Skip to content

Skip to table of contents

ਅਧਿਐਨ ਲੇਖ 6

ਸਾਡਾ ਪਿਤਾ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ

ਸਾਡਾ ਪਿਤਾ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ

“ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ।’”—ਮੱਤੀ 6:9.

ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ

ਖ਼ਾਸ ਗੱਲਾਂ *

1. ਫ਼ਾਰਸ ਦੇ ਰਾਜੇ ਕੋਲ ਜਾਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਸੀ?

ਕਲਪਨਾ ਕਰੋ ਕਿ 2,500 ਸਾਲ ਪਹਿਲਾਂ ਤੁਸੀਂ ਫ਼ਾਰਸ ਵਿਚ ਰਹਿ ਰਹੇ ਹੋ। ਤੁਸੀਂ ਦੇਸ਼ ਦੇ ਰਾਜੇ ਨਾਲ ਇਕ ਮਸਲੇ ਬਾਰੇ ਗੱਲ ਕਰਨੀ ਚਾਹੁੰਦੇ ਹੋ। ਸੋ ਤੁਸੀਂ ਸ਼ੂਸ਼ਨ ਨਾਂ ਦੇ ਸ਼ਾਹੀ ਸ਼ਹਿਰ ਨੂੰ ਜਾਂਦੇ ਹੋ। ਤੁਸੀਂ ਰਾਜੇ ਦੀ ਇਜਾਜ਼ਤ ਤੋਂ ਬਿਨਾਂ ਉਸ ਨਾਲ ਗੱਲ ਕਰਨ ਬਾਰੇ ਸੋਚੋਗੇ ਵੀ ਨਹੀਂ। ਬਗੈਰ ਇਜਾਜ਼ਤ ਉਸ ਦੇ ਸਾਮ੍ਹਣੇ ਪੇਸ਼ ਹੋਣ ਨਾਲ ਤੁਹਾਡੀ ਜਾਨ ਜਾ ਸਕਦੀ ਹੈ!—ਅਸ. 4:11.

2. ਅਸੀਂ ਯਹੋਵਾਹ ਨਾਲ ਗੱਲ ਕਰਨ ਬਾਰੇ ਕਿਵੇਂ ਮਹਿਸੂਸ ਕਰ ਸਕਦੇ ਹਾਂ?

2 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਉਸ ਫ਼ਾਰਸ ਦੇ ਰਾਜੇ ਵਰਗਾ ਨਹੀਂ ਹੈ! ਯਹੋਵਾਹ ਕਿਸੇ ਵੀ ਇਨਸਾਨੀ ਹਾਕਮ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ, ਪਰ ਉਹ ਸਾਨੂੰ ਆਪਣੇ ਨਾਲ ਗੱਲ ਕਰਨ ਦਾ ਖੁੱਲ੍ਹਾ ਸੱਦਾ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਬਿਨਾਂ ਝਿਜਕੇ ਗੱਲ ਕਰੀਏ। ਮਿਸਾਲ ਲਈ, ਯਹੋਵਾਹ ਸਾਨੂੰ “ਪਿਤਾ” ਕਹਿਣ ਦਾ ਸੱਦਾ ਦਿੰਦਾ ਹੈ ਭਾਵੇਂ ਕਿ ਉਸ ਦੇ ਇਹ ਸ਼ਾਨਦਾਰ ਖ਼ਿਤਾਬ ਹਨ, ਜਿਵੇਂ ਕਿ ਮਹਾਨ ਸ੍ਰਿਸ਼ਟੀਕਰਤਾ, ਕਾਇਨਾਤ ਦਾ ਮਾਲਕ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ। (ਮੱਤੀ 6:9) ਇਹ ਕਿੰਨੀ ਦਿਲ ਛੂਹਣ ਵਾਲੀ ਗੱਲ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਅਜਿਹਾ ਨਜ਼ਦੀਕੀ ਰਿਸ਼ਤਾ ਰੱਖੀਏ!

3. ਅਸੀਂ ਯਹੋਵਾਹ ਨੂੰ “ਪਿਤਾ” ਕਿਉਂ ਕਹਿੰਦੇ ਹਾਂ ਅਤੇ ਇਸ ਲੇਖ ਵਿਚ ਕਿਸ ਗੱਲ ’ਤੇ ਚਰਚਾ ਕੀਤੀ ਜਾਵੇਗੀ?

3 ਸਾਡੀ ਜ਼ਿੰਦਗੀ ਦਾ ਸੋਮਾ ਹੋਣ ਕਰਕੇ ਯਹੋਵਾਹ ਨੂੰ “ਪਿਤਾ” ਕਹਿਣਾ ਸਹੀ ਹੈ। (ਜ਼ਬੂ. 36:9) ਉਹ ਸਾਡਾ ਪਿਤਾ ਹੈ ਜਿਸ ਕਰਕੇ ਉਸ ਦਾ ਕਹਿਣਾ ਮੰਨਣਾ ਸਾਡੀ ਜ਼ਿੰਮੇਵਾਰੀ ਹੈ। ਉਸ ਦਾ ਕਹਿਣਾ ਮੰਨਣ ਕਰਕੇ ਸਾਨੂੰ ਸ਼ਾਨਦਾਰ ਬਰਕਤਾਂ ਮਿਲਣਗੀਆਂ। (ਇਬ. 12:9) ਇਨ੍ਹਾਂ ਬਰਕਤਾਂ ਵਿਚ ਹਮੇਸ਼ਾ ਦੀ ਜ਼ਿੰਦਗੀ ਸ਼ਾਮਲ ਹੈ, ਚਾਹੇ ਇਹ ਸਵਰਗ ਵਿਚ ਹੋਵੇ ਜਾਂ ਧਰਤੀ ’ਤੇ। ਅਸੀਂ ਹੁਣ ਵੀ ਬਰਕਤਾਂ ਦਾ ਆਨੰਦ ਮਾਣਦੇ ਹਾਂ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਯਹੋਵਾਹ ਇਕ ਪਿਆਰੇ ਪਿਤਾ ਵਜੋਂ ਹੁਣ ਕਿਵੇਂ ਕੰਮ ਕਰਦਾ ਹੈ ਅਤੇ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਭਵਿੱਖ ਵਿਚ ਵੀ ਸਾਨੂੰ ਕਦੇ ਨਹੀਂ ਤਿਆਗੇਗਾ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ।

