Skip to content

Skip to table of contents

ਅਧਿਐਨ ਲੇਖ 9

ਯਹੋਵਾਹ ਤੋਂ ਸਕੂਨ ਪਾਓ

ਯਹੋਵਾਹ ਤੋਂ ਸਕੂਨ ਪਾਓ

“ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂ. 94:19.

ਗੀਤ 38 ਆਪਣਾ ਬੋਝ ਯਹੋਵਾਹ ’ਤੇ ਸੁੱਟੋ

ਖ਼ਾਸ ਗੱਲਾਂ *

1. ਅਸੀਂ ਕਿਉਂ ਪਰੇਸ਼ਾਨ ਹੋ ਸਕਦੇ ਹਾਂ ਅਤੇ ਇਸ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹਾਂ?

ਕੀ ਤੁਸੀਂ ਕਦੇ ਚਿੰਤਾ * ਨਾਲ ਘਿਰੇ ਹੋਏ ਮਹਿਸੂਸ ਕੀਤਾ ਹੈ? ਸ਼ਾਇਦ ਕਿਸੇ ਨੇ ਤੁਹਾਨੂੰ ਠੇਸ ਪਹੁੰਚਾਉਣ ਲਈ ਅਜਿਹਾ ਕੁਝ ਕਿਹਾ ਜਾਂ ਕੀਤਾ ਜਿਸ ਕਰਕੇ ਤੁਸੀਂ ਪਰੇਸ਼ਾਨ ਹੋ। ਜਾਂ ਤੁਸੀਂ ਆਪਣੀ ਕੋਈ ਕਹੀ ਗੱਲ ਜਾਂ ਕੋਈ ਕੰਮ ਕਰਕੇ ਪਰੇਸ਼ਾਨ ਹੋ। ਮਿਸਾਲ ਲਈ, ਸ਼ਾਇਦ ਤੁਸੀਂ ਕੋਈ ਗ਼ਲਤੀ ਕੀਤੀ ਸੀ ਅਤੇ ਹੁਣ ਤੁਹਾਨੂੰ ਚਿੰਤਾ ਹੈ ਕਿ ਯਹੋਵਾਹ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਇੱਥੋਂ ਤਕ ਕਿ ਸ਼ਾਇਦ ਤੁਸੀਂ ਇਹ ਵੀ ਸੋਚਣ ਲੱਗ ਪਓ ਕਿ ਪਰੇਸ਼ਾਨੀ ਹੇਠ ਦੱਬੇ ਹੋਣ ਕਰਕੇ ਤੁਹਾਡੇ ਵਿਚ ਨਿਹਚਾ ਦੀ ਘਾਟ ਹੈ ਅਤੇ ਤੁਸੀਂ ਇਕ ਬੁਰੇ ਇਨਸਾਨ ਹੋ। ਪਰ ਕੀ ਇਹ ਗੱਲ ਸੱਚ ਹੈ?

2. ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਚਿੰਤਾ ਹੋਣ ਦਾ ਇਹ ਮਤਲਬ ਨਹੀਂ ਕਿ ਸਾਡੀ ਨਿਹਚਾ ਕਮਜ਼ੋਰ ਹੈ?

2 ਜ਼ਰਾ ਬਾਈਬਲ ਦੀਆਂ ਕੁਝ ਮਿਸਾਲਾਂ ’ਤੇ ਗੌਰ ਕਰੋ। ਸਮੂਏਲ ਨਬੀ ਦੀ ਮਾਂ ਹੰਨਾਹ ਦੀ ਨਿਹਚਾ ਬਹੁਤ ਤਕੜੀ ਸੀ। ਪਰ ਪਰਿਵਾਰ ਦੇ ਕਿਸੇ ਜੀਅ ਦੇ ਬੁਰੇ ਵਰਤਾਅ ਕਰਕੇ ਉਹ ਬਹੁਤ ਤਣਾਅ ਵਿਚ ਸੀ। (1 ਸਮੂ. 1:7) ਪੌਲੁਸ ਰਸੂਲ ਦੀ ਨਿਹਚਾ ਮਜ਼ਬੂਤ ਸੀ, ਪਰ ਉਸ ਨੂੰ “ਸਾਰੀਆਂ ਮੰਡਲੀਆਂ ਦੀ ਚਿੰਤਾ” ਖਾਈ ਜਾਂਦੀ ਸੀ। (2 ਕੁਰਿੰ. 11:28) ਰਾਜਾ ਦਾਊਦ ਦੀ ਮਜ਼ਬੂਤ ਨਿਹਚਾ ਕਰਕੇ ਯਹੋਵਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। (ਰਸੂ. 13:22) ਪਰ ਦਾਊਦ ਨੇ ਗ਼ਲਤੀਆਂ ਕੀਤੀਆਂ ਜਿਸ ਕਰਕੇ ਉਸ ਨੂੰ ਬਹੁਤ ਚਿੰਤਾ ਦਾ ਸਾਮ੍ਹਣਾ ਕਰਨਾ ਪਿਆ। (ਜ਼ਬੂ. 38:4) ਯਹੋਵਾਹ ਨੇ ਇਨ੍ਹਾਂ ਸਾਰਿਆਂ ਨੂੰ ਦਿਲਾਸਾ ਤੇ ਸਕੂਨ ਦਿੱਤਾ। ਆਓ ਆਪਾਂ ਦੇਖੀਏ ਕਿ ਅਸੀਂ ਇਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ।

ਵਫ਼ਾਦਾਰ ਹੰਨਾਹ ਤੋਂ ਅਸੀਂ ਕੀ ਸਿੱਖਦੇ ਹਾਂ?

3. ਦੂਸਰਿਆਂ ਦੀਆਂ ਗੱਲਾਂ ਕਰਕੇ ਅਸੀਂ ਕਿਉਂ ਪਰੇਸ਼ਾਨ ਹੋ ਸਕਦੇ ਹਾਂ?

