Skip to content

Skip to table of contents

ਜੀਵਨੀ

“ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!”

“ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!”

ਮੈਂ ਫ਼੍ਰੈਂਚ ਫ਼ੌਜ ਵਿਚ ਇਕ ਨੌਜਵਾਨ ਸਿਪਾਹੀ ਸੀ। ਸਾਡੀ ਇਕ ਫ਼ੌਜੀ ਟੁਕੜੀ ਅਲਜੀਰੀਆ ਦੇ ਪਹਾੜਾਂ ’ਤੇ ਤੈਨਾਤ ਸੀ। ਉਸ ਇਲਾਕੇ ਵਿਚ ਲੜਾਈ ਲੱਗੀ ਹੋਈ ਸੀ। ਇਕ ਕਾਲੀ ਰਾਤ ਨੂੰ ਮੈਂ ਰੇਤ ਦੀਆਂ ਥੈਲੀਆਂ ਦੇ ਬਣੇ ਮੋਰਚੇ ਪਿੱਛੇ ਹੱਥ ਵਿਚ ਮਸ਼ੀਨਗਨ ਫੜੀ ਇਕੱਲਾ ਤੈਨਾਤ ਸੀ। ਅਚਾਨਕ ਹੀ ਮੈਂ ਕਿਸੇ ਦੇ ਕਦਮਾਂ ਦੀ ਆਵਾਜ਼ ਸੁਣੀ ਤੇ ਮੈਂ ਬਹੁਤ ਡਰ ਗਿਆ। ਮੈਂ ਨਾ ਤਾਂ ਕਿਸੇ ਨੂੰ ਮਾਰਨਾ ਚਾਹੁੰਦਾ ਸੀ ਤੇ ਨਾ ਹੀ ਆਪ ਮਾਰਿਆ ਜਾਣਾ ਚਾਹੁੰਦਾ ਸੀ। ਇਸ ਲਈ ਮੈਂ ਉੱਚੀ ਆਵਾਜ਼ ਵਿਚ ਰੱਬ ਤੋਂ ਮਦਦ ਮੰਗੀ।

ਉਸ ਡਰਾਉਣੀ ਘਟਨਾ ਨੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ ਕਿਉਂਕਿ ਉਦੋਂ ਤੋਂ ਮੈਂ ਸ੍ਰਿਸ਼ਟੀਕਰਤਾ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਕਾਲੀ ਰਾਤ ਬਾਰੇ ਦੱਸਾਂ ਕਿ ਅੱਗੇ ਕੀ ਹੋਇਆ, ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਚਪਨ ਵਿਚ ਮੇਰੇ ਨਾਲ ਕੀ ਹੋਇਆ ਜਿਸ ਕਰਕੇ ਮੈਂ ਰੱਬ ਬਾਰੇ ਸਿੱਖਣਾ ਚਾਹੁੰਦਾ ਸੀ।

