Skip to content

Skip to table of contents

ਅਧਿਐਨ ਲੇਖ 48

‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ’

‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ’

‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ।’—2 ਕੁਰਿੰ. 8:11.

ਗੀਤ 42 ‘ਕਮਜ਼ੋਰ ਲੋਕਾਂ ਦੀ ਮਦਦ ਕਰੋ’

ਖ਼ਾਸ ਗੱਲਾਂ *

1. ਯਹੋਵਾਹ ਸਾਨੂੰ ਕੀ ਕਰਨ ਦੀ ਇਜਾਜ਼ਤ ਦਿੰਦਾ ਹੈ?

ਯਹੋਵਾਹ ਸਾਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ। ਜਦੋਂ ਅਸੀਂ ਉਸ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰਦੇ ਹਾਂ, ਤਾਂ ਉਹ ਸਾਡੀ ਸਫ਼ਲ ਹੋਣ ਵਿਚ ਮਦਦ ਕਰਦਾ ਹੈ। (ਜ਼ਬੂ. 119:173) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਬੁੱਧ ਦੀਆਂ ਗੱਲਾਂ ਲਾਗੂ ਕਰਾਂਗੇ, ਉੱਨਾ ਜ਼ਿਆਦਾ ਅਸੀਂ ਵਧੀਆ ਫ਼ੈਸਲੇ ਕਰ ਸਕਾਂਗੇ।—ਇਬ. 5:14.

2. ਫ਼ੈਸਲੇ ਲੈਣ ਤੋਂ ਬਾਅਦ ਸ਼ਾਇਦ ਸਾਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਵੇ?

2 ਚਾਹੇ ਅਸੀਂ ਵਧੀਆ ਫ਼ੈਸਲੇ ਕਰਦੇ ਹਾਂ, ਪਰ ਸਾਨੂੰ ਸ਼ਾਇਦ ਉਹ ਕੰਮ ਖ਼ਤਮ ਕਰਨਾ ਔਖਾ ਲੱਗੇ ਜੋ ਅਸੀਂ ਸ਼ੁਰੂ ਕੀਤਾ ਸੀ। ਜ਼ਰਾ ਕੁਝ ਮਿਸਾਲਾਂ ’ਤੇ ਗੌਰ ਕਰੋ: ਇਕ ਨੌਜਵਾਨ ਭਰਾ ਪੂਰੀ ਬਾਈਬਲ ਪੜ੍ਹਨ ਦਾ ਫ਼ੈਸਲਾ ਕਰਦਾ ਹੈ। ਉਹ ਕੁਝ ਹਫ਼ਤੇ ਇੱਦਾਂ ਕਰਦਾ ਹੈ, ਪਰ ਫਿਰ ਕੁਝ ਕਾਰਨਾਂ ਕਰਕੇ ਉਹ ਬਾਈਬਲ ਪੜ੍ਹਨੀ ਛੱਡ ਦਿੰਦਾ ਹੈ। ਇਕ ਭੈਣ ਰੈਗੂਲਰ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕਰਦੀ ਹੈ, ਪਰ ਉਹ ਪਾਇਨੀਅਰਿੰਗ ਸ਼ੁਰੂ ਕਰਨ ਦੀ ਤਾਰੀਖ਼ ਨੂੰ ਲਗਾਤਾਰ ਅੱਗੇ ਪਾਉਂਦੀ ਰਹਿੰਦੀ ਹੈ। ਬਜ਼ੁਰਗਾਂ ਦਾ ਸਮੂਹ ਸਹਿਮਤੀ ਨਾਲ ਇਕ ਫ਼ੈਸਲਾ ਕਰਦਾ ਹੈ ਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਹੌਸਲਾ ਦੇਣਗੇ, ਪਰ ਕਈ ਮਹੀਨਿਆਂ ਬਾਅਦ ਵੀ ਇਸ ਫ਼ੈਸਲੇ ਅਨੁਸਾਰ ਕੰਮ ਨਹੀਂ ਕੀਤਾ ਗਿਆ। ਭਾਵੇਂ ਹਾਲਾਤ ਵੱਖੋ-ਵੱਖਰੇ ਹਨ, ਪਰ ਇਨ੍ਹਾਂ ਹਾਲਾਤਾਂ ਵਿਚ ਇਕ ਚੀਜ਼ ਮਿਲਦੀ-ਜੁਲਦੀ ਹੈ। ਜਿਹੜੇ ਫ਼ੈਸਲੇ ਕੀਤੇ ਗਏ ਸਨ, ਉਨ੍ਹਾਂ ਮੁਤਾਬਕ ਪੂਰੀ ਤਰ੍ਹਾਂ ਕੰਮ ਨਹੀਂ ਕੀਤਾ ਗਿਆ। ਪਹਿਲੀ ਸਦੀ ਵਿਚ ਕੁਰਿੰਥੁਸ ਦੇ ਮਸੀਹੀਆਂ ਨੂੰ ਵੀ ਇਸੇ ਤਰ੍ਹਾਂ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ। ਆਓ ਦੇਖੀਏ ਕਿ ਆਪਾਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

3. ਕੁਰਿੰਥੀਆਂ ਦੇ ਮਸੀਹੀਆਂ ਨੇ ਕਿਹੜਾ ਫ਼ੈਸਲਾ ਕੀਤਾ, ਪਰ ਕੀ ਹੋਇਆ?

