Skip to content

Skip to table of contents

ਨਰਮਾਈ—ਇਸ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਨਰਮਾਈ—ਇਸ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

ਸਾਰਾ * ਨਾਂ ਦੀ ਭੈਣ ਦੱਸਦੀ ਹੈ, “ਮੈਂ ਸ਼ਰਮੀਲੇ ਸੁਭਾਅ ਦੀ ਹਾਂ ਅਤੇ ਮੇਰੇ ਵਿਚ ਭਰੋਸੇ ਦੀ ਕਮੀ ਹੈ। ਇਸ ਲਈ ਮੈਨੂੰ ਅੜਬ ਅਤੇ ਗੁੱਸੇਖ਼ੋਰ ਲੋਕਾਂ ਵਿਚ ਰਹਿਣਾ ਚੰਗਾ ਨਹੀਂ ਲੱਗਦਾ। ਪਰ ਮੈਨੂੰ ਉਨ੍ਹਾਂ ਲੋਕਾਂ ਵਿਚ ਰਹਿਣਾ ਵਧੀਆ ਲੱਗਦਾ ਹੈ ਜੋ ਨਰਮਾਈ ਅਤੇ ਨਿਮਰਤਾ ਨਾਲ ਪੇਸ਼ ਆਉਂਦੇ ਹਨ। ਅਜਿਹੇ ਲੋਕਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਸਕਦੀ ਹਾਂ, ਆਪਣੀਆਂ ਭਾਵਨਾਵਾਂ ਅਤੇ ਮੁਸ਼ਕਲਾਂ ਬਾਰੇ ਦੱਸ ਸਕਦੀ ਹਾਂ। ਮੇਰੇ ਜਿਗਰੀ ਦੋਸਤ ਇੱਦਾਂ ਦੇ ਹੀ ਹਨ।”

ਸਾਰਾ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜੇ ਸਾਡਾ ਸੁਭਾਅ ਨਰਮ ਹੈ, ਤਾਂ ਹਰ ਕੋਈ ਸਾਡਾ ਦੋਸਤ ਬਣਨਾ ਚਾਹੇਗਾ। ਨਰਮਾਈ ਦਾ ਗੁਣ ਯਹੋਵਾਹ ਨੂੰ ਵੀ ਖ਼ੁਸ਼ ਕਰਦਾ ਹੈ। ਉਸ ਦਾ ਬਚਨ ਸਾਨੂੰ ਹੱਲਾਸ਼ੇਰੀ ਦਿੰਦਾ ਹੈ: “ਨਰਮਾਈ . . . ਨੂੰ ਕੱਪੜਿਆਂ ਵਾਂਗ ਪਹਿਨ ਲਓ।” (ਕੁਲੁ. 3:12) ਨਰਮਾਈ ਕੀ ਹੈ? ਯਿਸੂ ਨੇ ਨਰਮਾਈ ਕਿਵੇਂ ਦਿਖਾਈ? ਇਹ ਗੁਣ ਸਾਡੀ ਜ਼ਿੰਦਗੀ ਨੂੰ ਖ਼ੁਸ਼ਹਾਲ ਕਿਵੇਂ ਬਣਾ ਸਕਦਾ ਹੈ?

ਨਰਮਾਈ ਕੀ ਹੈ?

ਨਰਮਾਈ ਦਾ ਗੁਣ ਉਦੋਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ। ਨਰਮਾਈ ਨਾਲ ਪੇਸ਼ ਆਉਣ ਵਾਲਾ ਵਿਅਕਤੀ ਦੂਜਿਆਂ ਨਾਲ ਕੋਮਲਤਾ ਤੇ ਦਇਆ ਨਾਲ ਪੇਸ਼ ਆਉਂਦਾ ਹੈ। ਅਜਿਹਾ ਵਿਅਕਤੀ ਖਿੱਝ ਚੜ੍ਹਾਉਣ ਵਾਲੀਆਂ ਗੱਲਾਂ ਦੌਰਾਨ ਵੀ ਸੰਜਮ ਰੱਖਦਾ ਹੈ।

