Skip to content

Skip to table of contents

ਅਧਿਐਨ ਲੇਖ 20

ਅੱਜ “ਉੱਤਰ ਦਾ ਰਾਜਾ” ਕੌਣ ਹੈ?

ਅੱਜ “ਉੱਤਰ ਦਾ ਰਾਜਾ” ਕੌਣ ਹੈ?

“ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।”—ਦਾਨੀ. 11:45.

ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ

ਖ਼ਾਸ ਗੱਲਾਂ *

1-2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

ਅੱਜ ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਬੂਤ ਹਨ ਕਿ ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਦੇ ਅਖ਼ੀਰਲੇ ਹਿੱਸੇ ਵਿਚ ਜੀ ਰਹੇ ਹਾਂ। ਜਲਦੀ ਹੀ ਯਹੋਵਾਹ ਅਤੇ ਯਿਸੂ ਮਸੀਹ ਉਨ੍ਹਾਂ ਸਾਰੀਆਂ ਸਰਕਾਰਾਂ ਦਾ ਨਾਸ਼ ਕਰਨਗੇ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੀਆਂ ਹਨ। ਇਹ ਘਟਨਾ ਵਾਪਰਨ ਤੋਂ ਪਹਿਲਾਂ ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਲਗਾਤਾਰ ਆਪਸ ਵਿਚ ਅਤੇ ਪਰਮੇਸ਼ੁਰ ਦੇ ਲੋਕਾਂ ਖ਼ਿਲਾਫ਼ ਲੜਦੇ ਰਹਿਣਗੇ।

2 ਇਸ ਲੇਖ ਵਿਚ ਅਸੀਂ ਦਾਨੀਏਲ 11:40–12:1 ਵਿਚ ਦਰਜ ਭਵਿੱਖਬਾਣੀ ਉੱਤੇ ਗੌਰ ਕਰਾਂਗੇ। ਅਸੀਂ ਜਾਣਾਂਗੇ ਕਿ ਅੱਜ ਉੱਤਰ ਦਾ ਰਾਜਾ ਕੌਣ ਹੈ ਅਤੇ ਦੇਖਾਂਗੇ ਕਿ ਅਸੀਂ ਕਿਉਂ ਪੂਰੇ ਭਰੋਸੇ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹਾਂ।

ਉੱਤਰ ਦਾ ਨਵਾਂ ਰਾਜਾ

3-4. ਅੱਜ ਉੱਤਰ ਦਾ ਰਾਜਾ ਕੌਣ ਹੈ? ਸਮਝਾਓ।

3 1991 ਵਿਚ ਸੋਵੀਅਤ ਸੰਘ ਦੇ ਖ਼ਤਮ ਹੋਣ ਤੋਂ ਬਾਅਦ ਉਸ ਵੱਡੇ ਇਲਾਕੇ ਵਿਚ ਪਰਮੇਸ਼ੁਰ ਦੇ ਲੋਕਾਂ ਦੀ “ਥੋੜੀ ਜਿਹੀ ਸਹਾਇਤਾ” ਹੋਈ ਯਾਨੀ ਉਨ੍ਹਾਂ ਨੇ ਕੁਝ ਸਮੇਂ ਲਈ ਆਜ਼ਾਦੀ ਦਾ ਆਨੰਦ ਮਾਣਿਆ। (ਦਾਨੀ. 11:34) ਨਤੀਜੇ ਵਜੋਂ, ਉਨ੍ਹਾਂ ਨੇ ਖੁੱਲ੍ਹ ਕੇ ਪ੍ਰਚਾਰ ਕੀਤਾ ਅਤੇ ਜਲਦੀ ਹੀ ਉਨ੍ਹਾਂ ਦੇਸ਼ਾਂ ਵਿਚ ਲੱਖਾਂ ਹੀ ਪ੍ਰਚਾਰਕ ਹੋ ਗਏ ਜੋ ਪਹਿਲਾਂ ਸੋਵੀਅਤ ਸੰਘ ਦਾ ਹਿੱਸਾ ਸਨ। ਹੌਲੀ-ਹੌਲੀ ਰੂਸ ਅਤੇ ਉਸ ਦੇ ਮਿੱਤਰ ਦੇਸ਼ ਉੱਤਰ ਦੇ ਰਾਜੇ ਵਜੋਂ ਸਾਮ੍ਹਣੇ ਆਏ। ਜਿਵੇਂ ਪਿਛਲੇ ਲੇਖ ਵਿਚ ਦੱਸਿਆ ਸੀ ਕਿ ਉੱਤਰ ਦੇ ਰਾਜੇ ਜਾਂ ਦੱਖਣ ਦੇ ਰਾਜੇ ਦੀ ਭੂਮਿਕਾ ਨਿਭਾਉਣ ਵਾਲੀ ਸਰਕਾਰ ਇਹ ਤਿੰਨ ਕੰਮ ਕਰੇਗੀ: (1) ਸਿੱਧੇ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਉੱਤੇ ਪ੍ਰਭਾਵ ਪਾਵੇਗੀ, (2) ਆਪਣੇ ਕੰਮਾਂ ਰਾਹੀਂ ਦਿਖਾਵੇਗੀ ਕਿ ਇਹ ਯਹੋਵਾਹ ਅਤੇ ਉਸ ਦੇ ਲੋਕਾਂ ਦੀ ਦੁਸ਼ਮਣ ਹੈ ਅਤੇ (3) ਆਪਣੇ ਵਿਰੋਧੀ ਰਾਜੇ ਨਾਲ ਭਿੜੇਗੀ।

