Skip to content

Skip to table of contents

ਅਧਿਐਨ ਲੇਖ 22

ਅਦਿੱਖ ਖ਼ਜ਼ਾਨਿਆਂ ਲਈ ਆਪਣੀ ਕਦਰ ਦਿਖਾਓ

ਅਦਿੱਖ ਖ਼ਜ਼ਾਨਿਆਂ ਲਈ ਆਪਣੀ ਕਦਰ ਦਿਖਾਓ

“ਆਪਣੀ ਨਜ਼ਰ . . . ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ [ਰੱਖੋ]। ਕਿਉਂਕਿ ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।”—2 ਕੁਰਿੰ. 4:18.

ਗੀਤ 22 ‘ਯਹੋਵਾਹ ਮੇਰਾ ਚਰਵਾਹਾ’

ਖ਼ਾਸ ਗੱਲਾਂ *

1. ਯਿਸੂ ਨੇ ਸਵਰਗ ਦੇ ਖ਼ਜ਼ਾਨਿਆਂ ਬਾਰੇ ਕੀ ਕਿਹਾ ਸੀ?

ਸਾਰੇ ਖ਼ਜ਼ਾਨਿਆਂ ਨੂੰ ਦੇਖਿਆ ਨਹੀਂ ਜਾ ਸਕਦਾ। ਦਰਅਸਲ, ਸਭ ਤੋਂ ਕੀਮਤੀ ਖ਼ਜ਼ਾਨੇ ਅਦਿੱਖ ਹਨ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਵਰਗ ਦੇ ਖ਼ਜ਼ਾਨਿਆਂ ਦਾ ਜ਼ਿਕਰ ਕੀਤਾ ਜੋ ਕਿ ਧਨ-ਦੌਲਤ ਨਾਲੋਂ ਕਿਤੇ ਵੱਧ ਕੀਮਤੀ ਹਨ। ਫਿਰ ਉਸ ਨੇ ਇਹ ਸੱਚਾਈ ਦੱਸੀ: “ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।” (ਮੱਤੀ 6:19-21) ਸਾਡਾ ਦਿਲ ਸਾਨੂੰ ਉਨ੍ਹਾਂ ਚੀਜ਼ਾਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ ਜਿਨ੍ਹਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ। ਅਸੀਂ ਆਪਣੇ ਲਈ “ਸਵਰਗ ਵਿਚ” ਧਨ ਜਾਂ ਖ਼ਜ਼ਾਨੇ ਉਦੋਂ ਜੋੜਦੇ ਹਾਂ ਜਦੋਂ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਉਂਦੇ ਹਾਂ। ਯਿਸੂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਖ਼ਜ਼ਾਨੇ ਕਦੇ ਵੀ ਨਾਸ਼ ਜਾਂ ਚੋਰੀ ਨਹੀਂ ਹੁੰਦੇ।

2. (ੳ) ਦੂਜਾ ਕੁਰਿੰਥੀਆਂ 4:17, 18 ਵਿਚ ਪੌਲੁਸ ਨੇ ਸਾਨੂੰ ਕਿਹੜੀ ਗੱਲ ’ਤੇ ਧਿਆਨ ਲਾਉਣ ਦੀ ਹੱਲਾਸ਼ੇਰੀ ਦਿੱਤੀ? (ਅ) ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਪੌਲੁਸ ਰਸੂਲ ਨੇ ਸਾਨੂੰ “ਆਪਣੀ ਨਜ਼ਰ . . . ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ” ਰੱਖਣ ਦੀ ਹੱਲਾਸ਼ੇਰੀ ਦਿੱਤੀ। (2 ਕੁਰਿੰਥੀਆਂ 4:17, 18 ਪੜ੍ਹੋ।) ਇਨ੍ਹਾਂ ਨਾ ਦਿਸਣ ਵਾਲੀਆਂ ਚੀਜ਼ਾਂ ਵਿਚ ਉਹ ਖ਼ਜ਼ਾਨੇ ਵੀ ਸ਼ਾਮਲ ਹਨ ਜਿਨ੍ਹਾਂ ਦਾ ਆਨੰਦ ਅਸੀਂ ਨਵੀਂ ਦੁਨੀਆਂ ਵਿਚ ਮਾਣਾਂਗੇ। ਇਸ ਲੇਖ ਵਿਚ ਅਸੀਂ ਚਾਰ ਅਦਿੱਖ ਖ਼ਜ਼ਾਨਿਆਂ ਦੀ ਜਾਂਚ ਕਰਾਂਗੇ ਜਿਨ੍ਹਾਂ ਤੋਂ ਅਸੀਂ ਹੁਣ ਫ਼ਾਇਦਾ ਲੈ ਸਕਦੇ ਹਾਂ। ਇਹ ਖ਼ਜ਼ਾਨੇ ਹਨ: ਪਰਮੇਸ਼ੁਰ ਨਾਲ ਦੋਸਤੀ, ਪ੍ਰਾਰਥਨਾ ਦਾ ਸਨਮਾਨ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਪ੍ਰਚਾਰ ਵਿਚ ਸਵਰਗੋਂ ਮਿਲਦੀ ਮਦਦ। ਅਸੀਂ ਇਸ ਗੱਲ ਉੱਤੇ ਵੀ ਚਰਚਾ ਕਰਾਂਗੇ ਕਿ ਅਸੀਂ ਇਨ੍ਹਾਂ ਅਦਿੱਖ ਖ਼ਜ਼ਾਨਿਆਂ ਲਈ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ।

ਪਰਮੇਸ਼ੁਰ ਨਾਲ ਦੋਸਤੀ

3. ਸਭ ਤੋਂ ਅਨਮੋਲ ਖ਼ਜ਼ਾਨਾ ਕੀ ਹੈ ਅਤੇ ਇਸ ਨੂੰ ਹਾਸਲ ਕਰਨਾ ਕਿਵੇਂ ਮੁਮਕਿਨ ਹੋਇਆ?

