Skip to content

Skip to table of contents

ਅਧਿਐਨ ਲੇਖ 28

ਯਕੀਨ ਰੱਖੋ ਕਿ ਤੁਹਾਡੇ ਕੋਲ ਸੱਚਾਈ ਹੈ

ਯਕੀਨ ਰੱਖੋ ਕਿ ਤੁਹਾਡੇ ਕੋਲ ਸੱਚਾਈ ਹੈ

“ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ।”—2 ਤਿਮੋ. 3:14.

ਗੀਤ 34 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ

ਖ਼ਾਸ ਗੱਲਾਂ *

1. “ਸੱਚਾਈ” ਸ਼ਬਦ ਦਾ ਕੀ ਮਤਲਬ ਹੈ?

“ਤੁਸੀਂ ਸੱਚਾਈ ਵਿਚ ਕਿਵੇਂ ਆਏ?” “ਕੀ ਤੁਸੀਂ ਬਚਪਨ ਤੋਂ ਸੱਚਾਈ ਵਿਚ ਹੋ?” “ਤੁਹਾਨੂੰ ਸੱਚਾਈ ਵਿਚ ਕਿੰਨੇ ਕੁ ਸਾਲ ਹੋ ਗਏ ਹਨ?” ਕਈਆਂ ਨੇ ਸ਼ਾਇਦ ਤੁਹਾਨੂੰ ਇਹ ਸਵਾਲ ਪੁੱਛੇ ਹੋਣਗੇ ਜਾਂ ਸ਼ਾਇਦ ਤੁਸੀਂ ਕਿਸੇ ਤੋਂ ਇਹ ਸਵਾਲ ਪੁੱਛੇ ਹੋਣ। ਅਸਲ ਵਿਚ “ਸੱਚਾਈ” ਸ਼ਬਦ ਦਾ ਕੀ ਮਤਲਬ ਹੈ? ਆਮ ਤੌਰ ਤੇ ਅਸੀਂ ਇਸ ਸ਼ਬਦ ਨੂੰ ਆਪਣੇ ਵਿਸ਼ਵਾਸਾਂ, ਆਪਣੀ ਭਗਤੀ ਅਤੇ ਆਪਣੇ ਜੀਉਣ ਦੇ ਤੌਰ-ਤਰੀਕੇ ਬਾਰੇ ਦੱਸਣ ਲਈ ਵਰਤਦੇ ਹਾਂ। ਜਿਹੜੇ ਲੋਕ “ਸੱਚਾਈ ਵਿਚ ਹਨ,” ਉਹ ਜਾਣਦੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ ਅਤੇ ਉਹ ਇਸ ਦੇ ਅਸੂਲਾਂ ਮੁਤਾਬਕ ਚੱਲਦੇ ਹਨ। ਨਤੀਜੇ ਵਜੋਂ, ਉਹ ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਆਜ਼ਾਦ ਹੁੰਦੇ ਹਨ ਅਤੇ ਨਾਮੁਕੰਮਲ ਹੁੰਦੇ ਹੋਏ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਂਦੇ ਹਨ।—ਯੂਹੰ. 8:32.

2. ਯੂਹੰਨਾ 13:34, 35 ਮੁਤਾਬਕ ਸ਼ਾਇਦ ਕਿਹੜੀ ਗੱਲ ਇਕ ਵਿਅਕਤੀ ਨੂੰ ਸੱਚਾਈ ਵੱਲ ਖਿੱਚੇ?

2 ਕਿਹੜੀ ਗੱਲ ਨੇ ਤੁਹਾਨੂੰ ਸੱਚਾਈ ਵੱਲ ਖਿੱਚਿਆ? ਸ਼ਾਇਦ ਯਹੋਵਾਹ ਦੇ ਲੋਕਾਂ ਦੇ ਵਧੀਆ ਚਾਲ-ਚਲਣ ਨੇ। (1 ਪਤ. 2:12) ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਪਿਆਰ ਨੇ ਤੁਹਾਨੂੰ ਖਿੱਚਿਆ ਹੋਵੇ। ਕਈਆਂ ਨੇ ਪਹਿਲੀ ਵਾਰ ਸਭਾ ਵਿਚ ਆ ਕੇ ਇਸ ਪਿਆਰ ਨੂੰ ਮਹਿਸੂਸ ਕੀਤਾ ਅਤੇ ਸਭਾ ਵਿਚ ਸੁਣੀਆਂ ਗੱਲਾਂ ਨਾਲੋਂ ਜ਼ਿਆਦਾ ਇਸ ਪਿਆਰ ਨੇ ਉਨ੍ਹਾਂ ਦੇ ਮਨਾਂ ’ਤੇ ਗਹਿਰੀ ਛਾਪ ਛੱਡੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਪਿਆਰ ਤੋਂ ਹੀ ਉਸ ਦੇ ਚੇਲਿਆਂ ਦੀ ਪਛਾਣ ਹੋਵੇਗੀ। (ਯੂਹੰਨਾ 13:34, 35 ਪੜ੍ਹੋ।) ਪਰ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਸਾਡੇ ਵਿਚ ਪਿਆਰ ਹੋਣਾ ਹੀ ਕਾਫ਼ੀ ਨਹੀਂ ਹੈ।

3. ਕੀ ਹੋ ਸਕਦਾ ਹੈ ਜੇ ਪਰਮੇਸ਼ੁਰ ਉੱਤੇ ਸਾਡੀ ਨਿਹਚਾ ਭੈਣਾਂ-ਭਰਾਵਾਂ ਦੇ ਪਿਆਰ ’ਤੇ ਹੀ ਆਧਾਰਿਤ ਹੈ?