3 ਜਦੋਂ ਦੂਸਰੇ ਸਾਨੂੰ ਬੁਰਾ-ਭਲਾ ਕਹਿੰਦੇ ਜਾਂ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਸ਼ਾਇਦ ਅਸੀਂ ਪਰੇਸ਼ਾਨ ਹੋ ਜਾਈਏ। ਇਹ ਗੱਲ ਉਦੋਂ ਹੋਰ ਵੀ ਸੱਚ ਹੁੰਦੀ ਹੈ ਜਦੋਂ ਸਾਨੂੰ ਠੇਸ ਪਹੁੰਚਾਉਣ ਵਾਲਾ ਸਾਡਾ ਕਰੀਬੀ ਦੋਸਤ ਜਾਂ ਰਿਸ਼ਤੇਦਾਰ ਹੁੰਦਾ ਹੈ। ਸ਼ਾਇਦ ਅਸੀਂ ਇਸ ਗੱਲ ਦੀ ਚਿੰਤਾ ਕਰੀਏ ਕਿ ਉਸ ਵਿਅਕਤੀ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਗਿਆ ਹੈ। ਕਦੇ-ਕਦੇ ਸਾਨੂੰ ਠੇਸ ਪਹੁੰਚਾਉਣ ਵਾਲਾ ਵਿਅਕਤੀ ਸ਼ਾਇਦ ਬਿਨਾਂ ਸੋਚੇ ਸਾਨੂੰ ਕੁਝ ਕਹਿ ਦੇਵੇ ਅਤੇ ਸਾਨੂੰ ਸ਼ਾਇਦ ਉਸ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਣ। (ਕਹਾ. 12:18) ਜਾਂ ਸ਼ਾਇਦ ਕੋਈ ਜਾਣ-ਬੁੱਝ ਕੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰੇ ਜਿਨ੍ਹਾਂ ਨਾਲ ਸਾਨੂੰ ਦੁੱਖ ਪਹੁੰਚੇ। ਇਕ ਜਵਾਨ ਭੈਣ ਨੂੰ ਇਸ ਤਰ੍ਹਾਂ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ। ਉਹ ਕਹਿੰਦੀ ਹੈ, “ਕੁਝ ਸਾਲ ਪਹਿਲਾਂ ਮੈਂ ਜਿਸ ਕੁੜੀ ਨੂੰ ਆਪਣੀ ਸਹੇਲੀ ਸਮਝਦੀ ਸੀ, ਉਸ ਨੇ ਇੰਟਰਨੈੱਟ ’ਤੇ ਮੇਰੇ ਬਾਰੇ ਕੁਝ ਝੂਠੀਆਂ ਗੱਲਾਂ ਫੈਲਾਈਆਂ। ਮੈਨੂੰ ਬਹੁਤ ਦੁੱਖ ਲੱਗਾ ਤੇ ਮੈਂ ਪਰੇਸ਼ਾਨ ਹੋ ਗਈ। ਮੈਨੂੰ ਸਮਝ ਨਹੀਂ ਲੱਗੀ ਕਿ ਉਸ ਨੇ ਮੇਰੀ ਪਿੱਠ ’ਤੇ ਛੁਰਾ ਕਿਉਂ ਮਾਰਿਆ।” ਜੇ ਤੁਹਾਨੂੰ ਕਿਸੇ ਕਰੀਬੀ ਦੋਸਤ ਜਾਂ ਰਿਸ਼ਤੇਦਾਰ ਤੋਂ ਠੇਸ ਪਹੁੰਚੀ ਹੈ, ਤਾਂ ਤੁਸੀਂ ਹੰਨਾਹ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

4. ਹੰਨਾਹ ਨੂੰ ਕਿਹੜੀਆਂ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

4 ਹੰਨਾਹ ਨੂੰ ਕੁਝ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਬਹੁਤ ਸਾਲਾਂ ਤੋਂ ਉਸ ਦੇ ਕੋਈ ਬੱਚਾ ਨਹੀਂ ਸੀ। (1 ਸਮੂ. 1:2) ਇਜ਼ਰਾਈਲ ਦੇ ਸਭਿਆਚਾਰ ਵਿਚ ਬਾਂਝ ਔਰਤ ਨੂੰ ਸਰਾਪੀ ਮੰਨਿਆ ਜਾਂਦਾ ਸੀ। ਇਸ ਕਰਕੇ ਹੰਨਾਹ ਸ਼ਰਮਿੰਦਗੀ ਮਹਿਸੂਸ ਕਰਦੀ ਸੀ। (ਉਤ. 30:1, 2) ਹੰਨਾਹ ਲਈ ਇਸ ਤੋਂ ਵੀ ਵੱਡੀ ਮੁਸ਼ਕਲ ਇਹ ਸੀ ਕਿ ਉਸ ਦੇ ਪਤੀ ਦੀ ਇਕ ਹੋਰ ਪਤਨੀ ਵੀ ਸੀ ਜਿਸ ਦਾ ਨਾਂ ਸੀ ਪਨਿੰਨਾਹ ਅਤੇ ਉਸ ਦੇ ਕਈ ਬੱਚੇ ਸਨ। ਪਨਿੰਨਾਹ ਹੰਨਾਹ ਤੋਂ ਬਹੁਤ ਸੜਦੀ ਸੀ ਅਤੇ “ਉਹ ਨੂੰ ਅਕਾਉਣ ਲਈ ਬਹੁਤ ਛੇੜਦੀ ਸੀ।” (1 ਸਮੂ. 1:6) ਸ਼ੁਰੂ ਵਿਚ ਹੰਨਾਹ ਲਈ ਇਹ ਮੁਸ਼ਕਲਾਂ ਝੱਲਣੀਆਂ ਔਖੀਆਂ ਸਨ। ਉਹ ਇੰਨੀ ਪਰੇਸ਼ਾਨ ਰਹਿੰਦੀ ਸੀ ਕਿ ‘ਉਹ ਰੋਂਦੀ ਅਤੇ ਕੁਝ ਨਾ ਖਾਂਦੀ’ ਸੀ। “ਉਹ ਦਾ ਮਨ ਬਹੁਤ ਉਦਾਸ” ਰਹਿੰਦਾ ਸੀ। (1 ਸਮੂ. 1:7, 10) ਹੰਨਾਹ ਨੂੰ ਦਿਲਾਸਾ ਕਿਵੇਂ ਮਿਲਿਆ?

5. ਪ੍ਰਾਰਥਨਾ ਰਾਹੀਂ ਹੰਨਾਹ ਦੀ ਕਿਵੇਂ ਮਦਦ ਹੋਈ?

