Skip to content

Skip to table of contents

ਅਧਿਐਨ ਲੇਖ 23

“ਤੇਰਾ ਨਾਂ ਪਵਿੱਤਰ ਕੀਤਾ ਜਾਵੇ”

“ਤੇਰਾ ਨਾਂ ਪਵਿੱਤਰ ਕੀਤਾ ਜਾਵੇ”

“ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ।”—ਜ਼ਬੂ. 135:13.

ਗੀਤ 9 ਯਹੋਵਾਹ ਦੀ ਜੈ ਜੈ ਕਾਰ ਕਰੋ!

ਖ਼ਾਸ ਗੱਲਾਂ *

1-2. ਯਹੋਵਾਹ ਦੇ ਗਵਾਹਾਂ ਨੂੰ ਕਿਹੜਿਆਂ ਵਿਸ਼ਿਆਂ ਵਿਚ ਦਿਲਚਸਪੀ ਹੈ?

ਅੱਜ ਅਸੀਂ ਬਹੁਤ ਅਹਿਮ ਮਸਲਿਆਂ ਦਾ ਸਾਮ੍ਹਣਾ ਕਰ ਰਹੇ ਹਾਂ, ਉਹ ਹਨ ਪੂਰੀ ਕਾਇਨਾਤ ’ਤੇ ਪਰਮੇਸ਼ੁਰ ਦੇ ਰਾਜ ਕਰਨ ਦਾ ਹੱਕ ਅਤੇ ਉਸ ਦੇ ਨਾਂ ਦਾ ਪਵਿੱਤਰ ਕੀਤਾ ਜਾਣਾ। ਯਹੋਵਾਹ ਦੇ ਗਵਾਹਾਂ ਵਜੋਂ ਸਾਨੂੰ ਇਨ੍ਹਾਂ ਦਿਲਚਸਪ ਵਿਸ਼ਿਆਂ ਬਾਰੇ ਗੱਲ ਕਰਨੀ ਬਹੁਤ ਪਸੰਦ ਹੈ। ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਪਰਮੇਸ਼ੁਰ ਦੇ ਰਾਜ ਕਰਨ ਦਾ ਹੱਕ ਅਤੇ ਉਸ ਦੇ ਨਾਂ ਦਾ ਪਵਿੱਤਰ ਕੀਤਾ ਜਾਣਾ ਅਲੱਗ-ਅਲੱਗ ਮਸਲੇ ਹਨ।

2 ਅਸੀਂ ਸਾਰਿਆਂ ਨੇ ਇਹ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਨਾਂ ਉੱਤੇ ਲੱਗਿਆ ਕਲੰਕ ਮਿਟਾਇਆ ਜਾਣਾ ਚਾਹੀਦਾ ਹੈ। ਅਸੀਂ ਇਹ ਵੀ ਸਿੱਖਿਆ ਹੈ ਕਿ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਹੀ ਸਭ ਤੋਂ ਵਧੀਆ ਹੈ। ਇਸ ਲਈ ਦੋਵੇਂ ਮਸਲੇ ਬਹੁਤ ਅਹਿਮ ਹਨ।

3. ਯਹੋਵਾਹ ਦੇ ਨਾਂ ਵਿਚ ਕੀ ਕੁਝ ਸ਼ਾਮਲ ਹੈ?

3 ਜਦੋਂ ਅਸੀਂ ਪਰਮੇਸ਼ੁਰ ਦੇ ਨਾਂ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਉਸ ਬਾਰੇ ਇਕ ਸੋਹਣੀ ਤਸਵੀਰ ਬਣਦੀ ਹੈ। ਇਸ ਵਿਚ ਉਸ ਦੇ ਰਾਜ ਕਰਨ ਦਾ ਤਰੀਕਾ ਵੀ ਸ਼ਾਮਲ ਹੈ। ਇਸ ਲਈ ਜੇ ਯਹੋਵਾਹ ਦੇ ਨਾਂ ’ਤੇ ਲੱਗਿਆ ਕਲੰਕ ਮਿਟਾਉਣਾ ਸਭ ਤੋਂ ਅਹਿਮ ਗੱਲ ਹੈ, ਤਾਂ ਇਹ ਸਾਬਤ ਕਰਨਾ ਵੀ ਜ਼ਰੂਰੀ ਹੈ ਕਿ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਹੀ ਸਭ ਤੋਂ ਵਧੀਆ ਹੈ। ਯਹੋਵਾਹ ਦਾ ਨਾਂ ਉਸ ਦੇ ਰਾਜ ਕਰਨ ਦੇ ਤਰੀਕੇ ਨਾਲ ਜੁੜਿਆ ਹੋਇਆ ਹੈ।—“ ਵੱਡੇ ਮਸਲੇ ਵਿਚ ਸ਼ਾਮਲ ਜ਼ਰੂਰੀ ਗੱਲਾਂ” ਨਾਂ ਦੀ ਡੱਬੀ ਦੇਖੋ।

4. ਜ਼ਬੂਰ 135:13 ਵਿਚ ਪਰਮੇਸ਼ੁਰ ਦੇ ਨਾਂ ਬਾਰੇ ਕੀ ਦੱਸਿਆ ਗਿਆ ਹੈ ਅਤੇ ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

4 ਪਰਮੇਸ਼ੁਰ ਦਾ ਨਾਂ ਯਹੋਵਾਹ ਬਹੁਤ ਖ਼ਾਸ ਹੈ। (ਜ਼ਬੂਰ 135:13 ਪੜ੍ਹੋ।) ਪਰ ਇਹ ਨਾਂ ਇੰਨਾ ਅਹਿਮ ਕਿਉਂ ਹੈ? ਪਹਿਲੀ ਵਾਰ ਇਸ ’ਤੇ ਤੁਹਮਤ ਕਿਵੇਂ ਲਾਈ ਗਈ? ਪਰਮੇਸ਼ੁਰ ਆਪਣੇ ਨਾਂ ਨੂੰ ਪਵਿੱਤਰ ਕਿਵੇਂ ਕਰਦਾ ਹੈ? ਨਾਲੇ ਉਸ ਦੇ ਨਾਂ ’ਤੇ ਲੱਗਾ ਕਲੰਕ ਮਿਟਾਉਣ ਵਿਚ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਲਈਏ।

ਨਾਂ ਦੀ ਅਹਿਮੀਅਤ

5. ਸ਼ਾਇਦ ਕੁਝ ਜਣੇ ਕੀ ਸੋਚਣ ਜਦੋਂ ਉਹ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਬਾਰੇ ਸੁਣਨ?

