Skip to content

Skip to table of contents

ਜੀਵਨੀ

“ਯਹੋਵਾਹ ਨੇ ਮੈਨੂੰ ਯਾਦ ਰੱਖਿਆ”

“ਯਹੋਵਾਹ ਨੇ ਮੈਨੂੰ ਯਾਦ ਰੱਖਿਆ”

ਮੈਂ ਓਰੀਲਾ ਨਾਂ ਦੇ ਪਿੰਡ ਵਿਚ ਰਹਿੰਦਾ ਹਾਂ ਜਿਸ ਵਿਚ ਲਗਭਗ 2,000 ਲੋਕ ਰਹਿੰਦੇ ਹਨ। ਇਹ ਦੱਖਣੀ ਅਮਰੀਕਾ ਦੇ ਗੀਆਨਾ ਵਿਚ ਹੈ। ਇਹ ਪਿੰਡ ਦੂਰ-ਦੁਰਾਡੇ ਇਲਾਕੇ ਵਿਚ ਹੈ ਜਿੱਥੇ ਸਿਰਫ਼ ਛੋਟੇ ਜਹਾਜ਼ ਜਾਂ ਕਿਸ਼ਤੀ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਮੇਰਾ ਜਨਮ 1983 ਵਿਚ ਹੋਇਆ ਸੀ। ਬਚਪਨ ਵਿਚ ਮੈਂ ਸਿਹਤਮੰਦ ਸੀ, ਪਰ 10 ਸਾਲਾਂ ਦੀ ਉਮਰ ਵਿਚ ਮੇਰੇ ਪੂਰੇ ਸਰੀਰ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ। ਲਗਭਗ ਦੋ ਸਾਲਾਂ ਬਾਅਦ ਜਦੋਂ ਮੈਂ ਇਕ ਦਿਨ ਸਵੇਰੇ ਉੱਠਿਆ, ਤਾਂ ਮੇਰੇ ਤੋਂ ਹਿਲ ਨਹੀਂ ਹੋਇਆ। ਚਾਹੇ ਮੈਂ ਆਪਣੀਆਂ ਲੱਤਾਂ ਨੂੰ ਹਿਲਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਵਿਚ ਕੋਈ ਤਾਕਤ ਨਹੀਂ ਬਚੀ ਸੀ। ਉਸ ਦਿਨ ਤੋਂ ਮੈਂ ਦੁਬਾਰਾ ਤੁਰ ਨਹੀਂ ਸਕਿਆ। ਬੀਮਾਰੀ ਕਰਕੇ ਮੈਂ ਵਧਿਆ ਨਹੀਂ। ਅੱਜ ਵੀ ਮੈਂ ਇਕ ਬੱਚੇ ਵਰਗਾ ਹੀ ਹਾਂ।

ਮੈਂ ਕੁਝ ਮਹੀਨਿਆਂ ਤਕ ਘਰੋਂ ਬਾਹਰ ਨਹੀਂ ਗਿਆ। ਫਿਰ ਦੋ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਜਦੋਂ ਵੀ ਕੋਈ ਸਾਡੇ ਘਰ ਆਉਂਦਾ ਸੀ, ਤਾਂ ਮੈਂ ਲੁਕ ਜਾਂਦਾ ਸੀ। ਪਰ ਉਸ ਦਿਨ ਮੈਂ ਉਨ੍ਹਾਂ ਔਰਤਾਂ ਨਾਲ ਗੱਲ ਕੀਤੀ। ਜਦੋਂ ਉਹ ਨਵੀਂ ਦੁਨੀਆਂ ਬਾਰੇ ਗੱਲ ਕਰ ਰਹੀਆਂ ਸਨ, ਤਾਂ ਮੈਨੂੰ ਯਾਦ ਆਇਆ ਕਿ ਪਹਿਲਾਂ ਵੀ ਮੈਂ ਇਹੀ ਗੱਲ ਸੁਣੀ ਸੀ। ਜਦੋਂ ਮੈਂ ਪੰਜ ਸਾਲਾਂ ਦਾ ਸੀ, ਤਾਂ ਸੂਰੀਨਾਮ ਤੋਂ ਜੈੱਥਰੋ ਨਾਂ ਦਾ ਮਿਸ਼ਨਰੀ ਇਕ ਮਹੀਨੇ ਲਈ ਸਾਡੇ ਪਿੰਡ ਆਇਆ ਸੀ ਅਤੇ ਉਸ ਨੇ ਮੇਰੇ ਪਿਤਾ ਜੀ ਨਾਲ ਅਧਿਐਨ ਕੀਤਾ ਸੀ। ਜੈੱਥਰੋ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ ਤੇ ਮੈਨੂੰ ਵੀ ਉਹ ਬਹੁਤ ਚੰਗਾ ਲੱਗਦਾ ਸੀ। ਨਾਲੇ ਮੇਰੇ ਦਾਦਾ-ਦਾਦੀ ਮੈਨੂੰ ਗਵਾਹਾਂ ਦੀਆਂ ਕੁਝ ਸਭਾਵਾਂ ਵਿਚ ਵੀ ਲੈ ਕੇ ਗਏ ਸਨ ਜੋ ਸਾਡੇ ਪਿੰਡ ਵਿਚ ਹੁੰਦੀਆਂ ਸਨ। ਸੋ ਜਦੋਂ ਉਸ ਦਿਨ ਫਲੋਰੈਂਸ ਨਾਂ ਦੀ ਇਕ ਔਰਤ ਨੇ ਮੈਨੂੰ ਅਧਿਐਨ ਕਰਨ ਬਾਰੇ ਪੁੱਛਿਆ, ਤਾਂ ਮੈਂ ਹਾਂ ਕਹਿ ਦਿੱਤੀ।

