Skip to content

Skip to table of contents

ਅਧਿਐਨ ਲੇਖ 42

ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ

ਬਾਈਬਲ ਸਟੱਡੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰੀਏ?—ਦੂਜਾ ਭਾਗ

“ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।”—1 ਤਿਮੋ. 4:16.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

ਖ਼ਾਸ ਗੱਲਾਂ *

1. ਅਸੀਂ ਕਿਵੇਂ ਜਾਣਦੇ ਹਾਂ ਕਿ ਚੇਲੇ ਬਣਾਉਣ ਦਾ ਕੰਮ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਹੈ?

ਚੇਲੇ ਬਣਾਉਣ ਦਾ ਕੰਮ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਹੈ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਮੱਤੀ 28:19, 20 ਵਿਚ ਦਰਜ ਹੁਕਮ ਦਿੰਦੇ ਵੇਲੇ ਯਿਸੂ ਨੇ ਕਿਹਾ: “ਜਾਓ . . . ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।” ਅਸੀਂ ਬਪਤਿਸਮੇ ਦੀ ਅਹਿਮੀਅਤ ਬਾਰੇ ਕੀ ਜਾਣਦੇ ਹਾਂ? ਮੁਕਤੀ ਪਾਉਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਬਪਤਿਸਮੇ ਦੇ ਉਮੀਦਵਾਰ ਨੂੰ ਨਿਹਚਾ ਕਰਨੀ ਚਾਹੀਦੀ ਹੈ ਕਿ ਮੁਕਤੀ ਸਿਰਫ਼ ਯਿਸੂ ਦੀ ਕੁਰਬਾਨੀ ਅਤੇ ਉਸ ਨੂੰ ਜੀਉਂਦਾ ਕੀਤੇ ਜਾਣ ਕਰਕੇ ਹੀ ਮੁਮਕਿਨ ਹੋਈ ਹੈ। ਇਸ ਕਰਕੇ ਪਤਰਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ: “ਬਪਤਿਸਮਾ ਯਿਸੂ ਮਸੀਹ ਦੇ ਦੁਬਾਰਾ ਜੀਉਂਦਾ ਹੋਣ ਕਰਕੇ ਹੁਣ ਤੁਹਾਨੂੰ . . . ਬਚਾ ਰਿਹਾ ਹੈ।” (1 ਪਤ. 3:21) ਇਸ ਲਈ ਜਦੋਂ ਇਕ ਵਿਦਿਆਰਥੀ ਬਪਤਿਸਮਾ ਲੈਂਦਾ ਹੈ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਦਾ ਹੈ।

2. ਦੂਜਾ ਤਿਮੋਥਿਉਸ 4:1, 2 ਅਨੁਸਾਰ ਸਾਨੂੰ ਕਿੱਦਾਂ ਦੇ ਸਿੱਖਿਅਕ ਬਣਨਾ ਚਾਹੀਦਾ ਹੈ?

2 ਚੇਲੇ ਬਣਾਉਣ ਲਈ ਸਾਨੂੰ ਆਪਣੀ “ਸਿਖਾਉਣ ਦੀ ਕਲਾ” ਨੂੰ ਨਿਖਾਰਨ ਦੀ ਲੋੜ ਹੈ। (2 ਤਿਮੋਥਿਉਸ 4:1, 2 ਪੜ੍ਹੋ।) ਕਿਉਂ? ਕਿਉਂਕਿ ਯਿਸੂ ਨੇ ਕਿਹਾ: “ਜਾਓ . . . ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਸਿਖਾਓ।” ਪੌਲੁਸ ਰਸੂਲ ਨੇ ਇਹ ਕੰਮ ‘ਕਰਦੇ ਰਹਿਣ’ ਲਈ ਕਿਹਾ। ਕਿਉਂ? ਕਿਉਂਕਿ ‘ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਓਗੇ।’ ਇਸ ਚੰਗੇ ਕਾਰਨ ਕਰਕੇ ਪੌਲੁਸ ਨੇ ਕਿਹਾ: “ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” (1 ਤਿਮੋ. 4:16) ਸਿੱਖਿਆ ਦੇ ਕੰਮ ਨੂੰ ਚੇਲੇ ਬਣਾਉਣ ਦੇ ਕੰਮ ਨਾਲ ਜੋੜਿਆ ਗਿਆ ਹੈ। ਇਸ ਕਰਕੇ ਅਸੀਂ ਵਧੀਆ ਸਿੱਖਿਅਕ ਬਣਨਾ ਚਾਹੁੰਦੇ ਹਾਂ।

3. ਇਸ ਲੇਖ ਵਿਚ ਅਸੀਂ ਬਾਈਬਲ ਸਟੱਡੀਆਂ ਕਰਾਉਣ ਬਾਰੇ ਕੀ ਦੇਖਾਂਗੇ?

3 ਅਸੀਂ ਬਾਕਾਇਦਾ ਲੱਖਾਂ ਹੀ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੇ ਹਾਂ। ਪਰ ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਵਿੱਚੋਂ ਹੋਰ ਲੋਕਾਂ ਦੀ ਯਿਸੂ ਮਸੀਹ ਦੇ ਬਪਤਿਸਮਾ-ਪ੍ਰਾਪਤ ਚੇਲੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਪੰਜ ਹੋਰ ਕੰਮ ਦੇਖਾਂਗੇ ਜੋ ਹਰ ਸਿੱਖਿਅਕ ਨੂੰ ਕਰਨ ਦੀ ਲੋੜ ਹੈ ਤਾਂਕਿ ਉਹ ਆਪਣੇ ਵਿਦਿਆਰਥੀ ਦੀ ਤਰੱਕੀ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕਰ ਸਕੇ।

ਬਾਈਬਲ ਨੂੰ ਸਿਖਾਉਣ ਦਿਓ

ਬਾਈਬਲ ਤੋਂ ਹੋਰ ਵਧੀਆ ਤਰੀਕੇ ਨਾਲ ਸਿਖਾਉਣ ਲਈ ਇਕ ਤਜਰਬੇਕਾਰ ਸਿੱਖਿਅਕ ਤੋਂ ਮਦਦ ਮੰਗੋ (ਪੈਰੇ 4-6 ਦੇਖੋ) *