5 “ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਯਿਸੂ ਨੇ ਕਿਹਾ ਕਿ ਪ੍ਰਾਰਥਨਾ ਕਰਦਿਆਂ ਇਹ ਗੱਲ ਸੱਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ। ਪਰ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਸੀ? ਕਿਸੇ ਚੀਜ਼ ਨੂੰ ਪਵਿੱਤਰ ਕਰਨ ਦਾ ਮਤਲਬ ਹੈ ਕਿ ਉਸ ਨੂੰ ਸਾਫ਼ ਤੇ ਸ਼ੁੱਧ ਕਰਨਾ। ਸ਼ਾਇਦ ਕੁਝ ਜਣੇ ਸੋਚਣ, ‘ਕੀ ਯਹੋਵਾਹ ਦਾ ਨਾਂ ਪਹਿਲਾਂ ਹੀ ਪਵਿੱਤਰ, ਸਾਫ਼ ਤੇ ਸ਼ੁੱਧ ਨਹੀਂ ਹੈ?’ ਇਸ ਦਾ ਜਵਾਬ ਲੈਣ ਲਈ ਸਾਨੂੰ ਸੋਚਣ ਦੀ ਲੋੜ ਹੈ ਕਿ ਇਕ ਨਾਂ ਵਿਚ ਕੀ ਕੁਝ ਸ਼ਾਮਲ ਹੁੰਦਾ।

6. ਕਿਹੜੀ ਗੱਲ ਨਾਂ ਨੂੰ ਅਹਿਮ ਬਣਾਉਂਦੀ ਹੈ?

6 ਨਾਂ ਸਿਰਫ਼ ਇਕ ਸ਼ਬਦ ਹੀ ਨਹੀਂ ਹੈ ਜਿਸ ਨੂੰ ਕਾਗਜ਼ ’ਤੇ ਲਿਖਿਆ ਜਾ ਸਕਦਾ ਹੈ ਜਾਂ ਬੋਲਿਆ ਜਾ ਸਕਦਾ ਹੈ। ਜ਼ਰਾ ਗੌਰ ਕਰੋ ਕਿ ਬਾਈਬਲ ਕੀ ਕਹਿੰਦੀ ਹੈ: “ਚੰਗਾ ਨਾਮ ਮਹਾਨ ਦੌਲਤ ਨਾਲੋਂ ਬਿਹਤਰ ਹੈ।” (ਕਹਾ. 22:1, ERV; ਉਪ. 7:1) ਇਕ ਨਾਂ ਦੀ ਇੰਨੀ ਅਹਿਮੀਅਤ ਕਿਉਂ ਹੈ? ਕਿਉਂਕਿ ਇਸ ਵਿਚ ਨੇਕਨਾਮੀ ਸ਼ਾਮਲ ਹੁੰਦੀ ਹੈ ਯਾਨੀ ਦੂਜੇ ਲੋਕ ਉਸ ਵਿਅਕਤੀ ਬਾਰੇ ਕੀ ਸੋਚਦੇ ਹਨ। ਇਸ ਲਈ ਜਿਸ ਤਰੀਕੇ ਨਾਲ ਨਾਂ ਲਿਖਿਆ ਜਾਂ ਬੋਲਿਆ ਜਾਂਦਾ ਹੈ, ਇਹ ਮਾਅਨੇ ਨਹੀਂ ਰੱਖਦਾ। ਇਸ ਦੀ ਬਜਾਇ, ਇਹ ਮਾਅਨੇ ਰੱਖਦਾ ਹੈ ਕਿ ਉਹ ਨਾਂ ਸੁਣਨ ’ਤੇ ਲੋਕਾਂ ਦੇ ਮਨ ਵਿਚ ਕੀ ਆਉਂਦਾ ਹੈ।

7. ਲੋਕਾਂ ਨੇ ਪਰਮੇਸ਼ੁਰ ਦੇ ਨਾਂ ’ਤੇ ਹਮਲਾ ਕਿਵੇਂ ਕੀਤਾ ਹੈ?

7 ਜਦੋਂ ਲੋਕ ਯਹੋਵਾਹ ਬਾਰੇ ਝੂਠ ਬੋਲਦੇ ਹਨ, ਤਾਂ ਉਹ ਉਸ ਦੀ ਨੇਕਨਾਮੀ ’ਤੇ ਹਮਲਾ ਕਰਦੇ ਹਨ। ਉਸ ਦੀ ਨੇਕਨਾਮੀ ’ਤੇ ਹਮਲਾ ਕਰ ਕੇ ਉਹ ਉਸ ਦੇ ਨਾਂ ਨੂੰ ਖ਼ਰਾਬ ਕਰ ਰਹੇ ਹੁੰਦੇ ਹਨ। ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਨੇਕਨਾਮੀ ’ਤੇ ਪਹਿਲਾ ਹਮਲਾ ਇਤਿਹਾਸ ਦੇ ਸ਼ੁਰੂ ਵਿਚ ਹੋਇਆ ਸੀ। ਜ਼ਰਾ ਗੌਰ ਕਰੋ ਕਿ ਅਸੀਂ ਇਸ ਹਮਲੇ ਤੋਂ ਕੀ ਸਿੱਖ ਸਕਦੇ ਹਾਂ।

ਪਹਿਲੀ ਵਾਰ ਯਹੋਵਾਹ ਦੇ ਨਾਂ ’ਤੇ ਤੁਹਮਤ ਲਾਈ ਗਈ

8. ਆਦਮ ਤੇ ਹੱਵਾਹ ਯਹੋਵਾਹ ਬਾਰੇ ਕੀ ਜਾਣਦੇ ਸਨ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

