Skip to content

Skip to table of contents

ਅਧਿਐਨ ਲੇਖ 1

‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’

‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’

2020 ਲਈ ਬਾਈਬਲ ਦਾ ਹਵਾਲਾ:‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’—ਮੱਤੀ 28:19.

ਗੀਤ 7 ਸਮਰਪਣ ਦਾ ਵਾਅਦਾ

ਖ਼ਾਸ ਗੱਲਾਂ *

1-2. ਯਿਸੂ ਦੀ ਕਬਰ ’ਤੇ ਇਕ ਦੂਤ ਨੇ ਔਰਤਾਂ ਨੂੰ ਕੀ ਦੱਸਿਆ ਅਤੇ ਯਿਸੂ ਨੇ ਖ਼ੁਦ ਔਰਤਾਂ ਨੂੰ ਕੀ ਕਰਨ ਲਈ ਕਿਹਾ?

16 ਨੀਸਾਨ, 33 ਈਸਵੀ ਦੀ ਸਵੇਰ ਨੂੰ ਪਰਮੇਸ਼ੁਰ ਦਾ ਡਰ ਰੱਖਣ ਵਾਲੀਆਂ ਕੁਝ ਔਰਤਾਂ ਬਹੁਤ ਉਦਾਸ ਤੇ ਦੁਖੀ ਮਨਾਂ ਨਾਲ ਕਬਰ ਵੱਲ ਜਾ ਰਹੀਆਂ ਸਨ। ਪ੍ਰਭੂ ਯਿਸੂ ਦੀ ਲਾਸ਼ ਨੂੰ ਦੋ ਦਿਨ ਪਹਿਲਾਂ ਉੱਥੇ ਰੱਖਿਆ ਗਿਆ ਸੀ। ਜਦੋਂ ਉਹ ਲਾਸ਼ ’ਤੇ ਮਸਾਲੇ ਤੇ ਅਤਰ ਲਾਉਣ ਪਹੁੰਚੀਆਂ, ਤਾਂ ਉਹ ਕਬਰ ਨੂੰ ਖਾਲੀ ਦੇਖ ਕੇ ਹੈਰਾਨ ਰਹਿ ਗਈਆਂ। ਇਕ ਦੂਤ ਨੇ ਉਨ੍ਹਾਂ ਔਰਤਾਂ ਨੂੰ ਦੱਸਿਆ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਹੈ ਅਤੇ ਉਸ ਨੇ ਇਹ ਵੀ ਕਿਹਾ: “ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ।”—ਮੱਤੀ 28:1-7; ਲੂਕਾ 23:56; 24:10.

2 ਜਦੋਂ ਔਰਤਾਂ ਕਬਰ ਤੋਂ ਬਾਹਰ ਨਿਕਲ ਕੇ ਜਾ ਰਹੀਆਂ ਸਨ, ਤਾਂ ਯਿਸੂ ਨੇ ਆਪ ਉਨ੍ਹਾਂ ਨੂੰ ਮਿਲ ਕੇ ਇਹ ਹਿਦਾਇਤ ਦਿੱਤੀ: “ਜਾ ਕੇ ਮੇਰੇ ਭਰਾਵਾਂ ਨੂੰ ਦੱਸੋ ਤਾਂਕਿ ਉਹ ਗਲੀਲ ਨੂੰ ਜਾਣ, ਮੈਂ ਉਨ੍ਹਾਂ ਨੂੰ ਉੱਥੇ ਮਿਲਾਂਗਾ।” (ਮੱਤੀ 28:10) ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਬਹੁਤ ਜ਼ਰੂਰੀ ਹਿਦਾਇਤਾਂ ਦੇਣੀਆਂ ਹੋਣੀਆਂ ਜਿਸ ਕਰਕੇ ਉਸ ਨੇ ਜੀਉਂਦਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਮਿਲਣ ਦਾ ਪ੍ਰਬੰਧ ਕੀਤਾ।

ਕਿਨ੍ਹਾਂ ਨੂੰ ਹੁਕਮ ਦਿੱਤਾ ਗਿਆ?

ਜੀਉਂਦਾ ਹੋਣ ਤੋਂ ਬਾਅਦ ਜਦੋਂ ਯਿਸੂ ਗਲੀਲ ਵਿਚ ਆਪਣੇ ਰਸੂਲਾਂ ਤੇ ਹੋਰਨਾਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ, “ਜਾਓ . . . ਅਤੇ ਚੇਲੇ ਬਣਾਓ” (ਪੈਰੇ 3-4 ਦੇਖੋ)

3-4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੱਤੀ 28:19, 20 ਵਿਚ ਦਰਜ ਹੁਕਮ ਸਿਰਫ਼ ਰਸੂਲਾਂ ਨੂੰ ਹੀ ਨਹੀਂ ਦਿੱਤਾ ਗਿਆ ਸੀ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

3 ਮੱਤੀ 28:16-20 ਪੜ੍ਹੋ। ਯਿਸੂ ਨੇ ਆਪਣੇ ਚੇਲਿਆਂ ਨੂੰ ਮਿਲ ਕੇ ਇਕ ਅਹਿਮ ਕੰਮ ਦਿੱਤਾ ਜੋ ਉਨ੍ਹਾਂ ਨੇ ਪਹਿਲੀ ਸਦੀ ਵਿਚ ਕਰਨਾ ਸੀ। ਉਹੀ ਕੰਮ ਅਸੀਂ ਅੱਜ ਕਰ ਰਹੇ ਹਾਂ। ਯਿਸੂ ਨੇ ਕਿਹਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ . . . ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”

4 ਯਿਸੂ ਚਾਹੁੰਦਾ ਹੈ ਕਿ ਉਸ ਦੇ ਸਾਰੇ ਚੇਲੇ ਪ੍ਰਚਾਰ ਕਰਨ। ਉਸ ਨੇ ਇਹ ਹੁਕਮ ਸਿਰਫ਼ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਹੀ ਨਹੀਂ ਦਿੱਤਾ ਸੀ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ? ਜਦੋਂ ਯਿਸੂ ਨੇ ਗਲੀਲ ਵਿਚ ਪਹਾੜ ’ਤੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ, ਤਾਂ ਕੀ ਸਿਰਫ਼ ਉਸ ਦੇ ਰਸੂਲ ਹੀ ਉੱਥੇ ਹਾਜ਼ਰ ਸਨ? ਜ਼ਰਾ ਯਾਦ ਕਰੋ ਕਿ ਦੂਤ ਨੇ ਔਰਤਾਂ ਨੂੰ ਕੀ ਕਿਹਾ ਸੀ: “ਤੁਸੀਂ ਉਸ ਨੂੰ ਗਲੀਲ ਵਿਚ ਮਿਲੋਗੇ।” ਇਸ ਲਈ ਵਫ਼ਾਦਾਰ ਔਰਤਾਂ ਵੀ ਜ਼ਰੂਰ ਇਸ ਮੌਕੇ ’ਤੇ ਹਾਜ਼ਰ ਹੋਈਆਂ ਹੋਣੀਆਂ। ਪਰ ਇੰਨਾ ਹੀ ਨਹੀਂ, ਪੌਲੁਸ ਰਸੂਲ ਨੇ ਦੱਸਿਆ ਕਿ ਯਿਸੂ “ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ।” (1 ਕੁਰਿੰ. 15:6) ਕਿੱਥੇ?