3 ਸਾਡੀ ਨਿਹਚਾ ਸਿਰਫ਼ ਮਸੀਹ ਵਰਗੇ ਪਿਆਰ ’ਤੇ ਹੀ ਆਧਾਰਿਤ ਨਹੀਂ ਹੋਣੀ ਚਾਹੀਦੀ। ਕਿਉਂ? ਮੰਨ ਲਓ ਕਿ ਮੰਡਲੀ ਦਾ ਕੋਈ ਭੈਣ-ਭਰਾ, ਇੱਥੋਂ ਤਕ ਕਿ ਇਕ ਬਜ਼ੁਰਗ ਜਾਂ ਇਕ ਪਾਇਨੀਅਰ ਕੋਈ ਗੰਭੀਰ ਗ਼ਲਤੀ ਕਰਦਾ ਹੈ। ਜਾਂ ਉਦੋਂ ਕੀ ਜੇ ਕੋਈ ਭੈਣ ਜਾਂ ਭਰਾ ਤੁਹਾਨੂੰ ਠੇਸ ਪਹੁੰਚਾਉਂਦਾ ਹੈ? ਜਾਂ ਸ਼ਾਇਦ ਕੋਈ ਧਰਮ-ਤਿਆਗੀ ਬਣ ਜਾਂਦਾ ਹੈ ਅਤੇ ਇਹ ਦਾਅਵਾ ਕਰਦਾ ਹੈ ਕਿ ਸਾਡੇ ਕੋਲ ਸੱਚਾਈ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਤੁਸੀਂ ਠੋਕਰ ਖਾ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿਓਗੇ? ਸਬਕ ਇਹ ਹੈ: ਜੇ ਤੁਸੀਂ ਆਪਣੀ ਨਿਹਚਾ ਦੀ ਉਸਾਰੀ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਬਜਾਇ ਦੂਸਰਿਆਂ ਦੇ ਕੰਮਾਂ ਦੇ ਆਧਾਰ ’ਤੇ ਕਰੋਗੇ, ਤਾਂ ਤੁਹਾਡੀ ਨਿਹਚਾ ਪੱਕੀ ਨਹੀਂ ਹੋਵੇਗੀ। ਨਿਹਚਾ ਦਾ ਆਪਣਾ ਘਰ ਉਸਾਰਨ ਲਈ ਤੁਹਾਨੂੰ ਨਾ ਸਿਰਫ਼ ਨਰਮ ਸਾਮਾਨ ਵਰਤਣ ਦੀ ਲੋੜ ਹੈ ਜਿਵੇਂ ਕਿ ਭਾਵਨਾਵਾਂ ਅਤੇ ਜਜ਼ਬਾਤ, ਸਗੋਂ ਠੋਸ ਸਬੂਤ ਅਤੇ ਦਲੀਲਾਂ ਵੀ ਵਰਤਣ ਦੀ ਲੋੜ ਹੈ। ਤੁਹਾਨੂੰ ਖ਼ੁਦ ਨੂੰ ਯਕੀਨ ਦਿਵਾਉਣ ਦੀ ਲੋੜ ਹੈ ਕਿ ਬਾਈਬਲ ਵਿਚ ਯਹੋਵਾਹ ਬਾਰੇ ਸੱਚਾਈ ਦੱਸੀ ਗਈ ਹੈ।—ਰੋਮੀ. 12:2.

4. ਮੱਤੀ 13:3-6, 20, 21 ਮੁਤਾਬਕ ਨਿਹਚਾ ਦੀ ਪਰਖ ਹੋਣ ਤੇ ਕੁਝ ਜਣਿਆਂ ’ਤੇ ਕੀ ਅਸਰ ਪਿਆ?

4 ਯਿਸੂ ਨੇ ਕਿਹਾ ਸੀ ਕਿ ਕੁਝ ਲੋਕ ਸੱਚਾਈ ਨੂੰ “ਖ਼ੁਸ਼ੀ ਨਾਲ” ਸਵੀਕਾਰ ਕਰਨਗੇ, ਪਰ ਅਜ਼ਮਾਇਸ਼ਾਂ ਆਉਣ ਤੇ ਉਨ੍ਹਾਂ ਦੀ ਨਿਹਚਾ ਮੁਰਝਾ ਜਾਵੇਗੀ। (ਮੱਤੀ 13:3-6, 20, 21 ਪੜ੍ਹੋ।) ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਯਿਸੂ ਪਿੱਛੇ ਚੱਲਣ ਕਰਕੇ ਉਨ੍ਹਾਂ ਨੂੰ ਚੁਣੌਤੀਆਂ ਅਤੇ ਮੁਸ਼ਕਲਾਂ ਆਉਣਗੀਆਂ। (ਮੱਤੀ 16:24) ਜਾਂ ਸ਼ਾਇਦ ਉਹ ਸੋਚਦੇ ਸਨ ਕਿ ਮਸੀਹੀ ਬਣਨ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਆਉਣੀ ਸੀ, ਸਗੋਂ ਸਿਰਫ਼ ਬਰਕਤਾਂ ਦੀ ਬਰਸਾਤ ਹੋਣੀ ਸੀ। ਪਰ ਇਸ ਦੁਨੀਆਂ ਵਿਚ ਚੁਣੌਤੀਆਂ ਤਾਂ ਆਉਣੀਆਂ ਹੀ ਹਨ। ਸਾਡੇ ਹਾਲਾਤ ਬਦਲ ਸਕਦੇ ਹਨ ਜਿਸ ਕਰਕੇ ਕੁਝ ਸਮੇਂ ਲਈ ਸਾਡੀ ਖ਼ੁਸ਼ੀ ਖੰਭ ਲਾ ਕੇ ਉੱਡ ਸਕਦੀ ਹੈ।—ਜ਼ਬੂ. 6:6; ਉਪ. 9:11.

5. ਸਾਡੇ ਜ਼ਿਆਦਾਤਰ ਭੈਣ-ਭਰਾ ਕਿਵੇਂ ਸਾਬਤ ਕਰਦੇ ਹਨ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਸੱਚਾਈ ਹੈ?

5 ਸਾਡੇ ਜ਼ਿਆਦਾਤਰ ਭੈਣ-ਭਰਾ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਸੱਚਾਈ ਹੈ। ਕਿਵੇਂ? ਉਨ੍ਹਾਂ ਦੀ ਨਿਹਚਾ ਡਾਵਾਂ-ਡੋਲ ਨਹੀਂ ਹੁੰਦੀ ਭਾਵੇਂ ਕੋਈ ਭੈਣ-ਭਰਾ ਉਨ੍ਹਾਂ ਨੂੰ ਠੇਸ ਪਹੁੰਚਾਉਂਦਾ ਜਾਂ ਕੋਈ ਗ਼ਲਤ ਕੰਮ ਕਰਦਾ ਹੈ। (ਜ਼ਬੂ. 119:165) ਪਰ ਹਰ ਵਾਰ ਪਰੀਖਿਆ ਆਉਣ ਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋਣ ਦੀ ਬਜਾਇ ਪੱਕੀ ਹੁੰਦੀ ਹੈ। (ਯਾਕੂ. 1:2-4) ਤੁਸੀਂ ਇਸ ਤਰ੍ਹਾਂ ਦੀ ਪੱਕੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ?

