Skip to content

Skip to table of contents

ਅਧਿਐਨ ਲੇਖ 36

ਕੀ ਤੁਸੀਂ ਪ੍ਰਚਾਰਕ ਬਣਨ ਲਈ ਤਿਆਰ ਹੋ?

ਕੀ ਤੁਸੀਂ ਪ੍ਰਚਾਰਕ ਬਣਨ ਲਈ ਤਿਆਰ ਹੋ?

“ਡਰ ਨਾ, ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ, ਜਿਵੇਂ ਤੂੰ ਮੱਛੀਆਂ ਫੜਦਾ ਹੈਂ।”—ਲੂਕਾ 5:10.

ਗੀਤ 33 ਉਨ੍ਹਾਂ ਤੋਂ ਨਾ ਡਰੋ!

ਖ਼ਾਸ ਗੱਲਾਂ *

1. ਯਿਸੂ ਨੇ ਚਾਰ ਮਛੇਰਿਆਂ ਨੂੰ ਕਿਹੜਾ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਕੀ ਕੀਤਾ?

ਪਤਰਸ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਮੱਛੀਆਂ ਫੜਨ ਦਾ ਕੰਮ ਕਰਦੇ ਸਨ। ਕਲਪਨਾ ਕਰੋ ਕਿ ਯਿਸੂ ਦਾ ਇਹ ਸੱਦਾ ਸੁਣ ਕੇ ਉਹ ਕਿੰਨੇ ਹੈਰਾਨ ਹੋਏ ਹੋਣੇ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।” * ਉਨ੍ਹਾਂ ਨੇ ਕੀ ਕੀਤਾ? ਬਾਈਬਲ ਦੱਸਦੀ ਹੈ: “ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।” (ਮੱਤੀ 4:18-22) ਇਸ ਫ਼ੈਸਲੇ ਕਰਕੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਣੀ ਸੀ। ਹੁਣ ਉਨ੍ਹਾਂ ਨੇ ਮੱਛੀਆਂ ਫੜਨ ਦੀ ਬਜਾਇ ‘ਇਨਸਾਨਾਂ ਨੂੰ ਫੜਨਾ’ ਸੀ। (ਲੂਕਾ 5:10) ਅੱਜ ਯਿਸੂ ਇਹੀ ਸੱਦਾ ਉਨ੍ਹਾਂ ਲੋਕਾਂ ਨੂੰ ਦਿੰਦਾ ਹੈ ਜੋ ਸੱਚਾਈ ਨੂੰ ਪਿਆਰ ਕਰਦੇ ਹਨ। (ਮੱਤੀ 28:19, 20) ਕੀ ਤੁਸੀਂ ਪ੍ਰਚਾਰਕ ਬਣਨ ਦੇ ਯਿਸੂ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ?

2. ਪ੍ਰਚਾਰਕ ਬਣਨ ਦਾ ਫ਼ੈਸਲਾ ਸਾਨੂੰ ਗੰਭੀਰਤਾ ਨਾਲ ਕਿਉਂ ਲੈਣਾ ਚਾਹੀਦਾ ਹੈ ਅਤੇ ਇਹ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

2 ਹੋ ਸਕਦਾ ਹੈ ਕਿ ਤੁਸੀਂ ਬਾਈਬਲ ਦੀ ਕਾਫ਼ੀ ਸਟੱਡੀ ਕਰ ਲਈ ਹੈ ਅਤੇ ਪ੍ਰਚਾਰਕ ਬਣਨਾ ਚਾਹੁੰਦੇ ਹੋ। ਜੇ ਤੁਸੀਂ ਯਿਸੂ ਦੇ ਸੱਦੇ ਨੂੰ ਸਵੀਕਾਰ ਕਰਨ ਲਈ ਹਿਚਕਿਚਾ ਰਹੇ ਹੋ, ਤਾਂ ਹੌਸਲਾ ਨਾ ਹਾਰੋ। ਤੁਹਾਡੀ ਹਿਚਕਿਚਾਹਟ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਇਸ ਫ਼ੈਸਲੇ ਦੀ ਅਹਿਮੀਅਤ ਸਮਝਦੇ ਹੋ। ਬਾਈਬਲ ਕਹਿੰਦੀ ਹੈ ਕਿ ਪਤਰਸ ਤੇ ਉਸ ਦੇ ਸਾਥੀਆਂ ਨੇ “ਉਸੇ ਵੇਲੇ” ਆਪਣੇ ਜਾਲ਼ ਛੱਡ ਦਿੱਤੇ ਸਨ। ਪਰ ਪਤਰਸ ਤੇ ਉਸ ਦੇ ਭਰਾ ਨੇ ਜਲਦਬਾਜ਼ੀ ਵਿਚ ਇਹ ਫ਼ੈਸਲਾ ਨਹੀਂ ਕੀਤਾ ਸੀ। ਉਨ੍ਹਾਂ ਨੇ ਛੇ ਤੋਂ ਜ਼ਿਆਦਾ ਮਹੀਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਨ੍ਹਾਂ ਨੇ ਉਸ ਨੂੰ ਮਸੀਹ ਵਜੋਂ ਸਵੀਕਾਰ ਕਰ ਲਿਆ ਸੀ। (ਯੂਹੰ. 1:35-42) ਇਸੇ ਤਰ੍ਹਾਂ ਸ਼ਾਇਦ ਤੁਸੀਂ ਯਹੋਵਾਹ ਅਤੇ ਯਿਸੂ ਬਾਰੇ ਬਹੁਤ ਕੁਝ ਸਿੱਖਿਆ ਹੈ ਅਤੇ ਸੱਚਾਈ ਵਿਚ ਲਗਾਤਾਰ ਤਰੱਕੀ ਕਰਨੀ ਚਾਹੁੰਦੇ ਹੋ। ਪਰ ਬਿਨਾਂ ਸੋਚੇ-ਸਮਝੇ ਤੁਹਾਨੂੰ ਇਹ ਫ਼ੈਸਲਾ ਨਹੀਂ ਕਰਨਾ ਚਾਹੀਦਾ। ਇਹ ਫ਼ੈਸਲਾ ਕਰਨ ਵਿਚ ਪਤਰਸ, ਅੰਦ੍ਰਿਆਸ ਅਤੇ ਹੋਰਾਂ ਦੀ ਕਿਸ ਗੱਲ ਨੇ ਮਦਦ ਕੀਤੀ?