5. ਪਹਿਲਾ ਕੁਰਿੰਥੀਆਂ 15:6 ਤੋਂ ਅਸੀਂ ਕੀ ਸਿੱਖਦੇ ਹਾਂ?

5 ਸਾਡੇ ਕੋਲ ਇਹ ਮੰਨਣ ਦੇ ਚੰਗੇ ਕਾਰਨ ਹਨ ਕਿ ਪੌਲੁਸ ਪਹਿਲਾ ਕੁਰਿੰਥੀਆਂ 15:6 ਵਿਚ ਗਲੀਲ ਵਿਚ ਹੋਈ ਉਸ ਸਭਾ ਬਾਰੇ ਗੱਲ ਕਰ ਰਿਹਾ ਸੀ ਜਿਸ ਬਾਰੇ ਮੱਤੀ ਅਧਿਆਇ 28 ਵਿਚ ਦੱਸਿਆ ਗਿਆ ਹੈ। ਕਿਹੜੇ ਕਾਰਨ? ਪਹਿਲਾ, ਯਿਸੂ ਦੇ ਜ਼ਿਆਦਾਤਰ ਚੇਲੇ ਗਲੀਲ ਤੋਂ ਸਨ। ਇਸ ਲਈ ਯਰੂਸ਼ਲਮ ਵਿਚ ਕਿਸੇ ਦੇ ਘਰ ਇਕੱਠੇ ਹੋਣ ਨਾਲੋਂ ਗਲੀਲ ਦੇ ਪਹਾੜ ’ਤੇ ਜ਼ਿਆਦਾ ਲੋਕਾਂ ਲਈ ਇਕੱਠੇ ਹੋਣਾ ਸੌਖਾ ਸੀ। ਦੂਜਾ, ਜੀਉਂਦਾ ਹੋਣ ਤੋਂ ਬਾਅਦ ਯਿਸੂ ਆਪਣੇ 11 ਰਸੂਲਾਂ ਨੂੰ ਯਰੂਸ਼ਲਮ ਦੇ ਇਕ ਘਰ ਵਿਚ ਮਿਲ ਚੁੱਕਾ ਸੀ। ਜੇ ਯਿਸੂ ਸਿਰਫ਼ ਰਸੂਲਾਂ ਨੂੰ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਹੁਕਮ ਦੇਣਾ ਚਾਹੁੰਦਾ, ਤਾਂ ਉਹ ਯਰੂਸ਼ਲਮ ਵਿਚ ਹੀ ਇਹ ਹੁਕਮ ਦੇ ਦਿੰਦਾ ਤੇ ਰਸੂਲਾਂ, ਔਰਤਾਂ ਤੇ ਹੋਰਨਾਂ ਨੂੰ ਗਲੀਲ ਵਿਚ ਮਿਲਣ ਨੂੰ ਨਾ ਕਹਿੰਦਾ।—ਲੂਕਾ 24:33, 36.

6. ਮੱਤੀ 28:20 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਇਹ ਹੁਕਮ ਅੱਜ ਵੀ ਲਾਗੂ ਹੁੰਦਾ ਹੈ ਅਤੇ ਇਹ ਹੁਕਮ ਕਿਸ ਹੱਦ ਤਕ ਪੂਰਾ ਕੀਤਾ ਜਾ ਰਿਹਾ ਹੈ?

6 ਜ਼ਰਾ ਤੀਸਰੇ ਕਾਰਨ ’ਤੇ ਗੌਰ ਕਰੋ। ਚੇਲੇ ਬਣਾਉਣ ਦਾ ਯਿਸੂ ਦਾ ਹੁਕਮ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੀ ਨਹੀਂ ਦਿੱਤਾ ਗਿਆ ਸੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਆਪਣੇ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ ਯਿਸੂ ਨੇ ਅਖ਼ੀਰ ਵਿਚ ਕਿਹਾ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਯਿਸੂ ਦੇ ਕਹੇ ਅਨੁਸਾਰ ਅੱਜ ਚੇਲੇ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜ਼ਰਾ ਸੋਚੋ! ਹਰ ਸਾਲ ਲਗਭਗ 3,00,000 ਲੋਕ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈਂਦੇ ਹਨ ਅਤੇ ਯਿਸੂ ਮਸੀਹ ਦੇ ਚੇਲੇ ਬਣਦੇ ਹਨ!

7. ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ ਅਤੇ ਕਿਉਂ?

7 ਬਾਈਬਲ ਸਟੱਡੀ ਕਰਨ ਵਾਲੇ ਬਹੁਤ ਸਾਰੇ ਲੋਕ ਤਰੱਕੀ ਕਰ ਕੇ ਬਪਤਿਸਮਾ ਲੈਂਦੇ ਹਨ। ਪਰ ਲੱਗਦਾ ਹੈ ਕਿ ਬਾਈਬਲ ਸਟੱਡੀ ਕਰਨ ਵਾਲੇ ਕੁਝ ਜਣੇ ਚੇਲੇ ਬਣਨ ਤੋਂ ਹਿਚਕਿਚਾਉਂਦੇ ਹਨ। ਉਨ੍ਹਾਂ ਨੂੰ ਸਟੱਡੀ ਕਰ ਕੇ ਵਧੀਆ ਲੱਗਦਾ ਹੈ, ਪਰ ਉਹ ਤਰੱਕੀ ਕਰ ਕੇ ਬਪਤਿਸਮਾ ਨਹੀਂ ਲੈਂਦੇ। ਜੇ ਤੁਸੀਂ ਬਾਈਬਲ ਸਟੱਡੀ ਕਰਾਉਂਦੇ ਹੋ, ਤਾਂ ਸਾਨੂੰ ਯਕੀਨ ਹੈ ਕਿ ਤੁਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਅਤੇ ਮਸੀਹ ਦੇ ਚੇਲੇ ਬਣਨ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰਨੀ ਚਾਹੁੰਦੇ ਹੋ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਆਪਣੇ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚ ਸਕਦੇ ਹਾਂ ਅਤੇ ਉਸ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਸਾਨੂੰ ਇਸ ਵਿਸ਼ੇ ’ਤੇ ਚਰਚਾ ਕਰਨ ਦੀ ਕਿਉਂ ਲੋੜ ਹੈ? ਕਿਉਂਕਿ ਇਕ ਸਮੇਂ ’ਤੇ ਆ ਕੇ ਸਾਨੂੰ ਸ਼ਾਇਦ ਫ਼ੈਸਲਾ ਕਰਨਾ ਪਵੇ ਕਿ ਅਸੀਂ ਸਟੱਡੀ ਕਰਾਉਣੀ ਜਾਰੀ ਰੱਖਾਂਗੇ ਜਾਂ ਨਹੀਂ।

ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ

8. ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚਣਾ ਔਖਾ ਕਿਉਂ ਹੋ ਸਕਦਾ ਹੈ?

