Skip to content

Skip to table of contents

ਅਧਿਐਨ ਲੇਖ 24

“ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ”

“ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ”

“ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ। ਹੇ ਪ੍ਰਭੁ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ।”—ਜ਼ਬੂ. 86:11, 12.

ਗੀਤ 23 ਯਹੋਵਾਹ ਸਾਡਾ ਬਲ

ਖ਼ਾਸ ਗੱਲਾਂ *

1. (ੳ) ਯਹੋਵਾਹ ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ? (ਅ) ਉਸ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਡਰ ਰੱਖਣਾ ਕਿਉਂ ਜ਼ਰੂਰੀ ਹੈ?

ਪਰਮੇਸ਼ੁਰ ਨੂੰ ਪਿਆਰ ਕਰਨ ਦੇ ਨਾਲ-ਨਾਲ ਮਸੀਹੀ ਉਸ ਦਾ ਭੈ ਜਾਂ ਡਰ ਵੀ ਰੱਖਦੇ ਹਨ। ਕੁਝ ਲੋਕਾਂ ਨੂੰ ਸ਼ਾਇਦ ਇਹ ਗੱਲ ਅਜੀਬ ਲੱਗੇ। ਅਸੀਂ ਦਹਿਸ਼ਤ ਵਾਲੇ ਡਰ ਦੀ ਗੱਲ ਨਹੀਂ, ਸਗੋਂ ਅਜਿਹੇ ਡਰ ਦੀ ਗੱਲ ਕਰ ਰਹੇ ਹਾਂ ਜਿਸ ਨਾਲ ਲੋਕਾਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਸ਼ਰਧਾ ਅਤੇ ਗਹਿਰਾ ਆਦਰ ਪੈਦਾ ਹੁੰਦਾ ਹੈ। ਉਹ ਪਰਮੇਸ਼ੁਰ ਨਾਲ ਆਪਣੀ ਦੋਸਤੀ ਤੋੜਨੀ ਨਹੀਂ ਚਾਹੁੰਦੇ। ਇਸ ਲਈ ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰਨ ਜਿਸ ਨਾਲ ਉਨ੍ਹਾਂ ਦਾ ਸਵਰਗੀ ਪਿਤਾ ਨਾਰਾਜ਼ ਹੋਵੇ।—ਜ਼ਬੂ. 111:10; ਕਹਾ. 8:13.

2. ਜ਼ਬੂਰ 86:11 ਮੁਤਾਬਕ ਅਸੀਂ ਕਿਹੜੀਆਂ ਦੋ ਗੱਲਾਂ ਉੱਤੇ ਗੌਰ ਕਰਾਂਗੇ?

2 ਜ਼ਬੂਰ 86:11 ਪੜ੍ਹੋ। ਇਨ੍ਹਾਂ ਸ਼ਬਦਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਪਰਮੇਸ਼ੁਰ ਦਾ ਡਰ ਰੱਖਣ ਦੀ ਅਹਿਮੀਅਤ ਜਾਣਦਾ ਸੀ। ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖੇ ਦਾਊਦ ਦੇ ਸ਼ਬਦਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ। ਪਹਿਲਾ, ਅਸੀਂ ਕੁਝ ਕਾਰਨਾਂ ਉੱਤੇ ਗੌਰ ਕਰਾਂਗੇ ਕਿ ਸਾਨੂੰ ਪਰਮੇਸ਼ੁਰ ਦੇ ਨਾਮ ਦਾ ਗਹਿਰਾ ਆਦਰ ਕਿਉਂ ਕਰਨਾ ਚਾਹੀਦਾ ਹੈ। ਦੂਜਾ, ਅਸੀਂ ਚਰਚਾ ਕਰਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਨਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ।

ਯਹੋਵਾਹ ਦੇ ਨਾਮ ਦਾ ਗਹਿਰਾ ਆਦਰ ਕਿਉਂ ਕਰੀਏ?

3. ਸ਼ਾਇਦ ਕਿਸ ਗੱਲ ਨੇ ਮੂਸਾ ਨੂੰ ਪਰਮੇਸ਼ੁਰ ਦੇ ਨਾਂ ਲਈ ਗਹਿਰਾ ਆਦਰ ਰੱਖਣ ਲਈ ਪ੍ਰੇਰਿਆ?

3 ਸੋਚੋ ਕਿ ਮੂਸਾ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਹ ਇਕ ਚਟਾਨ ਦੀ ਖੁੰਦਰ ਵਿਚ ਸੀ ਅਤੇ ਉਸ ਨੇ ਇਕ ਦਰਸ਼ਣ ਰਾਹੀਂ ਯਹੋਵਾਹ ਦੀ ਮਹਿਮਾ ਦੇਖੀ। ਇਕ ਇਨਸਾਨ ਲਈ ਇਹ ਕਿੰਨਾ ਸ਼ਾਨਦਾਰ ਨਜ਼ਾਰਾ ਸੀ! ਮੂਸਾ ਨੇ ਦੂਤ ਦੇ ਕਹੇ ਇਹ ਸ਼ਬਦ ਸੁਣੇ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ।” (ਕੂਚ 33:17-23; 34:5-7) ਜਦੋਂ ਵੀ ਮੂਸਾ ਯਹੋਵਾਹ ਦਾ ਨਾਮ ਲੈਂਦਾ ਹੋਣਾ, ਤਾਂ ਉਸ ਦੇ ਮਨ ਵਿਚ ਇਹ ਦਰਸ਼ਣ ਤਾਜ਼ਾ ਹੋ ਜਾਂਦਾ ਹੋਣਾ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਅਦ ਵਿਚ ਮੂਸਾ ਨੇ ਇਜ਼ਰਾਈਲੀਆਂ ਨੂੰ ਖ਼ਬਰਦਾਰ ਕੀਤਾ ਕਿ ਉਹ “ਏਸ ਪਰਤਾਪ ਵਾਲੇ ਅਤੇ ਭੈ ਦਾਇਕ ਨਾਮ” ਤੋਂ ਡਰਨ।—ਬਿਵ. 28:58.