3 ਯਹੋਵਾਹ ਪਰਮੇਸ਼ੁਰ ਨਾਲ ਦੋਸਤੀ ਸਭ ਤੋਂ ਅਨਮੋਲ ਖ਼ਜ਼ਾਨਾ ਹੈ। (ਯਾਕੂ. 2:23) ਪਾਪੀ ਇਨਸਾਨਾਂ ਨਾਲ ਦੋਸਤੀ ਕਰਨ ਦੇ ਬਾਵਜੂਦ ਪਰਮੇਸ਼ੁਰ ਲਈ ਪੂਰੀ ਤਰ੍ਹਾਂ ਪਵਿੱਤਰ ਰਹਿਣਾ ਕਿਵੇਂ ਮੁਮਕਿਨ ਹੈ? ਇਹ ਇਸ ਲਈ ਮੁਮਕਿਨ ਹੈ ਕਿਉਂਕਿ ਯਿਸੂ ਦੀ ਕੁਰਬਾਨੀ ਸਦਕਾ ‘ਦੁਨੀਆਂ ਦਾ ਪਾਪ ਮਿਟਾਇਆ’ ਜਾਂਦਾ ਹੈ। (ਯੂਹੰ. 1:29) ਯਿਸੂ ਵੱਲੋਂ ਕੁਰਬਾਨੀ ਦੇਣ ਤੋਂ ਵੀ ਪਹਿਲਾਂ ਯਹੋਵਾਹ ਨੂੰ ਪਤਾ ਸੀ ਕਿ ਯਿਸੂ ਆਪਣੀ ਮੌਤ ਤਕ ਵਫ਼ਾਦਾਰ ਰਹੇਗਾ ਤਾਂਕਿ ਮਨੁੱਖਜਾਤੀ ਨੂੰ ਬਚਾਇਆ ਜਾ ਸਕੇ। ਇਸੇ ਕਰਕੇ ਉਹ ਲੋਕ ਵੀ ਯਹੋਵਾਹ ਦੇ ਦੋਸਤ ਬਣ ਸਕੇ ਜੋ ਯਿਸੂ ਦੇ ਮਰਨ ਤੋਂ ਪਹਿਲਾਂ ਜੀਉਂਦੇ ਸਨ।—ਰੋਮੀ. 3:25.

4. ਪੁਰਾਣੇ ਸਮੇਂ ਦੇ ਕੁਝ ਸੇਵਕਾਂ ਦੀਆਂ ਮਿਸਾਲਾਂ ਦਿਓ ਜੋ ਪਰਮੇਸ਼ੁਰ ਦੇ ਦੋਸਤ ਬਣੇ।

4 ਪੁਰਾਣੇ ਸਮੇਂ ਦੇ ਉਨ੍ਹਾਂ ਸੇਵਕਾਂ ’ਤੇ ਗੌਰ ਕਰੋ ਜੋ ਪਰਮੇਸ਼ੁਰ ਦੇ ਦੋਸਤ ਬਣੇ ਸਨ। ਅਬਰਾਹਾਮ ਇਕ ਅਜਿਹਾ ਵਿਅਕਤੀ ਸੀ ਜਿਸ ਦੀ ਨਿਹਚਾ ਲਾਜਵਾਬ ਸੀ। ਉਸ ਦੀ ਮੌਤ ਤੋਂ ਕੁਝ 1,000 ਸਾਲ ਬਾਅਦ ਯਹੋਵਾਹ ਨੇ ਉਸ ਨੂੰ ‘ਮੇਰਾ ਦੋਸਤ’ ਕਿਹਾ। (ਯਸਾ. 41:8) ਇਸ ਦਾ ਮਤਲਬ ਹੈ ਕਿ ਮੌਤ ਵੀ ਯਹੋਵਾਹ ਨੂੰ ਆਪਣੇ ਗੂੜ੍ਹੇ ਦੋਸਤਾਂ ਤੋਂ ਵੱਖ ਨਹੀਂ ਕਰ ਸਕਦੀ। ਯਹੋਵਾਹ ਦੀਆਂ ਨਜ਼ਰਾਂ ਵਿਚ ਅਬਰਾਹਾਮ ਹਾਲੇ ਵੀ ਜੀਉਂਦਾ। (ਲੂਕਾ 20:37, 38) ਹੁਣ ਜ਼ਰਾ ਅੱਯੂਬ ਦੀ ਮਿਸਾਲ ’ਤੇ ਗੌਰ ਕਰੋ। ਯਹੋਵਾਹ ਨੇ ਸਵਰਗ ਵਿਚ ਇਕੱਠੇ ਹੋਏ ਸਾਰੇ ਦੂਤਾਂ ਦੇ ਸਾਮ੍ਹਣੇ ਅੱਯੂਬ ’ਤੇ ਭਰੋਸਾ ਦਿਖਾਉਂਦਿਆਂ ਕਿਹਾ ਕਿ “ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।” (ਅੱਯੂ. 1:6-8) ਦਾਨੀਏਲ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਸੀ ਜਿਸ ਨੇ ਲਗਭਗ 80 ਸਾਲ ਉਸ ਦੇਸ਼ ਵਿਚ ਵਫ਼ਾਦਾਰੀ ਨਾਲ ਸੇਵਾ ਕੀਤੀ ਜਿੱਥੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ? ਤਿੰਨ ਵਾਰ ਦੂਤਾਂ ਨੇ ਦਾਨੀਏਲ ਨੂੰ ਇਹ ਕਹਿ ਕੇ ਤਸੱਲੀ ਦਿੱਤੀ ਕਿ ਉਹ ਯਹੋਵਾਹ ਨੂੰ “ਵੱਡਾ ਪਿਆਰਾ” ਸੀ। (ਦਾਨੀ. 9:23; 10:11, 19) ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਮਰ ਚੁੱਕੇ ਪਿਆਰੇ ਦੋਸਤਾਂ ਨੂੰ ਜੀਉਂਦਾ ਕਰਨ ਲਈ ਤਰਸ ਰਿਹਾ ਹੈ।—ਅੱਯੂ. 14:15.

ਅਸੀਂ ਕਿਨ੍ਹਾਂ ਤਰੀਕਿਆਂ ਨਾਲ ਅਦਿੱਖ ਖ਼ਜ਼ਾਨਿਆਂ ਲਈ ਆਪਣੀ ਕਦਰ ਦਿਖਾ ਸਕਦੇ ਹਾਂ? (ਪੈਰਾ 5 ਦੇਖੋ) *

5. ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰਨ ਲਈ ਕੀ ਜ਼ਰੂਰੀ ਹੈ?