‘ਪਰਮੇਸ਼ੁਰ ਬਾਰੇ ਸਹੀ ਗਿਆਨ’ ਲਓ

6. ਪਹਿਲੀ ਸਦੀ ਦੇ ਚੇਲਿਆਂ ਨੇ ਆਪਣੀ ਨਿਹਚਾ ਦੀ ਉਸਾਰੀ ਕਿਸ ਆਧਾਰ ’ਤੇ ਕੀਤੀ?

6 ਪਹਿਲੀ ਸਦੀ ਦੇ ਚੇਲਿਆਂ ਨੇ ਆਪਣੀ ਨਿਹਚਾ ਦੀ ਉਸਾਰੀ ਬਾਈਬਲ ਦੇ ਗਿਆਨ ਅਤੇ ਯਿਸੂ ਮਸੀਹ ਦੀਆਂ ਸਿੱਖਿਆਵਾਂ ਯਾਨੀ “ਖ਼ੁਸ਼ ਖ਼ਬਰੀ ਦੀ ਸੱਚਾਈ” ਉੱਤੇ ਕੀਤੀ। (ਗਲਾ. 2:5) ਇਸ ਸੱਚਾਈ ਵਿਚ ਸਾਰੀਆਂ ਮਸੀਹੀ ਸਿੱਖਿਆਵਾਂ ਸ਼ਾਮਲ ਹਨ, ਜਿਵੇਂ ਕਿ ਯਿਸੂ ਦੀ ਰਿਹਾਈ ਦੀ ਕੀਮਤ ਅਤੇ ਉਸ ਨੂੰ ਮੁੜ ਜੀਉਂਦਾ ਕੀਤਾ ਜਾਣਾ। ਪੌਲੁਸ ਰਸੂਲ ਨੂੰ ਯਕੀਨ ਸੀ ਕਿ ਇਹ ਸਿੱਖਿਆਵਾਂ ਸੱਚੀਆਂ ਸਨ। ਕਿਉਂ? ਕਿਉਂਕਿ ਉਸ ਨੇ ਬਾਈਬਲ ਤੋਂ “ਹਵਾਲੇ ਦੇ ਦੇ ਕੇ” ਸਾਬਤ ਕੀਤਾ ਕਿ “ਮਸੀਹ ਲਈ ਦੁੱਖ ਝੱਲਣਾ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ।” (ਰਸੂ. 17:2, 3) ਪਹਿਲੀ ਸਦੀ ਦੇ ਚੇਲਿਆਂ ਨੇ ਉਨ੍ਹਾਂ ਸੱਚਾਈਆਂ ਨੂੰ ਸਵੀਕਾਰ ਕੀਤਾ ਅਤੇ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਲਈ ਪਵਿੱਤਰ ਸ਼ਕਤੀ ਉੱਤੇ ਭਰੋਸਾ ਰੱਖਿਆ। ਉਨ੍ਹਾਂ ਨੇ ਖ਼ੁਦ ਨੂੰ ਯਕੀਨ ਦਿਵਾਇਆ ਕਿ ਇਹ ਸੱਚਾਈਆਂ ਬਾਈਬਲ ਉੱਤੇ ਆਧਾਰਿਤ ਸਨ। (ਰਸੂ. 17:11, 12; ਇਬ. 5:14) ਉਨ੍ਹਾਂ ਨੇ ਆਪਣੀ ਨਿਹਚਾ ਦੀ ਉਸਾਰੀ ਸਿਰਫ਼ ਭਾਵਨਾਵਾਂ ਤੇ ਜਜ਼ਬਾਤਾਂ ’ਤੇ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਇਸ ਲਈ ਕੀਤੀ ਕਿਉਂਕਿ ਉਨ੍ਹਾਂ ਨੂੰ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣਾ ਚੰਗਾ ਲੱਗਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੀ ਨਿਹਚਾ ‘ਪਰਮੇਸ਼ੁਰ ਬਾਰੇ ਸਹੀ ਗਿਆਨ’ ਉੱਤੇ ਉਸਾਰੀ ਸੀ।—ਕੁਲੁ. 1:9, 10.

7. ਬਾਈਬਲ ਸੱਚਾਈਆਂ ’ਤੇ ਉਸਾਰੀ ਸਾਡੀ ਨਿਹਚਾ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?

7 ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਸੱਚਾਈਆਂ ਹਮੇਸ਼ਾ ਕਾਇਮ ਰਹਿੰਦੀਆਂ ਹਨ। (ਜ਼ਬੂ. 119:160) ਮਿਸਾਲ ਲਈ, ਜੇ ਕੋਈ ਭੈਣ-ਭਰਾ ਸਾਨੂੰ ਠੇਸ ਪਹੁੰਚਾਉਂਦਾ ਹੈ ਜਾਂ ਕੋਈ ਗੰਭੀਰ ਗ਼ਲਤੀ ਕਰਦਾ ਹੈ, ਤਾਂ ਇਹ ਸੱਚਾਈਆਂ ਬਦਲਦੀਆਂ ਨਹੀਂ। ਨਾਲੇ ਇਹ ਉਦੋਂ ਵੀ ਨਹੀਂ ਬਦਲਦੀਆਂ ਜਦੋਂ ਸਾਡੇ ’ਤੇ ਕੋਈ ਮੁਸੀਬਤ ਆਉਂਦੀ ਹੈ। ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੀ ਲੋੜ ਹੈ ਅਤੇ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਇਹ ਸੱਚੀਆਂ ਹਨ। ਇਨ੍ਹਾਂ ਸੱਚਾਈਆਂ ’ਤੇ ਉਸਾਰੀ ਸਾਡੀ ਪੱਕੀ ਨਿਹਚਾ ਸਾਨੂੰ ਪਰੀਖਿਆਵਾਂ ਦੌਰਾਨ ਮਜ਼ਬੂਤੀ ਨਾਲ ਟਿਕਾਈ ਰੱਖੇਗੀ ਜਿਸ ਤਰ੍ਹਾਂ ਇਕ ਲੰਗਰ ਤੂਫ਼ਾਨ ਵਿਚ ਕਿਸ਼ਤੀ ਨੂੰ ਟਿਕਾਈ ਰੱਖਦਾ ਹੈ। ਤਾਂ ਫਿਰ ਅਸੀਂ ਆਪਣੇ ਯਕੀਨ ਨੂੰ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਸਾਡੇ ਕੋਲ ਸੱਚਾਈ ਹੈ?

ਆਪਣੇ ਆਪ ਨੂੰ “ਯਕੀਨ” ਦਿਵਾਓ

8. ਦੂਜਾ ਤਿਮੋਥਿਉਸ 3:14, 15 ਮੁਤਾਬਕ ਤਿਮੋਥਿਉਸ ਨੇ ਖ਼ੁਦ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਸ ਕੋਲ ਸੱਚਾਈ ਸੀ?