ਯਹੋਵਾਹ ਪਿਆਰ ਅਤੇ ਪਰਵਾਹ ਕਰਨ ਵਾਲਾ ਪਿਤਾ ਹੈ

ਯਹੋਵਾਹ ਸਾਡੇ ਨੇੜੇ ਆਉਣਾ ਚਾਹੁੰਦਾ ਹੈ ਜਿਵੇਂ ਇਕ ਪਰਵਾਹ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਦੇ ਨੇੜੇ ਆਉਣਾ ਚਾਹੁੰਦਾ ਹੈ (ਪੈਰਾ 4 ਦੇਖੋ)

4. ਕੁਝ ਲੋਕਾਂ ਲਈ ਯਹੋਵਾਹ ਨੂੰ ਆਪਣੇ ਪਿਤਾ ਵਜੋਂ ਵਿਚਾਰਨਾ ਔਖਾ ਕਿਉਂ ਹੈ?

4 ਕੀ ਤੁਹਾਡੇ ਲਈ ਪਰਮੇਸ਼ੁਰ ਨੂੰ ਇਕ ਪਿਤਾ ਵਜੋਂ ਵਿਚਾਰਨਾ ਮੁਸ਼ਕਲ ਹੈ? ਕੁਝ ਸ਼ਾਇਦ ਯਹੋਵਾਹ ਸਾਮ੍ਹਣੇ ਆਪਣੇ ਆਪ ਨੂੰ ਛੋਟਾ ਤੇ ਤੁੱਛ ਸਮਝਣ। ਉਹ ਸ਼ੱਕ ਕਰਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨਿੱਜੀ ਤੌਰ ਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਪਰ ਸਾਡਾ ਪਿਆਰਾ ਪਿਤਾ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਸੋਚੀਏ। ਉਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਰਿਸ਼ਤਾ ਕਾਇਮ ਕਰੀਏ। ਇਹ ਸੱਚਾਈ ਦੱਸਣ ਤੋਂ ਬਾਅਦ ਪੌਲੁਸ ਰਸੂਲ ਨੇ ਐਥਿਨਜ਼ ਵਿਚ ਆਪਣੇ ਸੁਣਨ ਵਾਲਿਆਂ ਨੂੰ ਸਮਝਾਇਆ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:24-29) ਯਹੋਵਾਹ ਚਾਹੁੰਦਾ ਹੈ ਕਿ ਸਾਡੇ ਵਿੱਚੋਂ ਹਰੇਕ ਜਣਾ ਉਸ ਕੋਲ ਇੱਦਾਂ ਜਾਵੇ ਜਿੱਦਾਂ ਇਕ ਬੱਚਾ ਆਪਣੇ ਪਿਆਰ ਤੇ ਪਰਵਾਹ ਕਰਨ ਵਾਲੇ ਪਿਤਾ ਕੋਲ ਜਾਂਦਾ ਹੈ।

5. ਅਸੀਂ ਇਕ ਮਸੀਹੀ ਭੈਣ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?

5 ਦੂਸਰਿਆਂ ਲਈ ਸ਼ਾਇਦ ਯਹੋਵਾਹ ਨੂੰ ਆਪਣੇ ਪਿਤਾ ਵਜੋਂ ਵਿਚਾਰਨਾ ਔਖਾ ਹੋਵੇ ਕਿਉਂਕਿ ਉਨ੍ਹਾਂ ਦੇ ਆਪਣੇ ਪਿਤਾ ਨੇ ਉਨ੍ਹਾਂ ਨੂੰ ਬਹੁਤ ਘੱਟ ਜਾਂ ਬਿਲਕੁਲ ਵੀ ਪਿਆਰ ਨਹੀਂ ਦਿਖਾਇਆ। ਗੌਰ ਕਰੋ ਕਿ ਇਕ ਮਸੀਹੀ ਭੈਣ ਕੀ ਕਹਿੰਦੀ ਹੈ। “ਮੇਰੇ ਡੈਡੀ ਮੈਨੂੰ ਬਹੁਤ ਬੁਰਾ-ਭਲਾ ਕਹਿੰਦੇ ਸਨ। ਜਦੋਂ ਮੈਂ ਪਹਿਲਾਂ-ਪਹਿਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੇਰੇ ਲਈ ਸਵਰਗੀ ਪਿਤਾ ਦੇ ਨੇੜੇ ਮਹਿਸੂਸ ਕਰਨਾ ਬਹੁਤ ਮੁਸ਼ਕਲ ਸੀ। ਪਰ ਯਹੋਵਾਹ ਨੂੰ ਜਾਣਨ ਤੋਂ ਬਾਅਦ ਸਾਰਾ ਕੁਝ ਬਦਲ ਗਿਆ।” ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਭਰੋਸਾ ਰੱਖੋ ਕਿ ਤੁਸੀਂ ਵੀ ਮਹਿਸੂਸ ਕਰ ਸਕੋਗੇ ਕਿ ਯਹੋਵਾਹ ਸਭ ਤੋਂ ਵਧੀਆ ਪਿਤਾ ਹੈ।

6. ਮੱਤੀ 11:27 ਮੁਤਾਬਕ ਕਿਹੜੇ ਇਕ ਤਰੀਕੇ ਰਾਹੀਂ ਯਹੋਵਾਹ ਨੇ ਸਾਡੀ ਇਹ ਜਾਣਨ ਵਿਚ ਮਦਦ ਕੀਤੀ ਕਿ ਉਹ ਸਾਡਾ ਪਿਆਰਾ ਪਿਤਾ ਹੈ?