4. ਕਿਨ੍ਹਾਂ ਗੁਣਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡਾ ਦਿਲ ਯਹੋਵਾਹ ਦਾ ਹੋਰ ਆਦਰ ਕਰਨ ਲਈ ਪ੍ਰੇਰਿਤ ਹੋ ਸਕਦਾ ਹੈ?

4 ਯਹੋਵਾਹ ਦੇ ਨਾਂ ’ਤੇ ਸੋਚ-ਵਿਚਾਰ ਕਰਦਿਆਂ ਸਾਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਉਹ ਕਿਹੋ ਜਿਹਾ ਸ਼ਖ਼ਸ ਹੈ। ਸਾਨੂੰ ਉਸ ਦੇ ਗੁਣਾਂ ਬਾਰੇ ਸੋਚਣ ਦੀ ਲੋੜ ਹੈ, ਜਿਵੇਂ ਸ਼ਕਤੀ, ਬੁੱਧ, ਨਿਆਂ ਅਤੇ ਪਿਆਰ। ਇਨ੍ਹਾਂ ਅਤੇ ਹੋਰ ਗੁਣਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡਾ ਦਿਲ ਪਰਮੇਸ਼ੁਰ ਦਾ ਹੋਰ ਆਦਰ ਕਰਨ ਲਈ ਪ੍ਰੇਰਿਤ ਹੋ ਸਕਦਾ ਹੈ।—ਜ਼ਬੂ. 77:11-15.

5-6. (ੳ) ਪਰਮੇਸ਼ੁਰ ਦੇ ਨਾਂ ਦਾ ਕੀ ਮਤਲਬ ਹੈ? (ਅ) ਕੂਚ 3:13, 14 ਅਤੇ ਯਸਾਯਾਹ 64:8 ਅਨੁਸਾਰ ਯਹੋਵਾਹ ਆਪਣੀ ਇੱਛਾ ਕਿਵੇਂ ਪੂਰੀ ਕਰਦਾ ਹੈ?

5 ਅਸੀਂ ਪਰਮੇਸ਼ੁਰ ਦੇ ਨਾਂ ਦੇ ਮਤਲਬ ਬਾਰੇ ਕੀ ਜਾਣਦੇ ਹਾਂ? ਕਈ ਵਿਦਵਾਨ ਮੰਨਦੇ ਹਨ ਕਿ ਯਹੋਵਾਹ ਦੇ ਨਾਮ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਸ ਦਾ ਮਤਲਬ ਹੈ ਕਿ ਕੋਈ ਵੀ ਚੀਜ਼ ਯਹੋਵਾਹ ਨੂੰ ਆਪਣੀ ਇੱਛਾ ਪੂਰੀ ਕਰਨ ਤੋਂ ਰੋਕ ਨਹੀਂ ਸਕਦੀ ਅਤੇ ਉਹ ਕੁਝ ਵੀ ਕਰਵਾ ਸਕਦਾ ਹੈ। ਉਹ ਕਿਵੇਂ?

6 ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਜੋ ਚਾਹੇ ਬਣ ਸਕਦਾ ਹੈ। (ਕੂਚ 3:13, 14 ਪੜ੍ਹੋ।) ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਸਾਨੂੰ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਇਸ ਸ਼ਾਨਦਾਰ ਪਹਿਲੂ ਬਾਰੇ ਸੋਚਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਯਹੋਵਾਹ ਆਪਣੇ ਨਾਮੁਕੰਮਲ ਸੇਵਕਾਂ ਨੂੰ ਵੀ ਜੋ ਚਾਹੇ ਬਣਾ ਸਕਦਾ ਹੈ ਤਾਂਕਿ ਉਹ ਉਸ ਦੀ ਸੇਵਾ ਕਰ ਸਕਣ ਅਤੇ ਉਸ ਦਾ ਮਕਸਦ ਪੂਰਾ ਕਰ ਸਕਣ। (ਯਸਾਯਾਹ 64:8 ਪੜ੍ਹੋ।) ਇਨ੍ਹਾਂ ਤਰੀਕਿਆਂ ਰਾਹੀਂ ਯਹੋਵਾਹ ਆਪਣੀ ਇੱਛਾ ਪੂਰੀ ਕਰਦਾ ਹੈ। ਕੋਈ ਵੀ ਚੀਜ਼ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ।—ਯਸਾ. 46:10, 11.

7. ਅਸੀਂ ਆਪਣੇ ਪਿਤਾ ਲਈ ਹੋਰ ਕਦਰਦਾਨੀ ਕਿਵੇਂ ਵਧਾ ਸਕਦੇ ਹਾਂ?

7 ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਪਰਮੇਸ਼ੁਰ ਨੇ ਕੀ ਕੁਝ ਕੀਤਾ ਹੈ ਅਤੇ ਉਸ ਨੇ ਸਾਨੂੰ ਕੀ ਕੁਝ ਕਰਨ ਦੇ ਕਾਬਲ ਬਣਾਇਆ ਹੈ, ਤਾਂ ਉਸ ਲਈ ਸਾਡੀ ਕਦਰਦਾਨੀ ਹੋਰ ਵੀ ਵਧਦੀ ਹੈ। ਮਿਸਾਲ ਲਈ, ਯਹੋਵਾਹ ਵੱਲੋਂ ਬਣਾਈਆਂ ਚੀਜ਼ਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। (ਜ਼ਬੂ. 8:3, 4) ਨਾਲੇ ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਆਪਣੀ ਇੱਛਾ ਪੂਰੀ ਕਰਨ ਲਈ ਸਾਨੂੰ ਕੀ-ਕੀ ਕਰਨ ਦੇ ਕਾਬਲ ਬਣਾਇਆ ਹੈ, ਤਾਂ ਸਾਡਾ ਦਿਲ ਉਸ ਲਈ ਆਦਰ ਨਾਲ ਭਰ ਜਾਂਦਾ ਹੈ। ਯਹੋਵਾਹ ਦਾ ਨਾਂ ਵਾਕਈ ਲਾਜਵਾਬ ਹੈ! ਇਸ ਨਾਂ ਤੋਂ ਪਤਾ ਲੱਗਦਾ ਕਿ ਸਾਡਾ ਪਿਤਾ ਕਿਹੋ ਜਿਹਾ ਹੈ, ਉਸ ਨੇ ਕੀ ਕੁਝ ਕੀਤਾ ਹੈ ਅਤੇ ਉਹ ਕੀ-ਕੀ ਕਰੇਗਾ।—ਜ਼ਬੂ. 89:7, 8.

