Skip to content

Skip to table of contents

ਅਧਿਐਨ ਲੇਖ 35

ਯਹੋਵਾਹ ਦੀ ਮੰਡਲੀ ਵਿਚ ਹਰੇਕ ਦਾ ਆਦਰ ਕਰੋ

ਯਹੋਵਾਹ ਦੀ ਮੰਡਲੀ ਵਿਚ ਹਰੇਕ ਦਾ ਆਦਰ ਕਰੋ

“ਅੱਖ ਹੱਥ ਨੂੰ ਨਹੀਂ ਕਹਿ ਸਕਦੀ: ‘ਮੈਨੂੰ ਤੇਰੀ ਲੋੜ ਨਹੀਂ ਹੈ’; ਜਾਂ ਸਿਰ ਪੈਰਾਂ ਨੂੰ ਨਹੀਂ ਕਹਿ ਸਕਦਾ: ‘ਮੈਨੂੰ ਤੁਹਾਡੀ ਲੋੜ ਨਹੀਂ ਹੈ।’”—1 ਕੁਰਿੰ. 12:21.

ਗੀਤ 18 ਰੱਬ ਦਾ ਸੱਚਾ ਪਿਆਰ

ਖ਼ਾਸ ਗੱਲਾਂ *

1. ਯਹੋਵਾਹ ਆਪਣੇ ਹਰ ਵਫ਼ਾਦਾਰ ਸੇਵਕ ਬਾਰੇ ਕੀ ਸੋਚਦਾ ਹੈ?

ਯਹੋਵਾਹ ਆਪਣੀ ਮੰਡਲੀ ਵਿਚ ਹਰ ਵਫ਼ਾਦਾਰ ਸੇਵਕ ਨੂੰ ਅਹਿਮੀਅਤ ਦਿੰਦਾ ਹੈ। ਭਾਵੇਂ ਅਸੀਂ ਸਾਰੇ ਵੱਖਰੀ-ਵੱਖਰੀ ਭੂਮਿਕਾ ਨਿਭਾਉਂਦੇ ਹਾਂ, ਪਰ ਅਸੀਂ ਸਾਰੇ ਅਨਮੋਲ ਹਾਂ ਅਤੇ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੀ ਲੋੜ ਹੈ। ਪੌਲੁਸ ਰਸੂਲ ਸਾਡੀ ਇਸ ਗੱਲ ਨੂੰ ਸਮਝਣ ਵਿਚ ਮਦਦ ਕਰਦਾ ਹੈ। ਕਿਵੇਂ?

2. ਅਫ਼ਸੀਆਂ 4:16 ਮੁਤਾਬਕ ਸਾਨੂੰ ਇਕ-ਦੂਜੇ ਨੂੰ ਅਨਮੋਲ ਸਮਝਣ ਅਤੇ ਮਿਲ ਕੇ ਕੰਮ ਕਰਨ ਦੀ ਕਿਉਂ ਲੋੜ ਹੈ?

2 ਇਸ ਲੇਖ ਦੀ ਮੁੱਖ ਆਇਤ ਵਿਚ ਪੌਲੁਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਯਹੋਵਾਹ ਦੇ ਕਿਸੇ ਸੇਵਕ ਨੂੰ ਇਹ ਨਹੀਂ ਕਹਿਣਾ ਚਾਹੀਦਾ: “ਮੈਨੂੰ ਤੇਰੀ ਲੋੜ ਨਹੀਂ ਹੈ।” (1 ਕੁਰਿੰ. 12:21) ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਇਕ-ਦੂਜੇ ਨੂੰ ਸਮਝਣ ਅਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। (ਅਫ਼ਸੀਆਂ 4:16 ਪੜ੍ਹੋ।) ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ, ਤਾਂ ਮੰਡਲੀ ਵਿਚ ਪਿਆਰ ਵਧਦਾ ਹੈ ਅਤੇ ਇਹ ਮਜ਼ਬੂਤ ਹੁੰਦੀ ਹੈ।

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

3 ਅਸੀਂ ਕਿਨ੍ਹਾਂ ਗੱਲਾਂ ਵਿਚ ਮੰਡਲੀ ਦੇ ਭੈਣਾਂ-ਭਰਾਵਾਂ ਲਈ ਆਦਰ ਦਿਖਾ ਸਕਦੇ ਹਾਂ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬਜ਼ੁਰਗ ਇਕ-ਦੂਜੇ ਦਾ ਆਦਰ ਕਿਵੇਂ ਕਰ ਸਕਦੇ ਹਨ। ਫਿਰ ਅਸੀਂ ਦੇਖਾਂਗੇ ਕਿ ਅਸੀਂ ਸਾਰੇ ਜਣੇ ਕੁਆਰੇ ਭੈਣਾਂ-ਭਰਾਵਾਂ ਲਈ ਕਿਵੇਂ ਆਦਰ ਦਿਖਾ ਸਕਦੇ ਹਾਂ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ ਜੋ ਸ਼ਾਇਦ ਸਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ।

ਬਜ਼ੁਰਗੋ—ਇਕ-ਦੂਜੇ ਦਾ ਆਦਰ ਕਰੋ

4. ਬਜ਼ੁਰਗਾਂ ਨੂੰ ਰੋਮੀਆਂ 12:10 ਵਿਚ ਦਿੱਤੀ ਪੌਲੁਸ ਦੀ ਕਿਹੜੀ ਸਲਾਹ ਮੰਨਣ ਦੀ ਲੋੜ ਹੈ?

