Skip to content

Skip to table of contents

ਜੀਵਨੀ

“ਅਸੀਂ ਹਾਜ਼ਰ ਹਾਂ! ਸਾਨੂੰ ਘੱਲੋ!”

“ਅਸੀਂ ਹਾਜ਼ਰ ਹਾਂ! ਸਾਨੂੰ ਘੱਲੋ!”

ਕੀ ਤੁਸੀਂ ਉਸ ਜਗ੍ਹਾ ਜਾ ਕੇ ਯਹੋਵਾਹ ਦੀ ਹੋਰ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਹਾਂ, ਤਾਂ ਤੁਹਾਨੂੰ ਭਰਾ ਤੇ ਭੈਣ ਬੇਰਗੇਮ ਦੇ ਤਜਰਬੇ ਤੋਂ ਜ਼ਰੂਰ ਫ਼ਾਇਦਾ ਹੋਵੇਗਾ।

ਜੈੱਕ ਅਤੇ ਮੈਰੀਲੀਨ 1988 ਤੋਂ ਇਕੱਠੇ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਉਹ ਵੱਖੋ-ਵੱਖਰੇ ਹਾਲਾਤਾਂ ਮੁਤਾਬਕ ਢਲ਼ ਜਾਂਦੇ ਹਨ ਅਤੇ ਉਨ੍ਹਾਂ ਨੇ ਗਵਾਡਲੂਪ ਤੇ ਫ਼੍ਰੈਂਚ ਗੀਆਨਾ ਵਿਚ ਕਾਫ਼ੀ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਹ ਦੋਵੇਂ ਥਾਵਾਂ ਹੁਣ ਫਰਾਂਸ ਬ੍ਰਾਂਚ ਆਫ਼ਿਸ ਦੇ ਅਧੀਨ ਹਨ। ਆਓ ਆਪਾਂ ਜੈੱਕ ਅਤੇ ਮੈਰੀਲੀਨ ਤੋਂ ਕੁਝ ਸਵਾਲ ਪੁੱਛੀਏ।

ਕਿਸ ਗੱਲ ਨੇ ਤੁਹਾਨੂੰ ਪੂਰੇ ਸਮੇਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ?

ਮੈਰੀਲੀਨ: ਮੇਰੀ ਪਰਵਰਿਸ਼ ਗਵਾਡਲੂਪ ਵਿਚ ਹੋਈ। ਮੈਂ ਅਕਸਰ ਆਪਣੀ ਮੰਮੀ ਨਾਲ ਪ੍ਰਚਾਰ ਕਰਦੀ ਹੁੰਦੀ ਸੀ ਜੋ ਇਕ ਜੋਸ਼ੀਲੇ ਪ੍ਰਚਾਰਕ ਸਨ। ਮੈਂ ਲੋਕਾਂ ਨੂੰ ਪਿਆਰ ਕਰਦੀ ਹਾਂ ਜਿਸ ਕਰਕੇ 1985 ਵਿਚ ਸਕੂਲ ਦੀ ਪੜ੍ਹਾਈ ਖ਼ਤਮ ਹੋਣ ’ਤੇ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਜੈੱਕ: ਜਦੋਂ ਮੈਂ ਨੌਜਵਾਨ ਸੀ, ਤਾਂ ਮੈਂ ਹਮੇਸ਼ਾ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨਾਲ ਰਹਿੰਦਾ ਸੀ ਜਿਨ੍ਹਾਂ ਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਮੈਂ ਸਕੂਲ ਦੀਆਂ ਛੁੱਟੀਆਂ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਦਾ ਹੁੰਦਾ ਸੀ। ਸ਼ਨੀ-ਐਤਵਾਰ ਨੂੰ ਅਕਸਰ ਮੈਂ, ਮੇਰੇ ਮੰਮੀ ਅਤੇ ਮੰਡਲੀ ਦੇ ਹੋਰ ਭੈਣ-ਭਰਾ ਬੱਸ ’ਤੇ ਪਾਇਨੀਅਰਾਂ ਦੀ ਮਦਦ ਕਰਨ ਜਾਂਦੇ ਹੁੰਦੇ ਸੀ। ਸਾਰਾ ਦਿਨ ਪ੍ਰਚਾਰ ਕਰਨ ਤੋਂ ਬਾਅਦ ਆਰਾਮ ਕਰਨ ਲਈ ਅਸੀਂ ਸਮੁੰਦਰ ਕਿਨਾਰੇ ਚਲੇ ਜਾਂਦੇ ਸੀ। ਉਹ ਦਿਨ ਬਹੁਤ ਹੀ ਮਜ਼ੇਦਾਰ ਸਨ!

1988 ਵਿਚ ਮੇਰਾ ਤੇ ਮੈਰੀਲੀਨ ਦਾ ਵਿਆਹ ਹੋ ਗਿਆ। ਇਸ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਖ਼ੁਦ ਨੂੰ ਪੁੱਛਿਆ: ‘ਮੇਰੇ ਸਿਰ ’ਤੇ ਕੋਈ ਭਾਰੀ ਜ਼ਿੰਮੇਵਾਰੀ ਨਹੀਂ, ਇਸ ਲਈ ਕਿਉਂ ਨਾ ਮੈਂ ਆਪਣੀ ਪ੍ਰਚਾਰ ਸੇਵਾ ਨੂੰ ਹੋਰ ਵਧਾਵਾਂ?’ ਮੈਂ ਮੈਰੀਲੀਨ ਨਾਲ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਕ ਸਾਲ ਬਾਅਦ ਅਸੀਂ ਪਾਇਨੀਅਰ ਸਕੂਲ ਗਏ। ਫਿਰ ਸਾਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਫ਼੍ਰੈਂਚ ਗੀਆਨਾ ਵਿਚ ਸੇਵਾ ਕਰਨ ਤੋਂ ਪਹਿਲਾਂ ਅਸੀਂ ਗਵਾਡਲੂਪ ਵਿਚ ਕਈ ਜ਼ਿੰਮੇਵਾਰੀਆਂ ਨਿਭਾਈਆਂ।

ਸਾਲਾਂ ਦੌਰਾਨ ਤੁਹਾਨੂੰ ਕਾਫ਼ੀ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪਈਆਂ। ਨਵੇਂ ਹਾਲਾਤਾਂ ਮੁਤਾਬਕ ਢਲ਼ਣ ਵਿਚ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ?

