Skip to content

Skip to table of contents

ਕੀ ਇਹ ਦੁਨੀਆਂ ਨਾਸ਼ ਹੋ ਜਾਵੇਗੀ?

ਕੀ ਇਹ ਦੁਨੀਆਂ ਨਾਸ਼ ਹੋ ਜਾਵੇਗੀ?

ਤੁਸੀਂ ਸ਼ਾਇਦ ਕੁਝ ਲੋਕਾਂ ਤੋਂ ਸੁਣਿਆ ਹੋਵੇ ਕਿ ਬਹੁਤ ਜਲਦ ਦੁਨੀਆਂ ਨਾਸ਼ ਹੋ ਜਾਵੇਗੀ। ਧਰਮ-ਗ੍ਰੰਥ ਵਿਚ ਵੀ ਰੱਬ ਨੇ ਦੁਨੀਆਂ ਦੇ ਨਾਸ਼ ਬਾਰੇ ਦੱਸਿਆ ਹੈ। (1 ਯੂਹੰਨਾ 2:17) ਕੀ ਇਸ ਦਾ ਇਹ ਮਤਲਬ ਹੈ ਕਿ ਧਰਤੀ ʼਤੇ ਕੋਈ ਵੀ ਜੀਉਂਦਾ ਨਹੀਂ ਬਚੇਗਾ? ਕੀ ਧਰਤੀ ਨਾਸ਼ ਹੋ ਜਾਵੇਗੀ?

ਧਰਮ-ਗ੍ਰੰਥ ਇਨ੍ਹਾਂ ਦੋਵਾਂ ਸਵਾਲਾਂ ਦਾ ਜਵਾਬ ਨਾਂਹ ਵਿਚ ਦਿੰਦਾ ਹੈ!

ਕਿਨ੍ਹਾਂ ਦਾ ਨਾਸ਼ ਨਹੀਂ   ਹੋਵੇਗਾ?

ਸਾਰੇ ਲੋਕਾਂ ਨੂੰ ਨਾਸ਼ ਨਹੀਂ ਕੀਤਾ ਜਾਵੇਗਾ

ਬਾਈਬਲ ਕੀ ਕਹਿੰਦੀ ਹੈ? “[ਰੱਬ] ਨੇ ਇਸ ਨੂੰ ਐਵੇਂ ਹੀ ਨਹੀਂ ਸਿਰਜਿਆ, ਸਗੋਂ ਇਸ ਨੂੰ ਵੱਸਣ ਲਈ ਬਣਾਇਆ।”​—ਯਸਾਯਾਹ 45:18.

ਧਰਤੀ ਨਾਸ਼ ਨਹੀਂ ਹੋਵੇਗੀ

ਬਾਈਬਲ ਕੀ ਕਹਿੰਦੀ ਹੈ? “ਇਕ ਪੀੜ੍ਹੀ ਆਉਂਦੀ ਹੈ ਅਤੇ ਇਕ ਪੀੜ੍ਹੀ ਜਾਂਦੀ ਹੈ, ਪਰ ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ।”​—ਉਪਦੇਸ਼ਕ ਦੀ ਕਿਤਾਬ 1:4.

ਇਸ ਦਾ ਕੀ ਮਤਲਬ ਹੈ? ਬਾਈਬਲ ਅਨੁਸਾਰ ਧਰਤੀ ਨੂੰ ਕਦੀ ਵੀ ਨਾਸ਼ ਨਹੀਂ ਕੀਤਾ ਜਾਵੇਗਾ ਅਤੇ ਲੋਕ ਹਮੇਸ਼ਾ ਇਸ ਉੱਤੇ ਵੱਸਣਗੇ। ਫਿਰ ਦੁਨੀਆਂ ਦੇ ਨਾਸ਼ ਦਾ ਕੀ ਮਤਲਬ ਹੈ?

