Skip to content

Skip to table of contents

ਅਧਿਐਨ ਲੇਖ 20

ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ

ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ

“ਆਪਣਾ ਬੀ ਬੀਜ ਅਤੇ . . . ਆਪਣਾ ਹੱਥ ਢਿੱਲਾ ਨਾ ਪੈਣ ਦੇ।”​—ਉਪ. 11:6.

ਗੀਤ 53 ਕਰੋ ਪ੍ਰਚਾਰ ਦੀ ਤਿਆਰੀ

ਖ਼ਾਸ ਗੱਲਾਂ *

ਯਿਸੂ ਦੇ ਸਵਰਗ ਨੂੰ ਚਲੇ ਜਾਣ ਤੋਂ ਬਾਅਦ ਉਸ ਦੇ ਚੇਲੇ ਜੋਸ਼ ਨਾਲ ਯਰੂਸ਼ਲਮ ਅਤੇ ਹੋਰ ਇਲਾਕਿਆਂ ਵਿਚ ਪ੍ਰਚਾਰ ਕਰਦੇ ਹੋਏ (ਪੈਰੇ 1 ਦੇਖੋ)

1. ਯਿਸੂ ਨੇ ਆਪਣੇ ਚੇਲਿਆਂ ਲਈ ਕਿਹੜੀ ਮਿਸਾਲ ਰੱਖੀ ਅਤੇ ਚੇਲਿਆਂ ਨੇ ਕੀ ਕੀਤਾ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

ਧਰਤੀ ’ਤੇ ਹੁੰਦਿਆਂ ਯਿਸੂ ਨੇ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖਿਆ ਅਤੇ ਉਹ ਚਾਹੁੰਦਾ ਹੈ ਉਸ ਦੇ ਚੇਲੇ ਵੀ ਇੱਦਾਂ ਹੀ ਕਰਨ। (ਯੂਹੰ. 4:35, 36) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਦੇ ਚੇਲਿਆਂ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। (ਲੂਕਾ 10:1, 5-11, 17) ਪਰ ਯਿਸੂ ਦੇ ਗਿਰਫ਼ਤਾਰ ਹੋਣ ਅਤੇ ਉਸ ਦੀ ਮੌਤ ਤੋਂ ਬਾਅਦ ਚੇਲਿਆਂ ਦਾ ਜੋਸ਼ ਥੋੜ੍ਹੇ ਸਮੇਂ ਲਈ ਠੰਢਾ ਪੈ ਗਿਆ ਸੀ। (ਯੂਹੰ. 16:32) ਜੀ ਉੱਠਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕੰਮ ’ਤੇ ਧਿਆਨ ਲਾਈ ਰੱਖਣ ਲਈ ਕਿਹਾ। ਨਾਲੇ ਯਿਸੂ ਦੇ ਸਵਰਗ ਜਾਣ ਤੋਂ ਬਾਅਦ ਉਸ ਦੇ ਚੇਲਿਆਂ ਨੇ ਇੰਨੇ ਜੋਸ਼ ਨਾਲ ਪ੍ਰਚਾਰ ਕੀਤਾ ਕਿ ਉਨ੍ਹਾਂ ਦੇ ਦੁਸ਼ਮਣਾਂ ਨੇ ਕਿਹਾ: “ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ।”​—ਰਸੂ. 5:28.

2. ਯਹੋਵਾਹ ਨੇ ਪ੍ਰਚਾਰ ਦੇ ਕੰਮ ’ਤੇ ਕਿਵੇਂ ਬਰਕਤ ਪਾਈ ਹੈ?

2 ਪਹਿਲੀ ਸਦੀ ਦੇ ਮਸੀਹੀਆਂ ਦੇ ਪ੍ਰਚਾਰ ਕੰਮ ਦੀ ਦੇਖ-ਰੇਖ ਯਿਸੂ ਨੇ ਕੀਤੀ ਸੀ ਅਤੇ ਯਹੋਵਾਹ ਨੇ ਇਸ ਕੰਮ ’ਤੇ ਬਰਕਤ ਪਾਈ। ਪੰਤੇਕੁਸਤ 33 ਈਸਵੀ ਨੂੰ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ। (ਰਸੂ. 2:41) ਨਾਲੇ ਚੇਲਿਆਂ ਦੀ ਗਿਣਤੀ ਹੋਰ ਵੀ ਤੇਜ਼ੀ ਨਾਲ ਵਧਦੀ ਗਈ। (ਰਸੂ. 6:7) ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨਗੇ।​—ਯੂਹੰ. 14:12; ਰਸੂ. 1:8.

3-4. ਕਈਆਂ ਨੂੰ ਪ੍ਰਚਾਰ ਕਰਨਾ ਔਖਾ ਕਿਉਂ ਲੱਗਦਾ ਹੈ ਅਤੇ ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

3 ਸਾਨੂੰ ਸਾਰਿਆਂ ਨੂੰ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਕਈ ਦੇਸ਼ਾਂ ਵਿਚ ਪ੍ਰਚਾਰ ਕਰਨਾ ਬਹੁਤ ਸੌਖਾ ਹੈ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਬਾਈਬਲ ਸਟੱਡੀ ਕਰਨਾ ਚਾਹੁੰਦੇ ਹਨ, ਪਰ ਸਟੱਡੀ ਕਰਾਉਣ ਲਈ ਭੈਣ-ਭਰਾ ਘੱਟ ਹੁੰਦੇ ਹਨ। ਪਰ ਕਈ ਹੋਰ ਦੇਸ਼ਾਂ ਵਿਚ ਪ੍ਰਚਾਰ ਕਰਨਾ ਔਖਾ ਹੁੰਦਾ ਹੈ ਕਿਉਂਕਿ ਲੋਕ ਘਰ ਨਹੀਂ ਮਿਲਦੇ ਅਤੇ ਜੋ ਲੋਕ ਘਰ ਮਿਲਦੇ ਹਨ ਉਹ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ।

4 ਜੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਪ੍ਰਚਾਰ ਕਰਨਾ ਬਹੁਤ ਔਖਾ ਹੈ, ਤਾਂ ਇਸ ਲੇਖ ਵਿਚ ਦਿੱਤੇ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ। ਅਸੀਂ ਇਹ ਦੇਖਾਂਗੇ ਕਿ ਕਿਵੇਂ ਕੁਝ ਭੈਣਾਂ-ਭਰਾਵਾਂ ਨੇ ਅਲੱਗ-ਅਲੱਗ ਤਰੀਕੇ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਫਿਰ ਵੀ ਅਸੀਂ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਦੇ ਹਾਂ।

ਜੇ ਲੋਕ ਘਰ ਨਹੀਂ ਵੀ ਮਿਲਦੇ, ਤਾਂ ਵੀ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ

5. ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਅੱਜ ਪ੍ਰਚਾਰ ਕਰਨਾ ਔਖਾ ਕਿਉਂ ਹੁੰਦਾ ਜਾ ਰਿਹਾ ਹੈ?