8 ਆਦਮ ਤੇ ਹੱਵਾਹ ਜਾਣਦੇ ਸਨ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਸੀ ਅਤੇ ਉਹ ਉਸ ਬਾਰੇ ਬਹੁਤ ਸਾਰੀਆਂ ਅਹਿਮ ਸੱਚਾਈਆਂ ਜਾਣਦੇ ਸਨ। ਉਹ ਜਾਣਦੇ ਸਨ ਕਿ ਪਰਮੇਸ਼ੁਰ ਨੇ ਸ੍ਰਿਸ਼ਟੀਕਰਤਾ ਵਜੋਂ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਸੀ, ਉਨ੍ਹਾਂ ਨੂੰ ਰਹਿਣ ਲਈ ਸੋਹਣੀ ਧਰਤੀ ਦਿੱਤੀ ਸੀ ਅਤੇ ਮੁਕੰਮਲ ਜੀਵਨ ਸਾਥੀ ਦਿੱਤਾ ਸੀ। (ਉਤ. 1:26-28; 2:18) ਪਰ ਕੀ ਉਹ ਇਸ ਬਾਰੇ ਲਗਾਤਾਰ ਸੋਚਦੇ ਰਹੇ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਸੀ? ਕੀ ਉਹ ਯਹੋਵਾਹ ਲਈ ਆਪਣਾ ਪਿਆਰ ਅਤੇ ਕਦਰ ਵਧਾਉਂਦੇ ਰਹੇ? ਇਨ੍ਹਾਂ ਸਵਾਲਾਂ ਦੇ ਜਵਾਬ ਉਦੋਂ ਸਾਫ਼ ਮਿਲੇ ਜਦੋਂ ਪਰਮੇਸ਼ੁਰ ਦੇ ਦੁਸ਼ਮਣ ਨੇ ਉਨ੍ਹਾਂ ਨੂੰ ਪਰਖਿਆ।

9. ਉਤਪਤ 2:16, 17 ਅਤੇ 3:1-5 ਮੁਤਾਬਕ ਯਹੋਵਾਹ ਨੇ ਪਹਿਲੇ ਜੋੜੇ ਨੂੰ ਕੀ ਕਿਹਾ ਅਤੇ ਸ਼ੈਤਾਨ ਨੇ ਸੱਚਾਈ ਨੂੰ ਤੋੜ-ਮਰੋੜ ਕੇ ਕਿਵੇਂ ਪੇਸ਼ ਕੀਤਾ?

9 ਉਤਪਤ 2:16, 17 ਅਤੇ 3:1-5 ਪੜ੍ਹੋ। ਸੱਪ ਨੂੰ ਕਠਪੁਤਲੀ ਵਾਂਗ ਵਰਤ ਕੇ ਸ਼ੈਤਾਨ ਨੇ ਹੱਵਾਹ ਤੋਂ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਇਸ ਸਵਾਲ ਵਿਚ ਪਰਮੇਸ਼ੁਰ ਬਾਰੇ ਇਕ ਝੂਠ ਲੁਕਿਆ ਹੋਇਆ ਸੀ। ਅਸਲ ਵਿਚ, ਪਰਮੇਸ਼ੁਰ ਨੇ ਕਿਹਾ ਸੀ ਕਿ ਉਹ ਇਕ ਨੂੰ ਛੱਡ ਕੇ ਬਾਕੀ ਸਾਰੇ ਦਰਖ਼ਤਾਂ ਤੋਂ ਖਾ ਸਕਦੇ ਸਨ। ਆਦਮ ਤੇ ਹੱਵਾਹ ਕੋਲ ਖਾਣ-ਪੀਣ ਲਈ ਵੰਨ-ਸੁਵੰਨੀਆਂ ਚੀਜ਼ਾਂ ਦੀ ਭਰਮਾਰ ਹੋਣੀ। (ਉਤ. 2:9) ਯਹੋਵਾਹ ਸੱਚੀਂ ਖੁੱਲ੍ਹੇ ਦਿਲ ਵਾਲਾ ਹੈ। ਪਰ ਸ਼ੈਤਾਨ ਨੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਸ਼ੈਤਾਨ ਦੇ ਸਵਾਲ ਤੋਂ ਲੱਗਾ ਕਿ ਪਰਮੇਸ਼ੁਰ ਖੁੱਲ੍ਹੇ ਦਿਲ ਵਾਲਾ ਨਹੀਂ ਹੈ। ਹੱਵਾਹ ਨੇ ਸ਼ਾਇਦ ਸੋਚਿਆ ਹੋਵੇ, ‘ਕੀ ਪਰਮੇਸ਼ੁਰ ਸੱਚੀਂ ਮੇਰੇ ਤੋਂ ਕੋਈ ਵਧੀਆ ਚੀਜ਼ ਲੁਕਾ ਰਿਹਾ ਹੈ?’

10. ਸ਼ੈਤਾਨ ਨੇ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਨਾਂ ’ਤੇ ਕਿਹੜੀ ਤੁਹਮਤ ਲਾਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

10 ਜਦੋਂ ਸ਼ੈਤਾਨ ਨੇ ਇਹ ਸਵਾਲ ਪੁੱਛਿਆ ਸੀ, ਤਾਂ ਹੱਵਾਹ ਯਹੋਵਾਹ ਨੂੰ ਆਪਣਾ ਰਾਜਾ ਮੰਨਦੀ ਸੀ। ਉਸ ਨੇ ਪਰਮੇਸ਼ੁਰ ਵੱਲੋਂ ਮਿਲੀ ਸਾਫ਼-ਸਾਫ਼ ਹਿਦਾਇਤ ਦੱਸ ਕੇ ਸ਼ੈਤਾਨ ਨੂੰ ਜਵਾਬ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਤਾਂ ਇਸ ਨੂੰ ਹੱਥ ਵੀ ਨਹੀਂ ਲਾ ਸਕਦੇ। ਉਹ ਪਰਮੇਸ਼ੁਰ ਦੀ ਚੇਤਾਵਨੀ ਜਾਣਦੀ ਸੀ ਕਿ ਅਣਆਗਿਆਕਾਰੀ ਦਾ ਨਤੀਜਾ ਮੌਤ ਸੀ। ਪਰ ਸ਼ੈਤਾਨ ਨੇ ਕਿਹਾ: “ਤੁਸੀਂ ਕਦੀ ਨਾ ਮਰੋਗੇ।” (ਉਤ. 3:2-4) ਸ਼ੈਤਾਨ ਹੁਣ ਗੁੱਝੇ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਸੀ। ਹੁਣ ਉਹ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਨਾਂ ’ਤੇ ਤੁਹਮਤ ਲਾ ਰਿਹਾ ਸੀ ਅਤੇ ਹੱਵਾਹ ਨੂੰ ਕਹਿ ਰਿਹਾ ਸੀ ਕਿ ਯਹੋਵਾਹ ਝੂਠਾ ਹੈ। ਇਸ ਤਰ੍ਹਾਂ ਸ਼ੈਤਾਨ ਤੁਹਮਤਾਂ ਲਾਉਣ ਵਾਲਾ ਬਣ ਗਿਆ। ਹੱਵਾਹ ਨੇ ਸ਼ੈਤਾਨ ’ਤੇ ਵਿਸ਼ਵਾਸ ਕਰ ਲਿਆ ਅਤੇ ਉਹ ਪੂਰੀ ਤਰ੍ਹਾਂ ਉਸ ਦੇ ਬਹਿਕਾਵੇ ਵਿਚ ਆ ਗਈ। (1 ਤਿਮੋ. 2:14) ਉਸ ਨੂੰ ਯਹੋਵਾਹ ਨਾਲੋਂ ਜ਼ਿਆਦਾ ਭਰੋਸਾ ਸ਼ੈਤਾਨ ’ਤੇ ਸੀ। ਇਸ ਕਰਕੇ ਹੱਵਾਹ ਲਈ ਸਭ ਤੋਂ ਮਾੜਾ ਫ਼ੈਸਲਾ ਲੈਣਾ ਹੋਰ ਸੌਖਾ ਹੋ ਗਿਆ, ਉਹ ਸੀ ਯਹੋਵਾਹ ਦੀ ਅਣਆਗਿਆਕਾਰੀ ਕਰਨੀ। ਉਸ ਨੇ ਉਹ ਫਲ ਖਾ ਲਿਆ ਜਿਸ ਨੂੰ ਯਹੋਵਾਹ ਨੇ ਖਾਣ ਤੋਂ ਮਨ੍ਹਾ ਕੀਤਾ ਸੀ ਅਤੇ ਬਾਅਦ ਵਿਚ ਉਸ ਨੇ ਆਦਮ ਨੂੰ ਵੀ ਦਿੱਤਾ।—ਉਤ. 3:6.

