਲੋਂ ਦਿੱਤਾ ਸੰਦੇਸ਼ ਬੋਲਦਾ ਗਿਆ ਤੇ ਬਾਰੂਕ ਨੇ “ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿੱਖੀਆਂ ਜਿਹ ਨੂੰ ਯਹੂਦਾਹ ਦੇ ਪਾਤਸ਼ਾਹ ਨੇ ਅੱਗ ਵਿੱਚ ਸਾੜ ਦਿੱਤਾ ਸੀ।”—ਯਿਰ. 36:26-28, 32.

7. ਯਿਰਮਿਯਾਹ ਤੇ ਬਾਰੂਕ ਵੱਲੋਂ ਮਿਲ ਕੇ ਕੰਮ ਕਰਨ ਦਾ ਸ਼ਾਇਦ ਕੀ ਨਤੀਜਾ ਨਿਕਲਿਆ ਹੋਣਾ?

7 ਜਿਹੜੇ ਲੋਕ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਇਕੱਠੇ ਕਰਦੇ ਹਨ, ਉਨ੍ਹਾਂ ਵਿਚ ਅਕਸਰ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ। ਸੋ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਦੁਸ਼ਟ ਰਾਜਾ ਯਹੋਯਾਕੀਮ ਵੱਲੋਂ ਸਾੜੀ ਗਈ ਪੋਥੀ ਨੂੰ ਦੁਬਾਰਾ ਲਿਖਦਿਆਂ ਯਿਰਮਿਯਾਹ ਤੇ ਬਾਰੂਕ ਨੇ ਇਕ-ਦੂਜੇ ਦੇ ਗੁਣਾਂ ਲਈ ਹੋਰ ਕਦਰ ਪੈਦਾ ਕੀਤੀ ਹੋਣੀ। ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਮਿਸਾਲ ਤੋਂ ਅਸੀਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?

ਦਿਲ ਖੋਲ੍ਹ ਕੇ ਗੱਲ ਕਰੋ

8. ਪੱਕੇ ਦੋਸਤ ਬਣਾਉਣ ਵਿਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ ਅਤੇ ਸਾਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

8 ਸ਼ਾਇਦ ਕਿਸੇ ਨੇ ਪਹਿਲਾਂ ਸਾਨੂੰ ਠੇਸ ਪਹੁੰਚਾਈ ਹੋਵੇ ਜਿਸ ਕਰਕੇ ਦੂਜਿਆਂ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਸ਼ਾਇਦ ਸਾਨੂੰ ਔਖੀ ਲੱਗਦੀ ਹੋਵੇ। (ਕਹਾ. 18:19, 24) ਜਾਂ ਸ਼ਾਇਦ ਸਾਨੂੰ ਲੱਗੇ ਕਿ ਗੂੜ੍ਹੇ ਰਿਸ਼ਤੇ ਬਣਾਉਣ ਲਈ ਸਾਡੇ ਕੋਲ ਨਾ ਤਾਂ ਸਮਾਂ ਹੈ ਤੇ ਨਾ ਹੀ ਤਾਕਤ। ਪਰ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਜੇ ਅਸੀਂ ਚਾਹੁੰਦੇ ਹਾਂ ਕਿ ਅਜ਼ਮਾਇਸ਼ਾਂ ਦੌਰਾਨ ਭੈਣ-ਭਰਾ ਸਾਡਾ ਸਾਥ ਦੇਣ, ਤਾਂ ਸਾਨੂੰ ਹੁਣ ਦੋਸਤੀ ਪੱਕੀ ਕਰਨ ਦੀ ਲੋੜ ਹੈ। ਇੱਦਾਂ ਕਰਨ ਲਈ ਸਾਨੂੰ ਉਨ੍ਹਾਂ ਨੂੰ ਆਪਣੀ ਸੋਚ ਤੇ ਆਪਣੀਆਂ ਭਾਵਨਾਵਾਂ ਦੱਸਣੀਆਂ ਚਾਹੀਦੀਆਂ ਹਨ। ਪੱਕੇ ਦੋਸਤ ਬਣਾਉਣ ਲਈ ਇਹ ਇਕ ਅਹਿਮ ਕਦਮ ਹੈ।—1 ਪਤ. 1:22.

