Skip to content

Skip to table of contents

ਅਧਿਐਨ ਲੇਖ 51

“ਯਹੋਵਾਹ . . . ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ”

“ਯਹੋਵਾਹ . . . ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ”

“ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲੇ ਮਨਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂ. 34:18, NW.

ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ

ਖ਼ਾਸ ਗੱਲਾਂ *

1-2. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

ਕਦੀ-ਕਦਾਈਂ ਅਸੀਂ ਸ਼ਾਇਦ ਸੋਚੀਏ ਕਿ ਸਾਡੀ ਜ਼ਿੰਦਗੀ ਪਲ ਭਰ ਦੀ ਹੈ ਅਤੇ ਉਹ ਵੀ ‘ਬਿਪਤਾ ਨਾਲ ਭਰੀ ਹੋਈ।’ (ਅੱਯੂ. 14:1) ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਸਮੇਂ-ਸਮੇਂ ’ਤੇ ਨਿਰਾਸ਼ ਹੋ ਜਾਂਦੇ ਹਾਂ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਸੇਵਕਾਂ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਕਈਆਂ ਨੇ ਤਾਂ ਮੌਤ ਵੀ ਮੰਗੀ। (1 ਰਾਜ. 19:2-4; ਅੱਯੂ. 3:1-3, 11; 7:15, 16) ਪਰ ਯਹੋਵਾਹ ਨੇ ਉਨ੍ਹਾਂ ਨੂੰ ਵਾਰ-ਵਾਰ ਦਿਲਾਸਾ ਦਿੱਤਾ ਅਤੇ ਤਕੜਾ ਕੀਤਾ। ਬਾਈਬਲ ਵਿਚ ਉਨ੍ਹਾਂ ਦੀ ਮਿਸਾਲ ਸਾਨੂੰ ਦਿਲਾਸਾ ਅਤੇ ਸਿਖਲਾਈ ਦੇਣ ਲਈ ਦਰਜ ਕੀਤੀ ਗਈ ਹੈ।—ਰੋਮੀ. 15:4.

2 ਇਸ ਲੇਖ ਵਿਚ ਅਸੀਂ ਯਹੋਵਾਹ ਦੇ ਕੁਝ ਪੁਰਾਣੇ ਸਮੇਂ ਦੇ ਸੇਵਕਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਨੇ ਨਿਰਾਸ਼ ਕਰਨ ਵਾਲੀਆਂ ਔਖੀਆਂ ਘੜੀਆਂ ਦਾ ਸਾਮ੍ਹਣਾ ਕੀਤਾ, ਜਿਵੇਂ ਕਿ ਯਾਕੂਬ ਦਾ ਪੁੱਤਰ ਯੂਸੁਫ਼, ਵਿਧਵਾ ਨਾਓਮੀ ਅਤੇ ਉਸ ਦੀ ਨੂੰਹ ਰੂਥ, ਲੇਵੀ ਜਿਸ ਨੇ 73ਵਾਂ ਜ਼ਬੂਰ ਲਿਖਿਆ ਅਤੇ ਪਤਰਸ ਰਸੂਲ। ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਤਕੜਾ ਕੀਤਾ? ਨਾਲੇ ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਸਾਡਾ ਭਰੋਸਾ ਹੋਰ ਵਧੇਗਾ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ,” ਅਤੇ ਉਹ “ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂ. 34:18.

ਯੂਸੁਫ਼ ਨੇ ਘੋਰ ਅਨਿਆਂ ਸਹੇ

3-4. ਯੂਸੁਫ਼ ਨੇ ਛੋਟੀ ਉਮਰ ਵਿਚ ਹੀ ਕਿਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕੀਤਾ?

3 ਲਗਭਗ 17 ਸਾਲਾਂ ਦੀ ਉਮਰ ਵਿਚ ਪਰਮੇਸ਼ੁਰ ਨੇ ਯੂਸੁਫ਼ ਨੂੰ ਦੋ ਸੁਪਨੇ ਦਿਖਾਏ। ਇਨ੍ਹਾਂ ਸੁਪਨਿਆਂ ਦਾ ਮਤਲਬ ਸੀ ਕਿ ਇਕ ਦਿਨ ਯੂਸੁਫ਼ ਨੇ ਵੱਡਾ ਆਦਮੀ ਬਣਨਾ ਸੀ ਜਿਸ ਕਰਕੇ ਪਰਿਵਾਰ ਵਿਚ ਉਸ ਦਾ ਆਦਰ ਹੋਣਾ ਸੀ। (ਉਤ. 37:5-10) ਪਰ ਇਨ੍ਹਾਂ ਸੁਪਨਿਆਂ ਤੋਂ ਜਲਦ ਬਾਅਦ ਯੂਸੁਫ਼ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ। ਉਸ ਸਮੇਂ ਯੂਸੁਫ਼ ਦੇ ਭਰਾਵਾਂ ਨੇ ਉਸ ਦਾ ਆਦਰ ਕਰਨ ਦੀ ਬਜਾਇ ਉਸ ਨੂੰ ਵੇਚ ਦਿੱਤਾ ਅਤੇ ਉਹ ਮਿਸਰ ਵਿਚ ਪੋਟੀਫ਼ਰ ਨਾਂ ਦੇ ਮੰਤਰੀ ਦਾ ਗ਼ੁਲਾਮ ਬਣ ਗਿਆ। (ਉਤ. 37:21-28) ਯੂਸੁਫ਼ ਦੀ ਜ਼ਿੰਦਗੀ ਕੁਝ ਪਲਾਂ ਵਿਚ ਹੀ ਬਦਲ ਗਈ, ਕਿੱਥੇ ਤਾਂ ਉਹ ਪਹਿਲਾਂ ਆਪਣੇ ਪਿਤਾ ਦਾ ਲਾਡਲਾ ਹੁੰਦਾ ਸੀ ਅਤੇ ਹੁਣ ਉਹ ਮਿਸਰ ਵਿਚ ਇਕ ਗ਼ੁਲਾਮ ਸੀ।—ਉਤ. 39:1.