4. ਬਾਈਬਲ ਸਟੱਡੀ ਕਰਾਉਂਦੇ ਵੇਲੇ ਇਕ ਸਿੱਖਿਅਕ ਨੂੰ ਸੰਜਮ ਕਿਉਂ ਰੱਖਣਾ ਚਾਹੀਦਾ ਹੈ? (ਫੁਟਨੋਟ ਵੀ ਦੇਖੋ।)

4 ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਪਿਆਰ ਕਰਦੇ ਹਾਂ। ਇਸ ਕਰਕੇ ਹੋ ਸਕਦਾ ਕਿ ਅਸੀਂ ਲੰਬੇ ਸਮੇਂ ਤਕ ਇਨ੍ਹਾਂ ਗੱਲਾਂ ਬਾਰੇ ਖ਼ੁਦ ਗੱਲ ਕਰੀ ਜਾਈਏ। ਪਰ ਪਹਿਰਾਬੁਰਜ ਸਟੱਡੀ, ਮੰਡਲੀ ਦੀ ਬਾਈਬਲ ਸਟੱਡੀ ਜਾਂ ਵਿਦਿਆਰਥੀ ਦੀ ਸਟੱਡੀ ਕਰਾਉਣ ਵਾਲੇ ਨੂੰ ਖ਼ੁਦ ਜ਼ਿਆਦਾ ਨਹੀਂ ਬੋਲਣਾ ਚਾਹੀਦਾ। ਜੇ ਸਿੱਖਿਅਕ ਚਾਹੁੰਦਾ ਹੈ ਕਿ ਬਾਈਬਲ ਸਿਖਾਉਣ ਦਾ ਕੰਮ ਕਰੇ, ਤਾਂ ਉਸ ਨੂੰ ਸੰਜਮ ਰੱਖਣਾ ਚਾਹੀਦਾ ਹੈ ਅਤੇ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਜੋ ਉਸ ਨੂੰ ਪਤਾ ਹੈ, ਉਹ ਸਾਰਾ ਕੁਝ ਦੱਸਣ ਦੀ ਲੋੜ ਨਹੀਂ। * (ਯੂਹੰ. 16:12) ਸੋਚੋ ਕਿ ਬਪਤਿਸਮਾ ਲੈਣ ਵੇਲੇ ਤੁਹਾਨੂੰ ਬਾਈਬਲ ਦਾ ਕਿੰਨਾ ਗਿਆਨ ਸੀ ਅਤੇ ਹੁਣ ਤੁਸੀਂ ਬਾਈਬਲ ਬਾਰੇ ਕਿੰਨਾ ਜਾਣਦੇ ਹੋ। ਉਦੋਂ ਤੁਹਾਨੂੰ ਸਿਰਫ਼ ਬੁਨਿਆਦੀ ਗੱਲਾਂ ਦੀ ਹੀ ਸਮਝ ਸੀ। (ਇਬ. 6:1) ਅੱਜ ਤੁਸੀਂ ਜੋ ਜਾਣਦੇ ਹੋ, ਉਸ ਬਾਰੇ ਸਿੱਖਣ ਲਈ ਤੁਹਾਨੂੰ ਬਹੁਤ ਸਾਲ ਲੱਗੇ ਹਨ। ਇਸ ਲਈ ਨਵੇਂ ਵਿਦਿਆਰਥੀਆਂ ਨੂੰ ਇੱਕੋ ਵਾਰ ਸਾਰਾ ਕੁਝ ਸਿਖਾਉਣ ਦੀ ਕੋਸ਼ਿਸ਼ ਨਾ ਕਰੋ।

5. (ੳ) ਪਹਿਲਾ ਥੱਸਲੁਨੀਕੀਆਂ 2:13 ਅਨੁਸਾਰ ਅਸੀਂ ਆਪਣੇ ਵਿਦਿਆਰਥੀ ਦੀ ਕੀ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ? (ਅ) ਅਸੀਂ ਇਕ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ?

5 ਅਸੀਂ ਆਪਣੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰਨੀ ਚਾਹੁੰਦੇ ਹਾਂ ਕਿ ਉਹ ਜੋ ਸਿੱਖ ਰਿਹਾ ਹੈ, ਉਹ ਪਰਮੇਸ਼ੁਰ ਦੇ ਬਚਨ ਤੋਂ ਹੈ। (1 ਥੱਸਲੁਨੀਕੀਆਂ 2:13 ਪੜ੍ਹੋ।) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਆਪਣੇ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣ ਦੀ ਹੱਲਾਸ਼ੇਰੀ ਦਿਓ। ਹਰ ਵਾਰ ਆਪਣੇ ਵਿਦਿਆਰਥੀ ਨੂੰ ਬਾਈਬਲ ਦੀਆਂ ਆਇਤਾਂ ਸਮਝਾਉਣ ਦੀ ਬਜਾਇ ਕੁਝ ਆਇਤਾਂ ਉਸ ਨੂੰ ਸਮਝਾਉਣ ਲਈ ਕਹੋ। ਆਪਣੇ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਉਸ ’ਤੇ ਕਿਵੇਂ ਲਾਗੂ ਹੁੰਦੀਆਂ ਹਨ। ਉਸ ਨੂੰ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਹ ਪੜ੍ਹੀਆਂ ਆਇਤਾਂ ਬਾਰੇ ਕੀ ਸੋਚਦਾ ਅਤੇ ਮਹਿਸੂਸ ਕਰਦਾ ਹੈ। (ਲੂਕਾ 10:25-28) ਮਿਸਾਲ ਲਈ, ਉਸ ਨੂੰ ਪੁੱਛੋ: “ਇਸ ਆਇਤ ਵਿੱਚੋਂ ਤੁਹਾਨੂੰ ਯਹੋਵਾਹ ਦੇ ਕਿਹੜੇ ਗੁਣ ਬਾਰੇ ਪਤਾ ਲੱਗਾ?” “ਤੁਸੀਂ ਇਸ ਬਾਈਬਲ ਸੱਚਾਈ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ?” “ਸਿੱਖੀਆਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ?” (ਕਹਾ. 20:5) ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀ ਕਿੰਨਾ ਕੁ ਜਾਣਦਾ ਹੈ, ਸਗੋਂ ਇਹ ਜ਼ਰੂਰੀ ਹੈ ਕਿ ਉਹ ਸਿੱਖੀਆਂ ਗੱਲਾਂ ਦੀ ਕਿੰਨੀ ਕੁ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਹੈ।

