Skip to content

Skip to table of contents

ਅਧਿਐਨ ਲੇਖ 7

ਅਸੀਂ ਆਪਣੇ ਪਿਤਾ ਯਹੋਵਾਹ ਨੂੰ ਬੇਹੱਦ ਪਿਆਰ ਕਰਦੇ ਹਾਂ

ਅਸੀਂ ਆਪਣੇ ਪਿਤਾ ਯਹੋਵਾਹ ਨੂੰ ਬੇਹੱਦ ਪਿਆਰ ਕਰਦੇ ਹਾਂ

“ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।”—1 ਯੂਹੰ. 4:19.

ਗੀਤ 23 ਯਹੋਵਾਹ ਸਾਡਾ ਬਲ

ਖ਼ਾਸ ਗੱਲਾਂ *

1-2. ਯਹੋਵਾਹ ਨੇ ਸਾਡੇ ਲਈ ਆਪਣੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਰਾਹ ਕਿਉਂ ਅਤੇ ਕਿਵੇਂ ਖੋਲ੍ਹਿਆ ਹੈ?

ਯਹੋਵਾਹ ਨੇ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਇਹ ਸੱਦਾ ਕਿੰਨਾ ਹੀ ਸ਼ਾਨਦਾਰ ਹੈ! ਇਸ ਪਰਿਵਾਰ ਵਿਚ ਉਹ ਲੋਕ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਹੈ ਤੇ ਜੋ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਦਿਖਾਉਂਦੇ ਹਨ। ਅਸੀਂ ਖ਼ੁਸ਼ਹਾਲ ਪਰਿਵਾਰ ਦਾ ਹਿੱਸਾ ਹਾਂ। ਅਸੀਂ ਹੁਣ ਇਕ ਮਕਸਦ ਭਰੀ ਜ਼ਿੰਦਗੀ ਜੀ ਰਹੇ ਹਾਂ ਅਤੇ ਅਸੀਂ ਹਮੇਸ਼ਾ ਲਈ ਜੀਉਣ ਦੀ ਉਮੀਦ ਕਰਕੇ ਖ਼ੁਸ਼ ਹਾਂ ਚਾਹੇ ਇਹ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਸੋਹਣੀ ਧਰਤੀ ’ਤੇ ਰਹਿਣ ਦੀ।

2 ਯਹੋਵਾਹ ਨੇ ਪਿਆਰ ਕਰਕੇ ਅਤੇ ਵੱਡੀ ਕੀਮਤ ਦੇ ਕੇ ਸਾਡੇ ਲਈ ਆਪਣੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਰਾਹ ਖੋਲ੍ਹਿਆ ਹੈ। (ਯੂਹੰ. 3:16) ਸਾਨੂੰ “ਵੱਡੀ ਕੀਮਤ ਚੁੱਕਾ ਕੇ ਖ਼ਰੀਦਿਆ ਗਿਆ ਹੈ।” (1 ਕੁਰਿੰ. 6:20) ਯਹੋਵਾਹ ਨੇ ਰਿਹਾਈ ਦੀ ਕੀਮਤ ਦੇ ਜ਼ਰੀਏ ਸਾਡੇ ਲਈ ਉਸ ਨਾਲ ਨਜ਼ਦੀਕੀ ਰਿਸ਼ਤਾ ਬਣਾਉਣਾ ਮੁਮਕਿਨ ਕੀਤਾ ਹੈ। ਸਾਡੇ ਕੋਲ ਪੂਰੀ ਕਾਇਨਾਤ ਦੇ ਮਾਲਕ ਨੂੰ ਪਿਤਾ ਕਹਿਣ ਦਾ ਸਨਮਾਨ ਹੈ। ਨਾਲੇ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਯਹੋਵਾਹ ਸਭ ਤੋਂ ਵਧੀਆ ਪਿਤਾ ਹੈ।