4 ਮੰਡਲੀ ਦੇ ਸਾਰੇ ਬਜ਼ੁਰਗਾਂ ਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤਾ ਜਾਂਦਾ ਹੈ। ਪਰ ਹਰ ਇਕ ਵਿਚ ਵੱਖੋ-ਵੱਖਰੀ ਕਾਬਲੀਅਤ ਹੁੰਦੀ ਹੈ। (1 ਕੁਰਿੰ. 12:17, 18) ਕੁਝ ਸ਼ਾਇਦ ਨਵੇਂ-ਨਵੇਂ ਬਜ਼ੁਰਗ ਬਣੇ ਹੋਣ ਜਿਸ ਕਰਕੇ ਸ਼ਾਇਦ ਉਨ੍ਹਾਂ ਕੋਲ ਦੂਜਿਆਂ ਨਾਲੋਂ ਘੱਟ ਤਜਰਬਾ ਹੋਵੇ। ਕੁਝ ਸ਼ਾਇਦ ਬੁਢਾਪੇ ਅਤੇ ਮਾੜੀ ਸਿਹਤ ਕਰਕੇ ਜ਼ਿਆਦਾ ਨਹੀਂ ਕਰ ਪਾਉਂਦੇ। ਫਿਰ ਵੀ ਕਿਸੇ ਬਜ਼ੁਰਗ ਨੂੰ ਦੂਸਰੇ ਬਜ਼ੁਰਗ ਵੱਲ ਦੇਖ ਕੇ ਇਹ ਨਹੀਂ ਕਹਿਣਾ ਚਾਹੀਦਾ: “ਮੈਨੂੰ ਤੇਰੀ ਲੋੜ ਨਹੀਂ ਹੈ।” ਇਸ ਦੀ ਬਜਾਇ, ਹਰ ਬਜ਼ੁਰਗ ਨੂੰ ਰੋਮੀਆਂ 12:10 (ਪੜ੍ਹੋ।) ਵਿਚ ਦਿੱਤੀ ਪੌਲੁਸ ਦੀ ਸਲਾਹ ਮੰਨਣ ਦੀ ਲੋੜ ਹੈ।

ਬਜ਼ੁਰਗ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣ ਕੇ ਆਦਰ ਦਿਖਾਉਂਦੇ ਹਨ (ਪੈਰੇ 5-6 ਦੇਖੋ)

5. ਬਜ਼ੁਰਗ ਇਕ-ਦੂਜੇ ਲਈ ਆਦਰ ਕਿਵੇਂ ਦਿਖਾ ਸਕਦੇ ਹਨ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

5 ਬਜ਼ੁਰਗ ਧਿਆਨ ਨਾਲ ਇਕ-ਦੂਜੇ ਦੀ ਗੱਲ ਸੁਣ ਕੇ ਆਦਰ ਦਿਖਾਉਂਦੇ ਹਨ। ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਖ਼ਾਸਕਰ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਉਹ ਕਿਸੇ ਗੰਭੀਰ ਮਸਲੇ ’ਤੇ ਗੱਲ ਕਰਨ ਲਈ ਇਕੱਠੇ ਹੁੰਦੇ ਹਨ। ਕਿਉਂ? ਧਿਆਨ ਦਿਓ ਕਿ 1 ਅਕਤੂਬਰ 1988 ਦੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਵਿਚ ਲਿਖਿਆ ਹੈ: “ਬਜ਼ੁਰਗ ਮੰਨਦੇ ਹਨ ਕਿ ਜਦੋਂ ਉਨ੍ਹਾਂ ਨੇ ਕਿਸੇ ਮਸਲੇ ਨੂੰ ਸੁਲਝਾਉਣਾ ਹੁੰਦਾ ਹੈ ਜਾਂ ਫਿਰ ਕੋਈ ਜ਼ਰੂਰੀ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਮਸੀਹ ਪਵਿੱਤਰ ਸ਼ਕਤੀ ਦੇ ਜ਼ਰੀਏ ਕਿਸੇ ਵੀ ਬਜ਼ੁਰਗ ਦੇ ਧਿਆਨ ਵਿਚ ਲਿਆ ਸਕਦਾ ਹੈ ਕਿ ਉਨ੍ਹਾਂ ਨੂੰ ਬਾਈਬਲ ਦਾ ਕਿਹੜਾ ਅਸੂਲ ਲਾਗੂ ਕਰਨਾ ਚਾਹੀਦਾ ਹੈ। (ਰਸੂ. 15:6-15) ਪਵਿੱਤਰ ਸ਼ਕਤੀ ਕਿਸੇ ਇਕ ਬਜ਼ੁਰਗ ਉੱਤੇ ਨਹੀਂ, ਸਗੋਂ ਮੰਡਲੀ ਦੇ ਸਾਰੇ ਬਜ਼ੁਰਗਾਂ ’ਤੇ ਕੰਮ ਕਰਦੀ ਹੈ।”

6. ਬਜ਼ੁਰਗ ਕਿਵੇਂ ਮਿਲ ਕੇ ਕੰਮ ਕਰਦੇ ਹਨ ਅਤੇ ਇਸ ਨਾਲ ਮੰਡਲੀ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

6 ਜਿਹੜਾ ਬਜ਼ੁਰਗ ਆਪਣੇ ਨਾਲ ਦੇ ਬਜ਼ੁਰਗਾਂ ਦਾ ਆਦਰ ਕਰਦਾ ਹੈ, ਉਹ ਬਜ਼ੁਰਗਾਂ ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿਚ ਹਮੇਸ਼ਾ ਬੋਲਣ ਵਿਚ ਪਹਿਲ ਨਹੀਂ ਕਰਦਾ। ਉਹ ਗੱਲਬਾਤ ਦੌਰਾਨ ਆਪ ਹੀ ਨਹੀਂ ਬੋਲਦਾ ਰਹਿੰਦਾ ਤੇ ਨਾ ਹੀ ਇਹ ਸੋਚਦਾ ਹੈ ਕਿ ਉਸ ਦੀ ਰਾਇ ਹੀ ਹਮੇਸ਼ਾ ਸਹੀ ਹੁੰਦੀ ਹੈ। ਇਸ ਦੀ ਬਜਾਇ, ਉਹ ਆਪਣੀਆਂ ਹੱਦਾਂ ਵਿਚ ਰਹਿ ਕੇ ਨਿਮਰਤਾ ਨਾਲ ਆਪਣੀ ਰਾਇ ਦੱਸਦਾ ਹੈ। ਉਹ ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ। ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਬਾਈਬਲ ਦੇ ਅਸੂਲਾਂ ’ਤੇ ਆਧਾਰਿਤ ਗੱਲ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਮਿਲੀ ਸੇਧ ਅਨੁਸਾਰ ਚੱਲਦਾ ਹੈ। (ਮੱਤੀ 24:45-47) ਕਿਸੇ ਮਸਲੇ ਬਾਰੇ ਗੱਲ ਕਰਦੇ ਸਮੇਂ ਜਦੋਂ ਬਜ਼ੁਰਗ ਪਿਆਰ ਅਤੇ ਆਦਰ ਨਾਲ ਪੇਸ਼ ਆਉਣਗੇ, ਤਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਨ੍ਹਾਂ ’ਤੇ ਕੰਮ ਕਰੇਗੀ ਅਤੇ ਉਨ੍ਹਾਂ ਦੀ ਅਜਿਹੇ ਫ਼ੈਸਲੇ ਲੈਣ ਵਿਚ ਮਦਦ ਕਰੇਗੀ ਜਿਸ ਨਾਲ ਮੰਡਲੀ ਮਜ਼ਬੂਤ ਹੋਵੇਗੀ।—ਯਾਕੂ. 3:17, 18.

