Skip to content

Skip to table of contents

ਅਧਿਐਨ ਲੇਖ 43

ਯਹੋਵਾਹ ਆਪਣੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ

ਯਹੋਵਾਹ ਆਪਣੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ

“ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ [“ਪਵਿੱਤਰ ਸ਼ਕਤੀ,” NW] ਨਾਲ, ਸੈਨਾਂ ਦੇ ਯਹੋਵਾਹ ਦਾ ਫਰਮਾਨ ਹੈ।”—ਜ਼ਕ. 4:6

ਗੀਤ 31 ਅਸੀਂ ਯਹੋਵਾਹ ਦੇ ਗਵਾਹ!

ਖ਼ਾਸ ਗੱਲਾਂ *

1. ਬਪਤਿਸਮਾ-ਪ੍ਰਾਪਤ ਮਸੀਹੀਆਂ ਨੂੰ ਕੀ ਕਰਦੇ ਰਹਿਣ ਦੀ ਲੋੜ ਹੈ?

ਕੀ ਤੁਸੀਂ ਬਪਤਿਸਮਾ ਲਿਆ ਹੈ? ਜੇ ਹਾਂ, ਤਾਂ ਤੁਸੀਂ ਸਾਰਿਆਂ ਸਾਮ੍ਹਣੇ ਜ਼ਾਹਰ ਕੀਤਾ ਹੈ ਕਿ ਤੁਸੀਂ ਯਹੋਵਾਹ ’ਤੇ ਨਿਹਚਾ ਕਰਦੇ ਹੋ ਅਤੇ ਉਸ ਦੇ ਸੰਗਠਨ * ਨਾਲ ਮਿਲ ਕੇ ਸੇਵਾ ਕਰਨ ਲਈ ਤਿਆਰ ਹੋ। ਬਿਨਾਂ ਸ਼ੱਕ, ਤੁਹਾਨੂੰ ਯਹੋਵਾਹ ’ਤੇ ਆਪਣੀ ਨਿਹਚਾ ਲਗਾਤਾਰ ਵਧਾਉਂਦੇ ਰਹਿਣਾ ਚਾਹੀਦਾ ਹੈ। ਨਾਲੇ ਤੁਹਾਨੂੰ ਆਪਣੇ ਯਕੀਨ ਨੂੰ ਪੱਕਾ ਕਰਦੇ ਰਹਿਣ ਦੀ ਲੋੜ ਹੈ ਕਿ ਯਹੋਵਾਹ ਅੱਜ ਆਪਣੇ ਸੰਗਠਨ ਨੂੰ ਵਰਤ ਰਿਹਾ ਹੈ।

2-3. ਅੱਜ ਯਹੋਵਾਹ ਆਪਣੇ ਸੰਗਠਨ ਨੂੰ ਸੇਧ ਕਿਵੇਂ ਦੇ ਰਿਹਾ ਹੈ? ਮਿਸਾਲਾਂ ਦਿਓ।

2 ਅੱਜ ਯਹੋਵਾਹ ਜਿਸ ਤਰੀਕੇ ਨਾਲ ਆਪਣੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ, ਉਸ ਤੋਂ ਉਸ ਦੀ ਸ਼ਖ਼ਸੀਅਤ, ਉਸ ਦੇ ਮਕਸਦ ਅਤੇ ਨੈਤਿਕ ਮਿਆਰਾਂ ਬਾਰੇ ਪਤਾ ਲੱਗਦਾ ਹੈ। ਆਓ ਆਪਾਂ ਯਹੋਵਾਹ ਦੇ ਤਿੰਨ ਗੁਣਾਂ ’ਤੇ ਗੌਰ ਕਰੀਏ ਜੋ ਉਸ ਦੇ ਸੰਗਠਨ ਵਿਚ ਦੇਖੇ ਜਾ ਸਕਦੇ ਹਨ।

3 ਪਹਿਲਾ, “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰਸੂ. 10:34) ਪਿਆਰ ਹੋਣ ਕਰਕੇ ਯਹੋਵਾਹ ਨੇ “ਸਾਰੇ ਲੋਕਾਂ ਦੀ ਰਿਹਾਈ” ਲਈ ਆਪਣਾ ਪੁੱਤਰ ਵਾਰ ਦਿੱਤਾ। (1 ਤਿਮੋ. 2:6; ਯੂਹੰ. 3:16) ਯਹੋਵਾਹ ਆਪਣੇ ਸੇਵਕਾਂ ਨੂੰ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਵਰਤਦਾ ਹੈ ਜੋ ਉਨ੍ਹਾਂ ਦੀ ਗੱਲ ਸੁਣਦੇ ਹਨ। ਇਸ ਤਰੀਕੇ ਨਾਲ ਉਹ ਹਰ ਉਸ ਵਿਅਕਤੀ ਦੀ ਮਦਦ ਕਰਦਾ ਹੈ ਜੋ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਲੈਣਾ ਚਾਹੁੰਦਾ ਹੈ। ਦੂਜਾ, ਯਹੋਵਾਹ ਹਰ ਕੰਮ ਸਲੀਕੇ ਅਤੇ ਸ਼ਾਂਤੀ ਨਾਲ ਕਰਦਾ ਹੈ। (1 ਕੁਰਿੰ. 14:33, 40) ਇਸ ਲਈ ਸਾਨੂੰ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਉਸ ਦੇ ਲੋਕ ਗੜਬੜੀ ਨਾਲ ਨਹੀਂ, ਸਗੋਂ ਸ਼ਾਂਤੀ ਨਾਲ ਉਸ ਦੀ ਭਗਤੀ ਕਰਨਗੇ। ਤੀਜਾ, ਯਹੋਵਾਹ “ਗੁਰੂ” ਯਾਨੀ ਮਹਾਨ ਸਿੱਖਿਅਕ ਹੈ। (ਯਸਾ. 30:20, 21) ਇਸ ਲਈ ਉਸ ਦਾ ਸੰਗਠਨ ਸਖ਼ਤ ਮਿਹਨਤ ਕਰਦਾ ਹੈ ਤਾਂਕਿ ਮੰਡਲੀਆਂ ਅਤੇ ਸੇਵਕਾਈ ਵਿਚ ਉਸ ਦੇ ਬਚਨ ਤੋਂ ਸਿਖਾਇਆ ਜਾ ਸਕੇ। ਯਹੋਵਾਹ ਦੀ ਸ਼ਖ਼ਸੀਅਤ ਦੇ ਇਹ ਗੁਣ ਪਹਿਲੀ ਸਦੀ ਦੀਆਂ ਮਸੀਹੀ ਮੰਡਲੀਆਂ ਵਿਚ ਕਿਵੇਂ ਦੇਖੇ ਜਾ ਸਕਦੇ ਸਨ? ਇਹ ਗੁਣ ਅੱਜ ਕਿਵੇਂ ਦੇਖੇ ਜਾ ਸਕਦੇ ਹਨ? ਨਾਲੇ ਪਵਿੱਤਰ ਸ਼ਕਤੀ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਨ ਵਿਚ ਅੱਜ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਪਰਮੇਸ਼ੁਰ ਪੱਖਪਾਤ ਨਹੀਂ ਕਰਦਾ