ਮੈਰੀਲੀਨ: ਫ਼੍ਰੈਂਚ ਗੀਆਨਾ ਦੇ ਬ੍ਰਾਂਚ ਆਫ਼ਿਸ ਵਿਚ ਭਰਾਵਾਂ ਨੂੰ ਪਤਾ ਸੀ ਕਿ ਯਸਾਯਾਹ 6:8 ਸਾਡੀ ਮਨਪਸੰਦ ਆਇਤ ਹੈ। ਸੋ ਜਦੋਂ ਉਹ ਸਾਨੂੰ ਫ਼ੋਨ ਕਰਦੇ ਸਨ, ਤਾਂ ਉਹ ਅਕਸਰ ਹੱਸ ਕੇ ਕਹਿੰਦੇ ਸਨ, “ਤੁਹਾਨੂੰ ਆਪਣੀ ਮਨਪਸੰਦ ਆਇਤ ਯਾਦ ਹੈ?” ਅਸੀਂ ਸਮਝ ਜਾਂਦੇ ਸੀ ਕਿ ਹੁਣ ਸਾਨੂੰ ਕਿਤੇ ਹੋਰ ਭੇਜਿਆ ਜਾਵੇਗਾ। ਸੋ ਅਸੀਂ ਕਹਿੰਦੇ ਹੁੰਦੇ ਸੀ, “ਅਸੀਂ ਹਾਜ਼ਰ ਹਾਂ, ਸਾਨੂੰ ਘੱਲੋ!”

ਅਸੀਂ ਆਪਣੀ ਨਵੀਂ ਸੇਵਾ ਦੀ ਤੁਲਨਾ ਪੁਰਾਣੀ ਨਾਲ ਨਹੀਂ ਕਰਦੇ ਕਿਉਂਕਿ ਇੱਦਾਂ ਕਰਨ ਨਾਲ ਨਵੀਂ ਸੇਵਾ ਵਿਚ ਸਾਡੀ ਖ਼ੁਸ਼ੀ ਗੁਆਚ ਸਕਦੀ ਹੈ। ਨਾਲੇ ਅਸੀਂ ਭੈਣਾਂ-ਭਰਾਵਾਂ ਨੂੰ ਜਾਣਨ ਵਿਚ ਪਹਿਲ ਕਰਦੇ ਹਾਂ।

ਜੈੱਕ: ਕਈ ਵਾਰ ਨੇਕ ਇਰਾਦਾ ਰੱਖਣ ਵਾਲੇ ਕੁਝ ਭੈਣ-ਭਰਾ ਸਾਨੂੰ ਨਵੀਂ ਜਗ੍ਹਾ ਜਾਣ ਦੀ ਬਜਾਇ ਉੱਥੇ ਹੀ ਰਹਿਣ ਲਈ ਕਹਿੰਦੇ ਹੁੰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਅਸੀਂ ਉਨ੍ਹਾਂ ਤੋਂ ਦੂਰ ਜਾਈਏ। ਪਰ ਗਵਾਡਲੂਪ ਤੋਂ ਜਾਣ ਲੱਗਿਆ ਸਾਨੂੰ ਇਕ ਭਰਾ ਨੇ ਮੱਤੀ 13:38 ਵਿਚ ਦਰਜ ਯਿਸੂ ਦੇ ਸ਼ਬਦ ਯਾਦ ਕਰਵਾਏ: “ਖੇਤ ਦੁਨੀਆਂ ਹੈ।” ਇਸ ਲਈ ਸਾਨੂੰ ਜਦੋਂ ਵੀ ਕਿਸੇ ਨਵੀਂ ਜਗ੍ਹਾ ’ਤੇ ਭੇਜਿਆ ਜਾਂਦਾ, ਤਾਂ ਅਸੀਂ ਆਪਣੇ ਆਪ ਨੂੰ ਯਾਦ ਕਰਾਉਂਦੇ ਹਾਂ ਕਿ ਅਸੀਂ ਭਾਵੇਂ ਜਿੱਥੇ ਮਰਜ਼ੀ ਜਾਈਏ, ਪਰ ਅਸੀਂ ਇੱਕੋ ਖੇਤ ਵਿਚ ਕੰਮ ਕਰ ਰਹੇ ਹਾਂ। ਲੋਕ ਅਤੇ ਪ੍ਰਚਾਰ ਦਾ ਕੰਮ ਸਾਡੇ ਲਈ ਸਭ ਤੋਂ ਜ਼ਰੂਰੀ ਹਨ!