6 ਬਾਈਬਲ ਵਿਚ ਦਰਜ ਯਿਸੂ ਦੇ ਸ਼ਬਦਾਂ ਤੇ ਕੰਮਾਂ ਰਾਹੀਂ ਯਹੋਵਾਹ ਨੇ ਸਾਡੀ ਇਹ ਜਾਣਨ ਵਿਚ ਮਦਦ ਕੀਤੀ ਕਿ ਉਹ ਸਾਡਾ ਪਿਆਰਾ ਪਿਤਾ ਹੈ। (ਮੱਤੀ 11:27 ਪੜ੍ਹੋ।) ਯਿਸੂ ਨੇ ਆਪਣੇ ਪਿਤਾ ਦੀ ਸ਼ਖ਼ਸੀਅਤ ਦੀ ਇੰਨੇ ਵਧੀਆ ਤਰੀਕੇ ਨਾਲ ਰੀਸ ਕੀਤੀ ਕਿ ਉਹ ਕਹਿ ਸਕਿਆ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ. 14:9) ਯਿਸੂ ਨੇ ਅਕਸਰ ਯਹੋਵਾਹ ਦੀ ਪਿਤਾ ਵਜੋਂ ਭੂਮਿਕਾ ਬਾਰੇ ਗੱਲ ਕੀਤੀ। ਯਿਸੂ ਨੇ ਚਾਰ ਇੰਜੀਲਾਂ ਵਿਚ ਹੀ ਬਹੁਤ ਵਾਰੀ ਯਹੋਵਾਹ ਲਈ “ਪਿਤਾ” ਸ਼ਬਦ ਵਰਤਿਆ। ਯਿਸੂ ਨੇ ਯਹੋਵਾਹ ਬਾਰੇ ਇੰਨੀ ਗੱਲ ਕਿਉਂ ਕੀਤੀ? ਇਕ ਕਾਰਨ ਇਹ ਸੀ ਕਿ ਉਹ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਯਹੋਵਾਹ ਇਕ ਪਿਆਰਾ ਪਿਤਾ ਹੈ।—ਯੂਹੰ. 17:25, 26.

7. ਆਪਣੇ ਪੁੱਤਰ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

7 ਗੌਰ ਕਰੋ ਕਿ ਯਹੋਵਾਹ ਦੇ ਆਪਣੇ ਪੁੱਤਰ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ। ਯਹੋਵਾਹ ਨੇ ਹਮੇਸ਼ਾ ਆਪਣੇ ਪੁੱਤਰ ਦੀਆਂ ਪ੍ਰਾਰਥਨਾਵਾਂ ਸੁਣੀਆਂ। ਉਸ ਨੇ ਯਿਸੂ ਦੀਆਂ ਪ੍ਰਾਰਥਨਾਵਾਂ ਸਿਰਫ਼ ਸੁਣੀਆਂ ਹੀ ਨਹੀਂ, ਸਗੋਂ ਉਨ੍ਹਾਂ ਦਾ ਜਵਾਬ ਵੀ ਦਿੱਤਾ। (ਯੂਹੰ. 11:41, 42) ਚਾਹੇ ਯਿਸੂ ਨੇ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਪਰ ਉਸ ਨੇ ਹਮੇਸ਼ਾ ਆਪਣੇ ਪਿਤਾ ਦਾ ਪਿਆਰ ਤੇ ਸਾਥ ਮਹਿਸੂਸ ਕੀਤਾ।—ਲੂਕਾ 22:42, 43.

8. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਦੇਖ-ਭਾਲ ਕੀਤੀ?

8 ਯਿਸੂ ਨੇ ਇਹ ਗੱਲ ਮੰਨੀ ਕਿ ਯਹੋਵਾਹ ਹੀ ਉਸ ਦੀ ਜ਼ਿੰਦਗੀ ਦਾ ਸੋਮਾ ਅਤੇ ਪਾਲਣਹਾਰ ਸੀ ਜਦੋਂ ਉਸ ਨੇ ਕਿਹਾ: “ਮੈਂ ਪਿਤਾ ਕਰਕੇ ਜੀਉਂਦਾ ਹਾਂ।” (ਯੂਹੰ. 6:57) ਯਿਸੂ ਨੇ ਪੂਰੀ ਤਰ੍ਹਾਂ ਆਪਣੇ ਪਿਤਾ ’ਤੇ ਭਰੋਸਾ ਰੱਖਿਆ ਅਤੇ ਯਹੋਵਾਹ ਨੇ ਉਸ ਦੀਆਂ ਭੌਤਿਕ ਲੋੜਾਂ ਪੂਰੀਆਂ ਕੀਤੀਆਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਯਹੋਵਾਹ ਨੇ ਉਸ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ।—ਮੱਤੀ 4:4.

9. ਯਹੋਵਾਹ ਨੇ ਇਕ ਪਿਤਾ ਵਜੋਂ ਯਿਸੂ ਲਈ ਪਿਆਰ ਤੇ ਪਰਵਾਹ ਕਿਵੇਂ ਦਿਖਾਈ?