4 ਗੌਰ ਕਰੋ ਕਿ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਉੱਤਰ ਦਾ ਰਾਜਾ ਰੂਸ ਅਤੇ ਉਸ ਦੇ ਮਿੱਤਰ ਦੇਸ਼ ਹਨ। (1) ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਸਿੱਧੇ ਤੌਰ ਤੇ ਪ੍ਰਭਾਵ ਪਾਇਆ ਹੈ ਕਿਉਂਕਿ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾਈ ਹੈ ਅਤੇ ਆਪਣੇ ਇਲਾਕਿਆਂ ਵਿਚ ਰਹਿੰਦੇ ਲੱਖਾਂ ਹੀ ਭੈਣਾਂ-ਭਰਾਵਾਂ ’ਤੇ ਅਤਿਆਚਾਰ ਕੀਤੇ ਹਨ। (2) ਇਨ੍ਹਾਂ ਕੰਮਾਂ ਰਾਹੀਂ ਉਨ੍ਹਾਂ ਨੇ ਦਿਖਾਇਆ ਕਿ ਉਹ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਨਫ਼ਰਤ ਕਰਦੇ ਹਨ। (3) ਉਹ ਦੱਖਣ ਦੇ ਰਾਜੇ ਯਾਨੀ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨਾਲ ਭਿੜਦੇ ਆ ਰਹੇ ਹਨ। ਆਓ ਆਪਾਂ ਦੇਖੀਏ ਕਿ ਰੂਸ ਅਤੇ ਉਸ ਦੇ ਮਿੱਤਰ ਦੇਸ਼ਾਂ ਨੇ ਉੱਤਰ ਦੇ ਰਾਜੇ ਦੀ ਭੂਮਿਕਾ ਕਿਵੇਂ ਨਿਭਾਈ ਹੈ।

ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਇਕ-ਦੂਜੇ ਨੂੰ ਧੱਕ ਰਹੇ ਹਨ

5. ਦਾਨੀਏਲ 11:40-43 ਵਿਚ ਕਿਹੜੇ ਸਮੇਂ ਦੀ ਗੱਲ ਕੀਤੀ ਗਈ ਹੈ ਅਤੇ ਉਸ ਸਮੇਂ ਦੌਰਾਨ ਕੀ ਹੋਵੇਗਾ?

5 ਦਾਨੀਏਲ 11:40-43 ਪੜ੍ਹੋ। ਇਸ ਭਵਿੱਖਬਾਣੀ ਵਿਚ ਅੰਤ ਦੇ ਸਮੇਂ ਬਾਰੇ ਕੁਝ ਮੁੱਖ ਗੱਲਾਂ ਦੱਸੀਆਂ ਗਈਆਂ ਹਨ। ਇਸ ਵਿਚ ਖ਼ਾਸ ਤੌਰ ਤੇ ਦੱਸਿਆ ਗਿਆ ਹੈ ਕਿ ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਇਕ-ਦੂਜੇ ਨਾਲ ਭਿੜਨਗੇ। ਦਾਨੀਏਲ ਦੀ ਭਵਿੱਖਬਾਣੀ ਮੁਤਾਬਕ ਅੰਤ ਦੇ ਸਮੇਂ ਵਿਚ ਦੱਖਣ ਦਾ ਰਾਜਾ ਉੱਤਰ ਦੇ ਰਾਜੇ ਨੂੰ ‘ਧੱਕੇਗਾ।’—ਦਾਨੀ. 11:40.

6. ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਇਕ-ਦੂਸਰੇ ਨਾਲ ਕਿਵੇਂ ਭਿੜਦੇ ਆਏ ਹਨ?

6 ਉੱਤਰ ਦਾ ਰਾਜਾ ਅਤੇ ਦੱਖਣ ਦਾ ਰਾਜਾ ਸਾਰੀ ਦੁਨੀਆਂ ਉੱਤੇ ਰਾਜ ਕਰਨ ਲਈ ਇਕ-ਦੂਸਰੇ ਨਾਲ ਭਿੜਦੇ ਆ ਰਹੇ ਹਨ। ਮਿਸਾਲ ਲਈ, ਜ਼ਰਾ ਗੌਰ ਕਰੋ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਉਦੋਂ ਕੀ ਹੋਇਆ ਜਦ ਸੋਵੀਅਤ ਸੰਘ ਅਤੇ ਇਸ ਦੇ ਮਿੱਤਰ ਦੇਸ਼ਾਂ ਨੇ ਯੂਰਪ ਦੇ ਜ਼ਿਆਦਾਤਰ ਹਿੱਸੇ ਉੱਤੇ ਆਪਣਾ ਦਬਦਬਾ ਕਾਇਮ ਕਰ ਲਿਆ। ਦੱਖਣ ਦੇ ਰਾਜੇ ਨੇ ਉੱਤਰ ਦੇ ਰਾਜੇ ਦੇ ਖ਼ਿਲਾਫ਼ ਲੜਨ ਲਈ ਇਕ ਅੰਤਰਰਾਸ਼ਟਰੀ ਫ਼ੌਜ ਤਿਆਰ ਕੀਤੀ ਜਿਸ ਨੂੰ ਨਾਟੋ ਕਿਹਾ ਜਾਂਦਾ ਹੈ। ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਨੇ ਇਕ-ਦੂਜੇ ਨਾਲੋਂ ਤਾਕਤਵਰ ਸੈਨਾ ਤਿਆਰ ਕਰਨ ਲਈ ਕਾਫ਼ੀ ਸਾਰਾ ਪੈਸਾ ਲਗਾਇਆ ਹੈ। ਉੱਤਰ ਦਾ ਰਾਜਾ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿਚ ਹੋਏ ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੇ ਵਿਰੋਧੀ ਰਾਜੇ ਖ਼ਿਲਾਫ਼ ਲੜਿਆ ਹੈ। ਹਾਲ ਹੀ ਦੇ ਸਾਲਾਂ ਵਿਚ ਰੂਸ ਅਤੇ ਉਸ ਦੇ ਮਿੱਤਰ ਦੇਸ਼ ਪੂਰੀ ਦੁਨੀਆਂ ਵਿਚ ਬਹੁਤ ਤਾਕਤਵਰ ਬਣ ਗਏ ਹਨ। ਉਨ੍ਹਾਂ ਨੇ ਦੱਖਣ ਦੇ ਰਾਜੇ ਖ਼ਿਲਾਫ਼ ਸਾਈਬਰ-ਯੁੱਧ ਵੀ ਲੜੇ ਹਨ। ਇਨ੍ਹਾਂ ਦੋਹਾਂ ਰਾਜਿਆਂ ਨੇ ਇਕ-ਦੂਸਰੇ ਉੱਤੇ ਕੰਪਿਊਟਰ ਪ੍ਰੋਗ੍ਰਾਮਾਂ ਰਾਹੀਂ ਇਕ-ਦੂਜੇ ਦੀ ਆਰਥਿਕ ਹਾਲਤ ਅਤੇ ਰਾਜਨੀਤਿਕ ਤਾਕਤ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ-ਨਾਲ ਦਾਨੀਏਲ ਦੀ ਭਵਿੱਖਬਾਣੀ ਮੁਤਾਬਕ ਉੱਤਰ ਦਾ ਰਾਜਾ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰ ਰਿਹਾ ਹੈ।—ਦਾਨੀ. 11:41.