ਜਦੋਂ ਵੀ ਅਸੀਂ ਨਵੀਂ ਜਗ੍ਹਾ ’ਤੇ ਜਾਂਦੇ ਹਾਂ, ਤਾਂ ਦੇਖਦੇ ਹਾਂ ਕਿ ਉੱਥੇ ਲੋਕ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜੀਉਂਦੇ ਹਨ। ਇਸ ਲਈ ਅਸੀਂ ਉੱਥੋਂ ਦੇ ਲੋਕਾਂ ਵਾਂਗ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਵੇਂ ਖਾਣਾ-ਪੀਣਾ ਵੱਖਰਾ ਹੁੰਦਾ ਹੈ, ਪਰ ਅਸੀਂ ਉਹੀ ਖਾਂਦੇ-ਪੀਂਦੇ ਹਾਂ ਜੋ ਲੋਕ ਖਾਂਦੇ-ਪੀਂਦੇ ਹਨ। ਪਰ ਅਸੀਂ ਧਿਆਨ ਰੱਖਦੇ ਹਾਂ ਕਿ ਅਸੀਂ ਬੀਮਾਰ ਨਾ ਹੋ ਜਾਈਏ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀ ਹਰ ਜ਼ਿੰਮੇਵਾਰੀ ਬਾਰੇ ਚੰਗੀਆਂ ਗੱਲਾਂ ਕਰੀਏ।

ਮੈਰੀਲੀਨ: ਅਸੀਂ ਭੈਣਾਂ-ਭਰਾਵਾਂ ਤੋਂ ਵੀ ਬਹੁਤ ਕੁਝ ਸਿੱਖਿਆ। ਮੈਨੂੰ ਯਾਦ ਹੈ ਕਿ ਫ਼੍ਰੈਂਚ ਗੀਆਨਾ ਵਿਚ ਪਹੁੰਚਣ ਤੋਂ ਜਲਦੀ ਬਾਅਦ ਹੀ ਕੁਝ ਹੋਇਆ ਸੀ। ਜ਼ੋਰਦਾਰ ਮੀਂਹ ਪੈਣ ਕਰਕੇ ਅਸੀਂ ਸੋਚਿਆ ਕਿ ਮੀਂਹ ਰੁਕਣ ਤੋਂ ਬਾਅਦ ਹੀ ਅਸੀਂ ਪ੍ਰਚਾਰ ’ਤੇ ਜਾਵਾਂਗੇ। ਪਰ ਫਿਰ ਇਕ ਭੈਣ ਨੇ ਮੈਨੂੰ ਕਿਹਾ, “ਚੱਲੀਏ ਆਪਾਂ?” ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ, “ਪਰ ਕਿੱਦਾਂ?” ਉਸ ਨੇ ਕਿਹਾ, “ਆਪਣੀ ਛਤਰੀ ਲੈ ਤੇ ਆਪਾਂ ਸਾਈਕਲਾਂ ’ਤੇ ਚੱਲਦੇ।” ਉਸ ਦਿਨ ਮੈਂ ਇਕ ਹੱਥ ਵਿਚ ਛਤਰੀ ਫੜ ਕੇ ਸਾਈਕਲ ਚਲਾਉਣਾ ਸਿੱਖਿਆ। ਜੇ ਮੈਂ ਨਾ ਸਿੱਖਿਆ ਹੁੰਦਾ, ਤਾਂ ਮੈਂ ਕਦੇ ਵੀ ਬਰਸਾਤਾਂ ਵਿਚ ਪ੍ਰਚਾਰ ਨਹੀਂ ਕਰ ਪਾਉਣਾ ਸੀ!

ਤੁਹਾਨੂੰ ਤਕਰੀਬਨ 15 ਵਾਰ ਨਵੀਂ ਜਗ੍ਹਾ ’ਤੇ ਭੇਜਿਆ ਗਿਆ। ਕੀ ਤੁਸੀਂ ਉਨ੍ਹਾਂ ਨੂੰ ਕੁਝ ਸੁਝਾਅ ਦੇਣੇ ਚਾਹੋਗੇ ਜੋ ਹੋਰ ਜਗ੍ਹਾ ਜਾਂਦੇ ਹਨ?

ਮੈਰੀਲੀਨ: ਦੂਸਰੀ ਜਗ੍ਹਾ ’ਤੇ ਜਾਣਾ ਔਖਾ ਹੋ ਸਕਦਾ। ਫਿਰ ਵੀ ਜ਼ਰੂਰੀ ਹੈ ਕਿ ਰਹਿਣ ਲਈ ਕੋਈ ਇੱਦਾਂ ਦੀ ਜਗ੍ਹਾ ਲੱਭੋ ਜਿੱਥੇ ਘਰ ਵਾਂਗ ਮਹਿਸੂਸ ਹੋਵੇ ਤੇ ਜਿੱਥੇ ਪ੍ਰਚਾਰ ਤੋਂ ਵਾਪਸ ਆ ਕੇ ਤੁਸੀਂ ਆਰਾਮ ਕਰ ਸਕੋ।

ਜੈੱਕ: ਮੈਂ ਅਕਸਰ ਆਪਣੇ ਹਰ ਨਵੇਂ ਘਰ ਨੂੰ ਪੇਂਟ ਕਰਦਾ ਹਾਂ। ਜੇ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਸੇ ਜਗ੍ਹਾ ’ਤੇ ਜ਼ਿਆਦਾ ਸਮੇਂ ਲਈ ਨਹੀਂ ਰੁਕਾਂਗੇ, ਤਾਂ ਉਹ ਮਜ਼ਾਕ ਵਿਚ ਕਹਿੰਦੇ ਹਨ, “ਜੈੱਕ ਇਸ ਵਾਰ ਘਰ ਨੂੰ ਪੇਂਟ ਨਾ ਕਰੀਂ!”