5 ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਅੱਜ-ਕੱਲ੍ਹ ਲੋਕਾਂ ਨੂੰ ਮਿਲਣਾ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਕੁਝ ਲੋਕ ਅਜਿਹੇ ਘਰਾਂ ਜਾਂ ਬਿਲਡਿੰਗਾਂ ਵਿਚ ਰਹਿੰਦੇ ਹਨ ਜਿੱਥੇ ਇਜਾਜ਼ਤ ਤੋਂ ਬਗੈਰ ਜਾਣਾ ਮਨ੍ਹਾ ਹੈ। ਜੇ ਉੱਥੇ ਰਹਿਣ ਵਾਲਿਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਨਹੀਂ ਹੈ, ਤਾਂ ਸਕਿਉਰਿਟੀ ਗਾਰਡ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੰਦਾ। ਕਈ ਹੋਰ ਪ੍ਰਚਾਰਕ ਬਿਨਾਂ ਕਿਸੇ ਰੁਕਾਵਟ ਦੇ ਘਰ-ਘਰ ਪ੍ਰਚਾਰ ਕਰਦੇ ਹਨ, ਪਰ ਉਨ੍ਹਾਂ ਨੂੰ ਵੀ ਬਹੁਤ ਘੱਟ ਹੀ ਲੋਕ ਘਰ ਮਿਲਦੇ ਹਨ। ਕਈ ਪ੍ਰਚਾਰਕ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਜਾਂਦੇ ਹਨ ਜਿੱਥੇ ਬਹੁਤ ਘੱਟ ਲੋਕ ਰਹਿੰਦੇ ਹਨ। ਕਈ ਵਾਰ ਉਹ ਲੰਬਾ ਸਫ਼ਰ ਤੈਅ ਕਰ ਕੇ ਇਕ ਵਿਅਕਤੀ ਨੂੰ ਮਿਲਣ ਜਾਂਦੇ ਹਨ ਅਤੇ ਸ਼ਾਇਦ ਉਹ ਵੀ ਘਰ ਨਾ ਮਿਲੇ। ਜੇ ਅਸੀਂ ਵੀ ਅਜਿਹੀਆਂ ਮੁਸ਼ਕਲਾਂ ਸਹਿ ਰਹੇ ਹਾਂ, ਤਾਂ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

6. ਪ੍ਰਚਾਰ ਕੰਮ ਮੱਛੀਆਂ ਫੜਨ ਦੇ ਕੰਮ ਵਾਂਗ ਕਿਵੇਂ ਹੈ?

6 ਯਿਸੂ ਨੇ ਪ੍ਰਚਾਰ ਕੰਮ ਦੀ ਤੁਲਨਾ ਮੱਛੀਆਂ ਫੜਨ ਦੇ ਕੰਮ ਨਾਲ ਕੀਤੀ ਸੀ। (ਮਰ. 1:17) ਕਈ ਮਛਿਆਰੇ ਕਈ ਦਿਨਾਂ ਤਕ ਮੱਛੀਆਂ ਫੜਨ ਲਈ ਜਾਂਦੇ ਹਨ, ਪਰ ਕਈ ਵਾਰ ਉਹ ਇਕ ਵੀ ਮੱਛੀ ਨਹੀਂ ਫੜ ਪਾਉਂਦੇ। ਫਿਰ ਵੀ ਹਾਰ ਮੰਨਣ ਦੀ ਬਜਾਇ, ਉਹ ਮੱਛੀਆਂ ਫੜਨ ਦੇ ਆਪਣੇ ਤਰੀਕੇ ਨੂੰ ਬਦਲਦੇ ਹਨ। ਉਹ ਕਿਸੇ ਹੋਰ ਸਮੇਂ, ਜਗ੍ਹਾ ਜਾਂ ਕਿਸੇ ਹੋਰ ਤਰੀਕੇ ਨਾਲ ਮੱਛੀਆਂ ਫੜਦੇ ਹਨ। ਅਸੀਂ ਵੀ ਪ੍ਰਚਾਰ ਕੰਮ ਵਿਚ ਅਜਿਹੇ ਬਦਲਾਅ ਕਰ ਸਕਦੇ ਹਾਂ। ਆਓ ਅੱਗੇ ਦੱਸੇ ਕੁਝ ਸੁਝਾਅ ਦੇਖੀਏ।

ਜਦੋਂ ਲੋਕ ਘਰ ਨਹੀਂ ਮਿਲਦੇ, ਤਾਂ ਸਾਨੂੰ ਕਿਸੇ ਹੋਰ ਸਮੇਂ, ਕਿਸੇ ਹੋਰ ਜਗ੍ਹਾ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਪੈਰੇ 7-10 ਦੇਖੋ) *

7. ਵੱਖੋ-ਵੱਖਰੇ ਸਮੇਂ ’ਤੇ ਪ੍ਰਚਾਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