8 ਯਹੋਵਾਹ ਚਾਹੁੰਦਾ ਹੈ ਕਿ ਪਿਆਰ ਹੋਣ ਕਰਕੇ ਲੋਕ ਉਸ ਦੀ ਸੇਵਾ ਕਰਨ। ਇਸ ਲਈ ਸਾਡਾ ਟੀਚਾ ਆਪਣੇ ਵਿਦਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰਨ ਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਨਿੱਜੀ ਤੌਰ ਤੇ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਅਸੀਂ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰਨੀ ਚਾਹੁੰਦੇ ਹਾਂ ਕਿ ਯਹੋਵਾਹ ‘ਯਤੀਮਾਂ ਦਾ ਪਿਤਾ ਅਤੇ ਵਿਧਵਾਵਾਂ ਦਾ [“ਰਖਵਾਲਾ,” NW]’ ਹੈ। (ਜ਼ਬੂ. 68:5) ਜਦੋਂ ਤੁਹਾਡੇ ਵਿਦਿਆਰਥੀਆਂ ਨੂੰ ਪਰਮੇਸ਼ੁਰ ਦੇ ਪਿਆਰ ਦਾ ਅਹਿਸਾਸ ਹੋਵੇਗਾ, ਉਦੋਂ ਉਨ੍ਹਾਂ ਦੇ ਦਿਲ ਛੂਹੇ ਜਾਣਗੇ ਅਤੇ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਗੂੜ੍ਹਾ ਹੋਵੇਗਾ। ਕੁਝ ਵਿਦਿਆਰਥੀਆਂ ਨੂੰ ਸ਼ਾਇਦ ਯਹੋਵਾਹ ਨੂੰ ਪਿਆਰੇ ਪਿਤਾ ਵਜੋਂ ਅਪਣਾਉਣਾ ਔਖਾ ਲੱਗੇ ਕਿਉਂਕਿ ਉਨ੍ਹਾਂ ਦੇ ਆਪਣੇ ਪਿਤਾ ਨੇ ਕਦੇ ਵੀ ਉਨ੍ਹਾਂ ਨੂੰ ਪਿਆਰ ਤੇ ਮੋਹ ਨਹੀਂ ਦਿਖਾਇਆ। (2 ਤਿਮੋ. 3:1, 3) ਇਸ ਲਈ ਬਾਈਬਲ ਸਟੱਡੀ ਕਰਾਉਂਦਿਆਂ ਯਹੋਵਾਹ ਦੇ ਸ਼ਾਨਦਾਰ ਗੁਣਾਂ ’ਤੇ ਜ਼ੋਰ ਦਿਓ। ਆਪਣੇ ਵਿਦਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਸਾਡਾ ਪਿਆਰਾ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ। ਨਾਲੇ ਪਰਮੇਸ਼ੁਰ ਇਸ ਟੀਚੇ ਨੂੰ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਅਸੀਂ ਹੋਰ ਕੀ ਕਰ ਸਕਦੇ ਹਾਂ?

9-10. ਸਾਨੂੰ ਕਿਨ੍ਹਾਂ ਕਿਤਾਬਾਂ ਤੋਂ ਬਾਈਬਲ ਸਟੱਡੀ ਕਰਾਉਣੀ ਚਾਹੀਦੀ ਹੈ ਅਤੇ ਕਿਉਂ?

9 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਅਤੇ “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ” ਕਿਤਾਬਾਂ ਵਰਤੋ। ਇਨ੍ਹਾਂ ਪ੍ਰਕਾਸ਼ਨਾਂ ਨੂੰ ਸਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਦਿਲਾਂ ਤਕ ਪਹੁੰਚ ਸਕੀਏ। ਮਿਸਾਲ ਲਈ, ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਪਹਿਲੇ ਅਧਿਆਇ ਵਿਚ ਇਨ੍ਹਾਂ ਗੱਲਾਂ ’ਤੇ ਚਰਚਾ ਕੀਤੀ ਗਈ ਹੈ: ਕੀ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ?, ਰੱਬ ਸਾਡੇ ਦੁੱਖ ਵਿਚ ਦੁਖੀ ਹੁੰਦਾ ਹੈ ਅਤੇ ਅਸੀਂ ਯਹੋਵਾਹ ਦੇ ਦਿਲ ਵਿਚ ਵੱਸ ਸਕਦੇ ਹਾਂ। ਪਰਮੇਸ਼ੁਰ ਨਾਲ ਪਿਆਰ ਕਿਤਾਬ ਬਾਰੇ ਕੀ? ਇਹ ਕਿਤਾਬ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਉਹ ਬਾਈਬਲ ਅਸੂਲ ਲਾਗੂ ਕਰ ਕੇ ਆਪਣੀ ਜ਼ਿੰਦਗੀ ਵਿਚ ਕਿਵੇਂ ਸੁਧਾਰ ਕਰ ਸਕਦਾ ਹੈ ਅਤੇ ਯਹੋਵਾਹ ਦੇ ਹੋਰ ਨੇੜੇ ਕਿਵੇਂ ਜਾ ਸਕਦਾ ਹੈ। ਭਾਵੇਂ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਤੋਂ ਪਹਿਲਾਂ ਹੀ ਲੋਕਾਂ ਨਾਲ ਸਟੱਡੀ ਕੀਤੀ ਹੈ, ਤਾਂ ਵੀ ਹਰ ਸਟੱਡੀ ਲਈ ਤਿਆਰੀ ਕਰੋ ਅਤੇ ਵਿਦਿਆਰਥੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖੋ।