9. (ੳ) ਯਿਸੂ ਨੇ ਆਪਣੇ ਦੋਸਤਾਂ ’ਤੇ ਆਪਣਾ ਭਰੋਸਾ ਕਿਵੇਂ ਜ਼ਾਹਰ ਕੀਤਾ? (ਅ) ਦਿਲ ਖੋਲ੍ਹ ਕੇ ਗੱਲਾਂ ਕਰਨ ਨਾਲ ਤੁਸੀਂ ਦੂਜਿਆਂ ਨਾਲ ਆਪਣੀ ਦੋਸਤੀ ਕਿਵੇਂ ਪੱਕੀ ਕਰ ਸਕਦੇ ਹੋ? ਇਕ ਮਿਸਾਲ ਦਿਓ।

9 ਯਿਸੂ ਨੇ ਆਪਣੇ ਦੋਸਤਾਂ ਨਾਲ ਦਿਲ ਖੋਲ੍ਹ ਕੇ ਗੱਲ ਕਰ ਕੇ ਉਨ੍ਹਾਂ ’ਤੇ ਆਪਣਾ ਭਰੋਸਾ ਜ਼ਾਹਰ ਕੀਤਾ। (ਯੂਹੰ. 15:15) ਅਸੀਂ ਆਪਣੇ ਦੋਸਤਾਂ ਨੂੰ ਆਪਣੀਆਂ ਖ਼ੁਸ਼ੀਆਂ, ਪਰੇਸ਼ਾਨੀਆਂ ਤੇ ਚਿੰਤਾਵਾਂ ਦੱਸ ਕੇ ਯਿਸੂ ਦੀ ਰੀਸ ਕਰ ਸਕਦੇ ਹਾਂ। ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ ਹੈ, ਤਾਂ ਉਸ ਦੀ ਗੱਲ ਧਿਆਨ ਨਾਲ ਸੁਣੋ। ਇੱਦਾਂ ਕਰਨ ਕਰਕੇ ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬਹੁਤ ਸਾਰੇ ਵਿਚਾਰ, ਭਾਵਨਾਵਾਂ ਤੇ ਟੀਚੇ ਮਿਲਦੇ-ਜੁਲਦੇ ਹਨ। ਜ਼ਰਾ 29 ਸਾਲਾਂ ਦੀ ਸਿੰਡੀ ਨਾਂ ਦੀ ਭੈਣ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ ਮਰੀ-ਲੁਈਜ਼ ਨਾਂ ਦੀ ਪਾਇਨੀਅਰ ਭੈਣ ਨਾਲ ਦੋਸਤੀ ਕੀਤੀ ਜਿਸ ਦੀ ਉਮਰ 67 ਸਾਲਾਂ ਦੀ ਹੈ। ਸਿੰਡੀ ਅਤੇ ਮਰੀ-ਲੁਈਜ਼ ਹਰ ਵੀਰਵਾਰ ਸਵੇਰੇ ਇਕੱਠੀਆਂ ਪ੍ਰਚਾਰ ਕਰਦੀਆਂ ਹਨ ਅਤੇ ਉਹ ਅਲੱਗ-ਅਲੱਗ ਵਿਸ਼ਿਆਂ ’ਤੇ ਦਿਲ ਖੋਲ੍ਹ ਕੇ ਗੱਲ ਕਰਦੀਆਂ ਹਨ। ਸਿੰਡੀ ਦੱਸਦੀ ਹੈ: “ਮੈਨੂੰ ਆਪਣੇ ਦੋਸਤਾਂ ਨਾਲ ਅਹਿਮ ਵਿਸ਼ਿਆਂ ’ਤੇ ਗੱਲ ਕਰ ਕੇ ਖ਼ੁਸ਼ੀ ਮਿਲਦੀ ਹੈ। ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਹੋਰ ਵਧੀਆ ਤਰੀਕੇ ਨਾਲ ਜਾਣ ਪਾਉਂਦੀ ਹਾਂ।” ਦਿਲ ਖੋਲ੍ਹ ਕੇ ਗੱਲਾਂ ਕਰਨ ਨਾਲ ਦੋਸਤੀ ਪੱਕੀ ਹੁੰਦੀ ਹੈ। ਸਿੰਡੀ ਦੀ ਤਰ੍ਹਾਂ ਜੇ ਤੁਸੀਂ ਵੀ ਦੂਜਿਆਂ ਨਾਲ ਗੱਲ ਕਰਨ ਵਿਚ ਪਹਿਲ ਕਰਦੇ ਹੋ, ਤਾਂ ਤੁਹਾਡੀ ਵੀ ਉਨ੍ਹਾਂ ਨਾਲ ਦੋਸਤੀ ਪੱਕੀ ਹੋਵੇਗੀ।—ਕਹਾ. 27:9.

