Skip to content

Skip to table of contents

ਅਧਿਐਨ ਲੇਖ 19

ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”

ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”

“ਓੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ [ਉੱਤਰ ਦੇ ਰਾਜੇ] ਨੂੰ ਧਕ ਦੇਵੇਗਾ।”—ਦਾਨੀ. 11:40.

ਗੀਤ 49 ਯਹੋਵਾਹ ਸਾਡਾ ਸਹਾਰਾ

ਖ਼ਾਸ ਗੱਲਾਂ *

1. ਬਾਈਬਲ ਦੀਆਂ ਭਵਿੱਖਬਾਣੀਆਂ ਸਾਡੀ ਕੀ ਜਾਣਨ ਵਿਚ ਮਦਦ ਕਰਦੀਆਂ ਹਨ?

ਬਹੁਤ ਜਲਦ ਯਹੋਵਾਹ ਦੇ ਲੋਕਾਂ ਨਾਲ ਕੀ ਹੋਣ ਵਾਲਾ ਹੈ? ਅਸੀਂ ਇਸ ਦਾ ਜਵਾਬ ਜਾਣ ਸਕਦੇ ਹਾਂ। ਬਾਈਬਲ ਦੀਆਂ ਭਵਿੱਖਬਾਣੀਆਂ ਰਾਹੀਂ ਅਸੀਂ ਜਾਣ ਸਕਦੇ ਹਾਂ ਕਿ ਬਹੁਤ ਜਲਦ ਅਸੀਂ ਕਿਹੜੀਆਂ ਅਹਿਮ ਘਟਨਾਵਾਂ ਦਾ ਸਾਮ੍ਹਣਾ ਕਰਾਂਗੇ। ਇਕ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਧਰਤੀ ਦੀਆਂ ਕੁਝ ਸਭ ਤੋਂ ਤਾਕਤਵਰ ਸਰਕਾਰਾਂ ਕੀ ਕਰਨਗੀਆਂ। ਇਹ ਭਵਿੱਖਬਾਣੀ ਦਾਨੀਏਲ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਦਰਜ ਹੈ। ਇਸ ਵਿਚ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀ ਗੱਲ ਕੀਤੀ ਗਈ ਹੈ ਜੋ ਇਕ-ਦੂਸਰੇ ਦਾ ਵਿਰੋਧ ਕਰਦੇ ਹਨ। ਇਸ ਭਵਿੱਖਬਾਣੀ ਦਾ ਜ਼ਿਆਦਾਤਰ ਹਿੱਸਾ ਪੂਰਾ ਹੋ ਚੁੱਕਾ ਹੈ ਜਿਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਬਾਕੀ ਦੀ ਭਵਿੱਖਬਾਣੀ ਵੀ ਜ਼ਰੂਰ ਪੂਰੀ ਹੋਵੇਗੀ।

2. ਉਤਪਤ 3:15 ਅਤੇ ਪ੍ਰਕਾਸ਼ ਦੀ ਕਿਤਾਬ 11:7 ਤੇ 12:17 ਅਨੁਸਾਰ ਦਾਨੀਏਲ ਦੀ ਭਵਿੱਖਬਾਣੀ ਦੀ ਜਾਂਚ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ?

2 ਦਾਨੀਏਲ ਅਧਿਆਇ 11 ਵਿਚ ਦਰਜ ਭਵਿੱਖਬਾਣੀ ਨੂੰ ਸਮਝਣ ਲਈ ਸਾਨੂੰ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਇਸ ਵਿਚ ਸਿਰਫ਼ ਉਨ੍ਹਾਂ ਰਾਜਿਆਂ ਅਤੇ ਸਰਕਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਉੱਤੇ ਪ੍ਰਭਾਵ ਪਾਇਆ। ਭਾਵੇਂ ਕਿ ਦੁਨੀਆਂ ਦੀ ਆਬਾਦੀ ਦੀ ਤੁਲਨਾ ਵਿਚ ਪਰਮੇਸ਼ੁਰ ਦੇ ਲੋਕ ਮੁੱਠੀ ਭਰ ਹੀ ਹਨ, ਪਰ ਫਿਰ ਵੀ ਉਹ ਇਨ੍ਹਾਂ ਸਰਕਾਰਾਂ ਦੇ ਨਿਸ਼ਾਨੇ ਉੱਤੇ ਹਨ। ਕਿਉਂ? ਕਿਉਂਕਿ ਸ਼ੈਤਾਨ ਅਤੇ ਉਸ ਦੀ ਦੁਨੀਆਂ ਦਾ ਸਿਰਫ਼ ਇੱਕੋ-ਇਕ ਟੀਚਾ ਰਿਹਾ ਹੈ। ਉਹ ਹੈ ਯਹੋਵਾਹ ਤੇ ਯਿਸੂ ਦੀ ਸੇਵਾ ਕਰਨ ਵਾਲਿਆਂ ਦਾ ਸਫ਼ਾਇਆ ਕਰਨਾ। (ਉਤਪਤ 3:15 ਅਤੇ ਪ੍ਰਕਾਸ਼ ਦੀ ਕਿਤਾਬ 11:7; 12:17 ਪੜ੍ਹੋ।) ਨਾਲੇ ਦਾਨੀਏਲ ਦੀ ਭਵਿੱਖਬਾਣੀ ਦਾ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਨਾਲ ਮੇਲ ਖਾਣਾ ਜ਼ਰੂਰੀ ਹੈ। ਦਰਅਸਲ, ਅਸੀਂ ਦਾਨੀਏਲ ਦੀ ਭਵਿੱਖਬਾਣੀ ਦੀ ਸਹੀ ਸਮਝ ਤਾਂ ਹੀ ਹਾਸਲ ਕਰ ਸਕਦੇ ਹਾਂ ਜੇ ਅਸੀਂ ਇਸ ਦੀ ਤੁਲਨਾ ਬਾਈਬਲ ਦੀਆਂ ਹੋਰ ਆਇਤਾਂ ਨਾਲ ਕਰੀਏ।

3. ਅਸੀਂ ਇਸ ਅਤੇ ਅਗਲੇ ਲੇਖ ਵਿਚ ਕੀ ਚਰਚਾ ਕਰਾਂਗੇ?