9 ਇਕ ਪਿਆਰੇ ਪਿਤਾ ਵਜੋਂ ਯਹੋਵਾਹ ਨੇ ਯਿਸੂ ਨੂੰ ਯਕੀਨ ਦਿਵਾਇਆ ਕਿ ਉਹ ਉਸ ਦੇ ਨਾਲ ਸੀ। (ਮੱਤੀ 26:53; ਯੂਹੰ. 8:16) ਭਾਵੇਂ ਕਿ ਯਹੋਵਾਹ ਨੇ ਯਿਸੂ ਨੂੰ ਹਰ ਨੁਕਸਾਨ ਤੋਂ ਨਹੀਂ ਬਚਾਇਆ, ਪਰ ਉਸ ਨੇ ਅਜ਼ਮਾਇਸ਼ਾਂ ਸਹਿਣ ਵਿਚ ਯਿਸੂ ਦੀ ਮਦਦ ਕੀਤੀ। ਯਿਸੂ ਜਾਣਦਾ ਸੀ ਕਿ ਉਸ ਨੂੰ ਜਿਹੜਾ ਵੀ ਦੁੱਖ ਸਹਿਣਾ ਪੈਣਾ ਸੀ, ਉਹ ਥੋੜ੍ਹੇ ਚਿਰ ਲਈ ਸੀ। (ਇਬ. 12:2) ਯਹੋਵਾਹ ਨੇ ਯਿਸੂ ਦੀਆਂ ਗੱਲਾਂ ਸੁਣ ਕੇ, ਉਸ ਦੀਆਂ ਲੋੜਾਂ ਪੂਰੀਆਂ ਕਰ ਕੇ, ਉਸ ਨੂੰ ਸਿਖਲਾਈ ਦੇ ਕੇ ਅਤੇ ਉਸ ਦਾ ਸਾਥ ਦੇ ਕੇ ਸਾਬਤ ਕੀਤਾ ਕਿ ਉਹ ਯਿਸੂ ਦੀ ਪਰਵਾਹ ਕਰਦਾ ਸੀ। (ਯੂਹੰ. 5:20; 8:28) ਆਓ ਹੁਣ ਆਪਾਂ ਦੇਖੀਏ ਕਿ ਸਾਡਾ ਸਵਰਗੀ ਪਿਤਾ ਕਿਵੇਂ ਸਾਡੀ ਵੀ ਇਸੇ ਤਰੀਕੇ ਨਾਲ ਪਰਵਾਹ ਕਰਦਾ ਹੈ।

ਸਾਡਾ ਸਵਰਗੀ ਪਿਤਾ ਸਾਡੀ ਪਰਵਾਹ ਕਿਵੇਂ ਕਰਦਾ ਹੈ?

ਇਕ ਪਿਆਰ ਕਰਨ ਵਾਲਾ ਪਿਤਾ (1) ਆਪਣੇ ਬੱਚਿਆਂ ਦੀ ਗੱਲ ਸੁਣਦਾ ਹੈ, (2) ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, (3) ਉਨ੍ਹਾਂ ਨੂੰ ਸਿਖਲਾਈ ਦਿੰਦਾ ਹੈ ਅਤੇ (4) ਉਨ੍ਹਾਂ ਦੀ ਰਾਖੀ ਕਰਦਾ ਹੈ। ਸਾਡਾ ਪਿਆਰਾ ਸਵਰਗੀ ਪਿਤਾ ਵੀ ਇਸੇ ਤਰ੍ਹਾਂ ਸਾਡੀ ਪਰਵਾਹ ਕਰਦਾ ਹੈ (ਪੈਰੇ 10-15 ਦੇਖੋ) *

10. ਜ਼ਬੂਰ 66:19, 20 ਅਨੁਸਾਰ ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ?

10 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂਰ 66:19, 20 ਪੜ੍ਹੋ।) ਉਸ ਨੇ ਸਾਡੀਆਂ ਪ੍ਰਾਰਥਨਾਵਾਂ ’ਤੇ ਕੋਈ ਬੰਦਸ਼ ਨਹੀਂ ਲਾਈ ਹੈ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਅਕਸਰ ਪ੍ਰਾਰਥਨਾ ਕਰੀਏ। (1 ਥੱਸ. 5:17) ਅਸੀਂ ਆਦਰਮਈ ਤਰੀਕੇ ਨਾਲ ਕਦੀ ਵੀ ਤੇ ਕਿਤੇ ਵੀ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਇੱਦਾਂ ਕਦੀ ਵੀ ਨਹੀਂ ਹੁੰਦਾ ਕਿ ਉਸ ਕੋਲ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਵਿਹਲ ਨਾ ਹੋਵੇ। ਉਹ ਹਮੇਸ਼ਾ ਧਿਆਨ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਜਦੋਂ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ, ਤਾਂ ਉਸ ਲਈ ਸਾਡਾ ਪਿਆਰ ਹੋਰ ਵੱਧ ਜਾਂਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ।”—ਜ਼ਬੂ. 116:1.

11. ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?