ਉੱਤਰ ਦਾ ਰਾਜਾ ‘ਪਰਤਾਪਵਾਨ ਦੇਸ਼’ ਵਿਚ ਵੜਦਾ ਹੈ

7. “ਪਰਤਾਪਵਾਨ” ਯਾਨੀ ਸੋਹਣਾ ਦੇਸ਼ ਕੀ ਹੈ?

7 ਦਾਨੀਏਲ 11:41 ਵਿਚ ਲਿਖਿਆ ਹੈ ਕਿ ਉੱਤਰ ਦਾ ਰਾਜਾ “ਪਰਤਾਪਵਾਨ” ਯਾਨੀ ਸੋਹਣੇ ਦੇਸ਼ ਵਿੱਚ ਵੜੇਗਾ। ਇਹ ਦੇਸ਼ ਕੀ ਹੈ? ਪੁਰਾਣੇ ਸਮਿਆਂ ਵਿਚ ਇਜ਼ਰਾਈਲ ਦੇਸ਼ ਨੂੰ ‘ਸਾਰੇ ਦੇਸ਼ਾਂ ਦੀ ਸ਼ਾਨ’ ਮੰਨਿਆ ਜਾਂਦਾ ਸੀ। (ਹਿਜ਼. 20:6) ਇਹ ਦੇਸ਼ ਇਸ ਲਈ ਖ਼ਾਸ ਸੀ ਕਿਉਂਕਿ ਇੱਥੇ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਸੀ। ਪਰ ਪੰਤੇਕੁਸਤ 33 ਈਸਵੀ ਤੋਂ ਕਿਸੇ ਇਕ ਦੇਸ਼ ਨੂੰ ਸੋਹਣਾ ਦੇਸ਼ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਦੋਂ ਤੋਂ ਯਹੋਵਾਹ ਦੇ ਲੋਕ ਦੁਨੀਆਂ ਦੇ ਕਈ ਦੇਸ਼ਾਂ ਵਿਚ ਰਹੇ ਹਨ ਅਤੇ ਅੱਜ ਉਹ ਪੂਰੀ ਧਰਤੀ ਉੱਤੇ ਫੈਲੇ ਹੋਏ ਹਨ। ਅੱਜ ਇਹ ਸੋਹਣਾ ਦੇਸ਼ ਯਹੋਵਾਹ ਦੇ ਲੋਕਾਂ ਦੇ ਕੰਮਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਵਿਚ ਸਭਾਵਾਂ ਅਤੇ ਪ੍ਰਚਾਰ ਰਾਹੀਂ ਪਰਮੇਸ਼ੁਰ ਦੀ ਭਗਤੀ ਕਰਨੀ ਸ਼ਾਮਲ ਹੈ।

8. ਉੱਤਰ ਦਾ ਰਾਜਾ ਸੋਹਣੇ ਦੇਸ਼ ਵਿਚ ਕਿਵੇਂ ਵੜਿਆ?

8 ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਉੱਤਰ ਦਾ ਰਾਜਾ ਵਾਰ-ਵਾਰ ਸੋਹਣੇ ਦੇਸ਼ ਵਿਚ ਵੜਿਆ ਹੈ। ਮਿਸਾਲ ਲਈ, ਉੱਤਰ ਦਾ ਰਾਜਾ ਨਾਜ਼ੀ ਜਰਮਨੀ ਸੋਹਣੇ ਦੇਸ਼ ਵਿਚ ਉਦੋਂ ਵੜਿਆ ਜਦੋਂ ਉਸ ਨੇ ਖ਼ਾਸ ਤੌਰ ਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਪਰਮੇਸ਼ੁਰ ਦੇ ਲੋਕਾਂ ਉੱਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਉੱਤਰ ਦਾ ਰਾਜਾ ਬਣਿਆ। ਇਹ ਰਾਜਾ ਸੋਹਣੇ ਦੇਸ਼ ਵਿਚ ਉਦੋਂ ਵੜਿਆ ਜਦੋਂ ਇਸ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ।

9. ਹਾਲ ਹੀ ਦੇ ਸਾਲਾਂ ਵਿਚ ਰੂਸ ਅਤੇ ਉਸ ਦੇ ਮਿੱਤਰ ਦੇਸ਼ ਸੋਹਣੇ ਦੇਸ਼ ਵਿਚ ਕਿਵੇਂ ਵੜੇ ਹਨ?