4 ਹੁਣ ਯੂਸੁਫ਼ ’ਤੇ ਹੋਰ ਮੁਸ਼ਕਲਾਂ ਦਾ ਪਹਾੜ ਟੁੱਟਣ ਵਾਲਾ ਸੀ। ਪੋਟੀਫ਼ਰ ਦੀ ਪਤਨੀ ਨੇ ਉਸ ’ਤੇ ਬਲਾਤਕਾਰ ਕਰਨ ਦਾ ਝੂਠਾ ਇਲਜ਼ਾਮ ਲਾਇਆ। ਪੋਟੀਫ਼ਰ ਨੇ ਪੁੱਛ-ਗਿੱਛ ਕੀਤੇ ਬਿਨਾਂ ਹੀ ਯੂਸੁਫ਼ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ ਅਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਵਾ ਦਿੱਤਾ। (ਉਤ. 39:14-20; ਜ਼ਬੂ. 105:17, 18) ਜ਼ਰਾ ਸੋਚੋ ਕਿ ਆਪਣੇ ’ਤੇ ਝੂਠਾ ਇਲਜ਼ਾਮ ਲੱਗਣ ਕਰਕੇ ਯੂਸੁਫ਼ ਨੇ ਕਿੱਦਾਂ ਮਹਿਸੂਸ ਕੀਤਾ ਹੋਣਾ। ਨਾਲੇ ਸੋਚੋ ਕਿ ਇਸ ਕਰਕੇ ਯਹੋਵਾਹ ਦੇ ਨਾਂ ਦੀ ਕਿੰਨੀ ਬਦਨਾਮੀ ਹੋਈ ਹੋਣੀ। ਬਿਨਾਂ ਸ਼ੱਕ, ਯੂਸੁਫ਼ ਕੋਲ ਨਿਰਾਸ਼ ਹੋਣ ਦੇ ਕਈ ਕਾਰਨ ਸਨ।

5. ਯੂਸੁਫ਼ ਨਿਰਾਸ਼ਾ ਵਿੱਚੋਂ ਬਾਹਰ ਕਿਵੇਂ ਨਿਕਲ ਸਕਿਆ?

5 ਜਦੋਂ ਯੂਸੁਫ਼ ਗ਼ੁਲਾਮੀ ਅਤੇ ਕੈਦ ਵਿਚ ਸੀ, ਤਾਂ ਉਹ ਆਪਣੇ ਹਾਲਾਤਾਂ ਨੂੰ ਬਦਲਣ ਲਈ ਕੁਝ ਵੀ ਨਹੀਂ ਕਰ ਸਕਦਾ ਸੀ। ਪਰ ਉਹ ਸਹੀ ਨਜ਼ਰੀਆ ਕਿਵੇਂ ਰੱਖ ਸਕਿਆ? ਉਸ ਨੇ ਇਸ ਗੱਲ ’ਤੇ ਧਿਆਨ ਨਹੀਂ ਲਾਇਆ ਕਿ ਉਹ ਕੀ ਨਹੀਂ ਕਰ ਸਕਦਾ ਸੀ, ਸਗੋਂ ਉਸ ਨੇ ਉਹ ਕੰਮ ਕਰਨ ਵਿਚ ਸਖ਼ਤ ਮਿਹਨਤ ਕੀਤੀ ਜੋ ਉਹ ਕਰ ਸਕਦਾ ਸੀ। ਪਰ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਸ ਨੇ ਆਪਣਾ ਧਿਆਨ ਯਹੋਵਾਹ ਨੂੰ ਖ਼ੁਸ਼ ਕਰਨ ’ਤੇ ਲਾਈ ਰੱਖਿਆ। ਇਸ ਕਰਕੇ ਯਹੋਵਾਹ ਨੇ ਯੂਸੁਫ਼ ਦੇ ਹਰ ਕੰਮ ’ਤੇ ਬਰਕਤ ਪਾਈ।—ਉਤ. 39:21-23.

6. ਯੂਸੁਫ਼ ਨੂੰ ਸ਼ਾਇਦ ਆਪਣੇ ਸੁਪਨਿਆਂ ਤੋਂ ਹੌਸਲਾ ਕਿਵੇਂ ਮਿਲਿਆ ਹੋਣਾ?

6 ਯੂਸੁਫ਼ ਨੂੰ ਸ਼ਾਇਦ ਕਈ ਸਾਲ ਪਹਿਲਾਂ ਆਏ ਸੁਪਨਿਆਂ ’ਤੇ ਸੋਚ-ਵਿਚਾਰ ਕਰ ਕੇ ਵੀ ਹੌਸਲਾ ਮਿਲਿਆ ਹੋਣਾ। ਇਨ੍ਹਾਂ ਤੋਂ ਉਸ ਨੂੰ ਉਮੀਦ ਮਿਲੀ ਹੋਣੀ ਕਿ ਉਹ ਆਪਣੇ ਪਰਿਵਾਰ ਨੂੰ ਦੁਬਾਰਾ ਮਿਲੇਗਾ ਅਤੇ ਉਸ ਦੇ ਹਾਲਾਤ ਸੁਧਰਨਗੇ ਤੇ ਇਸੇ ਤਰ੍ਹਾਂ ਹੋਇਆ ਵੀ। ਜਦੋਂ ਯੂਸੁਫ਼ 37 ਸਾਲਾਂ ਦਾ ਸੀ, ਤਾਂ ਉਸ ਦੇ ਸੁਪਨੇ ਸ਼ਾਨਦਾਰ ਤਰੀਕੇ ਨਾਲ ਪੂਰੇ ਹੋਣੇ ਸ਼ੁਰੂ ਹੋਏ।—ਉਤ. 37:7, 9, 10; 42:6, 9.