6. ਕਿਸੇ ਤਜਰਬੇਕਾਰ ਸਿੱਖਿਅਕ ਨੂੰ ਬਾਈਬਲ ਸਟੱਡੀ ’ਤੇ ਲੈ ਕੇ ਜਾਣਾ ਸ਼ਾਇਦ ਵਧੀਆ ਕਿਉਂ ਹੋਵੇ?

6 ਕੀ ਤੁਸੀਂ ਕਦੇ ਆਪਣੀ ਬਾਈਬਲ ਸਟੱਡੀ ’ਤੇ ਤਜਰਬੇਕਾਰ ਸਿੱਖਿਅਕਾਂ ਨੂੰ ਲੈ ਕੇ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਉਨ੍ਹਾਂ ਨੂੰ ਇਹ ਨੋਟ ਕਰਨ ਲਈ ਕਹਿ ਸਕਦੇ ਹੋ ਕਿ ਤੁਸੀਂ ਕਿੱਦਾਂ ਸਟੱਡੀ ਕਰਾਉਂਦੇ ਹੋ ਅਤੇ ਬਾਈਬਲ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਵਰਤਦੇ ਹੋ। ਤੁਸੀਂ ਨਿਮਰ ਬਣ ਕੇ ਹੀ ਆਪਣੀ ਸਿਖਾਉਣ ਦੀ ਕਲਾ ਵਿਚ ਨਿਖਾਰ ਲਿਆ ਸਕਦੇ ਹੋ। (ਰਸੂਲਾਂ ਦੇ ਕੰਮ 18:24-26 ਵਿਚ ਨੁਕਤਾ ਦੇਖੋ।) ਸਟੱਡੀ ਤੋਂ ਬਾਅਦ ਤਜਰਬੇਕਾਰ ਪ੍ਰਚਾਰਕ ਨੂੰ ਪੁੱਛੋ, ‘ਕੀ ਤੁਹਾਨੂੰ ਲੱਗਦਾ ਹੈ ਕਿ ਵਿਦਿਆਰਥੀ ਨੂੰ ਬਾਈਬਲ ਦੀਆਂ ਸੱਚਾਈਆਂ ਸਮਝ ਆ ਰਹੀਆਂ ਹਨ?’ ਜੇ ਤੁਹਾਨੂੰ ਇਕ ਜਾਂ ਜ਼ਿਆਦਾ ਹਫ਼ਤਿਆਂ ਲਈ ਕਿਤੇ ਹੋਰ ਜਾਣਾ ਪਵੇ, ਤਾਂ ਤੁਸੀਂ ਉਸ ਪ੍ਰਚਾਰਕ ਨੂੰ ਸਟੱਡੀ ਕਰਾਉਣ ਲਈ ਵੀ ਕਹਿ ਸਕਦੇ ਹੋ। ਇਸ ਤਰ੍ਹਾਂ ਉਸ ਦੀ ਸਟੱਡੀ ਲਗਾਤਾਰ ਚੱਲੇਗੀ ਅਤੇ ਵਿਦਿਆਰਥੀ ਸਮਝ ਸਕੇਗਾ ਕਿ ਸਟੱਡੀ ਕਰਨੀ ਕਿੰਨੀ ਜ਼ਰੂਰੀ ਹੈ। ਕਦੇ ਵੀ ਇਹ ਨਾ ਸੋਚੋ ਕਿ ਸਟੱਡੀ “ਤੁਹਾਡੀ” ਹੈ ਅਤੇ ਕੋਈ ਹੋਰ ਇਹ ਸਟੱਡੀ ਨਹੀਂ ਕਰਾ ਸਕਦਾ। ਇਸ ਦੀ ਬਜਾਇ, ਤੁਸੀਂ ਚਾਹੁੰਦੇ ਹੋ ਕਿ ਉਸ ਨੂੰ ਸਟੱਡੀ ਤੋਂ ਫ਼ਾਇਦਾ ਹੋਵੇ ਤਾਂਕਿ ਉਹ ਲਗਾਤਾਰ ਸੱਚਾਈ ਵਿਚ ਤਰੱਕੀ ਕਰਦਾ ਰਹੇ।

ਜੋਸ਼ ਅਤੇ ਪੂਰੇ ਵਿਸ਼ਵਾਸ ਨਾਲ ਸਿਖਾਓ

ਆਪਣੇ ਵਿਦਿਆਰਥੀ ਦੀ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਵਿਚ ਮਦਦ ਕਰਨ ਲਈ ਤਜਰਬੇ ਦੱਸੋ (ਪੈਰੇ 7-9 ਦੇਖੋ) *

7. ਕਿਹੜੀ ਗੱਲ ਵਿਦਿਆਰਥੀ ਦੀ ਸੱਚਾਈ ਨੂੰ ਪਿਆਰ ਕਰਨ ਵਿਚ ਮਦਦ ਕਰੇਗੀ?