3 ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਹੁਣ ਦਾਨੀਏਲ 11:25-39 ਦੀ ਜਾਂਚ ਕਰਾਂਗੇ। ਅਸੀਂ ਦੇਖਾਂਗੇ ਕਿ 1870 ਤੋਂ 1991 ਤਕ ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਕੌਣ ਸੀ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਸਾਨੂੰ ਭਵਿੱਖਬਾਣੀ ਦੇ ਇਸ ਹਿੱਸੇ ਬਾਰੇ ਆਪਣੀ ਸਮਝ ਵਿਚ ਸੁਧਾਰ ਕਰਨ ਦੀ ਕਿਉਂ ਲੋੜ ਹੈ। ਅਗਲੇ ਲੇਖ ਵਿਚ ਅਸੀਂ ਦਾਨੀਏਲ 11:40–12:1 ਦੀ ਜਾਂਚ ਕਰਾਂਗੇ। ਇਸ ਭਵਿੱਖਬਾਣੀ ਵਿਚ 1991 ਤੋਂ ਲੈ ਕੇ ਆਰਮਾਗੇਡਨ ਦੇ ਯੁੱਧ ਬਾਰੇ ਜੋ ਦੱਸਿਆ ਗਿਆ ਹੈ, ਉਸ ਬਾਰੇ ਅਸੀਂ ਆਪਣੀ ਸਮਝ ਵਿਚ ਸੁਧਾਰ ਕਰਾਂਗੇ। ਇਨ੍ਹਾਂ ਦੋ ਲੇਖਾਂ ਨੂੰ ਸਮਝਣ ਵਿਚ “ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ” ਨਾਂ ਦਾ ਚਾਰਟ ਤੁਹਾਡੀ ਮਦਦ ਕਰੇਗਾ। ਪਰ ਪਹਿਲਾਂ ਸਾਨੂੰ ਇਸ ਭਵਿੱਖਬਾਣੀ ਵਿਚ ਦੱਸੇ ਦੋਹਾਂ ਰਾਜਿਆਂ ਦੀ ਪਛਾਣ ਕਰਨ ਦੀ ਲੋੜ ਹੈ।

ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀ ਪਛਾਣ

4. ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀ ਪਛਾਣ ਕਰਨ ਵਿਚ ਕਿਹੜੀਆਂ ਤਿੰਨ ਗੱਲਾਂ ਸਾਡੀ ਮਦਦ ਕਰਨਗੀਆਂ?

4 ਪਹਿਲਾਂ-ਪਹਿਲ “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਉਹ ਰਾਜਨੀਤਿਕ ਤਾਕਤਾਂ ਸਨ ਜੋ ਇਜ਼ਰਾਈਲ ਦੇਸ਼ ਦੇ ਉੱਤਰ ਅਤੇ ਦੱਖਣ ਵਿਚ ਸਨ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਗੌਰ ਕਰੋ ਕਿ ਪਰਮੇਸ਼ੁਰ ਦੇ ਦੂਤ ਨੇ ਦਾਨੀਏਲ ਨੂੰ ਕੀ ਕਿਹਾ: ‘ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ।’ (ਦਾਨੀ. 10:14) ਪੰਤੇਕੁਸਤ 33 ਈਸਵੀ ਤਕ ਇਜ਼ਰਾਈਲ ਕੌਮ ਪਰਮੇਸ਼ੁਰ ਦੇ ਲੋਕ ਸਨ। ਪਰ ਇਸ ਸਮੇਂ ਤੋਂ ਬਾਅਦ ਯਹੋਵਾਹ ਨੇ ਸਾਫ਼ ਜ਼ਾਹਰ ਕੀਤਾ ਕਿ ਯਿਸੂ ਦੇ ਵਫ਼ਾਦਾਰ ਚੇਲੇ ਹੀ ਉਸ ਦੇ ਲੋਕ ਸਨ। ਇਸ ਲਈ ਦਾਨੀਏਲ ਅਧਿਆਇ 11 ਦੀ ਭਵਿੱਖਬਾਣੀ ਦਾ ਜ਼ਿਆਦਾਤਰ ਹਿੱਸਾ ਮਸੀਹ ਦੇ ਚੇਲਿਆਂ ਨਾਲ ਸੰਬੰਧ ਰੱਖਦਾ ਹੈ ਨਾ ਕਿ ਇਜ਼ਰਾਈਲ ਕੌਮ ਨਾਲ। (ਰਸੂ. 2:1-4; ਰੋਮੀ. 9:6-8; ਗਲਾ. 6:15, 16) ਨਾਲੇ ਸਮੇਂ ਦੇ ਬੀਤਣ ਨਾਲ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀ ਪਛਾਣ ਬਦਲਦੀ ਗਈ। ਪਰ ਇਨ੍ਹਾਂ ਰਾਜਿਆਂ ਦੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਪਹਿਲੀ, ਇਨ੍ਹਾਂ ਨੇ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਉੱਤੇ ਪ੍ਰਭਾਵ ਪਾਇਆ। ਦੂਜੀ, ਇਹ ਪਰਮੇਸ਼ੁਰ ਦੇ ਲੋਕਾਂ ਨਾਲ ਜਿਸ ਤਰ੍ਹਾਂ ਪੇਸ਼ ਆਏ, ਉਸ ਤੋਂ ਇਨ੍ਹਾਂ ਨੇ ਦਿਖਾਇਆ ਕਿ ਇਹ ਸੱਚੇ ਪਰਮੇਸ਼ੁਰ ਯਹੋਵਾਹ ਨਾਲ ਨਫ਼ਰਤ ਕਰਦੇ ਸਨ। ਤੀਜੀ, ਦੋਨੋਂ ਰਾਜੇ ਇਕ-ਦੂਜੇ ਉੱਤੇ ਹਾਵੀ ਹੋਣ ਲਈ ਆਪਸ ਵਿਚ ਭਿੜਦੇ ਸਨ।

