Skip to content

Skip to table of contents

ਅਧਿਐਨ ਲੇਖ 11

ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

“ਬਪਤਿਸਮਾ . . . ਤੁਹਾਨੂੰ ਵੀ ਬਚਾ ਰਿਹਾ ਹੈ।”—1 ਪਤ. 3:21.

ਗੀਤ 27 ਯਹੋਵਾਹ ਵੱਲ ਹੋਵੋ!

ਖ਼ਾਸ ਗੱਲਾਂ *

1. ਘਰ ਬਣਾਉਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ?

ਕਲਪਨਾ ਕਰੋ ਕਿ ਇਕ ਆਦਮੀ ਘਰ ਬਣਾਉਣ ਬਾਰੇ ਸੋਚ ਰਿਹਾ ਹੈ। ਉਸ ਨੂੰ ਪਤਾ ਹੈ ਕਿ ਉਹ ਕਿੱਦਾਂ ਦਾ ਘਰ ਬਣਾਉਣਾ ਚਾਹੁੰਦਾ ਹੈ। ਕੀ ਉਸ ਨੂੰ ਦੁਕਾਨ ਤੋਂ ਸਾਮਾਨ ਲਿਆ ਕੇ ਘਰ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ? ਨਹੀਂ। ਘਰ ਬਣਾਉਣ ਤੋਂ ਪਹਿਲਾਂ ਉਸ ਨੂੰ ਇਕ ਜ਼ਰੂਰੀ ਕੰਮ ਕਰਨ ਦੀ ਲੋੜ ਹੈ। ਉਹ ਕੰਮ ਹੈ, ਘਰ ਬਣਾਉਣ ਲਈ ਹੋਣ ਵਾਲੇ ਖ਼ਰਚੇ ਦਾ ਹਿਸਾਬ ਲਾਉਣਾ। ਕਿਉਂ? ਕਿਉਂਕਿ ਇੱਦਾਂ ਕਰਨ ਨਾਲ ਉਸ ਨੂੰ ਪਤਾ ਲੱਗੇਗਾ ਕਿ ਉਸ ਕੋਲ ਘਰ ਬਣਾਉਣ ਲਈ ਪੈਸੇ ਹਨ ਜਾਂ ਨਹੀਂ। ਪਹਿਲਾਂ ਤੋਂ ਹੀ ਸਾਰਾ ਹਿਸਾਬ ਲਗਾਉਣ ਨਾਲ ਉਹ ਆਪਣੇ ਘਰ ਨੂੰ ਪੂਰਾ ਬਣਾ ਸਕੇਗਾ।

2. ਲੂਕਾ 14:27-30 ਮੁਤਾਬਕ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕਿਸ ਗੱਲ ’ਤੇ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ?

2 ਕੀ ਯਹੋਵਾਹ ਲਈ ਪਿਆਰ ਤੇ ਕਦਰਦਾਨੀ ਹੋਣ ਕਰਕੇ ਤੁਸੀਂ ਬਪਤਿਸਮਾ ਲੈਣ ਲਈ ਪ੍ਰੇਰਿਤ ਹੋਏ ਹੋ? ਜੇ ਹਾਂ, ਤਾਂ ਤੁਹਾਨੂੰ ਵੀ ਉਹੀ ਫ਼ੈਸਲਾ ਕਰਨ ਦੀ ਲੋੜ ਹੈ ਜੋ ਘਰ ਬਣਾਉਣ ਵਾਲੇ ਆਦਮੀ ਨੇ ਕੀਤਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜ਼ਰਾ ਲੂਕਾ 14:27-30 (ਪੜ੍ਹੋ।) ਵਿਚ ਯਿਸੂ ਦੇ ਸ਼ਬਦਾਂ ’ਤੇ ਗੌਰ ਕਰੋ। ਯਿਸੂ ਦੱਸ ਰਿਹਾ ਸੀ ਕਿ ਉਸ ਦਾ ਚੇਲਾ ਬਣਨ ਦਾ ਕੀ ਮਤਲਬ ਹੈ। ਯਿਸੂ ਦਾ ਚੇਲਾ ਬਣਨ ਲਈ ਸਾਨੂੰ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੇ ਕੁਰਬਾਨੀਆਂ ਕਰਨ ਲਈ ਖ਼ੁਸ਼ੀ-ਖ਼ੁਸ਼ੀ ਤਿਆਰ ਰਹਿਣਾ ਚਾਹੀਦਾ। (ਲੂਕਾ 9:23-26; 12:51-53) ਇਸ ਲਈ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਇਸ ਵਿਚ ਕੀ ਕੁਝ ਸ਼ਾਮਲ ਹੈ। ਇੱਦਾਂ ਤੁਸੀਂ ਬਪਤਿਸਮਾ-ਪ੍ਰਾਪਤ ਸੇਵਕ ਵਜੋਂ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹੋਗੇ।

3. ਅਸੀਂ ਇਸ ਲੇਖ ਵਿਚ ਕੀ ਚਰਚਾ ਕਰਾਂਗੇ?

3 ਕੀ ਮਸੀਹ ਦਾ ਚੇਲਾ ਬਣਨ ਲਈ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੇ ਕੁਰਬਾਨੀਆਂ ਕਰਨ ਦਾ ਕੋਈ ਫ਼ਾਇਦਾ ਹੈ? ਹਾਂਜੀ, ਬਿਲਕੁਲ ਹੈ! ਬਪਤਿਸਮਾ ਲੈਣ ਨਾਲ ਤੁਹਾਨੂੰ ਹੁਣ ਅਤੇ ਭਵਿੱਖ ਵਿਚ ਅਣਗਿਣਤ ਬਰਕਤਾਂ ਮਿਲਣਗੀਆਂ। ਆਓ ਆਪਾਂ ਬਪਤਿਸਮੇ ਨਾਲ ਜੁੜੇ ਕੁਝ ਜ਼ਰੂਰੀ ਸਵਾਲਾਂ ’ਤੇ ਚਰਚਾ ਕਰੀਏ। ਇੱਦਾਂ ਕਰ ਕੇ ਤੁਹਾਡੀ ਇਸ ਸਵਾਲ ਦਾ ਜਵਾਬ ਲੈਣ ਵਿਚ ਮਦਦ ਹੋਵੇਗੀ, “ਕੀ ਮੈਂ ਬਪਤਿਸਮੇ ਲਈ ਤਿਆਰ ਹਾਂ?”