11 ਸਾਡਾ ਪਿਤਾ ਸਾਡੀਆਂ ਪ੍ਰਾਰਥਨਾਵਾਂ ਸਿਰਫ਼ ਸੁਣਦਾ ਹੀ ਨਹੀਂ, ਸਗੋਂ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ। ਯੂਹੰਨਾ ਰਸੂਲ ਸਾਨੂੰ ਭਰੋਸਾ ਦਿਵਾਉਂਦਾ ਹੈ: “ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰ. 5:14, 15) ਯਹੋਵਾਹ ਸ਼ਾਇਦ ਉਸ ਤਰੀਕੇ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਾ ਦੇਵੇ ਜਿਵੇਂ ਅਸੀਂ ਉਮੀਦ ਕਰਦੇ ਹਾਂ। ਉਹ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਇਸ ਲਈ ਕਈ ਵਾਰ ਉਸ ਦਾ ਜਵਾਬ ਨਾਂਹ ਵਿਚ ਹੁੰਦਾ ਹੈ ਜਾਂ ਉਹ ਚਾਹੁੰਦਾ ਹੈ ਕਿ ਅਸੀਂ ਇੰਤਜ਼ਾਰ ਕਰੀਏ।—2 ਕੁਰਿੰ. 12:7-9.

12-13. ਸਾਡਾ ਸਵਰਗੀ ਪਿਤਾ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ?

12 ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ। ਯਹੋਵਾਹ ਇਕ ਪਿਤਾ ਤੋਂ ਜੋ ਮੰਗ ਕਰਦਾ ਹੈ, ਉਹ ਆਪ ਵੀ ਉਹੀ ਕਰਦਾ ਹੈ। (1 ਤਿਮੋ. 5:8) ਉਹ ਆਪਣੇ ਬੱਚਿਆਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਰੋਟੀ, ਕੱਪੜੇ ਜਾਂ ਮਕਾਨ ਬਾਰੇ ਚਿੰਤਾ ਕਰੀਏ। (ਮੱਤੀ 6:32, 33; 7:11) ਇਕ ਪਿਆਰੇ ਪਿਤਾ ਵਜੋਂ ਯਹੋਵਾਹ ਨੇ ਭਵਿੱਖ ਵਿਚ ਵੀ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਹੈ।

13 ਸਭ ਤੋਂ ਅਹਿਮ ਹੈ ਕਿ ਯਹੋਵਾਹ ਆਪਣੇ ਨਾਲ ਵਧੀਆ ਰਿਸ਼ਤਾ ਜੋੜਨ ਲਈ ਸਾਨੂੰ ਸਭ ਕੁਝ ਦਿੰਦਾ ਹੈ। ਆਪਣੇ ਬਚਨ ਰਾਹੀਂ ਉਸ ਨੇ ਆਪਣੇ ਬਾਰੇ, ਆਪਣੇ ਮਕਸਦ ਬਾਰੇ, ਸਾਡੀ ਜ਼ਿੰਦਗੀ ਦੇ ਮਕਸਦ ਬਾਰੇ ਅਤੇ ਭਵਿੱਖ ਬਾਰੇ ਸੱਚਾਈ ਦੱਸੀ ਹੈ। ਉਸ ਨੇ ਸਾਡੇ ਵੱਲ ਨਿੱਜੀ ਤੌਰ ਤੇ ਉਦੋਂ ਧਿਆਨ ਦਿੱਤਾ ਜਦੋਂ ਉਸ ਨੇ ਪਹਿਲੀ ਵਾਰ ਸਾਡੇ ਮਾਪਿਆਂ ਰਾਹੀਂ ਜਾਂ ਕਿਸੇ ਹੋਰ ਭੈਣ ਜਾਂ ਭਰਾ ਰਾਹੀਂ ਆਪਣੇ ਬਾਰੇ ਸਿੱਖਣ ਵਿਚ ਮਦਦ ਕੀਤੀ ਸੀ। ਨਾਲੇ ਮੰਡਲੀ ਦੇ ਪਿਆਰ ਕਰਨ ਵਾਲੇ ਬਜ਼ੁਰਗਾਂ ਤੇ ਹੋਰ ਸਮਝਦਾਰ ਭੈਣਾਂ-ਭਰਾਵਾਂ ਰਾਹੀਂ ਲਗਾਤਾਰ ਸਾਡੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਮਸੀਹੀ ਸਭਾਵਾਂ ਰਾਹੀਂ ਵੀ ਸਾਨੂੰ ਸਿਖਲਾਈ ਦਿੰਦਾ ਹੈ ਜਿੱਥੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਸਿੱਖਿਆ ਲੈਂਦੇ ਹਾਂ। ਇਨ੍ਹਾਂ ਤੇ ਹੋਰ ਤਰੀਕਿਆਂ ਨਾਲ ਯਹੋਵਾਹ ਪਿਤਾ ਵਜੋਂ ਸਾਡੇ ਸਾਰਿਆਂ ਵਿਚ ਦਿਲਚਸਪੀ ਲੈਂਦਾ ਹੈ।—ਜ਼ਬੂ. 32:8.

14. ਯਹੋਵਾਹ ਸਾਨੂੰ ਸਿਖਲਾਈ ਕਿਉਂ ਅਤੇ ਕਿਵੇਂ ਦਿੰਦਾ ਹੈ?