5. ਦੂਸਰੀ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਅਖ਼ੀਰ ਤਕ ਕੀ ਕੋਈ ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਸੀ? ਸਮਝਾਓ।

5 ਦੂਜੀ ਸਦੀ ਈਸਵੀ ਦੌਰਾਨ ਬਹੁਤ ਸਾਰੇ ਝੂਠੇ ਮਸੀਹੀ ਸੱਚੀ ਮਸੀਹੀ ਮੰਡਲੀ ਵਿਚ ਆਉਣ ਲੱਗੇ। ਉਨ੍ਹਾਂ ਨੇ ਝੂਠੀਆਂ ਸਿੱਖਿਆਵਾਂ ਅਪਣਾਉਣ ਦੇ ਨਾਲ-ਨਾਲ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਲੁਕਾਇਆ। ਉਸ ਸਮੇਂ ਤੋਂ ਲੈ ਕੇ 19ਵੀਂ ਸਦੀ ਦੇ ਅਖ਼ੀਰ ਤਕ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕਾਂ ਦਾ ਕੋਈ ਸੰਗਠਨ ਨਹੀਂ ਸੀ। ਝੂਠੇ ਮਸੀਹੀ ਜੰਗਲੀ ਬੂਟੀ ਵਾਂਗ ਵਧੇ ਜਿਸ ਕਰਕੇ ਸੱਚੇ ਮਸੀਹੀਆਂ ਨੂੰ ਪਛਾਣਨਾ ਔਖਾ ਹੋ ਗਿਆ। (ਮੱਤੀ 13:36-43) ਇਹ ਗੱਲ ਇੰਨੀ ਜ਼ਰੂਰੀ ਕਿਉਂ ਹੈ? ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਬਾਰੇ ਲਿਖੀਆਂ ਗੱਲਾਂ ਦੂਸਰੀ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਅਖ਼ੀਰ ਤਕ ਆਈਆਂ ਹਕੂਮਤਾਂ ਉੱਤੇ ਲਾਗੂ ਨਹੀਂ ਹੁੰਦੀਆਂ। ਉਸ ਸਮੇਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਦਾ ਧਰਤੀ ਉੱਤੇ ਕੋਈ ਸੰਗਠਨ ਨਹੀਂ ਸੀ ਜਿਸ ਉੱਤੇ ਇਹ ਹਕੂਮਤਾਂ ਹਮਲਾ ਕਰ ਸਕਣ। * ਪਰ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਨੇ 19ਵੀਂ ਸਦੀ ਦੇ ਅਖ਼ੀਰ ਵਿਚ ਦੁਬਾਰਾ ਆਉਣਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

6. ਪਰਮੇਸ਼ੁਰ ਦੇ ਲੋਕਾਂ ਦੀ ਪਛਾਣ ਦੁਬਾਰਾ ਕਦੋਂ ਹੋਈ? ਸਮਝਾਓ।

6 1870 ਤੋਂ ਪਰਮੇਸ਼ੁਰ ਦੇ ਲੋਕਾਂ ਨੇ ਇਕ ਸਮੂਹ ਵਜੋਂ ਇਕੱਠੇ ਹੋਣਾ ਸ਼ੁਰੂ ਕੀਤਾ। ਇਸ ਸਾਲ ਚਾਰਲਜ਼ ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਇਸ ਸਮੂਹ ਨੇ ਭਵਿੱਖਬਾਣੀ ਅਨੁਸਾਰ “ਦੂਤ” ਯਾਨੀ ਸੰਦੇਸ਼ ਦੇਣ ਵਾਲੇ ਵਜੋਂ ਕੰਮ ਕੀਤਾ ਅਤੇ ਮਸੀਹ ਦਾ ਰਾਜ ਸਥਾਪਿਤ ਹੋਣ ਤੋਂ ਪਹਿਲਾਂ “ਰਾਹ ਨੂੰ ਤਿਆਰ” ਕੀਤਾ। (ਮਲਾ. 3:1) ਹੁਣ ਫਿਰ ਤੋਂ ਇਕ ਸਮੂਹ ਵਜੋਂ ਪਰਮੇਸ਼ੁਰ ਦੇ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਸੀ! ਕੀ ਉਸ ਸਮੇਂ ਅਜਿਹੀਆਂ ਸਰਕਾਰਾਂ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਗਹਿਰਾ ਅਸਰ ਪਾਇਆ ਸੀ? ਅੱਗੇ ਦੱਸੀਆਂ ਗੱਲਾਂ ਉੱਤੇ ਗੌਰ ਕਰੋ।

ਦੱਖਣ ਦਾ ਰਾਜਾ ਕੌਣ ਹੈ?

7. ਪਹਿਲੇ ਵਿਸ਼ਵ ਯੁੱਧ ਦੇ ਸਮੇਂ ਵਿਚ ਦੱਖਣ ਦਾ ਰਾਜਾ ਕੌਣ ਸੀ?

7 1870 ਤਕ ਬਰਤਾਨੀਆ ਧਰਤੀ ਦਾ ਸਭ ਤੋਂ ਵੱਡਾ ਸਾਮਰਾਜ ਬਣ ਚੁੱਕਾ ਸੀ ਅਤੇ ਉਸ ਕੋਲ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਸੈਨਾ ਸੀ। ਦਾਨੀਏਲ ਦੀ ਭਵਿੱਖਬਾਣੀ ਵਿਚ ਇਸ ਸਾਮਰਾਜ ਨੂੰ ਛੋਟਾ ਸਿੰਗ ਕਿਹਾ ਗਿਆ ਹੈ ਜੋ ਤਿੰਨ ਸਿੰਗਾਂ ਯਾਨੀ ਫਰਾਂਸ, ਸਪੇਨ ਅਤੇ ਨੀਦਰਲੈਂਡਜ਼ ਉੱਤੇ ਹਾਵੀ ਹੋਇਆ। (ਦਾਨੀ. 7:7, 8) ਬਰਤਾਨੀਆ ਨੇ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਵਿਚ ਦੱਖਣ ਦੇ ਰਾਜੇ ਵਜੋਂ ਭੂਮਿਕਾ ਨਿਭਾਈ। ਇਸੇ ਸਮੇਂ ਦੌਰਾਨ ਅਮਰੀਕਾ ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਅਤੇ ਬਰਤਾਨੀਆ ਨਾਲ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

8. ਆਖ਼ਰੀ ਦਿਨਾਂ ਦੌਰਾਨ ਦੱਖਣ ਦਾ ਰਾਜਾ ਕੌਣ ਰਿਹਾ ਹੈ?