ਕੁਆਰੇ ਭੈਣਾਂ-ਭਰਾਵਾਂ ਦਾ ਆਦਰ ਕਰੋ

7. ਯਿਸੂ ਦਾ ਕੁਆਰੇ ਲੋਕਾਂ ਬਾਰੇ ਕੀ ਨਜ਼ਰੀਆ ਸੀ?

7 ਅੱਜ ਮੰਡਲੀ ਵਿਚ ਕਈ ਵਿਆਹੇ ਜੋੜੇ ਅਤੇ ਪਰਿਵਾਰ ਹਨ। ਪਰ ਇਸ ਵਿਚ ਉਹ ਭੈਣ-ਭਰਾ ਵੀ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ। ਸਾਨੂੰ ਉਨ੍ਹਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਸਾਨੂੰ ਉਨ੍ਹਾਂ ਬਾਰੇ ਯਿਸੂ ਵਰਗਾ ਨਜ਼ਰੀਆ ਰੱਖਣ ਦੀ ਲੋੜ ਹੈ। ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਵਿਆਹ ਨਹੀਂ ਕਰਾਇਆ। ਉਸ ਨੇ ਕੁਆਰੇ ਰਹਿ ਕੇ ਆਪਣਾ ਸਮਾਂ ਅਤੇ ਆਪਣਾ ਧਿਆਨ ਆਪਣੇ ਕੰਮ ’ਤੇ ਲਾਈ ਰੱਖਿਆ। ਯਿਸੂ ਨੇ ਕਦੇ ਨਹੀਂ ਸਿਖਾਇਆ ਕਿ ਇਕ ਮਸੀਹੀ ਲਈ ਵਿਆਹ ਕਰਾਉਣਾ ਜਾਂ ਕੁਆਰੇ ਰਹਿਣਾ ਜ਼ਰੂਰੀ ਹੈ। ਪਰ ਉਸ ਨੇ ਇਹ ਜ਼ਰੂਰ ਕਿਹਾ ਸੀ ਕਿ ਕੁਝ ਮਸੀਹੀ ਕੁਆਰੇ ਰਹਿਣ ਦਾ ਫ਼ੈਸਲਾ ਕਰਨਗੇ। (ਮੱਤੀ 19:11, 12) ਯਿਸੂ ਕੁਆਰੇ ਲੋਕਾਂ ਦਾ ਆਦਰ ਕਰਦਾ ਸੀ। ਉਸ ਨੇ ਉਨ੍ਹਾਂ ਨੂੰ ਕਦੇ ਨੀਵਾਂ ਨਹੀਂ ਸਮਝਿਆ ਤੇ ਨਾ ਹੀ ਉਸ ਨੇ ਇਹ ਸੋਚਿਆ ਕਿ ਵਿਆਹ ਤੋਂ ਬਿਨਾਂ ਉਨ੍ਹਾਂ ਦੀ ਜ਼ਿੰਦਗੀ ਅਧੂਰੀ ਹੈ।

8. ਪਹਿਲਾ ਕੁਰਿੰਥੀਆਂ 7:7-9 ਮੁਤਾਬਕ ਪੌਲੁਸ ਨੇ ਮਸੀਹੀਆਂ ਨੂੰ ਕਿਹੜੀ ਹੱਲਾਸ਼ੇਰੀ ਦਿੱਤੀ?

8 ਯਿਸੂ ਵਾਂਗ ਪੌਲੁਸ ਰਸੂਲ ਨੇ ਵੀ ਕੁਆਰੇ ਰਹਿ ਕੇ ਪਰਮੇਸ਼ੁਰ ਦੀ ਸੇਵਾ ਕੀਤੀ। ਪੌਲੁਸ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਕ ਮਸੀਹੀ ਲਈ ਵਿਆਹ ਕਰਾਉਣਾ ਗ਼ਲਤ ਹੈ। ਉਹ ਜਾਣਦਾ ਸੀ ਕਿ ਇਹ ਇਕ ਮਸੀਹੀ ਦਾ ਨਿੱਜੀ ਫ਼ੈਸਲਾ ਹੈ। ਫਿਰ ਵੀ ਪੌਲੁਸ ਨੇ ਮਸੀਹੀਆਂ ਨੂੰ ਕੁਆਰੇ ਰਹਿ ਕੇ ਯਹੋਵਾਹ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। (1 ਕੁਰਿੰਥੀਆਂ 7:7-9 ਪੜ੍ਹੋ।) ਇਸ ਤੋਂ ਪਤਾ ਚੱਲਦਾ ਹੈ ਕਿ ਪੌਲੁਸ ਕੁਆਰੇ ਮਸੀਹੀਆਂ ਨੂੰ ਨੀਵਾਂ ਨਹੀਂ ਸਮਝਦਾ ਸੀ। ਦਰਅਸਲ, ਉਸ ਨੇ ਕੁਆਰੇ ਭਰਾ ਤਿਮੋਥਿਉਸ ਨੂੰ ਭਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ। * (ਫ਼ਿਲਿ. 2:19-22) ਇਸ ਲਈ ਇਹ ਸੋਚਣਾ ਗ਼ਲਤ ਹੈ ਕਿ ਮੰਡਲੀ ਵਿਚ ਕਿਸੇ ਭਰਾ ਨੂੰ ਕੋਈ ਜ਼ਿੰਮੇਵਾਰੀ ਦੇਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਵਿਆਹਿਆ ਜਾਂ ਕੁਆਰਾ ਹੋਵੇ।—1 ਕੁਰਿੰ. 7:32-35, 38.

9. ਵਿਆਹ ਕਰਾਉਣ ਅਤੇ ਕੁਆਰੇ ਰਹਿਣ ਬਾਰੇ ਅਸੀਂ ਕੀ ਕਹਿ ਸਕਦੇ ਹਾਂ?