ਡੈਡੀ ਤੋਂ ਸਿੱਖੇ ਸਬਕ

ਮੇਰਾ ਜਨਮ 1937 ਵਿਚ ਉੱਤਰੀ ਫਰਾਂਸ ਦੇ ਗਿਸਨਾ ਵਿਚ ਹੋਇਆ ਸੀ। ਇਹ ਸ਼ਹਿਰ ਖਾਣਾਂ ਲਈ ਜਾਣਿਆ ਜਾਂਦਾ ਸੀ। ਮੇਰੇ ਡੈਡੀ ਕੋਲਿਆਂ ਦੀ ਖਾਣ ਵਿਚ ਕੰਮ ਕਰਦੇ ਸਨ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਸਖ਼ਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮੈਨੂੰ ਅਨਿਆਂ ਨਾਲ ਨਫ਼ਰਤ ਕਰਨੀ ਵੀ ਸਿਖਾਈ। ਉਨ੍ਹਾਂ ਨੇ ਦੇਖਿਆ ਕਿ ਖਾਣਾਂ ਵਿਚ ਕੰਮ ਕਰਨ ਵਾਲਿਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਉਹ ਖ਼ਤਰਨਾਕ ਹਾਲਾਤਾਂ ਵਿਚ ਕੰਮ ਕਰਦੇ ਸਨ। ਇਸ ਕਰਕੇ ਡੈਡੀ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਸਨ। ਇਸ ਲਈ ਡੈਡੀ ਉਨ੍ਹਾਂ ਸੰਗਠਨਾਂ ਦੇ ਮੈਂਬਰ ਬਣ ਗਏ ਜੋ ਖਾਣਾਂ ਵਿਚ ਕੰਮ ਕਰਨ ਵਾਲਿਆਂ ਦੇ ਹੱਕ ਲਈ ਲੜਦੇ ਸਨ। ਉਹ ਉੱਥੇ ਦੇ ਪਖੰਡੀ ਧਾਰਮਿਕ ਆਗੂਆਂ ਤੋਂ ਵੀ ਪਰੇਸ਼ਾਨ ਸਨ ਕਿਉਂਕਿ ਉਹ ਆਪ ਤਾਂ ਆਰਾਮਦਾਇਕ ਜ਼ਿੰਦਗੀ ਜੀ ਰਹੇ ਸਨ, ਪਰ ਫਿਰ ਵੀ ਖਾਣਾਂ ਵਿਚ ਕੰਮ ਕਰਨ ਵਾਲੇ ਗ਼ਰੀਬਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਪੈਸੇ ਮੰਗਦੇ ਸਨ। ਮੇਰੇ ਡੈਡੀ ਧਾਰਮਿਕ ਆਗੂਆਂ ਤੋਂ ਇੰਨੇ ਅੱਕ ਗਏ ਸਨ ਕਿ ਉਨ੍ਹਾਂ ਨੇ ਮੈਨੂੰ ਧਰਮ ਬਾਰੇ ਕੁਝ ਵੀ ਨਹੀਂ ਸਿਖਾਇਆ। ਅਸਲ ਵਿਚ ਅਸੀਂ ਤਾਂ ਰੱਬ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੇ ਸੀ।

ਜਿਵੇਂ-ਜਿਵੇਂ ਮੈਂ ਵੱਡਾ ਹੋਇਆ, ਤਾਂ ਮੈਂ ਵੀ ਅਨਿਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਫਰਾਂਸ ਵਿਚ ਬਹੁਤ ਸਾਰੇ ਲੋਕ ਦੂਸਰੇ ਦੇਸ਼ਾਂ ਤੋਂ ਆ ਕੇ ਰਹਿੰਦੇ ਸਨ। ਇੱਥੋਂ ਦੇ ਲੋਕ ਉਨ੍ਹਾਂ ਲੋਕਾਂ ਨਾਲ ਪੱਖਪਾਤ ਕਰਦੇ ਸਨ। ਇਹ ਦੇਖ ਕੇ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਸੀ। ਮੈਂ ਤਾਂ ਉਨ੍ਹਾਂ ਦੇ ਬੱਚਿਆਂ ਨਾਲ ਖੇਡਦਾ ਹੁੰਦਾ ਸੀ ਅਤੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਇਸ ਤੋਂ ਇਲਾਵਾ, ਮੇਰੇ ਮੰਮੀ ਪੋਲਿਸ਼ ਸਨ ਨਾ ਕਿ ਫ਼੍ਰੈਂਚ। ਮੈਂ ਚਾਹੁੰਦਾ ਸੀ ਕਿ ਅਲੱਗ-ਅਲੱਗ ਨਸਲਾਂ ਦੇ ਲੋਕ ਸ਼ਾਂਤੀ ਨਾਲ ਇਕੱਠੇ ਰਹਿਣ ਅਤੇ ਉਨ੍ਹਾਂ ਨਾਲ ਇੱਕੋ ਜਿਹਾ ਵਰਤਾਅ ਕੀਤਾ ਜਾਵੇ।