7 ਸਾਨੂੰ ਕਿਸੇ ਹੋਰ ਸਮੇਂ ’ਤੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਸਮੇਂ ’ਤੇ ਜਾਣਾ ਚਾਹੀਦਾ ਹੈ ਜਦੋਂ ਲੋਕ ਘਰ ਹੁੰਦੇ ਹਨ। ਭਾਵੇਂ ਲੋਕ ਜ਼ਿਆਦਾਤਰ ਸਮਾਂ ਘਰੋਂ ਬਾਹਰ ਰਹਿੰਦੇ ਹਨ, ਪਰ ਉਹ ਅਖ਼ੀਰ ਵਾਪਸ ਆਪਣੇ ਘਰਾਂ ਨੂੰ ਤਾਂ ਆਉਂਦੇ ਹੀ ਹਨ। ਇਸ ਲਈ ਬਹੁਤ ਸਾਰੇ ਭੈਣ-ਭਰਾ ਦੁਪਹਿਰੇ ਜਾਂ ਸ਼ਾਮ ਨੂੰ ਪ੍ਰਚਾਰ ’ਤੇ ਜਾਂਦੇ ਹਨ ਕਿਉਂਕਿ ਉਸ ਵੇਲੇ ਅਕਸਰ ਲੋਕ ਘਰੇ ਮਿਲਦੇ ਹਨ। ਇਸ ਤੋਂ ਇਲਾਵਾ, ਸ਼ਾਇਦ ਉਸ ਵੇਲੇ ਘਰ ਮਾਲਕ ਆਰਾਮ ਨਾਲ ਸਾਡੀ ਗੱਲ ਸੁਣੇ। ਨਾਲੇ ਅਸੀਂ ਡੇਵਿਡ ਨਾਂ ਦੇ ਬਜ਼ੁਰਗ ਦੀ ਰੀਸ ਕਰ ਸਕਦੇ ਹਾਂ। ਉਹ ਅਤੇ ਉਸ ਦਾ ਸਾਥੀ ਘਰ-ਘਰ ਪ੍ਰਚਾਰ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਘਰਾਂ ਨੂੰ ਵਾਪਸ ਜਾਂਦੇ ਹਨ ਜੋ ਉਨ੍ਹਾਂ ਨੂੰ ਪਹਿਲਾਂ ਬੰਦ ਮਿਲੇ ਸਨ। ਡੇਵਿਡ ਕਹਿੰਦਾ ਹੈ, “ਮੈਂ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਜਦੋਂ ਅਸੀਂ ਵਾਪਸ ਉਨ੍ਹਾਂ ਘਰਾਂ ਨੂੰ ਜਾਂਦੇ ਹਾਂ, ਤਾਂ ਸਾਨੂੰ ਉੱਥੇ ਕੋਈ ਨਾ ਕੋਈ ਜ਼ਰੂਰ ਮਿਲ ਜਾਂਦਾ ਹੈ।” *

ਜਦੋਂ ਲੋਕ ਘਰ ਨਹੀਂ ਮਿਲਦੇ, ਤਾਂ ਸਾਨੂੰ ਕਿਸੇ ਹੋਰ ਸਮੇਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਪੈਰੇ 7-8 ਦੇਖੋ)

8. ਅਸੀਂ ਉਪਦੇਸ਼ਕ ਦੀ ਕਿਤਾਬ 11:6 ਦੀ ਸਲਾਹ ਪ੍ਰਚਾਰ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?

8 ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਇਸ ਲੇਖ ਦੀ ਮੁੱਖ ਆਇਤ ਤੋਂ ਵੀ ਅਸੀਂ ਇਹੀ ਗੱਲ ਸਿੱਖਦੇ ਹਾਂ। (ਉਪਦੇਸ਼ਕ ਦੀ ਕਿਤਾਬ 11:6 ਪੜ੍ਹੋ।) ਡੇਵਿਡ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਨੇ ਕਦੇ ਹਾਰ ਨਹੀਂ ਮੰਨੀ। ਇਕ ਵਾਰ ਕਿਸੇ ਵਿਅਕਤੀ ਨੂੰ ਮਿਲਣ ਲਈ ਉਹ ਵਾਰ-ਵਾਰ ਉਸ ਦੇ ਘਰ ਜਾਂਦਾ ਰਿਹਾ, ਪਰ ਉਹ ਉਸ ਨੂੰ ਨਹੀਂ ਮਿਲਿਆ। ਆਖ਼ਰਕਾਰ ਜਦੋਂ ਉਹ ਉਸ ਨੂੰ ਮਿਲਿਆ, ਤਾਂ ਉਸ ਨੇ ਬਾਈਬਲ ਵਿਚ ਗਹਿਰੀ ਦਿਲਚਸਪੀ ਲਈ ਅਤੇ ਕਿਹਾ: “ਮੈਂ ਅੱਠ ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ ਅਤੇ ਮੈਂ ਕਦੇ ਵੀ ਕਿਸੇ ਯਹੋਵਾਹ ਦੇ ਗਵਾਹ ਨੂੰ ਘਰੇ ਨਹੀਂ ਮਿਲਿਆ।” ਡੇਵਿਡ ਕਹਿੰਦਾ ਹੈ: “ਜਦੋਂ ਅਸੀਂ ਕਿਸੇ ਵਿਅਕਤੀ ਨੂੰ ਮਿਲਣ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਤਾਂ ਅਕਸਰ ਉਹ ਸਾਡੀ ਗੱਲ ਸੁਣ ਲੈਂਦਾ ਹੈ।”

ਜਦੋਂ ਲੋਕ ਘਰ ਨਹੀਂ ਮਿਲਦੇ, ਤਾਂ ਸਾਨੂੰ ਕਿਸੇ ਹੋਰ ਜਗ੍ਹਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਪੈਰਾ 9 ਦੇਖੋ)

9. ਜੋ ਲੋਕ ਘਰ ਨਹੀਂ ਮਿਲਦੇ ਉਨ੍ਹਾਂ ਤਕ ਪਹੁੰਚਣ ਲਈ ਕਈ ਪ੍ਰਚਾਰਕਾਂ ਨੇ ਕੀ ਕੀਤਾ ਹੈ?

9 ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੋ। ਜੋ ਲੋਕ ਘਰ ਨਹੀਂ ਮਿਲਦੇ ਉਨ੍ਹਾਂ ਤਕ ਪਹੁੰਚਣ ਲਈ ਕਈ ਪ੍ਰਚਾਰਕਾਂ ਨੇ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ ਹੈ। ਉਦਾਹਰਣ ਲਈ, ਕਈ ਘਰਾਂ ਜਾਂ ਬਿਲਡਿੰਗਾਂ ਵਿਚ ਬਿਨਾਂ ਇਜਾਜ਼ਤ ਦੇ ਲੋਕਾਂ ਨੂੰ ਮਿਲਣਾ ਮਨ੍ਹਾ ਹੈ। ਇੱਥੇ ਰਹਿੰਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਕਈ ਪ੍ਰਚਾਰਕਾਂ ਨੇ ਸੜਕ ’ਤੇ ਗਵਾਹੀ ਦਿੱਤੀ ਹੈ ਅਤੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲਾਈ ਹੈ। ਇਸ ਨਾਲ ਪ੍ਰਚਾਰਕਾਂ ਨੂੰ ਚੰਗੇ ਨਤੀਜੇ ਮਿਲੇ ਹਨ। ਇਸ ਤਰ੍ਹਾਂ ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਵੀ ਗਵਾਹੀ ਦੇ ਸਕੇ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਮਿਲਣਾ ਔਖਾ ਹੈ। ਨਾਲੇ ਕਈ ਪ੍ਰਚਾਰਕਾਂ ਨੇ ਦੇਖਿਆ ਹੈ ਕਿ ਪਾਰਕਾਂ, ਬਾਜ਼ਾਰਾਂ ਅਤੇ ਕਾਰੋਬਾਰੀ ਇਲਾਕਿਆਂ ਵਿਚ ਲੋਕ ਆਸਾਨੀ ਨਾਲ ਸਾਡੀ ਗੱਲ ਸੁਣਦੇ ਹਨ ਅਤੇ ਸਾਡੇ ਪ੍ਰਕਾਸ਼ਨ ਲੈ ਲੈਂਦੇ ਹਨ। ਬੋਲੀਵੀਆ ਦਾ ਰਹਿਣ ਵਾਲਾ ਫਲੋਰਾਨ ਨਾਂ ਦਾ ਸਰਕਟ ਓਵਰਸੀਅਰ ਕਹਿੰਦਾ ਹੈ: “ਅਸੀਂ ਬਾਜ਼ਾਰਾਂ ਅਤੇ ਕਾਰੋਬਾਰੀ ਇਲਾਕਿਆਂ ਵਿਚ ਦੁਪਹਿਰ ਦੇ 1:00 ਤੋਂ 3:00 ਦੇ ਵਿਚ-ਵਿਚ ਜਾਂਦੇ ਹਾਂ ਕਿਉਂਕਿ ਉਸ ਵੇਲੇ ਦੁਕਾਨਾਂ ’ਤੇ ਜ਼ਿਆਦਾ ਭੀੜ ਨਹੀਂ ਹੁੰਦੀ। ਇਸ ਕਰਕੇ ਦੁਕਾਨਦਾਰ ਆਸਾਨੀ ਨਾਲ ਸਾਡੀ ਗੱਲ ਸੁਣ ਲੈਂਦੇ ਹਨ ਅਤੇ ਕਈਆਂ ਨੇ ਤਾਂ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ ਹੈ।”