“ਮੈਂ ਤਾਂ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ”

ਮੂਸਾ ਦੀਆਂ ਸਿੱਖਿਆਵਾਂ ਤੋਂ ਤਾਜ਼ਗੀ ਮਿਲਦੀ ਸੀ। ਉਸ ਦੀਆਂ ਸਿੱਖਿਆਵਾਂ ਯਹੋਵਾਹ ਪਰਮੇਸ਼ੁਰ ਦੇ ਨਾਂ ਅਤੇ ਸ਼ਖ਼ਸੀਅਤ ’ਤੇ ਜ਼ੋਰ ਦਿੰਦੀਆਂ ਸਨ (ਪੈਰਾ 8 ਦੇਖੋ) *

8. ਬਿਵਸਥਾ ਸਾਰ 32:2, 3 ਅਨੁਸਾਰ ਯਹੋਵਾਹ ਆਪਣੇ ਨਾਂ ਸੰਬੰਧੀ ਕੀ ਚਾਹੁੰਦਾ ਹੈ?

8 ਇਜ਼ਰਾਈਲੀਆਂ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਥੋੜ੍ਹਾ ਸਮਾਂ ਪਹਿਲਾਂ ਯਹੋਵਾਹ ਨੇ ਮੂਸਾ ਨੂੰ ਇਕ ਗੀਤ ਸਿਖਾਇਆ। (ਬਿਵ. 31:19) ਬਾਅਦ ਵਿਚ, ਮੂਸਾ ਨੇ ਇਹ ਗੀਤ ਲੋਕਾਂ ਨੂੰ ਸਿਖਾਉਣਾ ਸੀ। (ਬਿਵਸਥਾ ਸਾਰ 32:2, 3 ਪੜ੍ਹੋ।) ਆਇਤ 2 ਅਤੇ 3 ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਇਹ ਨਹੀਂ ਚਾਹੁੰਦਾ ਕਿ ਉਸ ਦਾ ਨਾਂ ਲੁਕਿਆ ਰਹੇ। ਕਈ ਲੋਕ ਸੋਚਦੇ ਹਨ ਕਿ ਇਹ ਨਾਮ ਇੰਨਾ ਪਵਿੱਤਰ ਹੈ ਕਿ ਇਸ ਨੂੰ ਲੈਣਾ ਨਹੀਂ ਚਾਹੀਦਾ। ਪਰ ਯਹੋਵਾਹ ਚਾਹੁੰਦਾ ਹੈ ਕਿ ਸਾਰਿਆਂ ਨੂੰ ਉਸ ਦਾ ਨਾਂ ਪਤਾ ਲੱਗੇ! ਇਜ਼ਰਾਈਲੀਆਂ ਕੋਲ ਯਹੋਵਾਹ ਅਤੇ ਉਸ ਦੇ ਲਾਜਵਾਬ ਨਾਮ ਬਾਰੇ ਸਿੱਖਣਾ ਦਾ ਕਿੰਨਾ ਹੀ ਵੱਡਾ ਸਨਮਾਨ ਸੀ। ਮੂਸਾ ਨੇ ਇਜ਼ਰਾਈਲੀਆਂ ਨੂੰ ਜੋ ਸਿਖਾਇਆ, ਉਸ ਤੋਂ ਉਹ ਤਕੜੇ ਹੋਏ ਅਤੇ ਉਨ੍ਹਾਂ ਨੂੰ ਤਾਜ਼ਗੀ ਮਿਲੀ ਜਿਵੇਂ ਹਲਕੇ-ਹਲਕੇ ਮੀਂਹ ਨਾਲ ਪੇੜ-ਪੌਦਿਆਂ ਨੂੰ ਮਿਲਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿੱਖਿਆ ਦਾ ਵੀ ਇਹੀ ਅਸਰ ਹੋਵੇ। ਪਰ ਕਿਵੇਂ?

9. ਅਸੀਂ ਯਹੋਵਾਹ ਦਾ ਨਾਮ ਪਵਿੱਤਰ ਕਰਨ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ?