11. ਸਾਡੇ ਪਹਿਲੇ ਮਾਪੇ ਕੀ ਕਰ ਸਕਦੇ ਸਨ, ਪਰ ਉਹ ਕੀ ਕਰਨ ਵਿਚ ਨਾਕਾਮ ਹੋਏ?

11 ਜ਼ਰਾ ਕੁਝ ਪਲਾਂ ਲਈ ਸੋਚੋ ਕਿ ਹੱਵਾਹ ਸ਼ੈਤਾਨ ਨੂੰ ਕੀ ਕਹਿ ਸਕਦੀ ਸੀ। ਕਲਪਨਾ ਕਰੋ ਕਿ ਜੇ ਉਸ ਨੇ ਕੁਝ ਇਸ ਤਰ੍ਹਾਂ ਕਿਹਾ ਹੁੰਦਾ: “ਮੈਨੂੰ ਨਹੀਂ ਪਤਾ ਤੂੰ ਕੌਣ ਹੈ, ਪਰ ਮੈਂ ਆਪਣੇ ਪਿਤਾ ਯਹੋਵਾਹ ਨੂੰ ਜਾਣਦੀ ਹਾਂ। ਮੈਂ ਉਸ ਨੂੰ ਪਿਆਰ ਕਰਦੀ ਹਾਂ ਅਤੇ ਉਸ ’ਤੇ ਭਰੋਸਾ ਕਰਦੀ ਹਾਂ। ਉਸ ਨੇ ਮੈਨੂੰ ਤੇ ਆਦਮ ਨੂੰ ਸਾਰਾ ਕੁਝ ਦਿੱਤਾ ਹੈਂ। ਉਸ ਬਾਰੇ ਕੁਝ ਬੁਰਾ ਕਹਿਣ ਦੀ ਤੇਰੀ ਹਿੰਮਤ ਕਿਵੇਂ ਹੋਈ? ਚਲਾ ਜਾ ਇੱਥੋਂ।” ਯਹੋਵਾਹ ਨੂੰ ਆਪਣੀ ਪਿਆਰੀ ਧੀ ਦੇ ਮੂੰਹੋਂ ਅਜਿਹੇ ਵਧੀਆ ਸ਼ਬਦ ਸੁਣ ਕੇ ਕਿੰਨੀ ਖ਼ੁਸ਼ੀ ਹੋਣੀ ਸੀ! (ਕਹਾ. 27:11) ਪਰ ਨਾ ਤਾਂ ਹੱਵਾਹ ਅਤੇ ਨਾ ਹੀ ਆਦਮ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ। ਪਿਆਰ ਦੀ ਕਮੀ ਹੋਣ ਕਰਕੇ ਆਦਮ ਤੇ ਹੱਵਾਹ ਆਪਣੇ ਪਿਤਾ ਦੇ ਨਾਂ ’ਤੇ ਲੱਗਾ ਕਲੰਕ ਮਿਟਾਉਣ ਵਿਚ ਨਾਕਾਮ ਹੋਏ।

12. ਸ਼ੈਤਾਨ ਨੇ ਹੱਵਾਹ ਦੇ ਮਨ ਵਿਚ ਸ਼ੱਕ ਦੇ ਬੀ ਕਿਵੇਂ ਬੀਜਣੇ ਸ਼ੁਰੂ ਕੀਤੇ ਅਤੇ ਆਦਮ ਤੇ ਹੱਵਾਹ ਕੀ ਕਰਨ ਵਿਚ ਨਾਕਾਮ ਹੋਏ?