ਜਦੋਂ ਲੋਕ ਘਰ ਨਹੀਂ ਮਿਲਦੇ, ਤਾਂ ਸਾਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ (ਪੈਰਾ 10 ਦੇਖੋ)

10. ਲੋਕਾਂ ਨੂੰ ਗਵਾਹੀ ਦੇਣ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ?

10 ਕਿਸੇ ਹੋਰ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੋ। ਮੰਨ ਲਓ ਕਿ ਤੁਸੀਂ ਕਿਸੇ ਵਿਅਕਤੀ ਨੂੰ ਮਿਲਣ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਹੋ, ਪਰ ਉਹ ਤੁਹਾਨੂੰ ਘਰੇ ਨਹੀਂ ਮਿਲਦਾ। ਕੀ ਤੁਸੀਂ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਗਵਾਹੀ ਦੇ ਸਕਦੇ ਹੋ? ਕਟਰੀਨਾ ਨਾਂ ਦੀ ਭੈਣ ਕਹਿੰਦੀ ਹੈ: “ਜੋ ਲੋਕ ਮੈਨੂੰ ਘਰ ਨਹੀਂ ਮਿਲਦੇ ਮੈਂ ਉਨ੍ਹਾਂ ਨੂੰ ਚਿੱਠੀਆਂ ਲਿਖਦੀ ਹਾਂ। ਇਨ੍ਹਾਂ ਚਿੱਠੀਆਂ ਵਿਚ ਮੈਂ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਲਿਖਦੀ ਹਾਂ ਜੋ ਮੈਂ ਉਨ੍ਹਾਂ ਨੂੰ ਮਿਲ ਕੇ ਦੱਸਣੀਆਂ ਸਨ।” ਅਸੀਂ ਇਸ ਭੈਣ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ? ਸਾਨੂੰ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਗਵਾਹੀ ਦੇਣ ਲਈ ਵੱਖੋ-ਵੱਖਰੇ ਤਰੀਕੇ ਵਰਤਣੇ ਚਾਹੀਦੇ ਹਨ।

ਜੇ ਲੋਕ ਸਾਡੀ ਨਾ ਵੀ ਸੁਣਨ, ਤਾਂ ਵੀ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ

11. ਕੁਝ ਲੋਕ ਸਾਡੀ ਗੱਲ ਕਿਉਂ ਨਹੀਂ ਸੁਣਦੇ?

11 ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਦੇਖ ਕੇ ਲੋਕਾਂ ਦਾ ਪਰਮੇਸ਼ੁਰ ਉੱਤੋਂ ਭਰੋਸਾ ਉੱਠ ਚੁੱਕਾ ਹੈ। ਕੁਝ ਲੋਕ ਬਾਈਬਲ ਬਾਰੇ ਸਿੱਖਣਾ ਨਹੀਂ ਚਾਹੁੰਦੇ ਕਿਉਂਕਿ ਉਹ ਦੇਖਦੇ ਹਨ ਕਿ ਜਿਹੜੇ ਧਾਰਮਿਕ ਆਗੂ ਬਾਈਬਲ ਵਿੱਚੋਂ ਸਿਖਾਉਣ ਦਾ ਦਾਅਵਾ ਕਰਦੇ ਹਨ ਉਹ ਆਪ ਹੀ ਗ਼ਲਤ ਕੰਮ ਕਰ ਰਹੇ ਹਨ। ਕੁਝ ਲੋਕ ਆਪਣੇ ਘਰ-ਪਰਿਵਾਰ, ਨੌਕਰੀ ਅਤੇ ਹੋਰ ਪਰੇਸ਼ਾਨੀਆਂ ਵਿਚ ਇੰਨੇ ਉਲਝੇ ਹੋਏ ਹਨ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬਾਈਬਲ ਤੋਂ ਉਨ੍ਹਾਂ ਨੂੰ ਕੋਈ ਮਦਦ ਮਿਲ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਸ਼ਾਇਦ ਕੁਝ ਲੋਕ ਸਾਡੀ ਨਾ ਸੁਣਨ। ਅਜਿਹੇ ਹਾਲਾਤਾਂ ਵਿਚ ਵੀ ਅਸੀਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਿਵੇਂ ਕਰਦੇ ਰਹਿ ਸਕਦੇ ਹਾਂ?