ਨਰਮਾਈ ਤਾਕਤ ਦੀ ਨਿਸ਼ਾਨੀ ਹੈ। ਬਾਈਬਲ ਵਿਚ ਨਰਮਾਈ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਸੀ, ਉਹ ਉਸ ਜੰਗਲੀ ਘੋੜੇ ਲਈ ਵਰਤਿਆ ਗਿਆ ਸੀ ਜਿਸ ਨੂੰ ਕਾਬੂ ਕਰ ਲਿਆ ਜਾਂਦਾ ਸੀ। ਘੋੜੇ ਵਿਚ ਤਾਕਤ ਤਾਂ ਰਹਿੰਦੀ ਸੀ, ਪਰ ਉਸ ਨੂੰ ਇਸ ਦੀ ਸਹੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਜਦੋਂ ਅਸੀਂ ਨਰਮਾਈ ਦਿਖਾਉਂਦੇ ਹਾਂ, ਤਾਂ ਅਸੀਂ ਆਪਣੇ ਬਾਗ਼ੀ ਸੁਭਾਅ ਨੂੰ ਕਾਬੂ ਵਿਚ ਰੱਖਦੇ ਹਾਂ ਅਤੇ ਦੂਸਰਿਆਂ ਨਾਲ ਸ਼ਾਂਤੀ ਨਾਲ ਪੇਸ਼ ਆਉਂਦੇ ਹਾਂ।

ਅਸੀਂ ਸ਼ਾਇਦ ਸੋਚੀਏ, ‘ਮੇਰੇ ਵਿਚ ਨਰਮਾਈ ਦਾ ਗੁਣ ਨਹੀਂ ਹੈ।’ ਅਸੀਂ ਇਹੋ ਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਗੁੱਸੇਖ਼ੋਰ ਅਤੇ ਅਸੰਜਮੀ ਲੋਕ ਆਮ ਹਨ, ਸੋ ਸ਼ਾਇਦ ਸਾਨੂੰ ਨਰਮਾਈ ਦਿਖਾਉਣੀ ਔਖੀ ਲੱਗੇ। (ਰੋਮੀ. 7:19) ਇਹ ਗੱਲ ਤਾਂ ਸਾਫ਼ ਹੀ ਹੈ ਕਿ ਨਰਮਾਈ ਦਾ ਗੁਣ ਪੈਦਾ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਯਹੋਵਾਹ ਦੀ ਪਵਿੱਤਰ ਸ਼ਕਤੀ ਇਸ ਟੀਚੇ ਨੂੰ ਹਾਸਲ ਕਰਨ ਵਿਚ ਸਾਡੀ ਮਦਦ ਕਰੇਗੀ। (ਗਲਾ. 5:22, 23) ਸਾਨੂੰ ਨਰਮਾਈ ਦਾ ਗੁਣ ਪੈਦਾ ਕਰਨ ਲਈ ਪੂਰੀ ਵਾਹ ਲਾਉਣ ਦੀ ਲੋੜ ਕਿਉਂ ਹੈ?

ਨਰਮਾਈ ਦਾ ਗੁਣ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਸਾਰਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਉਸ ਵਾਂਗ ਸਾਨੂੰ ਵੀ ਨਰਮ ਸੁਭਾਅ ਦੇ ਲੋਕਾਂ ਨਾਲ ਰਹਿਣਾ ਚੰਗਾ ਲੱਗਦਾ ਹੈ। ਯਿਸੂ ਨਰਮਾਈ ਅਤੇ ਦਇਆ ਦਿਖਾਉਣ ਦੇ ਮਾਮਲੇ ਵਿਚ ਇਕ ਸ਼ਾਨਦਾਰ ਮਿਸਾਲ ਹੈ। (2 ਕੁਰਿੰ. 10:1) ਇੱਥੋਂ ਤਕ ਕਿ ਜੋ ਬੱਚੇ ਯਿਸੂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਸਨ, ਉਹ ਵੀ ਉਸ ਕੋਲ ਜਾਣਾ ਪਸੰਦ ਕਰਦੇ ਸਨ।—ਮਰ. 10:13-16.