12 ਜਿੱਦਾਂ ਅਸੀਂ ਦੇਖਿਆ ਕਿ ਸ਼ੈਤਾਨ ਨੇ ਹੱਵਾਹ ਦੇ ਮਨ ਵਿਚ ਸ਼ੱਕ ਦੇ ਬੀ ਬੀਜਣੇ ਸ਼ੁਰੂ ਕਰ ਦਿੱਤੇ ਸਨ। ਸ਼ੈਤਾਨ ਨੇ ਹੱਵਾਹ ਦੇ ਮਨ ਵਿਚ ਯਹੋਵਾਹ ਬਾਰੇ ਸਵਾਲ ਖੜ੍ਹਾ ਕੀਤਾ। ਆਦਮ ਤੇ ਹੱਵਾਹ ਯਹੋਵਾਹ ਦੇ ਨਾਂ ਅਤੇ ਉਸ ਦੀ ਨੇਕਨਾਮੀ ਦੇ ਪੱਖ ਵਿਚ ਬੋਲਣ ਵਿਚ ਨਾਕਾਮ ਹੋਏ। ਇਸ ਕਰਕੇ ਉਨ੍ਹਾਂ ਲਈ ਸ਼ੈਤਾਨ ਦੀ ਗੱਲ ਸੁਣਨੀ ਸੌਖੀ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਸ਼ੈਤਾਨ ਅੱਜ ਵੀ ਇੱਦਾਂ ਦੀਆਂ ਚਾਲਾਂ ਚੱਲਦਾ ਹੈ। ਉਹ ਯਹੋਵਾਹ ਦੇ ਨਾਂ ’ਤੇ ਤੁਹਮਤਾਂ ਲਾ ਕੇ ਇਸ ’ਤੇ ਹਮਲਾ ਕਰਦਾ ਹੈ। ਸ਼ੈਤਾਨ ਦੀਆਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਕਰਨ ਵਾਲੇ ਲੋਕ ਸੌਖਿਆਂ ਹੀ ਯਹੋਵਾਹ ਦੀ ਹਕੂਮਤ ਨੂੰ ਠੁਕਰਾਉਣ ਲਈ ਤਿਆਰ ਹੋ ਜਾਂਦੇ ਹਨ।

ਯਹੋਵਾਹ ਆਪਣੇ ਨਾਂ ਨੂੰ ਪਵਿੱਤਰ ਕਰਦਾ ਹੈ

13. ਹਿਜ਼ਕੀਏਲ 36:23 ਮੁਤਾਬਕ ਬਾਈਬਲ ਦਾ ਮੁੱਖ ਸੰਦੇਸ਼ ਕੀ ਹੈ?

13 ਕੀ ਯਹੋਵਾਹ ਆਪਣੇ ’ਤੇ ਲੱਗੀਆਂ ਤੁਹਮਤਾਂ ਨੂੰ ਚੁੱਪ-ਚਾਪ ਬਰਦਾਸ਼ਤ ਕਰਦਾ ਹੈ? ਨਹੀਂ। ਪੂਰੀ ਬਾਈਬਲ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਆਪਣੇ ਨਾਂ ’ਤੇ ਲੱਗੇ ਕਲੰਕ ਨੂੰ ਕਿਵੇਂ ਮਿਟਾਇਆ। (ਉਤ. 3:15) ਦਰਅਸਲ, ਬਾਈਬਲ ਦਾ ਮੁੱਖ ਸੰਦੇਸ਼ ਇਹ ਹੈ: ਯਹੋਵਾਹ ਆਪਣੇ ਪੁੱਤਰ ਦੇ ਰਾਜ ਦੇ ਜ਼ਰੀਏ ਆਪਣੇ ਨਾਂ ਨੂੰ ਪਵਿੱਤਰ ਕਰੇਗਾ ਅਤੇ ਧਰਤੀ ’ਤੇ ਦੁਬਾਰਾ ਧਾਰਮਿਕਤਾ ਤੇ ਸ਼ਾਂਤੀ ਲਿਆਵੇਗਾ। ਬਾਈਬਲ ਵਿਚ ਪਾਈ ਜਾਂਦੀ ਜਾਣਕਾਰੀ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਯਹੋਵਾਹ ਆਪਣੇ ਨਾਂ ਨੂੰ ਕਿਵੇਂ ਪਵਿੱਤਰ ਕਰੇਗਾ।—ਹਿਜ਼ਕੀਏਲ 36:23 ਪੜ੍ਹੋ।

14. ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਸੰਬੰਧੀ ਯਹੋਵਾਹ ਨੇ ਜੋ ਕੀਤਾ, ਉਸ ਤੋਂ ਉਸ ਦਾ ਨਾਂ ਪਵਿੱਤਰ ਕਿਵੇਂ ਹੋਇਆ?

14 ਸ਼ੈਤਾਨ ਨੇ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਪਰ ਸ਼ੈਤਾਨ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਨੇ ਆਪਣੇ ਕੰਮਾਂ ਰਾਹੀਂ ਸਾਬਤ ਕੀਤਾ ਹੈ ਕਿ ਉਸ ਵਰਗਾ ਕੋਈ ਨਹੀਂ। ਇਹ ਸੱਚ ਹੈ ਕਿ ਸ਼ੈਤਾਨ ਦੀ ਬਗਾਵਤ ਅਤੇ ਉਸ ਦਾ ਸਾਥ ਦੇਣ ਵਾਲਿਆਂ ਕਰਕੇ ਯਹੋਵਾਹ ਨੂੰ ਬਹੁਤ ਦੁੱਖ ਪਹੁੰਚਿਆ। (ਜ਼ਬੂ. 78:40) ਪਰ ਉਸ ਨੇ ਸਮਝਦਾਰੀ, ਧੀਰਜ ਅਤੇ ਇਨਸਾਫ਼ ਨਾਲ ਇਸ ਮਸਲੇ ਦਾ ਹੱਲ ਕੱਢਿਆ। ਉਸ ਨੇ ਅਣਗਿਣਤ ਤਰੀਕਿਆਂ ਨਾਲ ਆਪਣੀ ਤਾਕਤ ਵੀ ਦਿਖਾਈ ਹੈ। ਸਭ ਤੋਂ ਅਹਿਮ ਗੱਲ ਕਿ ਉਹ ਆਪਣੇ ਹਰ ਕੰਮ ਵਿਚ ਪਿਆਰ ਦਿਖਾਉਂਦਾ ਹੈ। (1 ਯੂਹੰ. 4:8) ਆਪਣੇ ਨਾਂ ਨੂੰ ਪਵਿੱਤਰ ਕਰਨ ਲਈ ਯਹੋਵਾਹ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ।

ਸ਼ੈਤਾਨ ਨੇ ਹੱਵਾਹ ਨੂੰ ਯਹੋਵਾਹ ਬਾਰੇ ਝੂਠ ਬੋਲਿਆ ਅਤੇ ਸਦੀਆਂ ਤੋਂ ਸ਼ੈਤਾਨ ਪਰਮੇਸ਼ੁਰ ਦੇ ਨਾਂ ’ਤੇ ਤੁਹਮਤਾਂ ਲਾ ਰਿਹਾ ਹੈ (ਪੈਰੇ 9-10, 15 ਦੇਖੋ) *

15. ਅੱਜ ਸ਼ੈਤਾਨ ਯਹੋਵਾਹ ਦੇ ਨਾਂ ’ਤੇ ਕਿਵੇਂ ਤੁਹਮਤਾਂ ਲਾਉਂਦਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ?