9 ਯਿਸੂ ਜਾਂ ਪੌਲੁਸ ਨੇ ਕਦੇ ਇਹ ਨਹੀਂ ਸਿਖਾਇਆ ਕਿ ਮਸੀਹੀਆਂ ਨੂੰ ਵਿਆਹ ਕਰਾਉਣਾ ਜਾਂ ਕੁਆਰੇ ਰਹਿਣਾ ਚਾਹੀਦਾ ਹੈ। ਤਾਂ ਫਿਰ ਅਸੀਂ ਵਿਆਹ ਕਰਾਉਣ ਅਤੇ ਕੁਆਰੇ ਰਹਿਣ ਬਾਰੇ ਕੀ ਕਹਿ ਸਕਦੇ ਹਾਂ? ਇਸ ਦਾ ਜਵਾਬ 1 ਅਕਤੂਬਰ 2012 ਦੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਵਿਚ ਮਿਲਦਾ ਹੈ। ਇਸ ਵਿਚ ਲਿਖਿਆ ਹੈ: “ਵਿਆਹ ਕਰਾਉਣਾ ਜਾਂ ਕੁਆਰੇ ਰਹਿਣਾ ਦੋਵੇਂ ਹੀ ਪਰਮੇਸ਼ੁਰ ਵੱਲੋਂ ਦਾਤਾਂ ਹਨ। . . . ਯਹੋਵਾਹ ਇਹ ਨਹੀਂ ਸੋਚਦਾ ਕਿ ਕੁਆਰੇ ਰਹਿਣਾ ਸ਼ਰਮ ਜਾਂ ਦੁੱਖ ਦੀ ਗੱਲ ਹੈ।” ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਮੰਡਲੀ ਵਿਚ ਕੁਆਰੇ ਭੈਣਾਂ-ਭਰਾਵਾਂ ਦਾ ਆਦਰ ਕਰਨ ਦੀ ਲੋੜ ਹੈ।

ਕੁਆਰੇ ਭੈਣਾਂ-ਭਰਾਵਾਂ ਦਾ ਆਦਰ ਕਰਨ ਕਰਕੇ ਅਸੀਂ ਕੀ ਨਹੀਂ ਕਰਾਂਗੇ? (ਪੈਰਾ 10 ਦੇਖੋ)

10. ਕੁਆਰੇ ਭੈਣਾਂ-ਭਰਾਵਾਂ ਲਈ ਅਸੀਂ ਕਿਵੇਂ ਆਦਰ ਦਿਖਾ ਸਕਦੇ ਹਾਂ?

10 ਅਸੀਂ ਕੁਆਰੇ ਭੈਣਾਂ-ਭਰਾਵਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ? ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕੁਝ ਮਸੀਹੀਆਂ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ। ਕਈ ਕੁਆਰੇ ਮਸੀਹੀ ਵਿਆਹ ਕਰਾਉਣਾ ਤਾਂ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਸਹੀ ਜੀਵਨ ਸਾਥੀ ਨਹੀਂ ਮਿਲ ਰਿਹਾ। ਕੁਝ ਮਸੀਹੀ ਅਜਿਹੇ ਹਨ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਚੁੱਕੀ ਹੈ। ਇਕ ਮਸੀਹੀ ਚਾਹੇ ਕਿਸੇ ਵੀ ਕਾਰਨ ਕਰਕੇ ਕੁਆਰਾ ਹੋਵੇ, ਪਰ ਕੀ ਸਾਨੂੰ ਉਸ ਨੂੰ ਇਹ ਪੁੱਛਣਾ ਚਾਹੀਦਾ ਕਿ ਉਸ ਨੇ ਵਿਆਹ ਕਿਉਂ ਨਹੀਂ ਕਰਾਇਆ? ਜਾਂ ਕੀ ਸਾਨੂੰ ਕਹਿਣਾ ਚਾਹੀਦਾ ਕਿ ਅਸੀਂ ਉਸ ਲਈ ਸਾਥੀ ਲੱਭ ਸਕਦੇ ਹਾਂ? ਸ਼ਾਇਦ ਕੁਝ ਕੁਆਰੇ ਮਸੀਹੀ ਇਸ ਤਰ੍ਹਾਂ ਦੀ ਮਦਦ ਚਾਹੁਣ। ਪਰ ਜਿਨ੍ਹਾਂ ਕੁਆਰੇ ਮਸੀਹੀਆਂ ਨੇ ਸਾਡੇ ਤੋਂ ਮਦਦ ਨਹੀਂ ਮੰਗੀ, ਜੇ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਅਸੀਂ ਉਨ੍ਹਾਂ ਲਈ ਸਾਥੀ ਲੱਭ ਸਕਦੇ ਹਾਂ, ਤਾਂ ਉਨ੍ਹਾਂ ਨੂੰ ਕਿਵੇਂ ਲੱਗੇਗਾ? (1 ਥੱਸ. 4:11; 1 ਤਿਮੋ. 5:13) ਆਓ ਅਸੀਂ ਦੇਖੀਏ ਕਿ ਕੁਝ ਵਫ਼ਾਦਾਰ ਕੁਆਰੇ ਭੈਣ-ਭਰਾ ਕੀ ਕਹਿੰਦੇ ਹਨ।

11-12. ਅਸੀਂ ਸ਼ਾਇਦ ਕੁਆਰੇ ਭੈਣਾਂ-ਭਰਾਵਾਂ ਦਾ ਹੌਸਲਾ ਕਿਵੇਂ ਢਾਹ ਦੇਈਏ?

11 ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਵਾਲਾ ਇਕ ਕੁਆਰਾ ਸਰਕਟ ਨਿਗਾਹਬਾਨ ਕਹਿੰਦਾ ਹੈ ਕਿ ਕੁਆਰੇ ਰਹਿਣ ਦੇ ਬਹੁਤ ਸਾਰੇ ਫ਼ਾਇਦੇ ਹਨ। ਪਰ ਉਹ ਕਹਿੰਦਾ ਹੈ ਕਿ ਉਸ ਵੇਲੇ ਉਹ ਨਿਰਾਸ਼ ਹੋ ਜਾਂਦਾ ਹੈ ਜਦੋਂ ਉਸ ਦਾ ਭਲਾ ਚਾਹੁਣ ਵਾਲੇ ਭੈਣ-ਭਰਾ ਉਸ ਨੂੰ ਪੁੱਛਦੇ ਹਨ: “ਤੂੰ ਵਿਆਹ ਕਿਉਂ ਨਹੀਂ ਕਰਾਇਆ?” ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਵਾਲਾ ਇਕ ਕੁਆਰਾ ਭਰਾ ਕਹਿੰਦਾ ਹੈ: “ਕਦੇ-ਕਦੇ ਭੈਣ-ਭਰਾ ਮੈਨੂੰ ਅਹਿਸਾਸ ਕਰਾਉਂਦੇ ਹਨ ਕਿ ਮੇਰੀ ਹਾਲਤ ਤਰਸਯੋਗ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕੁਆਰੇ ਰਹਿਣਾ ਇਕ ਬੋਝ ਲੱਗ ਸਕਦਾ ਹੈ, ਨਾ ਕਿ ਦਾਤ।”