ਨਰਮਾਈ ਦਿਖਾਉਣ ਨਾਲ ਸਾਡਾ ਤੇ ਦੂਜਿਆਂ ਦਾ ਭਲਾ ਹੁੰਦਾ ਹੈ। ਜੇ ਅਸੀਂ ਨਰਮ ਸੁਭਾਅ ਦੇ ਹਾਂ, ਤਾਂ ਅਸੀਂ ਛੇਤੀ ਖਿਝਾਂਗੇ ਨਹੀਂ ਅਤੇ ਨਾ ਹੀ ਗੁੱਸੇ ਨਾਲ ਪੇਸ਼ ਆਵਾਂਗੇ। (ਕਹਾ. 16:32) ਇੱਦਾਂ ਕਰਕੇ ਅਸੀਂ ਉਨ੍ਹਾਂ ਦੋਸ਼ੀ ਭਾਵਨਾਵਾਂ ਤੋਂ ਬਚਾਂਗੇ ਜੋ ਕਿਸੇ ਨੂੰ, ਖ਼ਾਸ ਕਰਕੇ ਆਪਣਿਆਂ ਨੂੰ ਠੇਸ ਪਹੁੰਚਾਉਣ ਤੋਂ ਬਾਅਦ ਮਨ ਵਿਚ ਆਉਂਦੀਆਂ ਹਨ। ਨਾਲੇ ਨਰਮਾਈ ਨਾਲ ਪੇਸ਼ ਆਉਣ ਨਾਲ ਦੂਜਿਆਂ ਦਾ ਵੀ ਭਲਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸਾਡੇ ਬੇਕਾਬੂ ਸੁਭਾਅ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ।

ਨਰਮਾਈ ਦੀ ਸਭ ਤੋਂ ਵਧੀਆ ਮਿਸਾਲ

ਯਿਸੂ ਕੋਲ ਭਾਰੀ ਜ਼ਿੰਮੇਵਾਰੀਆਂ ਸਨ ਅਤੇ ਉਸ ਦੀ ਜ਼ਿੰਦਗੀ ਰੁਝੇਵਿਆਂ ਭਰੀ ਸੀ, ਪਰ ਇਸ ਦੇ ਬਾਵਜੂਦ ਵੀ ਉਹ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਂਦਾ ਸੀ। ਉਸ ਸਮੇਂ ਵਿਚ ਬਹੁਤ ਸਾਰੇ ਲੋਕਾਂ ਨੂੰ ਤਾਜ਼ਗੀ ਦੀ ਲੋੜ ਸੀ ਕਿਉਂਕਿ ਉਹ ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਸਨ। ਉਨ੍ਹਾਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਕੋਲ ਆਓ, . . . ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ।”—ਮੱਤੀ 11:28, 29.

ਅਸੀਂ ਯਿਸੂ ਵਾਂਗ ਨਰਮਾਈ ਦਾ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਕੇ ਸਿੱਖਦੇ ਹਾਂ ਕਿ ਯਿਸੂ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਸੀ ਅਤੇ ਔਖੇ ਹਾਲਾਤਾਂ ਵਿਚ ਕੀ ਕਰਦਾ ਸੀ। ਫਿਰ ਜਦੋਂ ਸਾਡੀ ਨਰਮਾਈ ਦੀ ਪਰਖ ਹੁੰਦੀ ਹੈ, ਤਾਂ ਅਸੀਂ ਅਜਿਹੇ ਹਾਲਾਤਾਂ ਵਿਚ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। (1 ਪਤ. 2:21) ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੇ ਨਰਮਾਈ ਦਿਖਾਉਣ ਵਿਚ ਯਿਸੂ ਦੀ ਮਦਦ ਕੀਤੀ।

ਯਿਸੂ ਦਿਲੋਂ ਨਿਮਰ ਸੀ। ਯਿਸੂ ਨੇ ਕਿਹਾ ਕਿ ਉਹ “ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ” ਹੈ। (ਮੱਤੀ 11:29) ਬਾਈਬਲ ਇਨ੍ਹਾਂ ਦੋਹਾਂ ਗੁਣਾਂ ਦਾ ਜ਼ਿਕਰ ਇਕੱਠਿਆਂ ਕਰਦੀ ਹੈ ਕਿਉਂਕਿ ਨਰਮਾਈ ਦਾ ਨਿਮਰਤਾ ਨਾਲ ਗੂੜ੍ਹਾ ਸੰਬੰਧ ਹੈ।—ਅਫ਼. 4:1-3.