5 ਹੰਨਾਹ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ। ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਆਪਣੇ ਹਾਲਾਤ ਬਾਰੇ ਮਹਾਂ ਪੁਜਾਰੀ ਏਲੀ ਨੂੰ ਦੱਸਿਆ। ਉਸ ਨੇ ਹੰਨਾਹ ਨੂੰ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ।” ਇਸ ਦਾ ਕੀ ਨਤੀਜਾ ਨਿਕਲਿਆ? ਹੰਨਾਹ ਨੇ “ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।” (1 ਸਮੂ. 1:17, 18) ਪ੍ਰਾਰਥਨਾ ਰਾਹੀਂ ਹੰਨਾਹ ਨੂੰ ਦੁਬਾਰਾ ਸ਼ਾਂਤੀ ਮਿਲੀ।

ਹੰਨਾਹ ਦੀ ਤਰ੍ਹਾਂ ਅੱਜ ਸਾਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ ਅਤੇ ਅਸੀਂ ਇਸ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ? (ਪੈਰੇ 6-10 ਦੇਖੋ)

6. ਹੰਨਾਹ ਦੀ ਮਿਸਾਲ ਅਤੇ ਫ਼ਿਲਿੱਪੀਆਂ 4:6, 7 ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖ ਸਕਦੇ ਹਾਂ?

6 ਲਗਾਤਾਰ ਪ੍ਰਾਰਥਨਾ ਕਰ ਕੇ ਅਸੀਂ ਦੁਬਾਰਾ ਸ਼ਾਂਤੀ ਪਾ ਸਕਦੇ ਹਾਂ। ਹੰਨਾਹ ਨੇ ਆਪਣੇ ਸਵਰਗੀ ਪਿਤਾ ਨਾਲ ਬਹੁਤ ਦੇਰ ਤਕ ਗੱਲ ਕੀਤੀ। (1 ਸਮੂ. 1:12) ਅਸੀਂ ਵੀ ਯਹੋਵਾਹ ਨਾਲ ਦੇਰ ਤਕ ਗੱਲ ਕਰ ਕੇ ਉਸ ਨੂੰ ਆਪਣੀਆਂ ਪਰੇਸ਼ਾਨੀਆਂ, ਆਪਣੇ ਡਰ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਦੱਸ ਸਕਦੇ ਹਾਂ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਸ਼ਾਇਰਾਨਾ ਅੰਦਾਜ਼ ਜਾਂ ਸਭ ਤੋਂ ਵਧੀਆ ਢੰਗ ਨਾਲ ਕਹਿਣ ਦੀ ਲੋੜ ਨਹੀਂ ਹੈ। ਹੋ ਸਕਦਾ ਕਿ ਅਸੀਂ ਹਾਉਕਿਆਂ ਨਾਲ ਯਹੋਵਾਹ ਨੂੰ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸੀਏ। ਯਹੋਵਾਹ ਸਾਡੀ ਗੱਲ ਸੁਣਨ ਤੋਂ ਕਦੇ ਨਹੀਂ ਅੱਕੇਗਾ। ਆਪਣੀਆਂ ਮੁਸ਼ਕਲਾਂ ਬਾਰੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਫ਼ਿਲਿੱਪੀਆਂ 4:6, 7 (ਪੜ੍ਹੋ।) ਵਿਚ ਦਿੱਤੀ ਸਲਾਹ ਨੂੰ ਯਾਦ ਰੱਖਣ ਦੀ ਲੋੜ ਹੈ। ਪੌਲੁਸ ਨੇ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਕਿ ਸਾਨੂੰ ਧੰਨਵਾਦ ਦੀਆਂ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਹਨ। ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਬਹੁਤ ਸਾਰੇ ਕਾਰਨ ਹਨ। ਮਿਸਾਲ ਲਈ, ਅਸੀਂ ਜ਼ਿੰਦਗੀ ਦੇ ਤੋਹਫ਼ੇ, ਉਸ ਦੀ ਬਣਾਈ ਸ੍ਰਿਸ਼ਟੀ, ਉਸ ਦੇ ਅਟੱਲ ਪਿਆਰ ਅਤੇ ਸਾਨੂੰ ਦਿੱਤੀ ਸ਼ਾਨਦਾਰ ਉਮੀਦ ਲਈ ਉਸ ਦਾ ਧੰਨਵਾਦ ਕਰ ਸਕਦੇ ਹਾਂ। ਅਸੀਂ ਹੰਨਾਹ ਦੀ ਮਿਸਾਲ ਤੋਂ ਹੋਰ ਕੀ ਸਿੱਖ ਸਕਦੇ ਹਾਂ?

7. ਹੰਨਾਹ ਤੇ ਉਸ ਦਾ ਪਤੀ ਬਾਕਾਇਦਾ ਕਿੱਥੇ ਜਾਂਦੇ ਸਨ?

7 ਆਪਣੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਹੰਨਾਹ ਆਪਣੇ ਪਤੀ ਨਾਲ ਯਹੋਵਾਹ ਦੀ ਭਗਤੀ ਕਰਨ ਲਈ ਲਗਾਤਾਰ ਸ਼ੀਲੋਹ ਨੂੰ ਜਾਂਦੀ ਸੀ। (1 ਸਮੂ. 1:1-5) ਤੰਬੂ ਵਿਚ ਹੀ ਮਹਾਂ ਪੁਜਾਰੀ ਏਲੀ ਨੇ ਹੰਨਾਹ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਸੀ ਕਿ ਉਸ ਨੂੰ ਉਮੀਦ ਹੈ ਕਿ ਯਹੋਵਾਹ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦੇਵੇਗਾ।—1 ਸਮੂ. 1:9, 17.