8 ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਤੇ ਬਰਤਾਨੀਆ ਮਿਲ ਕੇ ਲੜੇ ਅਤੇ ਬਹੁਤ ਤਾਕਤਵਰ ਬਣ ਗਏ। ਇਨ੍ਹਾਂ ਦੀ ਗੂੜ੍ਹੀ ਦੋਸਤੀ ਕਰਕੇ ਇਨ੍ਹਾਂ ਦੇਸ਼ਾਂ ਤੋਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਣ ਗਈ। ਦਾਨੀਏਲ ਦੀ ਭਵਿੱਖਬਾਣੀ ਮੁਤਾਬਕ ਇਸ ਰਾਜੇ ਨੇ “ਅੱਤ ਵੱਡੀ ਅਤੇ ਜ਼ੋਰਾਵਰ ਫੌਜ” ਇਕੱਠੀ ਕਰ ਲਈ ਸੀ। (ਦਾਨੀ. 11:25) ਆਖ਼ਰੀ ਦਿਨਾਂ ਦੌਰਾਨ ਐਂਗਲੋ-ਅਮਰੀਕੀ ਗੱਠਜੋੜ ਦੱਖਣ ਦਾ ਰਾਜਾ ਰਿਹਾ ਹੈ। * ਪਰ ਉੱਤਰ ਦਾ ਰਾਜਾ ਕੌਣ ਰਿਹਾ?

ਉੱਤਰ ਦਾ ਰਾਜਾ ਦੁਬਾਰਾ ਆਇਆ

9. ਉੱਤਰ ਦਾ ਰਾਜਾ ਦੁਬਾਰਾ ਕਦੋਂ ਆਇਆ ਅਤੇ ਦਾਨੀਏਲ 11:25 ਦੀ ਪੂਰਤੀ ਕਿਵੇਂ ਹੋਈ?

9 ਭਰਾ ਰਸਲ ਅਤੇ ਉਸ ਦੇ ਸਾਥੀਆਂ ਵੱਲੋਂ ਬਾਈਬਲ ਸਟੱਡੀ ਗਰੁੱਪ ਸ਼ੁਰੂ ਕਰਨ ਤੋਂ ਇਕ ਸਾਲ ਬਾਅਦ 1871 ਵਿਚ ਉੱਤਰ ਦਾ ਰਾਜਾ ਦੁਬਾਰਾ ਆਇਆ। ਉਸੇ ਸਾਲ ਓਟੋ ਵਾਨ ਬਿਜ਼ਮਾਰਕ ਨੇ ਜਰਮਨ ਸਾਮਰਾਜ ਦੀ ਸਥਾਪਨਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਜਰਮਨ ਸਾਮਰਾਜ ਦਾ ਪਹਿਲਾ ਰਾਜਾ ਕਿੰਗ ਵਿਲਹੈਲਮ ਸੀ ਅਤੇ ਉਸ ਨੇ ਬਿਜ਼ਮਾਰਕ ਨੂੰ ਪਹਿਲੇ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ। * ਅਗਲੇ ਕੁਝ ਦਹਾਕਿਆਂ ਦੌਰਾਨ ਜਰਮਨੀ ਨੇ ਅਫ਼ਰੀਕਾ ਦੇ ਅਤੇ ਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਉੱਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਰਤਾਨੀਆ ਤੋਂ ਜ਼ਿਆਦਾ ਤਾਕਤਵਰ ਬਣਨ ਦੀ ਕੋਸ਼ਿਸ਼ ਕੀਤੀ। (ਦਾਨੀਏਲ 11:25 ਪੜ੍ਹੋ।) ਜਰਮਨ ਸਾਮਰਾਜ ਨੇ ਇਕ ਤਾਕਤਵਰ ਫ਼ੌਜ ਤਿਆਰ ਕੀਤੀ ਅਤੇ ਉਸ ਦੀ ਜਲ-ਸੈਨਾ ਦੁਨੀਆਂ ਵਿਚ ਦੂਜੀ ਸਭ ਤੋਂ ਵੱਡੀ ਸੈਨਾ ਸੀ। ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਵਿਚ ਇਸ ਫ਼ੌਜ ਨੂੰ ਆਪਣੇ ਦੁਸ਼ਮਣਾਂ ਖ਼ਿਲਾਫ਼ ਵਰਤਿਆ।

10. ਦਾਨੀਏਲ 11:25ਅ, 26 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?