12 ਬੈਥਲ ਵਿਚ ਸੇਵਾ ਕਰਦੀ ਇਕ ਕੁਆਰੀ ਭੈਣ ਕਹਿੰਦੀ ਹੈ: “ਕੁਝ ਭੈਣ-ਭਰਾ ਸੋਚਦੇ ਹਨ ਕਿ ਸਾਰੇ ਕੁਆਰੇ ਲੋਕ ਜੀਵਨ ਸਾਥੀ ਦੀ ਭਾਲ ਵਿਚ ਹਨ। ਜਾਂ ਜਦੋਂ ਉਹ ਕਿਸੇ ਮੌਕੇ ’ਤੇ ਇਕੱਠੇ ਹੁੰਦੇ ਹਨ, ਤਾਂ ਉਹ ਇਸ ਨੂੰ ਜੀਵਨ ਸਾਥੀ ਲੱਭਣ ਦਾ ਮੌਕਾ ਸਮਝਦੇ ਹਨ। ਇਕ ਵਾਰ ਮੈਨੂੰ ਬੈਥਲ ਦੇ ਕਿਸੇ ਕੰਮ ਲਈ ਦੇਸ਼ ਦੇ ਕਿਸੇ ਹੋਰ ਇਲਾਕੇ ਵਿਚ ਭੇਜਿਆ ਗਿਆ। ਮੈਂ ਜਿਸ ਦਿਨ ਉੱਥੇ ਪਹੁੰਚੀ, ਉਸ ਦਿਨ ਮੰਡਲੀ ਦੀ ਸਭਾ ਸੀ। ਜਿਹੜੀ ਭੈਣ ਦੇ ਘਰ ਮੈਂ ਰੁਕੀ ਸੀ, ਉਸ ਨੇ ਮੈਨੂੰ ਕਿਹਾ ਕਿ ਉਸ ਦੀ ਮੰਡਲੀ ਵਿਚ ਦੋ ਭਰਾ ਹਨ ਜੋ ਮੇਰੀ ਉਮਰ ਦੇ ਹਨ। ਉਸ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਮੇਰੀ ਜੋੜੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਪਰ ਕਿੰਗਡਮ ਹਾਲ ਪਹੁੰਚਦਿਆਂ ਹੀ ਉਹ ਮੈਨੂੰ ਉਨ੍ਹਾਂ ਦੋਹਾਂ ਭਰਾਵਾਂ ਕੋਲ ਖਿੱਚ ਕੇ ਲੈ ਗਈ। ਉਸ ਵੇਲੇ ਮੈਨੂੰ ਅਤੇ ਉਨ੍ਹਾਂ ਭਰਾਵਾਂ ਨੂੰ ਬਹੁਤ ਬੁਰਾ ਲੱਗਾ।”

13. ਇਕ ਕੁਆਰੀ ਭੈਣ ਨੂੰ ਕਿਨ੍ਹਾਂ ਤੋਂ ਹੌਸਲਾ ਮਿਲਿਆ?

13 ਬੈਥਲ ਵਿਚ ਕੰਮ ਕਰਨ ਵਾਲੀ ਇਕ ਹੋਰ ਕੁਆਰੀ ਭੈਣ ਕਹਿੰਦੀ ਹੈ: “ਮੈਂ ਕੁਝ ਅਜਿਹੇ ਕੁਆਰੇ ਪਾਇਨੀਅਰਾਂ ਨੂੰ ਜਾਣਦੀ ਹਾਂ ਜੋ ਮੇਰੇ ਤੋਂ ਵੱਡੇ ਹਨ, ਸੱਚਾਈ ਵਿਚ ਬਹੁਤ ਮਜ਼ਬੂਤ ਹਨ, ਆਪਣਾ ਪੂਰਾ ਧਿਆਨ ਸੇਵਾ ਕਰਨ ਵਿਚ ਲਾਉਂਦੇ ਹਨ ਅਤੇ ਬਹੁਤ ਸਾਰੇ ਤਿਆਗ ਕਰਦੇ ਹਨ। ਉਹ ਆਪਣੀ ਸੇਵਾ ਤੋਂ ਬਹੁਤ ਖ਼ੁਸ਼ ਹਨ ਅਤੇ ਮੰਡਲੀ ਦੀ ਮਦਦ ਕਰਦੇ ਹਨ। ਉਹ ਸਹੀ ਨਜ਼ਰੀਆ ਰੱਖਦੇ ਹਨ ਅਤੇ ਕੁਆਰੇ ਰਹਿਣ ਕਰਕੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ ਤੇ ਨਾ ਹੀ ਉਹ ਆਪਣੇ ਆਪ ਨੂੰ ਨੀਵਾਂ ਸਮਝਦੇ ਹਨ ਕਿਉਂਕਿ ਉਨ੍ਹਾਂ ਦਾ ਨਾ ਤਾਂ ਜੀਵਨ ਸਾਥੀ ਅਤੇ ਨਾ ਹੀ ਬੱਚੇ ਹਨ।” ਜਦੋਂ ਮੰਡਲੀ ਵਿਚ ਸਾਰੇ ਇਕ-ਦੂਜੇ ਦਾ ਆਦਰ ਕਰਦੇ ਹਨ ਅਤੇ ਇਕ-ਦੂਜੇ ਨੂੰ ਅਨਮੋਲ ਸਮਝਦੇ ਹਨ, ਤਾਂ ਸਾਰੇ ਖ਼ੁਸ਼ ਰਹਿੰਦੇ ਹਨ। ਨਾ ਕੋਈ ਕਿਸੇ ਨੂੰ ਬੇਚਾਰਾ ਸਮਝਦਾ ਤੇ ਨਾ ਹੀ ਕੋਈ ਕਿਸੇ ਨਾਲ ਈਰਖਾ ਕਰਦਾ, ਨਾ ਕੋਈ ਕਿਸੇ ਨੂੰ ਨਜ਼ਰਅੰਦਾਜ਼ ਕਰਦਾ ਹੈ ਤੇ ਨਾ ਕੋਈ ਕਿਸੇ ਨੂੰ ਸਿਰ ’ਤੇ ਚੜ੍ਹਾਉਂਦਾ ਹੈ। ਸਾਰੇ ਇਕ-ਦੂਜੇ ਨੂੰ ਪਿਆਰ ਕਰਦੇ ਹਨ।

14. ਅਸੀਂ ਕੁਆਰੇ ਭੈਣਾਂ-ਭਰਾਵਾਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ?