8. ਸਭਾਵਾਂ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ? ਸਮਝਾਓ।

8 ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋ ਕੇ ਅਸੀਂ ਦੁਬਾਰਾ ਸ਼ਾਂਤੀ ਪਾ ਸਕਦੇ ਹਾਂ। ਸਭਾਵਾਂ ਦੇ ਸ਼ੁਰੂ ਵਿਚ ਭਰਾ ਪ੍ਰਾਰਥਨਾ ਵਿਚ ਪਰਮੇਸ਼ੁਰ ਦੀ ਸ਼ਕਤੀ ਮੰਗਦਾ ਹੈ। ਸ਼ਾਂਤੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਬੋਝ ਹੇਠ ਦੱਬੇ ਹੋਣ ਦੇ ਬਾਵਜੂਦ ਵੀ ਸਭਾਵਾਂ ਵਿਚ ਹਾਜ਼ਰ ਹੋ ਕੇ ਅਸੀਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਮੌਕਾ ਦਿੰਦੇ ਹਾਂ ਕਿ ਉਹ ਸਾਨੂੰ ਹੌਸਲਾ ਅਤੇ ਮਨ ਦੀ ਸ਼ਾਂਤੀ ਦੇਣ। ਪ੍ਰਾਰਥਨਾ ਅਤੇ ਸਭਾਵਾਂ ਰਾਹੀਂ ਯਹੋਵਾਹ ਸਾਨੂੰ ਸਕੂਨ ਦਿੰਦਾ ਹੈ। (ਇਬ. 10:24, 25) ਆਓ ਦੇਖੀਏ ਕਿ ਅਸੀਂ ਹੰਨਾਹ ਦੇ ਤਜਰਬੇ ਤੋਂ ਹੋਰ ਕਿਹੜਾ ਸਬਕ ਸਿੱਖ ਸਕਦੇ ਹਾਂ।

9. ਹੰਨਾਹ ਦੀ ਜ਼ਿੰਦਗੀ ਵਿਚ ਕਿਹੜੀ ਗੱਲ ਨਹੀਂ ਬਦਲੀ, ਪਰ ਕਿਸ ਗੱਲ ਨੇ ਉਸ ਦੀ ਮਦਦ ਕੀਤੀ?

9 ਹੰਨਾਹ ਦੀਆਂ ਪਰੇਸ਼ਾਨੀਆਂ ਇਕਦਮ ਦੂਰ ਨਹੀਂ ਹੋਈਆਂ। ਤੰਬੂ ਵਿਚ ਭਗਤੀ ਕਰਨ ਤੋਂ ਬਾਅਦ ਹੰਨਾਹ ਨੂੰ ਵਾਪਸ ਆ ਕੇ ਪਨਿੰਨਾਹ ਨਾਲ ਇੱਕੋ ਘਰ ਵਿਚ ਰਹਿਣਾ ਪਿਆ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਪਨਿੰਨਾਹ ਦਾ ਰਵੱਈਆ ਬਦਲ ਗਿਆ ਕਿ ਨਹੀਂ। ਸੋ ਹੰਨਾਹ ਨੂੰ ਹਾਲੇ ਵੀ ਪਨਿੰਨਾਹ ਦੀਆਂ ਚੁਭਵੀਆਂ ਗੱਲਾਂ ਬਰਦਾਸ਼ਤ ਕਰਨੀਆਂ ਪਈਆਂ। ਪਰ ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ ਜਿਸ ਨੂੰ ਉਸ ਨੇ ਕਾਇਮ ਰੱਖਿਆ। ਯਾਦ ਕਰੋ ਕਿ ਇਸ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡਣ ਤੋਂ ਬਾਅਦ ਹੰਨਾਹ ਨੇ ਚਿੰਤਾ ਕਰਨੀ ਛੱਡ ਦਿੱਤੀ। ਉਸ ਨੇ ਯਹੋਵਾਹ ਨੂੰ ਦਿਲਾਸਾ ਅਤੇ ਸਕੂਨ ਦੇਣ ਦਾ ਮੌਕਾ ਦਿੱਤਾ। ਕੁਝ ਸਮੇਂ ਬਾਅਦ, ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਉਸ ਦੇ ਆਪਣੇ ਬੱਚੇ ਹੋਏ।—1 ਸਮੂ. 1:19, 20; 2:21.

10. ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

10 ਚਿੰਤਾ ਖ਼ਤਮ ਨਾ ਹੋਣ ਦੇ ਬਾਵਜੂਦ ਵੀ ਅਸੀਂ ਦੁਬਾਰਾ ਸ਼ਾਂਤੀ ਪਾ ਸਕਦੇ ਹਾਂ। ਦਿਲੋਂ ਪ੍ਰਾਰਥਨਾ ਕਰਨ ਅਤੇ ਲਗਾਤਾਰ ਸਭਾਵਾਂ ’ਤੇ ਆਉਣ ਦੇ ਬਾਵਜੂਦ ਵੀ ਸਾਡੀਆਂ ਕੁਝ ਮੁਸ਼ਕਲਾਂ ਸ਼ਾਇਦ ਦੂਰ ਨਾ ਹੋਣ। ਪਰ ਹੰਨਾਹ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਡੇ ਪਰੇਸ਼ਾਨ ਦਿਲ ਨੂੰ ਸਕੂਨ ਦੇਣ ਲਈ ਯਹੋਵਾਹ ਨੂੰ ਕੋਈ ਚੀਜ਼ ਨਹੀਂ ਰੋਕ ਸਕਦੀ। ਯਹੋਵਾਹ ਸਾਨੂੰ ਕਦੇ ਨਹੀਂ ਭੁੱਲੇਗਾ ਅਤੇ ਬਹੁਤ ਜਲਦੀ ਉਹ ਸਾਨੂੰ ਵਫ਼ਾਦਾਰੀ ਦਾ ਇਨਾਮ ਦੇਵੇਗਾ।—ਇਬ. 11:6.

ਪੌਲੁਸ ਰਸੂਲ ਤੋਂ ਅਸੀਂ ਕੀ ਸਿੱਖਦੇ ਹਾਂ?

11. ਪੌਲੁਸ ਕੋਲ ਚਿੰਤਾ ਕਰਨ ਦੇ ਕਿਹੜੇ ਕਾਰਨ ਸਨ?