7 ਵਿਦਿਆਰਥੀ ਨੂੰ ਤੁਹਾਡਾ ਜੋਸ਼ ਅਤੇ ਬਾਈਬਲ ਦੀਆਂ ਸੱਚਾਈਆਂ ’ਤੇ ਤੁਹਾਡਾ ਯਕੀਨ ਦਿੱਸਣਾ ਚਾਹੀਦਾ ਹੈ। (1 ਥੱਸ. 1:5) ਫਿਰ ਉਹ ਸੱਚਾਈ ਨੂੰ ਪਿਆਰ ਕਰਨਾ ਸਿੱਖੇਗਾ। ਸ਼ਾਇਦ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ। ਫਿਰ ਉਸ ਨੂੰ ਅਹਿਸਾਸ ਹੋਵੇਗਾ ਕਿ ਬਾਈਬਲ ਵਿਚ ਵਧੀਆ ਸਲਾਹਾਂ ਹਨ ਜਿਨ੍ਹਾਂ ਦਾ ਉਸ ਨੂੰ ਵੀ ਫ਼ਾਇਦਾ ਹੋ ਸਕਦਾ ਹੈ।

8. ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ ਅਤੇ ਤੁਸੀਂ ਇੱਦਾਂ ਕਿਉਂ ਕਰੋਗੇ?

8 ਬਾਈਬਲ ਸਟੱਡੀ ਕਰਾਉਂਦੇ ਵੇਲੇ ਆਪਣੇ ਵਿਦਿਆਰਥੀ ਨੂੰ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਦੱਸੋ ਜਿਨ੍ਹਾਂ ਨੇ ਉਸ ਵਰਗੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। ਤੁਸੀਂ ਸਟੱਡੀ ’ਤੇ ਅਜਿਹੇ ਕਿਸੇ ਭੈਣ-ਭਰਾ ਨੂੰ ਲੈ ਕੇ ਜਾ ਸਕਦੇ ਹੋ ਜਿਸ ਦੀ ਮਿਸਾਲ ਤੋਂ ਵਿਦਿਆਰਥੀ ਨੂੰ ਫ਼ਾਇਦਾ ਹੋਵੇ। ਜਾਂ ਤੁਸੀਂ ਸਾਡੀ ਵੈੱਬਸਾਈਟ ਤੋਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ * ਨਾਂ ਦੇ ਲੜੀਵਾਰ ਲੇਖ ਵਰਤ ਸਕਦੇ ਹੋ। ਅਜਿਹੇ ਲੇਖ ਅਤੇ ਵੀਡੀਓ ਤੁਹਾਡੇ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਫ਼ਾਇਦਾ ਹੁੰਦਾ ਹੈ।

9. ਤੁਸੀਂ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀਆਂ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ?

9 ਜੇ ਤੁਹਾਡਾ ਵਿਦਿਆਰਥੀ ਵਿਆਹਿਆ ਹੋਇਆ ਹੈ, ਤਾਂ ਕੀ ਉਸ ਦਾ ਜੀਵਨ ਸਾਥੀ ਵੀ ਸਟੱਡੀ ਕਰ ਰਿਹਾ ਹੈ? ਜੇ ਨਹੀਂ, ਤਾਂ ਉਸ ਨੂੰ ਸਟੱਡੀ ਕਰਨ ਲਈ ਪੁੱਛੋ। ਆਪਣੇ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਦੀ ਹੱਲਾਸ਼ੇਰੀ ਦਿਓ। (ਯੂਹੰ. 1:40-45) ਕਿਵੇਂ? ਤੁਸੀਂ ਉਸ ਨੂੰ ਪੁੱਛ ਸਕਦੇ ਹੋ: “ਤੁਸੀਂ ਪਰਿਵਾਰ ਦੇ ਮੈਂਬਰ ਨੂੰ ਇਹ ਸੱਚਾਈ ਕਿੱਦਾਂ ਸਮਝਾਓਗੇ?” ਜਾਂ “ਆਪਣੇ ਦੋਸਤ ਨੂੰ ਇਹ ਸੱਚਾਈ ਸਮਝਾਉਣ ਲਈ ਕਿਹੜੀ ਆਇਤ ਵਰਤੋਗੇ?” ਇਸ ਤਰੀਕੇ ਨਾਲ ਤੁਸੀਂ ਆਪਣੇ ਵਿਦਿਆਰਥੀ ਦੀ ਸਿੱਖਿਅਕ ਬਣਨ ਵਿਚ ਮਦਦ ਕਰ ਰਹੇ ਹੋਵੋਗੇ। ਫਿਰ ਇਕ ਦਿਨ ਉਹ ਬਪਤਿਸਮਾ-ਰਹਿਤ ਪ੍ਰਚਾਰਕ ਵਜੋਂ ਪ੍ਰਚਾਰ ਵਿਚ ਹਿੱਸਾ ਲੈਣ ਦੇ ਕਾਬਲ ਬਣ ਸਕੇਗਾ। ਤੁਸੀਂ ਆਪਣੇ ਵਿਦਿਆਰਥੀ ਨੂੰ ਪੁੱਛ ਸਕਦੇ ਹੋ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦਾ ਹੈ ਜੋ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੈ? ਜੇ ਹਾਂ, ਤਾਂ ਜਲਦੀ ਤੋਂ ਜਲਦੀ ਉਸ ਵਿਅਕਤੀ ਨਾਲ ਸੰਪਰਕ ਕਰੋ ਅਤੇ ਉਸ ਨੂੰ ਸਟੱਡੀ ਕਰਨ ਬਾਰੇ ਪੁੱਛੋ। ਉਸ ਨੂੰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? * ਨਾਂ ਦੀ ਵੀਡੀਓ ਦਿਖਾਓ।

ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ

ਆਪਣੇ ਵਿਦਿਆਰਥੀ ਨੂੰ ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿਓ (ਪੈਰੇ 10-11 ਦੇਖੋ) *

10. ਪਹਿਲਾ ਥੱਸਲੁਨੀਕੀਆਂ 2:7, 8 ਅਨੁਸਾਰ ਇਕ ਸਿੱਖਿਅਕ ਪੌਲੁਸ ਦੀ ਰੀਸ ਕਿਵੇਂ ਕਰ ਸਕਦਾ ਹੈ?