5 ਕਿੰਨੇ ਕੁ ਨਾਮੁਕੰਮਲ ਇਨਸਾਨ ਯਹੋਵਾਹ ਨਾਲ ਗੂੜ੍ਹੀ ਦੋਸਤੀ ਦਾ ਆਨੰਦ ਮਾਣ ਰਹੇ ਹਨ? ਅੱਜ ਲੱਖਾਂ ਹੀ ਲੋਕ ਯਹੋਵਾਹ ਦੇ ਗੂੜ੍ਹੇ ਦੋਸਤ ਹਨ। ਯਹੋਵਾਹ “ਸਚਿਆਰਾਂ ਨਾਲ ਦੋਸਤੀ” ਕਰਦਾ ਹੈ। (ਕਹਾ. 3:32) ਅੱਜ ਪੂਰੀ ਦੁਨੀਆਂ ਵਿਚ ਬਹੁਤ ਸਾਰੇ ਆਦਮੀ, ਔਰਤਾਂ ਅਤੇ ਬੱਚੇ ਆਪਣੇ ਚਾਲ-ਚਲਣ ਰਾਹੀਂ ਦਿਖਾ ਰਹੇ ਹਨ ਕਿ ਉਹ ਪਰਮੇਸ਼ੁਰ ਦੇ ਸੱਚੇ ਦੋਸਤ ਹਨ। ਇਹ ਦੋਸਤੀ ਮੁਮਕਿਨ ਹੈ ਕਿਉਂਕਿ ਉਹ ਯਿਸੂ ਦੀ ਰਿਹਾਈ ਕੀਮਤ ਵਿਚ ਨਿਹਚਾ ਕਰਦੇ ਹਨ। ਇਸ ਕੁਰਬਾਨੀ ਦੇ ਆਧਾਰ ’ਤੇ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈ ਸਕਦੇ ਹਾਂ। ਜਦੋਂ ਅਸੀਂ ਇਹ ਜ਼ਰੂਰੀ ਕਦਮ ਚੁੱਕਦੇ ਹਾਂ, ਤਾਂ ਅਸੀਂ ਲੱਖਾਂ ਹੀ ਬਪਤਿਸਮਾ-ਪ੍ਰਾਪਤ ਮਸੀਹੀਆਂ ਵਿਚ ਸ਼ਾਮਲ ਹੁੰਦੇ ਹਾਂ ਜੋ ਇਸ ਬ੍ਰਹਿਮੰਡ ਦੇ ਸਭ ਤੋਂ ਮਹਾਨ ਸ਼ਖ਼ਸ ਨਾਲ ਗੂੜ੍ਹੀ “ਦੋਸਤੀ” ਦਾ ਆਨੰਦ ਮਾਣ ਰਹੇ ਹਨ!

6. ਅਸੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

6 ਅਸੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ? ਅਬਰਾਹਾਮ ਅਤੇ ਅੱਯੂਬ ਨੇ ਸੌ ਤੋਂ ਜ਼ਿਆਦਾ ਸਾਲ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਉਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ ਭਾਵੇਂ ਸਾਨੂੰ ਉਸ ਦੀ ਸੇਵਾ ਕਰਦਿਆਂ ਕਿੰਨੇ ਹੀ ਸਾਲ ਬੀਤ ਗਏ ਹੋਣ। ਸਾਨੂੰ ਦਾਨੀਏਲ ਵਾਂਗ ਪਰਮੇਸ਼ੁਰ ਨਾਲ ਆਪਣੀ ਦੋਸਤੀ ਨੂੰ ਜਾਨ ਨਾਲੋਂ ਵੀ ਵੱਧ ਕੀਮਤੀ ਸਮਝਣਾ ਚਾਹੀਦਾ ਹੈ। (ਦਾਨੀ. 6:7, 10, 16, 22) ਯਹੋਵਾਹ ਦੀ ਮਦਦ ਨਾਲ ਅਸੀਂ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰ ਸਕਦੇ ਹਾਂ ਅਤੇ ਉਸ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰ ਸਕਦੇ ਹਾਂ।—ਫ਼ਿਲਿ. 4:13.

ਪ੍ਰਾਰਥਨਾ ਦਾ ਤੋਹਫ਼ਾ

7. (ੳ) ਕਹਾਉਤਾਂ 15:8 ਅਨੁਸਾਰ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਅ) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਕਿਵੇਂ ਜਵਾਬ ਦਿੰਦਾ ਹੈ?

7 ਪ੍ਰਾਰਥਨਾ ਇਕ ਹੋਰ ਖ਼ਜ਼ਾਨਾ ਹੈ। ਚੰਗੇ ਦੋਸਤਾਂ ਨੂੰ ਇਕ-ਦੂਜੇ ਨਾਲ ਆਪਣੇ ਖ਼ਿਆਲ ਤੇ ਭਾਵਨਾਵਾਂ ਸਾਂਝੀਆਂ ਕਰ ਕੇ ਖ਼ੁਸ਼ੀ ਹੁੰਦੀ ਹੈ। ਯਹੋਵਾਹ ਨਾਲ ਸਾਡੀ ਦੋਸਤੀ ਬਾਰੇ ਵੀ ਇਹ ਸੱਚ ਹੈ। ਉਹ ਆਪਣੇ ਬਚਨ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ ਅਤੇ ਸਾਨੂੰ ਆਪਣੇ ਖ਼ਿਆਲ ਤੇ ਭਾਵਨਾਵਾਂ ਦੱਸਦਾ ਹੈ। ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਦੇ ਹਾਂ ਅਤੇ ਉਸ ਨਾਲ ਆਪਣੇ ਡੂੰਘੇ ਖ਼ਿਆਲ ਤੇ ਗਹਿਰੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੇ ਹਾਂ। ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ। (ਕਹਾਉਤਾਂ 15:8 ਪੜ੍ਹੋ।) ਇਕ ਪਿਆਰੇ ਦੋਸਤ ਵਜੋਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸਿਰਫ਼ ਸੁਣਦਾ ਹੀ ਨਹੀਂ, ਸਗੋਂ ਇਨ੍ਹਾਂ ਦਾ ਜਵਾਬ ਵੀ ਦਿੰਦਾ ਹੈ। ਕਈ ਵਾਰ ਸਾਨੂੰ ਇਕਦਮ ਜਵਾਬ ਮਿਲ ਜਾਂਦਾ ਹੈ ਅਤੇ ਕਦੇ-ਕਦੇ ਸ਼ਾਇਦ ਸਾਨੂੰ ਕਿਸੇ ਚੀਜ਼ ਬਾਰੇ ਵਾਰ-ਵਾਰ ਪ੍ਰਾਰਥਨਾ ਕਰਨੀ ਪਵੇ। ਪਰ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਪ੍ਰਾਰਥਨਾ ਦਾ ਜਵਾਬ ਸਹੀ ਸਮੇਂ ਅਤੇ ਸਭ ਤੋਂ ਵਧੀਆ ਤਰੀਕੇ ਨਾਲ ਦੇਵੇਗਾ। ਹੋ ਸਕਦਾ ਹੈ ਕਿ ਸਾਨੂੰ ਪਰਮੇਸ਼ੁਰ ਤੋਂ ਉਹ ਜਵਾਬ ਨਾ ਮਿਲੇ ਜੋ ਅਸੀਂ ਸੋਚਿਆ ਹੋਵੇ। ਮਿਸਾਲ ਲਈ, ਕਿਸੇ ਅਜ਼ਮਾਇਸ਼ ਨੂੰ ਹਟਾਉਣ ਦੀ ਬਜਾਇ ਸ਼ਾਇਦ ਯਹੋਵਾਹ ਸਾਨੂੰ ਉਸ ਦਾ “ਸਾਮ੍ਹਣਾ” ਕਰਨ ਲਈ ਬੁੱਧ ਅਤੇ ਤਾਕਤ ਦੇਵੇ।—1 ਕੁਰਿੰ. 10:13.