3. ਅਸੀਂ ਸ਼ਾਇਦ ਖ਼ੁਦ ਤੋਂ ਕਿਹੜੇ ਸਵਾਲ ਪੁੱਛੀਏ? (“ ਕੀ ਯਹੋਵਾਹ ਮੇਰੇ ਵੱਲ ਧਿਆਨ ਦਿੰਦਾ ਹੈ?” ਨਾਂ ਦੀ ਡੱਬੀ ਦੇਖੋ।)

3 ਬਾਈਬਲ ਦੇ ਇਕ ਲਿਖਾਰੀ ਵਾਂਗ ਅਸੀਂ ਸ਼ਾਇਦ ਪੁੱਛੀਏ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਅਸਲ ਵਿਚ, ਅਸੀਂ ਆਪਣੇ ਸਵਰਗੀ ਪਿਤਾ ਨੂੰ ਕਦੇ ਵੀ ਕੁਝ ਮੋੜ ਨਹੀਂ ਸਕਦੇ। ਫਿਰ ਵੀ ਅਸੀਂ ਉਸ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।” (1 ਯੂਹੰ. 4:19) ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਆਪਣੇ ਸਵਰਗੀ ਪਿਤਾ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ?

ਯਹੋਵਾਹ ਦੇ ਨੇੜੇ ਰਹੋ

ਪ੍ਰਾਰਥਨਾ ਵਿਚ ਯਹੋਵਾਹ ਦੇ ਨੇੜੇ ਰਹਿ ਕੇ, ਉਸ ਦਾ ਕਹਿਣਾ ਮੰਨ ਕੇ ਅਤੇ ਦੂਜਿਆਂ ਦੀ ਉਸ ਨੂੰ ਪਿਆਰ ਕਰਨ ਵਿਚ ਮਦਦ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਨੂੰ ਬੇਹੱਦ ਪਿਆਰ ਕਰਦੇ ਹਾਂ (ਪੈਰੇ 4-14 ਦੇਖੋ)

4. ਯਾਕੂਬ 4:8 ਮੁਤਾਬਕ ਯਹੋਵਾਹ ਦੇ ਨੇੜੇ ਜਾਣ ਲਈ ਸਾਨੂੰ ਮਿਹਨਤ ਕਿਉਂ ਕਰਨ ਦੀ ਲੋੜ ਹੈ?

4 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ ਅਤੇ ਉਸ ਨਾਲ ਗੱਲ ਕਰੀਏ। (ਯਾਕੂਬ 4:8 ਪੜ੍ਹੋ।) ਉਹ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ “ਪ੍ਰਾਰਥਨਾ ਕਰਨ ਵਿਚ ਲੱਗੇ” ਰਹੀਏ ਅਤੇ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਹਮੇਸ਼ਾ ਤਿਆਰ ਵੀ ਰਹਿੰਦਾ ਹੈ। (ਰੋਮੀ. 12:12) ਉਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਹ ਕਦੀ ਵੀ ਅੱਕਦਾ ਨਹੀਂ ਹੈ। ਅਸੀਂ ਉਸ ਦੇ ਬਚਨ ਬਾਈਬਲ ਅਤੇ ਇਸ ਨੂੰ ਸਮਝਾਉਣ ਵਾਲੇ ਪ੍ਰਕਾਸ਼ਨ ਪੜ੍ਹ ਕੇ ਉਸ ਦੀ ਗੱਲ ਸੁਣਦੇ ਹਾਂ। ਮਸੀਹੀ ਸਭਾਵਾਂ ਵਿਚ ਧਿਆਨ ਦੇ ਕੇ ਵੀ ਅਸੀਂ ਉਸ ਦੀ ਗੱਲ ਸੁਣਦੇ ਹਾਂ। ਜਿੱਦਾਂ ਹਰ ਰੋਜ਼ ਗੱਲਬਾਤ ਕਰਨ ਨਾਲ ਬੱਚੇ ਆਪਣੇ ਮਾਪਿਆਂ ਦੇ ਨੇੜੇ ਰਹਿੰਦੇ ਹਨ, ਉਸੇ ਤਰ੍ਹਾਂ ਯਹੋਵਾਹ ਨਾਲ ਹਰ ਰੋਜ਼ ਗੱਲ ਕਰਨ ਨਾਲ ਅਸੀਂ ਉਸ ਦੇ ਨੇੜੇ ਰਹਾਂਗੇ।