8 ਤਿਮੋਥਿਉਸ ਨੂੰ ਯਕੀਨ ਸੀ ਕਿ ਉਸ ਕੋਲ ਸੱਚਾਈ ਸੀ। ਉਸ ਨੇ ਇਹ ਸਿੱਟਾ ਕਿਵੇਂ ਕੱਢਿਆ? (2 ਤਿਮੋਥਿਉਸ 3:14, 15 ਪੜ੍ਹੋ।) ਉਸ ਦੀ ਮਾਤਾ ਅਤੇ ਉਸ ਦੀ ਨਾਨੀ ਨੇ “ਪਵਿੱਤਰ ਲਿਖਤਾਂ” ਵਿੱਚੋਂ ਉਸ ਨੂੰ ਸੱਚਾਈਆਂ ਸਿਖਾਈਆਂ। ਪਰ ਬਿਨਾਂ ਸ਼ੱਕ ਉਸ ਨੇ ਆਪ ਵੀ ਸਮਾਂ ਅਤੇ ਤਾਕਤ ਲਾ ਕੇ ਉਨ੍ਹਾਂ ਲਿਖਤਾਂ ਦਾ ਅਧਿਐਨ ਕੀਤਾ। ਨਤੀਜੇ ਵਜੋਂ, ਉਹ ਖ਼ੁਦ ਨੂੰ “ਯਕੀਨ” ਦਿਵਾ ਸਕਿਆ ਕਿ ਉਹ ਲਿਖਤਾਂ ਸੱਚੀਆਂ ਸਨ। ਬਾਅਦ ਵਿਚ ਤਿਮੋਥਿਉਸ, ਉਸ ਦੀ ਮਾਤਾ ਅਤੇ ਨਾਨੀ ਨੂੰ ਮਸੀਹੀ ਸਿੱਖਿਆਵਾਂ ਪਤਾ ਲੱਗੀਆਂ। ਤਿਮੋਥਿਉਸ ਉੱਤੇ ਯਿਸੂ ਦੇ ਚੇਲਿਆਂ ਦੇ ਪਿਆਰ ਦਾ ਗਹਿਰਾ ਅਸਰ ਪਿਆ ਅਤੇ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਸੰਗਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਦੇਖ-ਭਾਲ ਵੀ ਕਰਨੀ ਚਾਹੁੰਦਾ ਸੀ। (ਫ਼ਿਲਿ. 2:19, 20) ਪਰ ਉਸ ਦੀ ਨਿਹਚਾ ਦੀ ਉਸਾਰੀ ਇਨਸਾਨਾਂ ਲਈ ਉਸ ਦੀਆਂ ਭਾਵਨਾਵਾਂ ’ਤੇ ਨਹੀਂ ਹੋਈ, ਸਗੋਂ ਉਨ੍ਹਾਂ ਸਬੂਤਾਂ ’ਤੇ ਹੋਈ ਜਿਨ੍ਹਾਂ ਕਰਕੇ ਉਹ ਯਹੋਵਾਹ ਦੇ ਹੋਰ ਨੇੜੇ ਗਿਆ। ਤੁਹਾਨੂੰ ਵੀ ਯਹੋਵਾਹ ਬਾਰੇ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।

9. ਕਿਹੜੀਆਂ ਤਿੰਨ ਸੱਚਾਈਆਂ ’ਤੇ ਤੁਹਾਨੂੰ ਖ਼ੁਦ ਨੂੰ ਯਕੀਨ ਕਰਨ ਦੀ ਲੋੜ ਹੈ?

9 ਸਭ ਤੋਂ ਪਹਿਲਾਂ ਤੁਹਾਨੂੰ ਆਪ ਤਿੰਨ ਬੁਨਿਆਦੀ ਸੱਚਾਈਆਂ ਉੱਤੇ ਯਕੀਨ ਕਰਨ ਦੀ ਲੋੜ ਹੈ। ਪਹਿਲੀ, ਤੁਹਾਨੂੰ ਮੰਨਣ ਦੀ ਲੋੜ ਹੈ ਕਿ ਯਹੋਵਾਹ ਪਰਮੇਸ਼ੁਰ ਹੀ ਸਾਰੀ ਕਾਇਨਾਤ ਦਾ ਸਿਰਜਣਹਾਰ ਹੈ। (ਕੂਚ 3:14, 15; ਇਬ. 3:4; ਪ੍ਰਕਾ. 4:11) ਦੂਜੀ, ਤੁਹਾਨੂੰ ਆਪ ਮੰਨਣ ਦੀ ਲੋੜ ਹੈ ਕਿ ਬਾਈਬਲ ਇਨਸਾਨਾਂ ਲਈ ਪਰਮੇਸ਼ੁਰ ਵੱਲੋਂ ਸੰਦੇਸ਼ ਹੈ। (2 ਤਿਮੋ. 3:16, 17) ਤੀਸਰੀ, ਤੁਹਾਨੂੰ ਇਹ ਵੀ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਦੇ ਲੋਕਾਂ ਦਾ ਇਕ ਸੰਗਠਿਤ ਸਮੂਹ ਹੈ ਜੋ ਮਸੀਹ ਦੀ ਅਗਵਾਈ ਅਧੀਨ ਉਸ ਦੀ ਸੇਵਾ ਕਰ ਰਿਹਾ ਹੈ ਅਤੇ ਉਹ ਸਮੂਹ ਹੈ ਯਹੋਵਾਹ ਦੇ ਗਵਾਹ। (ਯਸਾ. 43:10-12; ਯੂਹੰ. 14:6; ਰਸੂ. 15:14) ਖ਼ੁਦ ਨੂੰ ਇਨ੍ਹਾਂ ਸੱਚਾਈਆਂ ਦਾ ਯਕੀਨ ਦਿਵਾਉਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਬਾਈਬਲ ਦੇ ਗਿਆਨ ਦਾ ਇਕ ਚੱਲਦਾ-ਫਿਰਦਾ ਐਨਸਾਈਕਲੋਪੀਡੀਆ ਬਣ ਜਾਓ। ਤੁਹਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤ ਕੇ ਖ਼ੁਦ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਸੱਚਾਈ ਹੈ।—ਰੋਮੀ. 12:1.

ਦੂਜਿਆਂ ਨੂੰ ਯਕੀਨ ਦਿਵਾਉਣ ਲਈ ਤਿਆਰ ਰਹੋ

10. ਸੱਚਾਈ ਜਾਣਨ ਦੇ ਨਾਲ-ਨਾਲ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?