14 ਕੁਆਰੇ ਭੈਣ-ਭਰਾ ਸਾਡੇ ਸ਼ੁਕਰਗੁਜ਼ਾਰ ਹੋਣਗੇ ਜੇ ਅਸੀਂ ਉਨ੍ਹਾਂ ਦੇ ਚੰਗੇ ਗੁਣਾਂ ਕਰਕੇ ਉਨ੍ਹਾਂ ਨੂੰ ਅਨਮੋਲ ਸਮਝਾਂਗੇ ਅਤੇ ਉਨ੍ਹਾਂ ਨੂੰ ਬੇਚਾਰੇ ਨਹੀਂ ਸਮਝਾਂਗੇ ਕਿਉਂਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ। ਉਨ੍ਹਾਂ ’ਤੇ ਤਰਸ ਖਾਣ ਦੀ ਬਜਾਇ, ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ। ਫਿਰ ਸਾਡੇ ਕੁਆਰੇ ਭੈਣ-ਭਰਾਵਾਂ ਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਉਨ੍ਹਾਂ ਨੂੰ ਕਹਿ ਰਹੇ ਹਾਂ: “ਮੈਨੂੰ ਤੇਰੀ ਲੋੜ ਨਹੀਂ ਹੈ।” (1 ਕੁਰਿੰ. 12:21) ਇਸ ਦੇ ਉਲਟ, ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਕਿ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ ਅਤੇ ਮੰਡਲੀ ਵਿਚ ਉਨ੍ਹਾਂ ਦੀ ਅਹਿਮੀਅਤ ਹੈ।

ਉਨ੍ਹਾਂ ਦਾ ਆਦਰ ਕਰੋ ਜੋ ਤੁਹਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲਦੇ

15. ਵਧ-ਚੜ੍ਹ ਕੇ ਸੇਵਾ ਕਰਨ ਲਈ ਕਈਆਂ ਨੇ ਕਿਹੜੇ ਫੇਰ-ਬਦਲ ਕੀਤੇ ਹਨ?

15 ਹਾਲ ਹੀ ਦੇ ਸਾਲਾਂ ਵਿਚ ਕਈ ਭੈਣਾਂ-ਭਰਾਵਾਂ ਨੇ ਇਹ ਟੀਚਾ ਰੱਖਿਆ ਹੈ ਕਿ ਉਹ ਵਧ-ਚੜ੍ਹ ਕੇ ਪ੍ਰਚਾਰ ਕਰਨ ਲਈ ਦੂਸਰੀ ਭਾਸ਼ਾ ਸਿੱਖਣਗੇ। ਇੱਦਾਂ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਫੇਰ-ਬਦਲ ਕਰਨੇ ਪੈਂਦੇ ਹਨ। ਅਜਿਹੇ ਭੈਣ-ਭਰਾ ਆਪਣੀ ਭਾਸ਼ਾ ਦੀ ਮੰਡਲੀ ਛੱਡ ਕੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। (ਰਸੂ. 16:9) ਉਨ੍ਹਾਂ ਨੇ ਇਹ ਫ਼ੈਸਲਾ ਆਪ ਕੀਤਾ ਹੈ ਤਾਂਕਿ ਉਹ ਯਹੋਵਾਹ ਦੀ ਹੋਰ ਸੇਵਾ ਕਰ ਸਕਣ। ਇਹ ਸੱਚ ਹੈ ਕਿ ਨਵੀਂ ਭਾਸ਼ਾ ਚੰਗੀ ਤਰ੍ਹਾਂ ਬੋਲਣ ਲਈ ਉਨ੍ਹਾਂ ਨੂੰ ਕਾਫ਼ੀ ਸਾਲ ਲੱਗਣਗੇ, ਫਿਰ ਵੀ ਉਹ ਮੰਡਲੀ ਵਿਚ ਬਹੁਤ ਕੁਝ ਕਰਦੇ ਹਨ। ਉਨ੍ਹਾਂ ਦੇ ਚੰਗੇ ਗੁਣਾਂ ਅਤੇ ਤਜਰਬੇ ਕਰਕੇ ਮੰਡਲੀ ਮਜ਼ਬੂਤ ਹੁੰਦੀ ਹੈ। ਅਸੀਂ ਇਨ੍ਹਾਂ ਕੁਰਬਾਨੀਆਂ ਕਰਨ ਵਾਲੇ ਭੈਣਾਂ-ਭਰਾਵਾਂ ਦੀ ਕਦਰ ਕਰਦੇ ਹਾਂ!

16. ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਕਿਸੇ ਭਰਾ ਦੀ ਸਿਫਾਰਸ਼ ਕਰਦੇ ਵੇਲੇ ਬਜ਼ੁਰਗ ਕਿਸ ਗੱਲ ਵੱਲ ਧਿਆਨ ਦੇਣਗੇ?

16 ਕਿਸੇ ਭਰਾ ਦੀ ਸਿਫਾਰਸ਼ ਕਰਨ ਲਈ ਬਜ਼ੁਰਗਾਂ ਦਾ ਸਮੂਹ ਇਹ ਨਹੀਂ ਸੋਚੇਗਾ ਕਿ ਕੋਈ ਭਰਾ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਇਸ ਲਈ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਮੰਡਲੀ ਦੀ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ। ਇਸ ਦੀ ਬਜਾਇ, ਬਜ਼ੁਰਗ ਇਹ ਦੇਖਣਗੇ ਕਿ ਉਹ ਭਰਾ ਬਾਈਬਲ ਵਿਚ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਲਈ ਦਿੱਤੀਆਂ ਮੰਗਾਂ ਪੂਰੀਆਂ ਕਰ ਰਿਹਾ ਹੈ ਜਾਂ ਨਹੀਂ। ਉਹ ਇਹ ਨਹੀਂ ਦੇਖਣਗੇ ਕਿ ਉਹ ਭਰਾ ਮੰਡਲੀ ਦੀ ਭਾਸ਼ਾ ਕਿੰਨੀ ਚੰਗੀ ਤਰ੍ਹਾਂ ਬੋਲਦਾ ਹੈ।—1 ਤਿਮੋ. 3:1-10, 12, 13; ਤੀਤੁ. 1:5-9.