10 ਪਰ ਮੰਨ ਲਓ, ਇਕ ਵਿਦਿਆਰਥੀ ਨੂੰ ਉਸ ਵਿਸ਼ੇ ਵਿਚ ਦਿਲਚਸਪੀ ਹੈ ਜਿਸ ਬਾਰੇ ਉਸ ਪ੍ਰਕਾਸ਼ਨ ਵਿਚ ਚਰਚਾ ਕੀਤੀ ਗਈ ਹੈ ਜੋ “ਸਿਖਾਉਣ ਲਈ ਪ੍ਰਕਾਸ਼ਨਾਂ” ਵਿਚ ਸ਼ਾਮਲ ਨਹੀਂ ਹੈ। ਤੁਸੀਂ ਉਸ ਨੂੰ ਉਹ ਪ੍ਰਕਾਸ਼ਨ ਆਪਣੇ ਸਮੇਂ ਵਿਚ ਪੜ੍ਹਨ ਦੀ ਹੱਲਾਸ਼ੇਰੀ ਦੇ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਕਿਤਾਬਾਂ ਤੋਂ ਸਟੱਡੀ ਕਰਾਉਂਦੇ ਰਹਿ ਸਕੋ ਜਿਨ੍ਹਾਂ ਬਾਰੇ ਹੁਣੇ ਦੱਸਿਆ ਗਿਆ ਸੀ।

ਪ੍ਰਾਰਥਨਾ ਨਾਲ ਸਟੱਡੀ ਸ਼ੁਰੂ ਕਰੋ (ਪੈਰਾ 11 ਦੇਖੋ)

11. ਸਾਨੂੰ ਕਦੋਂ ਤੋਂ ਸਟੱਡੀ ਪ੍ਰਾਰਥਨਾ ਨਾਲ ਸ਼ੁਰੂ ਅਤੇ ਬੰਦ ਕਰਨੀ ਚਾਹੀਦੀ ਹੈ ਅਤੇ ਤੁਸੀਂ ਇਸ ਵਿਸ਼ੇ ’ਤੇ ਕਿਵੇਂ ਗੱਲ ਕਰ ਸਕਦੇ ਹੋ?

11 ਪ੍ਰਾਰਥਨਾ ਨਾਲ ਸਟੱਡੀ ਸ਼ੁਰੂ ਕਰੋ। ਵਧੀਆ ਹੋਵੇਗਾ ਕਿ ਅਸੀਂ ਛੇਤੀ ਹੀ ਸਟੱਡੀ ਪ੍ਰਾਰਥਨਾ ਨਾਲ ਸ਼ੁਰੂ ਤੇ ਬੰਦ ਕਰੀਏ। ਜੇ ਹੋ ਸਕੇ, ਤਾਂ ਸਟੱਡੀ ਸ਼ੁਰੂ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਇੱਦਾਂ ਕਰੀਏ। ਸਾਨੂੰ ਆਪਣੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਬਚਨ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਸਮਝ ਸਕਦੇ ਹਾਂ। ਕੁਝ ਪ੍ਰਚਾਰਕ ਯਾਕੂਬ 1:5 ਪੜ੍ਹ ਕੇ ਪ੍ਰਾਰਥਨਾ ਦੇ ਵਿਸ਼ੇ ’ਤੇ ਚਰਚਾ ਕਰਦੇ ਹਨ ਜਿੱਥੇ ਲਿਖਿਆ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ।” ਫਿਰ ਪ੍ਰਚਾਰਕ ਵਿਦਿਆਰਥੀਆਂ ਤੋਂ ਇਹ ਸਵਾਲ ਪੁੱਛਦੇ ਹਨ: “ਅਸੀਂ ਪਰਮੇਸ਼ੁਰ ਤੋਂ ਬੁੱਧ ਕਿਵੇਂ ਮੰਗ ਸਕਦੇ ਹਾਂ?” ਵਿਦਿਆਰਥੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।

12. ਤੁਸੀਂ ਜ਼ਬੂਰ 139:2-4 ਵਰਤ ਕੇ ਪ੍ਰਾਰਥਨਾਵਾਂ ਨੂੰ ਸੁਧਾਰਨ ਵਿਚ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ?

12 ਆਪਣੇ ਵਿਦਿਆਰਥੀ ਨੂੰ ਸਮਝਾਓ ਕਿ ਉਸ ਨੂੰ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਸ ਨੂੰ ਭਰੋਸਾ ਦਿਵਾਓ ਕਿ ਯਹੋਵਾਹ ਉਸ ਵੱਲੋਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣਨੀਆਂ ਚਾਹੁੰਦਾ ਹੈ। ਸਮਝਾਓ ਕਿ ਇਕੱਲੇ ਪ੍ਰਾਰਥਨਾ ਕਰਦਿਆਂ ਅਸੀਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ ਯਾਨੀ ਅਸੀਂ ਉਸ ਨੂੰ ਆਪਣੀਆਂ ਉਹ ਭਾਵਨਾਵਾਂ ਦੱਸ ਸਕਦੇ ਹਾਂ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਕਿਸੇ ਵਿਅਕਤੀ ਨੂੰ ਦੱਸਣ ਤੋਂ ਝਿਜਕੀਏ। ਯਹੋਵਾਹ ਸਾਡੇ ਡੂੰਘੇ ਵਿਚਾਰਾਂ ਨੂੰ ਪਹਿਲਾਂ ਹੀ ਜਾਣਦਾ ਹੈ। (ਜ਼ਬੂਰ 139:2-4 ਪੜ੍ਹੋ।) ਅਸੀਂ ਆਪਣੇ ਵਿਦਿਆਰਥੀ ਨੂੰ ਇਹ ਵੀ ਹੱਲਾਸ਼ੇਰੀ ਦੇ ਸਕਦੇ ਹਾਂ ਕਿ ਉਹ ਆਪਣੀ ਗ਼ਲਤ ਸੋਚ ਬਦਲਣ ਅਤੇ ਬੁਰੀਆਂ ਆਦਤਾਂ ’ਤੇ ਕਾਬੂ ਪਾਉਣ ਲਈ ਪਰਮੇਸ਼ੁਰ ਤੋਂ ਮਦਦ ਮੰਗੇ। ਮਿਸਾਲ ਲਈ, ਮੰਨ ਲਓ ਕਿ ਤੁਸੀਂ ਜਿਸ ਵਿਅਕਤੀ ਨਾਲ ਕੁਝ ਸਮੇਂ ਤੋਂ ਸਟੱਡੀ ਕਰ ਰਹੇ ਹੋ, ਉਸ ਨੂੰ ਕੁਝ ਦਿਨ-ਤਿਉਹਾਰ ਮਨਾਉਣੇ ਵਧੀਆ ਲੱਗਦੇ ਹਨ ਜਿਨ੍ਹਾਂ ਵਿਚ ਮਸੀਹੀਆਂ ਨੂੰ ਹਿੱਸਾ ਨਹੀਂ ਲੈਣਾ ਚਾਹੀਦਾ। ਉਸ ਨੂੰ ਪਤਾ ਹੈ ਕਿ ਇੱਦਾਂ ਕਰਨਾ ਗ਼ਲਤ ਹੈ, ਪਰ ਉਸ ਨੂੰ ਇਨ੍ਹਾਂ ਦੀਆਂ ਕੁਝ ਗੱਲਾਂ ਵਧੀਆ ਲੱਗਦੀਆਂ ਹਨ। ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਦਿਲ ਦੀ ਛੋਟੀ ਤੋਂ ਛੋਟੀ ਗੱਲ ਵੀ ਯਹੋਵਾਹ ਨੂੰ ਦੱਸੇ ਅਤੇ ਉਨ੍ਹਾਂ ਚੀਜ਼ਾਂ ਨੂੰ ਪਿਆਰ ਕਰਨ ਵਿਚ ਮਦਦ ਲਈ ਤਰਲੇ ਕਰੇ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ।—ਜ਼ਬੂ. 97:10.

