Skip to content

Skip to table of contents

ਅਧਿਐਨ ਲੇਖ 40

“ਤੈਨੂੰ ਜੋ ਅਮਾਨਤ ਸੌਂਪੀ ਗਈ ਹੈ, ਉਸ ਦੀ ਰਾਖੀ ਕਰ”

“ਤੈਨੂੰ ਜੋ ਅਮਾਨਤ ਸੌਂਪੀ ਗਈ ਹੈ, ਉਸ ਦੀ ਰਾਖੀ ਕਰ”

“ਤਿਮੋਥਿਉਸ, ਤੈਨੂੰ ਜੋ ਅਮਾਨਤ ਸੌਂਪੀ ਗਈ ਹੈ, ਉਸ ਦੀ ਰਾਖੀ ਕਰ।”—1 ਤਿਮੋ. 6:20.

ਗੀਤ 34 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ

ਖ਼ਾਸ ਗੱਲਾਂ *

1-2. ਪਹਿਲਾ ਤਿਮੋਥਿਉਸ 6:20 ਮੁਤਾਬਕ ਤਿਮੋਥਿਉਸ ਨੂੰ ਕੀ ਸੌਂਪਿਆ ਗਿਆ?

ਅਸੀਂ ਅਕਸਰ ਆਪਣੀਆਂ ਕੀਮਤੀ ਚੀਜ਼ਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦੂਜਿਆਂ ਨੂੰ ਦਿੰਦੇ ਹਾਂ। ਮਿਸਾਲ ਲਈ, ਸ਼ਾਇਦ ਅਸੀਂ ਬੈਂਕ ਵਿਚ ਆਪਣੇ ਪੈਸੇ ਜਮ੍ਹਾ ਕਰਾਈਏ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਨਾ ਤਾਂ ਇਹ ਗੁਆਚਣਗੇ ਤੇ ਨਾ ਹੀ ਚੋਰੀ ਹੋਣਗੇ, ਸਗੋਂ ਸੁਰੱਖਿਅਤ ਰਹਿਣਗੇ। ਇਸ ਲਈ ਅਸੀਂ ਸਮਝਦੇ ਹਾਂ ਕਿ ਕਿਸੇ ਵਿਅਕਤੀ ਨੂੰ ਆਪਣੀ ਅਨਮੋਲ ਚੀਜ਼ ਦਾ ਸੌਂਪਣ ਦਾ ਕੀ ਮਤਲਬ ਹੈ।

2 ਪਹਿਲਾ ਤਿਮੋਥਿਉਸ 6:20 ਪੜ੍ਹੋ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਯਾਦ ਕਰਾਇਆ ਕਿ ਉਸ ਨੂੰ ਇਕ ਅਨਮੋਲ ਚੀਜ਼ ਦਿੱਤੀ ਗਈ ਸੀ: ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸਹੀ ਗਿਆਨ। ਤਿਮੋਥਿਉਸ ਨੂੰ “ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ” ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। (2 ਤਿਮੋ. 4:2, 5) ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਜ਼ਿੰਮੇਵਾਰੀ ਨੂੰ ਹੱਥੋਂ ਨਾ ਗੁਆਵੇ। ਤਿਮੋਥਿਉਸ ਵਾਂਗ ਸਾਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ ਗਈਆਂ ਹਨ। ਉਹ ਚੀਜ਼ਾਂ ਕੀ ਹਨ? ਨਾਲੇ ਸਾਨੂੰ ਯਹੋਵਾਹ ਵੱਲੋਂ ਦਿੱਤੇ ਖ਼ਜ਼ਾਨੇ ਦੀ ਰਾਖੀ ਕਿਉਂ ਕਰਨੀ ਚਾਹੀਦੀ ਹੈ?

ਅਨਮੋਲ ਸੱਚਾਈਆਂ ਸੌਂਪੀਆਂ ਗਈਆਂ

3-4. ਬਾਈਬਲ ਦੀਆਂ ਸੱਚਾਈਆਂ ਕਿਉਂ ਅਨਮੋਲ ਹਨ?

3 ਯਹੋਵਾਹ ਨੇ ਆਪਣੇ ਬਚਨ ਬਾਈਬਲ ਵਿਚ ਪਾਈਆਂ ਜਾਂਦੀਆਂ ਅਨਮੋਲ ਸੱਚਾਈਆਂ ਬਾਰੇ ਸਾਨੂੰ ਸਹੀ ਗਿਆਨ ਦਿੱਤਾ ਹੈ। ਇਹ ਸੱਚਾਈਆਂ ਅਨਮੋਲ ਹਨ ਕਿਉਂਕਿ ਇਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਜੋੜ ਸਕਦੇ ਹਾਂ ਅਤੇ ਸੱਚੀ ਖ਼ੁਸ਼ੀ ਪਾ ਸਕਦੇ ਹਾਂ। ਇਨ੍ਹਾਂ ਸੱਚਾਈਆਂ ’ਤੇ ਚੱਲ ਕੇ ਅਸੀਂ ਝੂਠੀਆਂ ਸਿੱਖਿਆਵਾਂ ਅਤੇ ਅਨੈਤਿਕ ਕੰਮਾਂ ਤੋਂ ਆਜ਼ਾਦ ਹੁੰਦੇ ਹਾਂ।—1 ਕੁਰਿੰ. 6:9-11.