ਇਕੱਠੇ ਮਿਲ ਕੇ ਕੰਮ ਕਰੋ

ਚੰਗੇ ਦੋਸਤ ਪ੍ਰਚਾਰ ਵਿਚ ਮਿਲ ਕੇ ਕੰਮ ਕਰਦੇ ਹਨ (ਪੈਰਾ 10 ਦੇਖੋ)

10. ਕਹਾਉਤਾਂ 27:17 ਅਨੁਸਾਰ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਨ ਦਾ ਕੀ ਨਤੀਜਾ ਨਿਕਲ ਸਕਦਾ ਹੈ?

10 ਜਿੱਦਾਂ ਯਿਰਮਿਯਾਹ ਤੇ ਬਾਰੂਕ ਨਾਲ ਹੋਇਆ, ਉੱਦਾਂ ਹੀ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰ ਕੇ ਅਤੇ ਉਨ੍ਹਾਂ ਦੇ ਵਧੀਆ ਗੁਣਾਂ ਨੂੰ ਆਪਣੀ ਅੱਖੀਂ ਦੇਖ ਕੇ ਅਸੀਂ ਉਨ੍ਹਾਂ ਤੋਂ ਸਿੱਖਦੇ ਹਾਂ ਅਤੇ ਉਨ੍ਹਾਂ ਦੇ ਨੇੜੇ ਜਾਂਦੇ ਹਾਂ। (ਕਹਾਉਤਾਂ 27:17 ਪੜ੍ਹੋ।) ਮਿਸਾਲ ਲਈ, ਜਦੋਂ ਤੁਸੀਂ ਪ੍ਰਚਾਰ ’ਤੇ ਆਪਣੇ ਦੋਸਤ ਨੂੰ ਆਪਣੇ ਵਿਸ਼ਵਾਸਾਂ ਬਾਰੇ ਦਲੇਰੀ ਨਾਲ ਗੱਲ ਕਰਦਿਆਂ ਜਾਂ ਯਹੋਵਾਹ ਤੇ ਉਸ ਦੇ ਮਕਸਦਾਂ ਬਾਰੇ ਦਿਲੋਂ ਗੱਲ ਕਰਦਿਆਂ ਸੁਣਦੇ ਹੋ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ? ਬਿਨਾਂ ਸ਼ੱਕ, ਤੁਸੀਂ ਉਸ ਦੇ ਹੋਰ ਨੇੜੇ ਜਾਂਦੇ ਹੋ।

11-12. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਇਕੱਠੇ ਪ੍ਰਚਾਰ ਕਰਨ ਨਾਲ ਸਾਡੀ ਦੋਸਤੀ ਪੱਕੀ ਹੁੰਦੀ ਹੈ।

11 ਜ਼ਰਾ ਦੋ ਤਜਰਬਿਆਂ ’ਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਵਿਚ ਮਿਲ ਕੇ ਕੰਮ ਕਰਨ ਨਾਲ ਅਸੀਂ ਕਿਵੇਂ ਇਕ-ਦੂਜੇ ਦੇ ਨੇੜੇ ਆਉਂਦੇ ਹਾਂ। 23 ਸਾਲਾਂ ਦੀ ਭੈਣ ਐਡੀਲੀਨ ਨੇ ਆਪਣੀ ਸਹੇਲੀ ਕੈਂਡਿਸ ਨੂੰ ਉਸ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਨ ਲਈ ਪੁੱਛਿਆ ਜਿੱਥੇ ਘੱਟ ਹੀ ਪ੍ਰਚਾਰ ਕੀਤਾ ਗਿਆ ਸੀ। ਉਹ ਦੱਸਦੀ ਹੈ: “ਅਸੀਂ ਹੋਰ ਜੋਸ਼ ਨਾਲ ਪ੍ਰਚਾਰ ਕਰਨਾ ਅਤੇ ਇਸ ਕੰਮ ਵਿਚ ਹੋਰ ਖ਼ੁਸ਼ੀ ਪਾਉਣੀ ਚਾਹੁੰਦੀਆਂ ਸੀ। ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਸਾਨੂੰ ਦੋਵਾਂ ਨੂੰ ਹੌਸਲੇ ਦੀ ਲੋੜ ਸੀ।” ਉਨ੍ਹਾਂ ਨੂੰ ਮਿਲ ਕੇ ਕੰਮ ਕਰਨ ਦਾ ਕੀ ਫ਼ਾਇਦਾ ਹੋਇਆ? ਐਡੀਲੀਨ ਦੱਸਦੀ ਹੈ: “ਹਰ ਰੋਜ਼ ਸ਼ਾਮ ਨੂੰ ਅਸੀਂ ਗੱਲਾਂ ਕਰਦੀਆਂ ਸੀ ਕਿ ਸਾਨੂੰ ਕਿੱਦਾਂ ਲੱਗਦਾ ਪਿਆ, ਪ੍ਰਚਾਰ ਵਿਚ ਹੋਈ ਕਿਹੜੀ ਗੱਲਬਾਤ ਤੋਂ ਸਾਨੂੰ ਹੌਸਲਾ ਮਿਲਿਆ ਅਤੇ ਪ੍ਰਚਾਰ ਵਿਚ ਅਸੀਂ ਕਿਵੇਂ ਯਹੋਵਾਹ ਦੀ ਅਗਵਾਈ ਨੂੰ ਮਹਿਸੂਸ ਕੀਤਾ। ਸਾਨੂੰ ਗੱਲਬਾਤ ਕਰ ਕੇ ਬਹੁਤ ਵਧੀਆ ਲੱਗਦਾ ਸੀ ਅਤੇ ਅਸੀਂ ਇਕ-ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੀਆਂ।”