10 ਦਾਨੀਏਲ ਨੇ ਇਹ ਵੀ ਦੱਸਿਆ ਸੀ ਕਿ ਜਰਮਨ ਸਾਮਰਾਜ ਅਤੇ ਉਸ ਦੀ ਫ਼ੌਜ ਨਾਲ ਕੀ ਹੋਵੇਗਾ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਉੱਤਰ ਦਾ ਰਾਜਾ “ਨਾ ਠਹਿਰੇਗਾ।” ਕਿਉਂ? ‘ਕਿਉਂ ਜੋ ਓਹ ਉਸ ਦੇ ਵਿਰੁੱਧ ਉਪਾਉ ਕਰਨਗੇ। ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਰਸਤਾਂ ਖਾਂਦੇ ਹਨ ਓਹੋ ਉਸ ਨੂੰ ਨਾਸ ਕਰ ਸੁੱਟਣਗੇ।’ (ਦਾਨੀ. 11:25ਅ, 26ੳ) ਦਾਨੀਏਲ ਦੇ ਦਿਨਾਂ ਵਿਚ ਜਿਹੜੇ ਲੋਕ ਰਾਜੇ ਦੇ “ਸੁਆਦਲੇ ਭੋਜਨ ਵਿੱਚੋਂ” ਖਾਂਦੇ ਸਨ, ਉਨ੍ਹਾਂ ਵਿਚ “ਰਾਜੇ ਦੀ ਦਰਗਾਹੇ” ਖੜ੍ਹੇ ਸ਼ਾਹੀ ਅਧਿਕਾਰੀ ਵੀ ਸ਼ਾਮਲ ਸਨ। (ਦਾਨੀ. 1:5) ਇੱਥੇ ਕਿਨ੍ਹਾਂ ਦੀ ਗੱਲ ਕੀਤੀ ਗਈ ਹੈ? ਇੱਥੇ ਜਰਮਨ ਸਾਮਰਾਜ ਦੇ ਤਾਕਤਵਰ ਅਧਿਕਾਰੀਆਂ ਦੀ ਗੱਲ ਕੀਤੀ ਗਈ ਹੈ, ਜਿਵੇਂ ਜਨਰਲ ਅਤੇ ਫ਼ੌਜੀ ਅਫ਼ਸਰ। ਇਨ੍ਹਾਂ ਤਾਕਤਵਰ ਲੋਕਾਂ ਦੇ ਕੰਮਾਂ ਕਰਕੇ ਰਾਜੇ ਨੂੰ ਆਪਣੀ ਗੱਦੀ ਤੋਂ ਹੱਥ ਧੋਣਾ ਪਿਆ ਅਤੇ ਜਰਮਨੀ ਵਿਚ ਨਵੀਂ ਸਰਕਾਰ ਦਾ ਜਨਮ ਹੋਇਆ। * ਭਵਿੱਖਬਾਣੀ ਵਿਚ ਸਿਰਫ਼ ਸਾਮਰਾਜ ਦੇ ਨਾਸ਼ ਬਾਰੇ ਹੀ ਨਹੀਂ, ਸਗੋਂ ਇਹ ਵੀ ਦੱਸਿਆ ਗਿਆ ਸੀ ਕਿ ਦੱਖਣ ਦੇ ਰਾਜੇ ਨਾਲ ਯੁੱਧ ਕਰਨ ਦਾ ਕੀ ਨਤੀਜਾ ਨਿਕਲੇਗਾ। ਉੱਤਰ ਦੇ ਰਾਜੇ ਬਾਰੇ ਇਹ ਦੱਸਿਆ ਗਿਆ ਸੀ: “ਉਸ ਦੀ ਫੌਜ ਆਫਰੇਗੀ [ਯਾਨੀ ਹਾਰ ਜਾਵੇਗੀ] ਅਰ ਢੇਰ ਸਾਰੇ ਮਾਰੇ ਜਾਣਗੇ।” (ਦਾਨੀ. 11:26ਅ) ਭਵਿੱਖਬਾਣੀ ਮੁਤਾਬਕ ਪਹਿਲੇ ਵਿਸ਼ਵ ਯੁੱਧ ਵਿਚ ਜਰਮਨ ਫ਼ੌਜ ਹਾਰ ਗਈ ਅਤੇ ਉਸ ਦੇ ਬਹੁਤ ਸਾਰੇ ਸਿਪਾਹੀ “ਮਾਰੇ” ਗਏ। ਇਹ ਉਸ ਸਮੇਂ ਦੇ ਮਨੁੱਖੀ ਇਤਿਹਾਸ ਦਾ ਸਭ ਤੋਂ ਘਾਤਕ ਯੁੱਧ ਸਾਬਤ ਹੋਇਆ।

11. ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਨੇ ਕੀ ਕੀਤਾ?

11 ਦਾਨੀਏਲ 11:27, 28 ਵਿਚ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਉੱਤਰ ਦਾ ਰਾਜਾ ਤੇ ਦੱਖਣ ਦਾ ਰਾਜਾ “ਇੱਕੇ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ।” ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉੱਤਰ ਦਾ ਰਾਜਾ ‘ਵੱਡਾ ਧਨ’ ਇਕੱਠਾ ਕਰੇਗਾ। ਬਿਲਕੁਲ ਇਸੇ ਤਰ੍ਹਾਂ ਹੋਇਆ। ਜਰਮਨੀ ਅਤੇ ਬਰਤਾਨੀਆ ਨੇ ਇਕ-ਦੂਜੇ ਨੂੰ ਕਿਹਾ ਕਿ ਉਹ ਸ਼ਾਂਤੀ ਚਾਹੁੰਦੇ ਸਨ, ਪਰ ਉਨ੍ਹਾਂ ਦੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ ਜਦੋਂ 1914 ਵਿਚ ਯੁੱਧ ਸ਼ੁਰੂ ਹੋਇਆ। 1914 ਤੋਂ ਪਹਿਲਾਂ ਦੇ ਸਾਲਾਂ ਦੌਰਾਨ ਜਰਮਨੀ ਦੁਨੀਆਂ ਦਾ ਦੂਜਾ ਅਮੀਰ ਦੇਸ਼ ਬਣ ਗਿਆ ਸੀ। ਫਿਰ ਦਾਨੀਏਲ 11:29 ਅਤੇ ਆਇਤ 30 ਦੇ ਪਹਿਲੇ ਹਿੱਸੇ ਦੀ ਪੂਰਤੀ ਉਦੋਂ ਹੋਈ ਜਦੋਂ ਜਰਮਨੀ ਦੱਖਣ ਦੇ ਰਾਜੇ ਖ਼ਿਲਾਫ਼ ਲੜਿਆ ਅਤੇ ਹਾਰ ਗਿਆ।

ਰਾਜੇ ਪਰਮੇਸ਼ੁਰ ਦੇ ਲੋਕਾਂ ਨਾਲ ਲੜਦੇ ਹਨ

12. ਪਹਿਲੇ ਵਿਸ਼ਵ ਯੁੱਧ ਵਿਚ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਨੇ ਕੀ ਕੀਤਾ?