14 ਯਹੋਵਾਹ ਸਿਖਲਾਈ ਦਿੰਦਾ ਹੈ। ਯਿਸੂ ਤੋਂ ਉਲਟ, ਅਸੀਂ ਪਾਪੀ ਹਾਂ। ਇਸ ਲਈ ਸਿਖਲਾਈ ਦੇਣ ਲਈ ਸਾਡਾ ਪਿਆਰਾ ਪਿਤਾ ਲੋੜ ਪੈਣ ’ਤੇ ਸਾਨੂੰ ਅਨੁਸ਼ਾਸਨ ਦਿੰਦਾ ਹੈ। ਉਸ ਦਾ ਬਚਨ ਸਾਨੂੰ ਯਾਦ ਕਰਾਉਂਦਾ ਹੈ: “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ।” (ਇਬ. 12:6, 7) ਯਹੋਵਾਹ ਸਾਨੂੰ ਬਹੁਤ ਸਾਰੇ ਤਰੀਕਿਆਂ ਨਾਲ ਅਨੁਸ਼ਾਸਨ ਦਿੰਦਾ ਹੈ। ਮਿਸਾਲ ਲਈ, ਸ਼ਾਇਦ ਉਸ ਦੇ ਬਚਨ ਵਿੱਚੋਂ ਕੁਝ ਪੜ੍ਹ ਕੇ ਜਾਂ ਸਭਾਵਾਂ ਵਿਚ ਅਜਿਹਾ ਕੁਝ ਸੁਣ ਕੇ ਸਾਨੂੰ ਅਹਿਸਾਸ ਹੋਇਆ ਹੋਵੇ ਕਿ ਸਾਨੂੰ ਆਪਣੀ ਸੋਚ ਤੇ ਕੰਮਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਜਾਂ ਸ਼ਾਇਦ ਸਾਨੂੰ ਬਜ਼ੁਰਗਾਂ ਤੋਂ ਲੋੜੀਂਦੀ ਮਦਦ ਮਿਲੀ ਹੋਵੇ। ਚਾਹੇ ਯਹੋਵਾਹ ਸਾਨੂੰ ਜਿਸ ਮਰਜ਼ੀ ਤਰੀਕੇ ਨਾਲ ਅਨੁਸ਼ਾਸਨ ਦੇਵੇ, ਪਰ ਉਹ ਹਮੇਸ਼ਾ ਪਿਆਰ ਕਰਕੇ ਸਾਨੂੰ ਅਨੁਸ਼ਾਸਨ ਦਿੰਦਾ ਹੈ।—ਯਿਰ. 30:11.

15. ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਰਾਖੀ ਕਰਦਾ ਹੈ?

15 ਯਹੋਵਾਹ ਅਜ਼ਮਾਇਸ਼ਾਂ ਵਿਚ ਸਾਡਾ ਸਾਥ ਦਿੰਦਾ ਹੈ। ਜਿਸ ਤਰ੍ਹਾਂ ਇਕ ਪਿਤਾ ਮੁਸ਼ਕਲ ਸਮਿਆਂ ਦੌਰਾਨ ਆਪਣੇ ਬੱਚਿਆਂ ਦਾ ਸਾਥ ਦਿੰਦਾ ਹੈ, ਉਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਅਜ਼ਮਾਇਸ਼ਾਂ ਵਿਚ ਸਾਨੂੰ ਸੰਭਾਲਦਾ ਹੈ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਸ਼ਕਤੀ ਸਾਡੀ ਹਰ ਉਸ ਚੀਜ਼ ਤੋਂ ਰਾਖੀ ਕਰਦੀ ਹੈ ਜਿਸ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। (ਲੂਕਾ 11:13) ਯਹੋਵਾਹ ਨਿਰਾਸ਼ਾ ਭਰੇ ਸਮਿਆਂ ਵਿਚ ਵੀ ਸਾਡੀ ਰਾਖੀ ਕਰਦਾ ਹੈ। ਮਿਸਾਲ ਲਈ, ਉਹ ਸਾਨੂੰ ਇਕ ਸ਼ਾਨਦਾਰ ਉਮੀਦ ਦਿੰਦਾ ਹੈ। ਭਵਿੱਖ ਲਈ ਇਹ ਉਮੀਦ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕਰਦੀ ਹੈ। ਜ਼ਰਾ ਇਸ ਗੱਲ ’ਤੇ ਗੌਰ ਕਰੋ: ਚਾਹੇ ਸਾਡੇ ਨਾਲ ਜੋ ਮਰਜ਼ੀ ਬੁਰਾ ਹੋਵੇ, ਪਰ ਸਾਡਾ ਸਵਰਗੀ ਪਿਤਾ ਇਸ ਦੇ ਅਸਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। ਅਸੀਂ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਾਂ, ਉਹ ਸਿਰਫ਼ ਪਲ ਭਰ ਲਈ ਹਨ, ਪਰ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਹਮੇਸ਼ਾ ਰਹਿਣਗੀਆਂ।—2 ਕੁਰਿੰ. 4:16-18.

ਸਾਡਾ ਪਿਤਾ ਸਾਨੂੰ ਕਦੇ ਨਹੀਂ ਤਿਆਗੇਗਾ

16. ਆਦਮ ਦੁਆਰਾ ਆਪਣੇ ਪਿਆਰੇ ਪਿਤਾ ਦੀ ਅਣਆਗਿਆਕਾਰੀ ਕਰਨ ਦਾ ਕੀ ਨਤੀਜਾ ਨਿਕਲਿਆ?

16 ਆਦਮ ਦੀ ਅਣਆਗਿਆਕਾਰੀ ਤੋਂ ਬਾਅਦ ਯਹੋਵਾਹ ਨੇ ਜੋ ਕੀਤਾ, ਉਸ ਤੋਂ ਅਸੀਂ ਉਸ ਦੇ ਪਿਆਰ ਦਾ ਸਬੂਤ ਦੇਖ ਸਕਦੇ ਹਾਂ। ਆਪਣੇ ਸਵਰਗੀ ਪਿਤਾ ਦੀ ਅਣਆਗਿਆਕਾਰੀ ਕਰਕੇ ਆਦਮ ਨੇ ਯਹੋਵਾਹ ਦੇ ਖ਼ੁਸ਼ਹਾਲ ਪਰਿਵਾਰ ਵਿਚ ਆਪਣੇ ਅਤੇ ਆਪਣੀ ਸੰਤਾਨ ਲਈ ਜਗ੍ਹਾ ਗੁਆ ਲਈ। (ਰੋਮੀ. 5:12; 7:14) ਪਰ ਯਹੋਵਾਹ ਨੇ ਮਦਦ ਲਈ ਆਪਣਾ ਹੱਥ ਵਧਾਇਆ।

17. ਆਦਮ ਦੀ ਬਗਾਵਤ ਤੋਂ ਬਾਅਦ ਯਹੋਵਾਹ ਨੇ ਉਸੇ ਵੇਲੇ ਕੀ ਪ੍ਰਬੰਧ ਕੀਤਾ?