12 ਲੈਲਾ ਤੇ ਮਾਰੀਆਨ ਨਾਂ ਦੀਆਂ ਦੋ ਕੁਆਰੀਆਂ ਭੈਣਾਂ ਫਰਾਂਸ ਤੋਂ ਬਾਂਗੀ ਵਿਚ ਪੰਜ ਹਫ਼ਤਿਆਂ ਲਈ ਪ੍ਰਚਾਰ ਕਰਨ ਗਈਆਂ। ਬਾਂਗੀ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਹੈ ਅਤੇ ਇਹ ਭੀੜ-ਭੜੱਕੇ ਵਾਲਾ ਸ਼ਹਿਰ ਹੈ। ਲੈਲਾ ਯਾਦ ਕਰਦੀ ਹੈ: “ਮੇਰੇ ਤੇ ਮਾਰੀਆਨ ਵਿਚ ਸਮੱਸਿਆਵਾਂ ਪੈਦਾ ਹੋ ਗਈਆਂ, ਪਰ ਇਨ੍ਹਾਂ ਬਾਰੇ ਦਿਲ ਖੋਲ੍ਹ ਕੇ ਗੱਲ ਕਰਨ ਅਤੇ ਪਿਆਰ ਹੋਣ ਕਰਕੇ ਸਾਡੀ ਦੋਸਤੀ ਗੂੜ੍ਹੀ ਹੋਈ। ਜਦੋਂ ਮੈਂ ਦੇਖਿਆ ਕਿ ਮਾਰੀਆਨ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਸੀ, ਉਹ ਸਥਾਨਕ ਲੋਕਾਂ ਨੂੰ ਪਿਆਰ ਕਰਦੀ ਸੀ ਅਤੇ ਪ੍ਰਚਾਰ ਲਈ ਉਸ ਵਿਚ ਜੋਸ਼ ਸੀ, ਤਾਂ ਮੈਂ ਉਸ ਦੀ ਹੋਰ ਜ਼ਿਆਦਾ ਇੱਜ਼ਤ ਕਰਨ ਲੱਗ ਪਈ।” ਇਹ ਫ਼ਾਇਦੇ ਲੈਣ ਲਈ ਤੁਹਾਨੂੰ ਕਿਸੇ ਹੋਰ ਦੇਸ਼ ਵਿਚ ਜਾਣ ਦੀ ਲੋੜ ਨਹੀਂ ਹੈ। ਆਪਣੇ ਇਲਾਕੇ ਵਿਚ ਕਿਸੇ ਭੈਣ ਜਾਂ ਭਰਾ ਨਾਲ ਹਰ ਵਾਰ ਪ੍ਰਚਾਰ ਕਰਦਿਆਂ ਤੁਹਾਡੇ ਕੋਲ ਉਨ੍ਹਾਂ ਨੂੰ ਹੋਰ ਵਧੀਆ ਤਰੀਕੇ ਨਾਲ ਜਾਣਨ ਅਤੇ ਉਨ੍ਹਾਂ ਨਾਲ ਦੋਸਤੀ ਪੱਕੀ ਕਰਨ ਦਾ ਮੌਕਾ ਹੁੰਦਾ ਹੈ।

ਚੰਗੀਆਂ ਗੱਲਾਂ ’ਤੇ ਧਿਆਨ ਲਾਓ ਅਤੇ ਮਾਫ਼ ਕਰਨ ਲਈ ਤਿਆਰ ਰਹੋ

13. ਆਪਣੇ ਦੋਸਤਾਂ ਨਾਲ ਮਿਲ ਕੇ ਕੰਮ ਕਰਨ ਵਿਚ ਕਿਹੜੀ ਚੁਣੌਤੀ ਆ ਸਕਦੀ ਹੈ?