3 ਲਗਭਗ 55 ਈਸਵੀ ਵਿਚ ਕੁਰਿੰਥੀਆਂ ਦੇ ਮਸੀਹੀਆਂ ਨੇ ਇਕ ਅਹਿਮ ਫ਼ੈਸਲਾ ਕੀਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਯਰੂਸ਼ਲਮ ਤੇ ਯਹੂਦੀਆ ਦੇ ਭੈਣ-ਭਰਾ ਮੁਸ਼ਕਲਾਂ ਤੇ ਗ਼ਰੀਬੀ ਦਾ ਸਾਮ੍ਹਣਾ ਕਰ ਰਹੇ ਸਨ ਅਤੇ ਹੋਰ ਮੰਡਲੀਆਂ ਨੇ ਉਨ੍ਹਾਂ ਦੀ ਮਦਦ ਕਰਨ ਲਈ ਪੈਸੇ ਇਕੱਠੇ ਕੀਤੇ ਸਨ। ਦਇਆ ਤੇ ਖੁੱਲ੍ਹ-ਦਿਲੀ ਕਰਕੇ ਕੁਰਿੰਥੀਆਂ ਦੇ ਮਸੀਹੀਆਂ ਨੇ ਦਾਨ ਦੇਣ ਦਾ ਫ਼ੈਸਲਾ ਕੀਤਾ ਅਤੇ ਪੌਲੁਸ ਰਸੂਲ ਨੂੰ ਪੁੱਛਿਆ ਕਿ ਉਹ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਸਨ। ਉਸ ਨੇ ਮੰਡਲੀ ਨੂੰ ਹਿਦਾਇਤਾਂ ਭੇਜੀਆਂ ਅਤੇ ਪੈਸੇ ਇਕੱਠੇ ਕਰਨ ਵਿਚ ਮਦਦ ਕਰਨ ਲਈ ਤੀਤੁਸ ਨੂੰ ਨਿਯੁਕਤ ਕੀਤਾ। (1 ਕੁਰਿੰ. 16:1; 2 ਕੁਰਿੰ. 8:6) ਪਰ ਕੁਝ ਮਹੀਨਿਆਂ ਬਾਅਦ ਪੌਲੁਸ ਨੂੰ ਪਤਾ ਲੱਗਾ ਕਿ ਕੁਰਿੰਥੀਆਂ ਦੇ ਮਸੀਹੀਆਂ ਨੇ ਫ਼ੈਸਲੇ ਅਨੁਸਾਰ ਕੰਮ ਨਹੀਂ ਕੀਤਾ ਸੀ। ਨਤੀਜੇ ਵਜੋਂ, ਲੱਗਦਾ ਹੈ ਕਿ ਉਨ੍ਹਾਂ ਵੱਲੋਂ ਭੇਜਿਆ ਜਾਣ ਵਾਲਾ ਤੋਹਫ਼ਾ ਸਮੇਂ ਸਿਰ ਤਿਆਰ ਨਹੀਂ ਹੋਣਾ ਸੀ ਜੋ ਹੋਰ ਮੰਡਲੀਆਂ ਦੇ ਦਾਨ ਨਾਲ ਯਰੂਸ਼ਲਮ ਨੂੰ ਭੇਜਿਆ ਜਾਣਾ ਸੀ।—2 ਕੁਰਿੰ. 9:4, 5.

4. ਦੂਜਾ ਕੁਰਿੰਥੀਆਂ 8:7, 10, 11 ਮੁਤਾਬਕ ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ?

4 ਕੁਰਿੰਥੀਆਂ ਦੇ ਮਸੀਹੀਆਂ ਨੇ ਵਧੀਆ ਫ਼ੈਸਲਾ ਕੀਤਾ ਸੀ ਜਿਸ ਕਰਕੇ ਪੌਲੁਸ ਨੇ ਉਨ੍ਹਾਂ ਦੀ ਲਾਜਵਾਬ ਨਿਹਚਾ ਅਤੇ ਖੁੱਲ੍ਹ-ਦਿਲੀ ਦਿਖਾਉਣ ਦੀ ਇੱਛਾ ਕਰਕੇ ਉਨ੍ਹਾਂ ਦੀ ਤਾਰੀਫ਼ ਕੀਤੀ। ਪਰ ਪੌਲੁਸ ਨੇ ਉਨ੍ਹਾਂ ਨੂੰ ਉਹ ਕੰਮ ਪੂਰਾ ਕਰਨ ਦੀ ਹੱਲਾਸ਼ੇਰੀ ਦਿੱਤੀ ਜੋ ਉਨ੍ਹਾਂ ਨੇ ਸ਼ੁਰੂ ਕੀਤਾ ਸੀ। (2 ਕੁਰਿੰਥੀਆਂ 8:7, 10, 11 ਪੜ੍ਹੋ।) ਉਨ੍ਹਾਂ ਦੇ ਤਜਰਬੇ ਤੋਂ ਅਸੀਂ ਸਿੱਖਦੇ ਹਾਂ ਕਿ ਵਫ਼ਾਦਾਰ ਮਸੀਹੀਆਂ ਨੂੰ ਵੀ ਵਧੀਆ ਫ਼ੈਸਲਿਆਂ ਮੁਤਾਬਕ ਕੰਮ ਕਰਨਾ ਔਖਾ ਲੱਗ ਸਕਦਾ ਹੈ।

5. ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲਵਾਂਗੇ?