4. ਰਸੂਲਾਂ ਦੇ ਕੰਮ 1:8 ਅਨੁਸਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਦੀ ਕਿਵੇਂ ਮਦਦ ਹੋਈ?

4 ਪਹਿਲੀ ਸਦੀ ਵਿਚ। ਯਿਸੂ ਵੱਲੋਂ ਸੁਣਾਏ ਸੰਦੇਸ਼ ਨਾਲ ਮਨੁੱਖਜਾਤੀ ਨੂੰ ਉਮੀਦ ਮਿਲੀ। (ਲੂਕਾ 4:43) ਉਸ ਨੇ ਆਪਣੇ ਚੇਲਿਆਂ ਨੂੰ “ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ” ਦਿੰਦੇ ਰਹਿਣ ਦਾ ਹੁਕਮ ਦਿੱਤਾ। (ਰਸੂਲਾਂ ਦੇ ਕੰਮ 1:8 ਪੜ੍ਹੋ।) ਬਿਨਾਂ ਸ਼ੱਕ, ਉਹ ਇਹ ਕੰਮ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦੀ ਲੋੜ ਸੀ। ਇਹ ਉਹ “ਮਦਦਗਾਰ” ਸੀ ਜਿਸ ਦਾ ਵਾਅਦਾ ਯਿਸੂ ਨੇ ਉਨ੍ਹਾਂ ਨਾਲ ਕੀਤਾ ਸੀ।—ਯੂਹੰ. 14:26; ਜ਼ਕ. 4:6.

5-6. ਪਵਿੱਤਰ ਸ਼ਕਤੀ ਨੇ ਯਿਸੂ ਦੇ ਚੇਲਿਆਂ ਦੀ ਕਿਵੇਂ ਮਦਦ ਕੀਤੀ?

5 ਯਿਸੂ ਦੇ ਚੇਲਿਆਂ ਨੂੰ ਪੰਤੇਕੁਸਤ 33 ਈਸਵੀ ਵਿਚ ਪਵਿੱਤਰ ਸ਼ਕਤੀ ਮਿਲੀ। ਇਸ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੇ ਤੁਰੰਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਹੀ ਸਮੇਂ ਵਿਚ ਹਜ਼ਾਰਾਂ ਹੀ ਲੋਕਾਂ ਨੇ ਖ਼ੁਸ਼ ਖ਼ਬਰੀ ਸਵੀਕਾਰ ਕੀਤੀ। (ਰਸੂ. 2:41; 4:4) ਵਿਰੋਧ ਹੋਣ ’ਤੇ ਚੇਲਿਆਂ ਨੇ ਡਰ ਕੇ ਹਾਰ ਨਹੀਂ ਮੰਨੀ, ਸਗੋਂ ਪਰਮੇਸ਼ੁਰ ਤੋਂ ਮਦਦ ਮੰਗੀ। ਉਨ੍ਹਾਂ ਨੇ ਪ੍ਰਾਰਥਨਾ ਕੀਤੀ: “ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ।” ਫਿਰ ਉਹ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ “ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।”—ਰਸੂ. 4:18-20, 29, 31.

6 ਯਿਸੂ ਦੇ ਚੇਲਿਆਂ ਨੂੰ ਹੋਰ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, ਲਿਖਤਾਂ ਦੀਆਂ ਨਕਲਾਂ ਬਹੁਤ ਘੱਟ ਸਨ। ਉਨ੍ਹਾਂ ਕੋਲ ਸਾਡੇ ਵਾਂਗ ਅਧਿਐਨ ਕਰਨ ਲਈ ਪ੍ਰਕਾਸ਼ਨ ਨਹੀਂ ਸਨ। ਚੇਲਿਆਂ ਨੂੰ ਅਲੱਗ-ਅਲੱਗ ਭਾਸ਼ਾਵਾਂ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਪੈਣਾ ਸੀ। ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਨ੍ਹਾਂ ਜੋਸ਼ੀਲੇ ਚੇਲਿਆਂ ਨੇ ਨਾਮੁਮਕਿਨ ਨੂੰ ਮੁਮਕਿਨ ਕੀਤਾ। ਉਨ੍ਹਾਂ ਨੇ ਸਿਰਫ਼ ਕੁਝ ਦਹਾਕਿਆਂ ਵਿਚ ਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ।”—ਕੁਲੁ. 1:6, 23.