4 ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਇਸ ਕਰਕੇ ਵੀ ਅਨਮੋਲ ਹਨ ਕਿਉਂਕਿ ਯਹੋਵਾਹ ਇਹ ਸੱਚਾਈਆਂ ਸਿਰਫ਼ ਨਿਮਰ ਲੋਕਾਂ ਨੂੰ ਦੱਸਦਾ ਹੈ ਜੋ “ਮਨੋਂ ਤਿਆਰ” ਹਨ। (ਰਸੂ. 13:48) ਇਹ ਨਿਮਰ ਲੋਕ ਉਸ ਪ੍ਰਬੰਧ ਨੂੰ ਕਬੂਲ ਕਰਦੇ ਹਨ ਜਿਸ ਰਾਹੀਂ ਯਹੋਵਾਹ ਅੱਜ ਇਹ ਸੱਚਾਈਆਂ ਸਿਖਾ ਰਿਹਾ ਹੈ। (ਮੱਤੀ 11:25; 24:45) ਅਸੀਂ ਆਪਣੇ ਆਪ ਇਹ ਸੱਚਾਈਆਂ ਨਹੀਂ ਸਿੱਖ ਸਕਦੇ ਅਤੇ ਇਨ੍ਹਾਂ ਨੂੰ ਸਿੱਖਣ ਤੋਂ ਇਲਾਵਾ ਸਾਡੇ ਲਈ ਹੋਰ ਕੋਈ ਵੀ ਚੀਜ਼ ਅਨਮੋਲ ਨਹੀਂ ਹੈ।—ਕਹਾ. 3:13, 15.

5. ਯਹੋਵਾਹ ਨੇ ਸਾਨੂੰ ਹੋਰ ਕਿਹੜੀ ਜ਼ਿੰਮੇਵਾਰੀ ਸੌਂਪੀ ਹੈ?

5 ਯਹੋਵਾਹ ਨੇ ਸਾਨੂੰ ਸਨਮਾਨ ਦਿੱਤਾ ਹੈ ਕਿ ਦੂਜਿਆਂ ਨੂੰ ਉਸ ਬਾਰੇ ਅਤੇ ਉਸ ਦੇ ਮਕਸਦ ਬਾਰੇ ਸੱਚਾਈ ਸਿਖਾਈਏ। (ਮੱਤੀ 24:14) ਸਾਡਾ ਸੰਦੇਸ਼ ਬਹੁਤ ਅਨਮੋਲ ਹੈ ਕਿਉਂਕਿ ਇਹ ਲੋਕਾਂ ਦੀ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਮਦਦ ਕਰਦਾ ਹੈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੰਦਾ ਹੈ। (1 ਤਿਮੋ. 4:16) ਚਾਹੇ ਅਸੀਂ ਇਸ ਕੰਮ ਵਿਚ ਜਿੰਨਾ ਮਰਜ਼ੀ ਹਿੱਸਾ ਲੈਂਦੇ ਹੋਈਏ, ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਅਸੀਂ ਇਸ ਸਮੇਂ ਹੋ ਰਹੇ ਸਭ ਤੋਂ ਅਹਿਮ ਕੰਮ ਵਿਚ ਹਿੱਸਾ ਲੈ ਰਹੇ ਹਾਂ। (1 ਤਿਮੋ. 2:3, 4) ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਦਾ ਇਹ ਕਿੰਨਾ ਹੀ ਵੱਡਾ ਸਨਮਾਨ!—1 ਕੁਰਿੰ. 3:9.

ਜੋ ਤੁਹਾਨੂੰ ਸੌਂਪਿਆ ਗਿਆ ਹੈ, ਉਸ ਨੂੰ ਫੜੀ ਰੱਖੋ!

ਜਦੋਂ ਹੋਰ ਮਸੀਹੀ ਸੱਚਾਈ ਤੋਂ ਦੂਰ ਹੋ ਗਏ, ਉਦੋਂ ਤਿਮੋਥਿਉਸ ਸੱਚਾਈ ’ਤੇ ਡਟਿਆ ਰਿਹਾ (ਪੈਰਾ 6 ਦੇਖੋ)

6. ਜਿਨ੍ਹਾਂ ਨੇ ਆਪਣੇ ਸਨਮਾਨ ਦੀ ਕਦਰ ਨਹੀਂ ਕੀਤੀ, ਉਨ੍ਹਾਂ ਨਾਲ ਕੀ ਹੋਇਆ?

6 ਤਿਮੋਥਿਉਸ ਦੇ ਨਾਲ ਦੇ ਮਸੀਹੀਆਂ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਦੀ ਕਦਰ ਨਹੀਂ ਕੀਤੀ। ਦੇਮਾਸ ਦੁਨੀਆਂ ਨੂੰ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੇ ਪੌਲੁਸ ਨਾਲ ਮਿਲ ਕੇ ਸੇਵਾ ਕਰਨ ਦਾ ਸਨਮਾਨ ਹੱਥੋਂ ਗੁਆ ਦਿੱਤਾ। (2 ਤਿਮੋ. 4:10) ਫੁਗਿਲੁਸ ਤੇ ਹਰਮੁਗਨੇਸ ਨੇ ਸੇਵਾ ਦਾ ਕੰਮ ਇਸ ਡਰ ਕਰਕੇ ਛੱਡ ਦਿੱਤਾ ਕਿ ਉਨ੍ਹਾਂ ਨੂੰ ਵੀ ਪੌਲੁਸ ਵਾਂਗ ਸਤਾਇਆ ਜਾਵੇਗਾ। (2 ਤਿਮੋ. 1:15) ਹਮਿਨਾਉਸ, ਸਿਕੰਦਰ ਅਤੇ ਫ਼ਿਲੇਤੁਸ ਧਰਮ-ਤਿਆਗੀ ਬਣ ਗਏ ਅਤੇ ਉਨ੍ਹਾਂ ਨੇ ਸੱਚਾਈ ਛੱਡ ਦਿੱਤੀ। (1 ਤਿਮੋ. 1:19, 20; 2 ਤਿਮੋ. 2:16-18) ਬਿਨਾਂ ਸ਼ੱਕ, ਪਹਿਲਾਂ ਇਹ ਸਾਰੇ ਸੱਚਾਈ ਵਿਚ ਮਜ਼ਬੂਤ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਆਪਣੇ ਸਨਮਾਨ ਦੀ ਕਦਰ ਕਰਨੀ ਛੱਡ ਦਿੱਤੀ।

7. ਸ਼ੈਤਾਨ ਸਾਡੇ ਖ਼ਿਲਾਫ਼ ਕਿਹੜੀਆਂ ਚਾਲਾਂ ਚੱਲਦਾ ਹੈ?