5 ਕੁਰਿੰਥੀਆਂ ਦੇ ਮਸੀਹੀਆਂ ਵਾਂਗ ਸ਼ਾਇਦ ਸਾਨੂੰ ਵੀ ਆਪਣੇ ਫ਼ੈਸਲਿਆਂ ਮੁਤਾਬਕ ਕੰਮ ਕਰਨਾ ਔਖਾ ਲੱਗੇ। ਕਿਉਂ? ਨਾਮੁਕੰਮਲ ਹੋਣ ਕਰਕੇ ਅਸੀਂ ਸ਼ਾਇਦ ਕੋਈ ਕੰਮ ਕਰਨ ਵਿਚ ਢਿੱਲ-ਮੱਠ ਕਰੀਏ। ਜਾਂ ਅਚਾਨਕ ਕੁਝ ਹੋਣ ਕਰਕੇ ਸ਼ਾਇਦ ਸਾਡੇ ਲਈ ਆਪਣੇ ਫ਼ੈਸਲੇ ਮੁਤਾਬਕ ਕੰਮ ਕਰਨਾ ਨਾਮੁਮਕਿਨ ਹੋ ਜਾਵੇ। (ਉਪ. 9:11; ਰੋਮੀ. 7:18) ਅਸੀਂ ਆਪਣੇ ਫ਼ੈਸਲੇ ਦੀ ਜਾਂਚ ਕਿਵੇਂ ਕਰ ਸਕਦੇ ਹਾਂ ਕਿ ਸਾਨੂੰ ਇਸ ਵਿਚ ਫੇਰ-ਬਦਲ ਕਰਨ ਦੀ ਲੋੜ ਹੈ ਜਾਂ ਨਹੀਂ? ਨਾਲੇ ਅਸੀਂ ਉਹ ਕੰਮ ਕਿਵੇਂ ਵਧੀਆ ਤਰੀਕੇ ਨਾਲ ਪੂਰਾ ਕਰ ਸਕਦੇ ਹਾਂ ਜੋ ਅਸੀਂ ਸ਼ੁਰੂ ਕੀਤਾ ਸੀ?

ਫ਼ੈਸਲਾ ਲੈਣ ਤੋਂ ਪਹਿਲਾਂ

6. ਸ਼ਾਇਦ ਸਾਨੂੰ ਫ਼ੈਸਲੇ ਵਿਚ ਫੇਰ-ਬਦਲ ਕਰਨ ਦੀ ਕਦੋਂ ਲੋੜ ਪਵੇ?

6 ਕੁਝ ਅਹਿਮ ਫ਼ੈਸਲਿਆਂ ਨੂੰ ਅਸੀਂ ਕਦੇ ਨਹੀਂ ਬਦਲਾਂਗੇ। ਮਿਸਾਲ ਲਈ, ਅਸੀਂ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਫ਼ੈਸਲੇ ’ਤੇ ਅਟੱਲ ਰਹਾਂਗੇ ਅਤੇ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦੇ ਇਰਾਦੇ ’ਤੇ ਪੱਕੇ ਰਹਾਂਗੇ। (ਮੱਤੀ 16:24; 19:6) ਪਰ ਸ਼ਾਇਦ ਕੁਝ ਹੋਰ ਫ਼ੈਸਲਿਆਂ ਵਿਚ ਫੇਰ-ਬਦਲ ਕਰਨ ਦੀ ਲੋੜ ਪਵੇ। ਕਿਉਂ? ਕਿਉਂਕਿ ਹਾਲਾਤ ਬਦਲ ਜਾਂਦੇ ਹਨ। ਸਹੀ ਫ਼ੈਸਲੇ ਲੈਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

7. ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਕਿਉਂ?

7 ਬੁੱਧ ਲਈ ਪ੍ਰਾਰਥਨਾ ਕਰੋ। ਯਹੋਵਾਹ ਨੇ ਯਾਕੂਬ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ . . . ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ।” (ਯਾਕੂ. 1:5) ਕੁਝ ਹੱਦ ਤਕ ਸਾਡੇ ਸਾਰਿਆਂ ਵਿਚ “ਬੁੱਧ ਦੀ ਕਮੀ ਹੈ।” ਇਸ ਲਈ ਜਦੋਂ ਤੁਸੀਂ ਫ਼ੈਸਲਾ ਕਰਦੇ ਹੋ ਅਤੇ ਜਦੋਂ ਤੁਹਾਨੂੰ ਇਸ ਵਿਚ ਫੇਰ-ਬਦਲ ਕਰਨ ਦੀ ਲੋੜ ਪੈਂਦੀ ਹੈ, ਤਾਂ ਯਹੋਵਾਹ ’ਤੇ ਭਰੋਸਾ ਰੱਖੋ। ਫਿਰ ਯਹੋਵਾਹ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰੇਗਾ।

8. ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਕਿਨ੍ਹਾਂ ਗੱਲਾਂ ਦੀ ਖੋਜਬੀਨ ਕਰਨੀ ਚਾਹੀਦੀ ਹੈ?

8 ਡੂੰਘਾਈ ਨਾਲ ਖੋਜਬੀਨ ਕਰੋ। ਪਰਮੇਸ਼ੁਰ ਦੇ ਬਚਨ ਤੋਂ ਸਲਾਹ ਲਓ, ਯਹੋਵਾਹ ਦੇ ਸੰਗਠਨ ਵੱਲੋਂ ਮਿਲਦੇ ਪ੍ਰਕਾਸ਼ਨ ਪੜ੍ਹੋ ਅਤੇ ਉਨ੍ਹਾਂ ਨਾਲ ਗੱਲ ਕਰੋ ਜਿਨ੍ਹਾਂ ’ਤੇ ਤੁਸੀਂ ਭਰੋਸਾ ਰੱਖ ਸਕਦੇ ਹੋ। (ਕਹਾ. 20:18) ਇਸ ਤਰ੍ਹਾਂ ਦੀ ਖੋਜਬੀਨ ਕਰਨੀ ਜ਼ਰੂਰੀ ਹੈ ਜਦੋਂ ਤੁਸੀਂ ਨੌਕਰੀ ਬਦਲਣ, ਕਿਸੇ ਹੋਰ ਇਲਾਕੇ ਵਿਚ ਜਾ ਕੇ ਰਹਿਣ ਜਾਂ ਅਜਿਹੀ ਪੜ੍ਹਾਈ-ਲਿਖਾਈ ਸੰਬੰਧੀ ਫ਼ੈਸਲਾ ਕਰਦੇ ਹੋ ਜਿਸ ਨਾਲ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣਾ ਗੁਜ਼ਾਰਾ ਵੀ ਤੋਰ ਸਕੋ।

9. ਆਪਣੇ ਆਪ ਨਾਲ ਈਮਾਨਦਾਰ ਹੋਣ ਦਾ ਕੀ ਫ਼ਾਇਦਾ ਹੋ ਸਕਦਾ ਹੈ?