9 ਹਾਲ ਹੀ ਦੇ ਸਾਲਾਂ ਵਿਚ ਰੂਸ ਅਤੇ ਉਸ ਦੇ ਮਿੱਤਰ ਦੇਸ਼ ਵੀ ਸੋਹਣੇ ਦੇਸ਼ ਵਿਚ ਵੜੇ ਹਨ। ਕਿਵੇਂ? 2017 ਵਿਚ ਉੱਤਰ ਦੇ ਇਸ ਨਵੇਂ ਰਾਜੇ ਨੇ ਯਹੋਵਾਹ ਦੇ ਲੋਕਾਂ ਦੇ ਕੰਮ ਉੱਤੇ ਪਾਬੰਦੀ ਲਾਈ ਅਤੇ ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਉਸ ਨੇ ਸਾਡੇ ਪ੍ਰਕਾਸ਼ਨਾਂ ਅਤੇ ਨਵੀਂ ਦੁਨੀਆਂ ਅਨੁਵਾਦ ਉੱਤੇ ਵੀ ਪਾਬੰਦੀ ਲਾਈ। ਇਸ ਤੋਂ ਇਲਾਵਾ, ਉਸ ਨੇ ਰੂਸ ਵਿਚ ਸਾਡੇ ਬ੍ਰਾਂਚ ਆਫ਼ਿਸ ਦੇ ਨਾਲ-ਨਾਲ ਕਿੰਗਡਮ ਹਾਲਾਂ ਅਤੇ ਅਸੈਂਬਲੀ ਹਾਲਾਂ ਨੂੰ ਵੀ ਜ਼ਬਤ ਕਰ ਲਿਆ। ਉਸ ਦੇ ਇਨ੍ਹਾਂ ਕੰਮਾਂ ਕਰਕੇ ਪ੍ਰਬੰਧਕ ਸਭਾ ਨੇ 2018 ਵਿਚ ਰੂਸ ਅਤੇ ਉਸ ਦੇ ਮਿੱਤਰ ਦੇਸ਼ਾਂ ਦੀ ਪਛਾਣ ਉੱਤਰ ਦੇ ਰਾਜੇ ਵਜੋਂ ਕੀਤੀ। ਪਰ ਯਹੋਵਾਹ ਦੇ ਲੋਕਾਂ ਉੱਤੇ ਅਤਿਆਚਾਰ ਕੀਤੇ ਜਾਣ ਦੇ ਬਾਵਜੂਦ ਵੀ ਉਹ ਅਜਿਹੇ ਕਿਸੇ ਵੀ ਕੰਮ ਵਿਚ ਹਿੱਸਾ ਨਹੀਂ ਲੈਂਦੇ ਜੋ ਸਰਕਾਰਾਂ ਨੂੰ ਡੇਗਣ ਜਾਂ ਬਦਲਣ ਲਈ ਕੀਤਾ ਜਾਂਦਾ ਹੈ। ਇਸ ਦੀ ਬਜਾਇ, ਉਹ ਬਾਈਬਲ ਦੀ ਸਲਾਹ ’ਤੇ ਚੱਲਦੇ ਹੋਏ “ਉੱਚੀਆਂ ਪਦਵੀਆਂ ਉੱਤੇ ਬੈਠੇ ਸਾਰੇ ਲੋਕਾਂ ਲਈ” ਪ੍ਰਾਰਥਨਾ ਕਰਦੇ ਹਨ, ਖ਼ਾਸ ਕਰਕੇ ਜਦੋਂ ਇਨ੍ਹਾਂ ਲੋਕਾਂ ਵੱਲੋਂ ਕੀਤੇ ਜਾਂਦੇ ਫ਼ੈਸਲਿਆਂ ਦਾ ਅਸਰ ਸਾਡੀ ਭਗਤੀ ਉੱਤੇ ਪੈ ਸਕਦਾ ਹੈ।—1 ਤਿਮੋ. 2:1, 2.

ਕੀ ਉੱਤਰ ਦਾ ਰਾਜਾ ਦੱਖਣ ਦੇ ਰਾਜੇ ਉੱਤੇ ਜਿੱਤ ਹਾਸਲ ਕਰੇਗਾ?