12 1914 ਤੋਂ ਇਨ੍ਹਾਂ ਦੋਨਾਂ ਰਾਜਿਆਂ ਦੀ ਆਪਸ ਵਿਚ ਅਤੇ ਪਰਮੇਸ਼ੁਰ ਦੇ ਲੋਕਾਂ ਨਾਲ ਲੜਾਈ ਵਧ ਗਈ। ਮਿਸਾਲ ਲਈ, ਪਹਿਲੇ ਵਿਸ਼ਵ ਯੁੱਧ ਵਿਚ ਜਰਮਨੀ ਅਤੇ ਬਰਤਾਨੀਆ ਦੀਆਂ ਸਰਕਾਰਾਂ ਨੇ ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਉੱਤੇ ਅਤਿਆਚਾਰ ਕੀਤੇ ਜਿਨ੍ਹਾਂ ਨੇ ਯੁੱਧ ਵਿਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ ਸੀ। ਨਾਲੇ ਅਮਰੀਕੀ ਸਰਕਾਰ ਨੇ ਪ੍ਰਚਾਰ ਕੰਮ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਇਸ ਨਾਲ ਪ੍ਰਕਾਸ਼ ਦੀ ਕਿਤਾਬ 11:7-10 ਦੀ ਭਵਿੱਖਬਾਣੀ ਪੂਰੀ ਹੋਈ।

13. 1930 ਦੇ ਦਹਾਕੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਨੇ ਕੀ ਕੀਤਾ?

13 ਫਿਰ 1930 ਦੇ ਦਹਾਕੇ ਤੋਂ ਅਤੇ ਖ਼ਾਸ ਤੌਰ ਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਨੇ ਬੇਰਹਿਮੀ ਨਾਲ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ। ਜਦੋਂ ਜਰਮਨੀ ਵਿਚ ਨਾਜ਼ੀ ਪਾਰਟੀ ਰਾਜ ਕਰਨ ਲੱਗੀ, ਤਾਂ ਹਿਟਲਰ ਅਤੇ ਉਸ ਦੇ ਸਾਥੀਆਂ ਨੇ ਪਰਮੇਸ਼ੁਰ ਦੇ ਲੋਕਾਂ ਦੇ ਕੰਮ ’ਤੇ ਪਾਬੰਦੀ ਲਾ ਦਿੱਤੀ। ਵਿਰੋਧੀਆਂ ਨੇ ਯਹੋਵਾਹ ਦੇ ਸੈਂਕੜੇ ਹੀ ਗਵਾਹਾਂ ਨੂੰ ਜਾਨੋਂ ਮਾਰ ਦਿੱਤਾ ਅਤੇ ਹਜ਼ਾਰਾਂ ਨੂੰ ਤਸ਼ੱਦਦ ਕੈਂਪਾਂ ਵਿਚ ਭੇਜ ਦਿੱਤਾ। ਇਨ੍ਹਾਂ ਘਟਨਾਵਾਂ ਬਾਰੇ ਦਾਨੀਏਲ ਨੇ ਪਹਿਲਾਂ ਹੀ ਦੱਸਿਆ ਸੀ। ਉਸ ਨੇ ਦੱਸਿਆ ਉੱਤਰ ਦੇ ਰਾਜੇ ਨੇ ‘ਪਵਿੱਤ੍ਰ ਥਾਂ ਨੂੰ ਭਰਿਸ਼ਟ ਕੀਤਾ’ ਯਾਨੀ ਉਸ ਨੇ ਚੁਣੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਰਹਿਮੀ ਨਾਲ ਸਤਾਇਆ। ਉਸ ਨੇ ਰੋਜ਼ ਚੜ੍ਹਾਈਆਂ ਜਾਂਦੀਆਂ ‘ਹੋਮ ਬਲੀਆਂ ਨੂੰ ਵੀ ਹਟਾ’ ਦਿੱਤਾ ਯਾਨੀ ਪ੍ਰਚਾਰ ਦੇ ਕੰਮ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ। (ਦਾਨੀ. 11:30, 31) ਉਨ੍ਹਾਂ ਦੇ ਆਗੂ ਹਿਟਲਰ ਨੇ ਤਾਂ ਸਹੁੰ ਵੀ ਖਾਧੀ ਕਿ ਉਹ ਜਰਮਨੀ ਵਿੱਚੋਂ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।

ਉੱਤਰ ਦਾ ਨਵਾਂ ਰਾਜਾ

14. ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਉੱਤਰ ਦਾ ਰਾਜਾ ਕੌਣ ਬਣਿਆ? ਸਮਝਾਓ।

14 ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਨੇ ਜਰਮਨੀ ਤੋਂ ਹਥਿਆਏ ਇਲਾਕੇ ਆਪਣੇ ਅਧੀਨ ਕਰ ਲਏ ਅਤੇ ਉਹ ਉੱਤਰ ਦਾ ਰਾਜਾ ਬਣ ਗਿਆ। ਨਾਜ਼ੀ ਸਰਕਾਰ ਵਾਂਗ ਸੋਵੀਅਤ ਸੰਘ ਨੇ ਵੀ ਉਨ੍ਹਾਂ ਲੋਕਾਂ ਨੂੰ ਸਤਾਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਆਪਣੇ ਦੇਸ਼ ਦੀ ਬਜਾਇ ਸੱਚੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੱਤੀ।

15. ਦੂਸਰਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ ਉੱਤਰ ਦੇ ਰਾਜੇ ਨੇ ਕੀ ਕੀਤਾ?