12. ਪ੍ਰਚਾਰ ਕਰਦੇ ਵੇਲੇ ਅਸੀਂ ਫ਼ਿਲਿੱਪੀਆਂ 2:4 ਵਿਚ ਦਿੱਤੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

12 ਲੋਕਾਂ ਲਈ ਪਰਵਾਹ ਦਿਖਾਓ। ਬਹੁਤ ਸਾਰੇ ਲੋਕ ਸ਼ੁਰੂ-ਸ਼ੁਰੂ ਵਿਚ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ। ਪਰ ਜਦੋਂ ਉਹ ਦੇਖਦੇ ਹਨ ਕਿ ਅਸੀਂ ਉਨ੍ਹਾਂ ਦੀ ਦਿਲੋਂ ਪਰਵਾਹ ਕਰਦੇ ਹਾਂ, ਤਾਂ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਂਦੇ ਹਨ। (ਫ਼ਿਲਿੱਪੀਆਂ 2:4 ਪੜ੍ਹੋ।) ਡੇਵਿਡ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦਾ ਹੈ: “ਜਦੋਂ ਕੋਈ ਕਹਿੰਦਾ ਹੈ ਕਿ ਉਹ ਸਾਡੀ ਗੱਲ ਨਹੀਂ ਸੁਣਨੀ ਚਾਹੁੰਦਾ, ਤਾਂ ਅਸੀਂ ਆਪਣੀ ਬਾਈਬਲ ਅਤੇ ਪ੍ਰਕਾਸ਼ਨਾਂ ਨੂੰ ਬੈਗ ਵਿਚ ਵਾਪਸ ਰੱਖ ਦਿੰਦੇ ਹਾਂ ਅਤੇ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਹ ਕਿਉਂ ਕਹਿ ਰਿਹਾ ਹੈ।” ਲੋਕਾਂ ਨੂੰ ਅਕਸਰ ਇਹ ਯਾਦ ਨਹੀਂ ਰਹਿੰਦਾ ਕਿ ਅਸੀਂ ਉਨ੍ਹਾਂ ਨਾਲ ਕੀ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਇਹ ਜ਼ਰੂਰ ਯਾਦ ਰਹਿੰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਏ ਸੀ। ਉਹ ਸਾਡੇ ਹਾਵਾਂ-ਭਾਵਾਂ ਤੋਂ ਜਾਣ ਲੈਂਦੇ ਹਨ ਕਿ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਹਾਂ ਜਾਂ ਨਹੀਂ। ਇਸ ਲਈ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ, ਤਾਂ ਸਾਨੂੰ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ।

13. ਸਾਨੂੰ ਲੋਕਾਂ ਨਾਲ ਕਿਨ੍ਹਾਂ ਵਿਸ਼ਿਆਂ ’ਤੇ ਗੱਲ ਕਰਨੀ ਚਾਹੀਦੀ ਹੈ ਤਾਂਕਿ ਉਹ ਸਾਡੀ ਗੱਲ ਸੁਣਨ?

13 ਘਰ-ਮਾਲਕ ਦੀ ਦਿਲਚਸਪੀ ਮੁਤਾਬਕ ਆਪਣੀ ਗੱਲਬਾਤ ਨੂੰ ਢਾਲ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਪਰਵਾਹ ਹੈ। ਮੰਨ ਲਓ ਕਿ ਅਸੀਂ ਇਕ ਘਰ ਵਿਚ ਜਾਂਦੇ ਹਾਂ ਅਤੇ ਉੱਥੇ ਕੁਝ ਖਿਡੌਣੇ ਵਗੈਰਾ ਪਏ ਦੇਖਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਘਰ ਵਿਚ ਬੱਚੇ ਹਨ। ਉਸ ਘਰ ਵਿਚ ਮਾਤਾ-ਪਿਤਾ ਨੂੰ ਸ਼ਾਇਦ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਗੱਲ ਕਰਨ ਵਿਚ ਦਿਲਚਸਪੀ ਹੋਵੇ। ਜਾਂ ਉਹ ਜਾਣਨਾ ਚਾਹੁਣ ਕਿ ਉਨ੍ਹਾਂ ਦਾ ਪਰਿਵਾਰ ਕਿਵੇਂ ਖ਼ੁਸ਼ ਰਹਿ ਸਕਦਾ ਹੈ। ਜੇ ਕਿਸੇ ਦੇ ਘਰ ਵਿਚ ਅਸੀਂ ਬਹੁਤ ਸਾਰੇ ਤਾਲੇ ਦੇਖਦੇ ਹਾਂ, ਤਾਂ ਅਸੀਂ ਉਸ ਘਰ ਵਿਚ ਅਪਰਾਧ ਅਤੇ ਸੁਰੱਖਿਆ ਬਾਰੇ ਗੱਲ ਕਰ ਸਕਦੇ ਹਾਂ। ਅਸੀਂ ਦੱਸ ਸਕਦੇ ਹਾਂ ਕਿ ਬਹੁਤ ਜਲਦ ਅਪਰਾਧ ਖ਼ਤਮ ਕੀਤੇ ਜਾਣਗੇ। ਹਰ ਵਾਰ ਜਦੋਂ ਅਸੀਂ ਲੋਕਾਂ ਨਾਲ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰਦੇ ਹਾਂ ਜਿਨ੍ਹਾਂ ਵਿਚ ਉਨ੍ਹਾਂ ਨੂੰ ਦਿਲਚਸਪੀ ਹੈ, ਤਾਂ ਉਹ ਸਮਝ ਸਕਦੇ ਹਨ ਕਿ ਬਾਈਬਲ ਦੀ ਸਲਾਹ ਉਨ੍ਹਾਂ ਲਈ ਕਿਵੇਂ ਫ਼ਾਇਦੇਮੰਦ ਹੋ ਸਕਦੀ ਹੈ। ਕਟਰੀਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਬਾਈਬਲ ਨੇ ਮੇਰੀ ਜ਼ਿੰਦਗੀ ਕਿੰਨੀ ਬਦਲ ਦਿੱਤੀ ਹੈ!” ਇਸ ਲਈ ਜਦੋਂ ਉਹ ਪ੍ਰਚਾਰ ਵਿਚ ਲੋਕਾਂ ਨਾਲ ਗੱਲ ਕਰਦੀ ਹੈ, ਤਾਂ ਪੂਰੇ ਯਕੀਨ ਨਾਲ ਗਵਾਹੀ ਦੇ ਪਾਉਂਦੀ ਹੈ ਅਤੇ ਲੋਕ ਉਸ ਦੀ ਸੁਣਦੇ ਵੀ ਹਨ।

14. ਕਹਾਉਤਾਂ 27:17 ਮੁਤਾਬਕ ਪ੍ਰਚਾਰ ਕਰਦੇ ਵੇਲੇ ਭੈਣ-ਭਰਾ ਇਕ-ਦੂਸਰੇ ਦੀ ਮਦਦ ਕਿਵੇਂ ਕਰ ਸਕਦੇ ਹਨ?