ਗੌਰ ਕਰੋ: ਬਾਈਬਲ ਦੱਸਦੀ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ʼਤੇ ਬੁਰਾਈ ਕਾਫ਼ੀ ਵੱਧ ਗਈ ਸੀ। ਲੋਕ ਬੁਰੇ ਤੋਂ ਬੁਰੇ ਕੰਮ ਕਰਦੇ ਸਨ ਅਤੇ “ਧਰਤੀ ਉੱਤੇ ਸਾਰੇ ਪਾਸੇ ਖ਼ੂਨ-ਖ਼ਰਾਬਾ” ਹੋ ਰਿਹਾ ਸੀ। (ਉਤਪਤ 6:13) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ “ਧਰਤੀ ਉੱਤੇ ਹੜ੍ਹ ਲਿਆ ਕੇ” ਉਸ ਜ਼ਮਾਨੇ ਦੀ ਦੁਨੀਆਂ ਤਬਾਹ ਕੀਤੀ। (2 ਪਤਰਸ 3:6) ਪਰ ਉਸ ਨੇ ਧਰਤੀ ਦਾ ਨਹੀਂ, ਸਗੋਂ ਬੁਰੇ ਲੋਕਾਂ ਦਾ ਨਾਸ਼ ਕੀਤਾ। ਉਸ ਸਮੇਂ ਨੂਹ ਨਾਂ ਦਾ ਇਕ ਧਰਮੀ ਵਿਅਕਤੀ ਸੀ ਜੋ ਰੱਬ ਦੀ ਹਰ ਗੱਲ ਮੰਨਦਾ ਸੀ। ਇਸ ਕਰਕੇ ਰੱਬ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ। ਬਾਈਬਲ ਵਿਚ ਲਿਖਿਆ ਹੈ ਕਿ ਜਦੋਂ ਭਵਿੱਖ ਵਿਚ ਰੱਬ ਦੁਨੀਆਂ ਦਾ ਨਾਸ਼ ਕਰੇਗਾ, ਉਦੋਂ ਵੀ ਉਹ ਧਰਤੀ ਦਾ ਨਹੀਂ, ਸਗੋਂ ਦੁਸ਼ਟ ਲੋਕਾਂ ਅਤੇ ਉਨ੍ਹਾਂ ਦੇ ਬੁਰੇ ਕੰਮਾਂ ਦਾ ਨਾਸ਼ ਕਰੇਗਾ।

ਕਿਨ੍ਹਾਂ ਦਾ ਨਾਸ਼ ਹੋਵੇਗਾ?

ਸਮੱਸਿਆਵਾਂ ਅਤੇ ਬੁਰਾਈ ਖ਼ਤਮ ਹੋਵੇਗੀ

ਬਾਈਬਲ ਕੀ ਕਹਿੰਦੀ ਹੈ? “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ; ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ, ਪਰ ਉਹ ਉੱਥੇ ਨਹੀਂ ਹੋਣਗੇ। ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”​—ਜ਼ਬੂਰ 37:10, 11.

ਇਸ ਦਾ ਕੀ ਮਤਲਬ ਹੈ? ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਕਰਕੇ ਹਮੇਸ਼ਾ ਲਈ ਬੁਰਾਈ ਦਾ ਖ਼ਾਤਮਾ ਨਹੀਂ ਹੋਇਆ ਸੀ। ਜਲ-ਪਰਲੋ ਤੋਂ ਬਾਅਦ ਲੋਕਾਂ ਨੇ ਫਿਰ ਤੋਂ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪਰ ਜਲਦ ਹੀ ਰੱਬ ਬੁਰਾਈ ਦਾ ਖ਼ਾਤਮਾ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਦੁਸ਼ਟ ਖ਼ਤਮ ਹੋ ਜਾਣਗੇ।” ਇਸ ਤੋਂ ਬਾਅਦ ਧਰਤੀ ʼਤੇ ਸਿਰਫ਼ ਰੱਬ ਦਾ ਕਹਿਣਾ ਮੰਨਣ ਵਾਲੇ ਲੋਕ ਹੀ ਰਹਿ ਜਾਣਗੇ। ਬਾਈਬਲ ਦੱਸਦੀ ਹੈ ਕਿ ਉਸ ਸਮੇਂ ਪੂਰੀ ਧਰਤੀ ʼਤੇ ਇਕ ਹੀ ਸਰਕਾਰ ਹੋਵੇਗੀ ਯਾਨੀ ਰੱਬ ਦੀ ਸਰਕਾਰ। ਉਹ ਸਵਰਗ ਤੋਂ ਰਾਜ ਕਰੇਗੀ।

ਗੌਰ ਕਰੋ: ਕੀ ਅੱਜ ਦੀਆਂ ਸਰਕਾਰਾਂ ਰੱਬ ਦੀ ਸਰਕਾਰ ਦਾ ਸਾਥ ਦੇਣਗੀਆਂ। ਨਹੀਂ। ਬਾਈਬਲ ਦੱਸਦੀ ਹੈ ਕਿ ਉਹ ਰੱਬ ਦੀ ਸਰਕਾਰ ਦਾ ਵਿਰੋਧ ਕਰਨਗੀਆਂ। (ਜ਼ਬੂਰ 2:2) ਇਸ ਦਾ ਕੀ ਨਤੀਜਾ ਨਿਕਲੇਗਾ? ਰੱਬ ਦੀ ਸਰਕਾਰ ਸਾਰੀਆਂ ਸਰਕਾਰਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗੀ, ਪਰ ‘ਆਪ ਹਮੇਸ਼ਾ ਲਈ ਕਾਇਮ ਰਹੇਗੀ।’ (ਦਾਨੀਏਲ 2:44) ਪਰ ਰੱਬ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਿਉਂ ਕਰੇਗਾ?