13 ਕਦੀ-ਕਦਾਈਂ ਆਪਣੇ ਦੋਸਤਾਂ ਨਾਲ ਮਿਲ ਕੇ ਕੰਮ ਕਰਨ ਕਰਕੇ ਸਾਨੂੰ ਸਿਰਫ਼ ਉਨ੍ਹਾਂ ਦੇ ਗੁਣਾਂ ਦਾ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦਾ ਵੀ ਪਤਾ ਲੱਗਦਾ ਹੈ। ਇਸ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਜ਼ਰਾ ਫਿਰ ਤੋਂ ਯਿਰਮਿਯਾਹ ਦੀ ਮਿਸਾਲ ’ਤੇ ਗੌਰ ਕਰੋ। ਦੂਜਿਆਂ ਦੇ ਗੁਣਾਂ ’ਤੇ ਧਿਆਨ ਲਾਉਣ ਅਤੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ?

14. ਯਿਰਮਿਯਾਹ ਨੇ ਯਹੋਵਾਹ ਬਾਰੇ ਕੀ ਸਿੱਖਿਆ ਅਤੇ ਇਸ ਨਾਲ ਉਸ ਦੀ ਕਿਵੇਂ ਮਦਦ ਹੋਈ?

14 ਯਿਰਮਿਯਾਹ ਨੇ ਆਪਣੇ ਨਾਂ ਦੀ ਕਿਤਾਬ ਲਿਖੀ ਅਤੇ ਲੱਗਦਾ ਹੈ ਕਿ ਉਸ ਨੇ ਪਹਿਲਾ ਤੇ ਦੂਜਾ ਰਾਜਿਆਂ ਦੀ ਕਿਤਾਬ ਵੀ ਲਿਖੀ। ਬਿਨਾਂ ਸ਼ੱਕ, ਇਸ ਜ਼ਿੰਮੇਵਾਰੀ ਕਾਰਨ ਉਸ ਨੂੰ ਖ਼ਾਸ ਕਰਕੇ ਯਹੋਵਾਹ ਦੀ ਦਇਆ ਦਾ ਪਤਾ ਲੱਗਾ ਹੋਣਾ ਜੋ ਉਹ ਪਾਪੀ ਇਨਸਾਨਾਂ ’ਤੇ ਕਰਦਾ ਹੈ। ਮਿਸਾਲ ਲਈ, ਉਸ ਨੂੰ ਪਤਾ ਸੀ ਕਿ ਰਾਜਾ ਅਹਾਬ ਵੱਲੋਂ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰਨ ਕਰਕੇ ਯਹੋਵਾਹ ਨੇ ਉਸ ਨੂੰ ਆਪਣੇ ਪੂਰੇ ਪਰਿਵਾਰ ਦਾ ਨਾਸ਼ ਹੁੰਦਿਆਂ ਦੇਖਣ ਤੋਂ ਬਚਾ ਲਿਆ। (1 ਰਾਜ. 21:27-29) ਇਸੇ ਤਰ੍ਹਾਂ ਯਿਰਮਿਯਾਹ ਜਾਣਦਾ ਸੀ ਕਿ ਮਨੱਸ਼ਹ ਨੇ ਅਹਾਬ ਨਾਲੋਂ ਜ਼ਿਆਦਾ ਯਹੋਵਾਹ ਨੂੰ ਨਾਰਾਜ਼ ਕੀਤਾ ਸੀ। ਪਰ ਫਿਰ ਵੀ ਮਨੱਸ਼ਹ ਵੱਲੋਂ ਤੋਬਾ ਕਰਨ ’ਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (2 ਰਾਜ. 21:16, 17; 2 ਇਤ. 33:10-13) ਇਨ੍ਹਾਂ ਬਿਰਤਾਂਤਾਂ ਨੇ ਯਿਰਮਿਯਾਹ ਦੀ ਮਦਦ ਕੀਤੀ ਹੋਣੀ ਕਿ ਉਹ ਯਹੋਵਾਹ ਵਾਂਗ ਆਪਣੇ ਦੋਸਤਾਂ ਨਾਲ ਧੀਰਜ ਅਤੇ ਦਇਆ ਨਾਲ ਪੇਸ਼ ਆਵੇ।—ਜ਼ਬੂ. 103:8, 9.

15. ਬਾਰੂਕ ਦਾ ਧਿਆਨ ਭਟਕਣ ’ਤੇ ਯਿਰਮਿਯਾਹ ਨੇ ਉਸ ਦੀ ਮਦਦ ਕਿਵੇਂ ਕੀਤੀ?