15 ਸ਼ੈਤਾਨ ਅਜੇ ਵੀ ਪਰਮੇਸ਼ੁਰ ਦੇ ਨਾਂ ’ਤੇ ਤੁਹਮਤਾਂ ਲਾਉਂਦਾ ਹੈ। ਉਹ ਲੋਕਾਂ ਦੇ ਮਨ ਵਿਚ ਸ਼ੱਕ ਪੈਦਾ ਕਰਦਾ ਹੈ ਕਿ ਪਰਮੇਸ਼ੁਰ ਸ਼ਕਤੀਸ਼ਾਲੀ, ਬੁੱਧੀਮਾਨ, ਚੰਗਾ ਨਿਆਂਕਾਰ ਅਤੇ ਪਿਆਰ ਕਰਨ ਵਾਲਾ ਨਹੀਂ ਹੈ। ਮਿਸਾਲ ਲਈ, ਸ਼ੈਤਾਨ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਸ੍ਰਿਸ਼ਟੀਕਰਤਾ ਨਹੀਂ ਹੈ। ਨਾਲੇ ਜੇ ਲੋਕ ਮੰਨਦੇ ਹਨ ਕਿ ਰੱਬ ਹੈ, ਤਾਂ ਸ਼ੈਤਾਨ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਬੰਦਸ਼ਾਂ ਲਾਉਣ ਵਾਲਾ ਅਤੇ ਅਨਿਆਈ ਪਰਮੇਸ਼ੁਰ ਹੈ ਉਸ ਦੇ ਮਿਆਰ ਨਾਜਾਇਜ਼ ਹਨ। ਉਹ ਤਾਂ ਲੋਕਾਂ ਨੂੰ ਇਹ ਵੀ ਸਿਖਾਉਂਦਾ ਹੈ ਕਿ ਯਹੋਵਾਹ ਬੇਰਹਿਮ ਤੇ ਜ਼ਾਲਮ ਹੈ ਅਤੇ ਲੋਕਾਂ ਨੂੰ ਨਰਕ ਦੀ ਅੱਗ ਵਿਚ ਸਾੜਦਾ ਹੈ। ਜਦੋਂ ਲੋਕ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਕਰਦੇ ਹਨ, ਤਾਂ ਉਨ੍ਹਾਂ ਲਈ ਯਹੋਵਾਹ ਦੀ ਹਕੂਮਤ ਨੂੰ ਠੁਕਰਾਉਣਾ ਸੌਖਾ ਹੋ ਜਾਂਦਾ ਹੈ। ਜਦੋਂ ਤਕ ਸ਼ੈਤਾਨ ਦਾ ਨਾਸ਼ ਨਹੀਂ ਹੋ ਜਾਂਦਾ, ਉਦੋਂ ਤਕ ਉਹ ਪਰਮੇਸ਼ੁਰ ਦੇ ਨਾਂ ’ਤੇ ਤੁਹਮਤਾਂ ਲਾਉਂਦਾ ਰਹੇਗਾ ਅਤੇ ਤੁਹਾਨੂੰ ਆਪਣੇ ਨਿਸ਼ਾਨੇ ’ਤੇ ਰੱਖੇਗਾ। ਕੀ ਉਹ ਸਫ਼ਲ ਹੋਵੇਗਾ?

ਅਹਿਮ ਮਸਲੇ ਵਿਚ ਤੁਹਾਡੀ ਭੂਮਿਕਾ

16. ਤੁਸੀਂ ਕੀ ਕਰ ਸਕਦੇ ਹੋ ਜੋ ਆਦਮ ਤੇ ਹੱਵਾਹ ਕਰਨ ਵਿਚ ਨਾਕਾਮ ਹੋਏ?

16 ਯਹੋਵਾਹ ਪਾਪੀ ਇਨਸਾਨਾਂ ਨੂੰ ਉਸ ਦੇ ਨਾਂ ਨੂੰ ਪਵਿੱਤਰ ਕਰਨ ਦਾ ਮੌਕਾ ਦਿੰਦਾ ਹੈ। ਦਰਅਸਲ, ਤੁਸੀਂ ਉਹ ਕਰ ਸਕਦੇ ਹੋ ਜੋ ਆਦਮ ਤੇ ਹੱਵਾਹ ਕਰਨ ਵਿਚ ਨਾਕਾਮ ਹੋਏ। ਅੱਜ ਚਾਹੇ ਦੁਨੀਆਂ ਅਜਿਹੇ ਲੋਕਾਂ ਨਾਲ ਭਰੀ ਹੋਈ ਹੈ ਜੋ ਯਹੋਵਾਹ ਦੇ ਨਾਂ ’ਤੇ ਤੁਹਮਤਾਂ ਲਾਉਂਦੇ ਹਨ ਅਤੇ ਨਿੰਦਿਆ ਕਰਦੇ ਹਨ। ਪਰ ਤੁਹਾਡੇ ਕੋਲ ਉਸ ਦੇ ਨਾਂ ਦੇ ਪੱਖ ਵਿਚ ਬੋਲਣ ਦਾ ਮੌਕਾ ਹੈ ਯਾਨੀ ਤੁਸੀਂ ਦੱਸ ਸਕਦੇ ਹੋ ਕਿ ਯਹੋਵਾਹ ਪਵਿੱਤਰ, ਧਰਮੀ, ਭਲਾ ਅਤੇ ਪਿਆਰ ਕਰਨ ਵਾਲਾ ਹੈ। (ਯਸਾ. 29:23) ਤੁਸੀਂ ਉਸ ਦੇ ਰਾਜ ਦਾ ਪੱਖ ਲੈ ਸਕਦੇ ਹੋ। ਤੁਸੀਂ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਸਿਰਫ਼ ਯਹੋਵਾਹ ਦਾ ਰਾਜ ਹੀ ਧਰਮੀ ਹੈ ਅਤੇ ਸਿਰਫ਼ ਉਹੀ ਸਾਰਿਆਂ ਲਈ ਸ਼ਾਂਤੀ ਤੇ ਖ਼ੁਸ਼ੀ ਲਿਆਵੇਗਾ।—ਜ਼ਬੂ. 37:9, 37; 146:5, 6, 10.