10 ਸਿੱਖਿਅਕਾਂ ਨੂੰ ਆਪਣੇ ਵਿਦਿਆਰਥੀਆਂ ਵਿਚ ਦਿਲੋਂ ਦਿਲਚਸਪੀ ਲੈਣੀ ਚਾਹੀਦੀ ਹੈ। ਉਨ੍ਹਾਂ ਬਾਰੇ ਇਹ ਨਜ਼ਰੀਆ ਰੱਖੋ ਕਿ ਉਹ ਭਵਿੱਖ ਵਿਚ ਤੁਹਾਡੇ ਮਸੀਹੀ ਭੈਣ ਜਾਂ ਭਰਾ ਬਣ ਸਕਦੇ ਹਨ। (1 ਥੱਸਲੁਨੀਕੀਆਂ 2:7, 8 ਪੜ੍ਹੋ।) ਉਨ੍ਹਾਂ ਲਈ ਦੁਨੀਆਂ ਵਿਚ ਆਪਣੇ ਦੋਸਤਾਂ ਨੂੰ ਛੱਡਣ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਹਨ। ਸਾਨੂੰ ਮੰਡਲੀ ਵਿਚ ਸੱਚੇ ਦੋਸਤ ਲੱਭਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ। ਆਪਣੇ ਵਿਦਿਆਰਥੀ ਨਾਲ ਦੋਸਤੀ ਕਰਨ ਲਈ ਸਿਰਫ਼ ਬਾਈਬਲ ਸਟੱਡੀ ਦੌਰਾਨ ਹੀ ਨਹੀਂ, ਸਗੋਂ ਹੋਰ ਮੌਕਿਆਂ ’ਤੇ ਵੀ ਉਸ ਨਾਲ ਸਮਾਂ ਬਿਤਾਓ। ਤੁਸੀਂ ਉਸ ਨੂੰ ਫ਼ੋਨ, ਮੈਸਿਜ ਕਰ ਕੇ ਜਾਂ ਉਸ ਦੇ ਘਰ ਜਾ ਕੇ ਦਿਖਾ ਸਕਦੇ ਹੋ ਕਿ ਤੁਸੀਂ ਉਸ ਦੀ ਪਰਵਾਹ ਕਰਦੇ ਹੋ।

11. ਅਸੀਂ ਮੰਡਲੀ ਵਿਚ ਵਿਦਿਆਰਥੀ ਦੀ ਕੀ ਕਰਨ ਵਿਚ ਮਦਦ ਕਰ ਸਕਦੇ ਹਾਂ ਅਤੇ ਕਿਉਂ?

11 ਕਿਹਾ ਜਾਂਦਾ ਹੈ: “ਬੱਚੇ ਨੂੰ ਪਾਲਣਾ ਇਕ ਜਣੇ ਦਾ ਕੰਮ ਨਹੀਂ।” ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ: “ਕੋਈ ਵੀ ਚੇਲਾ ਇਕ ਜਣੇ ਦੀ ਮਿਹਨਤ ਸਦਕਾ ਨਹੀਂ ਬਣਦਾ।” ਇਸੇ ਕਰਕੇ ਵਧੀਆ ਸਿੱਖਿਅਕ ਆਪਣੇ ਵਿਦਿਆਰਥੀਆਂ ਨੂੰ ਮੰਡਲੀ ਵਿਚ ਹੋਰ ਭੈਣਾਂ-ਭਰਾਵਾਂ ਨਾਲ ਮਿਲਾਉਂਦੇ ਹਨ ਜਿਨ੍ਹਾਂ ਦਾ ਉਨ੍ਹਾਂ ’ਤੇ ਚੰਗਾ ਅਸਰ ਪੈ ਸਕਦਾ ਹੈ। ਵਿਦਿਆਰਥੀ ਪਰਮੇਸ਼ੁਰ ਦੇ ਲੋਕਾਂ ਨਾਲ ਚੰਗੀ ਸੰਗਤੀ ਦਾ ਆਨੰਦ ਮਾਣ ਸਕਦੇ ਹਨ ਜੋ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਅਤੇ ਮੁਸ਼ਕਲਾਂ ਦੌਰਾਨ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਵਿਦਿਆਰਥੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਮੰਡਲੀ ਅਤੇ ਸਾਡੇ ਮਸੀਹੀ ਭਾਈਚਾਰੇ ਦਾ ਹਿੱਸਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਮਸੀਹੀ ਪਰਿਵਾਰ ਵੱਲ ਖਿੱਚਿਆ ਆਵੇ। ਇਸ ਤਰ੍ਹਾਂ ਉਹ ਸੌਖਿਆਂ ਹੀ ਉਨ੍ਹਾਂ ਲੋਕਾਂ ਨਾਲ ਸੰਗਤੀ ਕਰਨ ਤੋਂ ਬਚ ਸਕਦਾ ਹੈ ਜੋ ਯਹੋਵਾਹ ਨੂੰ ਪਿਆਰ ਕਰਨ ਵਿਚ ਉਸ ਦੀ ਮਦਦ ਨਹੀਂ ਕਰਦੇ। (ਕਹਾ. 13:20) ਜੇ ਉਸ ਦੇ ਪੁਰਾਣੇ ਦੋਸਤ ਉਸ ਨਾਲ ਦੋਸਤੀ ਤੋੜ ਦਿੰਦੇ ਹਨ, ਤਾਂ ਉਸ ਨੂੰ ਪਤਾ ਹੋਵੇਗਾ ਕਿ ਉਹ ਯਹੋਵਾਹ ਦੇ ਸੰਗਠਨ ਵਿਚ ਸੱਚੇ ਦੋਸਤ ਬਣਾ ਸਕਦਾ ਹੈ।—ਮਰ. 10:29, 30; 1 ਪਤ. 4:4.