ਤੁਹਾਨੂੰ ਸਮਰਪਣ ਤੇ ਬਪਤਿਸਮੇ ਬਾਰੇ ਕੀ ਪਤਾ ਹੋਣਾ ਚਾਹੀਦਾ?

4. (ੳ) ਸਮਰਪਣ ਕੀ ਹੈ? (ਅ) ਮੱਤੀ 16:24 ਮੁਤਾਬਕ “ਆਪਣੇ ਆਪ ਦਾ ਤਿਆਗ” ਕਰਨ ਦਾ ਕੀ ਮਤਲਬ ਹੈ?

4 ਸਮਰਪਣ ਕੀ ਹੈ? ਬਪਤਿਸਮੇ ਤੋਂ ਪਹਿਲਾਂ ਤੁਹਾਨੂੰ ਸਮਰਪਣ ਕਰਨਾ ਚਾਹੀਦਾ ਹੈ। ਸਮਰਪਣ ਕਰਦੇ ਵੇਲੇ ਤੁਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹੋ ਅਤੇ ਦੱਸਦੇ ਹੋ ਕਿ ਹੁਣ ਤੋਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਉਸ ਦੀ ਹੀ ਸੇਵਾ ਕਰੋਗੇ। ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਕੇ ਤੁਸੀਂ “ਆਪਣੇ ਆਪ ਦਾ ਤਿਆਗ” ਕਰਦੇ ਹੋ। (ਮੱਤੀ 16:24 ਪੜ੍ਹੋ।) ਹੁਣ ਤੋਂ ਤੁਸੀਂ ਯਹੋਵਾਹ ਦੇ ਹੋ ਜੋ ਕਿ ਇਕ ਬਹੁਤ ਹੀ ਵੱਡਾ ਸਨਮਾਨ ਹੈ। (ਰੋਮੀ. 14:8) ਤੁਸੀਂ ਉਸ ਨੂੰ ਦੱਸਦੇ ਹੋ ਕਿ ਹੁਣ ਤੋਂ ਤੁਸੀਂ ਆਪਣਾ ਧਿਆਨ ਖ਼ੁਦ ਨੂੰ ਖ਼ੁਸ਼ ਕਰਨ ਦੀ ਬਜਾਇ ਉਸ ਦੀ ਸੇਵਾ ਕਰਨ ’ਤੇ ਲਾਓਗੇ। ਤੁਹਾਡਾ ਸਮਰਪਣ ਇਕ ਗੰਭੀਰ ਵਾਅਦਾ ਹੈ ਜੋ ਤੁਸੀਂ ਪਰਮੇਸ਼ੁਰ ਨਾਲ ਕਰਦੇ ਹੋ। ਯਹੋਵਾਹ ਸਾਨੂੰ ਇਹ ਵਾਅਦਾ ਕਰਨ ਲਈ ਮਜਬੂਰ ਨਹੀਂ ਕਰਦਾ। ਪਰ ਸਾਡੇ ਵੱਲੋਂ ਵਾਅਦਾ ਕਰਨ ’ਤੇ ਉਹ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਨਿਭਾਈਏ ਵੀ।—ਜ਼ਬੂ. 116:12, 14.

5. ਸਮਰਪਣ ਦਾ ਬਪਤਿਸਮੇ ਨਾਲ ਕੀ ਸੰਬੰਧ ਹੈ?

5 ਸਮਰਪਣ ਦਾ ਬਪਤਿਸਮੇ ਨਾਲ ਕੀ ਸੰਬੰਧ ਹੈ? ਤੁਸੀਂ ਆਪਣਾ ਸਮਰਪਣ ਇਕੱਲੇ ਵਿਚ ਕਰਦੇ ਹੋ। ਇਹ ਤੁਹਾਡੇ ਅਤੇ ਯਹੋਵਾਹ ਵਿਚਕਾਰ ਹੁੰਦਾ ਹੈ। ਪਰ ਬਪਤਿਸਮਾ ਸਾਰਿਆਂ ਸਾਮ੍ਹਣੇ ਹੁੰਦਾ ਹੈ। ਇਹ ਅਕਸਰ ਸੰਮੇਲਨਾਂ ਵਿਚ ਦਿੱਤਾ ਜਾਂਦਾ ਹੈ। ਬਪਤਿਸਮਾ ਲੈ ਕੇ ਤੁਸੀਂ ਦੂਸਰਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਪਹਿਲਾਂ ਹੀ ਸਮਰਪਿਤ ਕੀਤੀ ਹੈ। * ਤੁਹਾਡੇ ਬਪਤਿਸਮੇ ਤੋਂ ਦੂਜਿਆਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ, ਜਾਨ, ਸਮਝ ਤੇ ਸ਼ਕਤੀ ਨਾਲ ਪਿਆਰ ਕਰਦੇ ਹੋ ਅਤੇ ਤੁਸੀਂ ਹਮੇਸ਼ਾ ਲਈ ਉਸ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ।—ਮਰ. 12:30.

6-7. ਪਹਿਲਾ ਪਤਰਸ 3:18-22 ਮੁਤਾਬਕ ਬਪਤਿਸਮਾ ਲੈਣ ਦੇ ਕਿਹੜੇ ਦੋ ਕਾਰਨ ਹਨ?