7. ਪਹਿਲਾ ਪਤਰਸ 5:10 ਅਨੁਸਾਰ ਅਜ਼ਮਾਇਸ਼ਾਂ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

7 ਸਾਡੇ ਲਈ ਸਬਕ। ਯੂਸੁਫ਼ ਦੀ ਕਹਾਣੀ ਤੋਂ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਇਹ ਦੁਨੀਆਂ ਬੇਰਹਿਮ ਹੈ ਅਤੇ ਲੋਕ ਸਾਡੇ ਨਾਲ ਬੁਰਾ ਸਲੂਕ ਕਰਨਗੇ ਤੇ ਸ਼ਾਇਦ ਸਾਡੇ ਭੈਣ-ਭਰਾ ਵੀ ਸਾਨੂੰ ਦੁੱਖ ਪਹੁੰਚਾਉਣ। ਪਰ ਜੇ ਅਸੀਂ ਯਹੋਵਾਹ ਨੂੰ ਆਪਣੀ ਚਟਾਨ ਜਾਂ ਆਪਣਾ ਗੜ੍ਹ ਸਮਝਾਂਗੇ, ਤਾਂ ਅਸੀਂ ਕਦੇ ਵੀ ਹੌਸਲਾ ਨਹੀਂ ਹਾਰਾਂਗੇ ਜਾਂ ਉਸ ਦੀ ਸੇਵਾ ਕਰਨੀ ਨਹੀਂ ਛੱਡਾਂਗੇ। (ਜ਼ਬੂ. 62:6, 7; 1 ਪਤਰਸ 5:10 ਪੜ੍ਹੋ।) ਨਾਲੇ ਯਾਦ ਕਰੋ ਕਿ ਯਹੋਵਾਹ ਨੇ ਯੂਸੁਫ਼ ਵੱਲ ਉਦੋਂ ਖ਼ਾਸ ਧਿਆਨ ਦਿੱਤਾ ਜਦੋਂ ਉਹ ਲਗਭਗ 17 ਸਾਲਾਂ ਦਾ ਹੀ ਸੀ। ਬਿਨਾਂ ਸ਼ੱਕ, ਯਹੋਵਾਹ ਨੂੰ ਆਪਣੇ ਨੌਜਵਾਨ ਸੇਵਕਾਂ ’ਤੇ ਪੂਰਾ ਭਰੋਸਾ ਹੈ। ਅੱਜ ਯੂਸੁਫ਼ ਦੀ ਤਰ੍ਹਾਂ ਬਹੁਤ ਸਾਰੇ ਨੌਜਵਾਨ ਯਹੋਵਾਹ ’ਤੇ ਨਿਹਚਾ ਕਰਦੇ ਹਨ। ਕੁਝ ਨੌਜਵਾਨਾਂ ਨੂੰ ਇਸ ਲਈ ਜੇਲ੍ਹ ਵਿਚ ਸੁੱਟਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ।—ਜ਼ਬੂ. 110:3.

ਦੁੱਖ ਦੀਆਂ ਮਾਰੀਆਂ ਦੋ ਔਰਤਾਂ

8. ਨਾਓਮੀ ਅਤੇ ਰੂਥ ਨਾਲ ਕੀ ਹੋਇਆ?

8 ਸਖ਼ਤ ਕਾਲ਼ ਪੈਣ ਕਰਕੇ ਨਾਓਮੀ ਤੇ ਉਸ ਦਾ ਪਰਿਵਾਰ ਯਹੂਦਾਹ ਵਿਚ ਆਪਣਾ ਘਰ ਛੱਡ ਕੇ ਮੋਆਬ ਵਿਚ ਪਰਦੇਸੀਆਂ ਵਜੋਂ ਰਹਿਣ ਚਲੇ ਗਏ। ਉੱਥੇ ਨਾਓਮੀ ਦੇ ਪਤੀ ਅਲੀਮਲਕ ਦੀ ਮੌਤ ਹੋਣ ਤੋਂ ਬਾਅਦ ਨਾਓਮੀ ਤੇ ਉਸ ਦੇ ਦੋ ਮੁੰਡੇ ਹੀ ਰਹਿ ਗਏ। ਸਮੇਂ ਦੇ ਬੀਤਣ ਨਾਲ, ਦੋਵਾਂ ਮੁੰਡਿਆਂ ਨੇ ਰੂਥ ਤੇ ਆਰਪਾਹ ਨਾਂ ਦੀਆਂ ਮੋਆਬੀ ਔਰਤਾਂ ਨਾਲ ਵਿਆਹ ਕਰਾ ਲਏ। ਲਗਭਗ 10 ਸਾਲਾਂ ਬਾਅਦ ਨਾਓਮੀ ਦੇ ਮੁੰਡੇ ਬੇਔਲਾਦ ਹੀ ਮਰ ਗਏ। (ਰੂਥ 1:1-5) ਜ਼ਰਾ ਸੋਚੋ ਕਿ ਇਹ ਤਿੰਨੇ ਔਰਤਾਂ ਕਿੰਨਾ ਜ਼ਿਆਦਾ ਦੁਖੀ ਹੋਈਆਂ ਹੋਣੀਆਂ! ਬਿਨਾਂ ਸ਼ੱਕ, ਰੂਥ ਅਤੇ ਆਰਪਾਹ ਵਿਆਹ ਕਰਵਾ ਸਕਦੀਆਂ ਸਨ। ਪਰ ਸਿਆਣੀ ਉਮਰ ਦੀ ਨਾਓਮੀ ਦੀ ਦੇਖ-ਭਾਲ ਕਿਸ ਨੇ ਕਰਨੀ ਸੀ? ਇਕ ਵਾਰ ਨਾਓਮੀ ਇੰਨੀ ਜ਼ਿਆਦਾ ਦੁਖੀ ਹੋ ਗਈ ਕਿ ਉਸ ਨੇ ਕਿਹਾ: “ਮੈਨੂੰ ਨਾਓਮੀ ਨਾ ਆਖੋ। ਮੈਨੂੰ ਮਾਰਾ ਆਖੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ।” ਨਾਓਮੀ ਇਨ੍ਹਾਂ ਦੁੱਖਾਂ ਨਾਲ ਬੈਤਲਹਮ ਵਾਪਸ ਚਲੀ ਗਈ ਅਤੇ ਰੂਥ ਵੀ ਉਸ ਦੇ ਨਾਲ ਹੀ ਸੀ।—ਰੂਥ 1:7, 18-20.