(ਪੈਰਾ 8 ਦੇਖੋ) *

8. ਅਸੀਂ ਪ੍ਰਾਰਥਨਾ ਦੇ ਤੋਹਫ਼ੇ ਲਈ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ?

8 ਅਸੀਂ ਪ੍ਰਾਰਥਨਾ ਕਰਨ ਦੇ ਅਨਮੋਲ ਤੋਹਫ਼ੇ ਲਈ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਦੀ ਆਗਿਆ ਮੰਨਦੇ ਹੋਏ “ਲਗਾਤਾਰ ਪ੍ਰਾਰਥਨਾ ਕਰਦੇ” ਰਹੀਏ। (1 ਥੱਸ. 5:17) ਯਹੋਵਾਹ ਸਾਨੂੰ ਪ੍ਰਾਰਥਨਾ ਕਰਨ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਸਾਡੀ ਆਜ਼ਾਦ ਮਰਜ਼ੀ ਦੀ ਕਦਰ ਕਰਦਾ ਹੈ ਅਤੇ ਸਾਨੂੰ “ਪ੍ਰਾਰਥਨਾ ਕਰਨ ਵਿਚ ਲੱਗੇ” ਰਹਿਣ ਦੀ ਹੱਲਾਸ਼ੇਰੀ ਦਿੰਦਾ ਹੈ। (ਰੋਮੀ. 12:12) ਇਸ ਲਈ ਦਿਨ ਦੌਰਾਨ ਕਈ ਵਾਰ ਪ੍ਰਾਰਥਨਾ ਕਰ ਕੇ ਅਸੀਂ ਆਪਣੀ ਕਦਰਦਾਨੀ ਦਿਖਾ ਸਕਦੇ ਹਾਂ। ਪ੍ਰਾਰਥਨਾਵਾਂ ਵਿਚ ਸਾਨੂੰ ਯਹੋਵਾਹ ਦਾ ਧੰਨਵਾਦ ਅਤੇ ਉਸ ਦੀ ਵਡਿਆਈ ਵੀ ਕਰਨੀ ਚਾਹੀਦੀ ਹੈ।—ਜ਼ਬੂ. 145:2, 3.

9. ਇਕ ਭਰਾ ਪ੍ਰਾਰਥਨਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਤੁਸੀਂ ਪ੍ਰਾਰਥਨਾ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

9 ਯਹੋਵਾਹ ਦੀ ਸੇਵਾ ਕਰਦਿਆਂ ਜਦੋਂ ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਆਪਣੀਆਂ ਬੇਨਤੀਆਂ ਦਾ ਜਵਾਬ ਪਾਵਾਂਗੇ, ਤਾਂ ਪ੍ਰਾਰਥਨਾ ਲਈ ਸਾਡੀ ਕਦਰ ਵਧੇਗੀ। ਜ਼ਰਾ ਕ੍ਰਿਸ ਦੀ ਮਿਸਾਲ ’ਤੇ ਗੌਰ ਕਰੋ ਜੋ ਪਿਛਲੇ 47 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਹੈ: “ਮੈਨੂੰ ਤੜਕੇ ਉੱਠ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਬਹੁਤ ਵਧੀਆ ਲੱਗਦੀ ਹੈ। ਯਹੋਵਾਹ ਨਾਲ ਗੱਲ ਕਰ ਕੇ ਉਸ ਵੇਲੇ ਬਹੁਤ ਤਾਜ਼ਗੀ ਮਿਲਦੀ ਹੈ ਜਿਸ ਵੇਲੇ ਸੂਰਜ ਦੀਆਂ ਕਿਰਨਾਂ ਨਾਲ ਤ੍ਰੇਲ ਦੀਆਂ ਬੂੰਦਾਂ ਚਮਕਣ ਲੱਗਦੀਆਂ ਹਨ। ਇਸ ਕਰਕੇ ਮੈਂ ਉਸ ਦੇ ਸਾਰੇ ਤੋਹਫ਼ਿਆਂ ਦੇ ਨਾਲ-ਨਾਲ ਪ੍ਰਾਰਥਨਾ ਕਰਨ ਦੇ ਸਨਮਾਨ ਲਈ ਵੀ ਧੰਨਵਾਦ ਕਰਦਾ ਹਾਂ। ਫਿਰ ਦਿਨ ਦੇ ਅਖ਼ੀਰ ’ਤੇ ਪ੍ਰਾਰਥਨਾ ਕਰ ਕੇ ਇਕ ਸਾਫ਼ ਜ਼ਮੀਰ ਨਾਲ ਸੌਣ ਵਿਚ ਬਹੁਤ ਸੰਤੁਸ਼ਟੀ ਮਿਲਦੀ ਹੈ।”

ਪਵਿੱਤਰ ਸ਼ਕਤੀ ਦਾ ਤੋਹਫ਼ਾ

10. ਸਾਨੂੰ ਪਵਿੱਤਰ ਸ਼ਕਤੀ ਦੀ ਕਿਉਂ ਕਦਰ ਕਰਨੀ ਚਾਹੀਦੀ ਹੈ?