ਫਲੋਰੈਂਸ ਆਪਣੇ ਪਤੀ ਜਸਟਸ ਨਾਲ ਸਾਡੇ ਘਰ ਆਈ ਅਤੇ ਉਨ੍ਹਾਂ ਨੇ ਮੇਰੇ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ, ਤਾਂ ਉਨ੍ਹਾਂ ਨੇ ਮੈਨੂੰ ਪੜ੍ਹਨਾ ਸਿਖਾਇਆ। ਕੁਝ ਸਮੇਂ ਬਾਅਦ ਮੈਨੂੰ ਪੜ੍ਹਨਾ ਆ ਗਿਆ। ਇਕ ਦਿਨ ਉਸ ਜੋੜੇ ਨੇ ਮੈਨੂੰ ਦੱਸਿਆ ਕਿ ਹੁਣ ਉਹ ਸੂਰੀਨਾਮ ਜਾ ਕੇ ਸੇਵਾ ਕਰਨਗੇ। ਦੁੱਖ ਦੀ ਗੱਲ ਹੈ ਕਿ ਹੁਣ ਓਰੀਲਾ ਵਿਚ ਕੋਈ ਨਹੀਂ ਸੀ ਜੋ ਮੈਨੂੰ ਬਾਈਬਲ ਸਟੱਡੀ ਕਰਵਾ ਸਕੇ। ਪਰ ਯਹੋਵਾਹ ਨੇ ਮੈਨੂੰ ਯਾਦ ਰੱਖਿਆ।

ਇਸ ਤੋਂ ਜਲਦੀ ਬਾਅਦ ਫਲੋਇਡ ਨਾਂ ਦਾ ਪਾਇਨੀਅਰ ਓਰੀਲਾ ਵਿਚ ਆਇਆ ਅਤੇ ਉਹ ਮੈਨੂੰ ਝੌਂਪੜੀ ਤੋਂ ਝੌਂਪੜੀ ਪ੍ਰਚਾਰ ਕਰਦਿਆਂ ਮਿਲਿਆ। ਜਦੋਂ ਉਸ ਨੇ ਮੈਨੂੰ ਬਾਈਬਲ ਸਟੱਡੀ ਬਾਰੇ ਪੁੱਛਿਆ, ਤਾਂ ਮੈਂ ਮੁਸਕਰਾਇਆ। ਉਸ ਨੇ ਪੁੱਛਿਆ: “ਤੂੰ ਮੁਸਕਰਾ ਕਿਉਂ ਰਿਹਾ?” ਮੈਂ ਉਸ ਨੂੰ ਦੱਸਿਆ ਕਿ ਮੈਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਖ਼ਤਮ ਕਰ ਲਿਆ ਹੈ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਕਿਤਾਬ ਸ਼ੁਰੂ ਕਰ ਲਈ ਸੀ। ਮੈਂ ਉਸ ਨੂੰ ਸਟੱਡੀ ਬੰਦ ਹੋਣ ਦਾ ਕਾਰਨ ਦੱਸਿਆ। ਫਲੋਇਡ ਨੇ ਗਿਆਨ ਕਿਤਾਬ ਤੋਂ ਮੈਨੂੰ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ, ਪਰ ਫਿਰ ਉਸ ਨੂੰ ਵੀ ਕਿਤੇ ਹੋਰ ਸੇਵਾ ਕਰਨ ਲਈ ਭੇਜ ਦਿੱਤਾ ਗਿਆ। ਫਿਰ ਤੋਂ ਮੈਨੂੰ ਸਟੱਡੀ ਕਰਾਉਣ ਵਾਲਾ ਕੋਈ ਨਹੀਂ ਸੀ।