10. ਕੀ ਉੱਤਰ ਦਾ ਰਾਜਾ ਦੱਖਣ ਦੇ ਰਾਜੇ ਉੱਤੇ ਜਿੱਤ ਹਾਸਲ ਕਰੇਗਾ? ਸਮਝਾਓ।

10 ਦਾਨੀਏਲ 11:40-45 ਵਿਚ ਦਰਜ ਭਵਿੱਖਬਾਣੀ ਮੁੱਖ ਤੌਰ ਤੇ ਉੱਤਰ ਦੇ ਰਾਜੇ ਦੇ ਕੰਮਾਂ ਬਾਰੇ ਦੱਸਦੀ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਉਹ ਦੱਖਣ ਦੇ ਰਾਜੇ ਉੱਤੇ ਜਿੱਤ ਹਾਸਲ ਕਰੇਗਾ? ਨਹੀਂ। ਦੱਖਣ ਦਾ ਰਾਜਾ ਉਸ ਸਮੇਂ ‘ਜੀਉਂਦਾ’ ਯਾਨੀ ਹੋਂਦ ਵਿਚ ਹੀ ਹੋਵੇਗਾ ਜਦੋਂ ਆਰਮਾਗੇਡਨ ਦੇ ਯੁੱਧ ਦੌਰਾਨ ਯਹੋਵਾਹ ਤੇ ਯਿਸੂ ਸਾਰੀਆਂ ਮਨੁੱਖੀ ਸਰਕਾਰਾਂ ਦਾ ਨਾਸ਼ ਕਰਨਗੇ। (ਪ੍ਰਕਾ. 19:20) ਅਸੀਂ ਇਹ ਗੱਲ ਇੰਨੇ ਦਾਅਵੇ ਨਾਲ ਕਿਉਂ ਕਹਿ ਸਕਦੇ ਹਾਂ? ਗੌਰ ਕਰੋ ਕਿ ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਦੀਆਂ ਭਵਿੱਖਬਾਣੀਆਂ ਤੋਂ ਕੀ ਪਤਾ ਲੱਗਦਾ ਹੈ।

ਆਰਮਾਗੇਡਨ ਵਿਚ ਪਰਮੇਸ਼ੁਰ ਦਾ ਰਾਜ, ਜਿਸ ਨੂੰ ਇਕ ਪੱਥਰ ਨਾਲ ਦਰਸਾਇਆ ਗਿਆ ਹੈ, ਇਨਸਾਨੀ ਸਰਕਾਰਾਂ ਦਾ ਖ਼ਾਤਮਾ ਕਰੇਗਾ। ਸਰਕਾਰਾਂ ਨੂੰ ਇਕ ਵੱਡੀ ਮੂਰਤ ਨਾਲ ਦਰਸਾਇਆ ਗਿਆ ਹੈ (ਪੈਰਾ 11 ਦੇਖੋ)

11. ਦਾਨੀਏਲ 2:43-45 ਤੋਂ ਕੀ ਪਤਾ ਲੱਗਦਾ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

11 ਦਾਨੀਏਲ 2:43-45 ਪੜ੍ਹੋ। ਦਾਨੀਏਲ ਨਬੀ ਨੇ ਕਈ ਸਰਕਾਰਾਂ ਬਾਰੇ ਦੱਸਿਆ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਪ੍ਰਭਾਵ ਪਾਇਆ। ਇਨ੍ਹਾਂ ਸਰਕਾਰਾਂ ਨੂੰ ਧਾਤ ਦੀ ਬਣੀ ਇਕ ਵੱਡੀ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਵਜੋਂ ਦਰਸਾਇਆ ਗਿਆ ਹੈ। ਇਨ੍ਹਾਂ ਵਿੱਚੋਂ ਆਖ਼ਰੀ ਸਰਕਾਰ ਦੀ ਤੁਲਨਾ ਮੂਰਤ ਦੇ ਪੈਰਾਂ ਨਾਲ ਕੀਤੀ ਗਈ ਹੈ ਜੋ ਲੋਹੇ ਤੇ ਮਿੱਟੀ ਦੇ ਬਣੇ ਹਨ। ਇਹ ਪੈਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੇ ਹਨ। ਇਸ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਉਸ ਸਮੇਂ ਵੀ ਹਕੂਮਤ ਕਰ ਰਹੀ ਹੋਵੇਗੀ ਜਦੋਂ ਪਰਮੇਸ਼ੁਰ ਦਾ ਰਾਜ ਸਾਰੀਆਂ ਸਰਕਾਰਾਂ ਦਾ ਨਾਸ਼ ਕਰੇਗਾ।

12. ਵਹਿਸ਼ੀ ਦਰਿੰਦੇ ਦਾ ਸੱਤਵਾਂ ਸਿਰ ਕਿਸ ਨੂੰ ਦਰਸਾਉਂਦਾ ਹੈ ਅਤੇ ਇਹ ਗੱਲ ਅਹਿਮ ਕਿਉਂ ਹੈ?

12 ਯੂਹੰਨਾ ਰਸੂਲ ਨੇ ਵੀ ਕਈ ਵਿਸ਼ਵ ਸ਼ਕਤੀਆਂ ਬਾਰੇ ਦੱਸਿਆ ਜਿਨ੍ਹਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਪ੍ਰਭਾਵ ਪਾਇਆ। ਯੂਹੰਨਾ ਨੇ ਇਨ੍ਹਾਂ ਸਰਕਾਰਾਂ ਨੂੰ ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਨਾਲ ਦਰਸਾਇਆ। ਇਸ ਦਰਿੰਦੇ ਦਾ ਸੱਤਵਾਂ ਸਿਰ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਦਰਸਾਉਂਦਾ ਹੈ। ਇਹ ਗੱਲ ਅਹਿਮ ਹੈ ਕਿਉਂਕਿ ਇਸ ਤੋਂ ਬਾਅਦ ਇਸ ਦਰਿੰਦੇ ਦਾ ਕੋਈ ਹੋਰ ਸਿਰ ਨਿਕਲਦਾ ਨਹੀਂ ਦਿਖਾਇਆ ਗਿਆ। ਇਸ ਦਰਿੰਦੇ ਦਾ ਸੱਤਵਾਂ ਸਿਰ ਉਸ ਸਮੇਂ ਵੀ ਹਕੂਮਤ ਕਰ ਰਿਹਾ ਹੋਵੇਗਾ ਜਦੋਂ ਮਸੀਹ ਅਤੇ ਉਸ ਦੀ ਸਵਰਗੀ ਫ਼ੌਜ ਇਸ ਸਿਰ ਦੇ ਨਾਲ-ਨਾਲ ਦਰਿੰਦੇ ਦਾ ਪੂਰੀ ਤਰ੍ਹਾਂ ਨਾਸ਼ ਕਰੇਗੀ। *ਪ੍ਰਕਾ. 13:1, 2; 17:13, 14.