10 ਜਦੋਂ ਤੁਹਾਨੂੰ ਬਾਈਬਲ, ਪਰਮੇਸ਼ੁਰ ਅਤੇ ਉਸ ਦੇ ਲੋਕਾਂ ਸੰਬੰਧੀ ਬੁਨਿਆਦੀ ਸੱਚਾਈਆਂ ’ਤੇ ਯਕੀਨ ਹੋ ਜਾਂਦਾ ਹੈ, ਤਾਂ ਤੁਹਾਨੂੰ ਬਾਈਬਲ ਵਰਤ ਕੇ ਇਨ੍ਹਾਂ ਸੱਚਾਈਆਂ ਬਾਰੇ ਦੂਜਿਆਂ ਨੂੰ ਯਕੀਨ ਦਿਵਾਉਣ ਦੀ ਲੋੜ ਹੈ। ਕਿਉਂ? ਕਿਉਂਕਿ ਮਸੀਹੀ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿੱਖੀਆਂ ਸੱਚਾਈਆਂ ਉਨ੍ਹਾਂ ਲੋਕਾਂ ਨੂੰ ਸਿਖਾਈਏ ਜੋ ਸਾਡੀ ਗੱਲ ਸੁਣਨ ਲਈ ਤਿਆਰ ਹਨ। * (1 ਤਿਮੋ. 4:16) ਜਿੱਦਾਂ-ਜਿੱਦਾਂ ਅਸੀਂ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ’ਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਾਂਗੇ, ਉੱਦਾਂ-ਉੱਦਾਂ ਉਨ੍ਹਾਂ ਸੱਚਾਈਆਂ ’ਤੇ ਸਾਡਾ ਯਕੀਨ ਪੱਕਾ ਹੁੰਦਾ ਜਾਵੇਗਾ।

11. ਪੌਲੁਸ ਰਸੂਲ ਨੇ ਇਕ ਸਿੱਖਿਅਕ ਵਜੋਂ ਕਿਹੜੀ ਮਿਸਾਲ ਕਾਇਮ ਕੀਤੀ?

11 ਜਦੋਂ ਪੌਲੁਸ ਰਸੂਲ ਲੋਕਾਂ ਨੂੰ ਸਿਖਾਉਂਦਾ ਸੀ, ਤਾਂ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ।” (ਰਸੂ. 28:23) ਦੂਸਰਿਆਂ ਨੂੰ ਸੱਚਾਈ ਸਿਖਾਉਂਦੇ ਸਮੇਂ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿਰਫ਼ ਸੱਚਾਈਆਂ ਸਿਖਾਉਣੀਆਂ ਹੀ ਕਾਫ਼ੀ ਨਹੀਂ ਹਨ, ਸਗੋਂ ਸਾਨੂੰ ਉਨ੍ਹਾਂ ਨੂੰ ਬਾਈਬਲ ’ਤੇ ਸੋਚ-ਵਿਚਾਰ ਕਰਨਾ ਵੀ ਸਿਖਾਉਣਾ ਚਾਹੀਦਾ ਹੈ ਤਾਂਕਿ ਉਹ ਯਹੋਵਾਹ ਦੇ ਨੇੜੇ ਆ ਸਕਣ। ਅਸੀਂ ਚਾਹੁੰਦੇ ਹਾਂ ਕਿ ਉਹ ਇਸ ਲਈ ਸੱਚਾਈ ਨੂੰ ਸਵੀਕਾਰ ਨਾ ਕਰਨ ਕਿਉਂਕਿ ਉਹ ਸਾਨੂੰ ਪਸੰਦ ਕਰਦੇ ਹਨ, ਸਗੋਂ ਇਸ ਲਈ ਕਰਨ ਕਿਉਂਕਿ ਉਨ੍ਹਾਂ ਨੇ ਖ਼ੁਦ ਨੂੰ ਯਕੀਨ ਦਿਵਾਇਆ ਹੈ ਕਿ ਉਹ ਜੋ ਸਿੱਖ ਰਹੇ ਹਨ, ਉਹ ਸਾਡੇ ਪਿਆਰੇ ਪਿਤਾ ਯਹੋਵਾਹ ਬਾਰੇ ਸੱਚਾਈ ਹੈ।

ਮਾਪਿਓ, “ਪਰਮੇਸ਼ੁਰ ਦੇ ਡੂੰਘੇ ਭੇਤਾਂ” ਨੂੰ ਸਿਖਾ ਕੇ ਬੱਚਿਆਂ ਦੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ (ਪੈਰੇ 12-13 ਦੇਖੋ) *

12-13. ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ ਲਈ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

12 ਮਾਪਿਓ, ਬਿਨਾਂ ਸ਼ੱਕ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸੱਚਾਈ ਦੇ ਰਾਹ ’ਤੇ ਚੱਲਦੇ ਰਹਿਣ। ਤੁਸੀਂ ਸ਼ਾਇਦ ਸੋਚੋ ਕਿ ਜੇ ਮੰਡਲੀ ਵਿਚ ਉਨ੍ਹਾਂ ਦੇ ਚੰਗੇ ਦੋਸਤ ਹੋਣਗੇ, ਤਾਂ ਹੀ ਉਹ ਤਰੱਕੀ ਕਰਨਗੇ। ਪਰ ਜੇ ਤੁਹਾਡੇ ਬੱਚਿਆਂ ਨੇ ਯਕੀਨ ਕਰਨਾ ਹੈ ਕਿ ਉਨ੍ਹਾਂ ਕੋਲ ਸੱਚਾਈ ਹੈ, ਤਾਂ ਉਨ੍ਹਾਂ ਦੇ ਸਿਰਫ਼ ਚੰਗੇ ਦੋਸਤ ਹੋਣੇ ਹੀ ਕਾਫ਼ੀ ਨਹੀਂ ਹਨ। ਉਨ੍ਹਾਂ ਨੂੰ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਅਤੇ ਇਹ ਯਕੀਨ ਕਰਨ ਦੀ ਲੋੜ ਹੈ ਕਿ ਉਹ ਬਾਈਬਲ ਵਿੱਚੋਂ ਜੋ ਸਿੱਖ ਰਹੇ ਹਨ, ਉਹ ਸੱਚਾਈ ਹੈ।