ਮੈਰੀਲੀਨ ਸਾਮਾਨ ਪੈਕ ਕਰਨ ਵਿਚ ਮਾਹਰ ਹੈ। ਉਹ ਡੱਬਿਆਂ ਵਿਚ ਸਾਮਾਨ ਪਾ ਕੇ ਉਨ੍ਹਾਂ ’ਤੇ ਲਿਖ ਦਿੰਦੀ ਹੈ, “ਬਾਥਰੂਮ,” “ਬੈਡਰੂਮ,” “ਰਸੋਈ” ਵਗੈਰਾ-ਵਗੈਰਾ। ਇਸ ਲਈ ਨਵੇਂ ਘਰ ਜਾ ਕੇ ਅਸੀਂ ਆਸਾਨੀ ਨਾਲ ਸਾਰਾ ਸਾਮਾਨ ਆਪੋ-ਆਪਣੀ ਜਗ੍ਹਾ ’ਤੇ ਰੱਖ ਦਿੰਦੇ ਹਾਂ। ਮੈਰੀਲੀਨ ਲਿਸਟ ਬਣਾ ਲੈਂਦੀ ਹੈ ਕਿ ਹਰ ਡੱਬੇ ਵਿਚ ਕਿਹੜਾ-ਕਿਹੜਾ ਸਾਮਾਨ ਹੈ। ਇੱਦਾਂ ਸਾਨੂੰ ਜਲਦੀ ਸਾਮਾਨ ਮਿਲ ਜਾਂਦਾ ਹੈ।

ਮੈਰੀਲੀਨ: ਸਾਰੇ ਕੰਮ ਸਲੀਕੇ ਨਾਲ ਕਰਨ ਕਰਕੇ ਅਸੀਂ ਛੇਤੀ ਪ੍ਰਚਾਰ ’ਤੇ ਜਾਣਾ ਸ਼ੁਰੂ ਕਰ ਦਿੰਦੇ ਹਾਂ।

“ਸੇਵਾ ਦਾ ਆਪਣਾ ਕੰਮ ਪੂਰਾ” ਕਰਨ ਲਈ ਤੁਸੀਂ ਸਮਾਂ-ਸਾਰਣੀ ਕਿਵੇਂ ਬਣਾਉਂਦੇ ਹੋ?—2 ਤਿਮੋ. 4:5.

ਮੈਰੀਲੀਨ: ਸੋਮਵਾਰ ਅਸੀਂ ਆਰਾਮ ਕਰਦੇ ਹਾਂ ਅਤੇ ਸਭਾਵਾਂ ਦੀ ਤਿਆਰੀ ਕਰਦੇ ਹਾਂ। ਮੰਗਲਵਾਰ ਤੋਂ ਅਸੀਂ ਪ੍ਰਚਾਰ ’ਤੇ ਜਾਂਦੇ ਹਾਂ।

ਜੈੱਕ: ਭਾਵੇਂ ਸਾਨੂੰ ਹਰ ਮਹੀਨੇ ਪ੍ਰਚਾਰ ਲਈ ਰੱਖੇ ਘੰਟਿਆਂ ਦੀ ਮੰਗ ਪੂਰੀ ਕਰਨੀ ਪੈਂਦੀ ਹੈ, ਪਰ ਅਸੀਂ ਆਪਣਾ ਧਿਆਨ ਘੰਟੇ ਪੂਰੇ ਕਰਨ ’ਤੇ ਨਹੀਂ ਲਾਉਂਦੇ। ਪ੍ਰਚਾਰ ਕਰਨਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਘਰੋਂ ਨਿਕਲਣ ਤੋਂ ਬਾਅਦ ਤੇ ਘਰ ਆਉਣ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰਾਹ ਵਿਚ ਮਿਲਣ ਵਾਲੇ ਹਰ ਵਿਅਕਤੀ ਨੂੰ ਪ੍ਰਚਾਰ ਕਰੀਏ।

ਮੈਰੀਲੀਨ: ਜਦੋਂ ਵੀ ਅਸੀਂ ਪਿਕਨਿਕ ’ਤੇ ਜਾਂਦੇ ਹਾਂ, ਤਾਂ ਮੈਂ ਆਪਣੇ ਨਾਲ ਟ੍ਰੈਕਟ ਲੈ ਜਾਂਦੀ ਹਾਂ। ਕੁਝ ਲੋਕ ਸਾਡੇ ਕੋਲ ਆ ਕੇ ਪ੍ਰਕਾਸ਼ਨ ਮੰਗਦੇ ਹਨ ਭਾਵੇਂ ਕਿ ਅਸੀਂ ਉਨ੍ਹਾਂ ਨੂੰ ਨਹੀਂ ਦੱਸਿਆ ਹੁੰਦਾ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਇਸ ਕਰਕੇ ਅਸੀਂ ਧਿਆਨ ਰੱਖਦੇ ਹਾਂ ਕਿ ਅਸੀਂ ਚੰਗੀ ਤਰ੍ਹਾਂ ਪੇਸ਼ ਆਈਏ ਤੇ ਸਲੀਕੇਦਾਰ ਕੱਪੜੇ ਪਾਈਏ। ਲੋਕ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਧਿਆਨ ਦਿੰਦੇ ਹਨ।

ਜੈੱਕ: ਅਸੀਂ ਗੁਆਂਢੀਆਂ ਨਾਲ ਚੰਗੀ ਤਰ੍ਹਾਂ ਪੇਸ਼ ਆ ਕੇ ਗਵਾਹੀ ਦਿੰਦੇ ਹਾਂ। ਮੈਂ ਆਲੇ-ਦੁਆਲੇ ਖਿਲਰੇ ਕਾਗਜ਼ ਤੇ ਪੱਤੇ ਵਗੈਰਾ ਚੁੱਕ ਕੇ ਕੂੜੇਦਾਨ ਵਿਚ ਪਾ ਦਿੰਦਾ ਹਾਂ। ਸਾਡੇ ਗੁਆਂਢੀ ਇਹ ਸਭ ਦੇਖਦੇ ਹਨ ਤੇ ਕਦੇ-ਕਦੇ ਉਹ ਸਾਨੂੰ ਪੁੱਛਦੇ, “ਕੀ ਤੁਸੀਂ ਮੈਨੂੰ ਬਾਈਬਲ ਦੇ ਸਕਦੇ ਹੋ?”