ਪਰਮੇਸ਼ੁਰ ਨੇ ਨਾਓਮੀ ਅਤੇ ਰੂਥ ਨੂੰ ਦਿਖਾਇਆ ਕਿ ਉਹ ਆਪਣੇ ਸੇਵਕਾਂ ਦੀ ਨਿਰਾਸ਼ਾ ਵਿੱਚੋਂ ਨਿਕਲਣ ਵਿਚ ਮਦਦ ਕਰ ਸਕਦਾ ਹੈ। ਕੀ ਉਹ ਤੁਹਾਡੀ ਵੀ ਮਦਦ ਕਰ ਸਕਦਾ ਹੈ? (ਪੈਰੇ 8-13 ਦੇਖੋ) *

9. ਰੂਥ 1:16, 17, 22 ਅਨੁਸਾਰ ਰੂਥ ਨੇ ਨਾਓਮੀ ਨੂੰ ਹੌਸਲਾ ਕਿਵੇਂ ਦਿੱਤਾ?

9 ਪਿਆਰ ਨੇ ਨਾਓਮੀ ਦੀ ਸਭ ਕੁਝ ਸਹਿਣ ਵਿਚ ਮਦਦ ਕੀਤੀ। ਮਿਸਾਲ ਲਈ, ਪਿਆਰ ਕਰਕੇ ਰੂਥ ਨੇ ਨਾਓਮੀ ਦਾ ਸਾਥ ਨਹੀਂ ਛੱਡਿਆ। (ਰੂਥ 1:16, 17, 22 ਪੜ੍ਹੋ।) ਬੈਤਲਹਮ ਵਿਚ, ਰੂਥ ਨੇ ਆਪਣੇ ਅਤੇ ਨਾਓਮੀ ਲਈ ਜੌਆਂ ਦੇ ਸਿੱਟੇ ਇਕੱਠੇ ਕਰਨ ਵਿਚ ਸਖ਼ਤ ਮਿਹਨਤ ਕੀਤੀ। ਨਤੀਜੇ ਵਜੋਂ, ਜਲਦੀ ਹੀ ਰੂਥ ਨੇ ਲੋਕਾਂ ਦੀਆਂ ਨਜ਼ਰਾਂ ਵਿਚ ਨੇਕਨਾਮੀ ਖੱਟੀ।—ਰੂਥ 3:11; 4:15.

10. ਯਹੋਵਾਹ ਨੇ ਨਾਓਮੀ ਅਤੇ ਰੂਥ ਵਰਗੇ ਗ਼ਰੀਬ ਲੋਕਾਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

10 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਇਕ ਕਾਨੂੰਨ ਦਿੱਤਾ ਸੀ ਜਿਸ ਤੋਂ ਜ਼ਾਹਰ ਹੋਇਆ ਕਿ ਉਹ ਨਾਓਮੀ ਅਤੇ ਰੂਥ ਵਰਗੇ ਗ਼ਰੀਬ ਲੋਕਾਂ ਦੀ ਪਰਵਾਹ ਕਰਦਾ ਹੈ। ਉਸ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਖੇਤਾਂ ਦੀਆਂ ਨੁੱਕਰਾਂ ਤੋਂ ਫ਼ਸਲ ਨਾ ਵੱਢਣ। ਉਹ ਗ਼ਰੀਬਾਂ ਲਈ ਛੱਡੀ ਜਾਣੀ ਚਾਹੀਦੀ ਸੀ। (ਲੇਵੀ. 19:9, 10) ਇਸ ਕਰਕੇ ਨਾਓਮੀ ਤੇ ਰੂਥ ਨੂੰ ਰੋਟੀ ਲਈ ਕਿਸੇ ਅੱਗੇ ਹੱਥ ਨਹੀਂ ਅੱਡਣੇ ਪਏ ਸਨ।

11-12. ਬੋਅਜ਼ ਕਰਕੇ ਨਾਓਮੀ ਤੇ ਰੂਥ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

11 ਰੂਥ ਨੇ ਬੋਅਜ਼ ਨਾਂ ਦੇ ਅਮੀਰ ਆਦਮੀ ਦੇ ਖੇਤ ਵਿੱਚੋਂ ਸਿੱਟੇ ਚੁਗੇ ਸਨ। ਰੂਥ ਦੀ ਵਫ਼ਾਦਾਰੀ ਤੇ ਪਿਆਰ ਦੇਖ ਕੇ ਬੋਅਜ਼ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਰੂਥ ਨਾਲ ਵਿਆਹ ਕਰਾ ਲਿਆ ਅਤੇ ਨਾਓਮੀ ਦੇ ਪਰਿਵਾਰ ਦੀ ਖ਼ਾਨਦਾਨੀ ਜ਼ਮੀਨ ਛੁਡਾ ਲਈ। (ਰੂਥ 4:9-13) ਬੋਅਜ਼ ਤੇ ਰੂਥ ਦੇ ਘਰ ਇਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਓਬੇਦ ਸੀ ਤੇ ਉਹ ਰਾਜਾ ਦਾਊਦ ਦਾ ਦਾਦਾ ਬਣਿਆ।—ਰੂਥ 4:17.