11 ਪੌਲੁਸ ਕੋਲ ਚਿੰਤਾ ਕਰਨ ਦੇ ਬਹੁਤ ਸਾਰੇ ਕਾਰਨ ਸਨ। ਮਿਸਾਲ ਲਈ, ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਕਰਕੇ ਪੌਲੁਸ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਬੋਝ ਆਪਣੇ ਸਿਰ ਲੈ ਲੈਂਦਾ ਸੀ। (2 ਕੁਰਿੰ. 2:4; 11:28) ਰਸੂਲ ਵਜੋਂ ਆਪਣਾ ਕੰਮ ਕਰਦਿਆਂ ਪੌਲੁਸ ਨੂੰ ਵਿਰੋਧੀਆਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਨੇ ਉਸ ਨੂੰ ਮਾਰ-ਕੁੱਟ ਕੇ ਜੇਲ੍ਹ ਵਿਚ ਸੁੱਟ ਦਿੱਤਾ। ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਕਰਕੇ ਉਸ ਨੂੰ ਚਿੰਤਾ ਹੁੰਦੀ ਸੀ, ਜਿਵੇਂ ਕਿ “ਥੋੜ੍ਹੇ ਵਿਚ” ਗੁਜ਼ਾਰਾ ਤੋਰਨਾ। (ਫ਼ਿਲਿ. 4:12) ਨਾਲੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਘੱਟੋ-ਘੱਟ ਤਿੰਨ ਵਾਰ ਪੌਲੁਸ ਦਾ ਜਹਾਜ਼ ਤਬਾਹ ਹੋਣ ਤੋਂ ਬਾਅਦ ਕਿਸ਼ਤੀ ਰਾਹੀਂ ਸਫ਼ਰ ਕਰਦਿਆਂ ਉਹ ਕਿੰਨਾ ਚਿੰਤਿਤ ਹੋਣਾ। (2 ਕੁਰਿੰ. 11:23-27) ਪੌਲੁਸ ਨੇ ਇਨ੍ਹਾਂ ਚਿੰਤਾਵਾਂ ਦਾ ਸਾਮ੍ਹਣਾ ਕਿਵੇਂ ਕੀਤਾ?

12. ਕਿਹੜੀ ਗੱਲ ਨੇ ਚਿੰਤਾ ਘਟਾਉਣ ਵਿਚ ਪੌਲੁਸ ਦੀ ਮਦਦ ਕੀਤੀ?

12 ਆਪਣੇ ਭੈਣਾਂ-ਭਰਾਵਾਂ ਦੀਆਂ ਮੁਸ਼ਕਲਾਂ ਕਰਕੇ ਪੌਲੁਸ ਚਿੰਤਾ ਵਿਚ ਸੀ, ਪਰ ਉਸ ਨੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੌਲੁਸ ਆਪਣੀਆਂ ਹੱਦਾਂ ਪਛਾਣਦਾ ਸੀ। ਉਸ ਨੇ ਮੰਡਲੀ ਦੀ ਦੇਖ-ਭਾਲ ਕਰਨ ਲਈ ਦੂਸਰਿਆਂ ਦੀ ਮਦਦ ਲਈ। ਮਿਸਾਲ ਲਈ, ਉਸ ਨੇ ਤਿਮੋਥਿਉਸ ਅਤੇ ਤੀਤੁਸ ਵਰਗੇ ਭਰੋਸੇਮੰਦ ਭਰਾਵਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਬਿਨਾਂ ਸ਼ੱਕ, ਇਨ੍ਹਾਂ ਭਰਾਵਾਂ ਦੀ ਮਦਦ ਨਾਲ ਪੌਲੁਸ ਦੀ ਚਿੰਤਾ ਜ਼ਰੂਰ ਘਟੀ ਹੋਣੀ।—ਫ਼ਿਲਿ. 2:19, 20; ਤੀਤੁ. 1:1, 4, 5.

ਜਿੱਦਾਂ ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਸਿੱਖਿਆ, ਅਸੀਂ ਪਰੇਸ਼ਾਨੀ ਹੇਠ ਦੱਬੇ ਜਾਣ ਤੋਂ ਬਚਣ ਲਈ ਕੀ ਕਰ ਸਕਦੇ ਹਾਂ? (ਪੈਰੇ 13-15 ਦੇਖੋ)

13. ਬਜ਼ੁਰਗ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਨ?

13 ਦੂਸਰਿਆਂ ਤੋਂ ਮਦਦ ਲਓ। ਪੌਲੁਸ ਵਾਂਗ ਅੱਜ ਬਹੁਤ ਸਾਰੇ ਪਿਆਰ ਕਰਨ ਵਾਲੇ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੀਆਂ ਮੁਸ਼ਕਲਾਂ ਕਰਕੇ ਪਰੇਸ਼ਾਨ ਹੁੰਦੇ ਹਨ। ਪਰ ਇਕ ਬਜ਼ੁਰਗ ਸ਼ਾਇਦ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਦੀ ਮਦਦ ਨਾ ਕਰ ਸਕੇ। ਆਪਣੀਆਂ ਹੱਦਾਂ ਪਛਾਣਦੇ ਹੋਏ ਉਹ ਇਹ ਭਾਰ ਦੂਸਰੇ ਕਾਬਲ ਭਰਾਵਾਂ ਨਾਲ ਸਾਂਝਾ ਕਰੇਗਾ ਅਤੇ ਨੌਜਵਾਨ ਭਰਾਵਾਂ ਨੂੰ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਸਿਖਲਾਈ ਦੇਵੇਗਾ।—2 ਤਿਮੋ. 2:2.

14. ਪੌਲੁਸ ਨੇ ਕਿਹੜੀ ਗੱਲ ਦੀ ਚਿੰਤਾ ਨਹੀਂ ਕੀਤੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

14 ਕਬੂਲ ਕਰੋ ਕਿ ਤੁਹਾਨੂੰ ਦੂਸਰਿਆਂ ਤੋਂ ਦਿਲਾਸੇ ਦੀ ਲੋੜ ਹੈ। ਨਿਮਰ ਹੋਣ ਕਰਕੇ ਪੌਲੁਸ ਨੇ ਆਪਣੇ ਦੋਸਤਾਂ ਤੋਂ ਮਿਲੇ ਹੌਸਲੇ ਨੂੰ ਸਵੀਕਾਰ ਕੀਤਾ। ਜ਼ਾਹਰ ਹੈ ਕਿ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਦੂਸਰਿਆਂ ਤੋਂ ਹੌਸਲਾ ਲੈਣ ਨਾਲ ਉਸ ਨੂੰ ਕਮਜ਼ੋਰ ਮੰਨਿਆ ਜਾਵੇਗਾ। ਫਿਲੇਮੋਨ ਨੂੰ ਲਿਖਦੇ ਵੇਲੇ ਪੌਲੁਸ ਨੇ ਕਿਹਾ: “ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ।” (ਫਿਲੇ. 7) ਪੌਲੁਸ ਨੇ ਹੋਰ ਕਈ ਭੈਣਾਂ-ਭਰਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਮੁਸ਼ਕਲ ਘੜੀਆਂ ਦੌਰਾਨ ਉਸ ਨੂੰ ਬਹੁਤ ਹੌਸਲਾ ਦਿੱਤਾ। (ਕੁਲੁ. 4:7-11) ਜਦੋਂ ਅਸੀਂ ਨਿਮਰ ਹੋ ਕੇ ਕਬੂਲ ਕਰਦੇ ਹਾਂ ਕਿ ਸਾਨੂੰ ਹੌਸਲੇ ਦੀ ਲੋੜ ਹੈ, ਤਾਂ ਸਾਡੇ ਭੈਣ-ਭਰਾ ਖ਼ੁਸ਼ੀ ਨਾਲ ਸਾਡਾ ਸਹਾਰਾ ਬਣਦੇ ਹਨ।