ਪੈਰਾ 5 ਦੇਖੋ

5. ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਿਵੇਂ ਕਰ ਸਕਦੇ ਹਾਂ?

5 ਜ਼ਰਾ ਸੋਚੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਕਿੱਦਾਂ ਦੀਆਂ ਹਨ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਆਪਣਾ ਦਿਲ ਖੋਲ੍ਹ ਦੇਈਏ। (ਜ਼ਬੂ. 62:8) ਸਾਨੂੰ ਖ਼ੁਦ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਕੀ ਮੇਰੀਆਂ ਪ੍ਰਾਰਥਨਾਵਾਂ ਕਾਪੀ ਕੀਤੇ ਹੋਏ ਮੈਸਿਜ ਵਾਂਗ ਹਨ ਜਾਂ ਦਿਲੋਂ ਲਿਖੀ ਇਕ ਚਿੱਠੀ ਵਾਂਗ?’ ਬਿਨਾਂ ਸ਼ੱਕ, ਤੁਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਸੀਂ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣਾ ਚਾਹੁੰਦੇ ਹੋ। ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਨਾਲ ਹਰ ਰੋਜ਼ ਗੱਲ ਕਰੋ। ਉਸ ਨੂੰ ਆਪਣੇ ਡੂੰਘੇ ਜਜ਼ਬਾਤ ਦੱਸੋ। ਉਸ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰੋ। ਭਰੋਸਾ ਰੱਖੋ ਕਿ ਤੁਸੀਂ ਮਦਦ ਲਈ ਉਸ ਕੋਲ ਜਾ ਸਕਦੇ ਹੋ।

6. ਆਪਣੇ ਸਵਰਗੀ ਪਿਤਾ ਦੇ ਨੇੜੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

6 ਆਪਣੇ ਸਵਰਗੀ ਪਿਤਾ ਦੇ ਨੇੜੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਉਸ ਦੇ ਸ਼ੁਕਰਗੁਜ਼ਾਰ ਰਹੀਏ। ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਨਾਲ ਸਹਿਮਤ ਹਾਂ ਜਿਸ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂ. 40:5) ਅਸੀਂ ਸਿਰਫ਼ ਮਨ ਹੀ ਮਨ ਵਿਚ ਸ਼ੁਕਰਗੁਜ਼ਾਰ ਨਹੀਂ ਹੁੰਦੇ, ਸਗੋਂ ਅਸੀਂ ਆਪਣੇ ਸ਼ਬਦਾਂ ਤੇ ਕੰਮਾਂ ਰਾਹੀਂ ਯਹੋਵਾਹ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਵੀ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਜ਼ਿਆਦਾਤਰ ਲੋਕਾਂ ਤੋਂ ਵੱਖਰੇ ਹਾਂ। ਅਸੀਂ ਇੱਦਾਂ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਜ਼ਿਆਦਾਤਰ ਲੋਕ ਪਰਮੇਸ਼ੁਰ ਵੱਲੋਂ ਕੀਤੇ ਕੰਮਾਂ ਲਈ ਸ਼ੁਕਰਗੁਜ਼ਾਰੀ ਨਹੀਂ ਦਿਖਾਉਂਦੇ। ਅਸਲ ਵਿਚ, ਇਹ ਰਵੱਈਆ ‘ਆਖ਼ਰੀ ਦਿਨਾਂ’ ਦੀ ਇਕ ਨਿਸ਼ਾਨੀ ਹੈ। (2 ਤਿਮੋ. 3:1, 2) ਆਓ ਆਪਾਂ ਇੱਦਾਂ ਦਾ ਰਵੱਈਆ ਕਦੇ ਵੀ ਨਾ ਅਪਣਾਈਏ!

7. ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਕਿਉਂ?

7 ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦੂਜਿਆਂ ਦੇ ਦੋਸਤ ਬਣਨ, ਨਾ ਕਿ ਝਗੜਾਲੂ। ਇਸੇ ਤਰ੍ਹਾਂ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਬੱਚੇ ਇਕ-ਦੂਜੇ ਨਾਲ ਮਿਲ ਕੇ ਰਹਿਣ। ਅਸਲ ਵਿਚ, ਸਾਡਾ ਆਪਸੀ ਪਿਆਰ ਜ਼ਾਹਰ ਕਰਦਾ ਹੈ ਕਿ ਅਸੀਂ ਸੱਚੇ ਮਸੀਹੀ ਹਾਂ। (ਯੂਹੰ. 13:35) ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹਾਂ ਜਿਸ ਨੇ ਲਿਖਿਆ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” (ਜ਼ਬੂ. 133:1) ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾ ਕੇ ਅਸੀਂ ਯਹੋਵਾਹ ਨੂੰ ਸਬੂਤ ਦਿੰਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (1 ਯੂਹੰ. 4:20) ਅਸੀਂ ਇੱਦਾਂ ਦੇ ਪਰਿਵਾਰ ਦਾ ਹਿੱਸਾ ਬਣ ਕੇ ਖ਼ੁਸ਼ ਹਾਂ ਜਿੱਥੇ ਸਾਰੇ ਜਣੇ “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼” ਆਉਂਦੇ ਹਨ!—ਅਫ਼. 4:32.

ਆਗਿਆਕਾਰ ਰਹਿ ਕੇ ਆਪਣਾ ਪਿਆਰ ਦਿਖਾਓ

ਪੈਰਾ 8 ਦੇਖੋ

8. ਪਹਿਲਾ ਯੂਹੰਨਾ 5:3 ਮੁਤਾਬਕ ਯਹੋਵਾਹ ਦਾ ਕਹਿਣਾ ਮੰਨਣ ਦਾ ਮੁੱਖ ਕਾਰਨ ਕੀ ਹੈ?

8 ਯਹੋਵਾਹ ਚਾਹੁੰਦਾ ਹੈ ਕਿ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ। (ਅਫ਼. 6:1) ਉਹ ਸਾਡੀ ਆਗਿਆਕਾਰੀ ਦਾ ਹੱਕਦਾਰ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ ਤੇ ਪਾਲਣਹਾਰ ਹੋਣ ਦੇ ਨਾਲ-ਨਾਲ ਕਿਸੇ ਵੀ ਇਨਸਾਨੀ ਪਿਤਾ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। ਪਰ ਯਹੋਵਾਹ ਦਾ ਕਹਿਣਾ ਮੰਨਣ ਦਾ ਮੁੱਖ ਕਾਰਨ ਹੈ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। (1 ਯੂਹੰਨਾ 5:3 ਪੜ੍ਹੋ।) ਭਾਵੇਂ ਕਿ ਯਹੋਵਾਹ ਦਾ ਕਹਿਣਾ ਮੰਨਣ ਦੇ ਬਹੁਤ ਸਾਰੇ ਕਾਰਨ ਹਨ, ਪਰ ਉਹ ਸਾਨੂੰ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਯਹੋਵਾਹ ਨੇ ਸਾਡੇ ਵਿਚ ਆਜ਼ਾਦ ਇੱਛਾ ਪਾਈ ਹੈ, ਇਸ ਲਈ ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਪਿਆਰ ਹੋਣ ਕਰਕੇ ਉਸ ਦਾ ਕਹਿਣਾ ਮੰਨਦੇ ਹਾਂ।

9-10. ਪਰਮੇਸ਼ੁਰ ਦੇ ਨਿਯਮਾਂ ਨੂੰ ਜਾਣਨਾ ਤੇ ਉਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਕਿਉਂ ਹੈ?