ਮੈਂ ਜ਼ਿੰਦਗੀ ਦੇ ਮਕਸਦ ਬਾਰੇ ਸੋਚਣਾ ਸ਼ੁਰੂ ਕੀਤਾ

ਜਦੋਂ ਮੈਂ ਫ਼ੌਜ ਵਿਚ ਸੀ

ਫਰਾਂਸ ਦੀ ਸਰਕਾਰ ਮੰਗ ਕਰਦੀ ਸੀ ਕਿ ਨੌਜਵਾਨ ਫ਼ੌਜ ਵਿਚ ਭਰਤੀ ਹੋਣ। ਇਸ ਲਈ 1957 ਵਿਚ ਮੈਂ ਫ਼ੌਜ ਵਿਚ ਭਰਤੀ ਹੋ ਗਿਆ। ਇਸ ਤਰ੍ਹਾਂ ਮੈਂ ਉਸ ਰਾਤ ਨੂੰ ਅਲਜੀਰੀਆ ਦੇ ਪਹਾੜਾਂ ’ਤੇ ਪਹੁੰਚਿਆ ਸੀ। ਜਦੋਂ ਮੈਂ ਉੱਚੀ ਆਵਾਜ਼ ਵਿਚ ਰੱਬ ਤੋਂ ਮਦਦ ਮੰਗੀ, ਤਾਂ ਉਸ ਤੋਂ ਬਾਅਦ ਮੇਰੇ ਸਾਮ੍ਹਣੇ ਕੋਈ ਦੁਸ਼ਮਣ ਫ਼ੌਜੀ ਨਹੀਂ, ਸਗੋਂ ਇਕ ਜੰਗਲੀ ਗਧਾ ਸੀ! ਮੇਰੇ ਸਾਹ ਵਿਚ ਸਾਹ ਆਇਆ! ਇਸ ਘਟਨਾ ਅਤੇ ਲੜਾਈ ਦਾ ਮੇਰੇ ’ਤੇ ਇੰਨਾ ਜ਼ਿਆਦਾ ਅਸਰ ਪਿਆ ਕਿ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਰੱਬ ਨੂੰ ਸਾਡੀ ਪਰਵਾਹ ਹੈ? ਕੀ ਅਸੀਂ ਕਦੇ ਅਮਨ-ਚੈਨ ਨਾਲ ਰਹਾਂਗੇ?

ਥੋੜ੍ਹੇ ਸਮੇਂ ਬਾਅਦ ਮੈਂ ਛੁੱਟੀਆਂ ਵਿਚ ਆਪਣੇ ਘਰ ਆ ਗਿਆ। ਮੈਂ ਇਕ ਯਹੋਵਾਹ ਦੇ ਗਵਾਹ ਨੂੰ ਮਿਲਿਆ। ਉਸ ਨੇ ਮੈਨੂੰ ਇਕ ਬਾਈਬਲ ਦਿੱਤੀ ਜੋ ਕਿ ਫ਼੍ਰੈਂਚ ਭਾਸ਼ਾ ਦੀ ਕੈਥੋਲਿਕ ਬਾਈਬਲ ਸੀ। ਫਿਰ ਅਲਜੀਰੀਆ ਵਾਪਸ ਆ ਕੇ ਮੈਂ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਬਾਈਬਲ ਵਿੱਚੋਂ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹ ਕੇ ਮੇਰੇ ’ਤੇ ਬਹੁਤ ਅਸਰ ਪਿਆ। ਇੱਥੇ ਲਿਖਿਆ ਹੈ: “ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ . . . ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” * ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ! ਮੈਂ ਆਪਣੇ ਆਪ ਨੂੰ ਪੁੱਛਿਆ, ‘ਕੀ ਇਹ ਗੱਲਾਂ ਸੱਚ ਹੋਣਗੀਆਂ?’ ਉਸ ਸਮੇਂ ਮੈਨੂੰ ਪਰਮੇਸ਼ੁਰ ਅਤੇ ਬਾਈਬਲ ਬਾਰੇ ਕੁਝ ਵੀ ਪਤਾ ਨਹੀਂ ਸੀ।