15 ਦੂਸਰਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਛੇਤੀ ਬਾਅਦ ਉੱਤਰ ਦੇ ਨਵੇਂ ਰਾਜੇ ਸੋਵੀਅਤ ਸੰਘ ਅਤੇ ਉਸ ਦੇ ਮਿੱਤਰ ਦੇਸ਼ਾਂ ਨੇ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪ੍ਰਕਾਸ਼ ਦੀ ਕਿਤਾਬ 12:15-17 ਦੀ ਭਵਿੱਖਬਾਣੀ ਮੁਤਾਬਕ ਉੱਤਰ ਦੇ ਰਾਜੇ ਨੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾਈ ਅਤੇ ਯਹੋਵਾਹ ਦੇ ਹਜ਼ਾਰਾਂ ਸੇਵਕਾਂ ਨੂੰ ਕੈਦੀਆਂ ਵਜੋਂ ਸਾਇਬੇਰੀਆ ਭੇਜ ਦਿੱਤਾ। ਦਰਅਸਲ, ਅੰਤ ਦੇ ਦਿਨਾਂ ਦੀ ਸ਼ੁਰੂਆਤ ਤੋਂ ਹੀ ਉੱਤਰ ਦਾ ਰਾਜਾ ਪਰਮੇਸ਼ੁਰ ਦੇ ਲੋਕਾਂ ’ਤੇ ਵੱਧ ਤੋਂ ਵੱਧ ਜ਼ੁਲਮ ਢਾਹੁੰਦਾ ਆ ਰਿਹਾ ਹੈ। ਇਹ ਵਿਰੋਧ ਇਕ “ਦਰਿਆ” ਵਾਂਗ ਹੈ ਜੋ ਰੁਕਦਾ ਨਹੀ, ਪਰ ਰਾਜਾ ਉਨ੍ਹਾਂ ਦੇ ਕੰਮ ਨੂੰ ਕਦੇ ਰੋਕ ਨਹੀਂ ਪਾਇਆ। *

16. ਸੋਵੀਅਤ ਸੰਘ ਨੇ ਦਾਨੀਏਲ 11:37-39 ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ?

16 ਦਾਨੀਏਲ 11:37-39 ਪੜ੍ਹੋ। ਇਸ ਭਵਿੱਖਬਾਣੀ ਅਨੁਸਾਰ ਉੱਤਰ ਦੇ ਰਾਜੇ ਨੇ “ਆਪਣੇ ਪਿਉ ਦਾਦਿਆਂ ਦੇ ਦਿਓਤਿਆਂ” ਲਈ ਕੋਈ ਆਦਰ ਨਾ ਦਿਖਾਇਆ। ਉਹ ਕਿਵੇਂ? ਧਰਮਾਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਸੋਵੀਅਤ ਸੰਘ ਨੇ ਲੰਬੇ ਸਮੇਂ ਤੋਂ ਸਥਾਪਿਤ ਧਾਰਮਿਕ ਸੰਗਠਨਾਂ ਦੀ ਤਾਕਤ ਹਥਿਆਉਣ ਦੀ ਕੋਸ਼ਿਸ਼ ਕੀਤੀ। ਇਸ ਮਕਸਦ ਨੂੰ ਪੂਰਾ ਕਰਨ ਲਈ ਸੋਵੀਅਤ ਸਰਕਾਰ ਨੇ 1918 ਤੋਂ ਹੀ ਸਕੂਲਾਂ ਵਿਚ ਇਹ ਸਿੱਖਿਆ ਦੇਣ ਦਾ ਹੁਕਮ ਦਿੱਤਾ ਕਿ ਰੱਬ ਹੈ ਨਹੀਂ। ਉੱਤਰ ਦੇ ਰਾਜੇ ਨੇ “ਕੋਟਾਂ [“ਕਿਲਿਆਂ,” NW] ਦੇ ਦਿਓਤੇ” ਦਾ ਆਦਰ ਕਿਵੇਂ ਕੀਤਾ? ਸੋਵੀਅਤ ਸੰਘ ਨੇ ਹੋਰ ਤਾਕਤਵਰ ਬਣਨ ਲਈ ਢੇਰ ਸਾਰੇ ਪੈਸੇ ਖ਼ਰਚ ਕੇ ਹਜ਼ਾਰਾਂ ਪ੍ਰਮਾਣੂ ਹਥਿਆਰ ਬਣਾਏ ਅਤੇ ਆਪਣੀ ਫ਼ੌਜ ਤਕੜੀ ਕੀਤੀ। ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੋਵਾਂ ਨੇ ਇੰਨੇ ਹਥਿਆਰ ਜਮ੍ਹਾ ਕਰ ਲਏ ਕਿ ਉਹ ਅਰਬਾਂ ਲੋਕਾਂ ਨੂੰ ਖ਼ਤਮ ਕਰ ਸਕਦੇ ਸਨ!

ਦੋ ਵਿਰੋਧੀ ਰਾਜੇ ਮਿਲ ਕੇ ਕੰਮ ਕਰਦੇ ਹਨ

17. “ਤਬਾਹੀ ਮਚਾਉਣ ਵਾਲੀ ਘਿਣਾਉਣੀ ਵਸਤ” ਕੀ ਹੈ?

17 ਦੁਸ਼ਮਣੀ ਦੇ ਬਾਵਜੂਦ ਉੱਤਰ ਦੇ ਰਾਜੇ ਨੇ ਇਕ ਅਹਿਮ ਕੰਮ ਕਰਨ ਵਿਚ ਦੱਖਣ ਦੇ ਰਾਜੇ ਦਾ ਸਾਥ ਦਿੱਤਾ। ਉਨ੍ਹਾਂ ਨੇ “ਵਿਗਾੜਨ [“ਤਬਾਹੀ ਮਚਾਉਣ,” NW] ਵਾਲੀ ਘਿਣਾਉਣੀ ਵਸਤ” ਨੂੰ ਖੜ੍ਹਾ ਕੀਤਾ ਹੈ। (ਦਾਨੀ. 11:31) ਇਹ “ਘਿਣਾਉਣੀ ਵਸਤ” ਸੰਯੁਕਤ ਰਾਸ਼ਟਰ-ਸੰਘ ਹੈ।

18. ਸੰਯੁਕਤ ਰਾਸ਼ਟਰ-ਸੰਘ ਨੂੰ “ਘਿਣਾਉਣੀ ਵਸਤ” ਕਿਉਂ ਕਿਹਾ ਗਿਆ ਹੈ?