ਨਿਮਰਤਾ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਆਪ ਨੂੰ ਹੱਦੋਂ ਵੱਧ ਨਾ ਸਮਝੀਏ ਜਾਂ ਛੇਤੀ ਗੁੱਸਾ ਨਾ ਕਰੀਏ। ਯਿਸੂ ਨੇ ਉਨ੍ਹਾਂ ਨੂੰ ਕੀ ਜਵਾਬ ਦਿੱਤਾ ਜਿਨ੍ਹਾਂ ਨੇ ਬਿਨਾਂ ਵਜ੍ਹਾ ਨੁਕਤਾਚੀਨੀ ਕਰਦੇ ਹੋਏ ਉਸ ਨੂੰ “ਪੇਟੂ ਅਤੇ ਸ਼ਰਾਬੀ” ਕਿਹਾ? ਉਸ ਨੇ ਆਪਣੀ ਮਿਸਾਲ ਤੋਂ ਦਿਖਾਇਆ ਕਿ ਇਹ ਦੋਸ਼ ਝੂਠੇ ਸਨ ਅਤੇ ਉਸ ਨੇ ਨਰਮਾਈ ਨਾਲ ਕਿਹਾ ਕਿ “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”—ਮੱਤੀ 11:19.

ਜੇ ਕੋਈ ਬਿਨਾਂ ਸੋਚੇ-ਸਮਝੇ ਤੁਹਾਡੀ ਨਸਲ ਜਾਂ ਪਿਛੋਕੜ ਬਾਰੇ ਕੁਝ ਕਹਿੰਦਾ ਹੈ ਜਾਂ ਆਦਮੀ ਜਾਂ ਔਰਤ ਹੋਣ ਕਰਕੇ ਤੁਹਾਡੇ ਨਾਲ ਭੇਦ-ਭਾਵ ਕਰਦਾ ਹੈ, ਤਾਂ ਕਿਉਂ ਨਾ ਉਸ ਨੂੰ ਨਰਮਾਈ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਦੱਖਣੀ ਅਫ਼ਰੀਕਾ ਤੋਂ ਪੀਟਰ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਜਦੋਂ ਕਿਸੇ ਦੇ ਕੁਝ ਕਹਿਣ ’ਤੇ ਮੈਨੂੰ ਖਿਝ ਚੜ੍ਹਦੀ ਹੈ, ਤਾਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ‘ਯਿਸੂ ਕਿਵੇਂ ਪੇਸ਼ ਆਉਂਦਾ?’” ਉਹ ਅੱਗੇ ਦੱਸਦਾ ਹੈ: “ਮੈਂ ਸਿੱਖਿਆ ਹੈ ਕਿ ਮੈਂ ਆਪਣੇ ਆਪ ਨੂੰ ਹੱਦੋਂ ਵੱਧ ਨਾ ਸਮਝਾਂ।”

ਯਿਸੂ ਜਾਣਦਾ ਸੀ ਕਿ ਇਨਸਾਨ ਨਾਮੁਕੰਮਲ ਹਨ। ਯਿਸੂ ਦੇ ਚੇਲੇ ਸਹੀ ਕੰਮ ਕਰਨੇ ਚਾਹੁੰਦੇ ਸਨ, ਪਰ ਨਾਮੁਕੰਮਲ ਹੋਣ ਕਰਕੇ ਉਹ ਹਮੇਸ਼ਾ ਇੱਦਾਂ ਨਹੀਂ ਕਰ ਪਾਉਂਦੇ ਸਨ। ਮਿਸਾਲ ਲਈ, ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਪਤਰਸ, ਯਾਕੂਬ ਅਤੇ ਯੂਹੰਨਾ ਉਸ ਨਾਲ ਜਾਗਦੇ ਨਹੀਂ ਰਹੇ, ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਇੱਦਾਂ ਕਰਨ ਲਈ ਕਿਹਾ ਸੀ। ਯਿਸੂ ਜਾਣਦਾ ਸੀ ਕਿ “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।” (ਮੱਤੀ 26:40, 41) ਇਸ ਕਰਕੇ ਯਿਸੂ ਆਪਣੇ ਰਸੂਲਾਂ ’ਤੇ ਗੁੱਸੇ ਨਹੀਂ ਹੋਇਆ।