15 ਗੌਰ ਕਰੋ ਕਿ ਜਦੋਂ ਕੁਝ ਸਮੇਂ ਲਈ ਬਾਰੂਕ ਦਾ ਆਪਣੀ ਜ਼ਿੰਮੇਵਾਰੀ ਤੋਂ ਧਿਆਨ ਭਟਕ ਗਿਆ ਸੀ, ਤਾਂ ਯਿਰਮਿਯਾਹ ਨੇ ਉਸ ਦੀ ਕਿਵੇਂ ਮਦਦ ਕੀਤੀ। ਯਿਰਮਿਯਾਹ ਨੇ ਝੱਟ ਇਹ ਨਹੀਂ ਸੋਚ ਲਿਆ ਕਿ ਉਸ ਦਾ ਦੋਸਤ ਨਹੀਂ ਬਦਲੇਗਾ। ਇਸ ਦੀ ਬਜਾਇ, ਉਸ ਨੇ ਬਾਰੂਕ ਨੂੰ ਉਹ ਸਲਾਹ ਦਿੱਤੀ ਜੋ ਯਹੋਵਾਹ ਨੇ ਪਿਆਰ ਨਾਲ, ਪਰ ਸਾਫ਼-ਸਾਫ਼ ਸ਼ਬਦਾਂ ਵਿਚ ਦਿੱਤੀ ਸੀ। (ਯਿਰ. 45:1-5) ਇਸ ਬਿਰਤਾਂਤ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

ਚੰਗੇ ਦੋਸਤ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਹਨ (ਪੈਰਾ 16 ਦੇਖੋ)

16. ਕਹਾਉਤਾਂ 17:9 ਅਨੁਸਾਰ ਸਾਨੂੰ ਆਪਣੀ ਦੋਸਤੀ ਬਣਾਈ ਰੱਖਣ ਲਈ ਕੀ ਕਰਨ ਦੀ ਲੋੜ ਹੈ?

16 ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਗ਼ਲਤੀਆਂ ਨਹੀਂ ਕਰਨਗੇ। ਇਸ ਲਈ ਇਕ ਵਾਰ ਪੱਕੇ ਦੋਸਤ ਬਣਾਉਣ ਤੋਂ ਬਾਅਦ ਸਾਨੂੰ ਇਹ ਦੋਸਤੀ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਜੇ ਸਾਡੇ ਦੋਸਤ ਗ਼ਲਤੀ ਕਰਨਗੇ, ਤਾਂ ਸ਼ਾਇਦ ਸਾਨੂੰ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ’ਤੇ ਆਧਾਰਿਤ ਸਲਾਹ ਦੇਣ ਦੀ ਲੋੜ ਪਵੇ। ਸਾਨੂੰ ਸਲਾਹ ਪਿਆਰ ਨਾਲ, ਪਰ ਸਾਫ਼-ਸਾਫ਼ ਸ਼ਬਦਾਂ ਵਿਚ ਦੇਣੀ ਚਾਹੀਦੀ ਹੈ। (ਜ਼ਬੂ. 141:5) ਨਾਲੇ ਜੇ ਉਹ ਸਾਨੂੰ ਠੇਸ ਪਹੁੰਚਾਉਣ, ਤਾਂ ਸਾਨੂੰ ਉਨ੍ਹਾਂ ਨੂੰ ਮਾਫ਼ ਕਰਨ ਦੀ ਲੋੜ ਹੈ। ਜਦੋਂ ਅਸੀਂ ਇਕ ਵਾਰ ਉਨ੍ਹਾਂ ਨੂੰ ਮਾਫ਼ ਕਰ ਦਿੱਤਾ, ਤਾਂ ਸਾਨੂੰ ਉਸੇ ਗ਼ਲਤੀ ਬਾਰੇ ਵਾਰ-ਵਾਰ ਗੱਲ ਕਰਨ ਤੋਂ ਬਚਣਾ ਚਾਹੀਦਾ ਹੈ। (ਕਹਾਉਤਾਂ 17:9 ਪੜ੍ਹੋ।) ਇਹ ਕਿੰਨਾ ਜ਼ਰੂਰੀ ਹੈ ਕਿ ਇਨ੍ਹਾਂ ਔਖੇ ਸਮਿਆਂ ਵਿਚ ਅਸੀਂ ਆਪਣਾ ਧਿਆਨ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਲਾਉਣ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ’ਤੇ ਲਾਈਏ! ਇੱਦਾਂ ਕਰਨ ਕਰਕੇ ਅਸੀਂ ਉਨ੍ਹਾਂ ਨਾਲ ਆਪਣੀ ਦੋਸਤੀ ਹੋਰ ਪੱਕੀ ਕਰਾਂਗੇ ਕਿਉਂਕਿ ਮਹਾਂਕਸ਼ਟ ਦੌਰਾਨ ਸਾਨੂੰ ਪੱਕੇ ਦੋਸਤਾਂ ਦੀ ਲੋੜ ਹੋਵੇਗੀ।

ਸੱਚਾ ਪਿਆਰ ਦਿਖਾਓ

17. ਔਖੇ ਸਮਿਆਂ ਵਿਚ ਯਿਰਮਿਯਾਹ ਸੱਚਾ ਦੋਸਤ ਕਿਵੇਂ ਸਾਬਤ ਹੋਇਆ?