1959 ਵਿਚ ਮੈਂ ਆਪਣੀ ਫ਼ੌਜ ਦੀ ਨੌਕਰੀ ਛੱਡ ਦਿੱਤੀ। ਫਿਰ ਮੈਂ ਫ੍ਰਾਂਸਵਾਂ ਨਾਂ ਦੇ ਗਵਾਹ ਨੂੰ ਮਿਲਿਆ। ਉਸ ਨੇ ਮੈਨੂੰ ਬਾਈਬਲ ਦੀਆਂ ਬਹੁਤ ਸਾਰੀਆਂ ਸੱਚਾਈਆਂ ਬਾਰੇ ਸਿਖਾਇਆ, ਜਿਵੇਂ ਕਿ ਉਸ ਨੇ ਮੈਨੂੰ ਦੱਸਿਆ ਕਿ ਪਰਮੇਸ਼ੁਰ ਦਾ ਆਪਣਾ ਇਕ ਨਾਂ ਹੈ, ਯਹੋਵਾਹ। (ਜ਼ਬੂ. 83:18) ਫ੍ਰਾਂਸਵਾਂ ਨੇ ਮੈਨੂੰ ਇਹ ਵੀ ਸਮਝਾਇਆ ਕਿ ਯਹੋਵਾਹ ਧਰਤੀ ਉੱਤੋਂ ਬੇਇਨਸਾਫ਼ੀ ਨੂੰ ਖ਼ਤਮ ਕਰੇਗਾ, ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਵੇਗਾ ਅਤੇ ਪ੍ਰਕਾਸ਼ ਦੀ ਕਿਤਾਬ 21:3, 4 ਦੇ ਸ਼ਬਦਾਂ ਨੂੰ ਪੂਰਿਆਂ ਕਰੇਗਾ।

ਇਹ ਸਿੱਖਿਆਵਾਂ ਬਿਲਕੁਲ ਸਹੀ ਸਨ ਅਤੇ ਇਹ ਮੇਰੇ ਦਿਲ ਨੂੰ ਛੂਹ ਗਈਆਂ। ਪਰ ਮੈਨੂੰ ਪਾਦਰੀਆਂ ’ਤੇ ਬਹੁਤ ਗੁੱਸਾ ਆਇਆ ਜੋ ਬਾਈਬਲ ਤੋਂ ਉਲਟ ਗੱਲਾਂ ਸਿਖਾਉਂਦੇ ਸਨ। ਮੈਂ ਆਪਣੇ ਪਿਤਾ ਵਾਂਗ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦਾ ਸੀ। ਮੈਂ ਪਾਦਰੀਆਂ ਦੇ ਮੂੰਹ ’ਤੇ ਜਾ ਕੇ ਕਹਿਣਾ ਚਾਹੁੰਦਾ ਸੀ ਕਿ ਜੋ ਵੀ ਉਹ ਕਰ ਰਹੇ ਹਨ ਉਹ ਗ਼ਲਤ ਹੈ ਅਤੇ ਮੈਂ ਇਹ ਸਾਰਾ ਕੁਝ ਫਟਾਫਟ ਬੰਦ ਕਰਾਉਣਾ ਚਾਹੁੰਦਾ ਸੀ।