ਮੈਂਡੀ ਨਾਂ ਦੀ ਇਕ ਭੈਣ ਦੂਸਰਿਆਂ ਦੀ ਨੁਕਤਾਚੀਨੀ ਕਰਦੀ ਰਹਿੰਦੀ ਸੀ, ਪਰ ਹੁਣ ਉਹ ਯਿਸੂ ਦੀ ਨਰਮਾਈ ਦੀ ਮਿਸਾਲ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਉਹ ਕਹਿੰਦੀ ਹੈ, “ਮੈਂ ਇਹ ਯਾਦ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਸਾਰੇ ਇਨਸਾਨ ਨਾਮੁਕੰਮਲ ਹਨ ਅਤੇ ਯਹੋਵਾਹ ਵਾਂਗ ਮੈਂ ਦੂਜਿਆਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਉਂਦੀ ਹਾਂ।” ਕੀ ਯਿਸੂ ਦਾ ਹਮਦਰਦੀ ਭਰਿਆ ਨਜ਼ਰੀਆ ਤੁਹਾਡੀ ਵੀ ਮਦਦ ਕਰ ਸਕਦਾ ਕਿ ਤੁਸੀਂ ਦੂਜਿਆਂ ਨਾਲ ਨਰਮਾਈ ਨਾਲ ਪੇਸ਼ ਆਓ?

ਯਿਸੂ ਨੇ ਪਰਮੇਸ਼ੁਰ ’ਤੇ ਭਰੋਸਾ ਰੱਖਿਆ। ਧਰਤੀ ’ਤੇ ਹੁੰਦਿਆਂ ਯਿਸੂ ਨੇ ਅਨਿਆਂ ਸਹਿਆ। ਉਸ ਨੂੰ ਗ਼ਲਤ ਸਮਝਿਆ ਗਿਆ, ਤਸੀਹੇ ਦਿੱਤੇ ਗਏ ਅਤੇ ਉਸ ਨਾਲ ਨਫ਼ਰਤ ਕੀਤੀ ਗਈ। ਪਰ ਫਿਰ ਵੀ ਉਸ ਨੇ ਨਰਮ ਸੁਭਾਅ ਬਣਾਈ ਰੱਖਿਆ ਕਿਉਂਕਿ ਉਸ ਨੇ “ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ।” (1 ਪਤ. 2:23) ਯਿਸੂ ਜਾਣਦਾ ਸੀ ਕਿ ਉਸ ਦਾ ਸਵਰਗੀ ਪਿਤਾ ਉਸ ਦਾ ਧਿਆਨ ਰੱਖੇਗਾ ਅਤੇ ਸਹੀ ਸਮੇਂ ’ਤੇ ਨਿਆਂ ਕਰੇਗਾ।

ਜੇ ਅਸੀਂ ਗੁੱਸੇ ਹੁੰਦੇ ਹਾਂ ਅਤੇ ਆਪਣੇ ਨਾਲ ਹੋਏ ਅਨਿਆਂ ਕਰਕੇ ਲੜਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਹੋ ਸਕਦਾ ਕਿ ਅਸੀਂ ਮਾਮਲੇ ਨੂੰ ਹੋਰ ਵਿਗਾੜ ਦੇਈਏ। ਇਸ ਲਈ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਗੁੱਸੇ ਵਿਚ ਇਨਸਾਨ ਉਹ ਕੰਮ ਨਹੀਂ ਕਰਦਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ।” (ਯਾਕੂ. 1:20) ਚਾਹੇ ਸਾਡੇ ਕੋਲ ਗੁੱਸੇ ਹੋਣ ਦਾ ਜਾਇਜ਼ ਕਾਰਨ ਹੋਵੇ, ਪਰ ਫਿਰ ਵੀ ਨਾਮੁਕੰਮਲ ਹੋਣ ਕਰਕੇ ਸ਼ਾਇਦ ਅਸੀਂ ਗ਼ਲਤ ਤਰੀਕੇ ਨਾਲ ਪੇਸ਼ ਆਈਏ।