ਬਾਈਬਲ ਵਿਦਿਆਰਥੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ (ਪੈਰਾ 13 ਦੇਖੋ)

13. (ੳ) ਜਿੰਨੀ ਛੇਤੀ ਹੋ ਸਕੇ, ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਭਾ ’ਤੇ ਆਉਣ ਦਾ ਸੱਦਾ ਕਿਉਂ ਦੇਣਾ ਚਾਹੀਦਾ ਹੈ? (ਅ) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਵਿਦਿਆਰਥੀ ਨੂੰ ਕਿੰਗਡਮ ਹਾਲ ਵਿਚ ਆ ਕੇ ਓਪਰਾ ਨਾ ਲੱਗੇ?

13 ਜਿੰਨੀ ਛੇਤੀ ਹੋ ਸਕੇ, ਆਪਣੇ ਬਾਈਬਲ ਵਿਦਿਆਰਥੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ। ਸਭਾਵਾਂ ਵਿਚ ਵਿਦਿਆਰਥੀ ਜੋ ਸੁਣਦਾ ਅਤੇ ਦੇਖਦਾ ਹੈ, ਉਸ ਦਾ ਉਸ ਦੇ ਦਿਲ ’ਤੇ ਗਹਿਰਾ ਅਸਰ ਪੈ ਸਕਦਾ ਹੈ ਅਤੇ ਤਰੱਕੀ ਕਰਨ ਵਿਚ ਉਸ ਦੀ ਮਦਦ ਹੋ ਸਕਦੀ ਹੈ। ਉਸ ਨੂੰ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦਿਖਾਓ ਅਤੇ ਸਭਾ ’ਤੇ ਆਉਣ ਦਾ ਸੱਦਾ ਦਿਓ। ਜੇ ਹੋ ਸਕੋ, ਤਾਂ ਸਭਾ ’ਤੇ ਆਉਣ ਵਿਚ ਉਸ ਦੀ ਮਦਦ ਕਰੋ। ਵਧੀਆ ਹੋਵੇਗਾ ਕਿ ਤੁਸੀਂ ਅਲੱਗ-ਅਲੱਗ ਪ੍ਰਚਾਰਕਾਂ ਨੂੰ ਆਪਣੇ ਨਾਲ ਸਟੱਡੀ ’ਤੇ ਲੈ ਕੇ ਜਾਓ। ਇਸ ਤਰੀਕੇ ਨਾਲ ਤੁਹਾਡਾ ਵਿਦਿਆਰਥੀ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ਨੂੰ ਜਾਣ ਸਕੇਗਾ ਅਤੇ ਸਭਾਵਾਂ ’ਤੇ ਆ ਕੇ ਉਸ ਨੂੰ ਓਪਰਾ ਨਹੀਂ ਲੱਗੇਗਾ।

ਤਰੱਕੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ

14. ਇਕ ਵਿਦਿਆਰਥੀ ਨੂੰ ਤਰੱਕੀ ਕਰਨ ਲਈ ਕਿਹੜੀ ਗੱਲ ਪ੍ਰੇਰਿਤ ਕਰ ਸਕਦੀ ਹੈ?

14 ਸਾਡਾ ਟੀਚਾ ਹੈ ਕਿ ਅਸੀਂ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਕਰੀਏ। (ਅਫ਼. 4:13) ਜਦੋਂ ਕੋਈ ਬਾਈਬਲ ਦੀ ਸਟੱਡੀ ਕਰਨ ਲਈ ਮੰਨ ਜਾਂਦਾ ਹੈ, ਤਾਂ ਉਸ ਨੂੰ ਸ਼ਾਇਦ ਇਸ ਗੱਲ ਵਿਚ ਖ਼ਾਸ ਦਿਲਚਸਪੀ ਹੋਵੇ ਕਿ ਸਟੱਡੀ ਕਰਨ ਨਾਲ ਉਸ ਨੂੰ ਕੀ ਫ਼ਾਇਦਾ ਹੋਵੇਗਾ। ਪਰ ਯਹੋਵਾਹ ਨਾਲ ਪਿਆਰ ਗੂੜ੍ਹਾ ਹੋਣ ਕਰਕੇ ਉਹ ਸ਼ਾਇਦ ਸੋਚਣ ਲੱਗ ਪਵੇ ਕਿ ਉਹ ਦੂਜਿਆਂ ਦੀ ਕਿਵੇਂ ਮਦਦ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਵੀ ਜੋ ਪਹਿਲਾਂ ਹੀ ਮੰਡਲੀ ਦਾ ਹਿੱਸਾ ਹਨ। (ਮੱਤੀ 22:37-39) ਸਹੀ ਸਮੇਂ ਤੁਸੀਂ ’ਤੇ ਉਸ ਨੂੰ ਇਹ ਦੱਸਣ ਤੋਂ ਨਾ ਝਿਜਕੋ ਕਿ ਉਹ ਰਾਜ ਦੇ ਕੰਮਾਂ ਲਈ ਦਾਨ ਵੀ ਦੇ ਸਕਦਾ ਹੈ।

ਆਪਣੇ ਵਿਦਿਆਰਥੀ ਨੂੰ ਸਿਖਾਓ ਕਿ ਮੁਸ਼ਕਲਾਂ ਖੜ੍ਹੀਆਂ ਹੋਣ ’ਤੇ ਕੀ ਕਰਨਾ ਚਾਹੀਦਾ ਹੈ (ਪੈਰਾ 15 ਦੇਖੋ)

15. ਮੁਸ਼ਕਲ ਖੜ੍ਹੀ ਹੋਣ ’ਤੇ ਅਸੀਂ ਆਪਣੇ ਬਾਈਬਲ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ?