9 ਘਰ-ਘਰ ਪ੍ਰਚਾਰ ਕਰਦਿਆਂ ਜਾਂ ਮੌਕਾ ਮਿਲਣ ’ਤੇ ਗਵਾਹੀ ਦਿੰਦਿਆਂ ਅਸੀਂ ਦੂਜਿਆਂ ਨੂੰ ਬਾਈਬਲ ਵਿੱਚੋਂ ਯਹੋਵਾਹ ਦਾ ਨਾਂ ਦਿਖਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਸਾਡੇ ਪ੍ਰਕਾਸ਼ਨਾਂ, ਵੀਡੀਓ ਅਤੇ ਸਾਡੀ ਵੈੱਬਸਾਈਟ ਉੱਤੇ ਮਿਲਦੀ ਜਾਣਕਾਰੀ ਬਾਰੇ ਦੱਸ ਸਕਦੇ ਹਾਂ ਜਿਸ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ। ਸਕੂਲ ਵਿਚ, ਕੰਮ ’ਤੇ ਜਾਂ ਸਫ਼ਰ ਦੌਰਾਨ ਸਾਨੂੰ ਸ਼ਾਇਦ ਆਪਣੇ ਪਿਆਰੇ ਪਰਮੇਸ਼ੁਰ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਦੱਸਣ ਦੇ ਮੌਕੇ ਮਿਲਣ। ਜਦੋਂ ਅਸੀਂ ਦੂਜਿਆਂ ਨੂੰ ਧਰਤੀ ਤੇ ਮਨੁੱਖਜਾਤੀ ਲਈ ਯਹੋਵਾਹ ਦੇ ਮਕਸਦ ਬਾਰੇ ਦੱਸਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਯਹੋਵਾਹ ਬਾਰੇ ਉਹ ਗੱਲਾਂ ਸਿਖਾਉਂਦੇ ਹਾਂ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀਆਂ ਹੁੰਦੀਆਂ। ਦੂਜਿਆਂ ਨੂੰ ਆਪਣੇ ਪਿਆਰੇ ਪਿਤਾ ਬਾਰੇ ਦੱਸ ਕੇ ਅਸੀਂ ਪਰਮੇਸ਼ੁਰ ਦੇ ਨਾਮ ਨੂੰ ਪਵਿੱਤਰ ਕਰਨ ਵਿਚ ਯੋਗਦਾਨ ਪਾ ਰਹੇ ਹੁੰਦੇ ਹਾਂ। ਅਸੀਂ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹਾਂ ਕਿ ਪਰਮੇਸ਼ੁਰ ਬਾਰੇ ਉਨ੍ਹਾਂ ਨੂੰ ਝੂਠ ਸਿਖਾਇਆ ਗਿਆ ਹੈ। ਅਸੀਂ ਲੋਕਾਂ ਨੂੰ ਬਾਈਬਲ ਤੋਂ ਜੋ ਸਿਖਾਉਂਦੇ ਹਾਂ, ਉਸ ਤੋਂ ਉਨ੍ਹਾਂ ਨੂੰ ਤਾਜ਼ਗੀ ਮਿਲਦੀ ਹੈ।—ਯਸਾ. 65:13, 14.

10. ਵਿਦਿਆਰਥੀਆਂ ਨੂੰ ਸਿਰਫ਼ ਪਰਮੇਸ਼ੁਰ ਦੇ ਮਿਆਰ ਸਿਖਾਉਣੇ ਹੀ ਕਾਫ਼ੀ ਕਿਉਂ ਨਹੀਂ ਹਨ?

10 ਬਾਈਬਲ ਅਧਿਐਨ ਕਰਾਉਂਦਿਆਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਯਹੋਵਾਹ ਦਾ ਨਾਂ ਜਾਣਨ ਅਤੇ ਇਸ ਨੂੰ ਵਰਤਣ। ਨਾਲੇ ਅਸੀਂ ਇਸ ਨਾਂ ਨੂੰ ਪੂਰੀ ਤਰ੍ਹਾਂ ਜਾਣਨ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਕੀ ਅਸੀਂ ਉਨ੍ਹਾਂ ਨੂੰ ਸਿਰਫ਼ ਹਿਦਾਇਤਾਂ ਦੇ ਕੇ, ਬਾਈਬਲ ਦੇ ਮਿਆਰ ਸਿਖਾ ਕੇ ਅਤੇ ਸਹੀ ਚਾਲ-ਚਲਣ ਬਾਰੇ ਦੱਸ ਕੇ ਇਸ ਤਰ੍ਹਾਂ ਕਰ ਪਾਵਾਂਗੇ? ਸ਼ਾਇਦ ਇਕ ਚੰਗਾ ਵਿਦਿਆਰਥੀ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਸਿੱਖ ਲਵੇ ਅਤੇ ਉਨ੍ਹਾਂ ਨੂੰ ਪਸੰਦ ਵੀ ਕਰੇ, ਪਰ ਕੀ ਉਹ ਯਹੋਵਾਹ ਲਈ ਦਿਲੋਂ ਪਿਆਰ ਹੋਣ ਕਰ ਕੇ ਉਸ ਦਾ ਕਹਿਣਾ ਮੰਨੇਗਾ? ਯਾਦ ਰੱਖੋ, ਹੱਵਾਹ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਜਾਣਦੀ ਸੀ, ਪਰ ਉਹ ਉਸ ਨੂੰ ਦਿਲੋਂ ਪਿਆਰ ਨਹੀਂ ਕਰਦੀ ਸੀ ਤੇ ਨਾ ਹੀ ਆਦਮ ਕਰਦਾ ਸੀ। (ਉਤ. 3:1-6) ਇਸ ਲਈ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਅਤੇ ਮਿਆਰਾਂ ਬਾਰੇ ਸਿਖਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਿਲ ਵਿਚ ਪਿਆਰ ਪੈਦਾ ਕਰਨ ਦੀ ਲੋੜ ਹੈ।

11. ਪਰਮੇਸ਼ੁਰ ਦੇ ਕਾਨੂੰਨਾਂ ਅਤੇ ਮਿਆਰਾਂ ਬਾਰੇ ਸਿਖਾਉਂਦਿਆਂ ਅਸੀਂ ਵਿਦਿਆਰਥੀਆਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?