12 ਜ਼ਰਾ ਕਲਪਨਾ ਕਰੋ ਕਿ ਨਾਓਮੀ ਕਿੰਨੀ ਜ਼ਿਆਦਾ ਖ਼ੁਸ਼ ਹੋਈ ਹੋਣੀ ਜਦੋਂ ਉਸ ਨੇ ਓਬੇਦ ਨੂੰ ਚੁੱਕਿਆ ਹੋਣਾ ਅਤੇ ਯਹੋਵਾਹ ਦਾ ਦਿਲੋਂ ਧੰਨਵਾਦ ਕੀਤਾ ਹੋਣਾ! ਪਰ ਨਾਓਮੀ ਅਤੇ ਰੂਥ ਨੂੰ ਅਜੇ ਇਸ ਤੋਂ ਵੀ ਵਧੀਆ ਬਰਕਤ ਮਿਲਣੀ ਸੀ। ਜਦੋਂ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਓਬੇਦ ਵਾਅਦਾ ਕੀਤੇ ਹੋਏ ਮਸੀਹ, ਯਿਸੂ ਦਾ ਪੂਰਵਜ ਸੀ।

13. ਅਸੀਂ ਨਾਓਮੀ ਤੇ ਰੂਥ ਦੇ ਬਿਰਤਾਂਤ ਤੋਂ ਕਿਹੜੇ ਅਹਿਮ ਸਬਕ ਸਿੱਖ ਸਕਦੇ ਹਾਂ?

13 ਸਾਡੇ ਲਈ ਸਬਕ। ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਸ਼ਾਇਦ ਨਿਰਾਸ਼ ਜਾਂ ਪੂਰੀ ਤਰ੍ਹਾਂ ਟੁੱਟੇ ਹੋਏ ਮਹਿਸੂਸ ਕਰੀਏ। ਸ਼ਾਇਦ ਸਾਨੂੰ ਇਨ੍ਹਾਂ ਵਿੱਚੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਾ ਆਵੇ। ਇਸ ਤਰ੍ਹਾਂ ਦੇ ਸਮਿਆਂ ਵਿਚ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ’ਤੇ ਪੂਰਾ ਭਰੋਸਾ ਰੱਖਣਾ ਅਤੇ ਆਪਣੇ ਭੈਣਾਂ-ਭਰਾਵਾਂ ਦੇ ਨੇੜੇ ਰਹਿਣਾ ਚਾਹੀਦਾ ਹੈ। ਦਰਅਸਲ, ਯਹੋਵਾਹ ਸ਼ਾਇਦ ਸਾਡੀ ਅਜ਼ਮਾਇਸ਼ ਨੂੰ ਖ਼ਤਮ ਨਾ ਕਰੇ, ਜਿਵੇਂ ਕਿ ਉਸ ਨੇ ਨਾਓਮੀ ਦੇ ਪਤੀ ਤੇ ਪੁੱਤਰਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਸੀ। ਪਰ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ। ਕਦੀ-ਕਦਾਈਂ ਉਹ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ।—ਕਹਾ. 17:17.

ਇਕ ਲੇਵੀ ਜੋ ਸਹੀ ਰਾਹ ਤੋਂ ਭਟਕਣ ਹੀ ਵਾਲਾ ਸੀ

ਯਹੋਵਾਹ ਦੀ ਸੇਵਾ ਨਾ ਕਰਨ ਵਾਲਿਆਂ ਦੀ ਸਫ਼ਲਤਾ ਦੇਖ ਕੇ 73ਵੇਂ ਜ਼ਬੂਰ ਦਾ ਲਿਖਾਰੀ ਗ਼ਲਤ ਰਾਹ ਪੈਣ ਹੀ ਵਾਲਾ ਸੀ। ਇੱਦਾਂ ਸਾਡੇ ਨਾਲ ਵੀ ਹੋ ਸਕਦਾ ਹੈ (ਪੈਰੇ 14-16 ਦੇਖੋ)

14. ਇਕ ਲੇਵੀ ਹੱਦੋਂ ਵੱਧ ਨਿਰਾਸ਼ ਕਿਉਂ ਹੋ ਗਿਆ?

14 ਜ਼ਬੂਰ 73 ਇਕ ਲੇਵੀ ਨੇ ਲਿਖਿਆ ਸੀ। ਲੇਵੀ ਹੋਣ ਕਰਕੇ ਉਸ ਕੋਲ ਪਰਮੇਸ਼ੁਰ ਦੇ ਮੰਦਰ ਵਿਚ ਸੇਵਾ ਕਰਨ ਦਾ ਸਨਮਾਨ ਸੀ। ਪਰ ਇਕ ਸਮੇਂ ’ਤੇ ਉਹ ਵੀ ਨਿਰਾਸ਼ ਹੋ ਗਿਆ। ਕਿਉਂ? ਕਿਉਂਕਿ ਉਹ ਦੁਸ਼ਟ ਅਤੇ ਘਮੰਡੀ ਲੋਕਾਂ ਨਾਲ ਈਰਖਾ ਕਰਨ ਲੱਗ ਪਿਆ। ਉਹ ਉਨ੍ਹਾਂ ਦੇ ਮਾੜੇ ਕੰਮਾਂ ਕਰਕੇ ਨਹੀਂ, ਸਗੋਂ ਉਨ੍ਹਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਦੇਖ ਕੇ ਨਿਰਾਸ਼ ਹੋ ਗਿਆ। (ਜ਼ਬੂਰ 73:2-9, 11-14) ਉਸ ਨੂੰ ਲੱਗਦਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਸੀ ਤੇ ਨਾ ਹੀ ਕਿਸੇ ਗੱਲ ਦੀ ਚਿੰਤਾ ਸੀ। ਇਸ ਕਰਕੇ ਜ਼ਬੂਰਾਂ ਦਾ ਲਿਖਾਰੀ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਕਿਹਾ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” ਇਸ ਸੋਚ ਕਰਕੇ ਉਸ ਦੇ ਕਦਮ ਲੜਖੜਾ ਸਕਦੇ ਸਨ।

15. ਜ਼ਬੂਰ 73:16-19, 22-25 ਅਨੁਸਾਰ ਲੇਵੀ ਨਿਰਾਸ਼ਾ ਵਿੱਚੋਂ ਬਾਹਰ ਕਿੱਦਾਂ ਨਿਕਲ ਸਕਿਆ?