ਤੁਸੀਂ ਅਕਸਰ ਦੂਰ-ਦੁਰੇਡੀਆਂ ਥਾਵਾਂ ’ਤੇ ਪ੍ਰਚਾਰ ਕੀਤਾ। ਕੀ ਤੁਹਾਨੂੰ ਕੋਈ ਖ਼ਾਸ ਘਟਨਾ ਯਾਦ ਹੈ?

ਜੈੱਕ: ਗੀਆਨਾ ਵਿਚ ਕਈ ਥਾਵਾਂ ’ਤੇ ਜਾਣਾ ਬਹੁਤ ਔਖਾ ਹੈ। ਸਾਨੂੰ ਹਫ਼ਤੇ ਵਿਚ ਅਕਸਰ 600 ਕਿਲੋਮੀਟਰ (370 ਮੀਲ) ਖ਼ਰਾਬ ਸੜਕਾਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ਐਮੇਜ਼ਨ ਜੰਗਲ ਦੇ ਪਿੰਡ ਸੇਂਟ ਏਲੀ ਨਾਲ ਜੁੜੀ ਸਾਡੇ ਕੋਲ ਮਿੱਠੀ ਯਾਦ ਹੈ। ਉੱਥੇ ਪਹੁੰਚਣ ਲਈ ਸਾਨੂੰ ਕਈ ਘੰਟੇ ਲੱਗੇ। ਅਸੀਂ ਖ਼ਰਾਬ ਸੜਕਾਂ ’ਤੇ ਚੱਲਣ ਵਾਲੀ ਇਕ ਗੱਡੀ ’ਤੇ ਅਤੇ ਫਿਰ ਕਿਸ਼ਤੀ ਰਾਹੀਂ ਗਏ। ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਸੋਨੇ ਦੀ ਖੁਦਾਈ ਕਰਦੇ ਹਨ। ਸਾਡੇ ਪ੍ਰਕਾਸ਼ਨਾਂ ਲਈ ਸ਼ੁਕਰਗੁਜ਼ਾਰੀ ਦਿਖਾਉਣ ਦੀ ਖ਼ਾਤਰ ਕੁਝ ਜਣੇ ਸਾਨੂੰ ਦਾਨ ਵਜੋਂ ਸੋਨੇ ਦੀਆਂ ਛੋਟੇ-ਛੋਟੇ ਟੁਕੜੇ ਦੇ ਦਿੰਦੇ ਸਨ। ਸ਼ਾਮ ਨੂੰ ਅਸੀਂ ਸੰਗਠਨ ਦੀ ਕੋਈ ਵੀਡੀਓ ਦਿਖਾਉਂਦੇ ਸੀ। ਕਈ ਲੋਕ ਵੀਡੀਓ ਦੇਖਣ ਆਉਂਦੇ ਸਨ।

ਮੈਰੀਲੀਨ: ਹਾਲ ਹੀ ਵਿਚ ਜੈੱਕ ਨੂੰ ਕਾਮੋਪੀ ਵਿਚ ਮੈਮੋਰੀਅਲ ਦਾ ਭਾਸ਼ਣ ਦੇਣ ਲਈ ਕਿਹਾ ਗਿਆ। ਉੱਥੇ ਜਾਣ ਲਈ ਅਸੀਂ ਓਯਾਪੋਕ ਨਦੀ ਵਿਚ ਕਿਸ਼ਤੀ ਰਾਹੀਂ ਚਾਰ ਘੰਟੇ ਸਫ਼ਰ ਕੀਤਾ। ਇਹ ਬਹੁਤ ਹੀ ਵਧੀਆ ਤਜਰਬਾ ਸੀ।

ਜੈੱਕ: ਨਦੀ ਵਿਚ ਜਿੱਥੇ ਪਾਣੀ ਬਹੁਤ ਘੱਟ ਹੁੰਦਾ ਸੀ ਉੱਥੇ ਪਾਣੀ ਦੇ ਤੇਜ਼ ਵਹਾਅ ਕਰਕੇ ਸਫ਼ਰ ਕਰਨਾ ਬਹੁਤ ਖ਼ਤਰਨਾਕ ਸੀ। ਜਦੋਂ ਕਿਸ਼ਤੀ ਤੇਜ਼ ਪਾਣੀ ਕੋਲ ਪਹੁੰਚਦੀ ਸੀ, ਤਾਂ ਨਜ਼ਾਰਾ ਦੇਖਣ ਲਾਇਕ ਹੁੰਦਾ ਸੀ। ਕਿਸ਼ਤੀ ਚਲਾਉਣ ਵਾਲੇ ਵਿਅਕਤੀ ਲਈ ਆਪਣੇ ਕੰਮ ਵਿਚ ਮਾਹਰ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਕਿ ਇਸ ਸਫ਼ਰ ਵਿਚ ਬਹੁਤ ਮੁਸ਼ਕਲਾਂ ਸਨ, ਪਰ ਉੱਥੇ ਜਾਣਾ ਬਹੁਤ ਵਧੀਆ ਤਜਰਬਾ ਰਿਹਾ। ਉੱਥੇ ਸਿਰਫ਼ 6 ਗਵਾਹ ਸਨ, ਪਰ ਮੈਮੋਰੀਅਲ ਵਿਚ ਲਗਭਗ 50 ਲੋਕ ਹਾਜ਼ਰ ਹੋਏ। ਉੱਥੋਂ ਦੇ ਕੁਝ ਜੱਦੀ ਲੋਕ ਵੀ ਹਾਜ਼ਰ ਹੋਏ।