11 ਯਹੋਵਾਹ ਨੇ ਸਾਨੂੰ ਕਈ ਮਿਆਰ ਦਿੱਤੇ ਹਨ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡਾ ਭਲਾ ਚਾਹੁੰਦਾ ਹੈ। (ਜ਼ਬੂ. 119:97, 111, 112) ਪਰ ਸਾਡੇ ਵਿਦਿਆਰਥੀ ਸ਼ਾਇਦ ਸ਼ੁਰੂ-ਸ਼ੁਰੂ ਵਿਚ ਇਸ ਤਰ੍ਹਾਂ ਨਾ ਸੋਚਣ। ਇਸ ਲਈ ਅਸੀਂ ਉਨ੍ਹਾਂ ਤੋਂ ਪੁੱਛ ਸਕਦੇ ਹਾਂ: “ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਹੈ ਜਾਂ ਇਹ ਕੰਮ ਕਰਨ ਤੋਂ ਕਿਉਂ ਰੋਕਿਆ ਹੈ? ਇਸ ਤੋਂ ਅਸੀਂ ਪਰਮੇਸ਼ੁਰ ਬਾਰੇ ਕੀ ਸਿੱਖਦੇ ਹਾਂ?” ਇੱਦਾਂ ਕਰਨ ਨਾਲ ਅਸੀਂ ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚ ਪਾਵਾਂਗੇ। ਫਿਰ ਉਹ ਸਿਰਫ਼ ਕਾਨੂੰਨਾਂ ਨੂੰ ਹੀ ਨਹੀਂ, ਸਗੋਂ ਕਾਨੂੰਨ ਦੇਣ ਵਾਲੇ ਨੂੰ ਵੀ ਪਿਆਰ ਕਰਨਗੇ। (ਜ਼ਬੂ. 119:68) ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਉਹ ਅੱਗ ਵਰਗੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਣਗੇ।—1 ਕੁਰਿੰ. 3:12-15.

ਅਸੀਂ “ਯਹੋਵਾਹ ਦਾ ਨਾਂ ਲੈ ਕੇ” ਚੱਲਾਂਗੇ

ਇਕ ਵਾਰ ਦਾਊਦ ਦਾ ਮਨ ਇਕਾਗਰ ਨਹੀਂ ਰਿਹਾ (ਪੈਰਾ 12 ਦੇਖੋ)

12. ਇਕ ਵਾਰ ਦਾਊਦ ਦਾ ਮਨ ਇਕਾਗਰ ਕਿਵੇਂ ਨਹੀਂ ਰਿਹਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

12 ਜ਼ਬੂਰ 86:11 ਵਿਚ ਅਸੀਂ ਇਕ ਅਹਿਮ ਗੱਲ ਪੜ੍ਹਦੇ ਹਾਂ: “ਮੇਰੇ ਦਿਲ ਨੂੰ ਇਕਾਗਰ ਕਰ।” ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਇਹ ਸ਼ਬਦ ਲਿਖੇ। ਆਪਣੀ ਜ਼ਿੰਦਗੀ ਦੌਰਾਨ ਦਾਊਦ ਨੇ ਦੇਖਿਆ ਕਿ ਜੇ ਕਿਸੇ ਦਾ ਦਿਲ ਇਕਾਗਰ ਨਹੀਂ ਹੈ, ਤਾਂ ਇਹ ਸੌਖਿਆਂ ਹੀ ਭਟਕ ਸਕਦਾ ਹੈ। ਇਕ ਦਿਨ ਉਹ ਛੱਤ ’ਤੇ ਖੜ੍ਹਾ ਸੀ ਅਤੇ ਉਸ ਨੇ ਕਿਸੇ ਹੋਰ ਦੀ ਪਤਨੀ ਨੂੰ ਨਹਾਉਂਦੇ ਦੇਖਿਆ। ਕੀ ਉਸ ਵੇਲੇ ਦਾਊਦ ਦਾ ਮਨ ਇਕਾਗਰ ਰਿਹਾ ਜਾਂ ਦੁਚਿੱਤੀ ਵਿਚ ਪੈ ਗਿਆ? ਉਹ ਯਹੋਵਾਹ ਦਾ ਕਾਨੂੰਨ ਜਾਣਦਾ ਸੀ: “ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ।” (ਕੂਚ 20:17) ਫਿਰ ਵੀ ਉਹ ਉਸ ਔਰਤ ਵੱਲ ਦੇਖਦਾ ਰਿਹਾ। ਉਹ ਦੁਚਿੱਤੀ ਵਿਚ ਪੈ ਗਿਆ ਕਿ ਉਹ ਬਥ-ਸ਼ਬਾ ਨੂੰ ਪਾਉਣ ਦੀ ਆਪਣੀ ਇੱਛਾ ਨੂੰ ਪੂਰਾ ਕਰੇ ਜਾਂ ਯਹੋਵਾਹ ਦਾ ਦਿਲ ਖ਼ੁਸ਼ ਕਰੇ। ਭਾਵੇਂ ਦਾਊਦ ਲੰਬੇ ਸਮੇਂ ਤੋਂ ਯਹੋਵਾਹ ਨੂੰ ਪਿਆਰ ਕਰਦਾ ਸੀ ਤੇ ਉਸ ਦਾ ਡਰ ਰੱਖਦਾ ਸੀ, ਫਿਰ ਵੀ ਉਹ ਆਪਣੀ ਸੁਆਰਥੀ ਇੱਛਾ ਅੱਗੇ ਝੁਕ ਗਿਆ। ਉਸ ਦੇ ਇਸ ਕੰਮ ਕਰਕੇ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਈ। ਦਾਊਦ ਨੇ ਬੇਗੁਨਾਹ ਲੋਕਾਂ ਦੇ ਨਾਲ-ਨਾਲ ਆਪਣੇ ਪਰਿਵਾਰ ਉੱਤੇ ਵੀ ਦੁੱਖ ਲਿਆਂਦੇ।—2 ਸਮੂ. 11:1-5, 14-17; 12:7-12.

13. ਅਸੀਂ ਕਿਵੇਂ ਜਾਣਦੇ ਹਾਂ ਕਿ ਬਾਅਦ ਵਿਚ ਦਾਊਦ ਦਾ ਮਨ ਇਕਾਗਰ ਹੋ ਗਿਆ ਸੀ?