ਉੱਤਰ ਦਾ ਰਾਜਾ ਭਵਿੱਖ ਵਿਚ ਕੀ ਕਰੇਗਾ?

13-14. “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਿਸ ਨੂੰ ਕਿਹਾ ਗਿਆ ਹੈ ਅਤੇ ਸ਼ਾਇਦ ਕਿਹੜੀ ਗੱਲ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਉਕਸਾਵੇਗੀ?

13 ਹਿਜ਼ਕੀਏਲ ਦੁਆਰਾ ਲਿਖੀ ਭਵਿੱਖਬਾਣੀ ਤੋਂ ਸਮਝ ਮਿਲਦੀ ਹੈ ਕਿ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੇ ਆਖ਼ਰੀ ਦਿਨਾਂ ਦੌਰਾਨ ਕੀ ਹੋਵੇਗਾ। ਲੱਗਦਾ ਹੈ ਕਿ ਹਿਜ਼ਕੀਏਲ 38:10-23; ਦਾਨੀਏਲ 2:43-45; 11:44–12:1 ਅਤੇ ਪ੍ਰਕਾਸ਼ ਦੀ ਕਿਤਾਬ 16:13-16, 21 ਦੀਆਂ ਭਵਿੱਖਬਾਣੀਆਂ ਵਿਚ ਇੱਕੋ ਸਮੇਂ ਅਤੇ ਘਟਨਾਵਾਂ ਦੀ ਗੱਲ ਕੀਤੀ ਗਈ ਹੈ। ਜੇ ਇਹ ਗੱਲ ਸੱਚ ਹੈ, ਤਾਂ ਲੱਗਦਾ ਹੈ ਕਿ ਅੱਗੇ ਦੱਸੀਆਂ ਗੱਲਾਂ ਵੀ ਹੋਣਗੀਆਂ।

14 ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਬਾਅਦ ‘ਸਾਰੀ ਧਰਤੀ ਦੇ ਰਾਜੇ’ ਕੌਮਾਂ ਦਾ ਇਕ ਗਠਜੋੜ ਬਣਾਉਣਗੇ। (ਪ੍ਰਕਾ. 16:13, 14; 19:19) ਬਾਈਬਲ ਵਿਚ ਇਸ ਗਠਜੋੜ ਨੂੰ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਿਹਾ ਗਿਆ ਹੈ। (ਹਿਜ਼. 38:2) ਇਹ ਗਠਜੋੜ ਪਰਮੇਸ਼ੁਰ ਦੇ ਲੋਕਾਂ ਦਾ ਨਾਸ਼ ਕਰਨ ਲਈ ਉਨ੍ਹਾਂ ਉੱਤੇ ਇਕ ਆਖ਼ਰੀ ਹਮਲਾ ਕਰੇਗਾ। ਇਹ ਹਮਲਾ ਕਰਨ ਲਈ ਉਸ ਨੂੰ ਕਿਹੜੀ ਗੱਲ ਉਕਸਾਵੇਗੀ? ਉਸ ਸਮੇਂ ਬਾਰੇ ਗੱਲ ਕਰਦੇ ਹੋਏ ਯੂਹੰਨਾ ਰਸੂਲ ਨੇ ਦੱਸਿਆ ਕਿ ਉਸ ਨੇ ਪਰਮੇਸ਼ੁਰ ਦੇ ਦੁਸ਼ਮਣਾਂ ਉੱਤੇ ਵੱਡੇ-ਵੱਡੇ ਗੜੇ ਡਿਗਦੇ ਦੇਖੇ। ਇਹ ਗੜੇ ਸ਼ਾਇਦ ਉਸ ਸਖ਼ਤ ਸਜ਼ਾ ਦੇ ਸੰਦੇਸ਼ ਨੂੰ ਦਰਸਾਉਂਦੇ ਹਨ ਜੋ ਪਰਮੇਸ਼ੁਰ ਦੇ ਲੋਕ ਸੁਣਾਉਣਗੇ। ਹੋ ਸਕਦਾ ਹੈ ਕਿ ਇਹ ਸੰਦੇਸ਼ ਮਾਗੋਗ ਦੇ ਗੋਗ ਨੂੰ ਉਕਸਾਵੇਗਾ ਕਿ ਉਹ ਧਰਤੀ ਤੋਂ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ਉੱਤੇ ਹਮਲਾ ਕਰੇ।—ਪ੍ਰਕਾ. 16:21.

15-16. (ੳ) ਦਾਨੀਏਲ 11:44, 45 ਵਿਚ ਸ਼ਾਇਦ ਕਿਨ੍ਹਾਂ ਘਟਨਾਵਾਂ ਦੀ ਗੱਲ ਕੀਤੀ ਗਈ ਹੈ? (ਅ) ਉੱਤਰ ਦੇ ਰਾਜੇ ਅਤੇ ਉਨ੍ਹਾਂ ਕੌਮਾਂ ਨਾਲ ਕੀ ਹੋਵੇਗਾ ਜੋ ਮਾਗੋਗ ਦਾ ਗੋਗ ਹਨ?