9 ਆਪਣੇ ਇਰਾਦਿਆਂ ਦੀ ਜਾਂਚ ਕਰੋ। ਯਹੋਵਾਹ ਲਈ ਸਾਡੇ ਇਰਾਦੇ ਮਾਅਨੇ ਰੱਖਦੇ ਹਨ। (1 ਸਮੂ. 16:7) ਉਹ ਚਾਹੁੰਦਾ ਹੈ ਕਿ ਅਸੀਂ ਸਾਰੀਆਂ ਗੱਲਾਂ ਵਿਚ ਈਮਾਨਦਾਰ ਹੋਈਏ। ਇਸ ਲਈ ਫ਼ੈਸਲੇ ਕਰਦਿਆਂ ਅਸੀਂ ਆਪਣੇ ਇਰਾਦਿਆਂ ਸੰਬੰਧੀ ਆਪਣੇ ਆਪ ਨਾਲ ਅਤੇ ਦੂਜਿਆਂ ਨਾਲ ਈਮਾਨਦਾਰ ਹੋਣਾ ਚਾਹੁੰਦੇ ਹਾਂ। ਪੂਰੀ ਤਰ੍ਹਾਂ ਈਮਾਨਦਾਰ ਨਾ ਹੋਣ ਕਰਕੇ ਸ਼ਾਇਦ ਸਾਡੇ ਲਈ ਆਪਣੇ ਫ਼ੈਸਲੇ ਮੁਤਾਬਕ ਕੰਮ ਕਰਦੇ ਰਹਿਣਾ ਔਖਾ ਹੋ ਜਾਵੇ। ਮਿਸਾਲ ਲਈ, ਇਕ ਨੌਜਵਾਨ ਭਰਾ ਸ਼ਾਇਦ ਰੈਗੂਲਰ ਪਾਇਨੀਅਰ ਬਣਨ ਦਾ ਫ਼ੈਸਲਾ ਕਰੇ। ਪਰ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਘੰਟੇ ਪੂਰੇ ਕਰਨੇ ਔਖੇ ਲੱਗਦੇ ਹੋਣ ਅਤੇ ਉਸ ਨੂੰ ਆਪਣੇ ਪ੍ਰਚਾਰ ਕੰਮ ਤੋਂ ਖ਼ੁਸ਼ੀ ਨਾ ਮਿਲਦੀ ਹੋਵੇ। ਉਹ ਸ਼ਾਇਦ ਸੋਚੇ ਕਿ ਪਾਇਨੀਅਰਿੰਗ ਕਰਨ ਦਾ ਉਸ ਦਾ ਮੁੱਖ ਇਰਾਦਾ ਯਹੋਵਾਹ ਨੂੰ ਖ਼ੁਸ਼ ਕਰਨ ਦਾ ਸੀ। ਪਰ ਹੋ ਸਕਦਾ ਹੈ ਕਿ ਮੁੱਖ ਤੌਰ ’ਤੇ ਉਸ ਦਾ ਇਰਾਦਾ ਆਪਣੇ ਮਾਪਿਆਂ ਜਾਂ ਕਿਸੇ ਹੋਰ ਨੂੰ ਖ਼ੁਸ਼ ਕਰਨ ਦਾ ਸੀ।

10. ਤਬਦੀਲੀਆਂ ਕਰਨ ਲਈ ਕਿਸ ਚੀਜ਼ ਦੀ ਲੋੜ ਹੈ?

10 ਜ਼ਰਾ ਸੋਚੋ ਕਿ ਇਕ ਬਾਈਬਲ ਵਿਦਿਆਰਥੀ ਸਿਗਰਟ ਛੱਡਣ ਦਾ ਫ਼ੈਸਲਾ ਕਰਦਾ ਹੈ। ਉਹ ਇਕ-ਦੋ ਹਫ਼ਤੇ ਸਿਗਰਟ ਨਹੀਂ ਪੀਂਦਾ ਭਾਵੇਂ ਉਸ ਨੂੰ ਔਖਾ ਲੱਗਦਾ ਹੈ। ਪਰ ਫਿਰ ਉਹ ਦੁਬਾਰਾ ਤੋਂ ਸਿਗਰਟ ਪੀਣੀ ਸ਼ੁਰੂ ਕਰ ਦਿੰਦਾ ਹੈ। ਅਖ਼ੀਰ ਉਹ ਸਿਗਰਟ ਛੱਡਣ ਵਿਚ ਸਫ਼ਲ ਹੋ ਜਾਂਦਾ ਹੈ! ਯਹੋਵਾਹ ਲਈ ਪਿਆਰ ਅਤੇ ਉਸ ਨੂੰ ਖ਼ੁਸ਼ ਕਰਨ ਦੀ ਇੱਛਾ ਕਰਕੇ ਉਹ ਆਪਣੀ ਇਸ ਆਦਤ ’ਤੇ ਕਾਬੂ ਪਾ ਸਕਿਆ।—ਕੁਲੁ. 1:10; 3:23.

11. ਤੁਹਾਨੂੰ ਖ਼ਾਸ ਟੀਚੇ ਕਿਉਂ ਰੱਖਣੇ ਚਾਹੀਦੇ ਹਨ?