6 ਕੀ ਬਪਤਿਸਮਾ ਲੈਣਾ ਵਾਕਈ ਜ਼ਰੂਰੀ ਹੈ? ਜ਼ਰਾ 1 ਪਤਰਸ 3:18-22 (ਪੜ੍ਹੋ।) ਦੇ ਸ਼ਬਦਾਂ ’ਤੇ ਗੌਰ ਕਰੋ। ਜਿਵੇਂ ਕਿਸ਼ਤੀ ਤੋਂ ਨੂਹ ਦੀ ਨਿਹਚਾ ਦਾ ਸਬੂਤ ਮਿਲਿਆ, ਉਸੇ ਤਰ੍ਹਾਂ ਤੁਹਾਡੇ ਬਪਤਿਸਮੇ ਤੋਂ ਸਬੂਤ ਮਿਲਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਹੈ। ਪਰ ਕੀ ਬਪਤਿਸਮਾ ਲੈਣਾ ਵਾਕਈ ਜ਼ਰੂਰੀ ਹੈ? ਹਾਂਜੀ। ਪਤਰਸ ਇਸ ਤਰ੍ਹਾਂ ਕਰਨ ਦੇ ਕਾਰਨ ਦੱਸਦਾ ਹੈ। ਪਹਿਲਾ ਕਾਰਨ, ਇਹ ਤੁਹਾਨੂੰ “ਬਚਾ ਰਿਹਾ ਹੈ।” ਬਪਤਿਸਮਾ ਸਾਨੂੰ ਬਚਾ ਸਕਦਾ ਹੈ ਜੇ ਅਸੀਂ ਆਪਣੇ ਕੰਮਾਂ ਰਾਹੀਂ ਯਿਸੂ ’ਤੇ ਨਿਹਚਾ ਦਿਖਾਉਂਦੇ ਹਾਂ ਅਤੇ ਇਹ ਵਿਸ਼ਵਾਸ ਕਰਦੇ ਹਾਂ ਕਿ ਉਸ ਨੇ ਸਾਡੀ ਖ਼ਾਤਰ ਆਪਣੀ ਜਾਨ ਦਿੱਤੀ, ਉਸ ਨੂੰ ਸਵਰਗ ਜਾਣ ਲਈ ਜੀਉਂਦਾ ਕੀਤਾ ਗਿਆ ਅਤੇ ਹੁਣ ਉਹ “ਪਰਮੇਸ਼ੁਰ ਦੇ ਸੱਜੇ ਪਾਸੇ” ਬੈਠਾ ਹੈ।

7 ਦੂਜਾ ਕਾਰਨ, ਬਪਤਿਸਮਾ ਲੈਣ ਨਾਲ ਸਾਨੂੰ “ਸਾਫ਼ ਜ਼ਮੀਰ” ਮਿਲਦੀ ਹੈ। ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਾਂ, ਤਾਂ ਅਸੀਂ ਉਸ ਨਾਲ ਇਕ ਖ਼ਾਸ ਰਿਸ਼ਤੇ ਵਿਚ ਬੱਝਦੇ ਹਾਂ। ਸਾਡੇ ਵੱਲੋਂ ਪਾਪਾਂ ਦੀ ਮਾਫ਼ੀ ਮੰਗਣ ਕਰਕੇ ਅਤੇ ਰਿਹਾਈ ਦੀ ਕੀਮਤ ’ਤੇ ਨਿਹਚਾ ਦਿਖਾਉਣ ਕਰਕੇ ਪਰਮੇਸ਼ੁਰ ਸਾਡੇ ਪਾਪ ਮਾਫ਼ ਕਰਦਾ ਹੈ। ਇੱਦਾਂ ਕਰਨ ਨਾਲ ਅਸੀਂ ਪਰਮੇਸ਼ੁਰ ਅੱਗੇ ਸਾਫ਼ ਜ਼ਮੀਰ ਰੱਖ ਸਕਦੇ ਹਾਂ।

8. ਤੁਹਾਨੂੰ ਕਿਹੜੇ ਕਾਰਨ ਕਰਕੇ ਬਪਤਿਸਮਾ ਲੈਣਾ ਚਾਹੀਦਾ ਹੈ?

8 ਤੁਹਾਨੂੰ ਕਿਹੜੇ ਕਾਰਨ ਕਰਕੇ ਬਪਤਿਸਮਾ ਲੈਣਾ ਚਾਹੀਦਾ ਹੈ? ਧਿਆਨ ਨਾਲ ਬਾਈਬਲ ਦਾ ਅਧਿਐਨ ਕਰ ਕੇ ਤੁਸੀਂ ਯਹੋਵਾਹ, ਉਸ ਦੀ ਸ਼ਖ਼ਸੀਅਤ ਅਤੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਬਹੁਤ ਕੁਝ ਸਿੱਖਿਆ ਹੈ। ਸਿੱਖੀਆਂ ਗੱਲਾਂ ਨੇ ਤੁਹਾਡਾ ਦਿਲ ਛੂਹਿਆ ਤੇ ਤੁਸੀਂ ਉਸ ਨੂੰ ਪਿਆਰ ਕਰਨ ਲਈ ਪ੍ਰੇਰਿਤ ਹੋਏ। ਯਹੋਵਾਹ ਲਈ ਤੁਹਾਡਾ ਪਿਆਰ ਬਪਤਿਸਮਾ ਲੈਣ ਦਾ ਮੁੱਖ ਕਾਰਨ ਹੋਣਾ ਚਾਹੀਦਾ ਹੈ।