17. ਦੂਸਰੇ ਦੇਸ਼ ਗਏ ਕੁਝ ਪਰਿਵਾਰਾਂ ਨੂੰ ਕਿਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

17 ਕੁਝ ਮਸੀਹੀ ਪਰਿਵਾਰ ਨੌਕਰੀ ਦੀ ਭਾਲ ਵਿਚ ਜਾਂ ਪਨਾਹ ਲੈਣ ਲਈ ਦੂਸਰੇ ਦੇਸ਼ ਚਲੇ ਜਾਂਦੇ ਹਨ। ਇਸ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਸ਼ਾਇਦ ਉਸ ਦੇਸ਼ ਦੀ ਮੁੱਖ ਭਾਸ਼ਾ ਵਿਚ ਹੁੰਦੀ ਹੈ। ਨੌਕਰੀ ਲੱਭਣ ਲਈ ਸ਼ਾਇਦ ਮਾਪਿਆਂ ਨੂੰ ਵੀ ਇਹ ਭਾਸ਼ਾ ਸਿੱਖਣੀ ਪਵੇ। ਉਦੋਂ ਕੀ ਜੇ ਉੱਥੇ ਉਨ੍ਹਾਂ ਦੀ ਮਾਂ-ਬੋਲੀ ਵਿਚ ਇਕ ਮੰਡਲੀ ਜਾਂ ਸਮੂਹ ਹੈ? ਉਨ੍ਹਾਂ ਨੂੰ ਕਿਹੜੀ ਮੰਡਲੀ ਵਿਚ ਜਾਣਾ ਚਾਹੀਦਾ ਹੈ? ਕੀ ਉਨ੍ਹਾਂ ਨੂੰ ਉਸ ਦੇਸ਼ ਦੀ ਭਾਸ਼ਾ ਦੀ ਮੰਡਲੀ ਵਿਚ ਜਾਣਾ ਚਾਹੀਦਾ ਹੈ ਜਾਂ ਆਪਣੀ ਭਾਸ਼ਾ ਦੀ ਮੰਡਲੀ ਵਿਚ?

18. ਗਲਾਤੀਆਂ 6:5 ਮੁਤਾਬਕ ਅਸੀਂ ਪਰਿਵਾਰ ਦੇ ਮੁਖੀ ਦੇ ਫ਼ੈਸਲੇ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ?

18 ਪਰਿਵਾਰ ਦੇ ਮੁਖੀ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਪਰਿਵਾਰ ਕਿਸ ਭਾਸ਼ਾ ਦੀ ਮੰਡਲੀ ਵਿਚ ਜਾਵੇਗਾ। ਨਿੱਜੀ ਮਾਮਲਾ ਹੋਣ ਕਰਕੇ ਮੁਖੀ ਨੂੰ ਸੋਚਣ ਦੀ ਲੋੜ ਹੈ ਕਿ ਉਸ ਦੇ ਪਰਿਵਾਰ ਲਈ ਕੀ ਸਹੀ ਰਹੇਗਾ। (ਗਲਾਤੀਆਂ 6:5 ਪੜ੍ਹੋ।) ਸਾਨੂੰ ਪਰਿਵਾਰ ਦੇ ਮੁਖੀ ਦੇ ਫ਼ੈਸਲੇ ਦਾ ਆਦਰ ਕਰਨ ਦੀ ਲੋੜ ਹੈ। ਉਹ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਗ਼ਲਤ ਠਹਿਰਾਉਣ ਦੀ ਬਜਾਇ ਸਾਨੂੰ ਅਜਿਹੇ ਪਰਿਵਾਰ ਦਾ ਮੰਡਲੀ ਵਿਚ ਆਦਰ ਕਰਨਾ ਚਾਹੀਦਾ ਹੈ।—ਰੋਮੀ. 15:7.

19. ਪਰਿਵਾਰ ਦੇ ਮੁਖੀ ਨੂੰ ਕਿਹੜਾ ਫ਼ੈਸਲਾ ਪ੍ਰਾਰਥਨਾ ਕਰ ਕੇ ਕਰਨਾ ਚਾਹੀਦਾ ਹੈ?

19 ਕੁਝ ਪਰਿਵਾਰ ਅਜਿਹੀ ਮੰਡਲੀ ਵਿਚ ਸੇਵਾ ਕਰਦੇ ਹਨ ਜਿੱਥੇ ਮਾਪਿਆਂ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ। ਪਰ ਬੱਚਿਆਂ ਨੂੰ ਸ਼ਾਇਦ ਉਨ੍ਹਾਂ ਦੀ ਭਾਸ਼ਾ ਚੰਗੀ ਤਰ੍ਹਾਂ ਨਾ ਆਉਂਦੀ ਹੋਵੇ। ਜੇ ਮੰਡਲੀ ਉਸ ਇਲਾਕੇ ਵਿਚ ਹੈ ਜਿੱਥੇ ਦੇਸ਼ ਦੀ ਮੁੱਖ ਭਾਸ਼ਾ ਬੋਲੀ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਬੱਚਿਆਂ ਨੂੰ ਸਭਾਵਾਂ ਵਿਚ ਕੁਝ ਸਮਝ ਨਾ ਆਵੇ ਅਤੇ ਉਹ ਤਰੱਕੀ ਨਾ ਕਰ ਪਾਉਣ। ਕਿਉਂ? ਕਿਉਂਕਿ ਬੱਚਿਆਂ ਦੀ ਪੜ੍ਹਾਈ ਉਸ ਦੇਸ਼ ਦੀ ਮੁੱਖ ਭਾਸ਼ਾ ਵਿਚ ਹੁੰਦੀ ਹੈ, ਨਾ ਕਿ ਮਾਪਿਆਂ ਦੀ ਭਾਸ਼ਾ ਵਿਚ। ਇਸ ਤਰ੍ਹਾਂ ਹੋਣ ਤੇ ਪਰਿਵਾਰ ਦੇ ਮੁਖੀ ਨੂੰ ਪ੍ਰਾਰਥਨਾ ਸਹਿਤ ਸੋਚ-ਸਮਝ ਕੇ ਫ਼ੈਸਲਾ ਕਰਨ ਦੀ ਲੋੜ ਹੈ ਤਾਂਕਿ ਉਹ ਆਪਣੇ ਬੱਚਿਆਂ ਦੀ ਯਹੋਵਾਹ ਦੇ ਨੇੜੇ ਰਹਿਣ ਅਤੇ ਉਸ ਦੇ ਲੋਕਾਂ ਨਾਲ ਦੋਸਤੀ ਕਰਨ ਵਿਚ ਮਦਦ ਕਰ ਸਕਣ। ਉਨ੍ਹਾਂ ਨੂੰ ਜਾਂ ਤਾਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਉਣੀ ਪਵੇਗੀ ਜਾਂ ਉਸ ਭਾਸ਼ਾ ਦੀ ਮੰਡਲੀ ਵਿਚ ਜਾਣਾ ਪਵੇਗਾ ਜਿਸ ਨੂੰ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ। ਪਰਿਵਾਰ ਦਾ ਮੁਖੀ ਜਿਹੜੀ ਮਰਜ਼ੀ ਮੰਡਲੀ ਵਿਚ ਜਾਣ ਦਾ ਫ਼ੈਸਲਾ ਕਰੇ, ਉਸ ਮੰਡਲੀ ਨੂੰ ਚਾਹੀਦਾ ਹੈ ਕਿ ਉਹ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਆਦਰ ਕਰੇ ਅਤੇ ਉਨ੍ਹਾਂ ਨੂੰ ਅਨਮੋਲ ਸਮਝੇ।