ਫ੍ਰਾਂਸਵਾਂ ਅਤੇ ਹੋਰ ਨਵੇਂ ਗਵਾਹ ਦੋਸਤਾਂ ਨੇ ਮੇਰੀ ਆਪਣੇ ਗੁੱਸੇ ’ਤੇ ਕਾਬੂ ਰੱਖਣ ਵਿਚ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਮਸੀਹੀਆਂ ਵਜੋਂ ਸਾਡਾ ਕੰਮ ਦੂਸਰਿਆਂ ਦਾ ਨਿਆਂ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼-ਖ਼ਬਰੀ ਦੱਸਣਾ ਹੈ। ਇਹੀ ਕੰਮ ਯਿਸੂ ਨੇ ਕੀਤਾ ਅਤੇ ਇਹੀ ਕੰਮ ਉਸ ਨੇ ਆਪਣੇ ਚੇਲਿਆਂ ਨੂੰ ਕਰਨ ਲਈ ਦਿੱਤਾ ਹੈ। (ਮੱਤੀ 24:14; ਲੂਕਾ 4:43) ਮੈਨੂੰ ਇਹ ਵੀ ਸਿੱਖਣਾ ਪਿਆ ਕਿ ਭਾਵੇਂ ਮੈਂ ਦੂਸਰਿਆਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਾ ਵੀ ਹੋਵਾਂ, ਤਾਂ ਵੀ ਮੈਂ ਉਨ੍ਹਾਂ ਨਾਲ ਪਿਆਰ ਅਤੇ ਸਮਝਦਾਰੀ ਨਾਲ ਗੱਲ ਕਰਾਂ। ਬਾਈਬਲ ਵੀ ਇਹੀ ਕਹਿੰਦੀ ਹੈ, “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।”—2 ਤਿਮੋ. 2:24.

ਮੈਂ ਆਪਣੇ ਵਿਚ ਜ਼ਰੂਰੀ ਬਦਲਾਅ ਕੀਤੇ ਅਤੇ ਮੈਂ 1959 ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਉੱਥੇ ਮੈਂ ਐਂਜੇਲ ਨਾਂ ਦੀ ਇਕ ਭੈਣ ਨੂੰ ਮਿਲਿਆ ਅਤੇ ਮੈਂ ਉਸ ਨੂੰ ਪਸੰਦ ਕਰਨ ਲੱਗ ਪਿਆ। ਉਦੋਂ ਤੋਂ ਮੈਂ ਉਸ ਦੀ ਮੰਡਲੀ ਵਿਚ ਮੀਟਿੰਗਾਂ ਲਈ ਜਾਣਾ ਸ਼ੁਰੂ ਕਰ ਦਿੱਤਾ। ਫਿਰ ਅਸੀਂ 1960 ਵਿਚ ਵਿਆਹ ਕਰਾ ਲਿਆ। ਉਹ ਸੱਚ-ਮੁੱਚ ਬਹੁਤ ਵਧੀਆ ਤੇ ਸਮਝਦਾਰ ਪਤਨੀ ਹੈ ਅਤੇ ਯਹੋਵਾਹ ਵੱਲੋਂ ਇਕ ਅਨਮੋਲ ਤੋਹਫ਼ਾ ਹੈ।—ਕਹਾ. 19:14.

ਸਾਡੇ ਵਿਆਹ ਦਾ ਦਿਨ

ਮੈਂ ਸਮਝਦਾਰ ਅਤੇ ਤਜਰਬੇਕਾਰ ਭਰਾਵਾਂ ਤੋਂ ਬਹੁਤ ਕੁਝ ਸਿੱਖਿਆ

ਕਈ ਸਾਲਾਂ ਦੌਰਾਨ ਮੈਂ ਸਮਝਦਾਰ ਅਤੇ ਤਜਰਬੇਕਾਰ ਭਰਾਵਾਂ ਤੋਂ ਬਹੁਤ ਸਾਰੇ ਅਹਿਮ ਸਬਕ ਸਿੱਖੇ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸਬਕ ਸੀ ਕਿ ਜੇ ਅਸੀਂ ਨਿਮਰ ਹਾਂ ਅਤੇ ਕਹਾਉਤਾਂ 15:22 ਦੀ ਸਲਾਹ ਨੂੰ ਲਾਗੂ ਕਰਦੇ ਹਾਂ, ਤਾਂ ਅਸੀਂ ਕਿਸੇ ਵੀ ਔਖੀ ਤੋਂ ਔਖੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾ ਸਕਦੇ ਹਾਂ। ਇਸ ਆਇਤ ਵਿਚ ਲਿਖਿਆ ਹੈ: “ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।”