9 ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਰਹਿਣ। ਇਸ ਲਈ ਮਾਪੇ ਬੱਚਿਆਂ ਲਈ ਨਿਯਮ ਬਣਾਉਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਬੱਚੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰ ਕੇ ਦਿਖਾਉਂਦੇ ਹਨ ਕਿ ਉਹ ਆਪਣੇ ਮਾਪਿਆਂ ’ਤੇ ਭਰੋਸਾ ਤੇ ਉਨ੍ਹਾਂ ਦੀ ਇੱਜ਼ਤ ਕਰਦੇ ਹਨ। ਫਿਰ ਇਹ ਕਿੰਨਾ ਹੀ ਜ਼ਰੂਰੀ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੇ ਨਿਯਮਾਂ ਨੂੰ ਜਾਣੀਏ ਤੇ ਉਨ੍ਹਾਂ ਦੀ ਪਾਲਣਾ ਕਰੀਏ। ਇੱਦਾਂ ਕਰ ਕੇ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਤੇ ਉਸ ਦੀ ਇੱਜ਼ਤ ਕਰਦੇ ਹਾਂ। ਨਾਲੇ ਸਾਨੂੰ ਵੀ ਇਸ ਦਾ ਫ਼ਾਇਦਾ ਹੁੰਦਾ ਹੈ। (ਯਸਾ. 48:17, 18) ਦੂਜੇ ਪਾਸੇ, ਯਹੋਵਾਹ ਤੇ ਉਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪਣਾ ਹੀ ਨੁਕਸਾਨ ਕਰਦੇ ਹਨ।—ਗਲਾ. 6:7, 8.

10 ਯਹੋਵਾਹ ਦੀ ਮਰਜ਼ੀ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਆਪਣੀ ਸਰੀਰਕ ਤੇ ਮਾਨਸਿਕ ਪੱਖੋਂ ਰਾਖੀ ਕਰਦੇ ਹਾਂ ਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਖ਼ਰਾਬ ਹੋਣ ਤੋਂ ਬਚਾਉਂਦੇ ਹਾਂ। ਯਹੋਵਾਹ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਅਮਰੀਕਾ ਵਿਚ ਰਹਿਣ ਵਾਲੀ ਅਰੋਰਾ ਕਹਿੰਦੀ ਹੈ, “ਮੈਂ ਜਾਣਦੀ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣ ਦੇ ਹਮੇਸ਼ਾ ਵਧੀਆ ਨਤੀਜੇ ਹੀ ਨਿਕਲਦੇ ਹਨ।” ਸਾਡੇ ਸਾਰਿਆਂ ਲਈ ਵੀ ਇਹ ਗੱਲ ਬਿਲਕੁਲ ਸੱਚ ਹੈ। ਯਹੋਵਾਹ ਦੀਆਂ ਪਿਆਰ ਭਰੀਆਂ ਹਿਦਾਇਤਾਂ ਮੰਨਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?