10 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਇਕ ਹੋਰ ਖ਼ਜ਼ਾਨਾ ਹੈ ਜਿਸ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਯਿਸੂ ਨੇ ਸਾਨੂੰ ਪਵਿੱਤਰ ਸ਼ਕਤੀ ਮੰਗਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਸੀ। (ਲੂਕਾ 11:9, 13) ਪਵਿੱਤਰ ਸ਼ਕਤੀ ਰਾਹੀਂ ਯਹੋਵਾਹ ਸਾਨੂੰ ਉਹ ਤਾਕਤ ਦੇ ਸਕਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ” ਹੈ। (2 ਕੁਰਿੰ. 4:7; ਰਸੂ. 1:8) ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਅਸੀਂ ਅੱਜ ਕਿਸੇ ਵੀ ਅਜ਼ਮਾਇਸ਼ ਨੂੰ ਸਹਿ ਸਕਦੇ ਹਾਂ।

(ਪੈਰਾ 11 ਦੇਖੋ) *

11. ਪਵਿੱਤਰ ਸ਼ਕਤੀ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?

11 ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪਵਿੱਤਰ ਸ਼ਕਤੀ ਸਾਡੀ ਮਦਦ ਕਰ ਸਕਦੀ ਹੈ। ਪਵਿੱਤਰ ਸ਼ਕਤੀ ਸਾਡੇ ਹੁਨਰ ਅਤੇ ਕਾਬਲੀਅਤਾਂ ਨੂੰ ਨਿਖਾਰ ਸਕਦੀ ਹੈ। ਸਾਨੂੰ ਆਪਣੀ ਮਿਹਨਤ ਦੇ ਚੰਗੇ ਨਤੀਜਿਆਂ ਦਾ ਸਿਹਰਾ ਖ਼ੁਦ ਨੂੰ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨੂੰ ਦੇਣਾ ਚਾਹੀਦਾ ਹੈ।

12. ਜ਼ਬੂਰ 139:23, 24 ਅਨੁਸਾਰ ਅਸੀਂ ਪਵਿੱਤਰ ਸ਼ਕਤੀ ਦੀ ਮਦਦ ਲਈ ਕਦੋਂ ਪ੍ਰਾਰਥਨਾ ਕਰ ਸਕਦੇ ਹਾਂ?

12 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਲਈ ਕਦਰ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਕਿ ਅਸੀਂ ਆਪਣੇ ਦਿਲ ਵਿਚ ਕਿਸੇ ਵੀ ਗ਼ਲਤ ਇੱਛਾ ਜਾਂ ਖ਼ਿਆਲ ਨੂੰ ਪਛਾਣਨ ਲਈ ਯਹੋਵਾਹ ਤੋਂ ਮਦਦ ਮੰਗੀਏ। (ਜ਼ਬੂਰ 139:23, 24 ਪੜ੍ਹੋ।) ਜੇ ਅਸੀਂ ਇਹ ਬੇਨਤੀ ਕਰਾਂਗੇ, ਤਾਂ ਯਹੋਵਾਹ ਆਪਣੀ ਸ਼ਕਤੀ ਰਾਹੀਂ ਸਾਡੀ ਮਦਦ ਕਰੇਗਾ। ਜੇ ਅਸੀਂ ਕਿਸੇ ਗ਼ਲਤ ਖ਼ਿਆਲ ਜਾਂ ਇੱਛਾ ਨੂੰ ਪਛਾਣ ਲੈਂਦੇ ਹਾਂ, ਤਾਂ ਸਾਨੂੰ ਇਸ ਨਾਲ ਲੜਨ ਲਈ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਹਰ ਉਸ ਕੰਮ ਤੋਂ ਦੂਰ ਰਹਿਣ ਦੀ ਠਾਣ ਲਈ ਹੈ ਜਿਸ ਕਰਕੇ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਾਡੇ ਤੋਂ ਹਟਾ ਸਕਦਾ ਹੈ।—ਅਫ਼. 4:30.

13. ਅਸੀਂ ਪਵਿੱਤਰ ਸ਼ਕਤੀ ਲਈ ਆਪਣੀ ਕਦਰ ਹੋਰ ਕਿਵੇਂ ਵਧਾ ਸਕਦੇ ਹਾਂ?

13 ਪਵਿੱਤਰ ਸ਼ਕਤੀ ਦੇ ਕੰਮਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਇਸ ਲਈ ਆਪਣੀ ਕਦਰ ਹੋਰ ਵਧਾ ਸਕਦੇ ਹਾਂ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ . . . ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਅੱਜ ਇਹ ਸ਼ਬਦ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੂਰੇ ਹੋ ਰਹੇ ਹਨ। ਪਵਿੱਤਰ ਸ਼ਕਤੀ ਦੀ ਮਦਦ ਨਾਲ ਪੂਰੀ ਧਰਤੀ ਉੱਤੇ ਤਕਰੀਬਨ 85 ਲੱਖ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਹਨ। ਇਸ ਦੇ ਨਾਲ-ਨਾਲ ਅਸੀਂ ਸ਼ਾਂਤੀ ਭਰੇ ਮਾਹੌਲ ਦਾ ਆਨੰਦ ਮਾਣਦੇ ਹਾਂ ਕਿਉਂਕਿ ਇਹ ਸ਼ਕਤੀ ਪਿਆਰ, ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ ਅਤੇ ਸੰਜਮ ਵਰਗੇ ਸ਼ਾਨਦਾਰ ਗੁਣਾਂ ਨੂੰ ਪੈਦਾ ਕਰਨ ਵਿਚ ਸਾਡੀ ਮਦਦ ਕਰ ਰਹੀ ਹੈ। (ਗਲਾ. 5:22, 23) ਪਵਿੱਤਰ ਸ਼ਕਤੀ ਕਿੰਨਾ ਹੀ ਅਨਮੋਲ ਤੋਹਫ਼ਾ ਹੈ!