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਨਵੀਂ ਭਾਸ਼ਾ ਸਿੱਖਣ ਵਾਲੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝਦੇ ਹਾਂ? (ਪੈਰਾ 20 ਦੇਖੋ)

20. ਅਸੀਂ ਨਵੀਂ ਭਾਸ਼ਾ ਸਿੱਖ ਰਹੇ ਭੈਣਾਂ-ਭਰਾਵਾਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ?

20 ਹੁਣ ਤਕ ਅਸੀਂ ਦੇਖਿਆ ਹੈ ਕਿ ਬਹੁਤ ਸਾਰੀਆਂ ਮੰਡਲੀਆਂ ਵਿਚ ਅਜਿਹੇ ਭੈਣ-ਭਰਾ ਹਨ ਜੋ ਨਵੀਂ ਭਾਸ਼ਾ ਸਿੱਖਣ ਲਈ ਕਾਫ਼ੀ ਜੱਦੋ-ਜਹਿਦ ਕਰਦੇ ਹਨ। ਇਸ ਲਈ ਸ਼ਾਇਦ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣੇ ਔਖੇ ਲੱਗਣ। ਪਰ ਇਹ ਦੇਖਣ ਦੀ ਬਜਾਇ ਕਿ ਉਹ ਚੰਗੀ ਤਰ੍ਹਾਂ ਭਾਸ਼ਾ ਨਹੀਂ ਬੋਲ ਪਾਉਂਦੇ, ਜੇ ਅਸੀਂ ਇਹ ਦੇਖਾਂਗੇ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਨਮੋਲ ਸਮਝਾਂਗੇ ਅਤੇ ਉਨ੍ਹਾਂ ਦਾ ਆਦਰ ਕਰਾਂਗੇ। ਅਸੀਂ ਉਨ੍ਹਾਂ ਨੂੰ ਇਹ ਨਹੀਂ ਕਹਾਂਗੇ ਕਿ “ਮੈਨੂੰ ਤੇਰੀ ਲੋੜ ਨਹੀਂ ਹੈ” ਕਿਉਂਕਿ ਉਹ ਸਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਬੋਲ ਪਾਉਂਦੇ।

ਅਸੀਂ ਯਹੋਵਾਹ ਲਈ ਅਨਮੋਲ ਹਾਂ

21-22. ਸਾਡੇ ਕੋਲ ਕਿਹੜਾ ਵਧੀਆ ਸਨਮਾਨ ਹੈ?

21 ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਸਾਨੂੰ ਹਰੇਕ ਨੂੰ ਅਨਮੋਲ ਸਮਝਦਾ ਹੈ! ਅਸੀਂ ਚਾਹੇ ਆਦਮੀ ਹੋਈਏ ਜਾਂ ਔਰਤ, ਕੁਆਰੇ ਹੋਈਏ ਜਾਂ ਵਿਆਹੇ, ਬਿਰਧ ਹੋਈਏ ਜਾਂ ਜਵਾਨ, ਚਾਹੇ ਕੋਈ ਭਾਸ਼ਾ ਚੰਗੀ ਤਰ੍ਹਾਂ ਬੋਲਦੇ ਹੋਈਏ ਜਾਂ ਨਹੀਂ, ਫਿਰ ਵੀ ਅਸੀਂ ਯਹੋਵਾਹ ਅਤੇ ਇਕ-ਦੂਜੇ ਲਈ ਅਨਮੋਲ ਹਾਂ।—ਰੋਮੀ. 12:4, 5; ਕੁਲੁ. 3:10, 11.

22 ਆਓ ਆਪਾਂ ਪੌਲੁਸ ਵੱਲੋਂ ਮਨੁੱਖੀ ਸਰੀਰ ਬਾਰੇ ਦਿੱਤੀ ਮਿਸਾਲ ਤੋਂ ਸਿੱਖੀਆਂ ਗੱਲਾਂ ਲਾਗੂ ਕਰਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਮੰਡਲੀ ਵਿਚ ਆਪਣੀ ਅਤੇ ਭੈਣਾਂ-ਭਰਾਵਾਂ ਦੀ ਅਹਿਮੀਅਤ ਨੂੰ ਸਮਝਾਂਗੇ।

ਗੀਤ 53 ਏਕਤਾ ਬਣਾਈ ਰੱਖੋ

^ ਪੈਰਾ 5 ਯਹੋਵਾਹ ਦੇ ਲੋਕ ਵੱਖੋ-ਵੱਖਰੇ ਪਿਛੋਕੜਾਂ ਤੋਂ ਹਨ ਅਤੇ ਉਹ ਮੰਡਲੀ ਵਿਚ ਅਲੱਗ-ਅਲੱਗ ਭੂਮਿਕਾ ਨਿਭਾਉਂਦੇ ਹਨ। ਇਹ ਲੇਖ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਯਹੋਵਾਹ ਦੇ ਪਰਿਵਾਰ ਦੇ ਹਰ ਮੈਂਬਰ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ।

^ ਪੈਰਾ 8 ਅਸੀਂ ਇਹ ਪੱਕਾ ਨਹੀਂ ਕਹਿ ਸਕਦੇ ਕਿ ਤਿਮੋਥਿਉਸ ਨੇ ਕਦੇ ਵਿਆਹ ਨਹੀਂ ਕਰਾਇਆ।