11. ਪ੍ਰਾਰਥਨਾ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

11 ਪ੍ਰਾਰਥਨਾ ਕਰਨ ਨਾਲ ਸਾਡੀ ਉਦੋਂ ਵੀ ਆਗਿਆਕਾਰ ਰਹਿਣ ਵਿਚ ਮਦਦ ਹੁੰਦੀ ਹੈ, ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ। ਕਦੇ-ਕਦੇ ਯਹੋਵਾਹ ਦਾ ਕਹਿਣਾ ਮੰਨਣ ਲਈ ਸਾਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ, ਪਰ ਸਾਨੂੰ ਅਣਆਗਿਆਕਾਰੀ ਕਰਨ ਦੇ ਝੁਕਾਅ ਨਾਲ ਲਗਾਤਾਰ ਲੜਨਾ ਚਾਹੀਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਅੱਗੇ ਤਰਲੇ ਕੀਤੇ: “ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ।” (ਜ਼ਬੂ. 119:34) ਡਨੀਸ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਜਦੋਂ ਮੈਨੂੰ ਯਹੋਵਾਹ ਦਾ ਕੋਈ ਹੁਕਮ ਮੰਨਣਾ ਔਖਾ ਲੱਗਦਾ ਹੈ, ਤਾਂ ਮੈਂ ਪ੍ਰਾਰਥਨਾ ਵਿਚ ਉਸ ਤੋਂ ਤਾਕਤ ਮੰਗਦੀ ਹਾਂ ਕਿ ਮੈਂ ਸਹੀ ਕੰਮ ਕਰ ਸਕਾਂ।” ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਇੱਦਾਂ ਦੀਆਂ ਪ੍ਰਾਰਥਨਾਵਾਂ ਦਾ ਜ਼ਰੂਰ ਜਵਾਬ ਦੇਵੇਗਾ।—ਲੂਕਾ 11:9-13.

ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ

12. ਅਫ਼ਸੀਆਂ 5:1 ਮੁਤਾਬਕ ਸਾਨੂੰ ਕੀ ਕਰਨ ਦੀ ਲੋੜ ਹੈ?

12 ਅਫ਼ਸੀਆਂ 5:1 ਪੜ੍ਹੋ। ਪਰਮੇਸ਼ੁਰ ਦੇ ‘ਪਿਆਰੇ ਬੱਚੇ’ ਹੋਣ ਦੇ ਨਾਤੇ ਅਸੀਂ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਦੂਜਿਆਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆ ਕੇ ਅਤੇ ਉਨ੍ਹਾਂ ਨੂੰ ਮਾਫ਼ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਗੁਣਾਂ ਦੀ ਰੀਸ ਕਰਦੇ ਹਾਂ। ਪਰਮੇਸ਼ੁਰ ਨੂੰ ਨਾ ਜਾਣਨ ਵਾਲੇ ਲੋਕ ਜਦੋਂ ਸਾਡਾ ਚੰਗਾ ਚਾਲ-ਚਲਣ ਦੇਖਦੇ ਹਨ, ਤਾਂ ਸ਼ਾਇਦ ਉਹ ਉਸ ਬਾਰੇ ਸਿੱਖਣ ਲਈ ਪ੍ਰੇਰਿਤ ਹੋਣ। (1 ਪਤ. 2:12) ਮਸੀਹੀ ਮਾਪਿਆਂ ਨੂੰ ਬੱਚਿਆਂ ਨਾਲ ਪੇਸ਼ ਆਉਂਦੇ ਵੇਲੇ ਯਹੋਵਾਹ ਦੀ ਰੀਸ ਕਰਨ ਦੀ ਲੋੜ ਹੈ। ਜਦੋਂ ਮਾਪੇ ਇੱਦਾਂ ਕਰਨਗੇ, ਤਾਂ ਸ਼ਾਇਦ ਬੱਚੇ ਸਾਡੇ ਪਿਆਰੇ ਪਿਤਾ ਨਾਲ ਖ਼ੁਦ ਰਿਸ਼ਤਾ ਜੋੜਨਾ ਚਾਹੁਣ।