15 ਜ਼ਬੂਰ 73:16-19, 22-25 ਪੜ੍ਹੋ। ਜਦੋਂ ਇਹ ਲੇਵੀ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਵਿਚ ਗਿਆ, ਤਾਂ ਉੱਥੇ ਉਹ ਸ਼ਾਂਤ ਮਨ ਨਾਲ ਆਪਣੇ ਹਾਲਾਤਾਂ ਬਾਰੇ ਸੋਚ ਸਕਿਆ ਅਤੇ ਉਨ੍ਹਾਂ ਬਾਰੇ ਪ੍ਰਾਰਥਨਾ ਕਰ ਸਕਿਆ। ਨਤੀਜੇ ਵਜੋਂ, ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਗ਼ਲਤ ਸੋਚ ਕਰਕੇ ਯਹੋਵਾਹ ਤੋਂ ਦੂਰ ਹੋ ਸਕਦਾ ਸੀ। ਉਹ ਸਮਝ ਗਿਆ ਕਿ ਦੁਸ਼ਟ “ਤਿਲਕਣਿਆਂ ਥਾਂਵਾਂ” ’ਤੇ ਖੜ੍ਹੇ ਹਨ ਅਤੇ ਉਹ “ਉੱਜੜ” ਜਾਣਗੇ। ਈਰਖਾ ਅਤੇ ਨਿਰਾਸ਼ਾ ਨਾਲ ਲੜਨ ਲਈ ਇਸ ਲੇਵੀ ਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਦੀ ਲੋੜ ਸੀ। ਇਸ ਕਰਕੇ ਉਸ ਨੂੰ ਫਿਰ ਤੋਂ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੀ। ਉਸ ਨੇ ਕਿਹਾ: “ਧਰਤੀ ਉੱਤੇ [ਯਹੋਵਾਹ] ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।”

16. ਅਸੀਂ ਲੇਵੀ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

16 ਸਾਡੇ ਲਈ ਸਬਕ। ਆਓ ਆਪਾਂ ਕਦੇ ਵੀ ਦੁਸ਼ਟ ਲੋਕਾਂ ਨਾਲ ਈਰਖਾ ਨਾ ਕਰੀਏ, ਜੋ ਸਿਰਫ਼ ਦੇਖਣ ਨੂੰ ਹੀ ਖ਼ੁਸ਼ ਲੱਗਦੇ ਹਨ। ਉਨ੍ਹਾਂ ਦੀ ਖ਼ੁਸ਼ੀ ਪਲ ਭਰ ਦੀ ਹੈ ਅਤੇ ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। (ਉਪ. 8:12, 13) ਉਨ੍ਹਾਂ ਨਾਲ ਈਰਖਾ ਕਰ ਕੇ ਅਸੀਂ ਨਿਰਾਸ਼ ਹੋ ਸਕਦੇ ਹਾਂ ਅਤੇ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ। ਸੋ ਜੇ ਤੁਸੀਂ ਵੀ ਦੁਸ਼ਟਾਂ ਨਾਲ ਈਰਖਾ ਕਰਨ ਲੱਗ ਪੈਂਦੇ ਹੋ, ਤਾਂ ਉਸ ਲੇਵੀ ਦੀ ਰੀਸ ਕਰੋ। ਯਹੋਵਾਹ ਦੀ ਸਲਾਹ ਮੰਨੋ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਵਾਲਿਆਂ ਨਾਲ ਸੰਗਤੀ ਕਰੋ। ਜਦੋਂ ਤੁਸੀਂ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੋਗੇ, ਤਾਂ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ। ਨਾਲੇ ਤੁਸੀਂ “ਅਸਲੀ ਜ਼ਿੰਦਗੀ” ਦੇ ਰਾਹ ’ਤੇ ਚੱਲਦੇ ਰਹਿ ਸਕੋਗੇ।—1 ਤਿਮੋ. 6:19.

ਪਤਰਸ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਗਿਆ

ਨਿਰਾਸ਼ ਹੋਣ ਤੇ ਪਤਰਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਉਸ ਦੀ ਮਿਸਾਲ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਹਿੰਮਤ ਮਿਲ ਸਕਦੀ ਹੈ ਅਤੇ ਅਸੀਂ ਦੂਜਿਆਂ ਨੂੰ ਹੌਸਲਾ ਦੇ ਸਕਦੇ ਹਾਂ (ਪੈਰੇ 17-19 ਦੇਖੋ)

17. ਪਤਰਸ ਕਿਨ੍ਹਾਂ ਕਾਰਨਾਂ ਕਰਕੇ ਹੱਦੋਂ ਵੱਧ ਨਿਰਾਸ਼ ਹੋ ਗਿਆ?