ਪਰ 2004 ਵਿਚ ਗਰਾਨਵਿਲ ਤੇ ਜੌਸ਼ੁਆ ਨਾਂ ਦੇ ਦੋ ਸਪੈਸ਼ਲ ਪਾਇਨੀਅਰਾਂ ਨੂੰ ਓਰੀਲਾ ਵਿਚ ਭੇਜਿਆ ਗਿਆ। ਉਹ ਮੈਨੂੰ ਝੌਂਪੜੀ ਤੋਂ ਝੌਂਪੜੀ ਪ੍ਰਚਾਰ ਕਰਦਿਆਂ ਮਿਲੇ। ਜਦੋਂ ਉਨ੍ਹਾਂ ਨੇ ਮੈਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ, ਤਾਂ ਮੈਂ ਮੁਸਕਰਾਇਆ। ਮੈਂ ਉਨ੍ਹਾਂ ਨੂੰ ਗਿਆਨ ਕਿਤਾਬ ਤੋਂ ਸ਼ੁਰੂ ਤੋਂ ਸਟੱਡੀ ਕਰਵਾਉਣ ਲਈ ਕਿਹਾ। ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਵੀ ਮੈਨੂੰ ਪਹਿਲੇ ਸਿੱਖਿਅਕਾਂ ਵਾਂਗ ਹੀ ਉਹੀ ਗੱਲਾਂ ਸਿਖਾਉਣਗੇ ਜਾਂ ਨਹੀਂ। ਗਰਾਨਵਿਲ ਨੇ ਮੈਨੂੰ ਦੱਸਿਆ ਕਿ ਪਿੰਡ ਵਿਚ ਸਭਾਵਾਂ ਹੁੰਦੀਆਂ ਹਨ। ਭਾਵੇਂ ਮੈਂ 10 ਸਾਲਾਂ ਤੋਂ ਘਰੋਂ ਬਾਹਰ ਨਹੀਂ ਗਿਆ ਸੀ, ਪਰ ਮੈਂ ਸਭਾਵਾਂ ਵਿਚ ਹਾਜ਼ਰ ਹੋਣਾ ਚਾਹੁੰਦਾ ਸੀ। ਇਸ ਲਈ ਗਰਾਨਵਿਲ ਸਾਡੇ ਘਰ ਆਇਆ ਅਤੇ ਮੈਨੂੰ ਵੀਲ੍ਹ-ਚੇਅਰ ’ਤੇ ਬਿਠਾ ਕੇ ਕਿੰਗਡਮ ਹਾਲ ਲੈ ਗਿਆ।

ਸਮੇਂ ਦੇ ਬੀਤਣ ਨਾਲ, ਗਰਾਨਵਿਲ ਨੇ ਮੈਨੂੰ ਬਾਈਬਲ ਸਿਖਲਾਈ ਸਕੂਲ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ: “ਭਾਵੇਂ ਤੂੰ ਤੁਰ ਨਹੀਂ ਸਕਦਾ, ਪਰ ਬੋਲ ਤਾਂ ਸਕਦਾ ਹੈਂ। ਇਕ ਦਿਨ ਤੂੰ ਪਬਲਿਕ ਭਾਸ਼ਣ ਦੇਵੇਂਗਾ। ਤੂੰ ਜ਼ਰੂਰ ਦੇਵੇਂਗਾ।” ਉਸ ਦੇ ਹੌਸਲੇ ਭਰੇ ਸ਼ਬਦਾਂ ਤੋਂ ਮੇਰਾ ਭਰੋਸਾ ਵਧਿਆ।