7 ਸ਼ੈਤਾਨ ਕੀ ਕਰਦਾ ਹੈ ਤਾਂਕਿ ਅਸੀਂ ਉਹ ਖ਼ਜ਼ਾਨੇ ਗੁਆ ਲਈਏ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ? ਜ਼ਰਾ ਸ਼ੈਤਾਨ ਦੀਆਂ ਕੁਝ ਚਾਲਾਂ ’ਤੇ ਗੌਰ ਕਰੋ। ਉਹ ਮਨੋਰੰਜਨ ਅਤੇ ਮੀਡੀਆ ਦੇ ਜ਼ਰੀਏ ਅਜਿਹੀ ਸੋਚ, ਰਵੱਈਏ ਅਤੇ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਜੋ ਸਾਨੂੰ ਸੱਚਾਈ ਵਿਚ ਕਮਜ਼ੋਰ ਕਰ ਸਕਦੀਆਂ ਹਨ। ਉਹ ਹਾਣੀਆਂ ਦੇ ਦਬਾਅ ਜਾਂ ਸਤਾਹਟਾਂ ਰਾਹੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਪ੍ਰਚਾਰ ਕਰਨਾ ਬੰਦ ਕਰ ਦੇਈਏ। ਨਾਲੇ ਉਹ ਸਾਨੂੰ ਧਰਮ-ਤਿਆਗੀਆਂ ਦੇ “ਝੂਠੇ ‘ਗਿਆਨ’” ਨੂੰ ਸੁਣਨ ਲਈ ਭਰਮਾਉਂਦਾ ਹੈ ਤਾਂਕਿ ਅਸੀਂ ਸੱਚਾਈ ਤੋਂ ਮੂੰਹ ਫੇਰ ਲਈਏ।—1 ਤਿਮੋ. 6:20, 21.

8. ਡੈਨੀਏਲ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਦੇ ਹੋ?

8 ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਸੱਚਾਈ ’ਤੇ ਸਾਡੀ ਪਕੜ ਢਿੱਲੀ ਪੈ ਸਕਦੀ ਹੈ। ਜ਼ਰਾ ਡੈਨੀਏਲ * ਦੇ ਤਜਰਬੇ ’ਤੇ ਗੌਰ ਕਰੋ ਜਿਸ ਨੂੰ ਵੀਡੀਓ ਗੇਮਾਂ ਖੇਡਣੀਆਂ ਬਹੁਤ ਪਸੰਦ ਸਨ। ਉਹ ਦੱਸਦਾ ਹੈ: “ਮੈਂ ਦਸ ਸਾਲ ਦੀ ਉਮਰ ਵਿਚ ਵੀਡੀਓ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ-ਪਹਿਲ ਮੈਂ ਅਜਿਹੀਆਂ ਗੇਮਾਂ ਖੇਡਦਾ ਸੀ ਜਿਨ੍ਹਾਂ ਨੂੰ ਖੇਡਣ ਵਿਚ ਕੋਈ ਹਰਜ ਨਹੀਂ ਸੀ, ਪਰ ਹੌਲੀ-ਹੌਲੀ ਮੈਂ ਹਿੰਸਾ ਅਤੇ ਜਾਦੂਗਰੀ ਨਾਲ ਭਰੀਆਂ ਵੀਡੀਓ ਗੇਮਾਂ ਖੇਡਣ ਲੱਗ ਪਿਆ।” ਅਖ਼ੀਰ ਉਹ ਹਰ ਰੋਜ਼ ਤਕਰੀਬਨ 15 ਘੰਟੇ ਵੀਡੀਓ ਗੇਮਾਂ ਖੇਡਦਾ ਸੀ। ਉਹ ਕਹਿੰਦਾ ਹੈ, “ਮੈਨੂੰ ਪਤਾ ਸੀ ਕਿ ਮੈਂ ਜਿਹੜੀਆਂ ਗੇਮਾਂ ਖੇਡਦਾ ਸੀ ਅਤੇ ਜਿੰਨਾ ਸਮਾਂ ਖੇਡਦਾ ਸੀ, ਉਸ ਕਰਕੇ ਮੈਂ ਯਹੋਵਾਹ ਤੋਂ ਦੂਰ ਹੋ ਰਿਹਾ ਸੀ। ਪਰ ਮੈਂ ਖ਼ੁਦ ਨੂੰ ਇਹ ਯਕੀਨ ਦਿਵਾ ਲਿਆ ਸੀ ਕਿ ਬਾਈਬਲ ਦੇ ਅਸੂਲ ਮੇਰੇ ’ਤੇ ਲਾਗੂ ਨਹੀਂ ਹੁੰਦੇ।” ਮਨੋਰੰਜਨ ਦੇ ਗੁੱਝੇ ਅਸਰ ਸੌਖਿਆਂ ਹੀ ਸੱਚਾਈ ’ਤੇ ਸਾਡੀ ਪਕੜ ਢਿੱਲੀ ਕਰ ਸਕਦੇ ਹਨ। ਜੇ ਇੱਦਾਂ ਹੁੰਦਾ ਹੈ, ਤਾਂ ਅਖ਼ੀਰ ਵਿਚ ਸ਼ਾਇਦ ਅਸੀਂ ਯਹੋਵਾਹ ਵੱਲੋਂ ਦਿੱਤੀਆਂ ਅਨਮੋਲ ਚੀਜ਼ਾਂ ਨੂੰ ਗੁਆ ਦੇਈਏ।