17 ਪਤਰਸ ਰਸੂਲ ਇਕ ਜੋਸ਼ੀਲਾ ਵਿਅਕਤੀ ਸੀ, ਪਰ ਕਦੇ-ਕਦੇ ਉਹ ਬਿਨਾਂ ਸੋਚੇ-ਸਮਝੇ ਕੁਝ ਕਹਿ ਦਿੰਦਾ ਸੀ। ਨਤੀਜੇ ਵਜੋਂ, ਉਹ ਝੱਟ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਦਿੰਦਾ ਸੀ ਤੇ ਬਾਅਦ ਵਿਚ ਉਸ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਦਾ ਪਛਤਾਵਾ ਹੁੰਦਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਦੱਸਿਆ ਕਿ ਉਹ ਦੁੱਖ ਝੱਲੇਗਾ ਤੇ ਮਰ ਜਾਵੇਗਾ, ਤਾਂ ਪਤਰਸ ਨੇ ਉਸ ਨੂੰ ਝਿੜਕ ਕੇ ਕਿਹਾ: “ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” (ਮੱਤੀ 16:21-23) ਫਿਰ ਯਿਸੂ ਨੇ ਉਸ ਦੀ ਸੋਚ ਸੁਧਾਰੀ। ਜਦੋਂ ਇਕ ਭੀੜ ਯਿਸੂ ਨੂੰ ਗਿਰਫ਼ਤਾਰ ਕਰਨ ਆਈ, ਤਾਂ ਪਤਰਸ ਨੇ ਬਿਨਾਂ ਸੋਚੇ-ਸਮਝੇ ਮਹਾਂ ਪੁਜਾਰੀ ਦੇ ਨੌਕਰ ਦਾ ਕੰਨ ਵੱਢ ਸੁੱਟਿਆ। (ਯੂਹੰ. 18:10, 11) ਯਿਸੂ ਨੇ ਫਿਰ ਉਸ ਨੂੰ ਸੁਧਾਰਿਆ। ਨਾਲੇ ਥੋੜ੍ਹੀ ਦੇਰ ਪਹਿਲਾਂ ਪਤਰਸ ਨੇ ਸ਼ੇਖ਼ੀ ਮਾਰੀ ਸੀ ਕਿ ਭਾਵੇਂ ਦੂਜੇ ਰਸੂਲ ਮਸੀਹ ਨੂੰ ਛੱਡ ਜਾਣ, ਪਰ ਉਹ ਉਸ ਨੂੰ ਕਦੇ ਨਹੀਂ ਛੱਡੇਗਾ। (ਮੱਤੀ 26:33) ਪਰ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਹੋਣ ਕਰਕੇ ਪਤਰਸ ਇਨਸਾਨਾਂ ਦੇ ਡਰ ਹੇਠ ਆ ਗਿਆ ਅਤੇ ਉਸ ਨੇ ਆਪਣੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕੀਤਾ। ਪਤਰਸ ਹੱਦੋਂ ਵੱਧ ਨਿਰਾਸ਼ ਹੋ ਗਿਆ ਅਤੇ “ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।” (ਮੱਤੀ 26:69-75) ਉਸ ਨੇ ਸੋਚਿਆ ਹੋਣਾ, ‘ਕੀ ਯਿਸੂ ਮੈਨੂੰ ਕਦੇ ਮਾਫ਼ ਕਰੇਗਾ?’

18. ਯਿਸੂ ਨੇ ਪਤਰਸ ਦੀ ਨਿਰਾਸ਼ਾ ਵਿੱਚੋਂ ਨਿਕਲਣ ਵਿਚ ਕਿੱਦਾਂ ਮਦਦ ਕੀਤੀ?

18 ਪਰ ਪਤਰਸ ਨਿਰਾਸ਼ਾ ਦੇ ਸਮੁੰਦਰ ਵਿਚ ਨਹੀਂ ਡੁੱਬਿਆ। ਭਾਵੇਂ ਕਿ ਉਸ ਨੇ ਗ਼ਲਤੀ ਕੀਤੀ ਸੀ, ਪਰ ਉਸ ਨੇ ਖ਼ੁਦ ਨੂੰ ਸੰਭਾਲਿਆ ਅਤੇ ਬਾਕੀ ਰਸੂਲਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ। (ਯੂਹੰ. 21:1-3; ਰਸੂ. 1:15, 16) ਕਿਨ੍ਹਾਂ ਗੱਲਾਂ ਕਰਕੇ ਉਹ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਸਕਿਆ? ਪਤਰਸ ਨੂੰ ਯਾਦ ਆਇਆ ਹੋਣਾ ਕਿ ਯਿਸੂ ਨੇ ਉਸ ਲਈ ਪ੍ਰਾਰਥਨਾ ਕੀਤੀ ਸੀ ਕਿ ਉਹ ਨਿਹਚਾ ਕਰਨੀ ਨਾ ਛੱਡੇ ਅਤੇ ਉਸ ਨੂੰ ਤਾਕੀਦ ਕੀਤੀ ਸੀ ਕਿ ਉਹ ਤੋਬਾ ਕਰ ਕੇ ਮੁੜ ਆਵੇ ਤੇ ਆਪਣੇ ਭਰਾਵਾਂ ਨੂੰ ਤਕੜਾ ਕਰੇ। ਯਹੋਵਾਹ ਨੇ ਯਿਸੂ ਦੀ ਦਿਲੋਂ ਕੀਤੀ ਗਈ ਪ੍ਰਾਰਥਨਾ ਦਾ ਜਵਾਬ ਦਿੱਤਾ। ਬਾਅਦ ਵਿਚ, ਯਿਸੂ ਪਤਰਸ ਸਾਮ੍ਹਣੇ ਪ੍ਰਗਟ ਹੋਇਆ। ਬਿਨਾਂ ਸ਼ੱਕ, ਉਹ ਉਸ ਨੂੰ ਹੌਸਲਾ ਦੇਣ ਆਇਆ ਸੀ। (ਲੂਕਾ 22:32; 24:33, 34; 1 ਕੁਰਿੰ. 15:5) ਯਿਸੂ ਉਦੋਂ ਵੀ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆ ਸੀ ਜਦੋਂ ਉਹ ਪੂਰੀ ਰਾਤ ਇਕ ਵੀ ਮੱਛੀ ਨਾ ਫੜ ਸਕੇ। ਉਸ ਸਮੇਂ ਯਿਸੂ ਨੇ ਪਤਰਸ ਨੂੰ ਆਪਣਾ ਪਿਆਰ ਜ਼ਾਹਰ ਕਰਨ ਦਾ ਮੌਕਾ ਦਿੱਤਾ। ਯਿਸੂ ਨੇ ਆਪਣੇ ਪਿਆਰੇ ਦੋਸਤ ਨੂੰ ਮਾਫ਼ ਕੀਤਾ ਅਤੇ ਉਸ ਨੂੰ ਹੋਰ ਜ਼ਿੰਮੇਵਾਰੀਆਂ ਸੌਂਪੀਆਂ।—ਯੂਹੰ. 21:15-17.