3. ਯਿਸੂ ਦੇ ਸੱਦੇ ਨੂੰ ਸਵੀਕਾਰ ਕਰਨ ਵਿਚ ਕਿਹੜੇ ਗੁਣ ਤੁਹਾਡੀ ਮਦਦ ਕਰਨਗੇ?

3 ਮਛੇਰੇ ਹੋਣ ਦੇ ਨਾਤੇ, ਪਤਰਸ ਅਤੇ ਉਸ ਦੇ ਸਾਥੀਆਂ ਦਾ ਇਰਾਦਾ ਮਜ਼ਬੂਤ ਸੀ, ਉਨ੍ਹਾਂ ਕੋਲ ਗਿਆਨ ਸੀ, ਉਹ ਦਲੇਰ ਸਨ ਅਤੇ ਉਹ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਦੇ ਸਨ। ਬਿਨਾਂ ਸ਼ੱਕ, ਇਨ੍ਹਾਂ ਗੁਣਾਂ ਕਰਕੇ ਉਹ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਕਰ ਸਕੇ। ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਤੁਸੀਂ ਆਪਣੇ ਵਿਚ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ ਤਾਂਕਿ ਤੁਸੀਂ ਵਧੀਆ ਤਰੀਕੇ ਨਾਲ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੋ।

ਆਪਣਾ ਇਰਾਦਾ ਪੱਕਾ ਕਰੋ

ਪਤਰਸ ਅਤੇ ਹੋਰ ਚੇਲਿਆਂ ਨੇ ਪ੍ਰਚਾਰ ਦਾ ਕੰਮ ਕੀਤਾ। ਇਹ ਅਹਿਮ ਕੰਮ ਸਾਡੇ ਦਿਨਾਂ ਵਿਚ ਵੀ ਚੱਲ ਰਿਹਾ ਹੈ (ਪੈਰੇ 4-5 ਦੇਖੋ)

4. ਪਤਰਸ ਮੱਛੀਆਂ ਫੜਨ ਦਾ ਕੰਮ ਕਿਉਂ ਕਰਦਾ ਸੀ?

4 ਪਤਰਸ ਸਿਰਫ਼ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੱਛੀਆਂ ਨਹੀਂ ਫੜਦਾ ਸੀ, ਸਗੋਂ ਉਸ ਨੂੰ ਇਹ ਕੰਮ ਬਹੁਤ ਪਸੰਦ ਸੀ। (ਯੂਹੰ. 21:3, 9-15) ਉਸ ਨੂੰ ਪ੍ਰਚਾਰ ਦਾ ਕੰਮ ਵੀ ਬਹੁਤ ਪਸੰਦ ਸੀ ਅਤੇ ਯਹੋਵਾਹ ਦੀ ਮਦਦ ਨਾਲ ਪਤਰਸ ਇਸ ਕੰਮ ਵਿਚ ਮਾਹਰ ਬਣ ਗਿਆ।—ਰਸੂ. 2: 14, 41.

5. ਲੂਕਾ 5:8-11 ਮੁਤਾਬਕ ਪਤਰਸ ਕਿਉਂ ਡਰ ਗਿਆ ਸੀ ਅਤੇ ਅਸੀਂ ਇਸ ਭਾਵਨਾ ’ਤੇ ਕਿਵੇਂ ਕਾਬੂ ਪਾ ਸਕਦੇ ਹਾਂ?

5 ਸਾਡੇ ਪ੍ਰਚਾਰ ਕਰਨ ਦਾ ਮੁੱਖ ਕਾਰਨ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਜੇ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ, ਤਾਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਇਸ ਭਾਵਨਾ ’ਤੇ ਕਾਬੂ ਪਾ ਸਕਦੇ ਹਾਂ। ਜਦੋਂ ਯਿਸੂ ਨੇ ਪਤਰਸ ਨੂੰ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਸੀ, ਤਾਂ ਉਸ ਨੇ ਪਤਰਸ ਨੂੰ ਕਿਹਾ ਸੀ: “ਡਰ ਨਾ।” (ਲੂਕਾ 5:8-11 ਪੜ੍ਹੋ।) ਪਤਰਸ ਇਹ ਸੋਚ ਕੇ ਡਰਿਆ ਨਹੀਂ ਕਿ ਜੇ ਉਹ ਯਿਸੂ ਦਾ ਚੇਲਾ ਬਣ ਗਿਆ, ਤਾਂ ਕੀ ਹੋਵੇਗਾ। ਇਸ ਦੀ ਬਜਾਇ, ਜਦੋਂ ਯਿਸੂ ਦੇ ਕਹਿਣ ਤੇ ਉਨ੍ਹਾਂ ਨੇ ਮੱਛੀਆਂ ਫੜੀਆਂ, ਤਾਂ ਉਹ ਇਹ ਚਮਤਕਾਰ ਦੇਖ ਕੇ ਹੈਰਾਨ ਰਹਿ ਗਿਆ। ਇਸ ਲਈ ਪਤਰਸ ਆਪਣੇ ਆਪ ਨੂੰ ਯਿਸੂ ਨਾਲ ਕੰਮ ਕਰਨ ਦੇ ਕਾਬਲ ਨਹੀਂ ਸਮਝਦਾ ਸੀ। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਮਸੀਹ ਦਾ ਚੇਲਾ ਬਣਨ ਵਿਚ ਕੀ ਕੁਝ ਸ਼ਾਮਲ ਹੈ, ਤਾਂ ਤੁਸੀਂ ਸ਼ਾਇਦ ਸੋਚੋ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਜੇ ਤੁਸੀਂ ਇੱਦਾਂ ਸੋਚਦੇ ਹੋ, ਤਾਂ ਯਹੋਵਾਹ, ਯਿਸੂ ਅਤੇ ਆਪਣੇ ਗੁਆਂਢੀ ਲਈ ਆਪਣੇ ਪਿਆਰ ਨੂੰ ਮਜ਼ਬੂਤ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਯਿਸੂ ਦਾ ਸੱਦਾ ਸਵੀਕਾਰ ਕਰਨ ਲਈ ਪ੍ਰੇਰਿਤ ਹੋਵੋਗੇ।—ਮੱਤੀ 22:37, 39; ਯੂਹੰ. 14:15.