ਮੈਰੀਲੀਨ: ਜਿਹੜੇ ਨੌਜਵਾਨ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨੀ ਚਾਹੁੰਦੇ ਉਹ ਵੀ ਅਜਿਹੇ ਤਜਰਬੇ ਕਰ ਸਕਦੇ ਹਨ। ਇੱਦਾਂ ਦੇ ਹਾਲਾਤਾਂ ਵਿਚ ਤੁਹਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਅਤੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਮਦਦ ਕਰ ਰਿਹਾ ਹੈ।

ਤੁਸੀਂ ਕਈ ਭਾਸ਼ਾਵਾਂ ਸਿੱਖੀਆਂ ਹਨ। ਕੀ ਤੁਹਾਨੂੰ ਭਾਸ਼ਾ ਸਿੱਖਣੀ ਆਸਾਨ ਲੱਗਦੀ ਹੈ?

ਜੈੱਕ: ਬਿਲਕੁਲ ਵੀ ਨਹੀਂ। ਪਰ ਮੈਂ ਪ੍ਰਚਾਰ ਕਰਨ ਤੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਭਾਸ਼ਾਵਾਂ ਸਿੱਖੀਆਂ। ਬਾਈਬਲ ਪੜ੍ਹਾਈ ਵਾਲਾ ਭਾਗ ਪੇਸ਼ ਕਰਨ ਤੋਂ ਪਹਿਲਾਂ ਹੀ ਮੈਨੂੰ ਸ੍ਰਾਨਾਨਟੋਂਗੋ * ਭਾਸ਼ਾ ਵਿਚ ਪਹਿਰਾਬੁਰਜ ਅਧਿਐਨ ਕਰਾਉਣਾ ਪਿਆ। ਮੈਂ ਇਕ ਭਰਾ ਤੋਂ ਪੁੱਛਿਆ: ‘ਕੀ ਤੁਹਾਨੂੰ ਮੇਰੀ ਗੱਲ ਸਮਝ ਲੱਗ ਰਹੀ ਸੀ?’ ਉਸ ਨੇ ਕਿਹਾ, “ਕਿਤੇ-ਕਿਤੇ ਸਾਨੂੰ ਤੁਹਾਡੇ ਸ਼ਬਦ ਸਮਝ ਨਹੀਂ ਲੱਗੇ, ਪਰ ਬਾਕੀ ਵਧੀਆ ਸੀ।” ਬੱਚਿਆਂ ਨੇ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਕੋਈ ਗ਼ਲਤ ਸ਼ਬਦ ਬੋਲਦਾ ਸੀ, ਤਾਂ ਉਹ ਮੈਨੂੰ ਸੁਧਾਰਦੇ ਸਨ ਜਦ ਕਿ ਵੱਡੇ ਇੱਦਾਂ ਨਹੀਂ ਕਰਦੇ ਸਨ। ਬੱਚਿਆਂ ਤੋਂ ਮੈਂ ਬਹੁਤ ਕੁਝ ਸਿੱਖਿਆ।

ਮੈਰੀਲੀਨ: ਇਕ ਇਲਾਕੇ ਵਿਚ ਮੇਰੇ ਕੋਲ ਫਰਾਂਸੀਸੀ, ਪੁਰਤਗਾਲੀ ਅਤੇ ਸ੍ਰਾਨਾਨਟੋਂਗੋ ਭਾਸ਼ਾ ਵਿਚ ਸਟੱਡੀਆਂ ਸਨ। ਇਕ ਭੈਣ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਪਹਿਲਾਂ ਸਭ ਤੋਂ ਔਖੀ ਭਾਸ਼ਾ ਵਿਚ ਬਾਈਬਲ ਸਟੱਡੀ ਕਰਾਂਵਾ ਤੇ ਫਿਰ ਸਭ ਤੋਂ ਆਸਾਨ ਭਾਸ਼ਾ ਵਿਚ। ਪਹਿਲਾਂ-ਪਹਿਲ ਤਾਂ ਮੈਨੂੰ ਪਤਾ ਨਹੀਂ ਲੱਗਾ ਕਿ ਉਸ ਨੇ ਮੈਨੂੰ ਇਹ ਸਲਾਹ ਕਿਉਂ ਦਿੱਤੀ ਸੀ।

ਇਕ ਦਿਨ ਮੈਂ ਪਹਿਲਾਂ ਸ੍ਰਾਨਾਨਟੋਂਗੋ ਭਾਸ਼ਾ ਵਿਚ ਸਟੱਡੀ ਕਰਾਉਣੀ ਸੀ ਤੇ ਬਾਅਦ ਵਿਚ ਪੁਰਤਗਾਲੀ ਵਿਚ। ਜਦੋਂ ਮੈਂ ਦੂਜੀ ਸਟੱਡੀ ਕਰਾਉਣੀ ਸ਼ੁਰੂ ਕੀਤੀ, ਤਾਂ ਮੇਰੇ ਨਾਲ ਗਈ ਭੈਣ ਨੇ ਮੈਨੂੰ ਕਿਹਾ, “ਮੈਰੀਲੀਨ, ਤੇਰੀ ਗੱਲ ਉਸ ਨੂੰ ਸਮਝ ਨਹੀਂ ਲੱਗ ਰਹੀ।” ਮੈਨੂੰ ਅਹਿਸਾਸ ਹੋਇਆ ਕਿ ਮੈਂ ਬ੍ਰਾਜ਼ੀਲ ਦੀ ਰਹਿਣ ਵਾਲੀ ਔਰਤ ਨੂੰ ਪੁਰਤਗਾਲੀ ਭਾਸ਼ਾ ਵਿਚ ਸਟੱਡੀ ਕਰਾਉਣ ਦੀ ਬਜਾਇ ਸ੍ਰਾਨਾਨਟੋਂਗੋ ਭਾਸ਼ਾ ਵਿਚ ਸਟੱਡੀ ਕਰਾ ਰਹੀ ਸੀ! ਹੁਣ ਮੈਨੂੰ ਪਤਾ ਲੱਗ ਗਿਆ ਕਿ ਉਹ ਸਲਾਹ ਕਿੰਨੀ ਫ਼ਾਇਦੇਮੰਦ ਸੀ।