15 ਇਹ ਸਖ਼ਤ ਸਜ਼ਾ ਦਾ ਸੰਦੇਸ਼ ਅਤੇ ਪਰਮੇਸ਼ੁਰ ਦੇ ਦੁਸ਼ਮਣਾਂ ਵੱਲੋਂ ਕੀਤਾ ਆਖ਼ਰੀ ਹਮਲਾ ਸ਼ਾਇਦ ਉਹੀ ਘਟਨਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਦਾਨੀਏਲ 11:44, 45 (ਪੜ੍ਹੋ।) ਵਿਚ ਕੀਤਾ ਗਿਆ ਹੈ। ਇਨ੍ਹਾਂ ਆਇਤਾਂ ਵਿਚ ਦਾਨੀਏਲ ਦੱਸਦਾ ਹੈ ਕਿ “ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ” ਕਰਕੇ ਉੱਤਰ ਦਾ ਰਾਜਾ ਘਬਰਾ ਜਾਵੇਗਾ ਅਤੇ “ਵੱਡੇ ਕ੍ਰੋਧ ਨਾਲ ਨਿੱਕਲੇਗਾ।” ਉੱਤਰ ਦਾ ਰਾਜਾ “ਬਹੁਤਿਆਂ ਦਾ ਨਾਸ” ਕਰਨ ਦੇ ਇਰਾਦੇ ਨਾਲ ਨਿਕਲੇਗਾ। ਲੱਗਦਾ ਹੈ ਕਿ ਇੱਥੇ “ਬਹੁਤਿਆਂ” ਸ਼ਬਦ ਯਹੋਵਾਹ ਦੇ ਲੋਕਾਂ ਲਈ ਵਰਤਿਆ ਗਿਆ ਹੈ। * ਦਾਨੀਏਲ ਇੱਥੇ ਸ਼ਾਇਦ ਪਰਮੇਸ਼ੁਰ ਦੇ ਲੋਕਾਂ ਦਾ ਨਾਸ਼ ਕਰਨ ਲਈ ਕੀਤੇ ਜਾਣ ਵਾਲੇ ਆਖ਼ਰੀ ਹਮਲੇ ਦਾ ਜ਼ਿਕਰ ਕਰ ਰਿਹਾ ਹੈ।

16 ਜਦੋਂ ਉੱਤਰ ਦਾ ਰਾਜਾ ਅਤੇ ਹੋਰ ਸਰਕਾਰਾਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨਗੀਆਂ, ਤਾਂ ਇਸ ਨਾਲ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਗੁੱਸਾ ਭੜਕੇਗਾ ਅਤੇ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ। (ਪ੍ਰਕਾ. 16:14, 16) ਉਸ ਸਮੇਂ ਉੱਤਰ ਦੇ ਰਾਜੇ ਦਾ ਅਤੇ ਉਨ੍ਹਾਂ ਕੌਮਾਂ ਦਾ ਨਾਸ਼ ਕੀਤਾ ਜਾਵੇਗਾ ਜਿਨ੍ਹਾਂ ਨੂੰ ਮਾਗੋਗ ਦਾ ਗੋਗ ਕਿਹਾ ਗਿਆ ਹੈ ਅਤੇ ਉਨ੍ਹਾਂ ਦਾ “ਸਹਾਇਕ ਕੋਈ ਨਾ ਹੋਵੇਗਾ।”—ਦਾਨੀ. 11:45.

ਆਰਮਾਗੇਡਨ ਦੇ ਯੁੱਧ ਵਿਚ ਯਿਸੂ ਮਸੀਹ ਆਪਣੀਆਂ ਸਵਰਗੀ ਫ਼ੌਜਾਂ ਨਾਲ ਮਿਲ ਕੇ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ (ਪੈਰਾ 17 ਦੇਖੋ)

17. (ੳ) ਦਾਨੀਏਲ 12:1 ਜ਼ਿਕਰ ਕੀਤਾ ਗਿਆ “ਵੱਡਾ ਸਰਦਾਰ” ਮੀਕਾਏਲ ਕੌਣ ਹੈ? (ਅ) ਉਹ ਹੁਣ ਕੀ ਕਰ ਰਿਹਾ ਹੈ ਤੇ ਭਵਿੱਖ ਵਿਚ ਕੀ ਕਰੇਗਾ?

17 ਦਾਨੀਏਲ ਅਧਿਆਇ 12 ਦੀ ਪਹਿਲੀ ਆਇਤ ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ ਕਿ ਉੱਤਰ ਦੇ ਰਾਜੇ ਅਤੇ ਉਸ ਦੇ ਮਿੱਤਰ ਦੇਸ਼ਾਂ ਦਾ ਕਿਵੇਂ ਨਾਸ਼ ਹੋਵੇਗਾ ਅਤੇ ਸਾਨੂੰ ਕਿਵੇਂ ਬਚਾਇਆ ਜਾਵੇਗਾ। (ਦਾਨੀਏਲ 12:1 ਪੜ੍ਹੋ।) ਇਸ ਆਇਤ ਦਾ ਕੀ ਮਤਲਬ ਹੈ? ਮੀਕਾਏਲ ਸਾਡੇ ਰਾਜੇ ਯਿਸੂ ਮਸੀਹ ਦਾ ਇਕ ਹੋਰ ਨਾਂ ਹੈ। ਉਹ 1914 ਤੋਂ ਪਰਮੇਸ਼ੁਰ ਦੇ “ਲੋਕਾਂ . . . ਦੀ ਸਹਾਇਤਾ ਲਈ ਖਲੋਤਾ ਹੈ” ਜਦੋਂ ਸਵਰਗ ਵਿਚ ਉਸ ਦਾ ਰਾਜ ਸਥਾਪਿਤ ਹੋਇਆ ਸੀ। ਭਵਿੱਖ ਵਿਚ ਉਹ ਆਰਮਾਗੇਡਨ ਦੇ ਯੁੱਧ ਵਿਚ “ਉੱਠੇਗਾ” ਯਾਨੀ ਜ਼ਰੂਰੀ ਕਦਮ ਚੁੱਕੇਗਾ। ਇਹ ਯੁੱਧ ਉਸ ਸਮੇਂ ਦੀ ਆਖ਼ਰੀ ਘਟਨਾ ਹੋਵੇਗੀ ਜਿਸ ਨੂੰ ਦਾਨੀਏਲ ਨੇ ਇਤਿਹਾਸ ਦਾ ਸਭ ਤੋਂ ਵੱਡਾ “ਬਿਪਤਾ ਦਾ ਵੇਲਾ” ਕਿਹਾ। ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਯੂਹੰਨਾ ਦੀ ਭਵਿੱਖਬਾਣੀ ਵਿਚ ਇਹ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ ਨੂੰ “ਮਹਾਂਕਸ਼ਟ” ਕਿਹਾ ਗਿਆ ਹੈ।—ਪ੍ਰਕਾ. 6:2; 7:14.