11 ਖ਼ਾਸ ਟੀਚੇ ਰੱਖੋ। ਖ਼ਾਸ ਟੀਚੇ ਰੱਖਣ ਕਰਕੇ ਤੁਹਾਡੇ ਲਈ ਇਨ੍ਹਾਂ ਨੂੰ ਹਾਸਲ ਕਰਨਾ ਹੋਰ ਸੌਖਾ ਹੋ ਜਾਵੇਗਾ। ਮਿਸਾਲ ਲਈ, ਤੁਸੀਂ ਸ਼ਾਇਦ ਬਾਕਾਇਦਾ ਬਾਈਬਲ ਪੜ੍ਹਨ ਦਾ ਫ਼ੈਸਲਾ ਕਰੋ। ਪਰ ਜੇ ਤੁਸੀਂ ਕੋਈ ਸ਼ਡਿਉਲ ਨਹੀਂ ਬਣਾਉਂਦੇ, ਤਾਂ ਤੁਸੀਂ ਸ਼ਾਇਦ ਆਪਣੇ ਟੀਚੇ ਨੂੰ ਹਾਸਲ ਨਾ ਕਰ ਸਕੋ। * ਜਾਂ ਮੰਡਲੀ ਦੇ ਬਜ਼ੁਰਗ ਸ਼ਾਇਦ ਫ਼ੈਸਲਾ ਕਰਨ ਕਿ ਉਹ ਹੋਰ ਜ਼ਿਆਦਾ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਜਾਣਗੇ, ਪਰ ਕੁਝ ਸਮੇਂ ਬਾਅਦ ਵੀ ਉਨ੍ਹਾਂ ਨੇ ਇਸ ਫ਼ੈਸਲੇ ਮੁਤਾਬਕ ਕੰਮ ਨਹੀਂ ਕੀਤਾ। ਇਹ ਕੰਮ ਕਰਨ ਵਿਚ ਸਫ਼ਲ ਹੋਣ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਵਾਲ ਪੁੱਛਣੇ ਚਾਹੀਦੇ ਹਨ: “ਕੀ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਵਾਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਨੂੰ ਖ਼ਾਸ ਤੌਰ ਤੇ ਫ਼ਾਇਦਾ ਹੋ ਸਕਦਾ ਹੈ? ਕੀ ਅਸੀਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਹੈ?”

12. ਸ਼ਾਇਦ ਸਾਨੂੰ ਕੀ ਕਰਨ ਦੀ ਲੋੜ ਪਵੇ ਅਤੇ ਕਿਉਂ?

12 ਸਹੀ ਨਜ਼ਰੀਆ ਰੱਖੋ। ਸਾਡੇ ਵਿੱਚੋਂ ਕਿਸੇ ਕੋਲ ਵੀ ਉਹ ਸਾਰੇ ਕੰਮ ਕਰਨ ਲਈ ਸਮਾਂ, ਚੀਜ਼ਾਂ ਤੇ ਤਾਕਤ ਨਹੀਂ ਹੈ ਜੋ ਅਸੀਂ ਕਰਨੇ ਚਾਹੁੰਦੇ ਹਾਂ। ਇਸ ਲਈ ਸਹੀ ਨਜ਼ਰੀਆ ਰੱਖੋ ਅਤੇ ਆਪਣੇ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ। ਲੋੜ ਪੈਣ ’ਤੇ ਤੁਹਾਨੂੰ ਸ਼ਾਇਦ ਆਪਣਾ ਫ਼ੈਸਲਾ ਬਦਲਣਾ ਪਵੇ ਜਿਸ ਮੁਤਾਬਕ ਕੰਮ ਕਰਨਾ ਤੁਹਾਡੀ ਵੱਸੋਂ ਬਾਹਰ ਸੀ। (ਉਪ. 3:6) ਪਰ ਮੰਨ ਲਓ, ਤੁਸੀਂ ਆਪਣੇ ਫ਼ੈਸਲੇ ਦੀ ਜਾਂਚ ਕੀਤੀ, ਉਸ ਵਿਚ ਲੋੜੀਂਦੇ ਫੇਰ-ਬਦਲ ਕੀਤੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਮੁਤਾਬਕ ਕੰਮ ਕਰ ਸਕਦੇ ਹੋ। ਜ਼ਰਾ ਪੰਜ ਕਦਮਾਂ ’ਤੇ ਗੌਰ ਕਰੋ ਜੋ ਤੁਹਾਡੀ ਉਹ ਕੰਮ ਪੂਰਾ ਕਰਨ ਵਿਚ ਮਦਦ ਕਰ ਸਕਦੇ ਹਨ ਜੋ ਤੁਸੀਂ ਸ਼ੁਰੂ ਕੀਤਾ ਸੀ।

ਫ਼ੈਸਲੇ ਅਨੁਸਾਰ ਕੰਮ ਕਰਨ ਲਈ ਕੁਝ ਕਦਮ

13. ਤੁਸੀਂ ਫ਼ੈਸਲੇ ਅਨੁਸਾਰ ਕੰਮ ਕਰਨ ਦੀ ਲੋੜੀਂਦੀ ਤਾਕਤ ਕਿਵੇਂ ਪਾ ਸਕਦੇ ਹੋ?