18 ਸੰਯੁਕਤ ਰਾਸ਼ਟਰ-ਸੰਘ ਨੂੰ “ਘਿਣਾਉਣੀ ਵਸਤ” ਕਿਹਾ ਗਿਆ ਹੈ ਕਿਉਂਕਿ ਇਹ ਦੁਨੀਆਂ ਵਿਚ ਸ਼ਾਂਤੀ ਲਿਆਉਣ ਦਾ ਦਾਅਵਾ ਕਰਦਾ ਹੈ ਜਦ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇੱਦਾਂ ਕਰ ਸਕਦਾ ਹੈ। ਨਾਲੇ ਭਵਿੱਖਬਾਣੀ ਅਨੁਸਾਰ ਇਹ ਘਿਣਾਉਣੀ ਵਸਤ “ਤਬਾਹੀ” ਮਚਾਵੇਗੀ ਕਿਉਂਕਿ ਸੰਯੁਕਤ ਰਾਸ਼ਟਰ-ਸੰਘ ਝੂਠੇ ਧਰਮਾਂ ਦਾ ਨਾਸ਼ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਵੇਗਾ।—“ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ” ਨਾਂ ਦਾ ਚਾਰਟ ਦੇਖੋ।

ਸਾਨੂੰ ਇਸ ਇਤਿਹਾਸ ਬਾਰੇ ਜਾਣਨ ਦੀ ਕਿਉਂ ਲੋੜ ਹੈ?

19-20. (ੳ) ਸਾਨੂੰ ਇਸ ਇਤਿਹਾਸ ਬਾਰੇ ਜਾਣਨ ਦੀ ਕਿਉਂ ਲੋੜ ਹੈ? (ਅ) ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?

19 ਸਾਨੂੰ ਇਸ ਇਤਿਹਾਸ ਬਾਰੇ ਜਾਣਨ ਦੀ ਲੋੜ ਹੈ ਕਿਉਂਕਿ ਇਸ ਤੋਂ ਸਾਬਤ ਹੁੰਦਾ ਹੈ ਕਿ 1870 ਤੋਂ ਲੈ ਕੇ 1991 ਦੇ ਦਹਾਕੇ ਤਕ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਬਾਰੇ ਦਾਨੀਏਲ ਦੀ ਭਵਿੱਖਬਾਣੀ ਪੂਰੀ ਹੋਈ ਹੈ। ਸੋ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਸ ਭਵਿੱਖਬਾਣੀ ਦਾ ਬਾਕੀ ਹਿੱਸਾ ਵੀ ਸੱਚ ਸਾਬਤ ਹੋਵੇਗਾ।

20 1991 ਵਿਚ ਸੋਵੀਅਤ ਸੰਘ ਢਹਿ-ਢੇਰੀ ਹੋ ਗਿਆ। ਤਾਂ ਫਿਰ ਅੱਜ ਉੱਤਰ ਦਾ ਰਾਜਾ ਕੌਣ ਹੈ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

ਗੀਤ 24 ਇਨਾਮ ’ਤੇ ਨਜ਼ਰ ਰੱਖੋ!

^ ਪੈਰਾ 5 ਅਸੀਂ ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਬਾਰੇ ਦਾਨੀਏਲ ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਅਸੀਂ ਇਹ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਨਾਲੇ ਸਾਡੇ ਲਈ ਇਸ ਭਵਿੱਖਬਾਣੀ ਨੂੰ ਸਮਝਣਾ ਜ਼ਰੂਰੀ ਕਿਉਂ ਹੈ?

^ ਪੈਰਾ 5 ਇਸ ਗੱਲ ਕਰਕੇ ਰੋਮੀ ਸ਼ਹਿਨਸ਼ਾਹ ਓਰੀਲੀਅਨ (270-275 ਈ.) ਨੂੰ “ਉੱਤਰ ਦਾ ਰਾਜਾ” ਜਾਂ ਮਹਾਰਾਣੀ ਜ਼ਨੋਬੀਆ (267-272 ਈ.) ਨੂੰ “ਦੱਖਣ ਦਾ ਰਾਜਾ” ਕਹਿਣਾ ਢੁਕਵਾਂ ਨਹੀਂ ਹੈ। ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦੇ 13ਵੇਂ ਅਤੇ 14ਵੇਂ ਅਧਿਆਇ ਵਿਚ ਪਾਈ ਜਾਂਦੀ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ।

^ ਪੈਰਾ 9 1890 ਵਿਚ ਕੈਸਰ ਵਿਲਹੈਲਮ ਦੂਜੇ ਨੇ ਬਿਜ਼ਮਾਰਕ ਨੂੰ ਮੁੱਖ ਮੰਤਰੀ ਦੀ ਪਦਵੀ ਤੋਂ ਹਟਾ ਦਿੱਤਾ।

^ ਪੈਰਾ 10 ਉਨ੍ਹਾਂ ਦੇ ਕਈ ਕੰਮਾਂ ਕਰਕੇ ਸਰਕਾਰ ਛੇਤੀ ਹੀ ਟੁੱਟ ਗਈ। ਮਿਸਾਲ ਲਈ, ਉਨ੍ਹਾਂ ਨੇ ਰਾਜੇ ਦੀ ਮਦਦ ਕਰਨੀ ਛੱਡ ਦਿੱਤੀ, ਦੂਜਿਆਂ ਨੂੰ ਯੁੱਧ ਬਾਰੇ ਗੁਪਤ ਜਾਣਕਾਰੀ ਦਿੱਤੀ ਅਤੇ ਰਾਜੇ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ।

^ ਪੈਰਾ 15 ਦਾਨੀਏਲ 11:34 ਅਨੁਸਾਰ ਉੱਤਰ ਦੇ ਰਾਜੇ ਦੀ ਹਕੂਮਤ ਅਧੀਨ ਮਸੀਹੀਆਂ ਨੇ ਕੁਝ ਸਮੇਂ ਲਈ ਸਤਾਹਟਾਂ ਤੋਂ ਰਾਹਤ ਪਾਈ। ਇਹ ਉਦੋਂ ਹੋਇਆ ਜਦੋਂ 1991 ਵਿਚ ਸੋਵੀਅਤ ਸੰਘ ਢਹਿ-ਢੇਰੀ ਹੋ ਗਿਆ।