ਸਮਰਪਣ ਅਤੇ ਬਪਤਿਸਮੇ ਦੇ ਟੀਚੇ ’ਤੇ ਜ਼ੋਰ ਦਿਓ

ਦਿਲੋਂ ਸਟੱਡੀ ਕਰਨ ਵਾਲਾ ਵਿਦਿਆਰਥੀ ਕਦਮ-ਬ-ਕਦਮ ਬਪਤਿਸਮੇ ਤਕ ਪਹੁੰਚ ਸਕਦਾ ਹੈ! (ਪੈਰੇ 12-13 ਦੇਖੋ)

12. ਸਾਨੂੰ ਆਪਣੇ ਵਿਦਿਆਰਥੀਆਂ ਨਾਲ ਸਮਰਪਣ ਅਤੇ ਬਪਤਿਸਮੇ ਬਾਰੇ ਕਿਉਂ ਗੱਲ ਕਰਨੀ ਚਾਹੀਦੀ ਹੈ?

12 ਸਮਰਪਣ ਅਤੇ ਬਪਤਿਸਮੇ ਬਾਰੇ ਖੁੱਲ੍ਹ ਕੇ ਗੱਲ ਕਰੋ। ਕਿਉਂ? ਕਿਉਂਕਿ ਅਸੀਂ ਸਟੱਡੀ ਇਸ ਲਈ ਕਰਾਉਂਦੇ ਹਾਂ ਤਾਂਕਿ ਅਸੀਂ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕੀਏ। ਜਦੋਂ ਵਿਦਿਆਰਥੀ ਨੂੰ ਲਗਾਤਾਰ ਬਾਈਬਲ ਸਟੱਡੀ ਕਰਦਿਆਂ ਕੁਝ ਮਹੀਨੇ ਹੋ ਜਾਂਦੇ ਹਨ ਅਤੇ ਖ਼ਾਸਕਰ ਜਦੋਂ ਉਹ ਸਭਾਵਾਂ ਤੇ ਆਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਉਹ ਦੀ ਯਹੋਵਾਹ ਦਾ ਗਵਾਹ ਬਣਨ ਵਿਚ ਮਦਦ ਕਰਨੀ ਚਾਹੁੰਦੇ ਹਾਂ।

13. ਬਪਤਿਸਮੇ ਤਕ ਪਹੁੰਚਣ ਲਈ ਇਕ ਵਿਦਿਆਰਥੀ ਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ?

13 ਦਿਲੋਂ ਸਟੱਡੀ ਕਰਨ ਵਾਲਾ ਵਿਅਕਤੀ ਕਦਮ-ਬ-ਕਦਮ ਬਪਤਿਸਮੇ ਤਕ ਪਹੁੰਚ ਸਕਦਾ ਹੈ। ਪਹਿਲਾ, ਵਿਦਿਆਰਥੀ ਯਹੋਵਾਹ ਨੂੰ ਜਾਣ ਕੇ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ’ਤੇ ਨਿਹਚਾ ਜ਼ਾਹਰ ਕਰਦਾ ਹੈ। (ਯੂਹੰ. 3:16; 17:3) ਫਿਰ ਵਿਦਿਆਰਥੀ ਯਹੋਵਾਹ ਦਾ ਦੋਸਤ ਬਣਦਾ ਹੈ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਰਿਸ਼ਤਾ ਜੋੜਦਾ ਹੈ। (ਇਬ. 10:24, 25; ਯਾਕੂ. 4:8) ਇਸ ਤੋਂ ਬਾਅਦ, ਵਿਦਿਆਰਥੀ ਬੁਰੇ ਕੰਮ ਛੱਡ ਦਿੰਦਾ ਹੈ ਅਤੇ ਆਪਣੇ ਪਾਪਾਂ ਤੋਂ ਤੋਬਾ ਕਰਦਾ ਹੈ। (ਰਸੂ. 3:19) ਨਾਲੇ ਉਹ ਆਪਣੇ ਵਿਸ਼ਵਾਸਾਂ ਬਾਰੇ ਵੀ ਦੂਜਿਆਂ ਨੂੰ ਦੱਸਦਾ ਹੈ। (2 ਕੁਰਿੰ. 4:13) ਫਿਰ ਉਹ ਯਹੋਵਾਹ ਅੱਗੇ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦਾ ਹੈ। (1 ਪਤ. 3:21; 4:2) ਇਹ ਸਾਰਿਆਂ ਲਈ ਕਿੰਨਾ ਹੀ ਖ਼ੁਸ਼ੀਆਂ ਭਰਿਆ ਦਿਨ ਹੁੰਦਾ ਹੈ! ਜਦੋਂ ਵਿਦਿਆਰਥੀ ਆਪਣੇ ਟੀਚੇ ਵੱਲ ਵਧਣ ਲਈ ਕੋਈ ਵੀ ਕਦਮ ਚੁੱਕਦਾ ਹੈ, ਤਾਂ ਦਿਲੋਂ ਉਸ ਦੀ ਤਾਰੀਫ਼ ਕਰੋ ਅਤੇ ਉਸ ਨੂੰ ਸੱਚਾਈ ਵਿਚ ਤਰੱਕੀ ਕਰਦੇ ਰਹਿਣ ਦੀ ਹੱਲਾਸ਼ੇਰੀ ਦਿਓ।

ਸਮੇਂ-ਸਮੇਂ ’ਤੇ ਦੇਖੋ ਕਿ ਵਿਦਿਆਰਥੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ

14. ਇਕ ਸਿੱਖਿਅਕ ਆਪਣੇ ਵਿਦਿਆਰਥੀ ਦੀ ਤਰੱਕੀ ਬਾਰੇ ਕਿਵੇਂ ਜਾਣ ਸਕਦਾ ਹੈ?

14 ਵਿਦਿਆਰਥੀ ਦੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕਰਨ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਪਰ ਇਕ ਸਮੇਂ ’ਤੇ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੈ ਜਾਂ ਨਹੀਂ। ਕੀ ਤੁਸੀਂ ਵਿਦਿਆਰਥੀ ਦੇ ਕੰਮਾਂ ਤੋਂ ਦੇਖ ਸਕਦੇ ਹੋ ਕਿ ਉਹ ਯਿਸੂ ਦੇ ਹੁਕਮਾਂ ’ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ? ਜਾਂ ਕੀ ਉਹ ਸਿਰਫ਼ ਬਾਈਬਲ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹੈ?