ਅਸੀਂ ਸੱਚਾਈ ਨੂੰ ਕਿਵੇਂ ਫੜੀ ਰੱਖ ਸਕਦੇ ਹਾਂ?

9. ਪਹਿਲਾ ਤਿਮੋਥਿਉਸ 1:18, 19 ਅਨੁਸਾਰ ਪੌਲੁਸ ਨੇ ਤਿਮੋਥਿਉਸ ਦੀ ਤੁਲਨਾ ਕਿਸ ਨਾਲ ਕੀਤੀ?

9 ਪਹਿਲਾ ਤਿਮੋਥਿਉਸ 1:18, 19 ਪੜ੍ਹੋ। ਪੌਲੁਸ ਨੇ ਤਿਮੋਥਿਉਸ ਦੀ ਤੁਲਨਾ ਇਕ ਫ਼ੌਜੀ ਨਾਲ ਕੀਤੀ ਅਤੇ ਉਸ ਨੂੰ ‘ਚੰਗੀ ਲੜਾਈ ਲੜਦੇ ਰਹਿਣ’ ਦੀ ਤਾਕੀਦ ਕੀਤੀ। ਪੌਲੁਸ ਇੱਥੇ ਇਨਸਾਨਾਂ ਨਾਲ ਲੜਨ ਬਾਰੇ ਗੱਲ ਨਹੀਂ ਕਰ ਰਿਹਾ ਸੀ। ਤਾਂ ਫਿਰ ਮਸੀਹੀ ਫ਼ੌਜੀਆਂ ਵਾਂਗ ਕਿਵੇਂ ਹਨ? ਮਸੀਹ ਦੇ ਫ਼ੌਜੀਆਂ ਵਜੋਂ ਸਾਡੇ ਅੰਦਰ ਕਿਹੜੇ ਗੁਣ ਹੋਣੇ ਚਾਹੀਦੇ ਹਨ? ਆਓ ਅਸੀਂ ਪੰਜ ਗੱਲਾਂ ’ਤੇ ਗੌਰ ਕਰੀਏ ਜੋ ਅਸੀਂ ਪੌਲੁਸ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਇਹ ਗੱਲਾਂ ਸੱਚਾਈ ਨੂੰ ਫੜੀ ਰੱਖਣ ਵਿਚ ਸਾਡੀ ਮਦਦ ਕਰਨਗੀਆਂ।

10. ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਕੀ ਮਤਲਬ ਹੈ ਅਤੇ ਸਾਨੂੰ ਇੱਦਾਂ ਕਿਉਂ ਕਰਨਾ ਚਾਹੀਦਾ ਹੈ?

10 ਪਰਮੇਸ਼ੁਰ ਦੀ ਭਗਤੀ ਕਰਦੇ ਰਹੋ। ਇਕ ਚੰਗਾ ਫ਼ੌਜੀ ਵਫ਼ਾਦਾਰ ਹੁੰਦਾ ਹੈ। ਉਹ ਆਪਣੇ ਪਿਆਰਿਆਂ ਅਤੇ ਕੀਮਤੀ ਚੀਜ਼ਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ ਲੜਦਾ ਹੈ। ਪੌਲੁਸ ਨੇ ਤਿਮੋਥਿਉਸ ਨੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਯਾਨੀ ਵਫ਼ਾਦਾਰੀ ਨਾਲ ਪਰਮੇਸ਼ੁਰ ਨਾਲ ਜੁੜੇ ਰਹਿਣ ਦੀ ਹੱਲਾਸ਼ੇਰੀ ਦਿੱਤੀ। (1 ਤਿਮੋ. 4:7) ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਜਿੰਨਾ ਜ਼ਿਆਦਾ ਗੂੜ੍ਹਾ ਕਰਾਂਗੇ, ਉੱਨਾ ਹੀ ਅਸੀਂ ਸੱਚਾਈ ਨੂੰ ਫੜੀ ਰੱਖਣ ਦੀ ਆਪਣੀ ਇੱਛਾ ਮਜ਼ਬੂਤ ਕਰਾਂਗੇ।—1 ਤਿਮੋ. 4:8-10; 6:6.

ਜਦੋਂ ਅਸੀਂ ਦਿਨ ਭਰ ਕੰਮ ਕਰ ਕੇ ਥੱਕ ਜਾਂਦੇ ਹਾਂ, ਤਾਂ ਸਭਾ ’ਤੇ ਜਾਣ ਲਈ ਸ਼ਾਇਦ ਸਾਨੂੰ ਖ਼ੁਦ ਨਾਲ ਸੰਘਰਸ਼ ਕਰਨਾ ਪਵੇ। ਪਰ ਇੱਦਾਂ ਕਰ ਕੇ ਸਾਨੂੰ ਬਰਕਤਾਂ ਮਿਲਦੀਆਂ ਹਨ! (ਪੈਰਾ 11 ਦੇਖੋ)

11. ਸਾਨੂੰ ਖ਼ੁਦ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਕਿਉਂ ਲੋੜ ਹੈ?