9. ਮੱਤੀ 28:19, 20 ਮੁਤਾਬਕ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

9 ਬਪਤਿਸਮਾ ਲੈਣ ਦਾ ਇਕ ਹੋਰ ਕਾਰਨ ਹੈ ਕਿ ਤੁਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਸਵੀਕਾਰ ਕੀਤਾ ਹੈ। ਜ਼ਰਾ ਸੋਚੋ ਕਿ ਯਿਸੂ ਨੇ ਚੇਲੇ ਬਣਾਉਣ ਦਾ ਹੁਕਮ ਦਿੰਦੇ ਵੇਲੇ ਕੀ ਕਿਹਾ ਸੀ। (ਮੱਤੀ 28:19, 20 ਪੜ੍ਹੋ।) ਯਿਸੂ ਨੇ ਕਿਹਾ ਸੀ ਕਿ ਇਕ ਵਿਅਕਤੀ ਨੂੰ “ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ” ਬਪਤਿਸਮਾ ਲੈਣਾ ਚਾਹੀਦਾ ਹੈ। ਇਸ ਦਾ ਕੀ ਮਤਲਬ ਸੀ? ਬਾਈਬਲ ਯਹੋਵਾਹ, ਉਸ ਦੇ ਪੁੱਤਰ ਯਿਸੂ ਅਤੇ ਉਸ ਦੀ ਪਵਿੱਤਰ ਸ਼ਕਤੀ ਬਾਰੇ ਜੋ ਸੱਚਾਈਆਂ ਸਿਖਾਉਂਦੀ ਹੈ, ਤੁਹਾਨੂੰ ਉਨ੍ਹਾਂ ’ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਬਹੁਤ ਹੀ ਜ਼ਬਰਦਸਤ ਸੱਚਾਈਆਂ ਹਨ ਅਤੇ ਤੁਹਾਡੇ ਦਿਲ ਨੂੰ ਛੂਹ ਸਕਦੀਆਂ ਹਨ। (ਇਬ. 4:12) ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਸੱਚਾਈਆਂ ’ਤੇ ਗੌਰ ਕਰੀਏ।

10-11. ਤੁਸੀਂ ਸਾਡੇ ਪਿਤਾ ਬਾਰੇ ਕਿਹੜੀਆਂ ਸੱਚਾਈਆਂ ਸਿੱਖੀਆਂ ਅਤੇ ਸਵੀਕਾਰ ਕੀਤੀਆਂ ਹਨ?

10 ਜ਼ਰਾ ਸੋਚੋ ਕਿ ਤੁਸੀਂ ਸਾਡੇ ਪਿਤਾ ਬਾਰੇ ਇਹ ਸੱਚਾਈਆਂ ਕਦੋਂ ਸਿੱਖੀਆਂ ਸਨ: ਉਸ ਦਾ “ਨਾਮ ਯਹੋਵਾਹ ਹੈ”, ਉਹ “ਸਾਰੀ ਧਰਤੀ ਉੱਤੇ ਅੱਤ ਮਹਾਨ” ਹੈ ਅਤੇ ਉਹ ਹੀ “ਸੱਚਾ ਪਰਮੇਸ਼ੁਰ ਹੈ।” (ਜ਼ਬੂ. 83:18; ਯਿਰ. 10:10) ਉਹ ਸਾਡਾ ਸ੍ਰਿਸ਼ਟੀਕਰਤਾ ਹੈ ਅਤੇ “ਬਚਾਓ ਯਹੋਵਾਹ ਵੱਲੋਂ ਹੈ।” (ਜ਼ਬੂ. 3:8; 36:9) ਉਸ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਉਣ ਦਾ ਰਾਹ ਖੋਲ੍ਹਿਆ ਹੈ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜੀਉਣ ਦੀ ਉਮੀਦ ਦਿੱਤੀ ਹੈ। (ਯੂਹੰ. 17:3) ਤੁਹਾਡੇ ਸਮਰਪਣ ਅਤੇ ਬਪਤਿਸਮੇ ਤੋਂ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ। (ਯਸਾ. 43:10-12) ਤੁਸੀਂ ਪੂਰੀ ਦੁਨੀਆਂ ਵਿਚ ਸਾਡੇ ਪਰਿਵਾਰ ਦਾ ਹਿੱਸਾ ਬਣੋਗੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਨਾਂ ਤੋਂ ਸੱਦੇ ਜਾਣ ’ਤੇ ਮਾਣ ਹੈ ਅਤੇ ਜੋ ਇਸ ਬਾਰੇ ਦੂਜਿਆਂ ਨੂੰ ਦੱਸਦੇ ਹਨ।—ਜ਼ਬੂ. 86:12.

11 ਬਾਈਬਲ ਸਾਡੇ ਪਿਤਾ ਬਾਰੇ ਜੋ ਵੀ ਦੱਸਦੀ ਹੈ, ਉਹ ਜਾਣਨਾ ਸਾਡੇ ਲਈ ਇਕ ਵੱਡਾ ਸਨਮਾਨ ਹੈ! ਇਨ੍ਹਾਂ ਅਨਮੋਲ ਸੱਚਾਈਆਂ ਨੂੰ ਸਵੀਕਾਰ ਕਰ ਕੇ ਤੁਹਾਡਾ ਦਿਲ ਤੁਹਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੇ ਬਪਤਿਸਮਾ ਲੈਣ ਲਈ ਪ੍ਰੇਰੇਗਾ।

12-13. ਤੁਸੀਂ ਪੁੱਤਰ ਬਾਰੇ ਕਿਹੜੀਆਂ ਸੱਚਾਈਆਂ ਸਿੱਖੀਆਂ ਅਤੇ ਸਵੀਕਾਰ ਕੀਤੀਆਂ ਹਨ?