6. ਅਸੀਂ ਹੋਰ ਕਿਹੜੇ ਕਾਰਨਾਂ ਕਰਕੇ ਪ੍ਰਚਾਰ ਕਰਦੇ ਹਾਂ?

6 ਜ਼ਰਾ ਪ੍ਰਚਾਰ ਕਰਨ ਦੇ ਕੁਝ ਹੋਰ ਕਾਰਨਾਂ ’ਤੇ ਗੌਰ ਕਰੋ। ਅਸੀਂ ਯਿਸੂ ਦਾ ਇਹ ਹੁਕਮ ਮੰਨਣਾ ਚਾਹੁੰਦੇ ਹਾਂ: “ਜਾਓ ਅਤੇ . . . ਚੇਲੇ ਬਣਾਓ।” (ਮੱਤੀ 28:19, 20) ਅਸੀਂ ਇਸ ਕਰਕੇ ਵੀ ਪ੍ਰਚਾਰ ਕਰਦੇ ਹਾਂ ਕਿਉਂਕਿ ਲੋਕ ਉਨ੍ਹਾਂ ਭੇਡਾਂ ਵਰਗੇ ਹਨ “ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ . . . ਇੱਧਰ-ਉੱਧਰ ਭਟਕ ਰਹੀਆਂ ਹੋਣ।” ਨਾਲੇ ਉਨ੍ਹਾਂ ਨੂੰ ਰਾਜ ਬਾਰੇ ਸੱਚਾਈ ਸਿੱਖਣ ਦੀ ਬਹੁਤ ਲੋੜ ਹੈ। (ਮੱਤੀ 9:36) ਯਹੋਵਾਹ ਚਾਹੁੰਦਾ ਹੈ ਕਿ ਹਰ ਤਰ੍ਹਾਂ ਦੇ ਲੋਕ ਸੱਚਾਈ ਦਾ ਸਹੀ ਗਿਆਨ ਲੈਣ ਅਤੇ ਬਚਾਏ ਜਾਣ।—1 ਤਿਮੋ. 2:4.

7. ਰੋਮੀਆਂ 10:13-15 ਤੋਂ ਸਾਨੂੰ ਪ੍ਰਚਾਰ ਕੰਮ ਦੀ ਅਹਿਮੀਅਤ ਬਾਰੇ ਕਿਵੇਂ ਪਤਾ ਲੱਗਦਾ ਹੈ?

7 ਜਦੋਂ ਅਸੀਂ ਪ੍ਰਚਾਰ ਕਰਨ ਦੇ ਫ਼ਾਇਦਿਆਂ ਬਾਰੇ ਸੋਚਾਂਗੇ, ਤਾਂ ਅਸੀਂ ਜ਼ਿੰਦਗੀਆਂ ਬਚਾਉਣ ਵਾਲੇ ਇਸ ਕੰਮ ਨੂੰ ਕਰਨ ਲਈ ਪ੍ਰੇਰਿਤ ਹੋਵਾਂਗੇ। ਸਾਡਾ ਇਹ ਕੰਮ ਮਛੇਰਿਆਂ ਦੇ ਕੰਮ ਤੋਂ ਵੱਖਰਾ ਹੈ। ਉਹ ਮੱਛੀਆਂ ਨੂੰ ਵੇਚਣ ਜਾਂ ਖਾਣ ਲਈ ਫੜਦੇ ਹਨ। ਪਰ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਇਹ ਕੰਮ ਕਰਦੇ ਹਾਂ।—ਰੋਮੀਆਂ 10:13-15 ਪੜ੍ਹੋ; 1 ਤਿਮੋ. 4:16.

ਆਪਣਾ ਗਿਆਨ ਵਧਾਓ

8-9. ਇਕ ਮਛੇਰੇ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਅਤੇ ਕਿਉਂ?

8 ਯਿਸੂ ਦੇ ਜ਼ਮਾਨੇ ਵਿਚ ਇਕ ਇਜ਼ਰਾਈਲੀ ਮਛੇਰੇ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਸ ਨੇ ਕਿਸ ਕਿਸਮ ਦੀ ਮੱਛੀ ਫੜਨੀ ਹੈ। (ਲੇਵੀ. 11:9-12) ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਕਿ ਮੱਛੀਆਂ ਕਿੱਥੇ ਮਿਲ ਸਕਦੀਆਂ ਸਨ। ਆਮ ਤੌਰ ਤੇ ਮੱਛੀਆਂ ਪਾਣੀ ਵਿਚ ਉੱਥੇ ਰਹਿੰਦੀਆਂ ਹਨ ਜਿੱਥੇ ਉਨ੍ਹਾਂ ਨੂੰ ਪਸੰਦ ਹੋਵੇ ਤੇ ਜਿੱਥੇ ਉਨ੍ਹਾਂ ਲਈ ਖਾਣ ਨੂੰ ਹੋਵੇ। ਕੀ ਕੋਈ ਫ਼ਰਕ ਪੈਂਦਾ ਹੈ ਕਿ ਮਛੇਰਾ ਮੱਛੀਆਂ ਕਦੋਂ ਫੜਦਾ ਹੈ? ਗੌਰ ਕਰੋ ਕਿ ਸ਼ਾਂਤ ਮਹਾਂਸਾਗਰ ਦੇ ਇਕ ਟਾਪੂ ਵਿਚ ਰਹਿੰਦੇ ਭਰਾ ਨੇ ਮੱਛੀਆਂ ਫੜਨ ਦੇ ਸਮੇਂ ਬਾਰੇ ਕੀ ਕਿਹਾ। ਜਦੋਂ ਉਸ ਨੇ ਮਿਸ਼ਨਰੀ ਨੂੰ ਮੱਛੀਆਂ ਫੜਨ ਦਾ ਸੱਦਾ ਦਿੱਤਾ, ਤਾਂ ਮਿਸ਼ਨਰੀ ਨੇ ਕਿਹਾ, “ਮੈਂ ਸਵੇਰੇ 9 ਵਜੇ ਆ ਜਾਵਾਂਗਾ।” ਭਰਾ ਨੇ ਕਿਹਾ, “ਤੂੰ ਸਮਝਿਆ ਨਹੀਂ। ਅਸੀਂ ਮੱਛੀਆਂ ਉਦੋਂ ਫੜਨ ਨਹੀਂ ਜਾਂਦੇ ਜਦੋਂ ਸਾਡੇ ਕੋਲ ਸਮਾਂ ਹੁੰਦਾ ਹੈ, ਸਗੋਂ ਉਦੋਂ ਫੜਨ ਜਾਂਦੇ ਹਾਂ ਜਦੋਂ ਮੱਛੀਆਂ ਫੜਨ ਦਾ ਸਹੀ ਸਮਾਂ ਹੁੰਦਾ ਹੈ।”