17 ਯਹੋਵਾਹ ਨੇ ਆਦਮ ਨੂੰ ਸਜ਼ਾ ਦਿੱਤੀ, ਪਰ ਉਸ ਨੇ ਆਦਮ ਦੀ ਅਣਜੰਮੀ ਔਲਾਦ ਨੂੰ ਉਮੀਦ ਦਿੱਤੀ। ਉਸ ਨੇ ਉਸੇ ਵੇਲੇ ਵਾਅਦਾ ਕੀਤਾ ਕਿ ਉਹ ਆਗਿਆਕਾਰ ਇਨਸਾਨਾਂ ਨੂੰ ਆਪਣੇ ਪਰਿਵਾਰ ਵਿਚ ਵਾਪਸ ਲਿਆਵੇਗਾ। (ਉਤ. 3:15; ਰੋਮੀ. 8:20, 21) ਯਹੋਵਾਹ ਨੇ ਇਹ ਪ੍ਰਬੰਧ ਆਪਣੇ ਪਿਆਰੇ ਪੁੱਤਰ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਕੀਤਾ। ਸਾਡੀ ਖ਼ਾਤਰ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਆਪਣੇ ਬੇਹੱਦ ਪਿਆਰ ਦਾ ਸਬੂਤ ਦਿੱਤਾ।—ਯੂਹੰ. 3:16.

ਜੇ ਅਸੀਂ ਯਹੋਵਾਹ ਤੋਂ ਦੂਰ ਹੋ ਗਏ ਹਾਂ, ਤਾਂ ਸਾਡੇ ਵੱਲੋਂ ਦਿਲੋਂ ਪਛਤਾਵਾ ਕਰਨ ਕਰਕੇ ਸਾਡਾ ਪਿਆਰਾ ਪਿਤਾ ਸਾਨੂੰ ਖ਼ੁਸ਼ੀ-ਖ਼ੁਸ਼ੀ ਮੁੜ ਸਵੀਕਾਰ ਕਰੇਗਾ (ਪੈਰਾ 18 ਦੇਖੋ)

18. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਤੋਂ ਦੂਰ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਆਪਣੇ ਬੱਚੇ ਸਮਝਦਾ ਹੈ?

18 ਭਾਵੇਂ ਕਿ ਅਸੀਂ ਨਾਮੁਕੰਮਲ ਹਾਂ, ਫਿਰ ਵੀ ਯਹੋਵਾਹ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਅਤੇ ਉਹ ਸਾਨੂੰ ਕਦੇ ਵੀ ਬੋਝ ਨਹੀਂ ਸਮਝਦਾ। ਅਸੀਂ ਸ਼ਾਇਦ ਯਹੋਵਾਹ ਨੂੰ ਨਿਰਾਸ਼ ਕਰੀਏ ਜਾਂ ਥੋੜ੍ਹੇ ਸਮੇਂ ਲਈ ਉਸ ਤੋਂ ਦੂਰ ਚਲੇ ਜਾਈਏ, ਪਰ ਉਹ ਸਾਡੇ ਵਾਪਸ ਆਉਣ ਦੀ ਉਮੀਦ ਕਦੇ ਨਹੀਂ ਛੱਡਦਾ। ਯਿਸੂ ਨੇ ਗੁਆਚੇ ਹੋਏ ਪੁੱਤਰ ਦੀ ਕਹਾਣੀ ਵਰਤ ਕੇ ਸਮਝਾਇਆ ਕਿ ਯਹੋਵਾਹ ਇਕ ਪਿਤਾ ਵਜੋਂ ਸਾਡੀ ਕਿੰਨੀ ਪਰਵਾਹ ਕਰਦਾ ਹੈ। (ਲੂਕਾ 15:11-32) ਇਸ ਕਹਾਣੀ ਵਿਚ ਪਿਤਾ ਨੇ ਆਪਣੇ ਪੁੱਤਰ ਦੇ ਵਾਪਸ ਮੁੜਨ ਦੀ ਉਮੀਦ ਕਦੇ ਨਹੀਂ ਛੱਡੀ। ਪੁੱਤਰ ਦੇ ਵਾਪਸ ਆਉਣ ’ਤੇ ਪਿਤਾ ਨੇ ਖ਼ੁਸ਼ੀ-ਖ਼ੁਸ਼ੀ ਉਸ ਦਾ ਸੁਆਗਤ ਕੀਤਾ। ਜੇ ਅਸੀਂ ਯਹੋਵਾਹ ਤੋਂ ਦੂਰ ਹੋ ਗਏ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਡੇ ਵੱਲੋਂ ਦਿਲੋਂ ਪਛਤਾਵਾ ਕਰਨ ਕਰਕੇ ਸਾਡਾ ਪਿਆਰਾ ਪਿਤਾ ਵੀ ਸਾਨੂੰ ਖ਼ੁਸ਼ੀ-ਖ਼ੁਸ਼ੀ ਮੁੜ ਸਵੀਕਾਰ ਕਰੇਗਾ।

19. ਯਹੋਵਾਹ ਆਦਮ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਕਿਵੇਂ ਕਰੇਗਾ?