ਪ੍ਰਚਾਰ ਵਿਚ ਸਵਰਗੋਂ ਮਿਲਦੀ ਮਦਦ

14. ਪ੍ਰਚਾਰ ਕਰਨ ਵਿਚ ਕੌਣ ਸਾਡੀ ਮਦਦ ਕਰਦੇ ਹਨ?

14 ਸਾਡੇ ਕੋਲ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਸਵਰਗੀ ਹਿੱਸੇ “ਨਾਲ ਮਿਲ ਕੇ ਕੰਮ” ਕਰਨ ਦਾ ਅਨਮੋਲ ਖ਼ਜ਼ਾਨਾ ਹੈ। (2 ਕੁਰਿੰ. 6:1) ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਪੌਲੁਸ ਨੇ ਆਪਣੇ ਅਤੇ ਇਸ ਕੰਮ ਵਿਚ ਹਿੱਸਾ ਲੈਣ ਵਾਲਿਆਂ ਬਾਰੇ ਕਿਹਾ: “ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।” (1 ਕੁਰਿੰ. 3:9) ਜਦੋਂ ਅਸੀਂ ਪ੍ਰਚਾਰ ਵਿਚ ਜਾਂਦੇ ਹਾਂ, ਤਾਂ ਅਸੀਂ ਯਿਸੂ ਨਾਲ ਵੀ ਮਿਲ ਕੇ ਕੰਮ ਕਰਦੇ ਹਾਂ। ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ” ਬਣਾਉਣ ਦਾ ਹੁਕਮ ਦੇਣ ਤੋਂ ਬਾਅਦ ਕਿਹਾ ਸੀ: ‘ਮੈਂ ਤੁਹਾਡੇ ਨਾਲ ਰਹਾਂਗਾ।’ (ਮੱਤੀ 28:19, 20) ਦੂਤਾਂ ਬਾਰੇ ਕੀ? ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਦੂਤ “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ” ਨੂੰ ਲੋਕਾਂ ਤਕ ਪਹੁੰਚਾਉਣ ਵਿਚ ਸਾਡੀ ਮਦਦ ਕਰ ਰਹੇ ਹਨ!—ਪ੍ਰਕਾ. 14:6.

15. ਬਾਈਬਲ ਵਿੱਚੋਂ ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਵਿਚ ਯਹੋਵਾਹ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ।

15 ਸਵਰਗ ਤੋਂ ਮਿਲਦੀ ਮਦਦ ਰਾਹੀਂ ਕੀ ਕੁਝ ਕੀਤਾ ਜਾ ਰਿਹਾ ਹੈ? ਜਦੋਂ ਅਸੀਂ ਰਾਜ ਦੇ ਸੰਦੇਸ਼ ਰਾਹੀਂ ਬੀ ਬੀਜਦੇ ਹਾਂ, ਤਾਂ ਕੁਝ ਬੀ ਨੇਕਦਿਲ ਲੋਕਾਂ ਵਿਚ ਬੀਜੇ ਜਾਣ ਤੋਂ ਬਾਅਦ ਵਧਦੇ ਹਨ। (ਮੱਤੀ 13:18, 23) ਸੱਚਾਈ ਦੇ ਬੀਆਂ ਨੂੰ ਕੌਣ ਵਧਾਉਂਦਾ ਹੈ? ਯਿਸੂ ਨੇ ਕਿਹਾ ਸੀ ਕਿ ਕੋਈ ਵੀ ਇਨਸਾਨ ਮੇਰਾ ਚੇਲਾ ਨਹੀਂ ਬਣ ਸਕਦਾ ਜਿੰਨਾ ਚਿਰ “ਪਿਤਾ . . . ਉਹ ਨੂੰ ਨਾ ਖਿੱਚੇ।” (ਯੂਹੰ. 6:44) ਇਸ ਦੀ ਇਕ ਮਿਸਾਲ ਬਾਈਬਲ ਵਿਚ ਦਰਜ ਹੈ। ਉਸ ਘਟਨਾ ਨੂੰ ਯਾਦ ਕਰੋ ਜਦੋਂ ਪੌਲੁਸ ਨੇ ਫ਼ਿਲਿੱਪੈ ਸ਼ਹਿਰ ਤੋਂ ਬਾਹਰ ਕੁਝ ਔਰਤਾਂ ਨੂੰ ਗਵਾਹੀ ਦਿੱਤੀ ਸੀ। ਗੌਰ ਕਰੋ ਕਿ ਬਾਈਬਲ ਲੀਡੀਆ ਨਾਂ ਦੀ ਔਰਤ ਬਾਰੇ ਕੀ ਕਹਿੰਦੀ ਹੈ: “ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਕਿ ਉਹ ਪੌਲੁਸ ਦੀਆਂ ਗੱਲਾਂ ਨੂੰ ਕਬੂਲ ਕਰੇ।” (ਰਸੂ. 16:13-15) ਲੀਡੀਆ ਵਾਂਗ ਯਹੋਵਾਹ ਨੇ ਲੱਖਾਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ।

16. ਸਾਨੂੰ ਪ੍ਰਚਾਰ ਵਿਚ ਮਿਲੀ ਹਰ ਸਫ਼ਲਤਾ ਦਾ ਸਿਹਰਾ ਕਿਸ ਨੂੰ ਦੇਣਾ ਚਾਹੀਦਾ ਹੈ?