9 ਇਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀ ਪ੍ਰਚਾਰ ਕਰਨ ਲਈ ਉਸ ਸਮੇਂ ਤੇ ਉਨ੍ਹਾਂ ਥਾਵਾਂ ਤੇ ਜਾਂਦੇ ਸਨ ਜਿੱਥੇ ਜ਼ਿਆਦਾ ਲੋਕ ਹੁੰਦੇ ਸਨ। ਮਿਸਾਲ ਲਈ, ਯਿਸੂ ਦੇ ਚੇਲੇ ਮੰਦਰ, ਸਭਾ ਘਰਾਂ, ਘਰ-ਘਰ ਤੇ ਬਾਜ਼ਾਰਾਂ ਵਿਚ ਪ੍ਰਚਾਰ ਕਰਦੇ ਸਨ। (ਰਸੂ. 5:42; 17:17; 18:4) ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਇਲਾਕੇ ਦੇ ਲੋਕ ਕਦੋਂ ਅਤੇ ਕਿੱਥੇ ਮਿਲਣਗੇ। ਫਿਰ ਸਾਨੂੰ ਆਪਣੇ ਕੰਮਾਂ ਵਿਚ ਫੇਰ-ਬਦਲ ਕਰਨ ਦੀ ਲੋੜ ਹੈ ਅਤੇ ਉਸ ਸਮੇਂ ਅਤੇ ਜਗ੍ਹਾ ’ਤੇ ਪ੍ਰਚਾਰ ਕਰਨਾ ਚਾਹੀਦਾ ਹੈ ਜਿੱਥੇ ਸਾਨੂੰ ਜ਼ਿਆਦਾ ਲੋਕ ਮਿਲ ਸਕਦੇ ਹਨ।—1 ਕੁਰਿੰ. 9:19-23.

ਮਾਹਰ ਮਛੇਰੇ . . . 1. ਉਦੋਂ ਅਤੇ ਉੱਥੇ ਕੰਮ ਕਰਦੇ ਹਨ ਜਿੱਥੇ ਉਹ ਜ਼ਿਆਦਾ ਮੱਛੀਆਂ ਫੜ ਸਕਣ (ਪੈਰੇ 8-9 ਦੇਖੋ)

10. ਯਹੋਵਾਹ ਦੇ ਸੰਗਠਨ ਨੇ ਸਾਨੂੰ ਕਿਹੜੇ ਔਜ਼ਾਰ ਦਿੱਤੇ ਹਨ?

10 ਇਕ ਮਛੇਰੇ ਨੂੰ ਮੱਛੀਆਂ ਫੜਨ ਲਈ ਸਹੀ ਔਜ਼ਾਰਾਂ ਦੀ ਲੋੜ ਹੁੰਦੀ ਹੈ ਅਤੇ ਉਸ ਨੂੰ ਇਹ ਔਜ਼ਾਰ ਵਰਤਣੇ ਆਉਣੇ ਚਾਹੀਦੇ ਹਨ। ਸਾਨੂੰ ਵੀ ਪ੍ਰਚਾਰ ਕਰਨ ਲਈ ਸਹੀ ਔਜ਼ਾਰਾਂ ਦੀ ਲੋੜ ਹੈ। ਨਾਲੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਔਜ਼ਾਰ ਕਿਵੇਂ ਵਰਤਣੇ ਹਨ। ਯਿਸੂ ਨੇ ਪ੍ਰਚਾਰ ਕਰਨ ਬਾਰੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਸਨ। ਉਸ ਨੇ ਚੇਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੀ ਲੈ ਕੇ ਜਾਣਾ, ਕਿੱਥੇ ਪ੍ਰਚਾਰ ਕਰਨਾ ਅਤੇ ਕੀ ਕਹਿਣਾ ਸੀ। (ਮੱਤੀ 10:5-7; ਲੂਕਾ 10:1-11) ਅੱਜ ਯਹੋਵਾਹ ਦੇ ਸੰਗਠਨ ਨੇ “ਸਿਖਾਉਣ ਲਈ ਪ੍ਰਕਾਸ਼ਨ” ਵਿਚ ਸਾਨੂੰ ਬਹੁਤ ਸਾਰੇ ਔਜ਼ਾਰ ਦਿੱਤੇ ਹਨ ਜੋ ਅਸਰਕਾਰੀ ਸਾਬਤ ਹੋਏ ਹਨ। * ਨਾਲੇ ਸੰਗਠਨ ਨੇ ਸਾਨੂੰ ਇਨ੍ਹਾਂ ਔਜ਼ਾਰਾਂ ਨੂੰ ਵਰਤਣਾ ਵੀ ਸਿਖਾਇਆ ਹੈ। ਇਸ ਸਿਖਲਾਈ ਕਰਕੇ ਅਸੀਂ ਵਧੀਆ ਤਰੀਕੇ ਨਾਲ ਤੇ ਪੂਰੇ ਭਰੋਸੇ ਨਾਲ ਪ੍ਰਚਾਰ ਕਰ ਸਕਦੇ ਹਾਂ।—2 ਤਿਮੋ. 2:15.

ਮਾਹਰ ਮਛੇਰੇ . . . 2. ਸਹੀ ਔਜ਼ਾਰਾਂ ਨੂੰ ਵਰਤਣਾ ਜਾਣਦੇ ਹਨ (ਪੈਰਾ 10 ਦੇਖੋ)

ਦਲੇਰ ਬਣੋ

11. ਪ੍ਰਚਾਰ ਕਰਨ ਲਈ ਦਲੇਰ ਬਣਨ ਦੀ ਕਿਉਂ ਲੋੜ ਹੈ?