ਤੁਹਾਨੂੰ ਉਹ ਭੈਣ-ਭਰਾ ਬਹੁਤ ਪਿਆਰ ਕਰਦੇ ਹਨ ਜਿੱਥੇ ਤੁਸੀਂ ਸੇਵਾ ਕੀਤੀ। ਤੁਸੀਂ ਭੈਣਾਂ-ਭਰਾਵਾਂ ਨਾਲ ਇੰਨੀ ਵਧੀਆ ਦੋਸਤੀ ਕਿਵੇਂ ਕਰ ਸਕੇ?

ਜੈੱਕ: ਕਹਾਉਤਾਂ 11:25 ਕਹਿੰਦਾ ਹੈ: “ਸਖੀ ਜਨ ਮੋਟਾ ਹੋ ਜਾਵੇਗਾ।” ਅਸੀਂ ਦੂਜਿਆਂ ਨਾਲ ਆਪਣਾ ਸਮਾਂ ਤੇ ਹੋਰ ਚੀਜ਼ਾਂ ਸਾਂਝੀਆਂ ਕਰਨ ਤੋਂ ਨਹੀਂ ਝਿਜਕਦੇ। ਕਿੰਗਡਮ ਹਾਲ ਦੀ ਸਾਂਭ-ਸੰਭਾਲ ਬਾਰੇ ਕੁਝ ਜਣਿਆਂ ਨੇ ਮੈਨੂੰ ਕਿਹਾ: “ਪ੍ਰਚਾਰਕਾਂ ਨੂੰ ਇਹ ਕੰਮ ਕਰਨ ਦਿਓ।” ਪਰ ਮੈਂ ਕਿਹਾ: “ਮੈਂ ਵੀ ਤਾਂ ਪ੍ਰਚਾਰਕ ਹੀ ਹਾਂ। ਸੋ ਜੇ ਕੰਮ ਹੈ, ਤਾਂ ਮੈਂ ਉੱਥੇ ਜਾਵਾਂਗਾ।” ਭਾਵੇਂ ਸਾਨੂੰ ਸਾਰਿਆਂ ਨੂੰ ਆਪਣੇ ਲਈ ਕੁਝ ਸਮਾਂ ਚਾਹੀਦਾ ਹੁੰਦਾ ਹੈ, ਪਰ ਅਸੀਂ ਅਕਸਰ ਆਪਣੇ ਆਪ ਨੂੰ ਯਾਦ ਕਰਾਉਂਦੇ ਹਾਂ ਕਿ ਆਪਣੇ ਆਰਾਮ ਬਾਰੇ ਸੋਚਣ ਦੀ ਬਜਾਇ ਅਸੀਂ ਦੂਜਿਆਂ ਦੀ ਮਦਦ ਕਰੀਏ।

ਮੈਰੀਲੀਨ: ਅਸੀਂ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦੇ ਹਾਂ ਤਾਂਕਿ ਜਾਣ ਸਕੀਏ ਕਿ ਉਨ੍ਹਾਂ ਨੂੰ ਕਿਸੇ ਮਦਦ ਦੀ ਲੋੜ ਤਾਂ ਨਹੀਂ ਹੈ, ਜਿਵੇਂ ਕਿਸੇ ਪਰਿਵਾਰ ਵਿਚ ਬੱਚਿਆਂ ਦੀ ਦੇਖ-ਭਾਲ ਕਰਨੀ ਜਾਂ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਕੇ ਆਉਣਾ। ਫਿਰ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਆਪਣੇ ਕੰਮਾਂ ਵਿਚ ਫੇਰ-ਬਦਲ ਕਰਦੇ ਹਾਂ। ਇਸ ਤਰ੍ਹਾਂ ਲੋੜ ਪੈਣ ’ਤੇ ਉਨ੍ਹਾਂ ਦੀ ਮਦਦ ਕਰ ਕੇ ਅਸੀਂ ਉਨ੍ਹਾਂ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਸਕੇ।

ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰ ਕੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ?