12 ਪੁੱਤਰ ਬਾਰੇ ਅੱਗੇ ਦੱਸੀਆਂ ਸੱਚਾਈਆਂ ਜਾਣ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ? ਯਿਸੂ ਪੂਰੇ ਬ੍ਰਹਿਮੰਡ ਵਿਚ ਦੂਜੇ ਦਰਜੇ ’ਤੇ ਹੈ। ਉਹ ਸਾਡਾ ਛੁਡਾਉਣ ਵਾਲਾ ਹੈ। ਉਸ ਨੇ ਸਾਡੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਕੁਰਬਾਨ ਕੀਤੀ। ਜਦੋਂ ਅਸੀਂ ਆਪਣੇ ਕੰਮਾਂ ਰਾਹੀਂ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਦਿਖਾਉਂਦੇ ਹਾਂ, ਤਾਂ ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ, ਅਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਾਂ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। (ਯੂਹੰ. 3:16) ਯਿਸੂ ਸਾਡਾ ਮਹਾਂ ਪੁਜਾਰੀ ਹੈ। ਉਹ ਚਾਹੁੰਦਾ ਹੈ ਕਿ ਸਾਨੂੰ ਉਸ ਦੀ ਕੁਰਬਾਨੀ ਤੋਂ ਫ਼ਾਇਦਾ ਹੋਵੇ ਅਤੇ ਸਾਡਾ ਪਰਮੇਸ਼ੁਰ ਨਾਲ ਇਕ ਨਜ਼ਦੀਕੀ ਰਿਸ਼ਤਾ ਜੁੜੇ। (ਇਬ. 4:15; 7:24, 25) ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਹੋਵਾਹ ਉਸ ਰਾਹੀਂ ਆਪਣੇ ਨਾਮ ਨੂੰ ਪਵਿੱਤਰ ਕਰੇਗਾ, ਬੁਰਾਈ ਦਾ ਖ਼ਾਤਮਾ ਕਰੇਗਾ ਅਤੇ ਆਉਣ ਵਾਲੀ ਨਵੀਂ ਦੁਨੀਆਂ ਵਿਚ ਹਮੇਸ਼ਾ ਰਹਿਣ ਵਾਲੀਆਂ ਬਰਕਤਾਂ ਦੇਵੇਗਾ। (ਮੱਤੀ 6:9, 10; ਪ੍ਰਕਾ. 11:15) ਯਿਸੂ ਸਾਡੇ ਲਈ ਇਕ ਉੱਤਮ ਮਿਸਾਲ ਹੈ। (1 ਪਤ. 2:21) ਉਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਸਾਡੇ ਲਈ ਮਿਸਾਲ ਕਾਇਮ ਕੀਤੀ ਹੈ।—ਯੂਹੰ. 4:34.

13 ਬਾਈਬਲ ਯਿਸੂ ਬਾਰੇ ਜੋ ਸਿਖਾਉਂਦੀ ਹੈ, ਉਸ ਨੂੰ ਮੰਨ ਕੇ ਤੁਸੀਂ ਪਰਮੇਸ਼ੁਰ ਦੇ ਪਿਆਰੇ ਪੁੱਤਰ ਨੂੰ ਪਿਆਰ ਕਰਨ ਲੱਗਦੇ ਹੋ। ਇਹ ਪਿਆਰ ਹੋਣ ਕਰਕੇ ਤੁਸੀਂ ਯਿਸੂ ਵਾਂਗ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੁੰਦੇ ਹੋ। ਨਤੀਜੇ ਵਜੋਂ, ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਲਈ ਉਭਾਰੇ ਜਾਂਦੇ ਹੋ।

14-15. ਤੁਸੀਂ ਪਵਿੱਤਰ ਸ਼ਕਤੀ ਬਾਰੇ ਕਿਹੜੀਆਂ ਸੱਚਾਈਆਂ ਸਿੱਖੀਆਂ ਅਤੇ ਸਵੀਕਾਰ ਕੀਤੀਆਂ ਹਨ?

14 ਪਵਿੱਤਰ ਸ਼ਕਤੀ ਬਾਰੇ ਅੱਗੇ ਦੱਸੀਆਂ ਸੱਚਾਈਆਂ ਜਾਣ ਕੇ ਤੁਹਾਨੂੰ ਕਿਵੇਂ ਲੱਗਾ? ਇਹ ਕੋਈ ਵਿਅਕਤੀ ਨਹੀਂ, ਸਗੋਂ ਪਰਮੇਸ਼ੁਰ ਦੀ ਕੰਮ ਕਰਨ ਦੀ ਸ਼ਕਤੀ ਹੈ। ਯਹੋਵਾਹ ਨੇ ਇਹ ਪਵਿੱਤਰ ਸ਼ਕਤੀ ਵਰਤ ਕੇ ਬਾਈਬਲ ਲਿਖਵਾਈ ਸੀ ਅਤੇ ਇਹ ਸ਼ਕਤੀ ਸਾਨੂੰ ਬਾਈਬਲ ਨੂੰ ਸਮਝਣ ਅਤੇ ਇਸ ਦੀਆਂ ਗੱਲਾਂ ਨੂੰ ਲਾਗੂ ਕਰਨ ਵਿਚ ਮਦਦ ਕਰਦੀ ਹੈ। (ਯੂਹੰ. 14:26; 2 ਪਤ. 1:21) ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਯਹੋਵਾਹ ਸਾਨੂੰ ਉਹ ਤਾਕਤ ਦਿੰਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰ. 4:7) ਇਹ ਸ਼ਕਤੀ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ, ਬੁਰੀਆਂ ਇੱਛਾਵਾਂ ਨਾਲ ਲੜਨ, ਨਿਰਾਸ਼ਾ ਦਾ ਸਾਮ੍ਹਣਾ ਕਰਨ ਅਤੇ ਅਜ਼ਮਾਇਸ਼ਾਂ ਨੂੰ ਪਾਰ ਕਰਨ ਦੀ ਤਾਕਤ ਦਿੰਦੀ ਹੈ। ਇਹ ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ “ਗੁਣ” ਜ਼ਾਹਰ ਕਰਨ ਵਿਚ ਵੀ ਮਦਦ ਕਰਦੀ ਹੈ। (ਗਲਾ. 5:22) ਪਰਮੇਸ਼ੁਰ ਖੁੱਲ੍ਹੇ ਦਿਲ ਨਾਲ ਆਪਣੀ ਇਹ ਸ਼ਕਤੀ ਉਨ੍ਹਾਂ ਨੂੰ ਦਿੰਦਾ ਹੈ ਜੋ ਉਸ ’ਤੇ ਭਰੋਸਾ ਕਰਦੇ ਹਨ ਅਤੇ ਸੱਚੇ ਦਿਲੋਂ ਮੰਗਦੇ ਹਨ।—ਲੂਕਾ 11:13.