11 ਮਛੇਰਿਆਂ ਨੂੰ ਦਲੇਰ ਬਣਨ ਦੀ ਲੋੜ ਹੁੰਦੀ ਹੈ। ਉਹ ਅਕਸਰ ਰਾਤ ਨੂੰ ਸਮੁੰਦਰ ਵਿਚ ਕੰਮ ਕਰਦੇ ਹਨ ਜਿੱਥੇ ਕਿਸੇ ਵੀ ਵੇਲੇ ਤੂਫ਼ਾਨ ਆ ਸਕਦਾ ਹੈ। ਪ੍ਰਚਾਰਕਾਂ ਨੂੰ ਵੀ ਦਲੇਰੀ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਾਂ ਅਤੇ ਆਪਣੀ ਪਛਾਣ ਯਹੋਵਾਹ ਦੇ ਗਵਾਹਾਂ ਵਜੋਂ ਕਰਾਉਂਦੇ ਹਾਂ, ਤਾਂ ਉਦੋਂ ਸ਼ਾਇਦ ਪਰਿਵਾਰ ਦੇ ਲੋਕ ਸਾਡਾ ਵਿਰੋਧ ਕਰਨ, ਦੋਸਤ-ਮਿੱਤਰ ਸਾਡਾ ਮਜ਼ਾਕ ਉਡਾਉਣ ਅਤੇ ਸ਼ਾਇਦ ਕੁਝ ਲੋਕ ਸਾਡਾ ਸੰਦੇਸ਼ ਨਾ ਸੁਣਨ। ਪਰ ਇਸ ਤਰ੍ਹਾਂ ਦਾ ਕੋਈ ਵੀ ਤੂਫ਼ਾਨ ਆਉਣ ’ਤੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਪ੍ਰਚਾਰ ਵਿਚ ਲੋਕ ਉਨ੍ਹਾਂ ਦਾ ਵਿਰੋਧ ਕਰਨਗੇ।—ਮੱਤੀ 10:16.

12. ਯਹੋਸ਼ੁਆ 1:7-9 ਮੁਤਾਬਕ ਕਿਹੜੀਆਂ ਗੱਲਾਂ ਦਲੇਰ ਬਣਨ ਵਿਚ ਸਾਡੀ ਮਦਦ ਕਰਨਗੀਆਂ?

12 ਤੁਸੀਂ ਦਲੇਰ ਕਿੱਦਾਂ ਬਣ ਸਕਦੇ ਹੋ? ਪਹਿਲਾ, ਭਰੋਸਾ ਰੱਖੋ ਕਿ ਯਿਸੂ ਸਵਰਗ ਤੋਂ ਇਸ ਕੰਮ ਦੀ ਅਗਵਾਈ ਕਰ ਰਿਹਾ ਹੈ। (ਯੂਹੰ. 16:33; ਪ੍ਰਕਾ. 14:14-16) ਦੂਜਾ, ਯਹੋਵਾਹ ਦੇ ਇਸ ਵਾਅਦੇ ’ਤੇ ਆਪਣੀ ਨਿਹਚਾ ਮਜ਼ਬੂਤ ਕਰੋ ਕਿ ਉਹ ਤੁਹਾਡਾ ਖ਼ਿਆਲ ਰੱਖੇਗਾ। (ਮੱਤੀ 6:32-34) ਤੁਹਾਡੀ ਨਿਹਚਾ ਜਿੰਨੀ ਮਜ਼ਬੂਤ ਹੋਵੇਗੀ, ਤੁਸੀਂ ਉੱਨੇ ਹੀ ਦਲੇਰ ਬਣੋਗੇ। ਪਤਰਸ ਤੇ ਉਸ ਦੇ ਸਾਥੀਆਂ ਨੇ ਮਾਅਰਕੇ ਦੀ ਨਿਹਚਾ ਦਿਖਾਈ ਜਦੋਂ ਉਨ੍ਹਾਂ ਨੇ ਯਿਸੂ ਦੇ ਚੇਲੇ ਬਣਨ ਲਈ ਸਾਰਾ ਕੁਝ ਛੱਡ ਦਿੱਤਾ। ਇਸੇ ਤਰ੍ਹਾਂ ਤੁਸੀਂ ਵੀ ਉਦੋਂ ਸ਼ਾਨਦਾਰ ਨਿਹਚਾ ਦਿਖਾਈ ਜਦੋਂ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸਭਾਵਾਂ ’ਤੇ ਜਾਂਦੇ ਹੋ। ਬਿਨਾਂ ਸ਼ੱਕ, ਤੁਸੀਂ ਆਪਣੀ ਜ਼ਿੰਦਗੀ ਤੇ ਸੁਭਾਅ ਵਿਚ ਵੱਡੇ-ਵੱਡੇ ਬਦਲਾਅ ਕੀਤੇ ਹੋਣੇ ਤਾਂਕਿ ਤੁਸੀਂ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਜੀ ਸਕੋ। ਇਹ ਸਾਰਾ ਕੁਝ ਕਰਨ ਲਈ ਵੀ ਤੁਹਾਨੂੰ ਦਲੇਰੀ ਤੇ ਨਿਹਚਾ ਦੀ ਲੋੜ ਪਈ ਹੋਣੀ। ਜਿੱਦਾਂ-ਜਿੱਦਾਂ ਤੁਸੀਂ ਦਲੇਰ ਬਣਦੇ ਜਾਓਗੇ, ਉੱਦਾਂ-ਉੱਦਾਂ ਤੁਹਾਡਾ ਭਰੋਸਾ ਵਧੇਗਾ ਕਿ ‘ਯਹੋਵਾਹ ਤੁਹਾਡਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।’—ਯਹੋਸ਼ੁਆ 1:7-9 ਪੜ੍ਹੋ।

ਮਾਹਰ ਮਛੇਰੇ . . . 3. ਬਦਲਦੇ ਹਾਲਾਤਾਂ ਵਿਚ ਵੀ ਦਲੇਰੀ ਨਾਲ ਕੰਮ ਕਰਦੇ ਹਨ (ਪੈਰੇ 11-12 ਦੇਖੋ)