15. ਇਕ ਸਿੱਖਿਅਕ ਕਿੱਦਾਂ ਜਾਣ ਸਕਦਾ ਹੈ ਕਿ ਉਸ ਦੇ ਵਿਦਿਆਰਥੀ ਨੇ ਤਰੱਕੀ ਕੀਤੀ ਹੈ ਜਾਂ ਨਹੀਂ?

15 ਵਿਦਿਆਰਥੀ ਜੋ ਤਰੱਕੀ ਕਰ ਰਿਹਾ ਹੈ, ਉਸ ਬਾਰੇ ਬਾਕਾਇਦਾ ਸੋਚੋ। ਮਿਸਾਲ ਲਈ, ਕੀ ਉਹ ਦੱਸਦਾ ਹੈ ਕਿ ਉਹ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਕੀ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ? (ਜ਼ਬੂ. 116:1, 2) ਕੀ ਉਸ ਨੂੰ ਬਾਈਬਲ ਪੜ੍ਹ ਕੇ ਮਜ਼ਾ ਆਉਂਦਾ ਹੈ? (ਜ਼ਬੂ. 119:97) ਕੀ ਉਹ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ? (ਜ਼ਬੂ. 22:22) ਕੀ ਉਸ ਨੇ ਆਪਣੀ ਜ਼ਿੰਦਗੀ ਵਿਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਹਨ? (ਜ਼ਬੂ. 119:112) ਕੀ ਉਸ ਨੇ ਸਿੱਖੀਆਂ ਗੱਲਾਂ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣਾ ਸ਼ੁਰੂ ਕੀਤਾ ਹੈ? (ਜ਼ਬੂ. 9:1) ਸਭ ਤੋਂ ਜ਼ਰੂਰੀ ਸਵਾਲ: ਕੀ ਉਹ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ? (ਜ਼ਬੂ. 40:8) ਜੇ ਵਿਦਿਆਰਥੀ ਇਨ੍ਹਾਂ ਗੱਲਾਂ ਵਿਚ ਤਰੱਕੀ ਨਹੀਂ ਕਰ ਰਿਹਾ, ਤਾਂ ਸਮਝਦਾਰੀ ਨਾਲ ਇਸ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰੋ। ਫਿਰ ਇਸ ਮਾਮਲੇ ਬਾਰੇ ਉਸ ਨਾਲ ਪਿਆਰ ਨਾਲ, ਪਰ ਸਿੱਧੀ-ਸਿੱਧੀ ਗੱਲ ਕਰੋ। *

16. ਕਿਹੜੀਆਂ ਗੱਲਾਂ ਤੋਂ ਪਤਾ ਲੱਗ ਸਕਦਾ ਹੈ ਕਿ ਇਕ ਬਾਈਬਲ ਸਟੱਡੀ ਬੰਦ ਕਰ ਦੇਣੀ ਚਾਹੀਦੀ ਹੈ?

16 ਸਮੇਂ-ਸਮੇਂ ’ਤੇ ਇਹ ਜਾਂਚ ਕਰਦੇ ਰਹੋ ਕਿ ਤੁਹਾਨੂੰ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ। ਖ਼ੁਦ ਨੂੰ ਪੁੱਛੋ: ‘ਕੀ ਵਿਦਿਆਰਥੀ ਸਟੱਡੀ ਦੀ ਤਿਆਰੀ ਨਹੀਂ ਕਰਦਾ? ਕੀ ਉਸ ਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਪਸੰਦ ਨਹੀਂ ਹੈ? ਕੀ ਉਸ ਵਿਚ ਹਾਲੇ ਵੀ ਮਾੜੀਆਂ ਆਦਤਾਂ ਹਨ? ਕੀ ਉਹ ਅਜੇ ਵੀ ਕਿਸੇ ਝੂਠੇ ਧਰਮ ਦਾ ਮੈਂਬਰ ਹੈ?’ ਜੇ ਹਾਂ, ਤਾਂ ਉਸ ਦੀ ਸਟੱਡੀ ਜਾਰੀ ਰੱਖਣੀ ਇੱਦਾਂ ਹੋਵੇਗੀ ਜਿਵੇਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਤੈਰਨਾ ਸਿਖਾ ਰਹੇ ਹੋਈਏ ਜੋ ਗਿੱਲਾ ਹੀ ਨਹੀਂ ਹੋਣਾ ਚਾਹੁੰਦਾ। ਜੇ ਵਿਦਿਆਰਥੀ ਸਿੱਖੀਆਂ ਗੱਲਾਂ ਦੀ ਕੋਈ ਕਦਰ ਨਹੀਂ ਕਰਦਾ ਅਤੇ ਤਬਦੀਲੀਆਂ ਕਰਨ ਲਈ ਤਿਆਰ ਨਹੀਂ ਹੈ, ਤਾਂ ਕੀ ਉਸ ਦੀ ਸਟੱਡੀ ਕਰਾਉਣ ਦਾ ਕੋਈ ਫ਼ਾਇਦਾ ਹੈ?

17. ਪਹਿਲਾ ਤਿਮੋਥਿਉਸ 4:16 ਮੁਤਾਬਕ ਸਾਰੇ ਬਾਈਬਲ ਸਿੱਖਿਅਕਾਂ ਨੂੰ ਕੀ ਕਰਨਾ ਚਾਹੀਦਾ ਹੈ?