14 ਦੂਸਰਿਆਂ ਤੋਂ ਮਦਦ ਲਓ। ਪਹਿਲੀ ਸਦੀ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਪ੍ਰਚਾਰ ਕਰਨਾ ਅਤੇ ਸਿਖਲਾਈ ਦੇਣ ਬਾਰੇ ਸਿਖਾਇਆ। ਉਸ ਨੇ ਤਿਮੋਥਿਉਸ ਨੂੰ ਹੌਸਲਾ ਦਿੱਤਾ ਕਿ ਉਹ ਦੂਜਿਆਂ ਨਾਲ ਵੀ ਇੱਦਾਂ ਹੀ ਕਰੇ। (1 ਕੁਰਿੰ. 4:17) ਅਸੀਂ ਵੀ ਤਿਮੋਥਿਉਸ ਵਾਂਗ ਮੰਡਲੀ ਦੇ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਸਿੱਖ ਸਕਦੇ ਹਾਂ। (ਕਹਾਉਤਾਂ 27:17 ਪੜ੍ਹੋ।) ਜ਼ਰਾ ਸ਼ੌਨ ਨਾਂ ਦੇ ਪਾਇਨੀਅਰ ਭਰਾ ਦੀ ਮਿਸਾਲ ’ਤੇ ਗੌਰ ਕਰੋ। ਉਹ ਥੋੜ੍ਹੇ ਸਮੇਂ ਲਈ ਦੂਰ-ਦੁਰਾਡੇ ਦੇ ਇਲਾਕੇ ਵਿਚ ਪ੍ਰਚਾਰ ਕਰਨ ਗਿਆ ਸੀ। ਉੱਥੇ ਜ਼ਿਆਦਾਤਰ ਲੋਕ ਗੱਲ ਨਹੀਂ ਸੁਣਦੇ ਸਨ ਕਿਉਂਕਿ ਉਹ ਆਪਣੇ ਧਰਮ ਤੋਂ ਖ਼ੁਸ਼ ਸਨ। ਉਹ ਦੱਸਦਾ ਹੈ: “ਜਦੋਂ ਮੈਂ ਕਿਸੇ ਭੈਣ ਜਾਂ ਭਰਾ ਨਾਲ ਪ੍ਰਚਾਰ ਕਰਦਾ ਸੀ, ਤਾਂ ਅਸੀਂ ਇਕ ਘਰ ਤੋਂ ਦੂਜੇ ਘਰ ਨੂੰ ਜਾਂਦੇ ਵੇਲੇ ਆਪਸ ਵਿਚ ਗੱਲ ਕਰਦੇ ਸੀ ਕਿ ਪਿਛਲੇ ਘਰ ਵਿਚ ਉਸ ਵਿਅਕਤੀ ਨੇ ਸਾਨੂੰ ਕੀ ਕਿਹਾ ਸੀ ਅਤੇ ਅਸੀਂ ਉਸ ਨੂੰ ਕਿਵੇਂ ਜਵਾਬ ਦਿੱਤਾ। ਨਾਲੇ ਜੇ ਅਗਲੇ ਘਰ ਵਿਚ ਕਿਸੇ ਵਿਅਕਤੀ ਨੇ ਉਸ ਵਾਂਗ ਹੀ ਗੱਲ ਕੀਤੀ, ਤਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਕਿਵੇਂ ਸਮਝਾ ਸਕਦੇ ਹਾਂ। ਇਸ ਤਰ੍ਹਾਂ ਇਕ-ਦੂਸਰੇ ਨਾਲ ਗੱਲ ਕਰਨ ਕਰਕੇ ਅਸੀਂ ਆਪਣੇ ਪ੍ਰਚਾਰ ਕਰਨ ਦੇ ਹੁਨਰ ਨਿਖਾਰ ਸਕੇ।”

15. ਪ੍ਰਚਾਰ ’ਤੇ ਜਾਣ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

15 ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਹਰ ਵਾਰ ਜਦੋਂ ਤੁਸੀਂ ਪ੍ਰਚਾਰ ’ਤੇ ਜਾਂਦੇ ਹੋ, ਤਾਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। (ਜ਼ਬੂ. 127:1; ਲੂਕਾ 11:13) ਆਪਣੀਆਂ ਪ੍ਰਾਰਥਨਾਵਾਂ ਵਿਚ ਪਰਮੇਸ਼ੁਰ ਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਉਦਾਹਰਣ ਲਈ, ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਕਿ ਉਹ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਮਿਲਾਵੇ ਜੋ ਖ਼ੁਸ਼ ਖ਼ਬਰੀ ਨੂੰ ਸੁਣਨ ਲਈ ਮਨੋਂ ਤਿਆਰ ਹੋਵੇ। ਫਿਰ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜਿਹੜਾ ਵੀ ਵਿਅਕਤੀ ਤੁਹਾਨੂੰ ਮਿਲੇ ਉਸ ਨੂੰ ਗਵਾਹੀ ਦਿਓ।

16. ਵਧੀਆ ਢੰਗ ਨਾਲ ਪ੍ਰਚਾਰ ਕਰਨ ਲਈ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?

16 ਅਧਿਐਨ ਕਰਨ ਲਈ ਸਮਾਂ ਕੱਢੋ। ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ: “ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” (ਰੋਮੀ. 12:2) ਜਿੰਨਾ ਜ਼ਿਆਦਾ ਸਾਨੂੰ ਯਕੀਨ ਹੋਵੇਗਾ ਕਿ ਇਹੀ ਸੱਚਾਈ ਹੈ, ਉੱਨੇ ਹੀ ਯਕੀਨ ਨਾਲ ਅਸੀਂ ਪ੍ਰਚਾਰ ਵਿਚ ਦੂਸਰਿਆਂ ਨਾਲ ਗੱਲ ਕਰ ਸਕਾਂਗੇ। ਕਟਰੀਨਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦੀ ਹੈ: “ਕੁਝ ਸਮਾਂ ਪਹਿਲਾਂ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਮੈਨੂੰ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। ਇਸ ਲਈ ਮੈਂ ਉਨ੍ਹਾਂ ਸਬੂਤਾਂ ਬਾਰੇ ਗਹਿਰਾਈ ਨਾਲ ਅਧਿਐਨ ਕਰਨ ਲੱਗੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ, ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ ਅਤੇ ਅੱਜ ਉਸ ਦਾ ਇਕ ਸੰਗਠਨ ਹੈ ਜਿਸ ਨੂੰ ਉਹ ਆਪ ਚਲਾ ਰਿਹਾ ਹੈ।” ਉਹ ਇਹ ਵੀ ਦੱਸਦੀ ਹੈ ਕਿ ਉਸ ਨੇ ਜਿੰਨਾ ਜ਼ਿਆਦਾ ਅਧਿਐਨ ਕੀਤਾ, ਉੱਨੀ ਜ਼ਿਆਦਾ ਉਸ ਦੀ ਨਿਹਚਾ ਮਜ਼ਬੂਤ ਹੋਈ। ਨਾਲੇ ਪ੍ਰਚਾਰ ਕੰਮ ਵਿਚ ਉਸ ਦੀ ਖ਼ੁਸ਼ੀ ਵਧਣ ਲੱਗੀ।

ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਕਿਉਂ ਬਣਾਈ ਰੱਖੀਏ?

17. ਯਿਸੂ ਨੇ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਕਿਉਂ ਬਣਾਈ ਰੱਖਿਆ?

17 ਯਿਸੂ ਨੇ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖਿਆ। ਭਾਵੇਂ ਕੁਝ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ, ਫਿਰ ਵੀ ਉਹ ਪ੍ਰਚਾਰ ਕਰਦਾ ਰਿਹਾ। ਉਹ ਜਾਣਦਾ ਸੀ ਕਿ ਲੋਕਾਂ ਲਈ ਸੱਚਾਈ ਜਾਣਨੀ ਬਹੁਤ ਜ਼ਰੂਰੀ ਹੈ। ਇਸ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਚਾਹੁੰਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਭਾਵੇਂ ਕੁਝ ਲੋਕ ਅੱਜ ਉਸ ਦੀ ਗੱਲ ਨਹੀਂ ਸੁਣ ਰਹੇ, ਪਰ ਅੱਗੇ ਜਾ ਕੇ ਉਹ ਜ਼ਰੂਰ ਉਸ ਦੀ ਗੱਲ ਵੱਲ ਧਿਆਨ ਦੇਣਗੇ। ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਹੀ ਉਦਾਹਰਣ ਲੈ ਲਓ। ਭਾਵੇਂ ਯਿਸੂ ਨੇ ਧਰਤੀ ’ਤੇ ਸਾਢੇ ਤਿੰਨ ਸਾਲ ਸੇਵਾ ਕੀਤੀ ਸੀ, ਫਿਰ ਵੀ ਉਸ ਦੇ ਭਰਾਵਾਂ ਨੇ ਉਸ ’ਤੇ ਨਿਹਚਾ ਨਹੀਂ ਕੀਤੀ। (ਯੂਹੰ. 7:5) ਪਰ ਬਾਅਦ ਵਿਚ ਜਦੋਂ ਉਸ ਨੂੰ ਜੀਉਂਦਾ ਕੀਤਾ ਗਿਆ, ਤਾਂ ਉਨ੍ਹਾਂ ਨੇ ਉਸ ’ਤੇ ਨਿਹਚਾ ਕੀਤੀ ਅਤੇ ਮਸੀਹੀ ਬਣ ਗਏ।​—ਰਸੂ. 1:14.

18. ਸਾਨੂੰ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੀਦਾ?

18 ਅਸੀਂ ਨਹੀਂ ਜਾਣਦੇ ਕਿ ਅੱਗੇ ਜਾ ਕੇ ਕੌਣ ਸੱਚਾਈ ਸਿੱਖੇਗਾ ਅਤੇ ਯਹੋਵਾਹ ਦਾ ਸੇਵਕ ਬਣੇਗਾ। ਇਸ ਲਈ ਸਾਨੂੰ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਸੱਚਾਈ ਸਿੱਖਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਦੂਸਰੇ ਪਾਸੇ, ਕੁਝ ਲੋਕ ਸ਼ਾਇਦ ਸ਼ੁਰੂ-ਸ਼ੁਰੂ ਵਿਚ ਸਾਡੀ ਨਾ ਸੁਣਨ, ਪਰ ਬਾਅਦ ਵਿਚ ਸਾਡਾ ਚੰਗਾ ਚਾਲ-ਚਲਣ ਅਤੇ ਰਵੱਈਆ ਦੇਖ ਕੇ ਉਹ “ਪਰਮੇਸ਼ੁਰ ਦੀ ਵਡਿਆਈ ਕਰਨ।”​—1 ਪਤ. 2:12.

19. ਪਹਿਲਾ ਕੁਰਿੰਥੀਆਂ 3:6, 7 ਮੁਤਾਬਕ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

19 ਅਸੀਂ ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਬਹੁਤ ਮਿਹਨਤ ਕਰਦੇ ਹਾਂ, ਪਰ ਸਾਡੀ ਮਿਹਨਤ ਤਾਂ ਹੀ ਰੰਗ ਲਿਆਵੇਗੀ ਜੇ ਯਹੋਵਾਹ ਉਸ ’ਤੇ ਬਰਕਤ ਪਾਵੇ। (1 ਕੁਰਿੰਥੀਆਂ 3:6, 7 ਪੜ੍ਹੋ।) ਇਥੋਪੀਆ ਵਿਚ ਰਹਿਣ ਵਾਲਾ ਭਰਾ ਗੇਤੋਹੁਨ ਕਹਿੰਦਾ ਹੈ: “ਮੈਂ ਆਪਣੇ ਇਲਾਕੇ ਵਿਚ ਇਕੱਲਾ ਗਵਾਹ ਸੀ ਅਤੇ 20 ਸਾਲਾਂ ਤੋਂ ਇੱਥੇ ਪ੍ਰਚਾਰ ਕਰ ਰਿਹਾ ਸੀ। ਹੁਣ ਇੱਥੇ 14 ਪ੍ਰਚਾਰਕ ਹਨ ਜਿਨ੍ਹਾਂ ਵਿੱਚੋਂ 13 ਜਣਿਆਂ ਨੇ ਬਪਤਿਸਮਾ ਲੈ ਲਿਆ ਹੈ। ਇਨ੍ਹਾਂ ਵਿਚ ਮੇਰੀ ਪਤਨੀ ਅਤੇ ਸਾਡੇ ਤਿੰਨ ਬੱਚੇ ਵੀ ਹਨ। ਨਾਲੇ ਸਾਡੀਆਂ ਮੀਟਿੰਗਾਂ ਵਿਚ ਲਗਭਗ 32 ਲੋਕ ਆਉਂਦੇ ਹਨ।” ਗੇਤੋਹੁਨ ਖ਼ੁਸ਼ ਹੈ ਕਿ ਉਸ ਨੇ ਧੀਰਜ ਰੱਖਿਆ ਅਤੇ ਉਦੋਂ ਤਕ ਪ੍ਰਚਾਰ ਕਰਦਾ ਰਿਹਾ ਜਦੋਂ ਤਕ ਯਹੋਵਾਹ ਨੇ ਨੇਕ ਦਿਲ ਲੋਕਾਂ ਨੂੰ ਆਪਣੇ ਵੱਲ ਨਹੀਂ ਖਿੱਚਿਆ!​—ਯੂਹੰ. 6:44.