ਜਰਮਨੀ ਵਿਚ ਕੈਥੀ ਨਾਂ ਦੀ ਇਕ ਭੈਣ ਸੋਚਦੀ ਹੁੰਦੀ ਸੀ, ‘ਜੇ ਤੁਸੀਂ ਆਪਣੇ ਆਪ ਲਈ ਖੜ੍ਹੇ ਨਹੀਂ ਹੁੰਦੇ, ਤਾਂ ਕਿਸੇ ਹੋਰ ਨੇ ਵੀ ਨਹੀਂ ਖੜ੍ਹਨਾ।’ ਪਰ ਜਦੋਂ ਉਸ ਨੇ ਯਹੋਵਾਹ ਭਰੋਸਾ ਉੱਤੇ ਕਰਨਾ ਸਿੱਖਿਆ, ਤਾਂ ਉਸ ਦਾ ਰਵੱਈਆ ਬਦਲ ਗਿਆ। ਉਹ ਕਹਿੰਦੀ ਹੈ, “ਮੈਨੂੰ ਹੁਣ ਹਮੇਸ਼ਾ ਆਪਣੀ ਸਫ਼ਾਈ ਦੇਣ ਦੀ ਲੋੜ ਨਹੀਂ ਪੈਂਦੀ। ਮੈਂ ਨਰਮਾਈ ਨਾਲ ਪੇਸ਼ ਆਉਂਦੀ ਹਾਂ ਕਿਉਂਕਿ ਮੈਂ ਜਾਣਦੀ ਹਾਂ ਕਿ ਦੁਨੀਆਂ ਵਿਚ ਜੋ ਵੀ ਗ਼ਲਤ ਹੋ ਰਿਹਾ ਹੈ ਯਹੋਵਾਹ ਉਹ ਠੀਕ ਕਰੇਗਾ।” ਜੇ ਤੁਸੀਂ ਕਦੇ ਅਨਿਆਂ ਦੇ ਸ਼ਿਕਾਰ ਹੋਏ ਹੋ, ਤਾਂ ਯਿਸੂ ਦੀ ਮਿਸਾਲ ’ਤੇ ਚੱਲਦੇ ਹੋਏ ਪਰਮੇਸ਼ੁਰ ਉੱਤੇ ਭਰੋਸਾ ਰੱਖੋ। ਇਸ ਨਾਲ ਨਰਮ ਸੁਭਾਅ ਬਣਾਈ ਰੱਖਣ ਵਿਚ ਤੁਹਾਡੀ ਮਦਦ ਹੋਵੇਗੀ।

“ਖ਼ੁਸ਼ ਹਨ ਨਰਮ ਸੁਭਾਅ ਵਾਲੇ”

ਨਰਮਾਈ ਦਾ ਗੁਣ ਔਖੇ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

ਯਿਸੂ ਨੇ ਦੱਸਿਆ ਕਿ ਸਾਡੀ ਖ਼ੁਸ਼ੀ ਵਿਚ ਨਰਮਾਈ ਦੀ ਅਹਿਮ ਭੂਮਿਕਾ ਹੈ। ਉਸ ਨੇ ਕਿਹਾ, “ਖ਼ੁਸ਼ ਹਨ ਨਰਮ ਸੁਭਾਅ ਵਾਲੇ।” (ਮੱਤੀ 5:5) ਧਿਆਨ ਦਿਓ ਕਿ ਨਰਮਾਈ ਦਾ ਗੁਣ ਅੱਗੇ ਦੱਸੇ ਹਾਲਾਤਾਂ ਵਿਚ ਕਿਵੇਂ ਮਦਦ ਕਰਦਾ ਹੈ।