17 ਅਸੀਂ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਤਰੱਕੀ ਕਰ ਕੇ ਬਪਤਿਸਮਾ ਲੈਣ ਵਿਚ ਮਦਦ ਕਰਨੀ ਚਾਹੁੰਦੇ ਹਾਂ। ਇਸ ਲਈ ਅਸੀਂ ਬਾਈਬਲ ਨੂੰ ਸਿਖਾਉਣ ਦਿੰਦੇ ਹਾਂ ਅਤੇ ਪੂਰੇ ਜੋਸ਼ ਤੇ ਵਿਸ਼ਵਾਸ ਨਾਲ ਸਿਖਾਉਂਦੇ ਹਾਂ। ਅਸੀਂ ਵਿਦਿਆਰਥੀ ਨੂੰ ਮੰਡਲੀ ਵਿਚ ਦੋਸਤ ਬਣਾਉਣ ਦੀ ਹੱਲਾਸ਼ੇਰੀ ਦਿੰਦੇ ਹਾਂ। ਨਾਲੇ ਅਸੀਂ ਸਮੇਂ-ਸਮੇਂ ’ਤੇ ਵਿਦਿਆਰਥੀ ਦੀ ਤਰੱਕੀ ਦੀ ਜਾਂਚ ਕਰਦੇ ਹਾਂ ਅਤੇ ਸਮਰਪਣ ਤੇ ਬਪਤਿਸਮੇ ਦੇ ਟੀਚੇ ’ਤੇ ਜ਼ੋਰ ਦਿੰਦੇ ਹਾਂ। (“ ਵਿਦਿਆਰਥੀਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰਨ ਲਈ ਸਿੱਖਿਅਕਾਂ ਨੂੰ ਕੀ ਕਰਨ ਦੀ ਲੋੜ ਹੈ?” ਨਾਂ ਦੀ ਡੱਬੀ ਦੇਖੋ।) ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਜ਼ਿੰਦਗੀਆਂ ਬਚਾਉਣ ਵਾਲੇ ਕੰਮ ਵਿਚ ਹਿੱਸਾ ਲੈ ਸਕਦੇ ਹਾਂ! ਆਓ ਆਪਾਂ ਆਪਣੇ ਬਾਈਬਲ ਵਿਦਿਆਰਥੀ ਦੀ ਪੂਰੀ ਵਾਹ ਲਾ ਕੇ ਮਦਦ ਕਰੀਏ ਤਾਂਕਿ ਉਹ ਬਪਤਿਸਮਾ ਲੈ ਸਕੇ।

ਗੀਤ 7 ਸਮਰਪਣ ਦਾ ਵਾਅਦਾ

^ ਪੈਰਾ 5 ਬਾਈਬਲ ਸਟੱਡੀ ਕਰਾਉਂਦਿਆਂ ਸਾਡੇ ਕੋਲ ਇਕ ਖ਼ਾਸ ਸਨਮਾਨ ਹੈ। ਅਸੀਂ ਆਪਣੇ ਵਿਦਿਆਰਥੀਆਂ ਦੀ ਉਸ ਤਰੀਕੇ ਨਾਲ ਸੋਚਣ ਅਤੇ ਕੰਮ ਕਰਨ ਵਿਚ ਮਦਦ ਕਰ ਸਕਦੇ ਹਾਂ ਜਿੱਦਾਂ ਯਹੋਵਾਹ ਚਾਹੁੰਦਾ ਹੈ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਆਪਣੀ ਸਿਖਾਉਣ ਦੀ ਕਲਾ ਨੂੰ ਕਿਵੇਂ ਨਿਖਾਰ ਸਕਦੇ ਹਾਂ।

^ ਪੈਰਾ 4 ਸਤੰਬਰ 2016 ਦੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ “ਸਟੱਡੀ ਕਰਾਉਂਦੇ ਸਮੇਂ ਇਹ ਗ਼ਲਤੀਆਂ ਕਰਨ ਤੋਂ ਬਚੋ” ਨਾਂ ਦਾ ਲੇਖ ਦੇਖੋ।

^ ਪੈਰਾ 8 “ਸਾਡੇ ਬਾਰੇ” > “ਤਜਰਬੇ” ’ਤੇ ਜਾਓ।

^ ਪੈਰਾ 9 JW ਲਾਇਬ੍ਰੇਰੀ ਵਿਚ MEDIA > OUR MEETINGS AND MINISTRY > TOOLS FOR THE MINISTRY ਹੇਠਾਂ ਦੇਖੋ।

^ ਪੈਰਾ 77 ਤਸਵੀਰਾਂ ਬਾਰੇ ਜਾਣਕਾਰੀ: ਬਾਈਬਲ ਸਟੱਡੀ ਕਰਾਉਣ ਤੋਂ ਕੁਝ ਸਮੇਂ ਬਾਅਦ ਤਜਰਬੇਕਾਰ ਭੈਣ ਸਟੱਡੀ ਕਰਾਉਣ ਵਾਲੀ ਭੈਣ ਦੀ ਮਦਦ ਕਰਦੀ ਹੋਈ ਕਿ ਉਹ ਸਟੱਡੀ ਦੌਰਾਨ ਜ਼ਿਆਦਾ ਬੋਲਣ ਤੋਂ ਕਿਵੇਂ ਬਚ ਸਕਦੀ ਹੈ।

^ ਪੈਰਾ 79 ਤਸਵੀਰਾਂ ਬਾਰੇ ਜਾਣਕਾਰੀ: ਸਟੱਡੀ ਦੌਰਾਨ ਵਿਦਿਆਰਥੀ ਨੇ ਚੰਗੀ ਪਤਨੀ ਬਣਨਾ ਸਿੱਖਿਆ ਅਤੇ ਬਾਅਦ ਵਿਚ ਸਿੱਖੀਆਂ ਗੱਲਾਂ ਆਪਣੇ ਪਤੀ ਨੂੰ ਦੱਸਦੀ ਹੋਈ।

^ ਪੈਰਾ 81 ਤਸਵੀਰਾਂ ਬਾਰੇ ਜਾਣਕਾਰੀ: ਵਿਦਿਆਰਥੀ ਅਤੇ ਉਸ ਦਾ ਪਤੀ ਇਕ ਜੋੜੇ ਦੇ ਘਰ ਸੰਗਤੀ ਦਾ ਆਨੰਦ ਮਾਣਦੇ ਹੋਏ ਜਿਸ ਨੂੰ ਉਹ ਕਿੰਗਡਮ ਹਾਲ ਵਿਚ ਮਿਲੀ ਸੀ।