15 ਆਪਣੇ ਬਾਈਬਲ ਵਿਦਿਆਰਥੀ ਨੂੰ ਸਿਖਾਓ ਕਿ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦਾ ਹੈ। ਮਿਸਾਲ ਲਈ, ਮੰਨ ਲਓ ਤੁਹਾਡਾ ਵਿਦਿਆਰਥੀ, ਜੋ ਕਿ ਬਪਤਿਸਮਾ-ਰਹਿਤ ਪ੍ਰਚਾਰਕ ਹੈ, ਤੁਹਾਨੂੰ ਦੱਸਦਾ ਹੈ ਕਿ ਮੰਡਲੀ ਵਿਚ ਉਸ ਨੂੰ ਕਿਸੇ ਵਿਅਕਤੀ ਤੋਂ ਠੋਕਰ ਲੱਗੀ ਹੈ। ਕਿਸੇ ਦਾ ਪੱਖ ਲੈਣ ਦੀ ਬਜਾਇ ਉਸ ਨੂੰ ਦੱਸੋ ਕਿ ਬਾਈਬਲ ਮੁਤਾਬਕ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਹ ਉਸ ਨੂੰ ਮਾਫ਼ ਕਰ ਸਕਦਾ ਹੈ, ਪਰ ਜੇ ਉਹ ਇਸ ਮਸਲੇ ਨੂੰ ਨਹੀਂ ਭੁਲਾ ਸਕਦਾ, ਤਾਂ ਉਸ ਨੂੰ ਸੁਲ੍ਹਾ ਕਰਨ ਦੇ ਮਕਸਦ ਨਾਲ ਉਸ ਵਿਅਕਤੀ ਨਾਲ ਪਿਆਰ ਤੇ ਨਰਮਾਈ ਨਾਲ ਗੱਲ ਕਰਨੀ ਚਾਹੀਦੀ ਹੈ। (ਮੱਤੀ 18:15 ਵਿਚ ਨੁਕਤਾ ਦੇਖੋ।) ਸਲੀਕੇ ਨਾਲ ਗੱਲਬਾਤ ਕਰਨ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰੋ। JW ਲਾਇਬ੍ਰੇਰੀ® ਐਪ, ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਅਤੇ jw.org/pa® ਦੀ ਵਰਤੋਂ ਕਰਨ ਵਿਚ ਉਸ ਦੀ ਮਦਦ ਕਰੋ ਤਾਂਕਿ ਉਹ ਮੁਸ਼ਕਲ ਦਾ ਹੱਲ ਲੱਭ ਸਕੇ। ਬਪਤਿਸਮੇ ਤੋਂ ਪਹਿਲਾਂ ਜਿੰਨੀ ਜ਼ਿਆਦਾ ਉਸ ਨੂੰ ਸਿਖਲਾਈ ਮਿਲੇਗੀ, ਬਾਅਦ ਵਿਚ ਉੱਨਾ ਜ਼ਿਆਦਾ ਭੈਣਾਂ-ਭਰਾਵਾਂ ਨਾਲ ਉਸ ਦਾ ਰਿਸ਼ਤਾ ਵਧੀਆ ਬਣੇਗਾ।

16. ਦੂਜੇ ਪ੍ਰਚਾਰਕਾਂ ਨੂੰ ਆਪਣੀ ਸਟੱਡੀ ’ਤੇ ਲੈ ਕੇ ਜਾਣ ਦੇ ਕੀ ਫ਼ਾਇਦੇ ਹੋ ਸਕਦੇ ਹਨ?

16 ਭੈਣਾਂ-ਭਰਾਵਾਂ ਨੂੰ ਅਤੇ ਸਫ਼ਰੀ ਨਿਗਾਹਬਾਨ ਨੂੰ ਉਸ ਦੇ ਦੌਰੇ ਦੌਰਾਨ ਸਟੱਡੀ ’ਤੇ ਨਾਲ ਲੈ ਕੇ ਜਾਓ। ਕਿਉਂ? ਜਿੱਦਾਂ ਪਹਿਲਾਂ ਗੱਲ ਕੀਤੀ ਗਈ ਸੀ, ਮੰਡਲੀ ਦੇ ਦੂਸਰੇ ਪ੍ਰਚਾਰਕ ਤੁਹਾਡੇ ਵਿਦਿਆਰਥੀ ਦੀ ਉਨ੍ਹਾਂ ਗੱਲਾਂ ਵਿਚ ਮਦਦ ਕਰ ਸਕਦੇ ਹਨ ਜਿਨ੍ਹਾਂ ਵਿਚ ਸ਼ਾਇਦ ਤੁਸੀਂ ਨਾ ਕਰ ਪਾਓ। ਮਿਸਾਲ ਲਈ, ਤੁਹਾਡਾ ਵਿਦਿਆਰਥੀ ਸਿਗਰਟ ਛੱਡਣੀ ਚਾਹੁੰਦਾ ਹੈ, ਪਰ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਇਸ ਨੂੰ ਛੱਡ ਨਹੀਂ ਕਰ ਪਾ ਰਿਹਾ। ਅਜਿਹੇ ਗਵਾਹ ਨੂੰ ਸਟੱਡੀ ’ਤੇ ਲੈ ਕੇ ਜਾਓ ਜਿਸ ਨੇ ਕਈ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਸ ਆਦਤ ਤੋਂ ਛੁਟਕਾਰਾ ਪਾਇਆ। ਉਹ ਭੈਣ-ਭਰਾ ਸ਼ਾਇਦ ਕੁਝ ਅਜਿਹੇ ਫ਼ਾਇਦੇਮੰਦ ਸੁਝਾਅ ਦੇਵੇ ਜਿਸ ਨਾਲ ਵਿਦਿਆਰਥੀ ਦੀ ਮਦਦ ਹੋ ਸਕਦੀ ਹੈ। ਜੇ ਤੁਸੀਂ ਕਿਸੇ ਤਜਰਬੇਕਾਰ ਭੈਣ ਜਾਂ ਭਰਾ ਦੇ ਸਾਮ੍ਹਣੇ ਸਟੱਡੀ ਕਰਾਉਣ ਲਈ ਝਿਜਕਦੇ ਹੋ, ਤਾਂ ਉਸ ਮੌਕੇ ’ਤੇ ਉਸ ਭੈਣ ਜਾਂ ਭਰਾ ਨੂੰ ਹੀ ਸਟੱਡੀ ਕਰਾਉਣ ਲਈ ਕਹੋ। ਜਦੋਂ ਤੁਸੀਂ ਦੂਜਿਆਂ ਨੂੰ ਆਪਣੇ ਨਾਲ ਸਟੱਡੀ ’ਤੇ ਲੈ ਕੇ ਜਾਂਦੇ ਹੋ, ਤਾਂ ਤੁਹਾਡੇ ਵਿਦਿਆਰਥੀ ਨੂੰ ਉਨ੍ਹਾਂ ਦੇ ਤਜਰਬੇ ਤੋਂ ਫ਼ਾਇਦਾ ਹੁੰਦਾ ਹੈ। ਯਾਦ ਰੱਖੋ ਕਿ ਸਾਡਾ ਇਹੀ ਮਕਸਦ ਹੈ ਕਿ ਵਿਦਿਆਰਥੀ ਸੱਚਾਈ ਵਿਚ ਤਰੱਕੀ ਕਰੇ।

ਕੀ ਮੈਨੂੰ ਸਟੱਡੀ ਬੰਦ ਕਰਨੀ ਚਾਹੀਦੀ ਹੈ?