16 ਜੇ ਪ੍ਰਚਾਰ ਵਿਚ ਸਾਨੂੰ ਸਫ਼ਲਤਾ ਮਿਲਦੀ ਹੈ, ਤਾਂ ਸਾਨੂੰ ਇਸ ਦਾ ਸਿਹਰਾ ਕਿਸ ਨੂੰ ਜਾਣਾ ਚਾਹੀਦਾ ਹੈ? ਪੌਲੁਸ ਨੇ ਕੁਰਿੰਥੀਆਂ ਦੀ ਮੰਡਲੀ ਨੂੰ ਲਿਖਦੇ ਸਮੇਂ ਇਸ ਸਵਾਲ ਦਾ ਜਵਾਬ ਦਿੱਤਾ: “ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ; ਇਸ ਲਈ, ਨਾ ਤਾਂ ਬੂਟਾ ਲਾਉਣ ਵਾਲਾ ਕੁਝ ਹੈ ਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਇਸ ਨੂੰ ਵਧਾਉਂਦਾ ਹੈ।” (1 ਕੁਰਿੰ. 3:6, 7) ਪੌਲੁਸ ਵਾਂਗ ਸਾਨੂੰ ਵੀ ਪ੍ਰਚਾਰ ਵਿਚ ਮਿਲੇ ਵਧੀਆ ਨਤੀਜਿਆਂ ਦਾ ਸਿਹਰਾ ਯਹੋਵਾਹ ਨੂੰ ਦੇਣਾ ਚਾਹੀਦਾ ਹੈ।

17. ਯਹੋਵਾਹ, ਯਿਸੂ ਅਤੇ ਦੂਤਾਂ “ਨਾਲ ਮਿਲ ਕੇ ਕੰਮ” ਕਰਨ ਦੇ ਸਨਮਾਨ ਲਈ ਅਸੀਂ ਕਦਰ ਕਿਵੇਂ ਦਿਖਾ ਸਕਦੇ ਹਾਂ?

17 ਯਹੋਵਾਹ, ਯਿਸੂ ਅਤੇ ਦੂਤਾਂ ਨਾਲ “ਮਿਲ ਕੇ ਕੰਮ” ਕਰਨ ਦੇ ਸਨਮਾਨ ਲਈ ਅਸੀਂ ਕਦਰ ਕਿਵੇਂ ਦਿਖਾ ਸਕਦੇ ਹਾਂ? ਅਸੀਂ ਹਰ ਮੌਕੇ ’ਤੇ ਜੋਸ਼ ਨਾਲ ਦੂਸਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਦੇ ਕਈ ਤਰੀਕੇ ਹਨ, ਜਿਵੇਂ ਕਿ “ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ” ਗਵਾਹੀ ਦੇਣੀ। (ਰਸੂ. 20:20) ਕਈਆਂ ਨੂੰ ਮੌਕਾ ਮਿਲਣ ’ਤੇ ਗਵਾਹੀ ਦੇਣੀ ਪਸੰਦ ਹੈ। ਜਦੋਂ ਉਹ ਕਿਸੇ ਅਜਨਬੀ ਨੂੰ ਮਿਲਦੇ ਹਨ, ਤਾਂ ਉਹ ਉਸ ਨਾਲ ਦੋਸਤਾਨਾ ਤਰੀਕੇ ਨਾਲ ਗੱਲ ਕਰਦੇ ਹਨ। ਜੇ ਵਿਅਕਤੀ ਗੱਲ ਕਰਨੀ ਚਾਹੁੰਦਾ ਹੈ, ਤਾਂ ਉਹ ਸਮਝਦਾਰੀ ਨਾਲ ਉਸ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੱਸਦੇ ਹਨ।

(ਪੈਰਾ 18 ਦੇਖੋ) *

18-19. (ੳ) ਅਸੀਂ ਸੱਚਾਈ ਦੇ ਬੀਆਂ ਨੂੰ ਕਿਵੇਂ ਪਾਣੀ ਦਿੰਦੇ ਹਾਂ? (ਅ) ਇਕ ਤਜਰਬਾ ਦੱਸੋ ਕਿ ਯਹੋਵਾਹ ਨੇ ਇਕ ਬਾਈਬਲ ਵਿਦਿਆਰਥੀ ਦੀ ਕਿਵੇਂ ਮਦਦ ਕੀਤੀ।

18 “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਵਾਲਿਆਂ ਵਜੋਂ ਸਾਨੂੰ ਸੱਚਾਈ ਦੇ ਬੀ ਨੂੰ ਸਿਰਫ਼ ਬੀਜਣਾ ਹੀ ਨਹੀਂ, ਸਗੋਂ ਇਸ ਨੂੰ ਪਾਣੀ ਵੀ ਦੇਣਾ ਚਾਹੀਦਾ ਹੈ। ਜਦੋਂ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਾਨੂੰ ਉਸ ਨੂੰ ਦੁਬਾਰਾ ਮਿਲਣ ਜਾਣਾ ਚਾਹੀਦਾ ਹੈ ਜਾਂ ਕਿਸੇ ਹੋਰ ਨੂੰ ਮਿਲਣ ਜਾਣ ਲਈ ਕਹਿਣਾ ਚਾਹੀਦਾ ਹੈ ਤਾਂਕਿ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਜਾ ਸਕੇ। ਜਿਵੇਂ-ਜਿਵੇਂ ਬਾਈਬਲ ਵਿਦਿਆਰਥੀ ਤਰੱਕੀ ਕਰਦਾ ਹੈ, ਸਾਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਉਸ ਦੀ ਸੋਚ ਅਤੇ ਭਾਵਨਾਵਾਂ ਨੂੰ ਬਦਲਣ ਵਿਚ ਮਦਦ ਕਰ ਰਿਹਾ ਹੈ।

