Skip to content

Skip to table of contents

ਅਧਿਐਨ ਲੇਖ 5

“ਹਰ ਆਦਮੀ ਦਾ ਸਿਰ ਮਸੀਹ ਹੈ”

“ਹਰ ਆਦਮੀ ਦਾ ਸਿਰ ਮਸੀਹ ਹੈ”

“ਹਰ ਆਦਮੀ ਦਾ ਸਿਰ ਮਸੀਹ ਹੈ।”—1 ਕੁਰਿੰ. 11:3.

ਗੀਤ 2 ਯਹੋਵਾਹ ਤੇਰਾ ਧੰਨਵਾਦ

ਖ਼ਾਸ ਗੱਲਾਂ *

1. ਕੁਝ ਮੁਖੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਪੇਸ਼ ਆਉਂਦੇ ਹਨ?

ਤੁਹਾਡੇ ਮੁਤਾਬਕ “ਮੁਖੀ” ਹੋਣ ਦਾ ਕੀ ਮਤਲਬ ਹੈ? ਕੁਝ ਆਦਮੀ ਆਪਣੇ ਸਭਿਆਚਾਰ ਅਤੇ ਪਰਿਵਾਰ ਦੇ ਪਿਛੋਕੜ ਮੁਤਾਬਕ ਆਪਣੀ ਮੁਖੀ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਨਾਲੇ ਇਨ੍ਹਾਂ ਮੁਤਾਬਕ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਪੇਸ਼ ਆਉਂਦੇ ਹਨ। ਯੂਰਪ ਵਿਚ ਰਹਿਣ ਵਾਲੀ ਯਾਨੀਤਾ ਨਾਂ ਦੀ ਭੈਣ ਦੱਸਦੀ ਹੈ: “ਸਾਡੇ ਇਲਾਕੇ ਵਿਚ ਲੋਕ ਸੋਚਦੇ ਹਨ ਕਿ ਔਰਤਾਂ ਆਦਮੀਆਂ ਨਾਲੋਂ ਨੀਵੀਆਂ ਹਨ ਅਤੇ ਉਨ੍ਹਾਂ ਨਾਲ ਨੌਕਰਾਂ ਵਰਗਾ ਸਲੂਕ ਕਰਨਾ ਚਾਹੀਦਾ ਹੈ।” ਨਾਲੇ ਅਮਰੀਕਾ ਵਿਚ ਰਹਿਣ ਵਾਲਾ ਲੂਕ ਨਾਂ ਦਾ ਭਰਾ ਕਹਿੰਦਾ ਹੈ: “ਕੁਝ ਪਿਤਾ ਆਪਣੇ ਮੁੰਡਿਆਂ ਨੂੰ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਔਰਤਾਂ ਦੀ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ।” ਪਰ ਯਹੋਵਾਹ ਨਹੀਂ ਚਾਹੁੰਦਾ ਕਿ ਮੁਖੀ ਆਪਣੇ ਪਰਿਵਾਰ ਨਾਲ ਇੱਦਾਂ ਪੇਸ਼ ਆਉਣ। (ਮਰਕੁਸ 7:13 ਵਿਚ ਨੁਕਤਾ ਦੇਖੋ।) ਫਿਰ ਆਦਮੀ ਮੁਖੀ ਦੀ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਕਿਵੇਂ ਨਿਭਾ ਸਕਦਾ ਹੈ?

2. ਪਰਿਵਾਰ ਦੇ ਮੁਖੀ ਨੂੰ ਕੀ ਜਾਣਨ ਦੀ ਲੋੜ ਹੈ ਅਤੇ ਕਿਉਂ?

2 ਪਰਿਵਾਰ ਦਾ ਵਧੀਆ ਮੁਖੀ ਬਣਨ ਲਈ ਪਹਿਲਾਂ ਇਕ ਆਦਮੀ ਨੂੰ ਇਹ ਜਾਣਨ ਦੀ ਲੋੜ ਹੈ ਕਿ ਯਹੋਵਾਹ ਉਸ ਤੋਂ ਕੀ ਮੰਗ ਕਰਦਾ ਹੈ। ਉਸ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕਿਉਂ ਕੀਤਾ ਹੈ ਅਤੇ ਉਹ ਇਸ ਮਾਮਲੇ ਵਿਚ ਯਹੋਵਾਹ ਤੇ ਯਿਸੂ ਦੀ ਰੀਸ ਕਿਵੇਂ ਕਰ ਸਕਦਾ ਹੈ। ਉਸ ਲਈ ਇਹ ਗੱਲਾਂ ਜਾਣਨੀਆਂ ਜ਼ਰੂਰੀ ਕਿਉਂ ਹਨ? ਕਿਉਂਕਿ ਯਹੋਵਾਹ ਨੇ ਪਰਿਵਾਰ ਦੇ ਮੁਖੀ ਨੂੰ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਇਸ ਦੀ ਸਹੀ ਵਰਤੋ ਕਰੇ।—ਲੂਕਾ 12:48ਅ.

ਮੁਖੀ ਹੋਣ ਦਾ ਕੀ ਮਤਲਬ ਹੈ?

3. ਪਹਿਲਾ ਕੁਰਿੰਥੀਆਂ 11:3 ਤੋਂ ਮੁਖੀ ਦੇ ਪ੍ਰਬੰਧ ਬਾਰੇ ਕੀ ਪਤਾ ਲੱਗਦਾ ਹੈ?

3 ਪਹਿਲਾ ਕੁਰਿੰਥੀਆਂ 11:3 ਪੜ੍ਹੋ। ਇਸ ਆਇਤ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਸਵਰਗ ਅਤੇ ਧਰਤੀ ’ਤੇ ਆਪਣੇ ਪਰਿਵਾਰ ਨੂੰ ਕਿਵੇਂ ਸੰਗਠਿਤ ਕੀਤਾ ਹੈ। ਯਹੋਵਾਹ ਸਾਰਿਆਂ ਦਾ “ਮੁਖੀ” ਹੈ, ਇਸ ਲਈ ਉਸ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ। ਪਰਮੇਸ਼ੁਰ ਨੇ ਦੂਸਰਿਆਂ ਨੂੰ ਵੀ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ, ਪਰ ਉਹ ਇਸ ਅਧਿਕਾਰ ਨੂੰ ਜਿਸ ਤਰੀਕੇ ਨਾਲ ਵਰਤਦੇ ਹਨ ਉਸ ਲਈ ਉਹ ਜਵਾਬਦੇਹ ਹਨ। (ਰੋਮੀ. 14:10; ਅਫ਼. 3:14, 15) ਯਹੋਵਾਹ ਨੇ ਯਿਸੂ ਨੂੰ ਮੰਡਲੀ ’ਤੇ ਅਧਿਕਾਰ ਦਿੱਤਾ ਹੈ, ਪਰ ਯਿਸੂ ਸਾਡੇ ਨਾਲ ਜਿੱਦਾਂ ਪੇਸ਼ ਆਉਂਦਾ ਹੈ ਉਸ ਲਈ ਉਹ ਜਵਾਬਦੇਹ ਹੈ। (1 ਕੁਰਿੰ. 15:27) ਨਾਲੇ ਯਹੋਵਾਹ ਨੇ ਪਤੀ ਨੂੰ ਆਪਣੀ ਪਤਨੀ ਅਤੇ ਬੱਚਿਆਂ ’ਤੇ ਅਧਿਕਾਰ ਦਿੱਤਾ ਹੈ, ਪਰ ਉਹ ਆਪਣੇ ਪਰਿਵਾਰ ਨਾਲ ਜਿੱਦਾਂ ਪੇਸ਼ ਆਉਂਦਾ ਹੈ ਉਸ ਲਈ ਉਸ ਨੂੰ ਯਹੋਵਾਹ ਅਤੇ ਯਿਸੂ ਨੂੰ ਲੇਖਾ ਦੇਣਾ ਪੈਣਾ।—1 ਪਤ. 3:7.

4. ਯਹੋਵਾਹ ਅਤੇ ਯਿਸੂ ਕੋਲ ਕਿਹੜਾ ਅਧਿਕਾਰ ਹੈ?

4 ਯਹੋਵਾਹ ਸਾਰਿਆਂ ਦਾ ਮੁਖੀ ਹੈ। ਇਸ ਲਈ ਉਸ ਕੋਲ ਆਪਣੇ ਬੱਚਿਆਂ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਕਿ ਉਨ੍ਹਾਂ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਨਾਲੇ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ। (ਯਸਾ. 33:22) ਮੰਡਲੀ ਦਾ ਮੁਖੀ ਹੋਣ ਦੇ ਨਾਤੇ ਯਿਸੂ ਕੋਲ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਨਾਲੇ ਉਹ ਵੀ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਸਾਰੇ ਇਸ ਦੀ ਪਾਲਣਾ ਕਰਨ।—ਗਲਾ. 6:2; ਕੁਲੁ. 1:18-20.

5. ਪਰਿਵਾਰ ਦੇ ਮੁਖੀ ਕੋਲ ਕਿਹੜਾ ਅਧਿਕਾਰ ਹੈ ਅਤੇ ਉਸ ਦੇ ਅਧਿਕਾਰ ਦੀਆਂ ਕਿਹੜੀਆਂ ਹੱਦਾਂ ਹਨ?

5 ਯਹੋਵਾਹ ਅਤੇ ਯਿਸੂ ਵਾਂਗ ਪਰਿਵਾਰ ਦੇ ਮੁਖੀ ਕੋਲ ਵੀ ਆਪਣੇ ਪਰਿਵਾਰ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਹੈ। (ਰੋਮੀ. 7:2; ਅਫ਼. 6:4) ਪਰ ਉਸ ਦੇ ਅਧਿਕਾਰ ਦੀਆਂ ਕੁਝ ਹੱਦਾਂ ਹਨ। ਮਿਸਾਲ ਲਈ, ਉਸ ਦੇ ਕਾਨੂੰਨ ਪਰਮੇਸ਼ੁਰ ਦੇ ਬਚਨ ਦੇ ਅਸੂਲਾਂ ਅਨੁਸਾਰ ਹੋਣੇ ਚਾਹੀਦੇ ਹਨ। (ਕਹਾ. 3:5, 6) ਨਾਲੇ ਉਸ ਕੋਲ ਆਪਣੇ ਪਰਿਵਾਰ ਤੋਂ ਇਲਾਵਾ ਦੂਸਰਿਆਂ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ। (ਰੋਮੀ. 14:4) ਇਸ ਤੋਂ ਇਲਾਵਾ, ਜੇ ਉਸ ਦੇ ਬੱਚੇ ਵੱਡੇ ਹੋ ਕੇ ਘਰ ਛੱਡ ਜਾਂਦੇ ਹਨ, ਤਾਂ ਉਹ ਆਪਣੇ ਪਿਤਾ ਦਾ ਆਦਰ ਤਾਂ ਕਰਦੇ ਰਹਿਣਗੇ, ਪਰ ਪਿਤਾ ਉਨ੍ਹਾਂ ਦਾ ਮੁਖੀ ਨਹੀਂ ਹੋਵੇਗਾ।—ਮੱਤੀ 19:5.

ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕਿਉਂ ਕੀਤਾ ਹੈ?

6. ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕਿਉਂ ਕੀਤਾ ਹੈ?

6 ਆਪਣੇ ਪਰਿਵਾਰ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਮੁਖੀ ਦਾ ਪ੍ਰਬੰਧ ਕੀਤਾ ਹੈ। ਇਹ ਪ੍ਰਬੰਧ ਉਸ ਵੱਲੋਂ ਇਕ ਤੋਹਫ਼ਾ ਹੈ। ਯਹੋਵਾਹ ਵੱਲੋਂ ਕੀਤੇ ਇਸ ਪ੍ਰਬੰਧ ਕਰਕੇ ਹੀ ਉਸ ਦੇ ਪਰਿਵਾਰ ਵਿਚ ਸ਼ਾਂਤੀ ਬਣੀ ਰਹਿੰਦੀ ਅਤੇ ਹਰ ਕੰਮ ਸਲੀਕੇ ਨਾਲ ਹੁੰਦਾ ਹੈ। (1 ਕੁਰਿੰ. 14:33, 40) ਜੇ ਇਹ ਪ੍ਰਬੰਧ ਨਾ ਹੁੰਦਾ, ਤਾਂ ਯਹੋਵਾਹ ਦੇ ਪਰਿਵਾਰ ਵਿਚ ਗੜਬੜੀ ਹੋਣੀ ਸੀ ਅਤੇ ਕਿਸੇ ਨੇ ਵੀ ਖ਼ੁਸ਼ ਨਹੀਂ ਰਹਿਣਾ ਸੀ। ਨਾਲੇ ਫਿਰ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕਿ ਪਰਿਵਾਰ ਦਾ ਧਿਆਨ ਕੌਣ ਰੱਖੇਗਾ ਅਤੇ ਫ਼ੈਸਲੇ ਕੌਣ ਕਰੇਗਾ।

7. ਅਫ਼ਸੀਆਂ 5:25, 28 ਮੁਤਾਬਕ ਯਹੋਵਾਹ ਕੀ ਚਾਹੁੰਦਾ ਕਿ ਪਤੀ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਣ?

7 ਜੇ ਪਰਮੇਸ਼ੁਰ ਵੱਲੋਂ ਕੀਤਾ ਮੁਖੀ ਦਾ ਪ੍ਰਬੰਧ ਇੰਨਾ ਹੀ ਵਧੀਆ ਹੈ, ਤਾਂ ਫਿਰ ਅੱਜ ਬਹੁਤ ਸਾਰੀਆਂ ਪਤਨੀਆਂ ਨੂੰ ਇੱਦਾਂ ਕਿਉਂ ਲੱਗਦਾ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ’ਤੇ ਜ਼ੁਲਮ ਢਾਹੁੰਦੇ ਅਤੇ ਹੁਕਮ ਚਲਾਉਂਦੇ ਹਨ? ਇਹ ਇਸ ਕਰਕੇ ਹੁੰਦਾ ਕਿਉਂਕਿ ਬਹੁਤ ਸਾਰੇ ਪਤੀ ਯਹੋਵਾਹ ਵੱਲੋਂ ਪਰਿਵਾਰ ਲਈ ਠਹਿਰਾਏ ਮਿਆਰਾਂ ਮੁਤਾਬਕ ਚੱਲਣ ਦੀ ਬਜਾਇ ਆਪਣੇ ਸਮਾਜ ਦੇ ਅਸੂਲਾਂ ਮੁਤਾਬਕ ਚੱਲਦੇ ਹਨ। ਸ਼ਾਇਦ ਉਹ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਲਈ ਆਪਣੀਆਂ ਪਤਨੀਆਂ ਨਾਲ ਬਦਸਲੂਕੀ ਕਰਦੇ ਹਨ। ਮਿਸਾਲ ਲਈ, ਸ਼ਾਇਦ ਇਕ ਪਤੀ ਆਪਣੇ ਆਪ ਨੂੰ “ਵੱਡਾ ਦਿਖਾਉਣ ਲਈ” ਆਪਣੀ ਪਤਨੀ ਨੂੰ ਨੀਵਾਂ ਮਹਿਸੂਸ ਕਰਾਵੇ ਜਾਂ ਉਸ ’ਤੇ ਰੋਅਬ ਪਾਵੇ ਤਾਂਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਉਹ ਕਮਜ਼ੋਰ ਹੈ। ਉਸ ਨੂੰ ਸ਼ਾਇਦ ਲੱਗੇ ਕਿ ਉਹ ਆਪਣੀ ਪਤਨੀ ਨੂੰ ਉਸ ਨਾਲ ਪਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦਾ, ਪਰ ਡਰਾ-ਧਮਕਾ ਕੇ ਤਾਂ ਰੱਖ ਸਕਦਾ ਹੈ। ਨਾਲੇ ਸ਼ਾਇਦ ਇੱਦਾਂ ਕਰਕੇ ਉਹ ਆਪਣੀ ਪਤਨੀ ਨੂੰ ਵੱਸ ਵਿਚ ਰੱਖੇ। * ਯਹੋਵਾਹ ਚਾਹੁੰਦਾ ਹੈ ਕਿ ਔਰਤਾਂ ਦੀ ਇੱਜ਼ਤ ਕੀਤੀ ਜਾਵੇ। ਪਰ ਜੇ ਪਤੀ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ ਅਤੇ ਉਸ ਦਾ ਆਦਰ ਨਹੀਂ ਕਰਦੇ, ਤਾਂ ਉਹ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਚੱਲ ਰਿਹਾ ਹੁੰਦਾ ਹੈ।—ਅਫ਼ਸੀਆਂ 5:25, 28 ਪੜ੍ਹੋ।

ਇਕ ਆਦਮੀ ਆਪਣੇ ਪਰਿਵਾਰ ਦਾ ਵਧੀਆ ਮੁਖੀ ਕਿਵੇਂ ਬਣ ਸਕਦਾ ਹੈ?

8. ਇਕ ਆਦਮੀ ਆਪਣੇ ਪਰਿਵਾਰ ਦਾ ਵਧੀਆ ਮੁਖੀ ਬਣਨ ਲਈ ਕੀ ਕਰ ਸਕਦਾ ਹੈ?

8 ਇਕ ਆਦਮੀ ਆਪਣੇ ਪਰਿਵਾਰ ਦਾ ਵਧੀਆ ਮੁਖੀ ਬਣਨ ਲਈ ਯਹੋਵਾਹ ਅਤੇ ਯਿਸੂ ਦੀ ਰੀਸ ਕਰ ਸਕਦਾ ਹੈ। ਨਾਲੇ ਉਹ ਦੇਖ ਸਕਦਾ ਹੈ ਕਿ ਉਹ ਦੋਵੇਂ ਆਪਣਾ ਅਧਿਕਾਰ ਕਿਵੇਂ ਵਰਤ ਰਹੇ ਹਨ। ਆਓ ਆਪਾਂ ਯਹੋਵਾਹ ਅਤੇ ਯਿਸੂ ਦੇ ਦੋ ਗੁਣਾ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਇਕ ਪਰਿਵਾਰ ਦਾ ਮੁਖੀ ਆਪਣੀ ਪਤਨੀ ਤੇ ਬੱਚਿਆਂ ਨਾਲ ਪੇਸ਼ ਆਉਂਦੇ ਵੇਲੇ ਇਹ ਦੋ ਗੁਣ ਕਿਵੇਂ ਦਿਖਾ ਸਕਦਾ ਹੈ।

9. ਯਹੋਵਾਹ ਨੇ ਨਿਮਰਤਾ ਕਿਵੇਂ ਦਿਖਾਈ?

9 ਨਿਮਰਤਾ। ਯਹੋਵਾਹ ਸਾਰਿਆਂ ਤੋਂ ਬੁੱਧੀਮਾਨ ਹੈ, ਫਿਰ ਵੀ ਉਹ ਆਪਣੇ ਸੇਵਕਾਂ ਦੀ ਰਾਇ ਲੈਂਦਾ ਹੈ। (ਉਤ. 18:23, 24, 32) ਇਕ ਵਾਰ ਉਸ ਨੇ ਸਵਰਗੀ ਦੂਤਾਂ ਨੂੰ ਕਿਸੇ ਵਿਸ਼ੇ ਬਾਰੇ ਆਪਣੀ ਰਾਇ ਦੱਸਣ ਲਈ ਕਿਹਾ। (1 ਰਾਜ. 22:19-22) ਭਾਵੇਂ ਕਿ ਯਹੋਵਾਹ ਮੁਕੰਮਲ ਹੈ, ਪਰ ਉਹ ਸਾਡੇ ਤੋਂ ਹੱਦੋਂ ਵੱਧ ਦੀ ਉਮੀਦ ਨਹੀਂ ਰੱਖਦਾ। ਇਸ ਦੀ ਬਜਾਇ, ਉਹ ਨਾਮੁਕੰਮਲ ਇਨਸਾਨਾਂ ਦੀ ਸਫ਼ਲ ਹੋਣ ਵਿਚ ਮਦਦ ਕਰਦਾ ਹੈ। (ਜ਼ਬੂ. 113:6, 7) ਦਰਅਸਲ ਬਾਈਬਲ ਵਿਚ ਯਹੋਵਾਹ ਨੂੰ “ਸਹਾਇਕ” ਯਾਨੀ ਮਦਦਗਾਰ ਵੀ ਕਿਹਾ ਗਿਆ ਹੈ। (ਜ਼ਬੂ. 27:9; ਇਬ. 13:6) ਰਾਜਾ ਦਾਊਦ ਨੇ ਇਹ ਗੱਲ ਮੰਨੀ ਕਿ ਉਹ ਸਿਰਫ਼ ਯਹੋਵਾਹ ਦੀ ਨਿਮਰਤਾ ਕਰਕੇ ਹੀ ਵੱਡੇ-ਵੱਡੇ ਕੰਮ ਕਰ ਪਾਇਆ।—2 ਸਮੂ. 22:36.

10. ਯਿਸੂ ਨੇ ਨਿਮਰਤਾ ਕਿਵੇਂ ਦਿਖਾਈ?

10 ਹੁਣ ਜ਼ਰਾ ਯਿਸੂ ਦੀ ਮਿਸਾਲ ’ਤੇ ਗੌਰ ਕਰੋ। ਪ੍ਰਭੂ ਤੇ ਗੁਰੂ ਹੋਣ ਦੇ ਬਾਵਜੂਦ ਵੀ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਯਹੋਵਾਹ ਨੇ ਇਹ ਬਿਰਤਾਂਤ ਬਾਈਬਲ ਵਿਚ ਕਿਉਂ ਦਰਜ ਕਰਵਾਇਆ ਹੈ? ਤਾਂਕਿ ਪਰਿਵਾਰਾਂ ਦੇ ਮੁਖੀ ਵੀ ਯਿਸੂ ਵਾਂਗ ਨਿਮਰ ਰਹਿਣਾ ਸਿੱਖਣ। ਯਿਸੂ ਨੇ ਆਪ ਕਿਹਾ: “ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਯੂਹੰ. 13:12-17) ਭਾਵੇਂ ਯਿਸੂ ਕੋਲ ਵੱਡਾ ਅਧਿਕਾਰ ਸੀ, ਫਿਰ ਵੀ ਉਸ ਨੇ ਇਹ ਉਮੀਦ ਨਹੀਂ ਰੱਖੀ ਕਿ ਦੂਸਰੇ ਉਸ ਦੀ ਸੇਵਾ ਕਰਨ। ਇਸ ਦੀ ਬਜਾਇ, ਉਸ ਨੇ ਆਪ ਦੂਸਰਿਆਂ ਦੀ ਸੇਵਾ ਕੀਤੀ।—ਮੱਤੀ 20:28.

ਨਿਮਰ ਅਤੇ ਪਿਆਰ ਕਰਨ ਵਾਲਾ ਮੁਖੀ ਘਰ ਦੇ ਕੰਮਾਂ ਵਿਚ ਹੱਥ ਵਟਾਵੇਗਾ ਅਤੇ ਪਰਮੇਸ਼ੁਰ ਨਾਲ ਆਪਣੇ ਪਰਿਵਾਰ ਦਾ ਰਿਸ਼ਤਾ ਮਜ਼ਬੂਤ ਕਰੇਗਾ (ਪੈਰੇ 11, 13 ਦੇਖੋ)

11. ਯਹੋਵਾਹ ਤੇ ਯਿਸੂ ਦੀ ਨਿਮਰਤਾ ਦੀ ਮਿਸਾਲ ਤੋਂ ਪਰਿਵਾਰ ਦਾ ਮੁਖੀ ਕੀ ਸਿੱਖ ਸਕਦਾ ਹੈ?

11 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਪਰਿਵਾਰ ਦਾ ਮੁਖੀ ਬਹੁਤ ਸਾਰੇ ਤਰੀਕਿਆਂ ਨਾਲ ਨਿਮਰਤਾ ਦਾ ਗੁਣ ਦਿਖਾ ਸਕਦਾ ਹੈ। ਮਿਸਾਲ ਲਈ, ਉਹ ਆਪਣੀ ਪਤਨੀ ਅਤੇ ਬੱਚਿਆਂ ਤੋਂ ਹੱਦੋਂ ਵੱਧ ਦੀ ਉਮੀਦ ਨਹੀਂ ਰੱਖਦਾ। ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਰਾਇ ਲੈਂਦਾ ਹੈ ਭਾਵੇਂ ਉਹ ਉਸ ਨਾਲ ਸਹਿਮਤ ਨਾ ਵੀ ਹੋਣ। ਅਮਰੀਕਾ ਵਿਚ ਰਹਿਣ ਵਾਲੀ ਮਾਰਲੇ ਨਾਂ ਦੀ ਭੈਣ ਕਹਿੰਦੀ ਹੈ: “ਕਈ ਵਾਰ ਮੇਰੀ ਅਤੇ ਮੇਰੇ ਪਤੀ ਦੀ ਕਿਸੇ ਮਾਮਲੇ ਬਾਰੇ ਵੱਖੋ-ਵੱਖਰੀ ਰਾਇ ਹੁੰਦੀ ਹੈ। ਫਿਰ ਵੀ ਉਹ ਮੇਰੀ ਰਾਇ ਲੈਂਦੇ ਹਨ ਅਤੇ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਬਾਰੇ ਸੋਚਦੇ ਹਨ। ਜਦੋਂ ਵੀ ਉਹ ਇੱਦਾਂ ਕਰਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੀ ਕਦਰ ਹੈ ਅਤੇ ਉਹ ਮੇਰਾ ਆਦਰ ਕਰਦੇ ਹਨ।” ਇਸ ਦੇ ਨਾਲ-ਨਾਲ ਇਕ ਨਿਮਰ ਪਤੀ ਆਪਣੀ ਪਤਨੀ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਵੇਗਾ ਭਾਵੇਂ ਕਿ ਉਸ ਦੇ ਸਮਾਜ ਦੇ ਲੋਕ ਇਨ੍ਹਾਂ ਕੰਮਾਂ ਨੂੰ ਔਰਤਾਂ ਦੇ ਕੰਮ ਸਮਝਦੇ ਹੋਣ। ਇਸ ਤਰ੍ਹਾਂ ਕਰਨਾ ਪਤੀਆਂ ਲਈ ਔਖਾ ਹੋ ਸਕਦਾ ਹੈ। ਕਿਉਂ? ਰੇਚਲ ਨਾਂ ਦੀ ਭੈਣ ਕਹਿੰਦੀ ਹੈ: “ਮੈਂ ਜਿੱਥੋਂ ਆਈ ਹਾਂ ਉੱਥੇ ਜੇ ਕੋਈ ਪਤੀ ਆਪਣੀ ਪਤਨੀ ਨਾਲ ਭਾਂਡੇ ਧੋਂਦਾ ਹੈ ਜਾਂ ਘਰ ਦੀ ਸਫ਼ਾਈ ਕਰਦਾ ਹੈ, ਤਾਂ ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਕਹਿੰਦੇ ਹਨ ਕਿ ਉਹ ਆਪਣੀ ਤੀਵੀਂ ਤੋਂ ਡਰਦਾ ਅਤੇ ਉਸ ਦੀਆਂ ਉਂਗਲਾਂ ’ਤੇ ਨੱਚਦਾ ਹੈ।” ਜੇ ਤੁਹਾਡੇ ਸਮਾਜ ਦੇ ਲੋਕ ਵੀ ਇੱਦਾਂ ਸੋਚਦੇ ਹਨ, ਤਾਂ ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਸੀ ਭਾਵੇਂ ਕਿ ਇਹ ਕੰਮ ਨੌਕਰ ਕਰਦੇ ਹੁੰਦੇ ਸਨ। ਇਕ ਵਧੀਆ ਮੁਖੀ ਦੂਸਰਿਆਂ ਅੱਗੇ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰੇਗਾ ਕਿ ਉਸ ਦਾ ਆਪਣੇ ਪਰਿਵਾਰ ’ਤੇ ਪੂਰਾ ਰੋਅਬ ਹੈ, ਸਗੋਂ ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸਦੀ ਪਤਨੀ ਅਤੇ ਬੱਚੇ ਖ਼ੁਸ਼ ਰਹਿਣ। ਪਰਿਵਾਰ ਦਾ ਵਧੀਆ ਮੁਖੀ ਬਣਨ ਲਈ ਨਿਮਰਤਾ ਦੇ ਨਾਲ-ਨਾਲ ਹੋਰ ਕਿਹੜਾ ਗੁਣ ਹੋਣਾ ਜ਼ਰੂਰੀ ਹੈ?

12. ਪਿਆਰ ਹੋਣ ਕਰਕੇ ਯਹੋਵਾਹ ਤੇ ਯਿਸੂ ਨੇ ਸਾਡੇ ਲਈ ਕੀ-ਕੀ ਕੀਤਾ ਹੈ?

12 ਪਿਆਰ। ਯਹੋਵਾਹ ਹਰ ਕੰਮ ਪਿਆਰ ਹੋਣ ਕਰਕੇ ਕਰਦਾ ਹੈ। (1 ਯੂਹੰ. 4:7, 8) ਉਹ ਆਪਣੇ ਬਚਨ ਅਤੇ ਸੰਗਠਨ ਰਾਹੀਂ ਦਿਖਾਉਂਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੋਸਤ ਬਣੇ ਰਹੀਏ। ਉਹ ਆਪਣਾ ਪਿਆਰ ਜ਼ਾਹਰ ਕਰਕੇ ਦਿਖਾਉਂਦਾ ਹੈ ਕਿ ਉਹ ਸਾਡੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਾ ਹੈ ਅਤੇ ਉਸ ਨੂੰ ਸਾਡੀ ਪਰਵਾਹ ਹੈ। ਸਾਡੀਆਂ ਭੌਤਿਕ ਲੋੜਾਂ ਬਾਰੇ ਕੀ? ਯਹੋਵਾਹ “ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ।” (1 ਤਿਮੋ. 6:17) ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ, ਤਾਂ ਉਹ ਸਾਨੂੰ ਸੁਧਾਰਦਾ ਹੈ। ਪਰ ਉਹ ਕਦੇ ਵੀ ਸਾਨੂੰ ਪਿਆਰ ਕਰਨੋਂ ਨਹੀਂ ਹਟਦਾ। ਪਿਆਰ ਹੋਣ ਕਰਕੇ ਹੀ ਯਹੋਵਾਹ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਹੈ। ਨਾਲੇ ਯਿਸੂ ਨੇ ਵੀ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣੀ ਜਾਨ ਤਕ ਦੇ ਦਿੱਤੀ। (ਯੂਹੰ. 3:16; 15:13) ਯਹੋਵਾਹ ਤੇ ਯਿਸੂ ਨੂੰ ਆਪਣੇ ਵਫ਼ਾਦਾਰ ਸੇਵਕਾਂ ਨੂੰ ਪਿਆਰ ਕਰਨ ਤੋਂ ਕੋਈ ਵੀ ਚੀਜ਼ ਨਹੀਂ ਰੋਕ ਸਕਦੀ।—ਯੂਹੰ. 13:1; ਰੋਮੀ. 8:35, 38, 39.

13. ਇਕ ਮੁਖੀ ਨੂੰ ਆਪਣੇ ਪਰਿਵਾਰ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ? (“ ਇਕ ਨਵਾਂ ਵਿਆਹਿਆ ਆਦਮੀ ਆਪਣੀ ਪਤਨੀ ਦਾ ਆਦਰ ਕਿਵੇਂ ਪਾ ਸਕਦਾ ਹੈ?” ਨਾਂ ਦੀ ਡੱਬੀ ਦੇਖੋ।)

13 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਪਰਿਵਾਰ ਦੇ ਮੁਖੀ ਨੂੰ ਹਰ ਕੰਮ ਪਿਆਰ ਹੋਣ ਕਰਕੇ ਕਰਨਾ ਚਾਹੀਦਾ ਹੈ। ਇਹ ਇੰਨਾ ਜ਼ਰੂਰੀ ਕਿਉਂ ਹੈ? ਯੂਹੰਨਾ ਰਸੂਲ ਦੱਸਦਾ ਹੈ: “ਜਿਹੜਾ ਆਪਣੇ ਭਰਾ [ਜਾਂ ਪਰਿਵਾਰ] ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।” (1 ਯੂਹੰ. 4:11, 20) ਜਿਹੜਾ ਆਦਮੀ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ ਅਤੇ ਯਹੋਵਾਹ ਤੇ ਯਿਸੂ ਦੀ ਰੀਸ ਕਰਨੀ ਚਾਹੁੰਦਾ ਹੈ, ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਉਹ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰੇਗਾ, ਉਨ੍ਹਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖੇਗਾ ਅਤੇ ਉਨ੍ਹਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰੇਗਾ। (1 ਤਿਮੋ. 5:8) ਉਹ ਆਪਣੇ ਬੱਚਿਆਂ ਨੂੰ ਸਿਖਲਾਈ ਅਤੇ ਅਨੁਸ਼ਾਸਨ ਦੇਵੇਗਾ। ਉਹ ਇਸ ਗੱਲ ਦਾ ਵੀ ਧਿਆਨ ਰੱਖੇਗਾ ਕਿ ਉਸ ਦੇ ਫ਼ੈਸਲਿਆਂ ਤੋਂ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ ਅਤੇ ਉਸ ਦੇ ਪਰਿਵਾਰ ਦਾ ਭਲਾ ਹੋਵੇ। ਆਓ ਹੁਣ ਆਪਾਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰੀਏ ਅਤੇ ਦੇਖੀਏ ਕਿ ਪਰਿਵਾਰ ਦੇ ਮੁਖੀ ਯਹੋਵਾਹ ਅਤੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ।

ਪਰਿਵਾਰ ਦੇ ਮੁਖੀ ਨੂੰ ਕੀ ਕਰਨਾ ਚਾਹੀਦਾ ਹੈ?

14. ਇਕ ਮੁਖੀ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਕਿਵੇਂ ਮਜ਼ਬੂਤ ਕਰੇਗਾ?

14 ਉਸ ਨੂੰ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨਾ ਚਾਹੀਦਾ ਹੈ। ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲਿਆਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੋਵੇ। ਇਸ ਲਈ ਉਸ ਨੇ ਆਪਣੇ ਪਿਤਾ ਦੀ ਰੀਸ ਕਰਦਿਆਂ ਆਪਣੇ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। (ਮੱਤੀ 5:3, 6; ਮਰ. 6:34) ਪਰਿਵਾਰ ਦੇ ਮੁਖੀ ਲਈ ਵੀ ਸਭ ਤੋਂ ਅਹਿਮ ਗੱਲ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰੇ। (ਬਿਵ. 6:6-9) ਇਸ ਤਰ੍ਹਾਂ ਕਰਨ ਲਈ ਉਹ ਪੂਰਾ ਧਿਆਨ ਰੱਖੇਗਾ ਕਿ ਉਸ ਦਾ ਪਰਿਵਾਰ ਪਰਮੇਸ਼ੁਰ ਦਾ ਬਚਨ ਪੜ੍ਹੇ, ਇਸ ਦਾ ਅਧਿਐਨ ਕਰੇ, ਸਭਾਵਾਂ ਵਿਚ ਹਾਜ਼ਰ ਹੋਵੇ, ਪ੍ਰਚਾਰ ਕਰੇ ਅਤੇ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਬਣਾਈ ਰੱਖੇ।

15. ਇਕ ਮੁਖੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਾ ਹੈ?

15 ਉਸ ਨੂੰ ਆਪਣੇ ਪਰਿਵਾਰ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਯਹੋਵਾਹ ਨੇ ਸਾਰਿਆਂ ਸਾਮ੍ਹਣੇ ਦੱਸਿਆ ਕਿ ਉਹ ਯਿਸੂ ਨੂੰ ਪਿਆਰ ਕਰਦਾ ਹੈ। (ਮੱਤੀ 3:17) ਯਿਸੂ ਨੇ ਅਕਸਰ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਇਆ ਕਿ ਉਹ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਹੈ। ਨਾਲੇ ਉਸ ਦੇ ਚੇਲਿਆਂ ਨੇ ਵੀ ਉਸ ਨੂੰ ਦੱਸਿਆ ਕਿ ਉਹ ਵੀ ਉਸ ਨੂੰ ਪਿਆਰ ਕਰਦੇ ਹਨ। (ਯੂਹੰ. 15:9, 12, 13; 21:16) ਪਰਿਵਾਰ ਦੇ ਮੁਖੀ ਨੂੰ ਵੀ ਆਪਣੀ ਪਤਨੀ ਅਤੇ ਬੱਚਿਆਂ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ। ਮਿਸਾਲ ਲਈ, ਉਸ ਨੂੰ ਪਰਿਵਾਰ ਨਾਲ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਕਦਰ ਕਰਦਾ ਹੈ। ਨਾਲੇ ਜਦੋਂ ਹੋ ਸਕੇ ਉਹ ਦੂਸਰਿਆਂ ਸਾਮ੍ਹਣੇ ਪਰਿਵਾਰ ਦੀ ਤਾਰੀਫ਼ ਵੀ ਕਰੇਗਾ।—ਕਹਾ. 31:28, 29.

ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਕ ਮੁਖੀ ਨੂੰ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ (ਪੈਰਾ 16 ਦੇਖੋ)

16. ਇਕ ਮੁਖੀ ਆਪਣੇ ਪਰਿਵਾਰ ਲਈ ਹੋਰ ਕੀ ਕਰ ਸਕਦਾ ਹੈ ਅਤੇ ਉਹ ਇਸ ਬਾਰੇ ਸਹੀ ਨਜ਼ਰੀਆ ਕਿਵੇਂ ਬਣਾ ਕੇ ਰੱਖ ਸਕਦਾ ਹੈ?

16 ਉਸ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦਾ ਹਨ। ਭਾਵੇਂ ਕਿ ਇਜ਼ਰਾਈਲੀਆਂ ਦੀ ਅਣਆਗਿਆਕਾਰੀ ਕਰਕੇ ਉਨ੍ਹਾਂ ਨੂੰ ਸਜ਼ਾ ਮਿਲ ਰਹੀ ਸੀ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। (ਬਿਵ. 2:7; 29:5) ਯਹੋਵਾਹ ਸਾਡੀਆਂ ਵੀ ਲੋੜਾਂ ਪੂਰੀਆਂ ਕਰ ਰਿਹਾ ਹੈ। (ਮੱਤੀ 6:31-33; 7:11) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਖਾਣਾ ਖੁਆਇਆ ਜੋ ਉਸ ਦੀ ਗੱਲ ਸੁਣਨ ਆਏ ਸਨ। (ਮੱਤੀ 14:17-20) ਉਸ ਨੇ ਬਹੁਤ ਸਾਰੇ ਬੀਮਾਰਾਂ ਨੂੰ ਵੀ ਠੀਕ ਕੀਤਾ। (ਮੱਤੀ 4:24) ਜੇ ਪਰਿਵਾਰ ਦਾ ਮੁਖੀ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ। ਪਰ ਉਸ ਨੂੰ ਇਸ ਬਾਰੇ ਸਹੀ ਨਜ਼ਰੀਆ ਬਣਾ ਕੇ ਰੱਖਣ ਦੀ ਲੋੜ ਹੈ। ਉਸ ਨੂੰ ਆਪਣੇ ਕੰਮ ’ਤੇ ਇੰਨਾ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ ਕਿ ਉਸ ਕੋਲ ਆਪਣੇ ਪਰਿਵਾਰ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣ ਲਈ ਸਮਾਂ ਹੀ ਨਾ ਬਚੇ।

17. ਯਹੋਵਾਹ ਅਤੇ ਯਿਸੂ ਸਿਖਲਾਈ ਅਤੇ ਅਨੁਸ਼ਾਸਨ ਕਿਵੇਂ ਦਿੰਦੇ ਹਨ?

17 ਉਸ ਨੂੰ ਆਪਣੇ ਪਰਿਵਾਰ ਨੂੰ ਸਿਖਲਾਈ ਦੇਣੀ ਚਾਹੀਦੀ ਹੈ। ਯਹੋਵਾਹ ਸਾਨੂੰ ਸਿਖਲਾਈ ਅਤੇ ਅਨੁਸ਼ਾਸਨ ਦਿੰਦਾ ਹੈ ਤਾਂਕਿ ਸਾਡਾ ਭਲਾ ਹੋ ਸਕੇ। (ਇਬ. 12:7-9) ਆਪਣੇ ਪਿਤਾ ਵਾਂਗ ਯਿਸੂ ਵੀ ਆਪਣੇ ਅਧੀਨ ਸਾਰਿਆਂ ਨੂੰ ਪਿਆਰ ਨਾਲ ਸਿਖਲਾਈ ਦਿੰਦਾ ਹੈ। (ਯੂਹੰ. 15:14, 15) ਉਹ ਲੋੜ ਪੈਣ ’ਤੇ ਉਨ੍ਹਾਂ ਨੂੰ ਅਨੁਸ਼ਾਸਨ ਵੀ ਦਿੰਦਾ ਹੈ, ਪਰ ਪਿਆਰ ਨਾਲ। (ਮੱਤੀ 20:24-28) ਉਹ ਸਮਝਦਾ ਹੈ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਸਾਡੇ ਤੋਂ ਗ਼ਲਤੀਆਂ ਹੋਣਗੀਆਂ ਹੀ।—ਮੱਤੀ 26:41.

18. ਇਕ ਵਧੀਆ ਮੁਖੀ ਕਿਹੜੀ ਗੱਲ ਯਾਦ ਰੱਖਦਾ ਹੈ?

18 ਇਕ ਵਧੀਆ ਮੁਖੀ ਯਹੋਵਾਹ ਅਤੇ ਯਿਸੂ ਦੀ ਰੀਸ ਕਰਦਿਆਂ ਇਹ ਗੱਲ ਯਾਦ ਰੱਖਦਾ ਹੈ ਕਿ ਉਸ ਦੀ ਪਤਨੀ ਅਤੇ ਬੱਚੇ ਨਾਮੁਕੰਮਲ ਹਨ। ਉਹ ਆਪਣੀ ਪਤਨੀ ਅਤੇ ਬੱਚਿਆਂ ਉੱਤੇ ‘ਗੁੱਸੇ ਵਿਚ ਨਹੀਂ ਭੜਕਦਾ।’ (ਕੁਲੁ. 3:19) ਇਸ ਦੀ ਬਜਾਇ, ਉਹ ਗਲਾਤੀਆਂ 6:1 ਵਿੱਚ ਦਿੱਤੇ ਅਸੂਲ ਨੂੰ ਲਾਗੂ ਕਰਦਾ ਹੈ ਅਤੇ ਉਨ੍ਹਾਂ ਨੂੰ “ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼” ਕਰਦਾ ਹੈ। ਨਾਲੇ ਉਹ ਹਮੇਸ਼ਾ ਯਾਦ ਰੱਖਦਾ ਹੈ ਕਿ ਉਹ ਆਪ ਵੀ ਨਾਮੁਕੰਮਲ ਹੈ। ਯਿਸੂ ਵਾਂਗ ਉਹ ਜਾਣਦਾ ਹੈ ਕਿ ਦੂਸਰਿਆਂ ਨੂੰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਖ਼ੁਦ ਇਕ ਚੰਗੀ ਮਿਸਾਲ ਬਣਨਾ।—1 ਪਤ. 2:21.

19-20. ਇਕ ਵਧੀਆ ਮੁਖੀ ਫ਼ੈਸਲੇ ਲੈਣ ਵੇਲੇ ਯਹੋਵਾਹ ਅਤੇ ਯਿਸੂ ਦੀ ਰੀਸ ਕਿਵੇਂ ਕਰ ਸਕਦਾ ਹੈ?

19 ਉਸ ਨੂੰ ਬਿਨਾਂ ਕਿਸੇ ਸੁਆਰਥ ਦੇ ਫ਼ੈਸਲੇ ਕਰਨੇ ਚਾਹੀਦੇ ਹਨ। ਯਹੋਵਾਹ ਅਜਿਹੇ ਫ਼ੈਸਲੇ ਕਰਦਾ ਹੈ ਜਿਸ ਨਾਲ ਦੂਜਿਆਂ ਦਾ ਭਲਾ ਹੁੰਦਾ ਹੈ। ਮਿਸਾਲ ਲਈ, ਉਸ ਨੇ ਜੀਵਨ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਉਸ ਨੇ ਇਹ ਫ਼ੈਸਲਾ ਆਪਣੇ ਫ਼ਾਇਦੇ ਲਈ ਨਹੀਂ, ਸਗੋਂ ਸਾਡੇ ਭਲੇ ਲਈ ਕੀਤਾ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ। ਸਾਡੇ ਪਾਪਾਂ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਕਿਸੇ ਨੇ ਉਸ ’ਤੇ ਜ਼ੋਰ ਨਹੀਂ ਪਾਇਆ। ਉਸ ਨੇ ਆਪਣੀ ਮਰਜ਼ੀ ਨਾਲ ਇਹ ਫ਼ੈਸਲਾ ਕੀਤਾ ਤਾਂਕਿ ਸਾਰਿਆਂ ਦਾ ਭਲਾ ਹੋ ਸਕੇ। ਯਿਸੂ ਨੇ ਵੀ ਅਜਿਹੇ ਫ਼ੈਸਲੇ ਕੀਤੇ ਜਿਸ ਨਾਲ ਦੂਸਰਿਆਂ ਦਾ ਭਲਾ ਹੋਇਆ। (ਰੋਮੀ. 15:3) ਮਿਸਾਲ ਲਈ, ਜਦੋਂ ਉਹ ਬਹੁਤ ਥੱਕਿਆ ਹੋਇਆ ਸੀ, ਤਾਂ ਵੀ ਉਸ ਨੇ ਆਰਾਮ ਕਰਨ ਦੀ ਬਜਾਇ ਭੀੜ ਨੂੰ ਸਿਖਾਉਣ ਦਾ ਫ਼ੈਸਲਾ ਕੀਤਾ।—ਮਰ. 6:31-34.

20 ਇਕ ਵਧੀਆ ਮੁਖੀ ਜਾਣਦਾ ਹੈ ਕਿ ਉਸ ’ਤੇ ਭਾਰੀ ਜ਼ਿੰਮੇਵਾਰੀ ਹੈ ਕਿ ਉਸ ਨੇ ਆਪਣੇ ਪਰਿਵਾਰ ਦੀ ਖ਼ੁਸ਼ੀ ਲਈ ਸਹੀ ਫ਼ੈਸਲੇ ਕਰਨੇ ਹਨ। ਉਹ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਭਾਵਨਾਵਾਂ ਵਿਚ ਵਹਿ ਕੇ ਜਾਂ ਬਿਨਾਂ ਸੋਚੇ-ਸਮਝੇ ਫ਼ੈਸਲੇ ਨਹੀਂ ਲੈਂਦਾ, ਬਲਕਿ ਉਹ ਚੰਗੇ ਫ਼ੈਸਲੇ ਲੈਣ ਲਈ ਯਹੋਵਾਹ ਤੋਂ ਮਦਦ ਮੰਗਦਾ ਹੈ। * (ਕਹਾ. 2:6, 7) ਇਸ ਤਰ੍ਹਾਂ ਉਹ ਆਪਣੇ ਬਾਰੇ ਨਹੀਂ, ਸਗੋਂ ਦੂਸਰਿਆਂ ਦੇ ਭਲੇ ਬਾਰੇ ਸੋਚਦਾ ਹੈ।—ਫ਼ਿਲਿ. 2:4.

21. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

21 ਯਹੋਵਾਹ ਨੇ ਪਰਿਵਾਰ ਦੇ ਮੁਖੀਆਂ ਨੂੰ ਇਕ ਭਾਰੀ ਜ਼ਿੰਮੇਵਾਰੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ। ਜੇ ਪਤੀ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਣ ਦਾ ਪੱਕਾ ਇਰਾਦਾ ਕਰਦਾ ਹੈ, ਤਾਂ ਉਹ ਇਕ ਚੰਗਾ ਮੁਖੀ ਬਣੇਗਾ। ਨਾਲੇ ਜੇ ਉਸ ਦੀ ਪਤਨੀ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਤਾਂ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਖ਼ੁਸ਼ੀਆਂ ਭਰਿਆ ਹੋਵੇਗਾ। ਇਕ ਪਤਨੀ ਨੂੰ ਆਪਣੇ ਪਤੀ ਦੀ ਮੁਖੀ ਦੀ ਜ਼ਿੰਮੇਵਾਰੀ ਨੂੰ ਕਿਵੇਂ ਸਮਝਣਾ ਚਾਹੀਦਾ ਹੈ ਅਤੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

ਗੀਤ 14 ਸਭ ਕੁਝ ਨਵਾਂ ਬਣੇਗਾ

^ ਪੈਰਾ 5 ਜਦੋਂ ਇਕ ਆਦਮੀ ਦਾ ਵਿਆਹ ਹੁੰਦਾ ਹੈ, ਤਾਂ ਉਹ ਆਪਣੇ ਪਰਿਵਾਰ ਦਾ ਮੁਖੀ ਬਣ ਜਾਂਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਮੁਖੀ ਹੋਣ ਦਾ ਕੀ ਮਤਲਬ ਹੈ। ਯਹੋਵਾਹ ਨੇ ਇਹ ਪ੍ਰਬੰਧ ਕਿਉਂ ਕੀਤਾ ਹੈ ਅਤੇ ਆਦਮੀ ਯਹੋਵਾਹ ਤੇ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ? ਦੂਸਰੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਤੀ ਤੇ ਪਤਨੀ ਯਿਸੂ ਅਤੇ ਬਾਈਬਲ ਵਿਚ ਦਰਜ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਨ। ਨਾਲੇ ਤੀਸਰੇ ਲੇਖ ਵਿਚ ਅਸੀਂ ਦੇਖਾਂਗੇ ਕਿ ਭਰਾਵਾਂ ਨੂੰ ਮੰਡਲੀ ਵਿਚ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ।

^ ਪੈਰਾ 7 ਅਕਸਰ ਕਈ ਕਿਤਾਬਾਂ, ਫ਼ਿਲਮਾਂ ਜਾਂ ਨਾਟਕਾਂ ਵਿਚ ਵੀ ਦਿਖਾਇਆ ਜਾਂਦਾ ਹੈ ਕਿ ਇਕ ਪਤੀ ਆਪਣੀ ਪਤਨੀ ਨਾਲ ਬਦਸਲੂਕੀ ਕਰ ਸਕਦਾ ਹੈ ਜਾਂ ਫਿਰ ਉਸ ’ਤੇ ਹੱਥ ਵੀ ਚੁੱਕ ਸਕਦਾ ਹੈ। ਇਸ ਲਈ ਸ਼ਾਇਦ ਕੁਝ ਲੋਕ ਸੋਚਣ ਕਿ ਆਪਣੀ ਪਤਨੀ ’ਤੇ ਰੋਅਬ ਪਾਉਣਾ ਕੋਈ ਗ਼ਲਤ ਗੱਲ ਨਹੀਂ ਹੈ।

^ ਪੈਰਾ 20 ਚੰਗੇ ਫ਼ੈਸਲੇ ਕਿਵੇਂ ਲਈਏ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ 15 ਅਪ੍ਰੈਲ 2011 ਦੇ ਪਹਿਰਾਬੁਰਜ ਦੇ ਸਫ਼ੇ 13-17 ’ਤੇ ਲੇਖ “ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ” ਦੇਖੋ।