ਕੀ ਤੁਹਾਡਾ ਨਾਂ “ਪੋਥੀ ਵਿੱਚ ਲਿਖਿਆ” ਜਾਵੇਗਾ?

18. ਅਸੀਂ ਨਿਡਰਤਾ ਨਾਲ ਭਵਿੱਖ ਦਾ ਸਾਮ੍ਹਣਾ ਕਿਉਂ ਕਰ ਸਕਦੇ ਹਾਂ?

18 ਅਸੀਂ ਨਿਡਰਤਾ ਨਾਲ ਭਵਿੱਖ ਦਾ ਸਾਮ੍ਹਣਾ ਕਰ ਸਕਦੇ ਹਾਂ ਕਿਉਂਕਿ ਦਾਨੀਏਲ ਅਤੇ ਯੂਹੰਨਾ ਦੋਵਾਂ ਨੇ ਭਰੋਸਾ ਦਿਵਾਇਆ ਕਿ ਜਿਹੜੇ ਯਹੋਵਾਹ ਅਤੇ ਯਿਸੂ ਦੀ ਸੇਵਾ ਕਰਦੇ ਹਨ, ਉਹ ਇਸ ਅਨੋਖੇ ਬਿਪਤਾ ਦੇ ਵੇਲੇ ਵਿੱਚੋਂ ਜ਼ਰੂਰ ਬਚ ਨਿਕਲਣਗੇ। ਦਾਨੀਏਲ ਨੇ ਕਿਹਾ ਕਿ ਬਚਣ ਵਾਲਿਆਂ ਦੇ ਨਾਂ ‘ਪੋਥੀ ਵਿਚ ਲਿਖੇ’ ਹੋਏ ਹੋਣਗੇ। (ਦਾਨੀ. 12:1) ਅਸੀਂ ਉਸ ਪੋਥੀ ਵਿਚ ਆਪਣਾ ਨਾਂ ਕਿਵੇਂ ਲਿਖਵਾ ਸਕਦੇ ਹਾਂ? ਸਾਨੂੰ ਇਸ ਗੱਲ ਦਾ ਸਾਫ਼ ਸਬੂਤ ਦੇਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਲੇਲੇ ਯਿਸੂ ’ਤੇ ਨਿਹਚਾ ਕਰਦੇ ਹਾਂ। (ਯੂਹੰ. 1:29) ਸਾਨੂੰ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਦੀ ਲੋੜ ਹੈ। (1 ਪਤ. 3:21) ਨਾਲੇ ਸਾਨੂੰ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਪੂਰੀ ਵਾਹ ਲਾ ਕੇ ਦਿਖਾਉਣ ਦੀ ਲੋੜ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦੇ ਹਾਂ।

19. ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

19 ਯਹੋਵਾਹ ਅਤੇ ਉਸ ਦੇ ਵਫ਼ਾਦਾਰ ਸੇਵਕਾਂ ਨਾਲ ਬਣੇ ਉਸ ਦੇ ਸੰਗਠਨ ਉੱਤੇ ਭਰੋਸਾ ਵਧਾਉਣ ਦਾ ਹੁਣ ਹੀ ਸਮਾਂ ਹੈ। ਹੁਣ ਹੀ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਨ ਦਾ ਸਮਾਂ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਉਦੋਂ ਬਚਾਏ ਜਾਵਾਂਗੇ ਜਦੋਂ ਪਰਮੇਸ਼ੁਰ ਦਾ ਰਾਜ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦਾ ਨਾਸ਼ ਕਰੇਗਾ।

ਗੀਤ 132 ਫ਼ਤਿਹ ਦਾ ਗੀਤ

^ ਪੈਰਾ 5 ਅੱਜ “ਉੱਤਰ ਦਾ ਰਾਜਾ” ਕੌਣ ਹੈ ਅਤੇ ਉਸ ਦਾ ਖ਼ਾਤਮਾ ਕਿਵੇਂ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਸਕਦੀ ਹੈ ਅਤੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵਾਂਗੇ।

^ ਪੈਰਾ 15 ਹੋਰ ਜਾਣਕਾਰੀ ਲੈਣ ਲਈ 15 ਮਈ 2015 ਦੇ ਪਹਿਰਾਬੁਰਜ ਦੇ ਸਫ਼ੇ 29-30 ਦੇਖੋ।