ਇਨਸਾਨੀ ਸਰਕਾਰਾਂ ਦਾ ਖ਼ਾਤਮਾ ਜ਼ਰੂਰੀ

ਬਾਈਬਲ ਕੀ ਕਹਿੰਦੀ ਹੈ? “ਇਨਸਾਨ . . . ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।”​—ਯਿਰਮਿਯਾਹ 10:23.

ਇਸ ਦਾ ਕੀ ਮਤਲਬ ਹੈ? ਇਨਸਾਨਾਂ ਨੂੰ ਦੂਜਿਆਂ ʼਤੇ ਰਾਜ ਕਰਨ ਲਈ ਬਣਾਇਆ ਹੀ ਨਹੀਂ ਗਿਆ ਸੀ। ਇਸ ਲਈ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕੀਆਂ।

ਗੌਰ ਕਰੋ: ਇਕ ਮੰਨੇ-ਪ੍ਰਮੰਨੇ ਅੰਗ੍ਰੇਜ਼ੀ ਦੇ ਵਿਸ਼ਵ-ਕੋਸ਼ ਵਿਚ ਲਿਖਿਆ ਹੈ ਕਿ ਅੱਜ ਤਕ ਕਈ ਸਰਕਾਰਾਂ ਆਈਆਂ, ਪਰ ਕੋਈ ਵੀ ਸਰਕਾਰ ਦੁਨੀਆਂ ਵਿੱਚੋਂ ਗ਼ਰੀਬੀ, ਭੁੱਖਮਰੀ, ਬੀਮਾਰੀਆਂ, ਕੁਦਰਤੀ ਆਫ਼ਤਾਂ, ਯੁੱਧ ਜਾਂ ਹੋਰ ਅਪਰਾਧ ਖ਼ਤਮ ਨਹੀਂ ਕਰ ਸਕੀ। ਇਸ ਕਿਤਾਬ ਵਿਚ ਇਹ ਵੀ ਲਿਖਿਆ ਹੈ ਕਿ “ਕੁਝ ਲੋਕ ਮੰਨਦੇ ਹਨ ਕਿ ਜੇ ਪੂਰੀ ਦੁਨੀਆਂ ਵਿਚ ਸਿਰਫ਼ ਇਕ ਹੀ ਸਰਕਾਰ ਹੋਵੇ, ਤਾਂ ਉਹ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਖ਼ਾਤਮਾ ਕਰ ਸਕਦੀ ਹੈ।” ਪਰ ਸੱਚ ਤਾਂ ਇਹ ਹੈ ਕਿ ਚਾਹੇ ਸਾਰੀਆਂ ਸਰਕਾਰਾਂ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨ, ਤਾਂ ਵੀ ਉਹ ਇਨ੍ਹਾਂ ਮੁਸ਼ਕਲਾਂ ਨੂੰ ਖ਼ਤਮ ਨਹੀਂ ਕਰ ਸਕਦੀਆਂ ਕਿਉਂਕਿ ਇਨ੍ਹਾਂ ਨੂੰ ਚਲਾਉਣ ਵਾਲੇ ਹੈ ਤਾਂ ਇਨਸਾਨ ਹੀ। ਸਿਰਫ਼ ਰੱਬ ਦਾ ਰਾਜ ਹੀ ਇਨ੍ਹਾਂ ਨੂੰ ਖ਼ਤਮ ਕਰ ਸਕਦਾ ਹੈ।

ਸੋ ਅਸੀਂ ਦੇਖਿਆ ਕਿ ਦੁਨੀਆਂ ਦੇ ਨਾਸ਼ ਦਾ ਮਤਲਬ ਹੈ, ਬੁਰੇ ਲੋਕਾਂ ਤੇ ਉਨ੍ਹਾਂ ਦੇ ਬੁਰੇ ਕੰਮਾਂ ਦਾ ਨਾਸ਼। ਇਸ ਲਈ ਸਾਨੂੰ ਦੁਨੀਆਂ ਦੇ ਨਾਸ਼ ਬਾਰੇ ਸੁਣ ਕੇ ਡਰਨਾ ਨਹੀਂ ਚਾਹੀਦਾ, ਸਗੋਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਰੱਬ ਨਵੀਂ ਦੁਨੀਆਂ ਲੈ ਕੇ ਆਵੇਗਾ।

ਇਹ ਸਭ ਕੁਝ ਕਦੋਂ ਹੋਵੇਗਾ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।