17 ਔਖੇ ਸਮਿਆਂ ਵਿਚ ਯਿਰਮਿਯਾਹ ਨਬੀ ਸੱਚਾ ਦੋਸਤ ਸਾਬਤ ਹੋਇਆ। ਮਿਸਾਲ ਲਈ, ਜਦੋਂ ਅਧਿਕਾਰੀ ਅਬਦ-ਮਲਕ ਨੇ ਯਿਰਮਿਯਾਹ ਨੂੰ ਚਿੱਕੜ ਨਾਲ ਭਰੇ ਭੋਹਰੇ ਵਿੱਚੋਂ ਮਰਨ ਤੋਂ ਬਚਾਇਆ, ਤਾਂ ਅਬਦ-ਮਲਕ ਨੂੰ ਡਰ ਸੀ ਕਿ ਸਰਦਾਰ ਉਸ ਨੂੰ ਨੁਕਸਾਨ ਪਹੁੰਚਾਉਣਗੇ। ਇਹ ਗੱਲ ਪਤਾ ਲੱਗਣ ’ਤੇ ਯਿਰਮਿਯਾਹ ਨਾ ਤਾਂ ਚੁੱਪ ਰਿਹਾ ਤੇ ਨਾ ਹੀ ਉਸ ਨੇ ਇਹ ਉਮੀਦ ਕੀਤੀ ਕਿ ਉਸ ਦਾ ਦੋਸਤ ਆਪਣੇ ਆਪ ਇਸ ਦਾ ਸਾਮ੍ਹਣਾ ਕਰ ਲਵੇਗਾ। ਭਾਵੇਂ ਕਿ ਯਿਰਮਿਯਾਹ ਕੈਦ ਵਿਚ ਸੀ, ਪਰ ਉਸ ਨੇ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਵੱਲੋਂ ਕੀਤੇ ਵਾਅਦੇ ਦੱਸ ਕੇ ਆਪਣੇ ਦੋਸਤ ਅਬਦ-ਮਲਕ ਨੂੰ ਹੌਸਲਾ ਦਿੱਤਾ।—ਯਿਰ. 38:7-13; 39:15-18.

ਚੰਗੇ ਦੋਸਤ ਲੋੜ ਵੇਲੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ (ਪੈਰਾ 18 ਦੇਖੋ)

18. ਕਹਾਉਤਾਂ 17:17 ਅਨੁਸਾਰ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਡਾ ਦੋਸਤ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਿਹਾ ਹੋਵੇ?

18 ਅੱਜ ਸਾਡੇ ਭੈਣ-ਭਰਾ ਵੱਖੋ-ਵੱਖਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਮਿਸਾਲ ਲਈ, ਬਹੁਤ ਸਾਰੇ ਕੁਦਰਤੀ ਆਫ਼ਤਾਂ ਜਾਂ ਇਨਸਾਨਾਂ ਦੁਆਰਾ ਲਿਆਂਦੀਆਂ ਆਫ਼ਤਾਂ ਦਾ ਸਾਮ੍ਹਣਾ ਕਰਦੇ ਹਨ। ਇੱਦਾਂ ਹੋਣ ’ਤੇ ਸਾਡੇ ਵਿੱਚੋਂ ਕੁਝ ਜਣੇ ਸ਼ਾਇਦ ਇਨ੍ਹਾਂ ਦੋਸਤਾਂ ਨੂੰ ਆਪਣੇ ਘਰ ਰੱਖ ਸਕਦੇ ਹੋਣ। ਸ਼ਾਇਦ ਹੋਰ ਜਣੇ ਪੈਸੇ-ਧੇਲੇ ਰਾਹੀਂ ਮਦਦ ਕਰ ਸਕਦੇ ਹੋਣ। ਪਰ ਅਸੀਂ ਸਾਰੇ ਜਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਭੈਣ ਜਾਂ ਭਰਾ ਨਿਰਾਸ਼ ਹੈ, ਤਾਂ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਹੀਏ ਜਾਂ ਕੀ ਕਰੀਏ। ਪਰ ਅਸੀਂ ਸਾਰੇ ਜਣੇ ਮਦਦ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਆਪਣੇ ਦੋਸਤ ਨਾਲ ਸਮਾਂ ਬਿਤਾ ਸਕਦੇ ਹਾਂ। ਅਸੀਂ ਪਿਆਰ ਨਾਲ ਉਸ ਦੀ ਗੱਲ ਸੁਣ ਸਕਦੇ ਹਾਂ। ਅਸੀਂ ਉਸ ਨਾਲ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲਾ ਕੋਈ ਹਵਾਲਾ ਸਾਂਝਾ ਕਰ ਸਕਦੇ ਹਾਂ। (ਯਸਾ. 50:4) ਸਭ ਤੋਂ ਜ਼ਿਆਦਾ ਇਹ ਗੱਲ ਮਾਅਨੇ ਰੱਖਦੀ ਹੈ ਕਿ ਲੋੜ ਵੇਲੇ ਤੁਸੀਂ ਆਪਣੇ ਦੋਸਤਾਂ ਨਾਲ ਹੁੰਦੇ ਹੋ।—ਕਹਾਉਤਾਂ 17:17 ਪੜ੍ਹੋ।