15. ਦੁੱਖ ਭਰੇ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਪੌਲੁਸ ਨੇ ਕੀ ਕੀਤਾ?

15 ਪਰਮੇਸ਼ੁਰ ਦੇ ਬਚਨ ’ਤੇ ਭਰੋਸਾ ਰੱਖੋ। ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਦਾ ਬਚਨ ਉਸ ਨੂੰ ਦਿਲਾਸਾ ਦੇ ਸਕਦਾ ਸੀ। (ਰੋਮੀ. 15:4) ਇਹ ਬਚਨ ਉਸ ਨੂੰ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਬੁੱਧ ਵੀ ਦੇ ਸਕਦਾ ਸੀ। (2 ਤਿਮੋ. 3:15, 16) ਰੋਮ ਵਿਚ ਦੂਸਰੀ ਵਾਰੀ ਜੇਲ੍ਹ ਜਾਣ ’ਤੇ ਪੌਲੁਸ ਨੂੰ ਲੱਗਦਾ ਸੀ ਕਿ ਉਸ ਦੀ ਮੌਤ ਨੇੜੇ ਸੀ। ਇਸ ਦੁੱਖ ਭਰੇ ਹਾਲਾਤ ਵਿਚ ਪੌਲੁਸ ਨੇ ਕੀ ਕੀਤਾ? ਉਸ ਨੇ ਤਿਮੋਥਿਉਸ ਨੂੰ ਆਪਣੇ ਕੋਲ ਜਲਦੀ ਆਉਣ ਅਤੇ “ਕਿਤਾਬਾਂ” ਲਿਆਉਣ ਲਈ ਕਿਹਾ। (2 ਤਿਮੋ. 4:6, 7, 9, 13) ਕਿਉਂ? ਕਿਉਂਕਿ ਉਹ ਕਿਤਾਬਾਂ ਸ਼ਾਇਦ ਇਬਰਾਨੀ ਲਿਖਤਾਂ ਦਾ ਹਿੱਸਾ ਸਨ ਜਿਨ੍ਹਾਂ ਨੂੰ ਪੌਲੁਸ ਆਪਣੇ ਨਿੱਜੀ ਬਾਈਬਲ ਅਧਿਐਨ ਵਿਚ ਵਰਤ ਸਕਦਾ ਸੀ। ਜਦ ਅਸੀਂ ਪੌਲੁਸ ਦੀ ਰੀਸ ਕਰ ਕੇ ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਾਂਗੇ, ਤਾਂ ਯਹੋਵਾਹ ਇਸ ਰਾਹੀਂ ਸਾਨੂੰ ਹਰ ਤਰ੍ਹਾਂ ਦੀ ਅਜ਼ਮਾਇਸ਼ ਵਿਚ ਸਕੂਨ ਦੇਵੇਗਾ।

ਰਾਜਾ ਦਾਊਦ ਤੋਂ ਅਸੀਂ ਕੀ ਸਿੱਖਦੇ ਹਾਂ?

ਜੇ ਅਸੀਂ ਰਾਜਾ ਦਾਊਦ ਦੀ ਤਰ੍ਹਾਂ ਕੋਈ ਗੰਭੀਰ ਪਾਪ ਕਰਦੇ ਹਾਂ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਪੈਰੇ 16-19 ਦੇਖੋ)

16. ਦਾਊਦ ਨੇ ਆਪਣੀ ਗ਼ਲਤੀ ਕਰਕੇ ਕਿਹੜੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕੀਤਾ?

16 ਗ਼ਲਤ ਕੰਮ ਕਰਨ ਕਰਕੇ ਦਾਊਦ ਦੀ ਜ਼ਮੀਰ ਉਸ ਨੂੰ ਤੰਗ ਕਰ ਰਹੀ ਸੀ। ਉਸ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ, ਉਸ ਦੇ ਪਤੀ ਦਾ ਕਤਲ ਕਰਵਾਇਆ ਅਤੇ ਫਿਰ ਕੁਝ ਸਮੇਂ ਲਈ ਉਸ ਨੇ ਆਪਣੇ ਗੁਨਾਹ ਲੁਕਾਉਣ ਦੀ ਕੋਸ਼ਿਸ਼ ਕੀਤੀ। (2 ਸਮੂ. 12:9) ਸ਼ੁਰੂ ਵਿਚ ਦਾਊਦ ਨੇ ਆਪਣੀ ਜ਼ਮੀਰ ਨੂੰ ਅਣਗੌਲਿਆਂ ਕੀਤਾ। ਨਤੀਜੇ ਵਜੋਂ, ਉਸ ਦਾ ਸਿਰਫ਼ ਪਰਮੇਸ਼ੁਰ ਨਾਲ ਰਿਸ਼ਤਾ ਹੀ ਨਹੀਂ ਵਿਗੜਿਆ, ਸਗੋਂ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਵੀ ਦੁੱਖ ਸਹਿਣਾ ਪਿਆ। (ਜ਼ਬੂ. 32:3, 4) ਆਪਣੀਆਂ ਗ਼ਲਤੀਆਂ ਕਰਕੇ ਆਈਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਦਾਊਦ ਦੀ ਮਦਦ ਕੀਤੀ? ਜੇ ਅਸੀਂ ਕੋਈ ਗੰਭੀਰ ਗ਼ਲਤੀ ਕਰ ਲੈਂਦੇ ਹਾਂ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

17. ਜ਼ਬੂਰ 51:1-4 ਵਿਚ ਦਰਜ ਸ਼ਬਦਾਂ ਤੋਂ ਕਿਵੇਂ ਜ਼ਾਹਰ ਹੁੰਦਾ ਹੈ ਕਿ ਦਾਊਦ ਨੇ ਦਿਲੋਂ ਤੋਬਾ ਕੀਤੀ?