ਪੈਰਾ 13 ਦੇਖੋ

13. ਦਲੇਰ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

13 ਇਕ ਬੱਚੇ ਨੂੰ ਆਪਣੇ ਪਿਤਾ ’ਤੇ ਮਾਣ ਹੁੰਦਾ ਹੈ ਤੇ ਆਪਣੇ ਪਿਤਾ ਬਾਰੇ ਗੱਲ ਕਰ ਕੇ ਉਸ ਨੂੰ ਖ਼ੁਸ਼ੀ ਹੁੰਦੀ ਹੈ। ਉਸੇ ਤਰ੍ਹਾਂ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ’ਤੇ ਮਾਣ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਵੀ ਉਸ ਨੂੰ ਜਾਣਨ। ਅਸੀਂ ਵੀ ਰਾਜਾ ਦਾਊਦ ਵਾਂਗ ਮਹਿਸੂਸ ਕਰਦੇ ਹਾਂ, ਜਿਸ ਨੇ ਲਿਖਿਆ ਸੀ: “ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ।” (ਜ਼ਬੂ. 34:2) ਪਰ ਉਦੋਂ ਕੀ ਜੇ ਅਸੀਂ ਸ਼ਰਮੀਲੇ ਸੁਭਾਅ ਦੇ ਹਾਂ? ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ? ਅਸੀਂ ਉਦੋਂ ਦਲੇਰ ਬਣਦੇ ਹਾਂ ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਜੇ ਅਸੀਂ ਯਹੋਵਾਹ ਬਾਰੇ ਗੱਲ ਕਰਾਂਗੇ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਤੇ ਦੂਜਿਆਂ ਨੂੰ ਕਿੰਨਾ ਫ਼ਾਇਦਾ ਹੋਵੇਗਾ। ਯਹੋਵਾਹ ਸਾਨੂੰ ਹਿੰਮਤ ਦੇਵੇਗਾ। ਉਸ ਨੇ ਪਹਿਲੀ ਸਦੀ ਵਿਚ ਰਹਿੰਦੇ ਮਸੀਹੀਆਂ ਦੀ ਦਲੇਰ ਬਣਨ ਵਿਚ ਮਦਦ ਕੀਤੀ ਸੀ ਅਤੇ ਉਹ ਸਾਡੀ ਵੀ ਮਦਦ ਕਰੇਗਾ।—1 ਥੱਸ. 2:2.

14. ਕਿਹੜੇ ਕੁਝ ਕਾਰਨਾਂ ਕਰਕੇ ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ?

14 ਯਹੋਵਾਹ ਪੱਖਪਾਤ ਨਹੀਂ ਕਰਦਾ ਅਤੇ ਜਦੋਂ ਅਸੀਂ ਹਰ ਪਿਛੋਕੜ ਦੇ ਵਿਅਕਤੀ ਨੂੰ ਪਿਆਰ ਦਿਖਾਉਂਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਮਿਲਦੀ ਹੈ। (ਰਸੂ. 10:34, 35) ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਪਿਆਰ ਦਿਖਾਉਣ ਦਾ ਇਕ ਵਧੀਆ ਤਰੀਕਾ ਹੈ। (ਮੱਤੀ 28:19, 20) ਇਸ ਕੰਮ ਦੇ ਕੀ ਨਤੀਜੇ ਨਿਕਲ ਸਕਦੇ ਹਨ? ਸਾਡੀ ਗੱਲ ਸੁਣਨ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲ ਸਕਦੀ ਹੈ।—1 ਤਿਮੋ. 4:16.

ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰੋ ਅਤੇ ਖ਼ੁਸ਼ ਰਹੋ

15-16. ਸਾਡੇ ਕੋਲ ਖ਼ੁਸ਼ ਹੋਣ ਦੇ ਕਿਹੜੇ ਕਾਰਨ ਹਨ?