11 ਅਨੁਸ਼ਾਸਨ ਵਿਚ ਰਹਿਣ ਦੀ ਆਦਤ ਪਾਓ। ਇਕ ਫ਼ੌਜੀ ਨੂੰ ਲੜਾਈ ਲਈ ਹਮੇਸ਼ਾ ਤਿਆਰ ਰਹਿਣ ਲਈ ਖ਼ੁਦ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਲੋੜ ਹੈ। ਤਿਮੋਥਿਉਸ ਸੱਚਾਈ ਵਿਚ ਬਣਿਆ ਰਿਹਾ ਕਿਉਂਕਿ ਉਹ ਪੌਲੁਸ ਦੀ ਸਲਾਹ ਨੂੰ ਮੰਨਦੇ ਹੋਏ ਗ਼ਲਤ ਇੱਛਾਵਾਂ ਤੋਂ ਭੱਜਦਾ ਰਿਹਾ, ਪਰਮੇਸ਼ੁਰੀ ਗੁਣ ਪੈਦਾ ਕਰਦਾ ਰਿਹਾ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤੀ ਕਰਦਾ ਰਿਹਾ। (2 ਤਿਮੋ. 2:22) ਇਹ ਸਭ ਉਹ ਅਨੁਸ਼ਾਸਨ ਵਿਚ ਰਹਿ ਕੇ ਕਰ ਸਕਿਆ। ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨ ਲਈ ਸਾਨੂੰ ਵੀ ਅਨੁਸ਼ਾਸਨ ਵਿਚ ਰਹਿਣ ਦੀ ਲੋੜ ਹੈ। (ਰੋਮੀ. 7:21-25) ਨਾਲੇ ਪੁਰਾਣੇ ਸੁਭਾਅ ਨੂੰ ਲਾਹੁੰਦੇ ਰਹਿਣ ਅਤੇ ਨਵੇਂ ਸੁਭਾਅ ਨੂੰ ਪਾਉਂਦੇ ਰਹਿਣ ਲਈ ਵੀ ਸਾਨੂੰ ਅਨੁਸ਼ਾਸਨ ਵਿਚ ਰਹਿਣ ਦੀ ਲੋੜ ਹੈ। (ਅਫ਼. 4:22, 24) ਜਦੋਂ ਅਸੀਂ ਦਿਨ ਭਰ ਕੰਮ ਕਰ ਕੇ ਥੱਕ ਜਾਂਦੇ ਹਾਂ, ਤਾਂ ਸਭਾ ’ਤੇ ਜਾਣ ਲਈ ਸਾਨੂੰ ਸ਼ਾਇਦ ਖ਼ੁਦ ਨਾਲ ਸੰਘਰਸ਼ ਕਰਨਾ ਪਵੇ।—ਇਬ. 10:24, 25.

12. ਅਸੀਂ ਬਾਈਬਲ ਵਰਤਣ ਵਿਚ ਮਾਹਰ ਕਿਵੇਂ ਬਣ ਸਕਦੇ ਹਾਂ?

12 ਇਕ ਫ਼ੌਜੀ ਨੂੰ ਹਥਿਆਰ ਚਲਾਉਣ ਵਿਚ ਮਾਹਰ ਬਣਨ ਲਈ ਅਭਿਆਸ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ਦਾ ਬਚਨ ਵਰਤਣ ਵਿਚ ਮਾਹਰ ਬਣਨ ਦੀ ਲੋੜ ਹੈ। (2 ਤਿਮੋ. 2:15) ਅਸੀਂ ਇਹ ਹੁਨਰ ਸਭਾਵਾਂ ਵਿਚ ਸਿੱਖਦੇ ਹਾਂ। ਪਰ ਜੇ ਅਸੀਂ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ’ਤੇ ਯਕੀਨ ਦਿਵਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਬਾਕਾਇਦਾ ਖ਼ੁਦ ਬਾਈਬਲ ਸਟੱਡੀ ਕਰਨ ਦੀ ਲੋੜ ਹੈ। ਸਾਨੂੰ ਪਰਮੇਸ਼ੁਰ ਦਾ ਬਚਨ ਵਰਤ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। ਇੱਦਾਂ ਕਰਨ ਲਈ ਸਿਰਫ਼ ਬਾਈਬਲ ਪੜ੍ਹਨੀ ਕਾਫ਼ੀ ਨਹੀਂ ਹੈ, ਸਗੋਂ ਇਸ ’ਤੇ ਸੋਚ-ਵਿਚਾਰ ਕਰਨਾ ਅਤੇ ਸਾਡੇ ਪ੍ਰਕਾਸ਼ਨਾਂ ਤੋਂ ਖੋਜਬੀਨ ਕਰਨੀ ਵੀ ਸ਼ਾਮਲ ਹੈ। ਇਸ ਤਰ੍ਹਾਂ ਕਰ ਕੇ ਅਸੀਂ ਲਿਖਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਨਾਲ-ਨਾਲ ਇਨ੍ਹਾਂ ਨੂੰ ਲਾਗੂ ਕਰ ਸਕਾਂਗੇ। (1 ਤਿਮੋ. 4:13-15) ਫਿਰ ਅਸੀਂ ਪਰਮੇਸ਼ੁਰ ਦਾ ਬਚਨ ਵਰਤ ਕੇ ਦੂਜਿਆਂ ਨੂੰ ਸਿਖਾ ਸਕਾਂਗੇ। ਇਸ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਨੂੰ ਸਿਰਫ਼ ਆਇਤਾਂ ਪੜ੍ਹ ਕੇ ਸੁਣਾਵਾਂਗੇ ਹੀ ਨਹੀਂ, ਸਗੋਂ ਆਇਤਾਂ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਵੀ ਉਨ੍ਹਾਂ ਦੀ ਮਦਦ ਕਰਾਂਗੇ। ਖ਼ੁਦ ਬਾਕਾਇਦਾ ਬਾਈਬਲ ਸਟੱਡੀ ਕਰ ਕੇ ਅਸੀਂ ਦੂਜਿਆਂ ਨੂੰ ਵਧੀਆ ਤਰੀਕੇ ਨਾਲ ਸਿਖਾ ਸਕਾਂਗੇ।—2 ਤਿਮੋ. 3:16, 17.