ਜੈੱਕ: ਪੂਰੇ ਸਮੇਂ ਦੀ ਸੇਵਾ ਕਰ ਕੇ ਸਾਡੀ ਝੋਲ਼ੀ ਖ਼ੁਸ਼ੀਆਂ ਨਾਲ ਭਰੀ ਹੈ। ਅਸੀਂ ਯਹੋਵਾਹ ਦੀ ਸ੍ਰਿਸ਼ਟੀ ਦਾ ਮਜ਼ਾ ਲਿਆ। ਭਾਵੇਂ ਕਿ ਕਦੇ-ਕਦੇ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ, ਪਰ ਇਹ ਜਾਣਦੇ ਹੋਏ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਕਿ ਪਰਮੇਸ਼ੁਰ ਦੇ ਲੋਕ ਹਰ ਥਾਂ ਸਾਡਾ ਸਾਥ ਦੇਣਗੇ।

ਜਦੋਂ ਮੈਂ ਜਵਾਨ ਸੀ, ਤਾਂ ਨਿਰਪੱਖ ਰਹਿਣ ਕਰਕੇ ਮੈਨੂੰ ਫ਼੍ਰੈਂਚ ਗੀਆਨਾ ਵਿਚ ਜੇਲ੍ਹ ਹੋ ਗਈ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਉਸੇ ਜਗ੍ਹਾ ਮਿਸ਼ਨਰੀ ਵਜੋਂ ਸੇਵਾ ਕਰਨ ਆਵਾਂਗਾ ਅਤੇ ਜੇਲ੍ਹ ਵਿਚ ਕੈਦੀਆਂ ਨੂੰ ਮਿਲਣ ਜਾ ਸਕਾਂਗਾ। ਵਾਕਈ, ਯਹੋਵਾਹ ਬਰਕਤਾਂ ਦੇਣ ਵਿਚ ਕੰਜੂਸੀ ਨਹੀਂ ਕਰਦਾ।

ਮੈਰੀਲੀਨ: ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਦੂਜਿਆਂ ਦੀ ਮਦਦ ਕਰ ਕੇ ਮਿਲਦੀ ਹੈ। ਅਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਹਾਂ। ਇਸ ਤਰ੍ਹਾਂ ਮੇਰਾ ਤੇ ਜੈੱਕ ਦਾ ਰਿਸ਼ਤਾ ਵੀ ਮਜ਼ਬੂਤ ਹੋਇਆ। ਕਈ ਵਾਰ ਕਈ ਮਾਮਲਿਆਂ ਵਿਚ ਸਾਡੀ ਇੱਕੋ ਜਿਹੀ ਸੋਚ ਹੁੰਦੀ ਹੈ, ਜਿਵੇਂ ਕਦੀ-ਕਦਾਈਂ ਜੈੱਕ ਮੈਨੂੰ ਉਨ੍ਹਾਂ ਜੋੜਿਆਂ ਨੂੰ ਖਾਣੇ ’ਤੇ ਬੁਲਾਉਣ ਨੂੰ ਕਹਿੰਦੇ ਹਨ ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ। ਮੈਂ ਅਕਸਰ ਕਹਿੰਦੀ ਹਾਂ: “ਮੈਂ ਵੀ ਇਹੀ ਸੋਚ ਰਹੀ ਸੀ।”

ਜੈੱਕ: ਹਾਲ ਹੀ ਵਿਚ ਮੈਨੂੰ ਪਤਾ ਲੱਗਾ ਕਿ ਮੈਨੂੰ ਪ੍ਰੋਸਟੇਟ ਕੈਂਸਰ ਹੈ। ਭਾਵੇਂ ਕਿ ਮੈਰੀਲੀਨ ਨੂੰ ਇਸ ਬਾਰੇ ਗੱਲ ਕਰਨੀ ਪਸੰਦ ਨਹੀਂ, ਪਰ ਫਿਰ ਵੀ ਮੈਂ ਕਹਿੰਦਾ ਹਾਂ: “ਜੇ ਕੱਲ੍ਹ ਨੂੰ ਮੈਂ ਮਰ ਜਾਵਾਂ, ਤਾਂ ਮੈਨੂੰ ਕੋਈ ਦੁੱਖ ਨਹੀਂ ਹੋਣਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਖ਼ੁਸ਼ ਹਾਂ। ਚਾਹੇ ਕਿ ਮੈਂ ਇੰਨਾ ਬੁੱਢਾ ਨਹੀਂ ਹੋਇਆ ਕਿ ਮੈਂ ਕਹਿ ਸਕਾਂ ਕਿ ਮੈਂ ਇਕ ਲੰਬੀ ਜ਼ਿੰਦਗੀ ਗੁਜ਼ਾਰੀ ਹੈ, ਪਰ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ। ਮੈਂ ਹਮੇਸ਼ਾ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ਦਿੱਤੀ ਹੈ।”—ਉਤ. 25:8.

ਮੈਰੀਲੀਨ: ਯਹੋਵਾਹ ਨੇ ਸਾਨੂੰ ਸੇਵਾ ਕਰਨ ਦੇ ਅਜਿਹੇ ਮੌਕੇ ਦਿੱਤੇ ਜਿਨ੍ਹਾਂ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ। ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਪਾਇਆ। ਸਾਨੂੰ ਯਹੋਵਾਹ ’ਤੇ ਪੂਰਾ ਭਰੋਸਾ ਹੈ। ਇਸ ਲਈ ਉਸ ਦਾ ਸੰਗਠਨ ਸਾਨੂੰ ਜਿੱਥੇ ਮਰਜ਼ੀ ਭੇਜੇ, ਅਸੀਂ ਉੱਥੇ ਜਾਣ ਲਈ ਤਿਆਰ ਹਾਂ!

^ ਪੈਰਾ 32 ਸ੍ਰਾਨਾਨਟੋਂਗੋ ਭਾਸ਼ਾ ਅੰਗ੍ਰੇਜ਼ੀ, ਡੱਚ, ਪੁਰਤਗਾਲੀ ਅਤੇ ਅਫ਼ਰੀਕਾ ਦੀਆਂ ਭਾਸ਼ਾਵਾਂ ਨਾਲ ਮਿਲ ਕੇ ਬਣੀ ਹੈ। ਸ਼ੁਰੂ ਵਿਚ ਇਹ ਗ਼ੁਲਾਮਾਂ ਦੀ ਭਾਸ਼ਾ ਸੀ।