20. ਪ੍ਰਚਾਰ ਕੰਮ ਦੀ ਤੁਲਨਾ ਕਿਸ ਕੰਮ ਨਾਲ ਕੀਤੀ ਜਾ ਸਕਦੀ ਹੈ?

20 ਯਹੋਵਾਹ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਅਨਮੋਲ ਸਮਝਦਾ ਹੈ। ਉਸ ਨੇ ਸਾਨੂੰ ਯਿਸੂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ ਦਿੱਤਾ ਹੈ ਤਾਂਕਿ ਅੰਤ ਤੋਂ ਪਹਿਲਾਂ ਸਾਰੀਆਂ ਕੌਮਾਂ ਦੇ ਲੋਕਾਂ ਦੀ ਜਾਨ ਬਚਾਈ ਜਾ ਸਕੇ। (ਹੱਜ. 2:7) ਮੰਨ ਲਓ ਕਿ ਸਾਨੂੰ ਖਾਣਾਂ ਵਿਚ ਫਸੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਦਿੱਤਾ ਜਾਂਦਾ ਹੈ। ਹੋ ਸਕਦਾ ਹੈ ਕਿ ਸਾਨੂੰ ਖਾਣਾਂ ਵਿੱਚੋਂ ਥੋੜ੍ਹੇ ਲੋਕ ਹੀ ਜੀਉਂਦੇ ਲੱਭਣ। ਪਰ ਉਨ੍ਹਾਂ ਨੂੰ ਬਚਾਉਣ ਲਈ ਅਸੀਂ ਜੋ ਮਿਹਨਤ ਕੀਤੀ ਉਹ ਮਾਅਨੇ ਰੱਖਦੀ ਹੈ। ਸਾਡਾ ਪ੍ਰਚਾਰ ਕੰਮ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ। ਅਸੀਂ ਨਹੀਂ ਜਾਣਦੇ ਕਿ ਅੰਤ ਆਉਣ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਬਚਾਇਆ ਜਾਵੇਗਾ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਯਹੋਵਾਹ ਸਾਡੇ ਵਿੱਚੋਂ ਕਿਸੇ ਰਾਹੀਂ ਵੀ ਲੋਕਾਂ ਦੀ ਜਾਨ ਬਚਾ ਸਕਦਾ ਹੈ। ਬੋਲੀਵੀਆ ਵਿਚ ਰਹਿਣ ਵਾਲਾ ਆਂਡਰੇਸ ਕਹਿੰਦਾ ਹੈ: “ਜਦੋਂ ਇਕ ਵਿਅਕਤੀ ਸੱਚਾਈ ਸਿੱਖ ਕੇ ਬਪਤਿਸਮਾ ਲੈਂਦਾ ਹੈ, ਤਾਂ ਇਹ ਬਹੁਤ ਸਾਰੇ ਭੈਣਾਂ-ਭਰਾਵਾਂ ਦੀ ਮਿਹਨਤ ਸਦਕਾ ਹੁੰਦਾ ਹੈ।” ਸਾਨੂੰ ਵੀ ਅਜਿਹੀ ਸੋਚ ਰੱਖਣੀ ਚਾਹੀਦੀ ਹੈ ਅਤੇ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖਦੇ ਹਾਂ, ਤਾਂ ਯਹੋਵਾਹ ਸਾਡੇ ਕੰਮਾਂ ’ਤੇ ਬਰਕਤ ਪਾਉਂਦਾ ਹੈ ਅਤੇ ਸਾਨੂੰ ਖ਼ੁਸ਼ੀ ਮਿਲਦੀ ਹੈ।

ਗੀਤ 66 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

^ ਪੈਰਾ 5 ਜਦੋਂ ਲੋਕ ਸਾਨੂੰ ਘਰ ਨਹੀਂ ਮਿਲਦੇ ਅਤੇ ਸਾਡੀ ਗੱਲ ਨਹੀਂ ਸੁਣਦੇ, ਤਾਂ ਵੀ ਅਸੀਂ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ? ਇਸ ਲੇਖ ਵਿਚ ਇਸ ਬਾਰੇ ਅਸੀਂ ਕੁਝ ਸੁਝਾਅ ਦੇਖਾਂਗੇ।

^ ਪੈਰਾ 7 ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰਦੇ ਵੇਲੇ ਪ੍ਰਚਾਰਕਾਂ ਨੂੰ ਆਪਣੇ ਦੇਸ਼ ਦੇ ਕਾਨੂੰਨ ਮੁਤਾਬਕ ਲੋਕਾਂ ਦੀ ਨਿੱਜੀ ਜਾਣਕਾਰੀ ਵਰਤਣ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

^ ਪੈਰਾ 60 ਤਸਵੀਰ ਬਾਰੇ ਜਾਣਕਾਰੀ: (ਉੱਪਰ ਤੋਂ ਹੇਠਾਂ): ਇਕ ਜੋੜਾ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦਾ ਹੋਇਆ ਜਿੱਥੇ ਜ਼ਿਆਦਾਤਰ ਲੋਕ ਘਰ ਨਹੀਂ ਮਿਲਦੇ। ਪਹਿਲੇ ਘਰ ਦਾ ਵਿਅਕਤੀ ਕੰਮ ’ਤੇ ਗਿਆ ਹੈ, ਦੂਸਰੇ ਘਰ ਦੀ ਔਰਤ ਡਾਕਟਰ ਕੋਲ ਗਈ ਹੈ ਅਤੇ ਤੀਸਰੇ ਘਰ ਦੀ ਔਰਤ ਖ਼ਰੀਦਦਾਰੀ ਕਰਨ ਗਈ ਹੈ। ਇਹੀ ਜੋੜਾ ਪਹਿਲੇ ਘਰ ਦੇ ਵਿਅਕਤੀ ਨੂੰ ਸ਼ਾਮ ਵੇਲੇ ਗਵਾਹੀ ਦਿੰਦਾ ਹੋਇਆ, ਦੂਸਰੇ ਘਰ ਦੀ ਔਰਤ ਨੂੰ ਕਲਿਨਿਕ ਦੇ ਨੇੜੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਨਾਲ ਗਵਾਹੀ ਦਿੰਦਾ ਹੋਇਆ ਅਤੇ ਤੀਸਰੇ ਘਰ ਦੀ ਔਰਤ ਨੂੰ ਫ਼ੋਨ ’ਤੇ ਗਵਾਹੀ ਦਿੰਦਾ ਹੋਇਆ।