13. ਦਲੇਰ ਬਣਨ ਲਈ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

13 ਤੁਸੀਂ ਹੋਰ ਦਲੇਰ ਕਿਵੇਂ ਬਣ ਸਕਦੇ ਹੋ? ਦਲੇਰੀ ਤੇ ਹਿੰਮਤ ਲਈ ਪ੍ਰਾਰਥਨਾ ਕਰੋ। (ਰਸੂ. 4:29, 31) ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਅਤੇ ਤੁਹਾਨੂੰ ਕਦੇ ਨਹੀਂ ਛੱਡੇਗਾ। ਉਹ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਨਾਲੇ ਤੁਸੀਂ ਇਸ ਗੱਲ ਉੱਤੇ ਸੋਚ-ਵਿਚਾਰ ਕਰ ਸਕਦੇ ਹੋ ਕਿ ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਦੀ ਰਾਖੀ ਕਿਵੇਂ ਕੀਤੀ। ਇਸ ਗੱਲ ਉੱਤੇ ਵੀ ਸੋਚ-ਵਿਚਾਰ ਕਰੋ ਕਿ ਉਸ ਨੇ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਕਿਵੇਂ ਮਦਦ ਕੀਤੀ ਅਤੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦੀ ਤਾਕਤ ਕਿਵੇਂ ਦਿੱਤੀ। ਜਿਸ ਨੇ ਲਾਲ ਸਮੁੰਦਰ ਪਾਰ ਕਰਨ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ, ਉਹੀ ਹੁਣ ਮਸੀਹ ਦਾ ਚੇਲਾ ਬਣਨ ਵਿਚ ਵੀ ਤੁਹਾਡੀ ਮਦਦ ਕਰ ਸਕਦਾ ਹੈ। (ਕੂਚ 14:13) ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਭਰੋਸਾ ਰੱਖੋ: “ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ ਹੈ?”—ਜ਼ਬੂ. 118:6.

14. ਤੁਸੀਂ ਮਾਸਈ ਤੇ ਟੋਮਯੋ ਦੇ ਤਜਰਬੇ ਤੋਂ ਕੀ ਸਿੱਖਿਆ?

14 ਦਲੇਰ ਬਣਨ ਦਾ ਇਕ ਹੋਰ ਤਰੀਕਾ ਹੈ: ਜਾਣੋ ਕਿ ਯਹੋਵਾਹ ਨੇ ਉਨ੍ਹਾਂ ਦੀ ਦਲੇਰ ਬਣਨ ਵਿਚ ਕਿਵੇਂ ਮਦਦ ਕੀਤੀ ਜੋ ਪਹਿਲਾਂ ਸ਼ਰਮੀਲੇ ਸੁਭਾਅ ਦੇ ਸਨ। ਮਾਸਈ ਨਾਂ ਦੀ ਭੈਣ ਦੇ ਤਜਰਬੇ ’ਤੇ ਗੌਰ ਕਰੋ। ਉਹ ਬਹੁਤ ਸ਼ਰਮੀਲੀ ਸੀ ਤੇ ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਲੋਕਾਂ ਨੂੰ ਕਦੇ ਨਹੀਂ ਦੱਸ ਸਕਦੀ। ਅਜਨਬੀਆਂ ਨਾਲ ਗੱਲ ਕਰਨ ਦੇ ਖ਼ਿਆਲ ਤੋਂ ਹੀ ਉਸ ਨੂੰ ਡਰ ਲੱਗਦਾ ਸੀ। ਇਸ ਲਈ ਉਸ ਨੇ ਪਰਮੇਸ਼ੁਰ ਅਤੇ ਗੁਆਂਢੀਆਂ ਨਾਲ ਆਪਣਾ ਪਿਆਰ ਗੂੜ੍ਹਾ ਕਰਨ ਵਿਚ ਮਿਹਨਤ ਕੀਤੀ। ਉਸ ਨੇ ਧਿਆਨ ਨਾਲ ਸੋਚਿਆ ਕਿ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ ਤੇ ਪ੍ਰਚਾਰ ਕਰਨ ਦਾ ਆਪਣਾ ਇਰਾਦਾ ਮਜ਼ਬੂਤ ਕਰਨ ਲਈ ਪ੍ਰਾਰਥਨਾ ਕੀਤੀ। ਉਸ ਨੇ ਆਪਣੇ ਡਰ ’ਤੇ ਕਾਬੂ ਪਾਇਆ ਤੇ ਰੈਗੂਲਰ ਪਾਇਨੀਅਰਿੰਗ ਕੀਤੀ। ਯਹੋਵਾਹ ਨਵੇਂ ਪ੍ਰਚਾਰਕਾਂ ਦੀ ਵੀ ਦਲੇਰ ਬਣਨ ਵਿਚ ਮਦਦ ਕਰ ਸਕਦਾ ਹੈ। ਟੋਮਯੋ ਨਾਂ ਦੀ ਭੈਣ ਦੇ ਤਜਰਬੇ ’ਤੇ ਗੌਰ ਕਰੋ। ਜਦੋਂ ਉਸ ਨੇ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਾਂ ਪਹਿਲੇ ਹੀ ਘਰ ਵਿਚ ਔਰਤ ਉਸ ’ਤੇ ਚਿਲਾਉਣ ਲੱਗੀ: “ਮੈਂ ਯਹੋਵਾਹ ਦੇ ਗਵਾਹਾਂ ਨਾਲ ਗੱਲ ਨਹੀਂ ਕਰਨੀ ਚਾਹੁੰਦੀ” ਤੇ ਦਰਵਾਜ਼ਾ ਜ਼ੋਰ ਦੀ ਬੰਦ ਕਰ ਲਿਆ। ਟੋਮਯੋ ਨੇ ਦਲੇਰੀ ਨਾਲ ਆਪਣੇ ਨਾਲ ਦੀ ਭੈਣ ਨੂੰ ਕਿਹਾ: “ਤੂੰ ਸੁਣਿਆ ਉਹ ਨੇ ਕੀ ਕਿਹਾ? ਮੈਨੂੰ ਤਾਂ ਇਕ ਸ਼ਬਦ ਵੀ ਨਹੀਂ ਕਹਿਣਾ ਪਿਆ ਤੇ ਉਹ ਨੇ ਪਛਾਣ ਲਿਆ ਕਿ ਮੈਂ ਇਕ ਯਹੋਵਾਹ ਦੀ ਗਵਾਹ ਹਾਂ। ਮੈਂ ਬਹੁਤ ਖ਼ੁਸ਼ ਹਾਂ!” ਟੋਮਯੋ ਹੁਣ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰ ਰਹੀ ਹੈ।

ਅਨੁਸ਼ਾਸਨ ਵਿਚ ਰਹੋ

15. ਅਨੁਸ਼ਾਸਨ ਕੀ ਹੈ ਅਤੇ ਮਸੀਹੀਆਂ ਲਈ ਅਨੁਸ਼ਾਸਨ ਰੱਖਣਾ ਕਿਉਂ ਜ਼ਰੂਰੀ ਹੈ?