15 ਸਾਨੂੰ ਇਹ ਜਾਣ ਕੇ ਕਿੰਨੀ ਹੀ ਤਸੱਲੀ ਅਤੇ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਦੇ ਸੇਵਕ ਉਸ ਦੀ ਸੇਵਾ ਕਰਨ ਲਈ ਪਵਿੱਤਰ ਸ਼ਕਤੀ ’ਤੇ ਭਰੋਸਾ ਰੱਖ ਸਕਦੇ ਹਨ! ਜਦੋਂ ਤੁਸੀਂ ਪਵਿੱਤਰ ਸ਼ਕਤੀ ਬਾਰੇ ਸਿੱਖੀਆਂ ਸੱਚਾਈਆਂ ਨੂੰ ਸਵੀਕਾਰ ਕਰਦੇ ਹੋ, ਤਾਂ ਤੁਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੁੰਦੇ ਹੋ।

16. ਹੁਣ ਤਕ ਅਸੀਂ ਕੀ ਸਿੱਖਿਆ?

16 ਪਰਮੇਸ਼ੁਰ ਨੂੰ ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਸੀਂ ਜ਼ਰੂਰੀ ਕਦਮ ਚੁੱਕਦੇ ਹੋ। ਜਿੱਦਾਂ ਅਸੀਂ ਸਿੱਖਿਆ ਸੀ, ਤੁਹਾਨੂੰ ਯਿਸੂ ਦੇ ਚੇਲੇ ਬਣਨ ਲਈ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਤੇ ਕੁਰਬਾਨੀਆਂ ਕਰਨ ਲਈ ਖ਼ੁਸ਼ੀ-ਖ਼ੁਸ਼ੀ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਜੋ ਬਰਕਤਾਂ ਮਿਲਣਗੀਆਂ ਉਹ ਸਾਡੇ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਕਿਤੇ ਵੱਧ ਕੇ ਹੋਣਗੀਆਂ। ਬਪਤਿਸਮਾ ਤੁਹਾਨੂੰ ਬਚਾ ਸਕਦਾ ਹੈ ਅਤੇ ਇਸ ਕਰਕੇ ਅਸੀਂ ਪਰਮੇਸ਼ੁਰ ਅੱਗੇ ਸਾਫ਼ ਜ਼ਮੀਰ ਰੱਖ ਸਕਦੇ ਹਾਂ। ਯਹੋਵਾਹ ਲਈ ਤੁਹਾਡਾ ਪਿਆਰ ਬਪਤਿਸਮਾ ਲੈਣ ਦਾ ਮੁੱਖ ਕਾਰਨ ਹੋਣਾ ਚਾਹੀਦਾ ਹੈ। ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਬਾਰੇ ਸਿੱਖੀਆਂ ਸੱਚਾਈਆਂ ’ਤੇ ਤੁਹਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਹੁਣ ਤਕ ਅਸੀਂ ਜਿੰਨੀਆਂ ਵੀ ਗੱਲਾਂ ’ਤੇ ਚਰਚਾ ਕੀਤੀ, ਉਸ ਆਧਾਰ ’ਤੇ ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿਓਗੇ, “ਕੀ ਮੈਂ ਬਪਤਿਸਮਾ ਲੈਣ ਲਈ ਤਿਆਰ ਹਾਂ?”

ਤੁਹਾਨੂੰ ਬਪਤਿਸਮੇ ਤੋਂ ਪਹਿਲਾਂ ਕੀ ਕਰਨ ਦੀ ਲੋੜ ਹੈ?

17. ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ?

17 ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ, ਤਾਂ ਬਿਨਾਂ ਸ਼ੱਕ ਤੁਸੀਂ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਨ ਲਈ ਬਹੁਤ ਸਾਰੇ ਕਦਮ ਚੁੱਕ ਲਏ ਹਨ। * ਲਗਾਤਾਰ ਬਾਈਬਲ ਦਾ ਅਧਿਐਨ ਕਰ ਕੇ ਤੁਸੀਂ ਯਹੋਵਾਹ ਅਤੇ ਯਿਸੂ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਤੁਸੀਂ ਆਪਣੇ ਵਿਚ ਨਿਹਚਾ ਪੈਦਾ ਕੀਤੀ ਹੈ। (ਇਬ. 11:6) ਤੁਹਾਨੂੰ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਵਾਅਦਿਆਂ ’ਤੇ ਪੂਰਾ ਭਰੋਸਾ ਹੈ ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਦੀ ਕੁਰਬਾਨੀ ਵਿਚ ਤੁਹਾਡੀ ਨਿਹਚਾ ਤੁਹਾਨੂੰ ਪਾਪ ਅਤੇ ਮੌਤ ਤੋਂ ਬਚਾ ਸਕਦੀ ਹੈ। ਤੁਸੀਂ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਇਨ੍ਹਾਂ ਲਈ ਮਾਫ਼ੀ ਮੰਗੀ ਹੈ। ਤੁਸੀਂ ਪਰਮੇਸ਼ੁਰ ਵੱਲ ਮੁੜੇ ਯਾਨੀ ਤੁਸੀਂ ਬੁਰੇ ਕੰਮ ਕਰਨੇ ਛੱਡ ਦਿੱਤੇ ਹਨ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਜ਼ਿੰਦਗੀ ਜੀਉਣੀ ਸ਼ੁਰੂ ਕੀਤੀ ਹੈ। (ਰਸੂ. 3:19) ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਉਤਾਵਲੇ ਹੋ। ਤੁਸੀਂ ਬਪਤਿਸਮਾ-ਰਹਿਤ ਪ੍ਰਚਾਰਕ ਬਣਨ ਦੇ ਯੋਗ ਬਣੇ ਅਤੇ ਤੁਸੀਂ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। (ਮੱਤੀ 24:14) ਇਹ ਕਦਮ ਚੁੱਕਣ ਕਰਕੇ ਯਹੋਵਾਹ ਨੂੰ ਤੁਹਾਡੇ ’ਤੇ ਮਾਣ ਹੈ। ਤੁਸੀਂ ਉਸ ਦਾ ਦਿਲ ਬਹੁਤ ਹੀ ਜ਼ਿਆਦਾ ਖ਼ੁਸ਼ ਕੀਤਾ।—ਕਹਾ. 27:11.

18. ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਹੋਰ ਕੀ ਕਰਨ ਦੀ ਲੋੜ ਹੈ?

18 ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਜਿੱਦਾਂ ਅਸੀਂ ਪਹਿਲਾਂ ਸਿੱਖਿਆ ਕਿ ਤੁਹਾਨੂੰ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦੀ ਲੋੜ ਹੈ। ਉਸ ਨੂੰ ਇਕੱਲੇ ਵਿਚ ਦਿਲੋਂ ਪ੍ਰਾਰਥਨਾ ਕਰੋ ਅਤੇ ਵਾਅਦਾ ਕਰੋ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਉਸ ਦੀ ਇੱਛਾ ਪੂਰੀ ਕਰਨ ਵਿਚ ਲਗਾਓਗੇ। (1 ਪਤ. 4:2) ਫਿਰ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨੂੰ ਦੱਸੋ ਕਿ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ। ਉਹ ਕੁਝ ਬਜ਼ੁਰਗਾਂ ਨੂੰ ਤੁਹਾਡੇ ਨਾਲ ਮਿਲਣ ਦਾ ਇੰਤਜ਼ਾਮ ਕਰੇਗਾ। ਬਜ਼ੁਰਗਾਂ ਨੂੰ ਮਿਲਣ ਦੀ ਗੱਲ ਸੁਣ ਕੇ ਡਰੋ ਨਾ। ਯਾਦ ਰੱਖੋ ਕਿ ਇਹ ਭਰਾ ਤੁਹਾਨੂੰ ਜਾਣਦੇ ਹਨ ਅਤੇ ਤੁਹਾਨੂੰ ਪਿਆਰ ਕਰਦੇ ਹਨ। ਉਹ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਤੁਹਾਡੇ ਤੋਂ ਸਵਾਲ ਪੁੱਛਣਗੇ। ਉਹ ਸਿਰਫ਼ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਨ੍ਹਾਂ ਬੁਨਿਆਦੀ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅਤੇ ਤੁਹਾਨੂੰ ਸਮਰਪਣ ਅਤੇ ਬਪਤਿਸਮੇ ਦੀ ਅਹਿਮੀਅਤ ਬਾਰੇ ਪਤਾ ਹੈ ਜਾਂ ਨਹੀਂ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ, ਤਾਂ ਉਹ ਦੱਸਣਗੇ ਕਿ ਤੁਸੀਂ ਆਉਣ ਵਾਲੇ ਸੰਮੇਲਨ ਵਿਚ ਬਪਤਿਸਮਾ ਲੈ ਸਕਦੇ ਹੋ।

ਤੁਹਾਨੂੰ ਬਪਤਿਸਮੇ ਤੋਂ ਬਾਅਦ ਕੀ ਕਰਨ ਦੀ ਲੋੜ ਹੈ?

19-20. ਬਪਤਿਸਮੇ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ ਅਤੇ ਇਹ ਤੁਸੀਂ ਕਿੱਦਾਂ ਕਰ ਸਕਦੇ ਹੋ?

19 ਬਪਤਿਸਮੇ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ? * ਯਾਦ ਰੱਖੋ ਕਿ ਤੁਹਾਡਾ ਸਮਰਪਣ ਇਕ ਵਾਅਦਾ ਹੈ ਅਤੇ ਯਹੋਵਾਹ ਉਮੀਦ ਰੱਖਦਾ ਹੈ ਕਿ ਤੁਸੀਂ ਆਪਣੇ ਵਾਅਦੇ ਨੂੰ ਨਿਭਾਓ। ਇਸ ਲਈ ਬਪਤਿਸਮੇ ਤੋਂ ਬਾਅਦ ਤੁਹਾਨੂੰ ਆਪਣੇ ਵਾਅਦੇ ’ਤੇ ਪੱਕਾ ਰਹਿਣਾ ਚਾਹੀਦਾ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