ਵਿਆਹੁਤਾ ਰਿਸ਼ਤੇ ਵਿਚ ਨਰਮਾਈ ਤਣਾਅ ਨੂੰ ਘਟਾਉਂਦੀ ਹੈ। ਆਸਟ੍ਰੇਲੀਆ ਦਾ ਇਕ ਭਰਾ ਰੌਬਰਟ ਕਹਿੰਦਾ ਹੈ, “ਮੈਂ ਆਪਣੀ ਪਤਨੀ ਨੂੰ ਠੇਸ ਪਹੁੰਚਾਉਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਦ ਕਿ ਮੇਰਾ ਇੱਦਾਂ ਦਾ ਕੋਈ ਇਰਾਦਾ ਨਹੀਂ ਸੀ। ਪਰ ਗੁੱਸੇ ਵਿਚ ਕਹੇ ਸ਼ਬਦਾਂ ਨੂੰ ਕਦੇ ਵਾਪਸ ਨਹੀਂ ਲਿਆ ਜਾ ਸਕਦਾ। ਮੈਨੂੰ ਬਹੁਤ ਬੁਰਾ ਲੱਗਾ ਜਦੋਂ ਮੈਂ ਦੇਖਿਆ ਕਿ ਮੈਂ ਉਸ ਨੂੰ ਕਿੰਨਾ ਦੁੱਖ ਪਹੁੰਚਾਇਆ।”

ਗੱਲ ਕਰਦਿਆਂ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ” ਅਤੇ ਬਿਨਾਂ ਸੋਚੇ-ਸਮਝੇ ਕਹੇ ਸ਼ਬਦਾਂ ਕਰਕੇ ਪਤੀ-ਪਤਨੀ ਦੀ ਆਪਸੀ ਸ਼ਾਂਤੀ ਖ਼ਤਰੇ ਵਿਚ ਪੈ ਸਕਦੀ ਹੈ। (ਯਾਕੂ. 3:2) ਇਹੋ ਜਿਹੇ ਹਾਲਾਤਾਂ ਵਿਚ ਨਰਮਾਈ ਸਾਡੀ ਮਦਦ ਕਰਦੀ ਹੈ ਕਿ ਅਸੀਂ ਸ਼ਾਂਤ ਰਹੀਏ ਅਤੇ ਸੋਚ ਸਮਝ ਕੇ ਗੱਲ ਕਰੀਏ।—ਕਹਾ. 17:27.

ਸ਼ਾਂਤ ਰਹਿਣ ਅਤੇ ਸੰਜਮ ਦਾ ਗੁਣ ਪੈਦਾ ਕਰਨ ਲਈ ਰੌਬਰਟ ਨੂੰ ਸਖ਼ਤ ਮਿਹਨਤ ਕਰਨੀ ਪਈ। ਇਸ ਦਾ ਕੀ ਫ਼ਾਇਦਾ ਹੋਇਆ? ਉਹ ਕਹਿੰਦਾ ਹੈ, “ਹੁਣ ਜਦੋਂ ਵੀ ਸਾਡੇ ਵਿਚ ਕੋਈ ਅਣਬਣ ਹੁੰਦੀ ਹੈ, ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਉਸ ਦੀ ਗੱਲ ਧਿਆਨ ਨਾਲ ਸੁਣਾ, ਨਰਮਾਈ ਨਾਲ ਗੱਲ ਕਰਾਂ ਅਤੇ ਗੁੱਸੇ ਨਾ ਹੋਵਾਂ। ਮੇਰੀ ਪਤਨੀ ਨਾਲ ਮੇਰਾ ਰਿਸ਼ਤਾ ਹੁਣ ਬਹੁਤ ਵਧੀਆ ਹੈ।”