15 ਮਛੇਰੇ ਅਨੁਸ਼ਾਸਨ ਵਿਚ ਰਹਿੰਦੇ ਹਨ। ਅਨੁਸ਼ਾਸਨ ਦੀ ਪਰਿਭਾਸ਼ਾ ਹੈ, “ਉਹ ਕੰਮ ਕਰਨੇ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਹੈ।” ਮਛੇਰੇ ਤੜਕੇ ਉੱਠਦੇ ਹਨ ਅਤੇ ਉਦੋਂ ਤਕ ਕੰਮ ਕਰਦੇ ਰਹਿੰਦੇ ਹਨ ਜਦੋਂ ਤਕ ਕੰਮ ਖ਼ਤਮ ਨਹੀਂ ਹੋ ਜਾਂਦਾ। ਉਹ ਖ਼ਰਾਬ ਮੌਸਮ ਦੇ ਬਾਵਜੂਦ ਵੀ ਕੰਮ ਕਰਦੇ ਰਹਿੰਦੇ ਹਨ। ਜੇ ਅਸੀਂ ਵਫ਼ਾਦਾਰ ਰਹਿਣਾ ਅਤੇ ਆਪਣਾ ਕੰਮ ਪੂਰਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਦੀ ਲੋੜ ਹੈ।—ਮੱਤੀ 10:22.

16. ਅਸੀਂ ਅਨੁਸ਼ਾਸਨ ਵਿਚ ਕਿਵੇਂ ਰਹਿ ਸਕਦੇ ਹਾਂ?

16 ਅਨੁਸ਼ਾਸਨ ਸਾਨੂੰ ਵਿਰਾਸਤ ਵਿਚ ਨਹੀਂ ਮਿਲਦਾ। ਇਸ ਦੇ ਉਲਟ, ਸਾਡਾ ਕੁਦਰਤੀ ਝੁਕਾਅ ਹੈ ਕਿ ਅਸੀਂ ਸੌਖੇ ਤੋਂ ਸੌਖਾ ਕੰਮ ਕਰਨਾ ਚਾਹੁੰਦੇ ਹਾਂ। ਅਨੁਸ਼ਾਸਨ ਵਿਚ ਰਹਿਣ ਲਈ ਸਾਨੂੰ ਖ਼ੁਦ ’ਤੇ ਕਾਬੂ ਪਾਉਣ ਦੀ ਲੋੜ ਹੈ। ਇਸ ਲਈ ਸਾਨੂੰ ਉਹ ਕੰਮ ਕਰਨ ਲਈ ਆਪਣੇ ਆਪ ਨੂੰ ਸਿਖਲਾਈ ਦੇਣ ਵਿਚ ਮਦਦ ਦੀ ਲੋੜ ਹੈ ਜੋ ਸ਼ਾਇਦ ਸਾਨੂੰ ਔਖੇ ਲੱਗਣ। ਯਹੋਵਾਹ ਪਵਿੱਤਰ ਸ਼ਕਤੀ ਰਾਹੀਂ ਸਾਡੀ ਮਦਦ ਕਰਦਾ ਹੈ।—ਗਲਾ. 5:22, 23.

17. ਪਹਿਲਾ ਕੁਰਿੰਥੀਆਂ 9:25-27 ਮੁਤਾਬਕ ਪੌਲੁਸ ਨੇ ਅਨੁਸ਼ਾਸਨ ਵਿਚ ਰਹਿਣ ਲਈ ਕੀ ਕੀਤਾ?

17 ਪੌਲੁਸ ਰਸੂਲ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਦਾ ਸੀ। ਪਰ ਉਸ ਨੇ ਇਹ ਗੱਲ ਮੰਨੀ ਕਿ ਸਹੀ ਕੰਮ ਕਰਨ ਲਈ ਉਸ ਨੂੰ ਆਪਣੇ ਸਰੀਰ ਨੂੰ ‘ਮਾਰਨ-ਕੁੱਟਣ’ ਦੀ ਲੋੜ ਪਈ। (1 ਕੁਰਿੰਥੀਆਂ 9:25-27 ਪੜ੍ਹੋ।) ਉਸ ਨੇ ਦੂਜਿਆਂ ਨੂੰ ਵੀ ਅਨੁਸ਼ਾਸਨ ਵਿਚ ਰਹਿਣ ਅਤੇ “ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ” ਕਰਨ ਦੀ ਹੱਲਾਸ਼ੇਰੀ ਦਿੱਤੀ। (1 ਕੁਰਿੰ. 14:40) ਸਾਨੂੰ ਯਹੋਵਾਹ ਦੀ ਭਗਤੀ ਕਰਦੇ ਰਹਿਣ ਲਈ ਅਨੁਸ਼ਾਸਨ ਵਿਚ ਰਹਿਣ ਦੀ ਲੋੜ ਹੈ ਜਿਸ ਵਿਚ ਬਾਕਾਇਦਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਸਿਖਾਉਣਾ ਸ਼ਾਮਲ ਹੈ।—ਰਸੂ. 2:46.

ਦੇਰ ਨਾ ਕਰੋ

18. ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਫ਼ਲ ਕਿੱਦਾਂ ਹੋ ਸਕਦੇ ਹਾਂ?