13 ਕੰਮ ਕਰਨ ਲਈ ਯਹੋਵਾਹ ਤੋਂ ਤਾਕਤ ਮੰਗੋ। ਪਰਮੇਸ਼ੁਰ ਤੁਹਾਨੂੰ ਆਪਣੇ ਫ਼ੈਸਲੇ ਅਨੁਸਾਰ “ਕੰਮ ਕਰਨ ਦੀ ਤਾਕਤ” ਦੇ ਸਕਦਾ ਹੈ। (ਫ਼ਿਲਿ. 2:13) ਇਸ ਲਈ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋ ਕਿ ਉਹ ਤੁਹਾਨੂੰ ਲੋੜੀਂਦੀ ਤਾਕਤ ਦੇਵੇ। ਲਗਾਤਾਰ ਪ੍ਰਾਰਥਨਾ ਕਰਦੇ ਰਹੋ ਚਾਹੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਣ ਵਿਚ ਦੇਰ ਹੋ ਰਹੀ ਹੈ। ਜਿੱਦਾਂ ਯਿਸੂ ਨੇ ਕਿਹਾ ਸੀ: ‘ਪਵਿੱਤਰ ਸ਼ਕਤੀ ਮੰਗਦੇ ਰਹੋ, ਤਾਂ ਤੁਹਾਨੂੰ ਦਿੱਤੀ ਜਾਵੇਗੀ।’—ਲੂਕਾ 11:9, 13.

14. ਫ਼ੈਸਲੇ ਮੁਤਾਬਕ ਕੰਮ ਕਰਨ ਵਿਚ ਕਹਾਉਤਾਂ 21:5 ਵਿਚ ਦਿੱਤਾ ਅਸੂਲ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

14 ਯੋਜਨਾ ਬਣਾਓ। (ਕਹਾਉਤਾਂ 21:5 ਪੜ੍ਹੋ।) ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਹੈ, ਉਸ ਨੂੰ ਖ਼ਤਮ ਕਰਨ ਲਈ ਤੁਹਾਨੂੰ ਯੋਜਨਾ ਬਣਾਉਣ ਦੀ ਲੋੜ ਹੈ। ਫਿਰ ਤੁਹਾਨੂੰ ਇਸ ਯੋਜਨਾ ਮੁਤਾਬਕ ਕੰਮ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਫ਼ੈਸਲੇ ਕਰਦਿਆਂ ਕੁਝ ਖ਼ਾਸ ਚੀਜ਼ਾਂ ਲਿਖੋ ਜੋ ਫ਼ੈਸਲੇ ਮੁਤਾਬਕ ਕੰਮ ਕਰਨ ਲਈ ਲੋੜੀਂਦੀਆਂ ਹਨ। ਵੱਡੇ-ਵੱਡੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਕਰਨ ਨਾਲ ਤੁਸੀਂ ਦੇਖ ਸਕੋਗੇ ਕਿ ਤੁਸੀਂ ਕਿੰਨਾ ਕੰਮ ਕਰ ਲਿਆ ਹੈ। ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਸ ਗੱਲ ਦਾ ਇੰਤਜ਼ਾਰ ਨਾ ਕਰਨ ਕਿ ਜਦੋਂ ਉਹ ਆਵੇਗਾ, ਤਾਂ ਉਹ ਦਾਨ ਇਕੱਠਾ ਕਰਨਗੇ। ਇਸ ਦੀ ਬਜਾਇ, ਉਸ ਨੇ “ਹਰ ਹਫ਼ਤੇ ਦੇ ਪਹਿਲੇ ਦਿਨ” ਪੈਸੇ ਵੱਖਰੇ ਰੱਖਣ ਦੀ ਹੱਲਾਸ਼ੇਰੀ ਦਿੱਤੀ। (1 ਕੁਰਿੰ. 16:2) ਨਾਲੇ ਵੱਡੇ-ਵੱਡੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਕਰਨ ਨਾਲ ਤੁਹਾਨੂੰ ਇੱਦਾਂ ਨਹੀਂ ਲੱਗੇਗਾ ਕਿ ਤੁਸੀਂ ਇਹ ਕੰਮ ਕਰ ਹੀ ਨਹੀਂ ਸਕਦੇ।

15. ਯੋਜਨਾ ਬਣਾਉਣ ਤੋਂ ਬਾਅਦ ਕੀ ਕੀਤਾ ਜਾ ਸਕਦਾ ਹੈ?

15 ਯੋਜਨਾ ਨੂੰ ਲਿਖਣ ਕਰਕੇ ਫ਼ੈਸਲੇ ਮੁਤਾਬਕ ਕੰਮ ਕਰਨ ਵਿਚ ਤੁਹਾਡੀ ਮਦਦ ਹੋ ਸਕਦੀ ਹੈ। (1 ਕੁਰਿੰ. 14:40) ਮਿਸਾਲ ਲਈ, ਬਜ਼ੁਰਗਾਂ ਦੇ ਸਮੂਹ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਇਕ ਬਜ਼ੁਰਗ ਨੂੰ ਬਜ਼ੁਰਗਾਂ ਦੇ ਸਮੂਹ ਦੁਆਰਾ ਲਏ ਗਏ ਹਰ ਫ਼ੈਸਲੇ ਨੂੰ ਲਿਖਣ ਦੀ ਜ਼ਿੰਮੇਵਾਰੀ ਦੇਣ। ਇਸ ਵਿਚ ਇਹ ਵੀ ਲਿਖਣਾ ਸ਼ਾਮਲ ਹੈ ਕਿ ਫ਼ੈਸਲੇ ਮੁਤਾਬਕ ਕੰਮ ਕਰਨ ਦੀ ਜ਼ਿੰਮੇਵਾਰੀ ਕਿਸ ਬਜ਼ੁਰਗ ਨੂੰ ਦਿੱਤੀ ਗਈ ਹੈ ਅਤੇ ਕਦੋਂ ਤਕ ਇਸ ਕੰਮ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। (1 ਕੁਰਿੰ. 9:26) ਇਹ ਗੱਲ ਤੁਸੀਂ ਆਪਣੇ ਹਰ ਰੋਜ਼ ਦੇ ਕੰਮਾਂ ਵਿਚ ਲਾਗੂ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਲਿਸਟ ਬਣਾ ਸਕਦੇ ਹੋ ਕਿ ਤੁਹਾਨੂੰ ਦਿਨ ਵਿਚ ਕਿਹੜੇ ਕੰਮ ਕਰਨ ਦੀ ਲੋੜ ਹੈ ਅਤੇ ਫਿਰ ਤੁਸੀਂ ਉਹ ਕੰਮ ਸਭ ਤੋਂ ਉੱਪਰ ਲਿਖ ਸਕਦੇ ਹੋ ਜਿਸ ਨੂੰ ਪਹਿਲਾਂ ਕਰਨ ਦੀ ਲੋੜ ਹੈ। ਇਸ ਨਾਲ ਸਿਰਫ਼ ਤੁਹਾਡੀ ਉਹ ਕੰਮ ਖ਼ਤਮ ਕਰਨ ਵਿਚ ਹੀ ਮਦਦ ਨਹੀਂ ਹੋਵੇਗੀ ਜੋ ਤੁਸੀਂ ਸ਼ੁਰੂ ਕੀਤਾ ਸੀ, ਸਗੋਂ ਤੁਸੀਂ ਘੱਟ ਸਮੇਂ ਵਿਚ ਹੋਰ ਕੰਮ ਵੀ ਕਰ ਸਕੋਗੇ।