17 ਮਾਫ਼ੀ ਲਈ ਪ੍ਰਾਰਥਨਾ ਕਰੋ। ਅਖ਼ੀਰ ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਆਪਣੇ ਪਾਪ ਕਬੂਲ ਕਰ ਕੇ ਉਸ ਨੇ ਦਿਲੋਂ ਤੋਬਾ ਕੀਤੀ। (ਜ਼ਬੂਰ 51:1-4 ਪੜ੍ਹੋ।) ਇਸ ਤੋਂ ਉਸ ਨੂੰ ਕਿੰਨੀ ਹੀ ਰਾਹਤ ਮਿਲੀ ਹੋਣੀ! (ਜ਼ਬੂ. 32:1, 2, 4, 5) ਜੇ ਤੁਸੀਂ ਕੋਈ ਗੰਭੀਰ ਪਾਪ ਕਰਦੇ ਹੋ, ਤਾਂ ਆਪਣੀ ਗ਼ਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਬਜਾਇ, ਯਹੋਵਾਹ ਨੂੰ ਪ੍ਰਾਰਥਨਾ ਵਿਚ ਸਾਰਾ ਕੁਝ ਦੱਸੋ। ਫਿਰ ਦੋਸ਼ੀ ਜ਼ਮੀਰ ਕਰਕੇ ਹੁੰਦੀ ਚਿੰਤਾ ਤੋਂ ਤੁਹਾਨੂੰ ਰਾਹਤ ਮਿਲੇਗੀ। ਪਰ ਜੇ ਤੁਸੀਂ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਹੋਰ ਵੀ ਕੁਝ ਕਰਨ ਦੀ ਲੋੜ ਹੈ।

18. ਅਨੁਸ਼ਾਸਨ ਮਿਲਣ ’ਤੇ ਦਾਊਦ ਨੇ ਕੀ ਕੀਤਾ?

18 ਅਨੁਸ਼ਾਸਨ ਸਵੀਕਾਰ ਕਰੋ। ਜਦੋਂ ਯਹੋਵਾਹ ਨੇ ਨਾਥਾਨ ਨਬੀ ਨੂੰ ਦਾਊਦ ਦੇ ਪਾਪ ਦਾ ਪਰਦਾਫ਼ਾਸ਼ ਕਰਨ ਲਈ ਭੇਜਿਆ, ਤਾਂ ਦਾਊਦ ਨੇ ਬਹਾਨੇ ਨਹੀਂ ਬਣਾਏ ਜਾਂ ਆਪਣੇ ਪਾਪ ਦੀ ਗੰਭੀਰਤਾ ਨੂੰ ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਇਕਦਮ ਕਬੂਲ ਕੀਤਾ ਕਿ ਉਸ ਨੇ ਸਿਰਫ਼ ਬਥ-ਸ਼ਬਾ ਦੇ ਪਤੀ ਖ਼ਿਲਾਫ਼ ਹੀ ਨਹੀਂ, ਸਗੋਂ ਖ਼ਾਸ ਤੌਰ ਤੇ ਯਹੋਵਾਹ ਖ਼ਿਲਾਫ਼ ਪਾਪ ਕੀਤਾ ਸੀ। ਦਾਊਦ ਨੇ ਯਹੋਵਾਹ ਦੇ ਅਨੁਸ਼ਾਸਨ ਨੂੰ ਸਵੀਕਾਰ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (2 ਸਮੂ. 12:10-14) ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਯਹੋਵਾਹ ਵੱਲੋਂ ਨਿਯੁਕਤ ਕੀਤੇ ਚਰਵਾਹਿਆਂ ਨਾਲ ਗੱਲ ਕਰਨ ਦੀ ਲੋੜ ਹੈ। (ਯਾਕੂ. 5:14, 15) ਨਾਲੇ ਸਾਨੂੰ ਬਹਾਨੇ ਬਣਾਉਣ ਤੋਂ ਬਚਣਾ ਚਾਹੀਦਾ ਹੈ। ਜਿੰਨੀ ਜਲਦੀ ਅਸੀਂ ਅਨੁਸ਼ਾਸਨ ਨੂੰ ਸਵੀਕਾਰ ਕਰਾਂਗੇ, ਉੱਨੀ ਜਲਦੀ ਅਸੀਂ ਦੁਬਾਰਾ ਸ਼ਾਂਤੀ ਤੇ ਖ਼ੁਸ਼ੀ ਪਾਵਾਂਗੇ।

19. ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?

19 ਦੁਬਾਰਾ ਉਹੀ ਗ਼ਲਤੀਆਂ ਕਰਨ ਤੋਂ ਬਚੋ। ਰਾਜਾ ਦਾਊਦ ਜਾਣਦਾ ਸੀ ਕਿ ਦੁਬਾਰਾ ਉਹੀ ਗ਼ਲਤੀ ਕਰਨ ਤੋਂ ਬਚਣ ਲਈ ਉਸ ਨੂੰ ਯਹੋਵਾਹ ਤੋਂ ਮਦਦ ਦੀ ਲੋੜ ਸੀ। (ਜ਼ਬੂ. 51:7, 10, 12) ਯਹੋਵਾਹ ਦੀ ਮਾਫ਼ੀ ਮਿਲਣ ਤੋਂ ਬਾਅਦ ਦਾਊਦ ਨੇ ਗ਼ਲਤ ਖ਼ਿਆਲਾਂ ਤੋਂ ਬਚੇ ਰਹਿਣ ਦੀ ਠਾਣ ਲਈ ਸੀ। ਨਤੀਜੇ ਵਜੋਂ, ਉਸ ਨੇ ਦੁਬਾਰਾ ਮਨ ਦੀ ਸ਼ਾਂਤੀ ਹਾਸਲ ਕੀਤੀ।