17. ਯਿਸੂ ਨੇ ਆਪਣੇ ਪਿਤਾ ਦੇ ਨਾਂ ਬਾਰੇ ਕਿਵੇਂ ਦੱਸਿਆ?

17 ਯਹੋਵਾਹ ਦੇ ਨਾਂ ਦਾ ਪੱਖ ਲੈ ਕੇ ਅਸੀਂ ਯਿਸੂ ਦੀ ਰੀਸ ਕਰਦੇ ਹਾਂ। (ਯੂਹੰ. 17:26) ਯਿਸੂ ਨੇ ਸਿਰਫ਼ ਆਪਣੇ ਪਿਤਾ ਦਾ ਨਾਂ ਹੀ ਨਹੀਂ ਦੱਸਿਆ, ਸਗੋਂ ਉਹ ਉਸ ਦੀ ਨੇਕਨਾਮੀ ਦੇ ਪੱਖ ਵਿਚ ਵੀ ਬੋਲਿਆ। ਮਿਸਾਲ ਲਈ, ਉਹ ਫ਼ਰੀਸੀਆਂ ਤੋਂ ਬਿਲਕੁਲ ਉਲਟ ਸੀ ਜੋ ਦੱਸਦੇ ਸਨ ਕਿ ਯਹੋਵਾਹ ਬੇਰਹਿਮ, ਹੱਦੋਂ ਵੱਧ ਮੰਗ ਕਰਨ ਵਾਲਾ ਅਤੇ ਇਨਸਾਨਾਂ ਤੋਂ ਕੋਸਾਂ ਦੂਰ ਰਹਿਣ ਵਾਲਾ ਹੈ। ਪਰ ਯਿਸੂ ਨੇ ਲੋਕਾਂ ਦੀ ਇਹ ਦੇਖਣ ਵਿਚ ਮਦਦ ਕੀਤੀ ਕਿ ਉਸ ਦਾ ਪਿਤਾ ਹੱਦੋਂ ਵੱਧ ਨਹੀਂ ਮੰਗਦਾ, ਸਗੋਂ ਉਹ ਧੀਰਜ, ਪਿਆਰ ਤੇ ਮਾਫ਼ ਕਰਨ ਵਾਲਾ ਹੈ। ਨਾਲੇ ਉਸ ਨੇ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਆਪਣੇ ਪਿਤਾ ਦੇ ਗੁਣਾਂ ਦੀ ਹੂ-ਬਹੂ ਰੀਸ ਕਰ ਕੇ ਲੋਕਾਂ ਦੀ ਉਸ ਨੂੰ ਜਾਣਨ ਵਿਚ ਵੀ ਮਦਦ ਕੀਤੀ।—ਯੂਹੰ. 14:9.

18. ਅਸੀਂ ਯਹੋਵਾਹ ਬਾਰੇ ਫੈਲਾਈਆਂ ਝੂਠੀਆਂ ਗੱਲਾਂ ਅਤੇ ਤੁਹਮਤਾਂ ਨੂੰ ਕਿਵੇਂ ਗ਼ਲਤ ਸਾਬਤ ਕਰਦੇ ਹਾਂ?

18 ਯਿਸੂ ਵਾਂਗ ਅਸੀਂ ਵੀ ਯਹੋਵਾਹ ਬਾਰੇ ਦੱਸੀਆਂ ਗੱਲਾਂ ਲੋਕਾਂ ਨੂੰ ਸਿਖਾ ਸਕਦੇ ਹਾਂ ਕਿ ਉਹ ਪਿਆਰ ਤੇ ਦਇਆ ਕਰਨ ਵਾਲਾ ਹੈ। ਇੱਦਾਂ ਕਰ ਕੇ ਅਸੀਂ ਯਹੋਵਾਹ ਬਾਰੇ ਫੈਲਾਈਆਂ ਝੂਠੀਆਂ ਗੱਲਾਂ ਤੇ ਤੁਹਮਤਾਂ ਨੂੰ ਗ਼ਲਤ ਸਾਬਤ ਕਰਦੇ ਹਾਂ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਦੇ ਹਾਂ। ਅਸੀਂ ਵੀ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਭਾਵੇਂ ਅਸੀਂ ਪਾਪੀ ਹਾਂ, ਪਰ ਫਿਰ ਵੀ ਸਾਡੇ ਲਈ ਇੱਦਾਂ ਕਰਨਾ ਮੁਮਕਿਨ ਹੈ। (ਅਫ਼. 5:1, 2) ਜਦੋਂ ਅਸੀਂ ਲੋਕਾਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਉਂਦੇ ਹਾਂ ਕਿ ਯਹੋਵਾਹ ਕਿਸ ਤਰ੍ਹਾਂ ਦਾ ਹੈ, ਤਾਂ ਅਸੀਂ ਉਸ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਹਿੱਸਾ ਪਾਉਂਦੇ ਹਾਂ। ਜਦੋਂ ਅਸੀਂ ਉਨ੍ਹਾਂ ਦੀ ਯਹੋਵਾਹ ਬਾਰੇ ਸੱਚਾਈ ਸਿੱਖਣ ਵਿਚ ਮਦਦ ਕਰਦੇ ਹਾਂ, ਤਾਂ ਅਸੀਂ ਉਸ ਦਾ ਨਾਂ ਉੱਚਾ ਕਰਦੇ ਹਾਂ। * ਅਸੀਂ ਇਹ ਵੀ ਸਾਬਤ ਕਰਦੇ ਹਾਂ ਕਿ ਪਾਪੀ ਇਨਸਾਨ ਵੀ ਖਰਿਆਈ ਬਣਾਈ ਰੱਖ ਸਕਦੇ ਹਨ।—ਅੱਯੂ. 27:5.

ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਯਹੋਵਾਹ ਦੇ ਵਧੀਆ ਗੁਣਾਂ ਨੂੰ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ (ਪੈਰੇ 18-19 ਦੇਖੋ) *

19. ਯਸਾਯਾਹ 63:7 ਮੁਤਾਬਕ ਸਾਡੇ ਸਿਖਾਉਣ ਦਾ ਮੁੱਖ ਮਕਸਦ ਕੀ ਹੋਣਾ ਚਾਹੀਦਾ ਹੈ?