ਨਰਮਾਈ ਹੋਣ ਕਰਕੇ ਅਸੀਂ ਦੂਸਰਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ। ਛੇਤੀ ਗੁੱਸਾ ਕਰਨ ਵਾਲਿਆਂ ਦੇ ਘੱਟ ਹੀ ਦੋਸਤ ਹੁੰਦੇ ਹਨ। ਪਰ ਨਰਮਾਈ ਸਾਡੀ “ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਵਿਚ ਮਦਦ ਕਰਦੀ ਹੈ। (ਅਫ਼. 4:2, 3) ਕੈਥੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦੀ ਹੈ: “ਜਦੋਂ ਮੈਂ ਨਰਮਾਈ ਨਾਲ ਪੇਸ਼ ਆਉਂਦੀ ਹਾਂ, ਤਾਂ ਮੈਨੂੰ ਦੂਸਰਿਆਂ ਨਾਲ ਸੰਗਤੀ ਕਰ ਕੇ ਖ਼ੁਸ਼ੀ ਮਿਲਦੀ ਹੈ, ਭਾਵੇਂ ਕਿ ਕਈਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਸੌਖਾ ਨਹੀਂ ਹੁੰਦਾ।”

ਨਰਮਾਈ ਕਰਕੇ ਮਨ ਦੀ ਸ਼ਾਂਤੀ ਮਿਲਦੀ ਹੈ। ਬਾਈਬਲ ‘ਸਵਰਗੋਂ ਮਿਲੀ ਬੁੱਧ’ ਦਾ ਸੰਬੰਧ ਨਰਮਾਈ ਅਤੇ ਸ਼ਾਂਤੀ ਨਾਲ ਜੋੜਦੀ ਹੈ। (ਯਾਕੂ. 3:13, 17) ਨਰਮ ਸੁਭਾਅ ਦੇ ਵਿਅਕਤੀ ਦਾ “ਸ਼ਾਂਤ ਮਨ” ਹੁੰਦਾ ਹੈ। (ਕਹਾ. 14:30) ਮਾਰਟਿਨ ਨੇ ਨਰਮਾਈ ਦਾ ਗੁਣ ਪੈਦਾ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਉਹ ਦੱਸਦਾ ਹੈ, “ਹੁਣ ਮੈਂ ਹਮੇਸ਼ਾ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ ਅਤੇ ਜ਼ਿਆਦਾ ਸ਼ਾਂਤ ਤੇ ਖ਼ੁਸ਼ ਰਹਿੰਦਾ ਹਾਂ।”

ਨਰਮਾਈ ਦਾ ਗੁਣ ਪੈਦਾ ਕਰਨ ਲਈ ਸ਼ਾਇਦ ਸਾਨੂੰ ਸੰਘਰਸ਼ ਕਰਨਾ ਪਵੇ। ਇਕ ਭਰਾ ਕਹਿੰਦਾ ਹੈ, “ਸੱਚ ਦੱਸਾਂ, ਤਾਂ ਮੈਨੂੰ ਅੱਜ ਵੀ ਕਈ ਵਾਰ ਬਹੁਤ ਗੁੱਸਾ ਆਉਂਦਾ ਹੈ।” ਪਰ ਯਹੋਵਾਹ ਸਾਨੂੰ ਨਰਮਾਈ ਦਿਖਾਉਣ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਉਹ ਸਾਡੀ ਇਹ ਗੁਣ ਪੈਦਾ ਕਰਨ ਵਿਚ ਮਦਦ ਵੀ ਕਰੇਗਾ। (ਯਸਾ. 41:10; 1 ਤਿਮੋ. 6:11) ਉਹ ਸਾਡੀ “ਸਿਖਲਾਈ ਪੂਰੀ” ਕਰਨ ਦੇ ਨਾਲ-ਨਾਲ ਸਾਨੂੰ “ਤਕੜਾ” ਵੀ ਕਰ ਸਕਦਾ ਹੈ। (1 ਪਤ. 5:10) ਸਮੇਂ ਦੇ ਬੀਤਣ ਨਾਲ ਅਸੀਂ ਵੀ ਪੌਲੁਸ ਰਸੂਲ ਵਾਂਗ ਮਸੀਹ ਦੀ ਰੀਸ ਕਰ ਸਕਾਂਗੇ “ਜਿਹੜਾ ਨਿਮਰ ਅਤੇ ਦਇਆਵਾਨ ਹੈ।”—2 ਕੁਰਿੰ. 10:1.

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।