19 ਸਾਡਾ ਪਿਤਾ ਯਹੋਵਾਹ ਆਦਮ ਵੱਲੋਂ ਕੀਤੇ ਹਰ ਨੁਕਸਾਨ ਦੀ ਭਰਪਾਈ ਕਰੇਗਾ। ਆਦਮ ਦੀ ਬਗਾਵਤ ਤੋਂ ਬਾਅਦ ਯਹੋਵਾਹ ਨੇ ਮਨੁੱਖਜਾਤੀ ਵਿੱਚੋਂ 1,44,000 ਜਣਿਆਂ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ ਜੋ ਸਵਰਗ ਵਿਚ ਉਸ ਦੇ ਪੁੱਤਰ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ। ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਨਵੀਂ ਦੁਨੀਆਂ ਵਿਚ ਆਗਿਆਕਾਰ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਜਦੋਂ ਉਹ ਆਪਣੀ ਆਗਿਆਕਾਰੀ ਦੀ ਆਖ਼ਰੀ ਪਰੀਖਿਆ ਪਾਰ ਕਰ ਲੈਣਗੇ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਫਿਰ ਧਰਤੀ ਨੂੰ ਆਪਣੇ ਮੁਕੰਮਲ ਪੁੱਤਰ-ਧੀਆਂ ਨਾਲ ਭਰੀ ਦੇਖ ਕੇ ਸਾਡਾ ਪਿਤਾ ਖ਼ੁਸ਼ ਹੋਵੇਗਾ। ਉਹ ਕਿੰਨਾ ਹੀ ਸ਼ਾਨਦਾਰ ਸਮਾਂ ਹੋਵੇਗਾ!

20. (ੳ) ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਹੈ ਕਿ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

20 ਯਹੋਵਾਹ ਨੇ ਦਿਖਾਇਆ ਹੈ ਕਿ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਉਹ ਸਭ ਤੋਂ ਵਧੀਆ ਪਿਤਾ ਹੈ। ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਸਾਨੂੰ ਉਹ ਚੀਜ਼ਾਂ ਵੀ ਦਿੰਦਾ ਹੈ ਜਿਨ੍ਹਾਂ ਨਾਲ ਅਸੀਂ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਾਂ। ਉਹ ਸਾਨੂੰ ਸਿਖਲਾਈ ਦਿੰਦਾ ਹੈ ਅਤੇ ਸਾਡਾ ਸਾਥ ਦਿੰਦਾ ਹੈ। ਉਹ ਭਵਿੱਖ ਵਿਚ ਸਾਨੂੰ ਸ਼ਾਨਦਾਰ ਬਰਕਤਾਂ ਵੀ ਦੇਵੇਗਾ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਕਿ ਸਾਡਾ ਪਿਤਾ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ! ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਉਸ ਦੇ ਬੱਚਿਆਂ ਵਜੋਂ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਉਸ ਦੇ ਪਿਆਰ ਲਈ ਕਦਰ ਦਿਖਾ ਸਕਦੇ ਹਾਂ।

ਗੀਤ 18 ਰੱਬ ਦਾ ਸੱਚਾ ਪਿਆਰ

^ ਪੈਰਾ 5 ਅਸੀਂ ਅਕਸਰ ਸੋਚਦੇ ਹਾਂ ਕਿ ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਅਤੇ ਸਰਬਸ਼ਕਤੀਮਾਨ ਰਾਜਾ ਹੈ। ਪਰ ਸਾਡੇ ਕੋਲ ਇਹ ਸੋਚਣ ਦੇ ਚੰਗੇ ਕਾਰਨ ਹਨ ਕਿ ਉਹ ਇਕ ਪਿਆਰ ਕਰਨ ਵਾਲਾ ਅਤੇ ਪਰਵਾਹ ਕਰਨ ਵਾਲਾ ਪਿਤਾ ਹੈ। ਇਸ ਲੇਖ ਵਿਚ ਅਸੀਂ ਇਨ੍ਹਾਂ ਕਾਰਨਾਂ ’ਤੇ ਗੌਰ ਕਰਾਂਗੇ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਦੇ ਨਹੀਂ ਤਿਆਗੇਗਾ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਚਾਰਾਂ ਤਸਵੀਰਾਂ ਵਿਚ ਇਕ ਪਿਤਾ ਨੂੰ ਆਪਣੇ ਬੱਚੇ ਨਾਲ ਦਿਖਾਇਆ ਗਿਆ ਹੈ: ਇਕ ਪਿਤਾ ਆਪਣੇ ਪੁੱਤਰ ਦੀ ਗੱਲ ਧਿਆਨ ਨਾਲ ਸੁਣਦਾ ਹੋਇਆ, ਇਕ ਪਿਤਾ ਆਪਣੀ ਧੀ ਦੀ ਮਦਦ ਕਰਦਾ ਹੋਇਆ, ਇਕ ਪਿਤਾ ਆਪਣੇ ਪੁੱਤਰ ਨੂੰ ਸਿਖਲਾਈ ਦਿੰਦਾ ਹੋਇਆ ਅਤੇ ਇਕ ਪਿਤਾ ਆਪਣੇ ਪੁੱਤਰ ਨੂੰ ਦਿਲਾਸਾ ਦਿੰਦਾ ਹੋਇਆ। ਇਨ੍ਹਾਂ ਚਾਰੇ ਤਸਵੀਰਾਂ ਪਿੱਛੇ ਬਣਾਏ ਯਹੋਵਾਹ ਦੇ ਹੱਥ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਵੀ ਇਸੇ ਤਰ੍ਹਾਂ ਸਾਡੀ ਪਰਵਾਹ ਕਰਦਾ ਹੈ।