ਮੈਂ ਗਰਾਨਵਿਲ ਨਾਲ ਪ੍ਰਚਾਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪਰ ਪਿੰਡ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਣ ਕਰਕੇ ਵੀਲ੍ਹ-ਚੇਅਰ ਚਲਾਉਣੀ ਸੌਖੀ ਨਹੀਂ ਸੀ। ਇਸ ਲਈ ਮੈਂ ਗਰਾਨਵਿਲ ਨੂੰ ਕਿਹਾ ਕਿ ਉਹ ਮੈਨੂੰ ਠੇਲੇ ਵਿਚ ਬਿਠਾ ਕੇ ਲਿਜਾਇਆ ਕਰੇ। ਇਹ ਤਰੀਕਾ ਵਧੀਆ ਰਿਹਾ। ਅਪ੍ਰੈਲ 2005 ਵਿਚ ਮੈਂ ਬਪਤਿਸਮਾ ਲੈ ਲਿਆ। ਇਸ ਤੋਂ ਜਲਦੀ ਬਾਅਦ ਭਰਾਵਾਂ ਨੇ ਮੈਨੂੰ ਕਿੰਗਡਮ ਹਾਲ ਵਿਚ ਪ੍ਰਕਾਸ਼ਨਾਂ ਦੀ ਸਾਂਭ-ਸੰਭਾਲ ਕਰਨ ਅਤੇ ਸਾਊਂਡ ਸਿਸਟਮ ਚਲਾਉਣ ਦੀ ਸਿਖਲਾਈ ਦਿੱਤੀ।

ਦੁੱਖ ਦੀ ਗੱਲ ਹੈ ਕਿ 2007 ਵਿਚ ਮੇਰੇ ਪਿਤਾ ਜੀ ਦੀ ਕਿਸ਼ਤੀ ਵਿਚ ਦੁਰਘਟਨਾ ਹੋਣ ਨਾਲ ਮੌਤ ਹੋ ਗਈ। ਮੇਰੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ। ਗਰਾਨਵਿਲ ਨੇ ਸਾਡੇ ਨਾਲ ਪ੍ਰਾਰਥਨਾ ਕੀਤੀ ਅਤੇ ਸਾਨੂੰ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਆਇਤਾਂ ਪੜ੍ਹਾਈਆਂ। ਦੋ ਸਾਲਾਂ ਬਾਅਦ ਸਾਨੂੰ ਇਕ ਹੋਰ ਝਟਕਾ ਲੱਗਾ। ਗਰਾਨਵਿਲ ਦੀ ਵੀ ਕਿਸ਼ਤੀ ਵਿਚ ਦੁਰਘਟਨਾ ਹੋਣ ਨਾਲ ਮੌਤ ਹੋ ਗਈ।

ਸਾਡੀ ਮੰਡਲੀ ਲਈ ਇਹ ਬਹੁਤ ਦੁੱਖ ਦੀ ਗੱਲ ਸੀ। ਹੁਣ ਮੰਡਲੀ ਵਿਚ ਨਾ ਕੋਈ ਬਜ਼ੁਰਗ ਸੀ ਤੇ ਨਾ ਹੀ ਕੋਈ ਸਹਾਇਕ ਸੇਵਕ। ਗਰਾਨਵਿਲ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਲੱਗਾ ਕਿਉਂਕਿ ਉਹ ਮੇਰਾ ਜਿਗਰੀ ਦੋਸਤ ਸੀ। ਉਸ ਨੇ ਹਮੇਸ਼ਾ ਮੇਰੀ ਯਹੋਵਾਹ ਦੇ ਨੇੜੇ ਜਾਣ ਅਤੇ ਮੇਰੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਕੀਤੀ ਸੀ। ਉਸ ਦੀ ਮੌਤ ਤੋਂ ਬਾਅਦ ਮੰਡਲੀ ਦੀ ਅਗਲੀ ਸਭਾ ਵਿਚ ਮੈਂ ਪਹਿਰਾਬੁਰਜ ਪੜ੍ਹਨਾ ਸੀ। ਮੈਂ ਪਹਿਲੇ ਦੋ ਪੈਰੇ ਪੜ੍ਹੇ, ਪਰ ਫਿਰ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਮੈਂ ਆਪਣੇ ਹੰਝੂ ਨਾ ਰੋਕ ਸਕਿਆ। ਇਸ ਲਈ ਮੈਨੂੰ ਸਟੇਜ ਤੋਂ ਥੱਲੇ ਆਉਣਾ ਪਿਆ।