17-18. ਸਟੱਡੀ ਬੰਦ ਕਰਨ ਦਾ ਫ਼ੈਸਲਾ ਕਰਦੇ ਵੇਲੇ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

17 ਜੇ ਤੁਹਾਡਾ ਵਿਦਿਆਰਥੀ ਤਰੱਕੀ ਨਹੀਂ ਕਰ ਰਿਹਾ, ਤਾਂ ਇਕ ਮੌਕੇ ’ਤੇ ਆ ਕੇ ਤੁਹਾਨੂੰ ਖ਼ੁਦ ਤੋਂ ਇਹ ਸਵਾਲ ਪੁੱਛਣਾ ਪਵੇ, ‘ਕੀ ਮੈਨੂੰ ਸਟੱਡੀ ਬੰਦ ਕਰ ਦੇਣੀ ਚਾਹੀਦੀ ਹੈ?’ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਵਿਦਿਆਰਥੀ ਦੀਆਂ ਕਾਬਲੀਅਤਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਕੁਝ ਲੋਕ ਤਰੱਕੀ ਕਰਨ ਵਿਚ ਸ਼ਾਇਦ ਦੂਜਿਆਂ ਨਾਲੋਂ ਜ਼ਿਆਦਾ ਸਮਾਂ ਲਗਾਉਣ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰਾ ਵਿਦਿਆਰਥੀ ਆਪਣੇ ਹਾਲਾਤਾਂ ਮੁਤਾਬਕ ਤਰੱਕੀ ਕਰ ਰਿਹਾ ਹੈ?’ ‘ਕੀ ਉਹ ਸਿੱਖੀਆਂ ਗੱਲਾਂ ਦੀ “ਪਾਲਣਾ” ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ?’ (ਮੱਤੀ 28:20) ਸ਼ਾਇਦ ਇਕ ਵਿਦਿਆਰਥੀ ਹੌਲੀ-ਹੌਲੀ ਤਰੱਕੀ ਕਰੇ, ਪਰ ਉਸ ਨੂੰ ਲਗਾਤਾਰ ਬਦਲਾਅ ਕਰਨ ਦੀ ਲੋੜ ਹੈ।

18 ਪਰ ਉਸ ਵਿਅਕਤੀ ਬਾਰੇ ਕੀ ਜਿਸ ਨਾਲ ਤੁਸੀਂ ਕਾਫ਼ੀ ਸਮੇਂ ਤੋਂ ਸਟੱਡੀ ਕਰ ਰਹੇ ਹੋ, ਪਰ ਉਹ ਥੋੜ੍ਹੀ-ਬਹੁਤੀ ਜਾਂ ਬਿਲਕੁਲ ਵੀ ਤਰੱਕੀ ਨਹੀਂ ਕਰ ਰਿਹਾ? ਜ਼ਰਾ ਇਕ ਮਿਸਾਲ ’ਤੇ ਗੌਰ ਕਰੋ: ਤੁਸੀਂ ਆਪਣੇ ਵਿਦਿਆਰਥੀ ਨੂੰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਤੋਂ ਸਟੱਡੀ ਕਰਵਾ ਦਿੱਤੀ ਹੈ ਅਤੇ ਪਰਮੇਸ਼ੁਰ ਨਾਲ ਪਿਆਰ ਕਿਤਾਬ ਤੋਂ ਵੀ ਸਟੱਡੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ, ਪਰ ਉਹ ਹਾਲੇ ਤਕ ਇਕ ਵੀ ਸਭਾ ਵਿਚ ਨਹੀਂ ਆਇਆ ਇੱਥੋਂ ਤਕ ਕਿ ਮੈਮੋਰੀਅਲ ’ਤੇ ਵੀ ਨਹੀਂ। ਨਾਲੇ ਉਹ ਅਕਸਰ ਗ਼ੈਰ-ਜ਼ਰੂਰੀ ਕੰਮਾਂ ਕਰਕੇ ਸਟੱਡੀ ਨਹੀਂ ਕਰਦਾ। ਇੱਦਾਂ ਦੇ ਹਾਲਾਤਾਂ ਵਿਚ ਤੁਹਾਨੂੰ ਉਸ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। *

19. ਤੁਸੀਂ ਉਸ ਵਿਅਕਤੀ ਨੂੰ ਕੀ ਕਹਿ ਸਕਦੇ ਹੋ ਜੋ ਬਾਈਬਲ ਤੋਂ ਸਿੱਖੀਆਂ ਗੱਲਾਂ ਦੀ ਕਦਰ ਨਹੀਂ ਕਰਦਾ ਅਤੇ ਤੁਹਾਨੂੰ ਕਿਹੜੀ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ?

19 ਤੁਸੀਂ ਸ਼ਾਇਦ ਉਸ ਨੂੰ ਪੁੱਛੋ, ‘ਯਹੋਵਾਹ ਦਾ ਗਵਾਹ ਬਣਨ ਵਿਚ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ?’ ਵਿਦਿਆਰਥੀ ਸ਼ਾਇਦ ਕਹੇ, ‘ਮੈਨੂੰ ਸਟੱਡੀ ਕਰਨੀ ਤਾਂ ਪਸੰਦ ਹੈ, ਪਰ ਮੈਂ ਕਦੇ ਵੀ ਯਹੋਵਾਹ ਦਾ ਗਵਾਹ ਨਹੀਂ ਬਣਾਂਗਾ!’ ਪਰ ਜੇ ਕੁਝ ਦੇਰ ਸਟੱਡੀ ਕਰਨ ਤੋਂ ਬਾਅਦ ਵੀ ਉਹ ਇਸ ਤਰ੍ਹਾਂ ਹੀ ਸੋਚਦਾ ਹੈ, ਤਾਂ ਕੀ ਤੁਹਾਨੂੰ ਉਸ ਨਾਲ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ? ਦੂਜੇ ਪਾਸੇ, ਤੁਹਾਡਾ ਵਿਦਿਆਰਥੀ ਸ਼ਾਇਦ ਪਹਿਲੀ ਵਾਰ ਦੱਸੇ ਕਿ ਤਰੱਕੀ ਕਰਨ ਵਿਚ ਕਿਹੜੀ ਗੱਲ ਉਸ ਨੂੰ ਰੋਕ ਰਹੀ ਹੈ। ਮਿਸਾਲ ਲਈ, ਉਸ ਨੂੰ ਸ਼ਾਇਦ ਲੱਗਦਾ ਹੋਵੇ ਕਿ ਉਹ ਕਦੇ ਵੀ ਘਰ-ਘਰ ਪ੍ਰਚਾਰ ਨਹੀਂ ਕਰ ਸਕਦਾ। ਉਸ ਦੀਆਂ ਭਾਵਨਾਵਾਂ ਜਾਣ ਕੇ ਹੁਣ ਤੁਸੀਂ ਉਸ ਦੀ ਹੋਰ ਵਧੀਆ ਤਰੀਕੇ ਨਾਲ ਮਦਦ ਕਰ ਸਕੋਗੇ।

ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ’ਤੇ ਸਮਾਂ ਬਰਬਾਦ ਨਾ ਕਰੋ (ਪੈਰਾ 20 ਦੇਖੋ)

20. ਰਸੂਲਾਂ ਦੇ ਕੰਮ 13:48 ਸਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਕਰਦਾ ਹੈ ਕਿ ਸਾਨੂੰ ਕਿਸੇ ਵਿਅਕਤੀ ਨਾਲ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ?

20 ਦੁੱਖ ਦੀ ਗੱਲ ਹੈ ਕਿ ਕੁਝ ਵਿਦਿਆਰਥੀ ਹਿਜ਼ਕੀਏਲ ਦੇ ਜ਼ਮਾਨੇ ਦੇ ਇਜ਼ਰਾਈਲੀਆਂ ਵਾਂਗ ਹੁੰਦੇ ਹਨ। ਯਹੋਵਾਹ ਨੇ ਉਨ੍ਹਾਂ ਬਾਰੇ ਹਿਜ਼ਕੀਏਲ ਨੂੰ ਕਿਹਾ: “ਵੇਖ, ਤੂੰ ਉਨ੍ਹਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਨ੍ਹਾਂ ਤੇ ਤੁਰਦੇ ਨਹੀਂ।” (ਹਿਜ਼. 33:32) ਸ਼ਾਇਦ ਸਾਨੂੰ ਵਿਦਿਆਰਥੀ ਨੂੰ ਦੱਸਣਾ ਔਖਾ ਲੱਗੇ ਕਿ ਅਸੀਂ ਉਸ ਨਾਲ ਸਟੱਡੀ ਨਹੀਂ ਕਰ ਸਕਦੇ। ਪਰ “ਸਮਾਂ ਥੋੜ੍ਹਾ ਰਹਿ ਗਿਆ ਹੈ।” (1 ਕੁਰਿੰ. 7:29) ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ’ਤੇ ਸਮਾਂ ਬਰਬਾਦ ਕਰਨ ਦੀ ਬਜਾਇ ਸਾਨੂੰ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਲੋੜ ਹੈ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ।—ਰਸੂਲਾਂ ਦੇ ਕੰਮ 13:48 ਪੜ੍ਹੋ।

ਤੁਹਾਡੇ ਇਲਾਕੇ ਵਿਚ ਸ਼ਾਇਦ ਅਜਿਹੇ ਲੋਕ ਹੋਣ ਜੋ ਮਦਦ ਲਈ ਪ੍ਰਾਰਥਨਾ ਕਰ ਰਹੇ ਹੋਣ (ਪੈਰਾ 20 ਦੇਖੋ)

21. ਸਾਲ 2020 ਲਈ ਬਾਈਬਲ ਦਾ ਹਵਾਲਾ ਕੀ ਹੈ ਅਤੇ ਇਹ ਸਾਡੀ ਕੀ ਕਰਨ ਵਿਚ ਮਦਦ ਕਰੇਗਾ?

21 ਸਾਲ 2020 ਦੌਰਾਨ ਬਾਈਬਲ ਦਾ ਹਵਾਲਾ ਚੇਲੇ ਬਣਾਉਣ ਦੇ ਕੰਮ ਵਿਚ ਸੁਧਾਰ ਲਿਆਉਣ ਵਿਚ ਸਾਡੀ ਮਦਦ ਕਰੇਗਾ। ਇਸ ਵਿਚ ਯਿਸੂ ਦੁਆਰਾ ਗਲੀਲ ਦੇ ਪਹਾੜ ’ਤੇ ਉਸ ਅਹਿਮ ਮੌਕੇ ਦੌਰਾਨ ਕਹੇ ਸ਼ਬਦ ਸ਼ਾਮਲ ਹਨ: ‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’ਮੱਤੀ 28:19.

ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਸੁਧਾਰ ਕਰਾਂਗੇ ਅਤੇ ਆਪਣੇ ਵਿਦਿਆਰਥੀਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਾਂਗੇ (ਪੈਰਾ 21 ਦੇਖੋ)

ਗੀਤ 44 ਖ਼ੁਸ਼ੀ ਨਾਲ ਵਾਢੀ ਕਰੋ

^ ਪੈਰਾ 6 2020 ਲਈ ਬਾਈਬਲ ਦਾ ਹਵਾਲਾ ਸਾਨੂੰ ਸਾਰਿਆਂ ਨੂੰ ‘ਚੇਲੇ ਬਣਾਉਣ’ ਦੀ ਹੱਲਾਸ਼ੇਰੀ ਦਿੰਦਾ ਹੈ। ਇਹ ਹੁਕਮ ਯਹੋਵਾਹ ਦੇ ਸਾਰੇ ਸੇਵਕਾਂ ’ਤੇ ਲਾਗੂ ਹੁੰਦਾ ਹੈ। ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹਾਂ ਤਾਂਕਿ ਉਹ ਮਸੀਹ ਦੇ ਚੇਲੇ ਬਣ ਸਕਣ? ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਦੇ ਹੋਰ ਨੇੜੇ ਜਾਣ ਵਿਚ ਅਸੀਂ ਆਪਣੇ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਸਾਨੂੰ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ।

^ ਪੈਰਾ 18 ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ ਨਾਂ ਦੀ ਵੀਡੀਓ ਦੇਖੋ। JW ਲਾਇਬ੍ਰੇਰੀ® ’ਤੇ ਜਾਓ ਅਤੇ OUR MEETING AND MINISTRY > IMPROVING OUR SKILLS ਹੇਠਾਂ ਦੇਖੋ।