13 ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣੀ ਹੈ, ਤਾਂ ਪਹਿਲਾਂ ਉਨ੍ਹਾਂ ਨੂੰ ਆਪ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਵਿਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਉਨ੍ਹਾਂ ਨੂੰ ਸਮਾਂ ਕੱਢਣ ਦੀ ਲੋੜ ਹੈ। ਫਿਰ ਉਹ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨਾ ਸਿਖਾ ਸਕਣਗੇ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਉਸੇ ਤਰ੍ਹਾਂ ਵਰਤਣੇ ਸਿਖਾਉਣ ਦੀ ਲੋੜ ਹੈ ਜਿਸ ਤਰ੍ਹਾਂ ਉਹ ਆਪਣੇ ਕਿਸੇ ਬਾਈਬਲ ਵਿਦਿਆਰਥੀ ਨੂੰ ਸਿਖਾਉਂਦੇ ਹਨ। ਇਸ ਤਰ੍ਹਾਂ ਕਰ ਕੇ ਉਹ ਆਪਣੇ ਬੱਚਿਆਂ ਦੀ ਮਦਦ ਕਰਦੇ ਹਨ ਕਿ ਉਹ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣ ਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ’ਤੇ ਭਰੋਸਾ ਰੱਖਣ ਜਿਸ ਨੂੰ ਉਹ ਆਪਣਾ ਗਿਆਨ ਦੇਣ ਲਈ ਵਰਤ ਰਿਹਾ ਹੈ। (ਮੱਤੀ 24:45-47) ਮਾਪਿਓ, ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਿਖਾਉਣੀਆਂ ਹੀ ਕਾਫ਼ੀ ਨਹੀਂ ਹਨ। ਉਨ੍ਹਾਂ ਦੀ ਉਮਰ ਅਤੇ ਕਾਬਲੀਅਤ ਦੇ ਹਿਸਾਬ ਨਾਲ ਉਨ੍ਹਾਂ ਨੂੰ “ਪਰਮੇਸ਼ੁਰ ਦੇ ਡੂੰਘੇ ਭੇਤਾਂ” ਬਾਰੇ ਸਿਖਾ ਕੇ ਉਨ੍ਹਾਂ ਦੀ ਨਿਹਚਾ ਪੱਕੀ ਕਰੋ।—1 ਕੁਰਿੰ. 2:10.

ਬਾਈਬਲ ਵਿਚ ਦੱਸੀਆਂ ਭਵਿੱਖਬਾਣੀਆਂ ਦਾ ਅਧਿਐਨ ਕਰੋ

14. ਸਾਨੂੰ ਬਾਈਬਲ ਵਿਚ ਦੱਸੀਆਂ ਭਵਿੱਖਬਾਣੀਆਂ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ? (“ ਕੀ ਤੁਸੀਂ ਇਹ ਭਵਿੱਖਬਾਣੀਆਂ ਸਮਝਾ ਸਕਦੇ ਹੋ?” ਨਾਂ ਦੀ ਡੱਬੀ ਵੀ ਦੇਖੋ।)

14 ਬਾਈਬਲ ਵਿਚ ਦੱਸੀਆਂ ਭਵਿੱਖਬਾਣੀਆਂ ਪਰਮੇਸ਼ੁਰ ਦੇ ਬਚਨ ਦਾ ਇਕ ਅਹਿਮ ਹਿੱਸਾ ਹਨ ਜਿਨ੍ਹਾਂ ਦੀ ਮਦਦ ਨਾਲ ਯਹੋਵਾਹ ਉੱਤੇ ਸਾਡੀ ਨਿਹਚਾ ਪੱਕੀ ਹੁੰਦੀ ਹੈ। ਤੁਹਾਡੀ ਨਿਹਚਾ ਕਿਹੜੀਆਂ ਭਵਿੱਖਬਾਣੀਆਂ ਨੇ ਪੱਕੀ ਕੀਤੀ? ਤੁਸੀਂ ਸ਼ਾਇਦ ਕਹੋ ‘ਆਖ਼ਰੀ ਦਿਨਾਂ’ ਬਾਰੇ ਭਵਿੱਖਬਾਣੀਆਂ ਨੇ। (2 ਤਿਮੋ. 3:1-5; ਮੱਤੀ 24:3, 7) ਪਰ ਹੋਰ ਕਿਹੜੀਆਂ ਪੂਰੀਆਂ ਹੋਈਆਂ ਭਵਿੱਖਬਾਣੀਆਂ ਤੁਹਾਡਾ ਯਕੀਨ ਪੱਕਾ ਕਰ ਸਕਦੀਆਂ ਹਨ? ਮਿਸਾਲ ਲਈ, ਕੀ ਤੁਸੀਂ ਸਮਝਾ ਸਕਦੇ ਹੋ ਕਿ ਦਾਨੀਏਲ ਦੇ 2 ਜਾਂ 11ਵੇਂ ਅਧਿਆਇ ਵਿਚ ਜ਼ਿਕਰ ਕੀਤੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ ਅਤੇ ਹੋ ਰਹੀਆਂ ਹਨ? * ਜੇ ਤੁਹਾਡੀ ਨਿਹਚਾ ਬਾਈਬਲ ਉੱਤੇ ਪੂਰੀ ਤਰ੍ਹਾਂ ਆਧਾਰਿਤ ਹੈ, ਤਾਂ ਤੁਹਾਡੀ ਨਿਹਚਾ ਡਾਵਾਂ-ਡੋਲ ਨਹੀਂ ਹੋਵੇਗੀ। ਜ਼ਰਾ ਉਨ੍ਹਾਂ ਭੈਣਾਂ-ਭਰਾਵਾਂ ਦੀ ਮਿਸਾਲ ’ਤੇ ਗੌਰ ਕਰੋ ਜਿਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨੀ ਵਿਚ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਭਾਵੇਂ ਕਿ ਉਹ ਆਖ਼ਰੀ ਦਿਨਾਂ ਬਾਰੇ ਬਾਈਬਲ ਵਿਚ ਦੱਸੀਆਂ ਭਵਿੱਖਬਾਣੀਆਂ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ, ਫਿਰ ਵੀ ਪਰਮੇਸ਼ੁਰ ਦੇ ਬਚਨ ਉੱਤੇ ਉਨ੍ਹਾਂ ਦੀ ਨਿਹਚਾ ਪੱਕੀ ਸੀ।

ਬਾਈਬਲ ਅਤੇ ਇਸ ਵਿਚ ਦੱਸੀਆਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਅਸੀਂ ਅਜ਼ਮਾਇਸ਼ਾਂ ਦੇ ਸਮੇਂ ਦ੍ਰਿੜ੍ਹ ਰਹਿ ਸਕਦੇ ਹਾਂ (ਪੈਰੇ 15-17 ਦੇਖੋ) *

15-17. ਬਾਈਬਲ ਦਾ ਅਧਿਐਨ ਕਰਨ ਨਾਲ ਉਹ ਭਰਾ ਕਿਵੇਂ ਮਜ਼ਬੂਤ ਹੋਏ ਜਿਨ੍ਹਾਂ ਨੂੰ ਨਾਜ਼ੀਆਂ ਨੇ ਸਤਾਇਆ ਸੀ?