16. ਆਪਣੇ ਫ਼ੈਸਲੇ ਮੁਤਾਬਕ ਕੰਮ ਕਰਨ ਲਈ ਕੀ ਕਰਨਾ ਜ਼ਰੂਰੀ ਹੈ ਅਤੇ ਰੋਮੀਆਂ 12:11 ਤੋਂ ਇਹ ਗੱਲ ਕਿਵੇਂ ਪਤਾ ਲੱਗਦੀ ਹੈ?

16 ਪੂਰੀ ਮਿਹਨਤ ਕਰੋ। ਯੋਜਨਾ ਮੁਤਾਬਕ ਕੰਮ ਕਰਨ ਅਤੇ ਸ਼ੁਰੂ ਕੀਤੇ ਗਏ ਕੰਮ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ। (ਰੋਮੀਆਂ 12:11 ਪੜ੍ਹੋ।) ਪੌਲੁਸ ਨੇ ਤਿਮੋਥਿਉਸ ਨੂੰ ਗੱਲਾਂ ਲਾਗੂ ਕਰਨ ਵਿਚ ‘ਲੱਗਾ ਰਹਿਣ’ ਅਤੇ ਵਧੀਆ ਸਿੱਖਿਅਕ ਬਣਨ ਲਈ ਕੰਮ ‘ਕਰਦੇ ਰਹਿਣ’ ਲਈ ਕਿਹਾ। ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜੋ ਵੀ ਕਰਨਾ ਚਾਹੁੰਦੇ ਹਾਂ, ਇਹ ਸਲਾਹ ਉਸ ’ਤੇ ਵੀ ਲਾਗੂ ਹੁੰਦੀ ਹੈ।—1 ਤਿਮੋ. 4:13, 16.

17. ਫ਼ੈਸਲੇ ਮੁਤਾਬਕ ਕੰਮ ਕਰਨ ਲਈ ਅਸੀਂ ਅਫ਼ਸੀਆਂ 5:15, 16 ਕਿਵੇਂ ਲਾਗੂ ਕਰ ਸਕਦੇ ਹਾਂ?

17 ਆਪਣੇ ਸਮੇਂ ਦੀ ਸਹੀ ਵਰਤੋਂ ਕਰੋ। (ਅਫ਼ਸੀਆਂ 5:15, 16 ਪੜ੍ਹੋ।) ਆਪਣੇ ਫ਼ੈਸਲੇ ਮੁਤਾਬਕ ਕੰਮ ਕਰਨ ਲਈ ਸਮਾਂ ਤੈਅ ਕਰੋ ਅਤੇ ਫਿਰ ਉਸ ਸਮੇਂ ਨੂੰ ਬਦਲੋ ਨਾ। ਕੰਮ ਕਰਨ ਲਈ ਵਧੀਆ ਹਾਲਾਤਾਂ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਸ਼ਾਇਦ ਵਧੀਆ ਹਾਲਾਤ ਕਦੇ ਆਉਣ ਹੀ ਨਾ। (ਉਪ. 11:4) ਧਿਆਨ ਰੱਖੋ ਕਿ ਕਿਤੇ ਤੁਸੀਂ ਘੱਟ ਜ਼ਰੂਰੀ ਚੀਜ਼ਾਂ ’ਤੇ ਆਪਣਾ ਸਮਾਂ ਤੇ ਤਾਕਤ ਨਾ ਲਾ ਦਿਓ ਜੋ ਤੁਹਾਨੂੰ ਜ਼ਿਆਦਾ ਜ਼ਰੂਰੀ ਚੀਜ਼ਾਂ ਲਈ ਚਾਹੀਦੀ ਸੀ। (ਫ਼ਿਲਿ. 1:10) ਜੇ ਹੋ ਸਕੇ, ਤਾਂ ਉਸ ਸਮੇਂ ਦੌਰਾਨ ਕੰਮ ਕਰੋ ਜਦੋਂ ਘੱਟ ਚੀਜ਼ਾਂ ਤੁਹਾਡਾ ਧਿਆਨ ਭਟਕਾਉਣ। ਦੂਜਿਆਂ ਨੂੰ ਦੱਸੋ ਕਿ ਤੁਹਾਨੂੰ ਪੂਰਾ ਧਿਆਨ ਲਾ ਕੇ ਕੰਮ ਕਰਨ ਲਈ ਸਮੇਂ ਦੀ ਲੋੜ ਹੈ। ਆਪਣਾ ਫ਼ੋਨ ਬੰਦ ਕਰਨ ਅਤੇ ਬਾਅਦ ਵਿਚ ਆਪਣੇ ਮੈਸਿਜ ਜਾਂ ਸੋਸ਼ਲ ਮੀਡੀਆ ਚੈੱਕ ਕਰਨ ਬਾਰੇ ਸੋਚੋ। *

18-19. ਰੁਕਾਵਟਾਂ ਆਉਣ ’ਤੇ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ ਕਿ ਤੁਸੀਂ ਜੋ ਫ਼ੈਸਲਾ ਕੀਤਾ ਸੀ, ਉਸ ਮੁਤਾਬਕ ਕੰਮ ਕਰਦੇ ਰਹੋ?