ਮੈਨੂੰ ਉਦੋਂ ਖ਼ੁਸ਼ੀ ਹੁੰਦੀ ਸੀ ਜਦੋਂ ਹੋਰ ਮੰਡਲੀਆਂ ਤੋਂ ਭੈਣ-ਭਰਾ ਸਾਡੀ ਮੰਡਲੀ ਵਿਚ ਮਦਦ ਕਰਨ ਲਈ ਆਉਂਦੇ ਸਨ। ਨਾਲੇ ਬ੍ਰਾਂਚ ਆਫ਼ਿਸ ਨੇ ਕੋਜੋ ਨਾਂ ਦੇ ਭਰਾ ਨੂੰ ਸਪੈਸ਼ਲ ਪਾਇਨੀਅਰ ਵਜੋਂ ਸਾਡੀ ਮੰਡਲੀ ਵਿਚ ਭੇਜਿਆ। ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਮੇਰੇ ਮੰਮੀ ਜੀ ਤੇ ਮੇਰੇ ਛੋਟੇ ਭਰਾ ਨੇ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਬਪਤਿਸਮਾ ਲੈ ਲਿਆ। ਫਿਰ ਮਾਰਚ 2015 ਵਿਚ ਮੈਨੂੰ ਸਹਾਇਕ ਸੇਵਕ ਨਿਯੁਕਤ ਕੀਤਾ ਗਿਆ। ਕੁਝ ਸਮੇਂ ਬਾਅਦ ਮੈਂ ਆਪਣਾ ਪਹਿਲਾ ਪਬਲਿਕ ਭਾਸ਼ਣ ਦਿੱਤਾ। ਉਸ ਦਿਨ ਮੇਰੀਆਂ ਅੱਖਾਂ ਖ਼ੁਸ਼ੀ ਨਾਲ ਭਰ ਆਈਆਂ ਤੇ ਮੈਂ ਕਈ ਸਾਲ ਪਹਿਲਾਂ ਕਹੀ ਗਰਾਨਵਿਲ ਦੀ ਗੱਲ ਬਾਰੇ ਸੋਚਿਆ: “ਇਕ ਦਿਨ ਤੂੰ ਪਬਲਿਕ ਭਾਸ਼ਣ ਦੇਵੇਂਗਾ। ਤੂੰ ਜ਼ਰੂਰ ਦੇਵੇਂਗਾ।”

JW ਬ੍ਰਾਡਕਾਸਟਿੰਗ ਜ਼ਰੀਏ ਮੈਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਜਾਣਿਆ ਜਿਹੜੇ ਮੇਰੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਭਾਵੇਂ ਕਿ ਉਹ ਅਪਾਹਜ ਹਨ, ਪਰ ਫਿਰ ਵੀ ਉਹ ਪਰਮੇਸ਼ੁਰ ਦੀ ਸੇਵਾ ਵਿਚ ਹਿੱਸਾ ਲੈ ਕੇ ਖ਼ੁਸ਼ ਹਨ। ਮੇਰੀ ਇੱਛਾ ਸੀ ਕਿ ਮੈਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਾਂ। ਇਸ ਲਈ ਮੈਂ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਸਤੰਬਰ 2019 ਵਿਚ ਇਕ ਖ਼ਬਰ ਮਿਲੀ ਜਿਸ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀ! ਉਸ ਮਹੀਨੇ ਮੈਨੂੰ ਮੰਡਲੀ ਵਿਚ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ ਜਿਸ ਵਿਚ ਲਗਭਗ 40 ਪ੍ਰਚਾਰਕ ਸਨ।

ਮੈਂ ਉਨ੍ਹਾਂ ਪਿਆਰੇ ਭੈਣਾਂ-ਭਰਾਵਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਨਾਲ ਸਟੱਡੀ ਕੀਤੀ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਮੇਰੀ ਮਦਦ ਕੀਤੀ। ਪਰ ਮੈਂ ਯਹੋਵਾਹ ਦਾ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਯਾਦ ਰੱਖਿਆ।

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ।