Skip to content

Skip to table of contents

ਤੁਸੀਂ ਹੁਣ ਤੋਂ ਹੀ ਨਵੀਂ ਦੁਨੀਆਂ ਵਿਚ ਜਾਣ ਲਈ ਤਿਆਰੀ ਕਰ ਸਕਦੇ ਹੋ

ਨਵੀਂ ਦੁਨੀਆਂ ਨੇੜੇ ਹੈ!

ਨਵੀਂ ਦੁਨੀਆਂ ਨੇੜੇ ਹੈ!

ਰੱਬ ਨੇ ਧਰਤੀ ਇਨਸਾਨਾਂ ਲਈ ਬਣਾਈ ਹੈ। ਉਹ ਚਾਹੁੰਦਾ ਹੈ ਕਿ ਚੰਗੇ ਲੋਕ ਹਮੇਸ਼ਾ ਲਈ ਇਸ ʼਤੇ ਰਹਿਣ। (ਜ਼ਬੂਰ 37:29) ਉਸ ਨੇ ਪਹਿਲੇ ਜੋੜੇ, ਆਦਮ ਤੇ ਹੱਵਾਹ, ਨੂੰ ਅਦਨ ਦੇ ਸੋਹਣੇ ਬਾਗ਼ ਵਿਚ ਰੱਖਿਆ। ਉਹ ਚਾਹੁੰਦਾ ਸੀ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣ ਤੇ ਉਸ ਦੀ ਦੇਖ-ਭਾਲ ਕਰਨ।​—ਉਤਪਤ 1:28; 2:15.

ਦੁੱਖ ਦੀ ਗੱਲ ਹੈ ਕਿ ਅੱਜ ਧਰਤੀ ਬਾਗ਼ ਵਰਗੀ ਸੋਹਣੀ ਨਹੀਂ ਹੈ। ਪਰ ਰੱਬ ਨੇ ਜੋ ਸੋਚਿਆ ਸੀ, ਉਹ ਉਸ ਨੂੰ ਪੂਰਾ ਕਰ ਕੇ ਰਹੇਗਾ ਅਤੇ ਇਕ ਦਿਨ ਇਹ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਜਿੱਦਾਂ ਅਸੀਂ ਪਿਛਲੇ ਲੇਖਾਂ ਵਿਚ ਦੇਖਿਆ ਸੀ ਕਿ ਰੱਬ ਧਰਤੀ ਨੂੰ ਨਹੀਂ, ਸਗੋਂ ਬੁਰੇ ਲੋਕਾਂ ਨੂੰ ਨਾਸ਼ ਕਰੇਗਾ ਅਤੇ ਧਰਤੀ ʼਤੇ ਸਿਰਫ਼ ਚੰਗੇ ਲੋਕ ਹੀ ਰਹਿਣਗੇ। ਉਸ ਵੇਲੇ ਧਰਤੀ ਦੇ ਹਾਲਾਤ ਕਿਹੋ ਜਿਹੇ ਹੋਣਗੇ? ਆਓ ਦੇਖੀਏ।

ਪੂਰੀ ਦੁਨੀਆਂ ʼਤੇ ਇੱਕੋ ਸਰਕਾਰ ਰਾਜ ਕਰੇਗੀ

ਜਲਦੀ ਹੀ ਰੱਬ ਦੀ ਸਰਕਾਰ ਸਵਰਗ ਤੋਂ ਪੂਰੀ ਦੁਨੀਆਂ ʼਤੇ ਰਾਜ ਕਰੇਗੀ। ਉਸ ਸਮੇਂ ਧਰਤੀ ʼਤੇ ਬਹੁਤ ਵਧੀਆ ਮਾਹੌਲ ਹੋਵੇਗਾ। ਸਾਰੇ ਲੋਕ ਮਿਲ ਕੇ ਰਹਿਣਗੇ ਤੇ ਸਾਰਿਆਂ ਕੋਲ ਕੰਮ ਹੋਵੇਗਾ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ। ਰੱਬ ਨੇ ਯਿਸੂ ਮਸੀਹ ਨੂੰ ਆਪਣੀ ਸਰਕਾਰ ਜਾਂ ਰਾਜ ਦਾ ਰਾਜਾ ਚੁਣਿਆ ਹੈ। ਉਹ ਅੱਜ ਦੇ ਹਾਕਮਾਂ ਵਰਗਾ ਨਹੀਂ ਹੈ। ਉਹ ਆਪਣੇ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ ਅਤੇ ਹਮੇਸ਼ਾ ਉਨ੍ਹਾਂ ਦਾ ਭਲਾ ਚਾਹੁੰਦਾ ਹੈ। ਉਹ ਸਭ ਨਾਲ ਨਿਆਂ ਕਰੇਗਾ ਜਿਸ ਕਰਕੇ ਉਸ ਦਾ ਰਾਜ ਬਹੁਤ ਵਧੀਆ ਹੋਵੇਗਾ।​—ਯਸਾਯਾਹ 11:4.

ਪੂਰੀ ਦੁਨੀਆਂ ਦੇ ਲੋਕਾਂ ਵਿਚ ਏਕਤਾ ਹੋਵੇਗੀ

ਉਸ ਸਮੇਂ ਲੋਕ ਕੌਮ, ਜਾਤ ਜਾਂ ਰੰਗ-ਰੂਪ ਦੇ ਆਧਾਰ ʼਤੇ ਭੇਦ-ਭਾਵ ਨਹੀਂ ਕਰਨਗੇ। ਸਾਰੇ ਲੋਕ ਰੱਬ ਅਤੇ ਇਕ-ਦੂਜੇ ਨੂੰ ਪਿਆਰ ਕਰਨਗੇ ਤੇ ਲੋਕਾਂ ਵਿਚ ਏਕਤਾ ਹੋਵੇਗੀ। (ਪ੍ਰਕਾਸ਼ ਦੀ ਕਿਤਾਬ 7:9, 10) ਨਾਲੇ ਲੋਕ ਮਿਲ ਕੇ ਕੰਮ ਕਰਨਗੇ ਅਤੇ ਰੱਬ ਦੀ ਮਰਜ਼ੀ ਅਨੁਸਾਰ ਉਹ ਸਾਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣਗੇ ਅਤੇ ਉਸ ਦੀ ਦੇਖ-ਭਾਲ ਕਰਨਗੇ।​—ਜ਼ਬੂਰ 115:16.

ਕੁਦਰਤੀ ਆਫ਼ਤਾਂ ਨਹੀਂ ਹੋਣਗੀਆਂ

ਅੱਜ ਕੁਦਰਤੀ ਆਫ਼ਤਾਂ ਕਰਕੇ ਕਾਫ਼ੀ ਨੁਕਸਾਨ ਹੁੰਦਾ ਹੈ। ਪਰ ਜਦੋਂ ਯਿਸੂ ਧਰਤੀ ʼਤੇ ਰਾਜ ਕਰੇਗਾ, ਤਾਂ ਕੁਦਰਤੀ ਆਫ਼ਤਾਂ ਨਹੀਂ ਹੋਣਗੀਆਂ। (ਜ਼ਬੂਰ 24:1, 2) ਧਰਤੀ ʼਤੇ ਹੁੰਦਿਆਂ ਜਦੋਂ ਯਿਸੂ ਨੇ ਇਕ ਭਿਆਨਕ ਤੂਫ਼ਾਨ ਨੂੰ ਸ਼ਾਂਤ ਕੀਤਾ ਸੀ, ਤਾਂ ਉਸ ਨੇ ਰੱਬ ਵੱਲੋਂ ਮਿਲੀ ਤਾਕਤ ਦੀ ਇਕ ਝਲਕ ਦਿਖਾਈ ਸੀ। (ਮਰਕੁਸ 4:39, 41) ਰੱਬ ਦੇ ਰਾਜ ਵਿਚ ਇਨਸਾਨਾਂ ਅਤੇ ਜਾਨਵਰਾਂ ਨੂੰ ਇਕ-ਦੂਜੇ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ। ਲੋਕ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, ਹਵਾ ਤੇ ਪਾਣੀ ਸ਼ੁੱਧ ਹੋਵੇਗਾ।​—ਹੋਸ਼ੇਆ 2:18.

ਤੰਦਰੁਸਤੀ ਅਤੇ ਬਹੁਤਾਤ ਵਿਚ ਖਾਣਾ ਹੋਵੇਗਾ

ਸਾਰੇ ਤੰਦਰੁਸਤ ਹੋਣਗੇ। ਕੋਈ ਵੀ ਬੀਮਾਰ ਤੇ ਬੁੱਢਾ ਨਹੀਂ ਹੋਵੇਗਾ ਤੇ ਨਾ ਹੀ ਕੋਈ ਮਰੇਗਾ। (ਯਸਾਯਾਹ 35:5, 6) ਧਰਤੀ ਅਦਨ ਦੇ ਬਾਗ਼ ਵਰਗੀ ਸੋਹਣੀ ਬਣ ਜਾਵੇਗੀ ਅਤੇ ਅਸੀਂ ਸਾਫ਼ ਵਾਤਾਵਰਣ ਦਾ ਆਨੰਦ ਮਾਣਾਂਗੇ। ਨਵੀਂ ਦੁਨੀਆਂ ਵਿਚ ਧਰਤੀ ਭਰਪੂਰ ਪੈਦਾਵਾਰ ਦੇਵੇਗੀ ਅਤੇ ਸਾਰਿਆਂ ਕੋਲ ਬਹੁਤਾਤ ਵਿਚ ਖਾਣਾ ਹੋਵੇਗਾ। (ਉਤਪਤ 2:9) ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿਚ ਰੱਬ ਦੇ ਲੋਕਾਂ ਨੂੰ ਖਾਣ ਦੀ ਕੋਈ ਕਮੀ ਨਹੀਂ ਸੀ, ਉਸੇ ਤਰ੍ਹਾਂ ਨਵੀਂ ਦੁਨੀਆਂ ਵਿਚ ਸਾਰੇ ਜਣੇ “ਰੱਜ ਕੇ ਰੋਟੀ” ਖਾਣਗੇ।​—ਲੇਵੀਆਂ 26:4, 5.

ਸ਼ਾਂਤੀ ਹੋਵੇਗੀ ਤੇ ਕਿਸੇ ਨੂੰ ਕੋਈ ਡਰ ਨਹੀਂ ਹੋਵੇਗਾ

ਰੱਬ ਦੀ ਸਰਕਾਰ ਅਧੀਨ ਸਾਰੇ ਲੋਕਾਂ ਵਿਚ ਸ਼ਾਂਤੀ ਹੋਵੇਗੀ, ਸਾਰਿਆਂ ਵਿਚ ਪਿਆਰ ਹੋਵੇਗਾ ਅਤੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਨਾ ਯੁੱਧ ਹੋਣਗੇ ਤੇ ਨਾ ਹੀ ਕੋਈ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰੇਗਾ। ਨਾਲੇ ਰੱਬ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰੇਗਾ। ਬਾਈਬਲ ਵਾਅਦਾ ਕਰਦੀ ਹੈ: “ਉਹ ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”​—ਮੀਕਾਹ 4:3, 4.

ਆਪਣਾ ਘਰ ਹੋਵੇਗਾ ਤੇ ਕੰਮ ਤੋਂ ਖ਼ੁਸ਼ੀ ਮਿਲੇਗੀ

ਸਾਰਿਆਂ ਕੋਲ ਆਪਣਾ ਘਰ ਹੋਵੇਗਾ ਤੇ ਕਿਸੇ ਨੂੰ ਇਹ ਡਰ ਨਹੀਂ ਹੋਵੇਗਾ ਕਿ ਕੋਈ ਉਨ੍ਹਾਂ ਤੋਂ ਉਨ੍ਹਾਂ ਦਾ ਘਰ ਖੋਹ ਲਵੇਗਾ। ਲੋਕ ਮਿਹਨਤ ਕਰਨਗੇ ਅਤੇ ਉਸ ਦਾ ਫਲ ਪਾਉਣਗੇ। ਰੱਬ ਵਾਅਦਾ ਕਰਦਾ ਹੈ ਕਿ ਨਵੀਂ ਦੁਨੀਆਂ ਵਿਚ ਕੋਈ “ਵਿਅਰਥ ਮਿਹਨਤ ਨਹੀਂ” ਕਰੇਗਾ।​—ਯਸਾਯਾਹ 65:21-23.