13. ਇਬਰਾਨੀਆਂ 5:14 ਮੁਤਾਬਕ ਸਾਨੂੰ ਸਮਝਦਾਰ ਕਿਉਂ ਬਣਨਾ ਚਾਹੀਦਾ ਹੈ?

13 ਸਮਝਦਾਰ ਬਣੋ। ਇਕ ਫ਼ੌਜੀ ਵਿਚ ਖ਼ਤਰਿਆਂ ਨੂੰ ਪਛਾਣਨ ਅਤੇ ਇਨ੍ਹਾਂ ਤੋਂ ਬਚਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਸਾਨੂੰ ਵੀ ਪਛਾਣਨ ਦੀ ਲੋੜ ਹੈ ਕਿ ਕਿਹੜੇ ਹਾਲਾਤ ਸਾਡੇ ਲਈ ਖ਼ਤਰਾ ਬਣ ਸਕਦੇ ਹਨ ਅਤੇ ਫਿਰ ਇਨ੍ਹਾਂ ਤੋਂ ਬਚਣ ਲਈ ਕਦਮ ਚੁੱਕਣੇ ਚਾਹੀਦੇ ਹਨ। (ਕਹਾ. 22:3; ਇਬਰਾਨੀਆਂ 5:14 ਪੜ੍ਹੋ।) ਮਿਸਾਲ ਲਈ, ਸਾਨੂੰ ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਰਨੀ ਚਾਹੀਦੀ ਹੈ। ਟੈਲੀਵਿਯਨ ਪ੍ਰੋਗ੍ਰਾਮਾਂ ਅਤੇ ਫ਼ਿਲਮਾਂ ਵਿਚ ਅਕਸਰ ਅਨੈਤਿਕ ਚਾਲ-ਚਲਣ ਦਿਖਾਇਆ ਜਾਂਦਾ ਹੈ। ਪਰਮੇਸ਼ੁਰ ਇਸ ਤਰ੍ਹਾਂ ਦੇ ਚਾਲ-ਚਲਣ ਤੋਂ ਨਫ਼ਰਤ ਕਰਦਾ ਹੈ ਅਤੇ ਅੰਤ ਵਿਚ ਅਜਿਹਾ ਚਾਲ-ਚਲਣ ਰੱਖਣ ਕਰਕੇ ਨੁਕਸਾਨ ਹੀ ਹੋਵੇਗਾ। ਇਸ ਲਈ ਸਾਨੂੰ ਅਜਿਹੇ ਮਨੋਰੰਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਹੌਲੀ-ਹੌਲੀ ਪਰਮੇਸ਼ੁਰ ਲਈ ਸਾਡਾ ਪਿਆਰ ਠੰਢਾ ਕਰ ਸਕਦਾ ਹੈ।—ਅਫ਼. 5:5, 6.

14. ਸਮਝਦਾਰ ਬਣਨ ਨਾਲ ਡੈਨੀਏਲ ਦੀ ਕਿਵੇਂ ਮਦਦ ਹੋਈ?

14 ਡੈਨੀਏਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਅਹਿਸਾਸ ਹੋ ਗਿਆ ਕਿ ਹਿੰਸਾ ਅਤੇ ਜਾਦੂਗਰੀ ਨਾਲ ਭਰੀਆਂ ਵੀਡੀਓ ਗੇਮਾਂ ਖੇਡਣੀਆਂ ਸਹੀ ਨਹੀਂ ਹਨ। ਉਸ ਨੇ ਇਸ ਮੁਸ਼ਕਲ ਨਾਲ ਸਿੱਝਣ ਲਈ ਵਾਚਟਾਵਰ ਲਾਇਬ੍ਰੇਰੀ ਵਿੱਚੋਂ ਖੋਜਬੀਨ ਕੀਤੀ। ਇਸ ਦਾ ਉਸ ’ਤੇ ਕੀ ਅਸਰ ਪਿਆ? ਉਸ ਨੇ ਮਾੜੀਆਂ ਵੀਡੀਓ ਗੇਮਾਂ ਖੇਡਣੀਆਂ ਛੱਡ ਦਿੱਤੀਆਂ। ਡੈਨੀਏਲ ਦੱਸਦਾ ਹੈ, “ਵੀਡੀਓ ਗੇਮਾਂ ਖੇਡਣ ਦੀ ਬਜਾਇ ਮੈਂ ਮੰਡਲੀ ਦੇ ਦੋਸਤਾਂ ਨਾਲ ਸਮਾਂ ਬਿਤਾਉਣ ਲੱਗਾ।” ਹੁਣ ਡੈਨੀਏਲ ਪਾਇਨੀਅਰ ਅਤੇ ਬਜ਼ੁਰਗ ਵਜੋਂ ਸੇਵਾ ਕਰਦਾ ਹੈ।

15. ਝੂਠੀਆਂ ਗੱਲਾਂ ਖ਼ਤਰਨਾਕ ਕਿਉਂ ਹਨ?