20 ਆਪਣੀ ਮੰਡਲੀ ਦੇ ਨੇੜੇ ਰਹੋ। ਬਪਤਿਸਮਾ-ਪ੍ਰਾਪਤ ਮਸੀਹੀ ਹੋਣ ਦੇ ਨਾਤੇ ਤੁਸੀਂ ਹੁਣ ਵਿਸ਼ਵ-ਵਿਆਪੀ ਭਾਈਚਾਰਾ ਦਾ ਹਿੱਸਾ ਹੋ। (1 ਪਤ. 2:17) ਮੰਡਲੀ ਦੇ ਭੈਣ-ਭਰਾ ਤੁਹਾਡੇ ਪਰਿਵਾਰ ਵਾਂਗ ਹਨ। ਲਗਾਤਾਰ ਸਭਾਵਾਂ ’ਤੇ ਜਾ ਕੇ ਤੁਸੀਂ ਉਨ੍ਹਾਂ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹੋ। ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ’ਤੇ ਸੋਚ-ਵਿਚਾਰ ਕਰੋ। (ਜ਼ਬੂ. 1:1, 2) ਬਾਈਬਲ ਦਾ ਕੁਝ ਹਿੱਸਾ ਪੜ੍ਹਨ ਤੋਂ ਬਾਅਦ ਥੋੜ੍ਹਾ ਰੁਕ ਕੇ ਪੜ੍ਹੀਆਂ ਗੱਲਾਂ ’ਤੇ ਡੂੰਘਾਈ ਨਾਲ ਸੋਚੋ। ਇੱਦਾਂ ਕਰਨ ਨਾਲ ਇਹ ਸ਼ਬਦ ਤੁਹਾਡੇ ਦਿਲ ਤਕ ਪਹੁੰਚਣਗੇ। “ਪ੍ਰਾਰਥਨਾ ਕਰਦੇ ਰਹੋ।” (ਮੱਤੀ 26:41) ਦਿਲੋਂ ਕੀਤੀਆਂ ਤੁਹਾਡੀਆਂ ਪ੍ਰਾਰਥਨਾਵਾਂ ਤੁਹਾਨੂੰ ਯਹੋਵਾਹ ਦੇ ਨੇੜੇ ਲੈ ਜਾਣਗੀਆਂ। “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ।” (ਮੱਤੀ 6:33) ਤੁਸੀਂ ਪ੍ਰਚਾਰ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਇਸ ਤਰ੍ਹਾਂ ਕਰ ਸਕਦੇ ਹੋ। ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈਣ ਨਾਲ ਤੁਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕੋਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਵਿਚ ਦੂਜਿਆਂ ਦੀ ਮਦਦ ਕਰ ਸਕੋਗੇ।—1 ਤਿਮੋ. 4:16.

21. ਬਪਤਿਸਮਾ ਤੁਹਾਡੀ ਕਿਸ ਗੱਲ ਵਿਚ ਮਦਦ ਕਰੇਗਾ?

21 ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਹੋਵੇਗਾ। ਇਹ ਸੱਚ ਹੈ ਕਿ ਇਸ ਤਰ੍ਹਾਂ ਕਰਨ ਲਈ ਸਾਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਤੇ ਕੁਰਬਾਨੀਆਂ ਕਰਨੀਆਂ ਪੈਂਦੀਆਂ। ਪਰ ਕੀ ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਵੀ ਹੈ? ਹਾਂਜੀ ਬਿਲਕੁਲ ਹੈ! ਤੁਸੀਂ ਇਸ ਦੁਨੀਆਂ ਵਿਚ ਜਿਨ੍ਹਾਂ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ, ਉਹ “ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ।” (2 ਕੁਰਿੰ. 4:17) ਪਰ ਦੂਜੇ ਪਾਸੇ, ਤੁਹਾਡਾ ਬਪਤਿਸਮਾ ਤੁਹਾਨੂੰ ਹੁਣ ਇਕ ਵਧੀਆ ਜ਼ਿੰਦਗੀ ਜੀਉਣ ਅਤੇ ਭਵਿੱਖ ਵਿਚ “ਅਸਲੀ ਜ਼ਿੰਦਗੀ” ਪਾਉਣ ਵਿਚ ਤੁਹਾਡੀ ਮਦਦ ਕਰੇਗਾ। (1 ਤਿਮੋ. 6:19) ਇਸ ਲਈ ਅਸੀਂ ਗੁਜ਼ਾਰਸ਼ ਕਰਦੇ ਹਾਂ ਕਿ ਤੁਸੀਂ ਧਿਆਨ ਨਾਲ ਸੋਚ ਕੇ ਅਤੇ ਪ੍ਰਾਰਥਨਾ ਕਰ ਕੇ ਇਸ ਸਵਾਲ ਦਾ ਜਵਾਬ ਦਿਓ, “ਕੀ ਮੈਂ ਬਪਤਿਸਮਾ ਲੈਣ ਲਈ ਤਿਆਰ ਹਾਂ?”

ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ

^ ਪੈਰਾ 5 ਕੀ ਤੁਸੀਂ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਇਹ ਲੇਖ ਖ਼ਾਸ ਕਰਕੇ ਤੁਹਾਡੇ ਲਈ ਹੈ। ਇਸ ਲੇਖ ਵਿਚ ਅਸੀਂ ਬਪਤਿਸਮੇ ਬਾਰੇ ਕੁਝ ਖ਼ਾਸ ਸਵਾਲਾਂ ’ਤੇ ਚਰਚਾ ਕਰਾਂਗੇ। ਇਨ੍ਹਾਂ ਸਵਾਲਾਂ ’ਤੇ ਚਰਚਾ ਕਰਦਿਆਂ ਸੋਚੋ ਕਿ ਤੁਹਾਡਾ ਕੀ ਜਵਾਬ ਹੋਵੇਗਾ। ਇੱਦਾਂ ਤੁਹਾਡੀ ਫ਼ੈਸਲਾ ਕਰਨ ਵਿਚ ਮਦਦ ਹੋਵੇਗੀ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਜਾਂ ਨਹੀਂ।

^ ਪੈਰਾ 17 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 18ਵਾਂ ਅਧਿਆਇ ਦੇਖੋ।

^ ਪੈਰਾ 19 ਜੇ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਅਤੇ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀਆਂ ਕਿਤਾਬਾਂ ਤੋਂ ਸਟੱਡੀ ਖ਼ਤਮ ਨਹੀਂ ਕੀਤੀ ਹੈ, ਤਾਂ ਤੁਹਾਨੂੰ ਇਨ੍ਹਾਂ ਕਿਤਾਬਾਂ ਤੋਂ ਸਟੱਡੀ ਕਰਨੀ ਜਾਰੀ ਰੱਖਣੀ ਚਾਹੀਦੀ ਹੈ।