15 ਨਾਜ਼ੀ ਜਰਮਨੀ ਦੇ ਰਾਜ ਵਿਚ ਹਜ਼ਾਰਾਂ ਭੈਣਾਂ-ਭਰਾਵਾਂ ਨੂੰ ਤਸ਼ੱਦਦ ਕੈਂਪਾਂ ਵਿਚ ਭੇਜਿਆ ਗਿਆ। ਹਿਟਲਰ ਅਤੇ ਹੈਨਰਿਕ ਹਿਮਲਰ ਨਾਂ ਦੇ ਮੰਨੇ-ਪ੍ਰਮੰਨੇ ਅਧਿਕਾਰੀ ਯਹੋਵਾਹ ਦੇ ਗਵਾਹਾਂ ਨਾਲ ਬਹੁਤ ਨਫ਼ਰਤ ਕਰਦੇ ਸਨ। ਇਕ ਭੈਣ ਨੇ ਦੱਸਿਆ ਕਿ ਹਿਮਲਰ ਨੇ ਇਕ ਤਸ਼ੱਦਦ ਕੈਂਪ ਵਿਚ ਭੈਣਾਂ ਨੂੰ ਕਿਹਾ: “ਤੁਹਾਡਾ ਯਹੋਵਾਹ ਸਵਰਗ ਵਿਚ ਰਾਜ ਕਰਦਾ ਹੋਊਗਾ, ਪਰ ਧਰਤੀ ’ਤੇ ਸਾਡਾ ਰਾਜ ਚੱਲਦਾ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੌਣ ਲੰਬੇ ਸਮੇਂ ਤਕ ਟਿਕੇ ਰਹਿਣਗੇ, ਤੁਸੀਂ ਜਾਂ ਅਸੀਂ!” ਵਫ਼ਾਦਾਰ ਰਹਿਣ ਵਿਚ ਯਹੋਵਾਹ ਦੇ ਗਵਾਹਾਂ ਦੀ ਕਿਹੜੀ ਗੱਲ ਨੇ ਮਦਦ ਕੀਤੀ?

16 ਇਹ ਬਾਈਬਲ ਵਿਦਿਆਰਥੀ ਜਾਣਦੇ ਸਨ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸ਼ੁਰੂ ਹੋ ਗਿਆ ਸੀ। ਆਪਣਾ ਸਖ਼ਤ ਵਿਰੋਧ ਹੁੰਦਿਆਂ ਦੇਖ ਕੇ ਉਹ ਹੈਰਾਨ ਨਹੀਂ ਹੋਏ। ਯਹੋਵਾਹ ਦੇ ਲੋਕਾਂ ਨੂੰ ਪੂਰਾ ਯਕੀਨ ਸੀ ਕਿ ਕੋਈ ਵੀ ਸਰਕਾਰ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। ਹਿਟਲਰ ਸ਼ੁੱਧ ਭਗਤੀ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਸਕਿਆ ਜਾਂ ਅਜਿਹੀ ਸਰਕਾਰ ਨਹੀਂ ਖੜ੍ਹੀ ਕਰ ਸਕਿਆ ਜੋ ਪਰਮੇਸ਼ੁਰ ਦੇ ਰਾਜ ਦੀ ਜਗ੍ਹਾ ਲੈ ਸਕੇ। ਸਾਡੇ ਭਰਾਵਾਂ ਨੂੰ ਪੂਰਾ ਯਕੀਨ ਸੀ ਕਿ ਹਿਟਲਰ ਦਾ ਰਾਜ ਕਿਸੇ-ਨਾ-ਕਿਸੇ ਤਰੀਕੇ ਨਾਲ ਖ਼ਤਮ ਹੋ ਹੀ ਜਾਵੇਗਾ।

17 ਉਨ੍ਹਾਂ ਭੈਣਾਂ-ਭਰਾਵਾਂ ਵੱਲੋਂ ਇਹ ਯਕੀਨ ਕਰਨਾ ਗ਼ਲਤ ਨਹੀਂ ਸੀ। ਥੋੜ੍ਹੇ ਚਿਰ ਬਾਅਦ ਨਾਜ਼ੀ ਰਾਜ ਦਾ ਅੰਤ ਹੋ ਗਿਆ ਅਤੇ ਹੈਨਰਿਕ ਹਿਮਲਰ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ ਜਿਸ ਨੇ ਕਿਹਾ ਸੀ “ਧਰਤੀ ’ਤੇ ਸਾਡਾ ਰਾਜ ਚੱਲਦਾ।” ਆਪਣੀ ਜਾਨ ਬਚਾਉਣ ਲਈ ਭੱਜਦੇ ਵੇਲੇ ਉਹ ਭਰਾ ਲੁਬਕੇ ਨੂੰ ਮਿਲਿਆ ਜਿਸ ਨੂੰ ਉਹ ਪਛਾਣਦਾ ਸੀ। ਇਹ ਭਰਾ ਪਹਿਲਾਂ ਕੈਦ ਵਿਚ ਹੁੰਦਾ ਸੀ। ਹਿਮਲਰ ਨੇ ਭਰਾ ਲੁਬਕੇ ਤੋਂ ਪੁੱਛਿਆ: “ਬਾਈਬਲ ਵਿਦਿਆਰਥੀਆ, ਦੱਸ ਹੁਣ ਕੀ ਹੋਊਗਾ?” ਭਰਾ ਨੇ ਹਿਮਲਰ ਨੂੰ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਨਾਜ਼ੀ ਰਾਜ ਖ਼ਤਮ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਆਜ਼ਾਦ ਕੀਤਾ ਜਾਵੇਗਾ। ਹਿਮਲਰ ਦੀ ਬੋਲਤੀ ਬੰਦ ਹੋ ਗਈ ਜਿਸ ਨੇ ਪਹਿਲਾਂ ਯਹੋਵਾਹ ਦੇ ਗਵਾਹਾਂ ਬਾਰੇ ਕਾਫ਼ੀ ਬੁਰਾ-ਭਲਾ ਕਿਹਾ ਸੀ। ਇਸ ਤੋਂ ਥੋੜ੍ਹੇ ਚਿਰ ਬਾਅਦ ਉਸ ਨੇ ਖ਼ੁਦਕਸ਼ੀ ਕਰ ਲਈ। ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਬਾਈਬਲ ਅਤੇ ਇਸ ਵਿਚ ਦੱਸੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨ ਨਾਲ ਪਰਮੇਸ਼ੁਰ ਉੱਤੇ ਸਾਡੀ ਨਿਹਚਾ ਅਟੁੱਟ ਹੋਵੇਗੀ ਅਤੇ ਅਜ਼ਮਾਇਸ਼ਾਂ ਆਉਣ ਤੇ ਸਾਡਾ ਭਰੋਸਾ ਵਧੇਗਾ।—2 ਪਤ. 1:19-21.