20. ਅਸੀਂ ਯਹੋਵਾਹ ਦੀ ਮਾਫ਼ੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

20 ਪ੍ਰਾਰਥਨਾ ਕਰ ਕੇ, ਅਨੁਸ਼ਾਸਨ ਸਵੀਕਾਰ ਕਰ ਕੇ ਅਤੇ ਦੁਬਾਰਾ ਉਹੀ ਗ਼ਲਤੀਆਂ ਨਾ ਕਰਨ ਲਈ ਮਿਹਨਤ ਕਰ ਕੇ ਅਸੀਂ ਯਹੋਵਾਹ ਦੀ ਮਾਫ਼ੀ ਲਈ ਕਦਰ ਦਿਖਾਉਂਦੇ ਹਾਂ। ਇਹ ਕਦਮ ਚੁੱਕ ਕੇ ਅਸੀਂ ਦੁਬਾਰਾ ਮਨ ਦੀ ਸ਼ਾਂਤੀ ਹਾਸਲ ਕਰਾਂਗੇ। ਇਕ ਗੰਭੀਰ ਪਾਪ ਕਰਨ ਤੋਂ ਬਾਅਦ ਜੇਮਜ਼ ਨਾਂ ਦੇ ਭਰਾ ਨੇ ਇਸ ਗੱਲ ਦੀ ਸੱਚਾਈ ਦੇਖੀ। ਉਹ ਕਹਿੰਦਾ ਹੈ: “ਬਜ਼ੁਰਗਾਂ ਸਾਮ੍ਹਣੇ ਆਪਣਾ ਪਾਪ ਕਬੂਲ ਕਰਨ ਤੋਂ ਬਾਅਦ ਮੈਨੂੰ ਲੱਗਾ ਜਿਵੇਂ ਮੇਰੇ ਮੋਢਿਆਂ ਤੋਂ ਇਕ ਭਾਰਾ ਬੋਝ ਲਹਿ ਗਿਆ ਹੋਵੇ। ਮੈਨੂੰ ਦੁਬਾਰਾ ਮਨ ਦੀ ਸ਼ਾਂਤੀ ਮਿਲੀ।” ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ [ਮਨ] ਵਾਲਿਆਂ ਨੂੰ ਬਚਾਉਂਦਾ ਹੈ”!—ਜ਼ਬੂ. 34:18.

21. ਅਸੀਂ ਯਹੋਵਾਹ ਤੋਂ ਸਕੂਨ ਕਿਵੇਂ ਪਾ ਸਕਦੇ ਹਾਂ?

21 ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਚਿੰਤਾਵਾਂ ਹੋਰ ਵੀ ਵਧਣਗੀਆਂ। ਜਦ ਤੁਹਾਡੇ ਮਨ ਵਿਚ ਹੱਦੋਂ ਵੱਧ ਚਿੰਤਾ ਹੋਵੇ, ਤਾਂ ਉਸੇ ਵੇਲੇ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ। ਦਿਲ ਲਾ ਕੇ ਬਾਈਬਲ ਦਾ ਅਧਿਐਨ ਕਰੋ। ਹੰਨਾਹ, ਪੌਲੁਸ ਅਤੇ ਦਾਊਦ ਦੀਆਂ ਮਿਸਾਲਾਂ ਤੋਂ ਸਿੱਖੋ। ਆਪਣੇ ਸਵਰਗੀ ਪਿਤਾ ਤੋਂ ਆਪਣੀਆਂ ਚਿੰਤਾਵਾਂ ਦੇ ਕਾਰਨਾਂ ਨੂੰ ਪਛਾਣਨ ਲਈ ਮਦਦ ਮੰਗੋ। (ਜ਼ਬੂ. 139:23) ਉਸ ਨੂੰ ਤੁਹਾਡੀਆਂ ਚਿੰਤਾਵਾਂ ਦਾ ਬੋਝ ਚੁੱਕਣ ਦਿਓ, ਖ਼ਾਸ ਕਰਕੇ ਜਿਨ੍ਹਾਂ ’ਤੇ ਤੁਹਾਡਾ ਥੋੜ੍ਹਾ-ਬਹੁਤਾ ਜਾਂ ਕੋਈ ਵੱਸ ਨਹੀਂ ਚੱਲਦਾ। ਇਸ ਤਰ੍ਹਾਂ ਕਰ ਕੇ ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਬਣ ਸਕੋਗੇ ਜਿਸ ਨੇ ਯਹੋਵਾਹ ਲਈ ਗਾਇਆ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂ. 94:19.

ਗੀਤ 22 ‘ਯਹੋਵਾਹ ਮੇਰਾ ਚਰਵਾਹਾ’

^ ਪੈਰਾ 5 ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਮੇਂ-ਸਮੇਂ ਤੇ ਅਸੀਂ ਸਾਰੇ ਚਿੰਤਾ ਕਰਦੇ ਹਾਂ। ਇਸ ਲੇਖ ਵਿਚ ਯਹੋਵਾਹ ਦੇ ਪੁਰਾਣੇ ਸਮੇਂ ਦੇ ਤਿੰਨ ਸੇਵਕਾਂ ਦੀਆਂ ਮਿਸਾਲਾਂ ਦਿੱਤੀਆਂ ਹਨ ਜਿਨ੍ਹਾਂ ਨੇ ਚਿੰਤਾ ਕੀਤੀ ਸੀ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਦਿਲਾਸਾ ਅਤੇ ਸਕੂਨ ਕਿਵੇਂ ਦਿੱਤਾ।

^ ਪੈਰਾ 1 ਸ਼ਬਦ ਦਾ ਮਤਲਬ: ਆਰਥਿਕ ਤੰਗੀ, ਵਿਗੜਦੀ ਸਿਹਤ, ਪਰਿਵਾਰਕ ਮੁਸ਼ਕਲਾਂ ਜਾਂ ਹੋਰ ਮੁਸੀਬਤਾਂ ਕਰਕੇ ਚਿੰਤਾ ਹੋ ਸਕਦੀ ਹੈ। ਅਸੀਂ ਸ਼ਾਇਦ ਆਪਣੀਆਂ ਪਿਛਲੀਆਂ ਗ਼ਲਤੀਆਂ ਜਾਂ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਕਰਕੇ ਵੀ ਪਰੇਸ਼ਾਨ ਹੋ ਜਾਈਏ।