18 ਨਤੀਜੇ ’ਤੇ ਧਿਆਨ ਲਾਓ। ਤੁਹਾਡੇ ਫ਼ੈਸਲੇ ਦਾ ਨਤੀਜਾ ਇਕ ਸਫ਼ਰ ਦੀ ਮੰਜ਼ਲ ਵਾਂਗ ਹੈ। ਜੇ ਤੁਸੀਂ ਵਾਕਈ ਆਪਣੀ ਮੰਜ਼ਲ ’ਤੇ ਪਹੁੰਚਣਾ ਚਾਹੁੰਦੇ ਹੋ, ਤਾਂ ਤੁਸੀਂ ਚੱਲਦੇ ਰਹੋਗੇ ਭਾਵੇਂ ਸੜਕ ਬੰਦ ਹੋਵੇ ਤੇ ਤੁਹਾਨੂੰ ਆਪਣਾ ਰਾਹ ਬਦਲਣ ਦੀ ਲੋੜ ਹੋਵੇ। ਇਸੇ ਤਰੀਕੇ ਨਾਲ ਜੇ ਅਸੀਂ ਆਪਣੇ ਫ਼ੈਸਲਿਆਂ ਦੇ ਨਤੀਜਿਆਂ ’ਤੇ ਧਿਆਨ ਲਾਵਾਂਗੇ, ਤਾਂ ਅਸੀਂ ਮੁਸ਼ਕਲਾਂ ਅਤੇ ਰੁਕਾਵਟਾਂ ਆਉਣ ’ਤੇ ਵੀ ਆਸਾਨੀ ਨਾਲ ਹਾਰ ਨਹੀਂ ਮੰਨਾਂਗੇ।—ਗਲਾ. 6:9.

19 ਸਹੀ ਫ਼ੈਸਲੇ ਕਰਨੇ ਔਖੇ ਹਨ ਅਤੇ ਇਨ੍ਹਾਂ ਮੁਤਾਬਕ ਕੰਮ ਕਰਨਾ ਇਕ ਚੁਣੌਤੀ ਹੋ ਸਕਦੀ ਹੈ। ਪਰ ਯਹੋਵਾਹ ਦੀ ਮਦਦ ਨਾਲ ਤੁਸੀਂ ਉਹ ਬੁੱਧ ਤੇ ਤਾਕਤ ਪਾ ਸਕਦੇ ਹੋ ਜੋ ਤੁਹਾਨੂੰ ਉਹ ਕੰਮ ਪੂਰਾ ਕਰਨ ਲਈ ਚਾਹੀਦੀ ਹੈ ਜੋ ਤੁਸੀਂ ਸ਼ੁਰੂ ਕੀਤਾ ਸੀ।

ਗੀਤ 45 ਅੱਗੇ ਵਧਦੇ ਰਹੋ!

^ ਪੈਰਾ 5 ਕੀ ਤੁਹਾਨੂੰ ਆਪਣੇ ਕੁਝ ਫ਼ੈਸਲਿਆਂ ’ਤੇ ਪਛਤਾਵਾ ਹੈ? ਜਾਂ ਕੀ ਕਦੀ-ਕਦਾਈਂ ਤੁਹਾਨੂੰ ਸਹੀ ਫ਼ੈਸਲੇ ਕਰਨੇ ਅਤੇ ਉਨ੍ਹਾਂ ਮੁਤਾਬਕ ਕੰਮ ਕਰਨਾ ਔਖਾ ਲੱਗਦਾ ਹੈ? ਇਹ ਲੇਖ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰੇਗਾ। ਨਾਲੇ ਤੁਸੀਂ ਜੋ ਕੰਮ ਸ਼ੁਰੂ ਕੀਤਾ ਹੈ, ਉਸ ਨੂੰ ਪੂਰਾ ਕਰਨ ਵਿਚ ਮਦਦ ਕਰੇਗਾ।

^ ਪੈਰਾ 11 ਨਿੱਜੀ ਬਾਈਬਲ ਪੜ੍ਹਾਈ ਲਈ ਤੁਸੀਂ jw.org/pa ’ਤੇ ਦਿੱਤਾ “ਬਾਈਬਲ ਰੀਡਿੰਗ ਸ਼ਡਿਉਲ” ਵਰਤ ਸਕਦੇ ਹੋ।

^ ਪੈਰਾ 17 ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਲਈ ਮਾਰਚ-ਅਪ੍ਰੈਲ 2014 ਦੇ ਜਾਗਰੂਕ ਬਣੋ! ਵਿਚ “ਸਮਝਦਾਰੀ ਨਾਲ ਆਪਣਾ ਸਮਾਂ ਵਰਤੋ” ਅਤੇ ਅਪ੍ਰੈਲ 2010 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਹੋਰ ਸਮਾਂ ਪੈਦਾ ਕਰਨ ਦੇ 20 ਤਰੀਕੇ” ਨਾਂ ਦੇ ਲੇਖ ਦੇਖੋ।