18. ਯੂਹੰਨਾ 6:67, 68 ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਪੌਲੁਸ ਵੱਲੋਂ ਜ਼ਿਕਰ ਕੀਤੇ “ਸਹੀ ਗਿਆਨ ਅਤੇ ਪੂਰੀ ਸਮਝ” ਦੀ ਕਿਉਂ ਲੋੜ ਹੈ?

18 ਸਾਨੂੰ ਸਾਰਿਆਂ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ ਜੋ ਸੱਚੇ ਮਸੀਹੀਆਂ ਦੀ ਪਛਾਣ ਹੈ। ਸਾਨੂੰ “ਸਹੀ ਗਿਆਨ ਅਤੇ ਪੂਰੀ ਸਮਝ” ਦੀ ਵੀ ਲੋੜ ਹੈ। (ਫ਼ਿਲਿ. 1:9) ਨਹੀਂ ਤਾਂ ਅਸੀਂ ‘ਚਾਲਬਾਜ਼ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਪਿੱਛੇ ਲੱਗ’ ਸਕਦੇ ਹਾਂ ਜਿਨ੍ਹਾਂ ਵਿਚ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ। (ਅਫ਼. 4:14) ਪਹਿਲੀ ਸਦੀ ਵਿਚ ਜਦੋਂ ਬਹੁਤ ਸਾਰੇ ਚੇਲਿਆਂ ਨੇ ਯਿਸੂ ਪਿੱਛੇ ਚੱਲਣਾ ਛੱਡ ਦਿੱਤਾ ਸੀ, ਤਾਂ ਪਤਰਸ ਰਸੂਲ ਨੇ ਪੂਰੇ ਯਕੀਨ ਨਾਲ ਕਿਹਾ ਕਿ ਯਿਸੂ ਕੋਲ ਹੀ “ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ” ਹਨ। (ਯੂਹੰਨਾ 6:67, 68 ਪੜ੍ਹੋ।) ਭਾਵੇਂ ਕਿ ਪਤਰਸ ਨੂੰ ਉਨ੍ਹਾਂ ਗੱਲਾਂ ਦੀ ਪੂਰੀ ਸਮਝ ਨਹੀਂ ਸੀ, ਫਿਰ ਵੀ ਉਹ ਵਫ਼ਾਦਾਰ ਰਿਹਾ ਕਿਉਂਕਿ ਉਹ ਮਸੀਹ ਬਾਰੇ ਸੱਚਾਈ ਜਾਣਦਾ ਸੀ। ਤੁਸੀਂ ਵੀ ਬਾਈਬਲ ਦੀਆਂ ਗੱਲਾਂ ਉੱਤੇ ਆਪਣਾ ਯਕੀਨ ਪੱਕਾ ਕਰ ਸਕਦੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਪਰੀਖਿਆ ਦੇ ਸਮੇਂ ਤੁਹਾਡੀ ਨਿਹਚਾ ਡਾਵਾਂ-ਡੋਲ ਨਹੀਂ ਹੋਵੇਗੀ ਅਤੇ ਤੁਸੀਂ ਦੂਜਿਆਂ ਦੀ ਨਿਹਚਾ ਵੀ ਪੱਕੀ ਕਰ ਸਕੋਗੇ।—2 ਯੂਹੰ. 1, 2.

ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’

^ ਪੈਰਾ 5 ਇਸ ਲੇਖ ਨੂੰ ਪੜ੍ਹ ਕੇ ਪਰਮੇਸ਼ੁਰ ਦੇ ਬਚਨ ਵਿਚਲੀਆਂ ਸੱਚਾਈਆਂ ਲਈ ਸਾਡੀ ਕਦਰ ਵਧੇਗੀ। ਨਾਲੇ ਅਸੀਂ ਕੁਝ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਆਪਣਾ ਯਕੀਨ ਪੱਕਾ ਕਰ ਸਕਦੇ ਹਾਂ ਕਿ ਸਾਡੇ ਕੋਲ ਸੱਚਾਈ ਹੈ।

^ ਪੈਰਾ 10 ਦੂਜਿਆਂ ਨਾਲ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ’ਤੇ ਤਰਕ ਕਰਨ ਲਈ “ਘਰ-ਮਾਲਕ ਨਾਲ ਗੱਲਬਾਤ” ਨਾਂ ਦੇ ਲੜੀਵਾਰ ਲੇਖ ਦੇਖੋ ਜੋ 2013 ਅਤੇ 2015 ਦੇ ਪਹਿਰਾਬੁਰਜ ਵਿਚ ਆਏ ਸਨ। ਇਨ੍ਹਾਂ ਲੇਖਾਂ ਦੇ ਵਿਸ਼ੇ ਹਨ: “ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?” ਅਤੇ “ਕੀ ਰੱਬ ਸਾਡੀ ਪਰਵਾਹ ਕਰਦਾ ਹੈ?

^ ਪੈਰਾ 14 ਇਨ੍ਹਾਂ ਭਵਿੱਖਬਾਣੀਆਂ ਬਾਰੇ 15 ਜੂਨ 2012 ਅਤੇ ਮਈ 2020 ਦੇ ਪਹਿਰਾਬੁਰਜ ਦੇ ਅੰਕ ਦੇਖੋ।

^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਪਰਿਵਾਰਕ ਸਟੱਡੀ ਦੌਰਾਨ ਮਾਪੇ ਆਪਣੇ ਬੱਚਿਆਂ ਨਾਲ ਮਹਾਂਕਸ਼ਟ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਦੇ ਹੋਏ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: ਮਹਾਂਕਸ਼ਟ ਦੌਰਾਨ ਹੋਣ ਵਾਲੀਆਂ ਘਟਨਾਵਾਂ ਦੇਖ ਕੇ ਇਹ ਪਰਿਵਾਰ ਘਬਰਾਏਗਾ ਨਹੀਂ।