13 ਯਹੋਵਾਹ ਨੇ ਦਾਊਦ ਨੂੰ ਤਾੜਨਾ ਦਿੱਤੀ ਅਤੇ ਉਸ ਦਾ ਰਿਸ਼ਤਾ ਯਹੋਵਾਹ ਨਾਲ ਦੁਬਾਰਾ ਤੋਂ ਠੀਕ ਹੋ ਗਿਆ। (2 ਸਮੂ. 12:13; ਜ਼ਬੂ. 51:2-4, 17) ਦਾਊਦ ਨੂੰ ਯਾਦ ਸੀ ਕਿ ਜਦੋਂ ਉਸ ਦਾ ਮਨ ਦੁਚਿੱਤਾ ਸੀ, ਤਾਂ ਉਸ ’ਤੇ ਕਿਹੜੀਆਂ ਬਿਪਤਾਵਾਂ ਆਈਆਂ ਸਨ। ਕੀ ਯਹੋਵਾਹ ਨੇ ਦਾਊਦ ਦਾ ਮਨ ਇਕਾਗਰ ਕਰਨ ਵਿਚ ਉਸ ਦੀ ਮਦਦ ਕੀਤੀ? ਜੀ ਹਾਂ, ਕਿਉਂਕਿ ਯਹੋਵਾਹ ਨੇ ਬਾਅਦ ਵਿਚ ਦਾਊਦ ਬਾਰੇ ਕਿਹਾ ਕਿ “ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ” ਸੀ।—1 ਰਾਜ. 11:4; 15:3.

14. ਸਾਨੂੰ ਖ਼ੁਦ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ?

14 ਦਾਊਦ ਦੀ ਮਿਸਾਲ ਤੋਂ ਅੱਜ ਸਾਨੂੰ ਹੌਸਲਾ ਮਿਲਦਾ ਹੈ। ਪਰ ਉਸ ਦੇ ਗੰਭੀਰ ਪਾਪ ਤੋਂ ਸਾਨੂੰ ਇਕ ਚੇਤਾਵਨੀ ਵੀ ਮਿਲਦੀ ਹੈ। ਭਾਵੇਂ ਅਸੀਂ ਹੁਣੇ-ਹੁਣੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ ਜਾਂ ਅਸੀਂ ਕਈ ਸਾਲਾਂ ਤੋਂ ਕਰ ਰਹੇ ਹਾਂ, ਫਿਰ ਵੀ ਸਾਨੂੰ ਸਾਰਿਆਂ ਨੂੰ ਖ਼ੁਦ ਤੋਂ ਪੁੱਛਣ ਦੀ ਲੋੜ ਹੈ, ‘ਕੀ ਮੈਂ ਸ਼ੈਤਾਨ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਸਫ਼ਲ ਹੋਣ ਦਿੰਦਾ ਹਾਂ ਜੋ ਉਹ ਮੇਰੇ ਮਨ ਨੂੰ ਦੁਚਿੱਤੀ ਵਿਚ ਪਾਉਣ ਲਈ ਕਰਦਾ ਹੈ?’

ਸ਼ੈਤਾਨ ਤੁਹਾਡਾ ਮਨ ਦੁਚਿੱਤੀ ਵਿਚ ਪਾਉਣ ਦੀ ਹਰ ਕੋਸ਼ਿਸ਼ ਕਰੇਗਾ। ਉਸ ਨੂੰ ਮੌਕਾ ਨਾ ਦਿਓ! (ਪੈਰੇ 15-16 ਦੇਖੋ) *

15. ਜਦੋਂ ਸਾਡੇ ਅੱਗੇ ਅਸ਼ਲੀਲ ਤਸਵੀਰਾਂ ਆਉਂਦੀਆਂ ਹਨ, ਤਾਂ ਪਰਮੇਸ਼ੁਰੀ ਡਰ ਸਾਡੀ ਰਾਖੀ ਕਿਵੇਂ ਕਰਦਾ ਹੈ?

15 ਮਿਸਾਲ ਲਈ, ਜੇ ਤੁਸੀਂ ਟੀ. ਵੀ. ਜਾਂ ਇੰਟਰਨੈੱਟ ਉੱਤੇ ਕੋਈ ਤਸਵੀਰ ਦੇਖਦੇ ਹੋ ਜਿਸ ਨਾਲ ਤੁਹਾਡੇ ਮਨ ਵਿਚ ਗ਼ਲਤ ਇੱਛਾ ਪੈਦਾ ਹੋ ਸਕਦੀ ਹੈ, ਤਾਂ ਤੁਸੀਂ ਕੀ ਕਰਦੇ ਹੋ? ਸ਼ਾਇਦ ਤੁਸੀਂ ਆਪਣੇ ਆਪ ਨੂੰ ਕਹੋ ਕਿ ਇਹ ਤਸਵੀਰ ਜਾਂ ਫ਼ਿਲਮ ਇੰਨੀ ਗੰਦੀ ਵੀ ਨਹੀਂ ਹੈ। ਪਰ ਸ਼ਾਇਦ ਸ਼ੈਤਾਨ ਇਸ ਦੇ ਜ਼ਰੀਏ ਤੁਹਾਡੇ ਮਨ ਨੂੰ ਦੁਚਿੱਤੀ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। (2 ਕੁਰਿੰ. 2:11) ਉਹ ਤਸਵੀਰ ਸ਼ਾਇਦ ਲੋਹੇ ਦੀ ਇਕ ਛੋਟੀ ਛੈਣੀ ਵਰਗੀ ਹੋਵੇ ਜਿਸ ਨੂੰ ਇਕ ਆਦਮੀ ਵੱਡੀ ਲੱਕੜ ਨੂੰ ਪਾੜਨ ਲਈ ਵਰਤਦਾ ਹੈ। ਪਹਿਲਾਂ ਉਹ ਛੈਣੀ ਦੇ ਪਤਲੇ ਅਤੇ ਤਿੱਖੇ ਹਿੱਸੇ ਨੂੰ ਲੱਕੜ ਵਿਚ ਠੋਕਦਾ ਹੈ। ਫਿਰ ਜਿੱਦਾਂ-ਜਿੱਦਾਂ ਉਹ ਛੈਣੀ ਨੂੰ ਲੱਕੜ ਵਿਚ ਜ਼ੋਰ ਨਾਲ ਠੋਕਦਾ ਹੈ, ਉਸ ਦੇ ਦੋ ਹਿੱਸੇ ਹੋ ਜਾਂਦੇ ਹਨ। ਕੀ ਅਸ਼ਲੀਲ ਤਸਵੀਰਾਂ ਛੈਣੀ ਦੀ ਧਾਰ ਵਰਗੀਆਂ ਹੋ ਸਕਦੀਆਂ ਹਨ? ਸ਼ਾਇਦ ਕੁਝ ਤਸਵੀਰਾਂ ਸ਼ੁਰੂ-ਸ਼ੁਰੂ ਵਿਚ ਇੰਨੀਆਂ ਗੰਦੀਆਂ ਨਾ ਲੱਗਣ, ਪਰ ਸਮੇਂ ਦੇ ਬੀਤਣ ਨਾਲ ਇਕ ਵਿਅਕਤੀ ਤੋਂ ਪਾਪ ਹੋ ਸਕਦਾ ਅਤੇ ਉਹ ਯਹੋਵਾਹ ਦੇ ਖ਼ਿਲਾਫ਼ ਹੋ ਸਕਦਾ ਹੈ। ਇਸ ਲਈ ਕਿਸੇ ਵੀ ਗ਼ਲਤ ਚੀਜ਼ ਨੂੰ ਆਪਣੇ ਦਿਲ ਵਿਚ ਵੜਨ ਨਾ ਦਿਓ! ਆਪਣੇ ਮਨ ਨੂੰ ਇਕਾਗਰ ਰੱਖੋ ਤਾਂਕਿ ਤੁਸੀਂ ਯਹੋਵਾਹ ਦੇ ਨਾਮ ਦਾ ਡਰ ਰੱਖ ਸਕੋ!