19 ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਲਈ ਕੁਝ ਹੋਰ ਵੀ ਕਰ ਸਕਦੇ ਹਾਂ। ਜਦੋਂ ਅਸੀਂ ਦੂਜਿਆਂ ਨੂੰ ਬਾਈਬਲ ਸੱਚਾਈਆਂ ਸਿਖਾਉਂਦੇ ਹਾਂ, ਤਾਂ ਅਸੀਂ ਅਕਸਰ ਇਸ ਗੱਲ ’ਤੇ ਜ਼ੋਰ ਦਿੰਦੇ ਹਾਂ ਕਿ ਯਹੋਵਾਹ ਨੂੰ ਹੀ ਬ੍ਰਹਿਮੰਡ ’ਤੇ ਰਾਜ ਕਰਨ ਦਾ ਹੱਕ ਹੈ ਅਤੇ ਇਹ ਗੱਲ ਬਿਲਕੁਲ ਸੱਚ ਹੈ। ਚਾਹੇ ਪਰਮੇਸ਼ੁਰ ਦੇ ਕਾਨੂੰਨਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਲੋਕ ਯਹੋਵਾਹ ਸਾਡੇ ਪਿਤਾ ਨੂੰ ਪਿਆਰ ਕਰਨ ਅਤੇ ਉਸ ਦੇ ਵਫ਼ਾਦਾਰ ਰਹਿਣ। ਇਸ ਲਈ ਸਾਨੂੰ ਉਸ ਦੇ ਵਧੀਆ ਗੁਣਾਂ ਉੱਤੇ ਜ਼ੋਰ ਦੇਣ ਦੀ ਲੋੜ ਹੈ, ਤਾਂਕਿ ਲੋਕ ਜਾਣ ਸਕਣ ਕਿ ਯਹੋਵਾਹ ਨਾਂ ਦਾ ਪਰਮੇਸ਼ੁਰ ਕਿਹੋ ਜਿਹਾ ਸ਼ਖ਼ਸ ਹੈ। (ਯਸਾਯਾਹ 63:7 ਪੜ੍ਹੋ।) ਜਦੋਂ ਲੋਕ ਯਹੋਵਾਹ ਬਾਰੇ ਇਹ ਸਭ ਸਿੱਖਣਗੇ, ਤਾਂ ਉਹ ਉਸ ਨੂੰ ਪਿਆਰ ਕਰਨਗੇ ਤੇ ਉਸ ਦੇ ਆਗਿਆਕਾਰ ਰਹਿਣਗੇ। ਨਤੀਜੇ ਵਜੋਂ, ਉਹ ਕਦੇ ਵੀ ਯਹੋਵਾਹ ਨੂੰ ਨਹੀਂ ਛੱਡਣਗੇ।

20. ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?

20 ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਸਾਡੇ ਚਾਲ-ਚਲਣ ਅਤੇ ਸਿਖਾਉਣ ਦੇ ਤਰੀਕੇ ਤੋਂ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ ਅਤੇ ਦੂਸਰੇ ਲੋਕ ਉਸ ਵੱਲ ਖਿੱਚੇ ਆਉਣ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

ਗੀਤ 138 ਯਹੋਵਾਹ ਤੇਰਾ ਨਾਮ

^ ਪੈਰਾ 5 ਅੱਜ ਦੂਤ ਅਤੇ ਇਨਸਾਨ ਕਿਹੜੇ ਅਹਿਮ ਮਸਲੇ ਦਾ ਸਾਮ੍ਹਣਾ ਕਰ ਰਹੇ ਹਨ? ਇਹ ਮਸਲਾ ਅਹਿਮ ਕਿਉਂ ਹੈ ਅਤੇ ਇਸ ਨੂੰ ਸੁਲਝਾਉਣ ਵਿਚ ਅਸੀਂ ਕਿਹੜੀ ਭੂਮਿਕਾ ਨਿਭਾਉਂਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਨਾਲ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਨ ਵਿਚ ਸਾਡੀ ਮਦਦ ਹੋਵੇਗੀ।

^ ਪੈਰਾ 18 ਕਦੀ-ਕਦਾਈਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਿਸੇ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਪਰਮੇਸ਼ੁਰ ਇਸ ਨਾਂ ਦਾ ਹੱਕਦਾਰ ਨਹੀਂ ਹੈ। ਪਰ 2017 ਦੀ ਸਾਲਾਨਾ ਸਭਾ ਵਿਚ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਸੀ। ਚੇਅਰਮੈਨ ਨੇ ਕਿਹਾ: “ਇਹ ਕਹਿਣਾ ਗ਼ਲਤ ਨਹੀਂ ਹੈ ਕਿ ਅਸੀਂ ਯਹੋਵਾਹ ਦੇ ਨਾਂ ਦੇ ਲੱਗੇ ਕਲੰਕ ਨੂੰ ਮਿਟਾਉਣ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਉਸ ਦੀ ਨੇਕਨਾਮੀ ’ਤੇ ਹਮਲਾ ਹੋਇਆ ਹੈ।”—jw.org® ’ਤੇ ਜਨਵਰੀ 2018 (ਹਿੰਦੀ) ਦਾ ਪ੍ਰੋਗ੍ਰਾਮ ਦੇਖੋ। “ਲਾਇਬ੍ਰੇਰੀ” > “JW ਬ੍ਰਾਡਕਾਸਟਿੰਗ” ਹੇਠਾਂ ਦੇਖੋ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ਪਰਮੇਸ਼ੁਰ ਝੂਠਾ ਹੈ। ਇਹ ਕਹਿ ਕੇ ਉਸ ਨੇ ਪਰਮੇਸ਼ੁਰ ’ਤੇ ਤੁਹਮਤ ਲਾਈ। ਸਦੀਆਂ ਤੋਂ ਸ਼ੈਤਾਨ ਨੇ ਝੂਠੀਆਂ ਗੱਲਾਂ ਫੈਲਾਈਆਂ ਹਨ, ਜਿਵੇਂ ਪਰਮੇਸ਼ੁਰ ਜ਼ਾਲਮ ਹੈ ਅਤੇ ਉਸ ਨੇ ਇਨਸਾਨਾਂ ਨੂੰ ਨਹੀਂ ਬਣਾਇਆ।

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਬਾਈਬਲ ਸਟੱਡੀ ਕਰਾਉਂਦਿਆਂ ਪਰਮੇਸ਼ੁਰ ਦੇ ਗੁਣਾਂ ’ਤੇ ਜ਼ੋਰ ਦਿੰਦਾ ਹੋਇਆ।