7. ਸੌ ਤੋਂ ਜ਼ਿਆਦਾ ਸਾਲ ਪਹਿਲਾਂ ਯਹੋਵਾਹ ਦੇ ਸੇਵਕਾਂ ਨੂੰ ਇਹ ਕਿਵੇਂ ਪਤਾ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਅਤੇ ਉਨ੍ਹਾਂ ਨੇ ਕੀ ਕੀਤਾ?

7 ਅੱਜ ਦੇ ਸਮੇਂ ਵਿਚ। ਯਹੋਵਾਹ ਆਪਣੇ ਲੋਕਾਂ ਨੂੰ ਲਗਾਤਾਰ ਸੇਧ ਅਤੇ ਤਾਕਤ ਦਿੰਦਾ ਹੈ। ਦਰਅਸਲ, ਸਾਨੂੰ ਜ਼ਿਆਦਾਤਰ ਸੇਧ ਪਰਮੇਸ਼ੁਰ ਦੇ ਬਚਨ ਤੋਂ ਮਿਲਦੀ ਹੈ। ਬਾਈਬਲ ਵਿਚ ਯਿਸੂ ਮਸੀਹ ਦੀ ਸੇਵਕਾਈ ਅਤੇ ਚੇਲਿਆਂ ਨੂੰ ਦਿੱਤਾ ਉਸ ਦਾ ਹੁਕਮ ਦਰਜ ਹੈ। ਯਿਸੂ ਨੇ ਹੁਕਮ ਦਿੱਤਾ ਕਿ ਉਹ ਉਸ ਵੱਲੋਂ ਸ਼ੁਰੂ ਕੀਤਾ ਕੰਮ ਕਰਦੇ ਰਹਿਣ। (ਮੱਤੀ 28:19, 20) ਜੁਲਾਈ 1881 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ: “ਯਹੋਵਾਹ ਨੇ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਲੋਕ ਸਾਡੀ ਵਾਹ-ਵਾਹ ਕਰਨ ਅਤੇ ਅਸੀਂ ਅਮੀਰ ਬਣੀਏ, ਪਰ ਇਸ ਲਈ ਚੁਣਿਆ ਹੈ ਤਾਂਕਿ ਅਸੀਂ ਆਪਣੀ ਪੂਰੀ ਵਾਹ ਲਾ ਕੇ ਅਤੇ ਆਪਣਾ ਸਾਰਾ ਕੁਝ ਵਰਤ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ।” 1919 ਵਿਚ ਛਪੀ ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਸੀ ਨਾਂ ਦੀ ਪੁਸਤਿਕਾ ਵਿਚ ਦੱਸਿਆ ਗਿਆ ਸੀ: “ਬਹੁਤ ਸਾਰਾ ਕੰਮ ਕਰਨ ਨੂੰ ਹੈ, ਪਰ ਇਹ ਕੰਮ ਪ੍ਰਭੂ ਦਾ ਹੈ। ਇਸ ਲਈ ਉਹ ਸਾਨੂੰ ਇਹ ਕੰਮ ਕਰਨ ਦੀ ਤਾਕਤ ਦੇਵੇਗਾ।” ਜੀ ਹਾਂ, ਇਨ੍ਹਾਂ ਦਲੇਰ ਭਰਾਵਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਇਹ ਕੰਮ ਕਰਨ ਵਿਚ ਜੀ-ਜਾਨ ਲਾਈ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਪਵਿੱਤਰ ਸ਼ਕਤੀ ਉਨ੍ਹਾਂ ਦੀ ਮਦਦ ਕਰੇਗੀ। ਅਸੀਂ ਵੀ ਇਹੀ ਭਰੋਸਾ ਰੱਖ ਕੇ ਇਹ ਕੰਮ ਕਰਦੇ ਹਾਂ।

ਯਹੋਵਾਹ ਦੇ ਸੰਗਠਨ ਨੇ ਖ਼ੁਸ਼ ਖ਼ਬਰੀ ਸੁਣਾਉਣ ਲਈ ਸਭ ਤੋਂ ਵਧੀਆ ਤਰੀਕੇ ਵਰਤੇ ਹਨ (ਪੈਰੇ 8-9 ਦੇਖੋ)

8-9. ਪ੍ਰਚਾਰ ਕੰਮ ਅੱਗੇ ਵਧਾਉਣ ਲਈ ਯਹੋਵਾਹ ਦੇ ਸੰਗਠਨ ਨੇ ਕਿਹੜੇ ਤਰੀਕੇ ਵਰਤੇ ਹਨ?

8 ਯਹੋਵਾਹ ਦਾ ਸੰਗਠਨ ਖ਼ੁਸ਼ ਖ਼ਬਰੀ ਫੈਲਾਉਣ ਲਈ ਸਭ ਤੋਂ ਵਧੀਆ ਤਰੀਕੇ ਵਰਤਦਾ ਹੈ। ਇਨ੍ਹਾਂ ਵਿਚ ਛਪੇ ਹੋਏ ਪ੍ਰਕਾਸ਼ਨ, “ਸ੍ਰਿਸ਼ਟੀ ਦਾ ਫੋਟੋ-ਡਰਾਮਾ,” ਫੋਨੋਗ੍ਰਾਫ, ਲਾਊਡਸਪੀਕਰ ਵਾਲੀਆਂ ਕਾਰਾਂ, ਰੇਡੀਓ ਬ੍ਰਾਡਕਾਸਟ ਅਤੇ ਹਾਲ ਹੀ ਦੀ ਡਿਜੀਟਲ ਤਕਨਾਲੋਜੀ ਵੀ ਸ਼ਾਮਲ ਹੈ। ਨਾਲੇ ਪਰਮੇਸ਼ੁਰ ਦਾ ਸੰਗਠਨ ਪਹਿਲੀ ਵਾਰ ਇੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਦਾ ਕੰਮ ਕਰ ਰਿਹਾ ਹੈ! ਕਿਉਂ? ਤਾਂਕਿ ਹਰ ਤਰ੍ਹਾਂ ਦੇ ਲੋਕ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣ ਸਕਣ। ਯਹੋਵਾਹ ਪੱਖਪਾਤ ਨਹੀਂ ਕਰਦਾ। ਉਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ” ਕੀਤਾ ਜਾਵੇਗਾ। (ਪ੍ਰਕਾ. 14:6, 7) ਉਹ ਚਾਹੁੰਦਾ ਹੈ ਕਿ ਸਾਰਿਆਂ ਨੂੰ ਰਾਜ ਦਾ ਸੰਦੇਸ਼ ਮਿਲੇ।