15 ਤਿਮੋਥਿਉਸ ਵਾਂਗ ਸਾਨੂੰ ਵੀ ਪਛਾਣਨ ਦੀ ਲੋੜ ਹੈ ਕਿ ਧਰਮ-ਤਿਆਗੀਆਂ ਵੱਲੋਂ ਫੈਲਾਈਆਂ ਝੂਠੀਆਂ ਗੱਲਾਂ ਖ਼ਤਰਨਾਕ ਹਨ। (1 ਤਿਮੋ. 4:1, 7; 2 ਤਿਮੋ. 2:16) ਮਿਸਾਲ ਲਈ, ਉਹ ਸ਼ਾਇਦ ਸਾਡੇ ਭੈਣਾਂ-ਭਰਾਵਾਂ ਬਾਰੇ ਗ਼ਲਤ ਗੱਲਾਂ ਫੈਲਾਉਣ ਜਾਂ ਯਹੋਵਾਹ ਦੇ ਸੰਗਠਨ ਬਾਰੇ ਸ਼ੱਕ ਪੈਦਾ ਕਰਨ। ਇੱਦਾਂ ਦੀ ਗ਼ਲਤ ਜਾਣਕਾਰੀ ਸਾਡੀ ਨਿਹਚਾ ਕਮਜ਼ੋਰ ਕਰ ਸਕਦੀ ਹੈ। ਪਰ ਸਾਨੂੰ ਇੱਦਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਉਂ? ਕਿਉਂਕਿ ਇਹ ਗੱਲਾਂ “ਭ੍ਰਿਸ਼ਟ ਮਨਾਂ ਵਾਲੇ ਇਨਸਾਨ ਕਰਦੇ ਹਨ ਜਿਹੜੇ ਸੱਚਾਈ ਨੂੰ ਹੁਣ ਨਹੀਂ ਸਮਝਦੇ।” ਉਨ੍ਹਾਂ ਦਾ ਮਕਸਦ “ਵਾਦ-ਵਿਵਾਦ ਕਰਨ ਅਤੇ ਸ਼ਬਦਾਂ ਬਾਰੇ ਬਹਿਸ ਕਰਨ” ਦਾ ਹੈ। (1 ਤਿਮੋ. 6:4, 5) ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਦੇ ਝੂਠ ’ਤੇ ਵਿਸ਼ਵਾਸ ਕਰੀਏ ਅਤੇ ਆਪਣੇ ਭੈਣਾਂ-ਭਰਾਵਾਂ ’ਤੇ ਸ਼ੱਕ ਕਰਨ ਲੱਗ ਪਈਏ।

16. ਸਾਨੂੰ ਕਿਹੜੀਆਂ ਚੀਜ਼ਾਂ ਕਰਕੇ ਆਪਣਾ ਧਿਆਨ ਨਹੀਂ ਭਟਕਣ ਦੇਣਾ ਚਾਹੀਦਾ?

16 ਧਿਆਨ ਨਾ ਭਟਕਣ ਦਿਓ। “ਯਿਸੂ ਮਸੀਹ ਦੇ ਵਧੀਆ ਫ਼ੌਜੀ” ਵਜੋਂ ਤਿਮੋਥਿਉਸ ਨੇ ਆਪਣਾ ਧਿਆਨ ਪੈਸਾ ਕਮਾਉਣ ਜਾਂ ਹੋਰ ਚੀਜ਼ਾਂ ’ਤੇ ਲਾਉਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ’ਤੇ ਲਾਇਆ। (2 ਤਿਮੋ. 2:3, 4) ਤਿਮੋਥਿਉਸ ਵਾਂਗ ਸਾਨੂੰ ਵੀ ਚੀਜ਼ਾਂ ਇਕੱਠੀਆਂ ਕਰਨ ਦੀ ਇੱਛਾ ਕਰਕੇ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। “ਧਨ ਦੀ ਧੋਖਾ ਦੇਣ ਵਾਲੀ ਤਾਕਤ” ਯਹੋਵਾਹ ਲਈ ਸਾਡੇ ਪਿਆਰ, ਉਸ ਦੇ ਬਚਨ ਲਈ ਕਦਰ ਅਤੇ ਦੂਜਿਆਂ ਨੂੰ ਇਸ ਬਾਰੇ ਦੱਸਣ ਦੀ ਇੱਛਾ ਨੂੰ ਦਬਾ ਸਕਦੀ ਹੈ। (ਮੱਤੀ 13:22) ਸਾਨੂੰ ਆਪਣੀ ਜ਼ਿੰਦਗੀ ਸਾਦੀ ਰੱਖਣੀ ਚਾਹੀਦੀ ਹੈ ਅਤੇ ਆਪਣਾ ਸਮਾਂ ਤੇ ਤਾਕਤ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਣ ਵਿਚ ਲਾਉਣੀ ਚਾਹੀਦੀ ਹੈ।—ਮੱਤੀ 6:22-25, 33.

17-18. ਯਹੋਵਾਹ ਨਾਲ ਆਪਣੀ ਦੋਸਤੀ ਦੀ ਰਾਖੀ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

17 ਫ਼ੌਰਨ ਕਦਮ ਚੁੱਕਣ ਲਈ ਤਿਆਰ ਰਹੋ। ਇਕ ਫ਼ੌਜੀ ਨੂੰ ਪਹਿਲਾਂ ਹੀ ਸੋਚਣਾ ਪੈਂਦਾ ਕਿ ਉਹ ਲੜਾਈ ਦੌਰਾਨ ਆਪਣੀ ਰਾਖੀ ਕਿਵੇਂ ਕਰੇਗਾ। ਜੇ ਅਸੀਂ ਯਹੋਵਾਹ ਵੱਲੋਂ ਮਿਲੀਆਂ ਚੀਜ਼ਾਂ ਦੀ ਰਾਖੀ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਖ਼ਤਰਾ ਪਛਾਣ ਕੇ ਇਕਦਮ ਕਦਮ ਚੁੱਕਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਸਾਨੂੰ ਪਹਿਲਾਂ ਤੋਂ ਹੀ ਸੋਚਣ ਦੀ ਲੋੜ ਹੈ ਕਿ ਖ਼ਤਰਾ ਆਉਣ ’ਤੇ ਅਸੀਂ ਕੀ ਕਰਾਂਗੇ।

18 ਮਿਸਾਲ ਲਈ, ਕਿਸੇ ਪ੍ਰੋਗ੍ਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰੀਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਮਾਰਤ ਵਿੱਚੋਂ ਬਾਹਰ ਨਿਕਲਣ ਲਈ ਸਭ ਤੋਂ ਨੇੜਲੇ ਰਸਤੇ ਕਿਹੜੇ ਹਨ। ਕਿਉਂ? ਤਾਂਕਿ ਕੋਈ ਦੁਰਘਟਨਾ ਹੋਣ ਤੇ ਉਹ ਇਕਦਮ ਉੱਥੋਂ ਨਿਕਲ ਸਕਣ। ਇਸੇ ਤਰ੍ਹਾਂ ਅਸੀਂ ਵੀ ਪਹਿਲਾਂ ਤੋਂ ਹੀ ਸੋਚ ਸਕਦੇ ਹਾਂ ਕਿ ਇੰਟਰਨੈੱਟ ਜਾਂ ਟੈਲੀਵਿਯਨ ’ਤੇ ਕੋਈ ਅਨੈਤਿਕ ਜਾਂ ਖ਼ੂਨ-ਖ਼ਰਾਬੇ ਵਾਲਾ ਸੀਨ ਆਉਣ ’ਤੇ ਜਾਂ ਧਰਮ-ਤਿਆਗੀਆਂ ਦੀ ਸਿੱਖਿਆ ਨਾਲ ਵਾਹ ਪੈਣ ’ਤੇ ਅਸੀਂ ਕਿਹੜਾ ਰਸਤਾ ਅਪਣਾਵਾਂਗੇ। ਜੇ ਅਸੀਂ ਪਹਿਲਾਂ ਤੋਂ ਹੀ ਖ਼ਤਰਿਆਂ ਬਾਰੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨਾਲ ਆਪਣੀ ਦੋਸਤੀ ਦੀ ਰਾਖੀ ਕਰਨ ਲਈ ਇਕਦਮ ਕਦਮ ਚੁੱਕ ਸਕਾਂਗੇ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿ ਸਕਾਂਗੇ।—ਜ਼ਬੂ. 101:3; 1 ਤਿਮੋ. 4:12.

19. ਯਹੋਵਾਹ ਤੋਂ ਮਿਲੀਆਂ ਕੀਮਤੀ ਚੀਜ਼ਾਂ ਦੀ ਰਾਖੀ ਕਰ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਸਾਨੂੰ ਯਹੋਵਾਹ ਤੋਂ ਮਿਲੀਆਂ ਕੀਮਤੀ ਚੀਜ਼ਾਂ ਦੀ ਰਾਖੀ ਕਰਨੀ ਚਾਹੀਦੀ ਹੈ, ਜਿਵੇਂ ਬਾਈਬਲ ਦੀਆਂ ਅਨਮੋਲ ਸੱਚਾਈਆਂ ਅਤੇ ਦੂਜਿਆਂ ਨੂੰ ਸਿਖਾਉਣ ਦਾ ਸਨਮਾਨ। ਇੱਦਾਂ ਕਰ ਕੇ ਸਾਡੀ ਜ਼ਮੀਰ ਸਾਫ਼ ਰਹੇਗੀ, ਸਾਡੀ ਜ਼ਿੰਦਗੀ ਮਕਸਦ ਭਰੀ ਹੋਵੇਗੀ ਅਤੇ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾ ਕੇ ਸਾਨੂੰ ਖ਼ੁਸ਼ੀ ਮਿਲੇਗੀ। ਪਰਮੇਸ਼ੁਰ ਦੀ ਮਦਦ ਨਾਲ ਅਸੀਂ ਉਸ ਵੱਲੋਂ ਮਿਲੀਆਂ ਚੀਜ਼ਾਂ ਦੀ ਰਾਖੀ ਕਰ ਸਕਾਂਗੇ।—1 ਤਿਮੋ. 6:12, 19.

ਗੀਤ 29 ਵਫ਼ਾ ਦੇ ਰਾਹ ’ਤੇ ਚੱਲੋ

^ ਪੈਰਾ 5 ਸਾਡੇ ਕੋਲ ਇਹ ਵੱਡਾ ਸਨਮਾਨ ਹੈ ਕਿ ਅਸੀਂ ਸੱਚਾਈ ਨੂੰ ਜਾਣਦੇ ਹਾਂ ਅਤੇ ਦੂਜਿਆਂ ਨੂੰ ਇਸ ਬਾਰੇ ਸਿਖਾਉਂਦੇ ਹਾਂ। ਇਹ ਲੇਖ ਇਸ ਸਨਮਾਨ ਨੂੰ ਫੜੀ ਰੱਖਣ ਵਿਚ ਸਾਡੀ ਮਦਦ ਕਰੇਗਾ।

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।