19. ਅਸੀਂ ਜ਼ਬੂਰ 103:13, 14 ਮੁਤਾਬਕ ਆਪਣੀਆਂ ਗ਼ਲਤੀਆਂ ਬਾਰੇ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

19 ਸਾਡੇ ਲਈ ਸਬਕ। ਯਿਸੂ ਜਿੱਦਾਂ ਪਤਰਸ ਨਾਲ ਪੇਸ਼ ਆਇਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਿਤਾ ਵਾਂਗ ਦਇਆਵਾਨ ਹੈ। ਸੋ ਜਦੋਂ ਸਾਡੇ ਤੋਂ ਗ਼ਲਤੀਆਂ ਹੁੰਦੀਆਂ ਹਨ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਯਾਦ ਰੱਖੋ, ਸ਼ੈਤਾਨ ਤਾਂ ਚਾਹੁੰਦਾ ਹੈ ਕਿ ਅਸੀਂ ਇੱਦਾਂ ਸੋਚੀਏ। ਪਰ ਆਓ ਅਸੀਂ ਆਪਣੇ ਬਾਰੇ ਅਤੇ ਉਨ੍ਹਾਂ ਬਾਰੇ ਸਾਡੇ ਰਹਿਮਦਿਲ ਸਵਰਗੀ ਪਿਤਾ ਵਰਗਾ ਨਜ਼ਰੀਆ ਰੱਖੀਏ ਜੋ ਸਾਨੂੰ ਠੇਸ ਪਹੁੰਚਾਉਂਦੇ ਹਨ।—ਜ਼ਬੂਰ 103:13, 14 ਪੜ੍ਹੋ।

20. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

20 ਯੂਸੁਫ਼, ਨਾਓਮੀ ਤੇ ਰੂਥ, ਲੇਵੀ ਅਤੇ ਪਤਰਸ ਦੀਆਂ ਮਿਸਾਲਾਂ ਤੋਂ ਸਾਡਾ ਭਰੋਸਾ ਵਧਦਾ ਹੈ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” (ਜ਼ਬੂ. 34:18) ਉਹ ਕਦੀ-ਕਦੀ ਸਾਡੇ ’ਤੇ ਅਜ਼ਮਾਇਸ਼ਾਂ ਆਉਣ ਦਿੰਦਾ ਹੈ ਜਿਨ੍ਹਾਂ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ। ਪਰ ਜਦੋਂ ਅਸੀਂ ਯਹੋਵਾਹ ਦੀ ਮਦਦ ਨਾਲ ਅਜ਼ਮਾਇਸ਼ਾਂ ਨੂੰ ਸਹਿੰਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। (1 ਪਤ. 1:6, 7) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਦਾ ਸਾਥ ਕਿਵੇਂ ਦਿੰਦਾ ਹੈ ਜੋ ਆਪਣੀਆਂ ਗ਼ਲਤੀਆਂ ਜਾਂ ਮੁਸ਼ਕਲਾਂ ਆਉਣ ਕਰਕੇ ਨਿਰਾਸ਼ ਹੋ ਜਾਂਦੇ ਹਨ।

ਗੀਤ 23 ਯਹੋਵਾਹ ਸਾਡਾ ਬਲ

^ ਪੇਰਗ੍ਰੈਫ 5 ਯੂਸੁਫ਼, ਨਾਓਮੀ ਤੇ ਰੂਥ, ਇਕ ਲੇਵੀ ਅਤੇ ਪਤਰਸ ਰਸੂਲ ਨੇ ਕਈ ਮੁਸ਼ਕਲਾਂ ਕਰਕੇ ਕੁਚਲੇ ਹੋਏ ਮਹਿਸੂਸ ਕੀਤਾ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਦਿਲਾਸਾ ਦਿੱਤਾ ਅਤੇ ਤਕੜਾ ਕੀਤਾ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਉਨ੍ਹਾਂ ਦੀਆਂ ਮਿਸਾਲਾਂ ਅਤੇ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

^ ਪੇਰਗ੍ਰੈਫ 56 ਤਸਵੀਰ ਬਾਰੇ ਜਾਣਕਾਰੀ: ਨਾਓਮੀ, ਰੂਥ ਅਤੇ ਆਰਪਾਹ ਆਪਣੇ ਪਤੀਆਂ ਦੀ ਮੌਤ ਕਰਕੇ ਦੁਖੀ ਅਤੇ ਨਿਰਾਸ਼। ਬਾਅਦ ਵਿਚ ਓਬੇਦ ਦੇ ਪੈਦਾ ਹੋਣ ਤੇ ਰੂਥ, ਨਾਓਮੀ ਅਤੇ ਬੋਅਜ਼ ਖ਼ੁਸ਼ੀਆਂ ਮਨਾਉਂਦੇ ਹੋਏ।