9 ਪਰ ਅਸੀਂ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹਾਂ ਜਿਨ੍ਹਾਂ ਤਕ ਪਹੁੰਚਣਾ ਔਖਾ ਹੈ? ਸ਼ਾਇਦ ਉਹ ਅਜਿਹੀਆਂ ਇਮਾਰਤਾਂ ਵਿਚ ਰਹਿੰਦੇ ਹਨ ਜਿਨ੍ਹਾਂ ਵਿਚ ਅਸੀਂ ਬਿਨਾਂ ਪੁੱਛੇ ਨਹੀਂ ਜਾ ਸਕਦੇ। ਅਜਿਹੇ ਲੋਕਾਂ ਤਕ ਪਹੁੰਚਣ ਲਈ ਸੰਗਠਨ ਨੇ ਪਬਲਿਕ ਥਾਵਾਂ ’ਤੇ ਗਵਾਹੀ ਦੇਣ ਲਈ ਵੱਖੋ-ਵੱਖਰੇ ਇੰਤਜ਼ਾਮ ਕੀਤੇ ਹਨ। ਮਿਸਾਲ ਲਈ, 2001 ਵਿਚ ਪ੍ਰਬੰਧਕ ਸਭਾ ਨੇ ਫਰਾਂਸ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ, ਮੇਜ਼ ਅਤੇ ਇੱਦਾਂ ਦੇ ਹੋਰ ਤਰੀਕਿਆਂ ਨਾਲ ਪ੍ਰਚਾਰ ਕਰਨ ਦੀ ਮਨਜ਼ੂਰੀ ਦਿੱਤੀ ਅਤੇ ਬਾਅਦ ਵਿਚ ਹੋਰ ਥਾਵਾਂ ’ਤੇ ਵੀ ਇੱਦਾਂ ਪ੍ਰਚਾਰ ਕਰਨ ਦੀ ਮਨਜ਼ੂਰੀ ਦਿੱਤੀ ਗਈ। ਇਸ ਦੇ ਵਧੀਆ ਨਤੀਜੇ ਨਿਕਲੇ। 2011 ਵਿਚ ਅਮਰੀਕਾ ਦੀ ਨਿਊਯਾਰਕ ਸਿਟੀ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਗਵਾਹੀ ਦੇਣ ਲਈ ਖ਼ਾਸ ਇੰਤਜ਼ਾਮ ਸ਼ੁਰੂ ਕੀਤਾ ਗਿਆ। ਪਹਿਲੇ ਸਾਲ ਵਿਚ ਹੀ 1,02,129 ਕਿਤਾਬਾਂ ਅਤੇ 68,911 ਰਸਾਲੇ ਦਿੱਤੇ ਗਏ। ਨਾਲੇ 4,701 ਲੋਕਾਂ ਨੇ ਸਟੱਡੀ ਕਰਨ ਬਾਰੇ ਪੁੱਛਿਆ! ਇਹ ਗੱਲ ਸਾਫ਼ ਹੈ ਕਿ ਇਸ ਕੰਮ ਪਿੱਛੇ ਪਵਿੱਤਰ ਸ਼ਕਤੀ ਦਾ ਹੱਥ ਸੀ। ਇਸ ਲਈ ਪ੍ਰਬੰਧਕ ਸਭਾ ਨੇ ਪੂਰੀ ਦੁਨੀਆਂ ਵਿਚ ਇੱਦਾਂ ਗਵਾਹੀ ਦੇਣ ਦੀ ਮਨਜ਼ੂਰੀ ਦੇ ਦਿੱਤੀ।

10. ਅਸੀਂ ਪ੍ਰਚਾਰ ਕੰਮ ਵਿਚ ਸੁਧਾਰ ਕਿਵੇਂ ਕਰ ਸਕਦੇ ਹਾਂ?

10 ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਵੱਲੋਂ ਸਭਾਵਾਂ ਵਿਚ ਦਿੱਤੀ ਜਾਂਦੀ ਸਿਖਲਾਈ ਦਾ ਪੂਰਾ ਫ਼ਾਇਦਾ ਲਓ। ਆਪਣੇ ਪ੍ਰਚਾਰ ਦੇ ਗਰੁੱਪ ਨਾਲ ਬਾਕਾਇਦਾ ਪ੍ਰਚਾਰ ਕਰੋ। ਤੁਸੀਂ ਗਰੁੱਪ ਦੇ ਭੈਣਾਂ-ਭਰਾਵਾਂ ਤੋਂ ਲੋੜੀਂਦੀ ਮਦਦ ਲੈ ਸਕਦੇ ਹੋ ਅਤੇ ਉਨ੍ਹਾਂ ਦੀ ਵਧੀਆ ਮਿਸਾਲ ਤੋਂ ਤੁਹਾਨੂੰ ਹੌਸਲਾ ਮਿਲ ਸਕਦਾ ਹੈ। ਪ੍ਰਚਾਰ ਕੰਮ ਵਿਚ ਲੱਗੇ ਰਹੋ। ਇਸ ਲੇਖ ਦੇ ਮੁੱਖ ਹਵਾਲੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਆਪਣੇ ਬਲ ਨਾਲ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਪੂਰੀ ਕਰਦੇ ਹਾਂ। (ਜ਼ਕ. 4:6) ਕਿਉਂ? ਕਿਉਂਕਿ ਇਹ ਕੰਮ ਪਰਮੇਸ਼ੁਰ ਦਾ ਹੈ।

ਯਹੋਵਾਹ ਹਰ ਕੰਮ ਸਲੀਕੇ ਅਤੇ ਸ਼ਾਂਤੀ ਨਾਲ ਕਰਦਾ ਹੈ

11. ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਬਣਾਈ ਰੱਖਣ ਲਈ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਮਿਲ ਕੇ ਕੀ ਕੀਤਾ?

11 ਪਹਿਲੀ ਸਦੀ ਵਿਚ। ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਮਿਲ ਕੇ ਕੰਮ ਕੀਤਾ ਤਾਂਕਿ ਪਰਮੇਸ਼ੁਰ ਦੇ ਲੋਕ ਸਲੀਕੇ ਨਾਲ ਕੰਮ ਕਰ ਸਕਣ ਅਤੇ ਉਨ੍ਹਾਂ ਵਿਚ ਸ਼ਾਂਤੀ ਬਣੀ ਰਹੇ। (ਰਸੂ. 2:42) ਮਿਸਾਲ ਲਈ, ਜਦੋਂ ਲਗਭਗ 49 ਈਸਵੀ ਵਿਚ ਸੁੰਨਤ ਦਾ ਮਸਲਾ ਖੜ੍ਹਾ ਹੋਇਆ, ਤਾਂ ਪ੍ਰਬੰਧਕ ਸਭਾ ਨੇ ਮਿਲ ਕੇ ਪਵਿੱਤਰ ਸ਼ਕਤੀ ਦੀ ਸੇਧ ਅਧੀਨ ਇਸ ਮਾਮਲੇ ’ਤੇ ਸੋਚ-ਵਿਚਾਰ ਕੀਤਾ। ਜੇ ਇਸ ਮਾਮਲੇ ਕਾਰਨ ਮੰਡਲੀ ਵਿਚ ਫੁੱਟ ਪਈ ਰਹਿੰਦੀ, ਤਾਂ ਪ੍ਰਚਾਰ ਦਾ ਕੰਮ ਰੁਕ ਜਾਣਾ ਸੀ। ਭਾਵੇਂ ਇਹ ਫ਼ੈਸਲਾ ਕਰਨ ਵਾਲੇ ਰਸੂਲ ਅਤੇ ਬਜ਼ੁਰਗ ਯਹੂਦੀ ਸਨ, ਪਰ ਉਹ ਨਾ ਤਾਂ ਯਹੂਦੀ ਰੀਤੀ-ਰਿਵਾਜਾਂ ਅਤੇ ਨਾ ਹੀ ਇਨ੍ਹਾਂ ਨੂੰ ਫੈਲਾਉਣ ਵਾਲਿਆਂ ਦੇ ਅਸਰ ਹੇਠ ਆਏ। ਇਸ ਦੀ ਬਜਾਇ, ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਸ਼ਕਤੀ ਦੀ ਸੇਧ ਲਈ। (ਰਸੂ. 15:1, 2, 5-20, 28) ਇਸ ਦਾ ਕੀ ਨਤੀਜਾ ਨਿਕਲਿਆ? ਯਹੋਵਾਹ ਨੇ ਉਨ੍ਹਾਂ ਦੇ ਕੰਮ ’ਤੇ ਬਰਕਤ ਪਾਈ, ਉਨ੍ਹਾਂ ਵਿਚ ਸ਼ਾਂਤੀ ਤੇ ਏਕਤਾ ਵਧੀ ਅਤੇ ਪ੍ਰਚਾਰ ਦਾ ਕੰਮ ਅੱਗੇ ਵਧਦਾ ਗਿਆ।—ਰਸੂ. 15:30, 31; 16:4, 5.

12. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਸੰਗਠਨ ਵਿਚ ਸਲੀਕੇ ਅਤੇ ਸ਼ਾਂਤੀ ਨਾਲ ਕੰਮ ਹੁੰਦਾ ਹੈ?

12 ਅੱਜ ਦੇ ਜ਼ਮਾਨੇ ਵਿਚ। ਯਹੋਵਾਹ ਦੇ ਸੰਗਠਨ ਨੇ ਸਲੀਕੇ ਨਾਲ ਕੰਮ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਉਸ ਦੇ ਲੋਕਾਂ ਦੀ ਮਦਦ ਕੀਤੀ ਹੈ। 1895 ਵਿਚ ਜ਼ਾਇਨਸ ਵਾਚ ਟਾਵਰ ਦੇ 15 ਨਵੰਬਰ ਵਿਚ 1 ਕੁਰਿੰਥੀਆਂ 14:40 ’ਤੇ ਆਧਾਰਿਤ ਇਕ ਲੇਖ ਛਪਿਆ ਸੀ ਜਿਸ ਦਾ ਵਿਸ਼ਾ ਸੀ, “ਸਲੀਕੇ ਅਤੇ ਸਹੀ ਢੰਗ ਨਾਲ।” ਇਸ ਲੇਖ ਵਿਚ ਦੱਸਿਆ ਗਿਆ ਸੀ: “ਰਸੂਲਾਂ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਸਲੀਕੇ ਨਾਲ ਕੰਮ ਕਰਨ ਬਾਰੇ ਬਹੁਤ ਕੁਝ ਲਿਖਿਆ ਸੀ . . . ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਗੱਲਾਂ ’ਤੇ ਧਿਆਨ ਨਾਲ ਚੱਲਦੇ ਰਹੀਏ ਜੋ ‘ਸਾਨੂੰ ਸਿੱਖਿਆ ਦੇਣ ਲਈ ਪਹਿਲਾਂ ਤੋਂ ਲਿਖੀਆਂ ਗਈਆਂ ਸਨ।’” (ਰੋਮੀ. 15:4) ਜੀ ਹਾਂ, ਅੱਜ ਵੀ ਪਹਿਲੀ ਸਦੀ ਵਾਂਗ ਯਹੋਵਾਹ ਦਾ ਸੰਗਠਨ ਮਿਹਨਤ ਕਰਦਾ ਹੈ ਤਾਂਕਿ ਮਸੀਹੀ ਮੰਡਲੀਆਂ ਸਲੀਕੇ ਅਤੇ ਸ਼ਾਂਤੀ ਨਾਲ ਕੰਮ ਕਰ ਸਕਣ। ਮਿਸਾਲ ਲਈ, ਜੇ ਤੁਸੀਂ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਦੀ ਮੰਡਲੀ ਵਿਚ ਪਹਿਰਾਬੁਰਜ ਅਧਿਐਨ ਕਰਨ ਲਈ ਜਾਓ, ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਅਧਿਐਨ ਕਿਵੇਂ ਕਰਾਇਆ ਜਾਵੇਗਾ ਅਤੇ ਕਿਸ ਲੇਖ ਦਾ ਅਧਿਐਨ ਕੀਤਾ ਜਾਵੇਗਾ। ਇਸ ਤਰ੍ਹਾਂ ਤੁਹਾਨੂੰ ਬਿਲਕੁਲ ਵੀ ਓਪਰਾ ਨਹੀਂ ਲੱਗਦਾ! ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਇਹ ਏਕਤਾ ਕਾਇਮ ਰੱਖ ਸਕਦੀ ਹੈ।—ਸਫ਼. 3:9.

13. ਯਾਕੂਬ 3:17 ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਖ਼ੁਦ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

13 ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ “ਪਵਿੱਤਰ ਸ਼ਕਤੀ ਨਾਲ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼” ਕਰਨ। (ਅਫ਼. 4:1-3) ਇਸ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਮੰਡਲੀ ਵਿਚ ਏਕਤਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਅਗਵਾਈ ਕਰਨ ਵਾਲਿਆਂ ਦਾ ਕਹਿਣਾ ਮੰਨਦਾ ਹਾਂ? ਕੀ ਦੂਜੇ ਮੇਰੇ ਤੋਂ ਮਦਦ ਮੰਗ ਸਕਦੇ ਹਨ, ਖ਼ਾਸ ਕਰਕੇ ਜੇ ਮੇਰੇ ਕੋਲ ਮੰਡਲੀ ਵਿਚ ਜ਼ਿੰਮੇਵਾਰੀਆਂ ਹਨ? ਕੀ ਮੈਂ ਸਮੇਂ ਦਾ ਪਾਬੰਦ ਹਾਂ ਅਤੇ ਮਦਦ ਤੇ ਸੇਵਾ ਕਰਨ ਲਈ ਤਿਆਰ ਹਾਂ?’ (ਯਾਕੂਬ 3:17 ਪੜ੍ਹੋ।) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਤੇ ਸੁਧਾਰ ਕਰਨ ਦੀ ਲੋੜ ਹੈ, ਤਾਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਜਿੰਨਾ ਜ਼ਿਆਦਾ ਤੁਸੀਂ ਪਵਿੱਤਰ ਸ਼ਕਤੀ ਨੂੰ ਖ਼ੁਦ ਨੂੰ ਬਦਲਣ ਅਤੇ ਆਪਣੇ ਕੰਮਾਂ ’ਤੇ ਅਸਰ ਪਾਉਣ ਦਿਓਗੇ, ਉੱਨਾ ਜ਼ਿਆਦਾ ਭੈਣ-ਭਰਾ ਤੁਹਾਨੂੰ ਪਿਆਰ ਕਰਨਗੇ ਅਤੇ ਮੰਡਲੀ ਵਿਚ ਤੁਹਾਡੀ ਕਦਰ ਕਰਨਗੇ।

ਯਹੋਵਾਹ ਸਾਨੂੰ ਸਿਖਲਾਈ ਦਿੰਦਾ ਅਤੇ ਕਾਬਲ ਬਣਾਉਂਦਾ ਹੈ

14. ਕੁਲੁੱਸੀਆਂ 1:9, 10 ਮੁਤਾਬਕ ਪਹਿਲੀ ਸਦੀ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਿਖਲਾਈ ਕਿਵੇਂ ਦਿੱਤੀ?

14 ਪਹਿਲੀ ਸਦੀ ਵਿਚ। ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸਿਖਲਾਈ ਦੇ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਜ਼ਬੂ. 32:8) ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਨੂੰ ਜਾਣਨ, ਪਿਆਰ ਕਰਨ ਅਤੇ ਉਸ ਦੇ ਪਿਆਰੇ ਬੱਚਿਆਂ ਵਜੋਂ ਹਮੇਸ਼ਾ ਜੀਉਂਦੇ ਰਹਿਣ। ਇਹ ਸਭ ਉਸ ਦੀ ਸਿਖਲਾਈ ਤੋਂ ਬਿਨਾਂ ਹੋਣਾ ਨਾਮੁਮਕਿਨ ਹੈ। (ਯੂਹੰ. 17:3) ਆਪਣੇ ਲੋਕਾਂ ਨੂੰ ਸਿਖਲਾਈ ਦੇਣ ਲਈ ਯਹੋਵਾਹ ਨੇ ਪਹਿਲੀ ਸਦੀ ਦੀ ਮੰਡਲੀ ਨੂੰ ਵਰਤਿਆ। (ਕੁਲੁੱਸੀਆਂ 1:9, 10 ਪੜ੍ਹੋ।) ਯਿਸੂ ਨੇ ਜਿਸ “ਮਦਦਗਾਰ” ਯਾਨੀ ਪਵਿੱਤਰ ਸ਼ਕਤੀ ਦਾ ਵਾਅਦਾ ਕੀਤਾ ਸੀ, ਉਸ ਨੇ ਇਕ ਅਹਿਮ ਭੂਮਿਕਾ ਨਿਭਾਈ। (ਯੂਹੰ. 14:16) ਪਵਿੱਤਰ ਸ਼ਕਤੀ ਨੇ ਯਹੋਵਾਹ ਦੇ ਬਚਨ ਨੂੰ ਸਮਝਣ ਅਤੇ ਯਿਸੂ ਦੀਆਂ ਗੱਲਾਂ ਤੇ ਕੰਮਾਂ ਨੂੰ ਯਾਦ ਰੱਖਣ ਵਿਚ ਮਦਦ ਕੀਤੀ, ਜਿਨ੍ਹਾਂ ਨੂੰ ਬਾਅਦ ਵਿਚ ਇੰਜੀਲਾਂ ਵਿਚ ਦਰਜ ਕੀਤਾ ਗਿਆ। ਫਿਰ ਇਸ ਗਿਆਨ ਕਰਕੇ ਪਹਿਲੀ ਸਦੀ ਦੇ ਮਸੀਹੀ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਰਮੇਸ਼ੁਰ, ਉਸ ਦੇ ਪੁੱਤਰ ਅਤੇ ਇਕ-ਦੂਜੇ ਲਈ ਆਪਣਾ ਪਿਆਰ ਗੂੜ੍ਹਾ ਕਰ ਸਕੇ।

15. ਤੁਸੀਂ ਯਸਾਯਾਹ 2:2, 3 ਵਿਚ ਦਰਜ ਯਹੋਵਾਹ ਦੇ ਵਾਅਦੇ ਨੂੰ ਕਿਵੇਂ ਪੂਰਾ ਹੁੰਦਾ ਦੇਖਿਆ ਹੈ?

15 ਅੱਜ ਦੇ ਜ਼ਮਾਨੇ ਵਿਚ। ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ “ਆਖਰੀ ਦਿਨਾਂ ਦੇ ਵਿੱਚ” ਹਰ ਕੌਮ ਦੇ ਲੋਕ ਉਸ ਦੇ ਪਹਾੜ ਵੱਲ ਆਉਣਗੇ ਯਾਨੀ ਉਸ ਦੇ ਸੇਵਕਾਂ ਨਾਲ ਮਿਲ ਕੇ ਭਗਤੀ ਕਰਨਗੇ। (ਯਸਾਯਾਹ 2:2, 3 ਪੜ੍ਹੋ।) ਅਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਸੱਚੀ ਭਗਤੀ ਨੂੰ ਹਰ ਤਰ੍ਹਾਂ ਦੀ ਝੂਠੀ ਭਗਤੀ ਤੋਂ ਉੱਚਾ ਉਠਾਇਆ ਗਿਆ ਹੈ। ਯਹੋਵਾਹ ਕਿੰਨੀ ਬਹੁਤਾਤ ਵਿਚ ਸਾਨੂੰ ਗਿਆਨ ਦੇ ਰਿਹਾ ਹੈ! (ਯਸਾ. 25:6) ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸਿਰਫ਼ ਬਹੁਤਾਤ ਵਿਚ ਹੀ ਨਹੀਂ, ਸਗੋਂ ਸਾਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਗਿਆਨ ਦਿੰਦਾ ਹੈ, ਜਿਸ ਵਿਚ ਭਾਸ਼ਣ, ਲੇਖ ਅਤੇ ਵੀਡੀਓ ਵੀ ਸ਼ਾਮਲ ਹਨ। (ਮੱਤੀ 24:45) ਅਸੀਂ ਵੀ ਅੱਯੂਬ ਦੇ ਦੋਸਤ ਅਲੀਹੂ ਵਾਂਗ ਮਹਿਸੂਸ ਕਰਦੇ ਹਾਂ, ਜਿਸ ਨੇ ਕਿਹਾ: “[ਪਰਮੇਸ਼ੁਰ] ਦੇ ਤੁੱਲ ਗੁਰੂ ਕੌਣ ਹੈਗਾ?”—ਅੱਯੂ. 36:22.

ਸੱਚਾਈ ’ਤੇ ਆਪਣੀ ਨਿਹਚਾ ਮਜ਼ਬੂਤ ਕਰੋ ਅਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਜੀਓ (ਪੈਰਾ 16 ਦੇਖੋ) *

16. ਸੱਚਾਈ ਵਿਚ ਤਰੱਕੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

16 ਤੁਸੀਂ ਕੀ ਕਰ ਸਕਦੇ ਹੋ? ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਬਾਈਬਲ ਦੀਆਂ ਗੱਲਾਂ ਨੂੰ ਲਾਗੂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰੋ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਿਖਲਾਈ ਵਿਚ ਚੱਲਾਂਗਾ। ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” (ਜ਼ਬੂ. 86:11) ਇਸ ਲਈ ਯਹੋਵਾਹ ਆਪਣੇ ਬਚਨ ਅਤੇ ਸੰਗਠਨ ਰਾਹੀਂ ਜੋ ਗਿਆਨ ਦਿੰਦਾ ਹੈ, ਉਸ ਨੂੰ ਲਗਾਤਾਰ ਲੈਂਦੇ ਰਹੋ। ਬਿਨਾਂ ਸ਼ੱਕ, ਤੁਹਾਡਾ ਟੀਚਾ ਸਿਰਫ਼ ਗਿਆਨ ਲੈਣ ਦਾ ਹੀ ਨਹੀਂ ਹੈ। ਤੁਸੀਂ ਸਿੱਖੀਆਂ ਗੱਲਾਂ ’ਤੇ ਯਕੀਨ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੁੰਦੇ ਹੋ। ਯਹੋਵਾਹ ਦੀ ਪਵਿੱਤਰ ਸ਼ਕਤੀ ਇੱਦਾਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਭੈਣਾਂ-ਭਰਾਵਾਂ ਨੂੰ ਵੀ ਹੌਸਲਾ ਦੇ ਸਕਦੇ ਹੋ। (ਇਬ. 10:24, 25) ਕਿਉਂ? ਕਿਉਂਕਿ ਉਹ ਤੁਹਾਡਾ ਮਸੀਹੀ ਪਰਿਵਾਰ ਹੈ। ਸਭਾਵਾਂ ਵਿਚ ਦਿਲੋਂ ਟਿੱਪਣੀਆਂ ਦੇਣ ਲਈ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਜਦੋਂ ਸਭਾ ਵਿਚ ਤੁਹਾਡਾ ਕੋਈ ਭਾਗ ਹੁੰਦਾ ਹੈ, ਤਾਂ ਇਸ ਨੂੰ ਪੂਰੀ ਵਾਹ ਲਾ ਕੇ ਤਿਆਰ ਕਰੋ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਦਿਖਾਓਗੇ ਕਿ ਤੁਸੀਂ ਉਨ੍ਹਾਂ ਦੀਆਂ ਅਨਮੋਲ “ਭੇਡਾਂ” ਨੂੰ ਪਿਆਰ ਕਰਦੇ ਹੋ।—ਯੂਹੰ. 21:15-17.

17. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੇ ਸੰਗਠਨ ਦਾ ਵਫ਼ਾਦਾਰੀ ਨਾਲ ਸਾਥ ਦਿੰਦੇ ਹੋ?

17 ਜਲਦੀ ਹੀ ਪੂਰੀ ਦੁਨੀਆਂ ’ਤੇ ਸਿਰਫ਼ ਉਹੀ ਇਕ ਸੰਗਠਨ ਰਹਿ ਜਾਵੇਗਾ, ਜਿਸ ਦੀ ਅਗਵਾਈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਰਦੀ ਹੈ। ਇਸ ਲਈ ਜੋਸ਼ ਨਾਲ ਪਰਮੇਸ਼ੁਰ ਦੇ ਸੰਗਠਨ ਨਾਲ ਮਿਲ ਕੇ ਕੰਮ ਕਰੋ। ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਪਰਮੇਸ਼ੁਰ ਵਰਗਾ ਪਿਆਰ ਦਿਖਾਓ। ਮੰਡਲੀ ਵਿਚ ਏਕਤਾ ਵਧਾ ਕੇ ਦਿਖਾਓ ਕਿ ਤੁਸੀਂ ਵੀ ਪਰਮੇਸ਼ੁਰ ਵਾਂਗ ਸਲੀਕੇ ਅਤੇ ਸ਼ਾਂਤੀ ਨਾਲ ਕੰਮ ਕਰਨਾ ਚਾਹੁੰਦੇ ਹੋ। ਨਾਲੇ ਪਰਮੇਸ਼ੁਰ ਵੱਲੋਂ ਬਹੁਤਾਤ ਵਿਚ ਮਿਲਦੇ ਗਿਆਨ ਦਾ ਫ਼ਾਇਦਾ ਲੈ ਕੇ ਆਪਣੇ ਮਹਾਨ ਸਿੱਖਿਅਕ ਦੀ ਸੁਣੋ। ਫਿਰ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆਉਂਦਾ ਦੇਖ ਕੇ ਤੁਹਾਨੂੰ ਡਰ ਨਹੀਂ ਲੱਗੇਗਾ। ਇਸ ਦੀ ਬਜਾਇ, ਤੁਸੀਂ ਉਨ੍ਹਾਂ ਲੋਕਾਂ ਵਿਚ ਭਰੋਸੇ ਨਾਲ ਖੜ੍ਹੇ ਹੋਵੋਗੇ ਜੋ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ।

ਗੀਤ 23 ਯਹੋਵਾਹ ਸਾਡਾ ਬਲ

^ ਪੈਰਾ 5 ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਅੱਜ ਯਹੋਵਾਹ ਆਪਣੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਪਹਿਲੀ ਸਦੀ ਦੀਆਂ ਮਸੀਹੀ ਮੰਡਲੀਆਂ ਨੂੰ ਕਿਵੇਂ ਸੇਧ ਦਿੱਤੀ ਅਤੇ ਅੱਜ ਉਹ ਕਿਵੇਂ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ।

^ ਪੈਰਾ 1 ਸ਼ਬਦ ਦਾ ਮਤਲਬ: ਯਹੋਵਾਹ ਦੇ ਸੰਗਠਨ ਦਾ ਇਕ ਹਿੱਸਾ ਸਵਰਗ ਵਿਚ ਅਤੇ ਇਕ ਹਿੱਸਾ ਧਰਤੀ ’ਤੇ ਹੈ। ਇਸ ਲੇਖ ਵਿਚ ਸੰਗਠਨ ਸ਼ਬਦ ਧਰਤੀ ਵਾਲੇ ਹਿੱਸੇ ਨੂੰ ਦਰਸਾਉਂਦਾ ਹੈ।

^ ਪੈਰਾ 52 ਤਸਵੀਰ ਬਾਰੇ ਜਾਣਕਾਰੀ: ਇਕ ਪਾਇਨੀਅਰ ਭੈਣ ਨੇ ਅਲੱਗ-ਅਲੱਗ ਵੀਡੀਓ ਵਿਚ ਭੈਣਾਂ-ਭਰਾਵਾਂ ਨੂੰ ਕਿਸੇ ਹੋਰ ਦੇਸ਼ ਵਿਚ ਸੇਵਾ ਕਰਦਿਆਂ ਦੇਖਿਆ। ਇਹ ਦੇਖ ਕੇ ਉਹ ਵੀ ਉਨ੍ਹਾਂ ਦੀ ਰੀਸ ਕਰਨ ਲਈ ਪ੍ਰੇਰਿਤ ਹੋਈ। ਅਖ਼ੀਰ, ਉਹ ਉਸ ਦੇਸ਼ ਵਿਚ ਸੇਵਾ ਕਰ ਸਕੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।