16. ਕੋਈ ਪਰਤਾਵਾ ਆਉਣ ’ਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

16 ਸ਼ੈਤਾਨ ਸਾਨੂੰ ਭਰਮਾਉਣ ਲਈ ਗੰਦੀਆਂ ਤਸਵੀਰਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚਾਲਾਂ ਚੱਲਦਾ ਹੈ। ਉਹ ਸ਼ਾਇਦ ਕੋਈ ਅਜਿਹੀ ਚਾਲ ਚੱਲੇ ਜਿਸ ਵਿਚ ਸਾਨੂੰ ਕੋਈ ਬੁਰਾਈ ਨਜ਼ਰ ਨਾ ਆਵੇ। ਅਸੀਂ ਸ਼ਾਇਦ ਸੋਚੀਏ: ‘ਇਹ ਪਾਪ ਇੰਨਾ ਵੀ ਗੰਭੀਰ ਨਹੀਂ ਕਿ ਮੈਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ।’ ਇਸ ਤਰ੍ਹਾਂ ਦੀ ਸੋਚ ਬਹੁਤ ਗ਼ਲਤ ਹੈ। ਵਧੀਆ ਹੋਵੇਗਾ ਕਿ ਅਸੀਂ ਆਪਣੇ ਆਪ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੀਏ: ‘ਕੀ ਸ਼ੈਤਾਨ ਇਹ ਪਰਤਾਵਾ ਲਿਆ ਕੇ ਮੇਰੇ ਮਨ ਨੂੰ ਦੁਚਿੱਤੀ ਵਿਚ ਤਾਂ ਨਹੀਂ ਪਾ ਰਿਹਾ? ਕੀ ਇਹ ਕੰਮ ਕਰ ਕੇ ਮੈਂ ਯਹੋਵਾਹ ਦੇ ਨਾਂ ’ਤੇ ਬਦਨਾਮੀ ਤਾਂ ਨਹੀਂ ਲਿਆਵਾਂਗਾ? ਕੀ ਇਹ ਕੰਮ ਕਰ ਕੇ ਮੈਂ ਯਹੋਵਾਹ ਦੇ ਹੋਰ ਨੇੜੇ ਜਾਵਾਂਗਾ ਜਾਂ ਉਸ ਤੋਂ ਦੂਰ ਹੋਵਾਂਗਾ?’ ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਲੈਣ ਲਈ ਯਹੋਵਾਹ ਤੋਂ ਬੁੱਧ ਮੰਗੋ। (ਯਾਕੂ. 1:5) ਇਸ ਤਰ੍ਹਾਂ ਕਰਨ ਨਾਲ ਵਾਕਈ ਦਿਲ ਦੀ ਰਾਖੀ ਹੋ ਸਕਦੀ ਹੈ। ਨਾਲੇ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਵੀ ਪਰਤਾਵੇ ਦਾ ਦਲੇਰੀ ਨਾਲ ਸਾਮ੍ਹਣਾ ਕਰ ਸਕਦੇ ਹੋ ਜਿਵੇਂ ਯਿਸੂ ਨੇ ਕੀਤਾ ਸੀ ਜਦੋਂ ਉਸ ਨੇ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ।”—ਮੱਤੀ 4:10.