15 ਪਿਆਰ ਕਰਨ ਵਾਲਾ ਪਿਤਾ ਹੋਣ ਕਰਕੇ ਯਹੋਵਾਹ ਆਪਣੇ ਪਰਿਵਾਰ ਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। (ਯਸਾ. 65:14) ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਸਾਡੇ ਕੋਲ ਹੁਣ ਖ਼ੁਸ਼ ਹੋਣ ਦੇ ਬਹੁਤ ਸਾਰੇ ਕਾਰਨ ਹਨ। ਮਿਸਾਲ ਲਈ, ਸਾਨੂੰ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਸਾਡਾ ਸਵਰਗੀ ਪਿਤਾ ਸਾਨੂੰ ਬੇਹੱਦ ਪਿਆਰ ਕਰਦਾ ਹੈ। ਸਾਡੇ ਕੋਲ ਉਸ ਦੇ ਬਚਨ ਬਾਈਬਲ ਦਾ ਸਹੀ ਗਿਆਨ ਹੈ। (ਯਿਰ. 15:16) ਨਾਲੇ ਅਸੀਂ ਇਕ ਸ਼ਾਨਦਾਰ ਪਰਿਵਾਰ ਦਾ ਹਿੱਸਾ ਹਾਂ ਜਿਸ ਵਿਚ ਸਾਰੇ ਯਹੋਵਾਹ ਨੂੰ, ਉਸ ਦੇ ਉੱਚੇ-ਸੁੱਚੇ ਨੈਤਿਕ ਅਸੂਲਾਂ ਨੂੰ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ।—ਜ਼ਬੂ. 106:4, 5.

16 ਅਸੀਂ ਖ਼ੁਸ਼ ਰਹਿ ਸਕਦੇ ਹਾਂ ਕਿਉਂਕਿ ਸਾਡੇ ਕੋਲ ਪੱਕੀ ਉਮੀਦ ਹੈ ਕਿ ਭਵਿੱਖ ਵਿਚ ਸਾਡੀ ਜ਼ਿੰਦਗੀ ਹੋਰ ਵਧੀਆ ਬਣ ਜਾਵੇਗੀ। ਅਸੀਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਸਾਰੇ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ ਅਤੇ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ। ਨਾਲੇ ਸਾਡੇ ਕੋਲ ਇਹ ਵੀ ਸ਼ਾਨਦਾਰ ਉਮੀਦ ਹੈ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ ਅਤੇ ਆਪਣੇ ਪਿਆਰਿਆਂ ਨਾਲ ਦੁਬਾਰਾ ਤੋਂ ਇਕੱਠੇ ਰਹਿਣਗੇ। (ਯੂਹੰ. 5:28, 29) ਉਹ ਕਿੰਨਾ ਹੀ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ! ਸਭ ਤੋਂ ਅਹਿਮ ਗੱਲ, ਸਾਨੂੰ ਪੱਕਾ ਭਰੋਸਾ ਹੈ ਕਿ ਬਹੁਤ ਜਲਦ ਸਵਰਗ ਅਤੇ ਧਰਤੀ ’ਤੇ ਰਹਿਣ ਵਾਲੇ ਸਾਰੇ ਜਣੇ ਸਾਡੇ ਪਿਆਰੇ ਪਿਤਾ ਨੂੰ ਉਹ ਆਦਰ, ਮਹਿਮਾ ਅਤੇ ਭਗਤੀ ਦੇਣਗੇ ਜਿਸ ਦਾ ਉਹ ਹੱਕਦਾਰ ਹੈ।

ਗੀਤ 2 ਯਹੋਵਾਹ ਤੇਰਾ ਧੰਨਵਾਦ

^ ਪੈਰਾ 5 ਅਸੀਂ ਜਾਣਦੇ ਹਾਂ ਕਿ ਸਾਡਾ ਪਿਤਾ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਤੇ ਉਸ ਨੇ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਹੈ। ਨਤੀਜੇ ਵਜੋਂ, ਅਸੀਂ ਵੀ ਉਸ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਅਸੀਂ ਪਰਵਾਹ ਕਰਨ ਵਾਲੇ ਆਪਣੇ ਪਿਤਾ ਨੂੰ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? ਇਸ ਲੇਖ ਵਿਚ ਕੁਝ ਖ਼ਾਸ ਗੱਲਾਂ ਦੱਸੀਆਂ ਜਾਣਗੀਆਂ ਜੋ ਅਸੀਂ ਕਰ ਸਕਦੇ ਹਾਂ।