18 ਇਕ ਮਛੇਰਾ ਆਪਣੀ ਸਫ਼ਲਤਾ ਇਸ ਗੱਲ ਨਾਲ ਨਾਪਦਾ ਹੈ ਕਿ ਉਸ ਨੇ ਕਿੰਨੀਆਂ ਮੱਛੀਆਂ ਫੜੀਆਂ ਹਨ। ਦੂਜੇ ਪਾਸੇ, ਅਸੀਂ ਆਪਣੀ ਸਫ਼ਲਤਾ ਇਸ ਗੱਲ ਨਾਲ ਨਹੀਂ ਨਾਪਦੇ ਕਿ ਅਸੀਂ ਕਿੰਨੇ ਲੋਕਾਂ ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਲਿਆਂਦਾ। (ਲੂਕਾ 8:11-15) ਜਦੋਂ ਤਕ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਲੱਗੇ ਰਹਾਂਗੇ, ਉਦੋਂ ਤਕ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਫ਼ਲ ਹੋਵਾਂਗੇ। ਕਿਉਂ? ਕਿਉਂਕਿ ਅਸੀਂ ਉਸ ਦਾ ਅਤੇ ਉਸ ਦੇ ਪੁੱਤਰ ਦਾ ਕਹਿਣਾ ਮੰਨਦੇ ਹਾਂ।—ਮਰ. 13:10; ਰਸੂ. 5:28, 29.

19-20. ਸਾਡੇ ਕੋਲ ਹੁਣ ਪ੍ਰਚਾਰ ਕਰਨ ਦਾ ਕਿਹੜਾ ਖ਼ਾਸ ਕਾਰਨ ਹੈ?

19 ਕੁਝ ਦੇਸ਼ਾਂ ਵਿਚ ਸਿਰਫ਼ ਕੁਝ ਮਹੀਨਿਆਂ ਦੌਰਾਨ ਹੀ ਮੱਛੀਆਂ ਫੜਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਦੋਂ ਮੱਛੀਆਂ ਫੜਨ ਦਾ ਸਮਾਂ ਲਗਭਗ ਖ਼ਤਮ ਹੋਣ ਵਾਲਾ ਹੁੰਦਾ ਹੈ, ਤਾਂ ਸ਼ਾਇਦ ਇਕ ਮਛੇਰਾ ਸੋਚੇ ਕਿ ਉਸ ਨੂੰ ਹੋਰ ਜ਼ਿਆਦਾ ਮੱਛੀਆਂ ਫੜਨ ਦੀ ਲੋੜ ਹੈ। ਇਸੇ ਤਰ੍ਹਾਂ ਸਾਡੇ ਕੋਲ ਵੀ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਕਰਨ ਦਾ ਸਮਾਂ ਬਹੁਤ ਹੀ ਘੱਟ ਰਹਿ ਗਿਆ ਹੈ ਕਿਉਂਕਿ ਦੁਨੀਆਂ ਦਾ ਅੰਤ ਜਲਦੀ ਹੋਣ ਵਾਲਾ ਹੈ। ਸੋ ਇਸ ਜ਼ਰੂਰੀ ਕੰਮ ਵਿਚ ਹਿੱਸਾ ਲੈਣ ਲਈ ਵਧੀਆ ਹਾਲਾਤਾਂ ਦਾ ਇੰਤਜ਼ਾਰ ਨਾ ਕਰੋ।—ਉਪ. 11:4.

20 ਹੁਣ ਹੀ ਆਪਣਾ ਇਰਾਦਾ ਮਜ਼ਬੂਤ ਕਰਨ, ਬਾਈਬਲ ਬਾਰੇ ਆਪਣਾ ਗਿਆਨ ਵਧਾਉਣ, ਦਲੇਰ ਬਣਨ ਅਤੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਪ੍ਰਚਾਰ ਕਰਨ ਵਾਲੇ 80 ਲੱਖ ਤੋਂ ਜ਼ਿਆਦਾ ਲੋਕਾਂ ਨਾਲ ਮਿਲ ਕੇ ਕੰਮ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਯਹੋਵਾਹ ਤੋਂ ਖ਼ੁਸ਼ੀ ਪਾਓਗੇ। (ਨਹ. 8:10) ਇਸ ਕੰਮ ਵਿਚ ਪੂਰਾ ਹਿੱਸਾ ਲੈਣ ਦਾ ਪੱਕਾ ਇਰਾਦਾ ਕਰੋ ਅਤੇ ਉਦੋਂ ਤਕ ਕੰਮ ਕਰਦੇ ਰਹੋ ਜਦੋਂ ਤਕ ਯਹੋਵਾਹ ਇਹ ਕੰਮ ਕਰਨ ਤੋਂ ਮਨ੍ਹਾ ਨਹੀਂ ਕਰ ਦਿੰਦਾ। ਅਗਲੇ ਲੇਖ ਵਿਚ ਅਸੀਂ ਤਿੰਨ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਮਜ਼ਬੂਤ ਹੋਵੇਗਾ।

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

^ ਪੈਰਾ 5 ਯਿਸੂ ਨੇ ਨਿਮਰ ਤੇ ਮਿਹਨਤੀ ਮਛੇਰਿਆਂ ਨੂੰ ਆਪਣੇ ਚੇਲੇ ਬਣਨ ਦਾ ਸੱਦਾ ਦਿੱਤਾ। ਅੱਜ ਵੀ ਯਿਸੂ ਨਿਮਰ ਤੇ ਮਿਹਨਤੀ ਲੋਕਾਂ ਨੂੰ ਪ੍ਰਚਾਰ ਕਰਨ ਦਾ ਸੱਦਾ ਦਿੰਦਾ ਹੈ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਉਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਕੀ ਕਰਨ ਦੀ ਲੋੜ ਹੈ ਜੋ ਯਿਸੂ ਦੇ ਇਸ ਸੱਦੇ ਨੂੰ ਕਬੂਲ ਕਰਨ ਤੋਂ ਹਿਚਕਿਚਾਉਂਦੇ ਹਨ।

^ ਪੈਰਾ 1 ਸ਼ਬਦਾਂ ਦਾ ਮਤਲਬ: ‘ਇਨਸਾਨਾਂ ਨੂੰ ਫੜਨ’ ਦਾ ਮਤਲਬ ਹੈ, ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਉਨ੍ਹਾਂ ਨੂੰ ਯਿਸੂ ਦੇ ਚੇਲੇ ਬਣਾਉਣਾ।

^ ਪੈਰਾ 10 ਅਕਤੂਬਰ 2018 ਦੇ ਪਹਿਰਾਬੁਰਜ ਦੇ ਸਫ਼ੇ 11-16 ’ਤੇ “ਸੱਚਾਈ ਸਿਖਾਓ” ਨਾਂ ਦਾ ਲੇਖ ਦੇਖੋ।