19 ਅਫ਼ਰੀਕਾ ਤੋਂ ਇਕ ਵਿਅਕਤੀ ਦੀ ਮਿਸਾਲ ਉੱਤੇ ਗੌਰ ਕਰੋ ਜੋ ਝਾੜਾ-ਫੂਕੀ ਕਰਦਾ ਹੁੰਦਾ ਸੀ। ਉਸ ਨੂੰ ਬਾਈਬਲ ਅਧਿਐਨ ਕਰਨਾ ਬਹੁਤ ਪਸੰਦ ਸੀ। ਪਰ ਉਸ ਦੇ ਸਾਮ੍ਹਣੇ ਉਦੋਂ ਇਕ ਵੱਡੀ ਚੁਣੌਤੀ ਆਈ ਜਦੋਂ ਉਸ ਨੂੰ ਪਤਾ ਲੱਗਾ ਕਿ ਮੁਰਦਿਆਂ ਨਾਲ ਗੱਲ ਕਰਨ ਬਾਰੇ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ। (ਬਿਵ. 18:10-12) ਹੌਲੀ-ਹੌਲੀ ਉਸ ਨੇ ਪਰਮੇਸ਼ੁਰ ਦੀ ਮਦਦ ਨਾਲ ਆਪਣੀ ਸੋਚ ਸੁਧਾਰੀ। ਸਮੇਂ ਦੇ ਬੀਤਣ ਨਾਲ ਉਸ ਨੇ ਝਾੜਾ-ਫੂਕੀ ਦਾ ਕੰਮ ਕਰਨਾ ਬੰਦ ਕਰ ਦਿੱਤਾ ਭਾਵੇਂ ਕਿ ਇਹ ਉਸ ਦੀ ਰੋਜ਼ੀ-ਰੋਟੀ ਸੀ। ਹੁਣ ਇਹ ਭਰਾ 60 ਸਾਲਾਂ ਦਾ ਹੈ ਅਤੇ ਦੱਸਦਾ ਹੈ: “ਮੈਂ ਯਹੋਵਾਹ ਦੇ ਗਵਾਹਾਂ ਦਾ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਕਈ ਤਰੀਕਿਆਂ ਨਾਲ ਮੇਰੀ ਮਦਦ ਕੀਤੀ, ਜਿਵੇਂ ਕਿ ਕੰਮ ਲੱਭਣ ਵਿਚ। ਮੈਂ ਯਹੋਵਾਹ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਤਬਦੀਲੀਆਂ ਕਰਨ ਵਿਚ ਮੇਰੀ ਮਦਦ ਕੀਤੀ। ਇਸ ਲਈ ਹੁਣ ਮੈਂ ਇਕ ਬਪਤਿਸਮਾ-ਪ੍ਰਾਪਤ ਗਵਾਹ ਵਜੋਂ ਪ੍ਰਚਾਰ ਵਿਚ ਹਿੱਸਾ ਲੈ ਸਕਦਾ ਹਾਂ।”

20. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

20 ਇਸ ਲੇਖ ਵਿਚ ਅਸੀਂ ਚਾਰ ਅਦਿੱਖ ਖ਼ਜ਼ਾਨਿਆਂ ਉੱਤੇ ਗੌਰ ਕੀਤਾ ਸੀ। ਇਨ੍ਹਾਂ ਵਿੱਚੋਂ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਸਾਡੇ ਲਈ ਸਭ ਤੋਂ ਅਨਮੋਲ ਖ਼ਜ਼ਾਨਾ ਹੈ। ਇਸ ਖ਼ਜ਼ਾਨੇ ਰਾਹੀਂ ਅਸੀਂ ਬਾਕੀ ਖ਼ਜ਼ਾਨਿਆਂ ਤੋਂ ਵੀ ਫ਼ਾਇਦਾ ਲੈ ਸਕਦੇ ਹਾਂ, ਜਿਵੇਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨਾਲ ਗੱਲ ਕਰਨੀ, ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਅਤੇ ਪ੍ਰਚਾਰ ਵਿਚ ਸਵਰਗੋਂ ਮਿਲਦੀ ਮਦਦ। ਆਓ ਆਪਾਂ ਇਨ੍ਹਾਂ ਅਦਿੱਖ ਖ਼ਜ਼ਾਨਿਆਂ ਲਈ ਆਪਣੀ ਕਦਰ ਵਧਾਉਣ ਦਾ ਪੱਕਾ ਇਰਾਦਾ ਕਰੀਏ ਅਤੇ ਇਕ ਚੰਗਾ ਦੋਸਤ ਬਣਨ ਲਈ ਹਮੇਸ਼ਾ ਯਹੋਵਾਹ ਦੇ ਸ਼ੁਕਰਗੁਜ਼ਾਰ ਰਹੀਏ।

ਗੀਤ 19 ਨਵੀਂ ਦੁਨੀਆਂ ਦਾ ਵਾਅਦਾ

^ ਪੈਰਾ 5 ਪਿਛਲੇ ਲੇਖ ਵਿਚ ਅਸੀਂ ਪਰਮੇਸ਼ੁਰ ਤੋਂ ਮਿਲੇ ਕਈ ਦਿਸਣ ਵਾਲੇ ਖ਼ਜ਼ਾਨਿਆਂ ਬਾਰੇ ਚਰਚਾ ਕੀਤੀ ਸੀ। ਇਸ ਲੇਖ ਵਿਚ ਅਸੀਂ ਅਦਿੱਖ ਖ਼ਜ਼ਾਨਿਆਂ ’ਤੇ ਗੌਰ ਕਰ ਕੇ ਸਿੱਖਾਂਗੇ ਕਿ ਅਸੀਂ ਇਨ੍ਹਾਂ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ। ਨਾਲੇ ਯਹੋਵਾਹ ਪਰਮੇਸ਼ੁਰ ਲਈ ਸਾਡੀ ਕਦਰਦਾਨੀ ਵਧੇਗੀ ਜੋ ਸਾਨੂੰ ਇਹ ਖ਼ਜ਼ਾਨੇ ਦਿੰਦਾ ਹੈ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: (1) ਸ੍ਰਿਸ਼ਟੀ ਨੂੰ ਦੇਖਦਿਆਂ ਇਕ ਭੈਣ ਯਹੋਵਾਹ ਨਾਲ ਆਪਣੀ ਦੋਸਤੀ ਬਾਰੇ ਸੋਚ-ਵਿਚਾਰ ਕਰ ਰਹੀ ਹੈ।

^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: (2) ਇਹੀ ਭੈਣ ਗਵਾਹੀ ਦੇਣ ਲਈ ਯਹੋਵਾਹ ਤੋਂ ਤਾਕਤ ਮੰਗ ਰਹੀ ਹੈ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: (3) ਪਵਿੱਤਰ ਸ਼ਕਤੀ ਦੀ ਮਦਦ ਨਾਲ ਭੈਣ ਮੌਕਾ ਮਿਲਣ ’ਤੇ ਦਲੇਰੀ ਨਾਲ ਰਾਜ ਦਾ ਸੰਦੇਸ਼ ਸੁਣਾ ਰਹੀ ਹੈ।

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: (4) ਭੈਣ ਉਸ ਔਰਤ ਨਾਲ ਬਾਈਬਲ ਸਟੱਡੀ ਕਰ ਰਹੀ ਹੈ ਜਿਸ ਨੂੰ ਉਸ ਨੇ ਪਹਿਲਾਂ ਗਵਾਹੀ ਦਿੱਤੀ ਸੀ। ਦੂਤਾਂ ਦੀ ਮਦਦ ਨਾਲ ਭੈਣ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕਰ ਰਹੀ ਹੈ।