ਸਭ ਤੋਂ ਵਧੀਆ ਸਿੱਖਿਆ ਦਿੱਤੀ ਜਾਵੇਗੀ

ਸਾਡਾ ਸਿਰਜਣਹਾਰ ਯਹੋਵਾਹ ਬੇਅੰਤ ਬੁੱਧ ਦਾ ਮਾਲਕ ਹੈ। ਨਵੀਂ ਦੁਨੀਆਂ ਵਿਚ ਅਸੀਂ ਉਸ ਤੋਂ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਸਿੱਖਦੇ ਰਹਾਂਗੇ। ਬਾਈਬਲ ਵਿਚ ਲਿਖਿਆ ਹੈ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਉਸ ਸਮੇਂ ਲੋਕ ਆਪਣੀ ਬੁੱਧ ਦੀ ਵਰਤੋਂ ਹਥਿਆਰ ਬਣਾਉਣ ਜਾਂ ਹੋਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਵਰਤਣਗੇ। (ਯਸਾਯਾਹ 2:4) ਇਸ ਦੀ ਬਜਾਇ, ਉਹ ਇਕ-ਦੂਜੇ ਨਾਲ ਸ਼ਾਂਤੀ ਨਾਲ ਰਹਿਣਾ ਅਤੇ ਧਰਤੀ ਦੀ ਦੇਖ-ਭਾਲ ਕਰਨੀ ਸਿੱਖਣਗੇ।​—ਜ਼ਬੂਰ 37:11.

ਹਮੇਸ਼ਾ ਦੀ ਜ਼ਿੰਦਗੀ ਮਿਲੇਗੀ

ਰੱਬ ਨੇ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਨਸਾਨ ਹਰ ਰੋਜ਼ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ। ਉਹ ਚਾਹੁੰਦਾ ਸੀ ਕਿ ਅਸੀਂ ਹਮੇਸ਼ਾ ਲਈ ਇਸ ʼਤੇ ਰਹੀਏ। (ਜ਼ਬੂਰ 37:29; ਯਸਾਯਾਹ 45:18) ਰੱਬ ਵਾਅਦਾ ਕਰਦਾ ਹੈ ਕਿ “ਉਹ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।” (ਯਸਾਯਾਹ 25:8, ਫੁਟਨੋਟ) ਉਸ ਸਮੇਂ “ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾਸ਼ ਦੀ ਕਿਤਾਬ 21:4) ਇਸ ਦੁਸ਼ਟ ਦੁਨੀਆਂ ਦੇ ਨਾਸ਼ ਤੋਂ ਬਚਣ ਵਾਲੇ ਲੋਕਾਂ ਨੂੰ ਰੱਬ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਉਹ ਮਰ ਚੁੱਕੇ ਲੋਕਾਂ ਨੂੰ ਵੀ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।​—ਯੂਹੰਨਾ 5:28, 29; ਰਸੂਲਾਂ ਦੇ ਕੰਮ 24:15.

ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਇਹ ਦੁਨੀਆਂ ਨਵੀਂ ਬਣ ਜਾਵੇਗੀ। ਇਹ ਬਹੁਤ ਹੀ ਜਲਦ ਹੋਵੇਗਾ। ਅੱਜ ਇਹ ਲੋਕ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਸਿੱਖ ਰਹੇ ਹਨ ਤਾਂਕਿ ਉਹ ਜਾਣ ਸਕਣ ਕਿ ਨਵੀਂ ਦੁਨੀਆਂ ਵਿਚ ਜਾਣ ਲਈ ਉਨ੍ਹਾਂ ਨੂੰ ਕਰਨਾ ਪਵੇਗਾ।​—ਯੂਹੰਨਾ 17:3.

ਕੀ ਤੁਸੀਂ ਦੁਨੀਆਂ ਦੇ ਨਾਸ਼ ਵਿੱਚੋਂ ਬਚਣਾ ਚਾਹੁੰਦੇ ਹੋ ਅਤੇ ਨਵੀਂ ਦੁਨੀਆਂ ਵਿਚ ਜਾਣਾ ਚਾਹੁੰਦੇ ਹੋ? ਇਸ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ। ਉਨ੍ਹਾਂ ਨੂੰ ਤੁਹਾਡੇ ਨਾਲ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਬਾਈਬਲ ਸਟੱਡੀ ਕਰ ਕੇ ਖ਼ੁਸ਼ੀ ਹੋਵੇਗੀ। ਇਸ ਦੇ ਕੋਈ ਪੈਸੇ ਨਹੀਂ ਲਏ ਜਾਣਗੇ।