19. ਹੁਣ ਤੋਂ ਹੀ ਆਪਣੇ ਭੈਣਾਂ-ਭਰਾਵਾਂ ਨਾਲ ਦੋਸਤੀ ਪੱਕੀ ਕਰਨ ਦਾ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?

19 ਸਾਨੂੰ ਹੁਣ ਤੋਂ ਹੀ ਆਪਣੇ ਭੈਣਾਂ-ਭਰਾਵਾਂ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਡੇ ਦੁਸ਼ਮਣ ਝੂਠ ਬੋਲ ਕੇ ਅਤੇ ਗ਼ਲਤ ਜਾਣਕਾਰੀ ਦੇ ਕੇ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨਗੇ। ਉਹ ਸਾਨੂੰ ਇਕ-ਦੂਜੇ ਦੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ। ਉਹ ਸਾਡੇ ਪਿਆਰ ਦੇ ਬੰਧਨ ਨੂੰ ਤੋੜ ਨਹੀਂ ਸਕਣਗੇ। ਸਾਡੀ ਦੋਸਤੀ ਨੂੰ ਤੋੜਨ ਲਈ ਉਹ ਕੁਝ ਵੀ ਨਹੀਂ ਕਰ ਸਕਣਗੇ। ਦਰਅਸਲ, ਇਹ ਦੋਸਤੀ ਸਿਰਫ਼ ਇਸ ਦੁਨੀਆਂ ਦੇ ਅੰਤ ਤਕ ਹੀ ਨਹੀਂ, ਸਗੋਂ ਹਮੇਸ਼ਾ-ਹਮੇਸ਼ਾ ਤਕ ਰਹੇਗੀ।

ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!

^ ਪੈਰਾ 5 ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਭੈਣਾਂ-ਭਰਾਵਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਿਰਮਿਯਾਹ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ। ਨਾਲੇ ਅਸੀਂ ਚਰਚਾ ਕਰਾਂਗੇ ਕਿ ਹੁਣ ਦੋਸਤਾਂ ਨਾਲ ਮਜ਼ਬੂਤ ਰਿਸ਼ਤਾ ਬਣਾ ਕੇ ਔਖੀਆਂ ਘੜੀਆਂ ਵਿਚ ਸਾਡੀ ਕਿਵੇਂ ਮਦਦ ਹੋਵੇਗੀ।

^ ਪੈਰਾ 2 ਯਿਰਮਿਯਾਹ ਦੀ ਕਿਤਾਬ ਵਿਚ ਘਟਨਾਵਾਂ ਨੂੰ ਤਰਤੀਬਵਾਰ ਨਹੀਂ ਲਿਖਿਆ ਗਿਆ ਹੈ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਇਸ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਭਵਿੱਖ ਵਿਚ ਸ਼ਾਇਦ “ਮਹਾਂਕਸ਼ਟ” ਦੌਰਾਨ ਕੀ ਹੋਵੇਗਾ। ਕੁਝ ਭੈਣ-ਭਰਾ ਇਕ ਭਰਾ ਦੇ ਘਰ ਸੁਰੱਖਿਅਤ ਮਿਲਦੇ ਹੋਏ। ਇਸ ਔਖੀ ਘੜੀ ਵਿਚ ਇਕ-ਦੂਜੇ ਦੇ ਸਾਥ ਤੋਂ ਦਿਲਾਸਾ ਪਾਉਂਦੇ ਹੋਏ। ਅੱਗੇ ਦਿੱਤੀਆਂ ਤਿੰਨ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਨੇ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕੀਤੀ ਸੀ।