17. ਦੁਚਿੱਤਾ ਇਨਸਾਨ ਕਦੇ ਕਾਮਯਾਬ ਕਿਉਂ ਨਹੀਂ ਹੁੰਦਾ? ਇਕ ਮਿਸਾਲ ਦਿਓ।

17 ਦੁਚਿੱਤਾ ਇਨਸਾਨ ਕਦੇ ਕਾਮਯਾਬ ਨਹੀਂ ਹੋ ਸਕਦਾ। ਕਲਪਨਾ ਕਰੋ ਕਿ ਇਕ ਟੀਮ ਦੇ ਖਿਡਾਰੀਆਂ ਦੀ ਆਪਸ ਵਿਚ ਨਹੀਂ ਬਣਦੀ। ਕੁਝ ਜਣੇ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦੇ ਹਨ, ਕੁਝ ਜਣੇ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਚਾਹੁੰਦੇ ਅਤੇ ਕੁਝ ਜਣੇ ਆਪਣੇ ਕੋਚ ਦਾ ਜ਼ਰਾ ਵੀ ਆਦਰ ਨਹੀਂ ਕਰਦੇ। ਇਹ ਟੀਮ ਕਦੇ ਵੀ ਮੈਚ ਨਹੀਂ ਜਿੱਤ ਸਕਦੀ। ਇਸ ਦੇ ਉਲਟ, ਜਿਸ ਟੀਮ ਵਿਚ ਏਕਤਾ ਹੈ, ਉਹ ਜ਼ਰੂਰ ਜਿੱਤੇਗੀ। ਤੁਹਾਡਾ ਦਿਲ ਵੀ ਉਸ ਜੇਤੂ ਟੀਮ ਵਰਗਾ ਹੋ ਸਕਦਾ ਹੈ ਜੇ ਤੁਹਾਡੇ ਖ਼ਿਆਲ, ਇੱਛਾਵਾਂ ਤੇ ਭਾਵਨਾਵਾਂ ਇਕ-ਜੁੱਟ ਹੋ ਕੇ ਕੰਮ ਕਰਦੀਆਂ ਹਨ। ਯਾਦ ਰੱਖੋ ਕਿ ਸ਼ੈਤਾਨ ਤੁਹਾਨੂੰ ਦੁਚਿੱਤੀ ਵਿਚ ਪਾਉਣਾ ਚਾਹੁੰਦਾ ਹੈ। ਸ਼ੈਤਾਨ ਚਾਹੁੰਦਾ ਕਿ ਤੁਸੀਂ ਯਹੋਵਾਹ ਦੇ ਮਿਆਰਾਂ ਅਤੇ ਆਪਣੇ ਖ਼ਿਆਲਾਂ, ਇੱਛਾਵਾਂ ਤੇ ਭਾਵਨਾਵਾਂ ਵਿਚ ਅੰਦਰੋਂ-ਅੰਦਰੀਂ ਸੰਘਰਸ਼ ਕਰੀ ਜਾਓ। ਪਰ ਜੇ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣਾ ਦਿਲ ਇਕਾਗਰ ਕਰਨ ਦੀ ਲੋੜ ਹੈ। (ਮੱਤੀ 22:36-38) ਕਦੇ ਵੀ ਸ਼ੈਤਾਨ ਦੀਆਂ ਚਾਲਾਂ ਕਰਕੇ ਆਪਣਾ ਮਨ ਦੁਚਿੱਤੀ ਵਿਚ ਨਾ ਪੈਣ ਦਿਓ!

18. ਮੀਕਾਹ 4:5 ਦੇ ਸ਼ਬਦਾਂ ਅਨੁਸਾਰ ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?

18 ਦਾਊਦ ਵਾਂਗ ਯਹੋਵਾਹ ਨੂੰ ਪ੍ਰਾਰਥਨਾ ਕਰੋ: “ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” ਟੀਚਾ ਰੱਖੋ ਦਿ ਤੁਸੀਂ ਇਸ ਪ੍ਰਾਰਥਨਾ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰੋਗੇ। ਹਰ ਦਿਨ ਆਪਣੇ ਛੋਟੇ-ਵੱਡੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਸੀਂ ਯਹੋਵਾਹ ਦੇ ਪਵਿੱਤਰ ਨਾਂ ਦਾ ਗਹਿਰਾ ਆਦਰ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਖਰੇ ਉਤਰੋਗੇ। (ਕਹਾ. 27:11) ਨਾਲੇ ਅਸੀਂ ਸਾਰੇ ਜਣੇ ਮੀਕਾਹ ਨਬੀ ਵਾਂਗ ਕਹਿ ਸਕਾਂਗੇ: “ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾ. 4:5.

ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ

^ ਪੈਰਾ 5 ਇਸ ਲੇਖ ਵਿਚ ਅਸੀਂ ਜ਼ਬੂਰ 86:11, 12 ਵਿਚ ਦਰਜ ਦਾਊਦ ਦੀ ਪ੍ਰਾਰਥਨਾ ਉੱਤੇ ਗੌਰ ਕਰਾਂਗੇ। ਯਹੋਵਾਹ ਦੇ ਨਾਂ ਦਾ ਭੈ ਰੱਖਣ ਦਾ ਕੀ ਮਤਲਬ ਹੈ? ਕਿਹੜੇ ਕਾਰਨਾਂ ਕਰਕੇ ਸਾਨੂੰ ਇਸ ਨਾਂ ਪ੍ਰਤੀ ਸ਼ਰਧਾ ਰੱਖਣ ਦੀ ਲੋੜ ਹੈ? ਨਾਲੇ ਪਰਮੇਸ਼ੁਰ ਦਾ ਡਰ ਰੱਖਣ ਨਾਲ ਸਾਡੀ ਗ਼ਲਤ ਕੰਮ ਕਰਨ ਤੋਂ ਕਿਵੇਂ ਰਾਖੀ ਹੁੰਦੀ ਹੈ?

^ ਪੈਰਾ 53 ਤਸਵੀਰਾਂ ਬਾਰੇ ਜਾਣਕਾਰੀ: ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਦਾ ਗੀਤ ਸਿਖਾਇਆ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਹੱਵਾਹ ਨੇ ਗ਼ਲਤ ਇੱਛਾਵਾਂ ਤੋਂ ਇਨਕਾਰ ਨਹੀਂ ਕੀਤਾ। ਪਰ ਅਸੀਂ ਉਨ੍ਹਾਂ ਗ਼ਲਤ ਤਸਵੀਰਾਂ ਨੂੰ ਦੇਖਣ ਜਾਂ ਮੈਸਿਜਾਂ ਨੂੰ ਪੜ੍ਹਨ ਤੋਂ ਇਨਕਾਰ ਕਰਦੇ ਹਾਂ ਜੋ ਸਾਡੇ ਅੰਦਰ ਗ਼ਲਤ ਇੱਛਾਵਾਂ ਨੂੰ ਹਵਾ ਦਿੰਦੇ ਹਨ ਅਤੇ ਪਰਮੇਸ਼ੁਰ ਦੇ ਨਾਂ ’ਤੇ ਬਦਨਾਮੀ ਲਿਆਉਂਦੇ ਹਨ।