1965 ਦੌਰਾਨ ਫਰਾਂਸ ਵਿਚ ਸਰਕਟ ਦਾ ਕੰਮ ਕਰਦੇ ਹੋਏ

1964 ਵਿਚ ਮੇਰੇ ਲਈ ਇਹ ਸਲਾਹ ਲਾਗੂ ਕਰਨੀ ਬਹੁਤ ਜ਼ਰੂਰੀ ਸੀ। ਇਸ ਸਾਲ ਮੈਂ ਸਰਕਟ ਓਵਰਸੀਅਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਮੈਂ ਅਲੱਗ-ਅਲੱਗ ਮੰਡਲੀਆਂ ਵਿਚ ਜਾਂਦਾ ਹੁੰਦਾ ਸੀ, ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦਾ ਸੀ ਅਤੇ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਦਾ ਸੀ। ਉਸ ਵੇਲੇ ਮੈਂ 27 ਸਾਲ ਦਾ ਸੀ ਜਿਸ ਕਰਕੇ ਮੇਰੇ ਕੋਲ ਘਟ ਤਜਰਬਾ ਸੀ ਤੇ ਮੇਰੇ ਤੋਂ ਗ਼ਲਤੀਆਂ ਹੁੰਦੀਆਂ ਸਨ। ਪਰ ਮੈਂ ਇਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਸੀ। ਨਾਲੇ ਮੈਂ ਕਾਬਲ ਅਤੇ ਤਜਰਬੇਕਾਰ ਭਰਾਵਾਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਦੀ “ਸਲਾਹ” ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ।

ਮੈਨੂੰ ਯਾਦ ਹੈ ਜਦੋਂ ਮੈਂ ਨਵਾਂ-ਨਵਾਂ ਸਰਕਟ ਓਵਰਸੀਅਰ ਬਣਿਆ ਸੀ, ਤਾਂ ਪੈਰਿਸ ਦੀ ਮੰਡਲੀ ਦਾ ਦੌਰਾ ਕਰਨ ਤੋਂ ਬਾਅਦ ਇਕ ਸਮਝਦਾਰ ਭਰਾ ਮੇਰੇ ਕੋਲ ਆਇਆ। ਉਸ ਨੇ ਮੈਨੂੰ ਪੁੱਛਿਆ, ‘ਕੀ ਮੈਂ ਤੁਹਾਡੇ ਨਾਲ ਇਕੱਲਿਆ ਵਿਚ ਗੱਲ ਕਰ ਸਕਦਾਂ?’ ਮੈਂ ਕਿਹਾ, “ਹਾਂਜੀ, ਜ਼ਰੂਰ।”

ਉਸ ਨੇ ਕਿਹਾ, “ਲੂਇਸ, ਜਦੋਂ ਕੋਈ ਡਾਕਟਰ ਕਿਸੇ ਦੇ ਘਰ ਜਾਂਦਾ ਹੈ, ਤਾਂ ਉਹ ਕਿਸ ਨੂੰ ਮਿਲਣ ਜਾਂਦਾ ਹੈ?”

ਮੈਂ ਕਿਹਾ, “ਬੀਮਾਰ ਨੂੰ।”

ਉਸ ਨੇ ਕਿਹਾ: “ਬਿਲਕੁਲ ਸਹੀ। ਪਰ ਮੈਂ ਦੇਖਿਆ ਕਿ ਤੁਸੀਂ ਆਪਣਾ ਜ਼ਿਆਦਾਤਰ ਸਮਾਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਬਿਤਾਉਂਦੇ ਹੋ ਜਿਨ੍ਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੈ, ਜਿਵੇਂ ਕਿ ਮੰਡਲੀ ਦੇ ਜ਼ਿੰਮੇਵਾਰ ਭਰਾ। ਸਾਡੀ ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਅਜਿਹੇ ਹਨ ਜੋ ਨਿਰਾਸ਼ ਹਨ ਤੇ ਨਵੇਂ ਜਾਂ ਸ਼ਰਮੀਲੇ ਸੁਭਾਅ ਦੇ ਹਨ। ਜੇ ਤੁਸੀਂ ਉਨ੍ਹਾਂ ਨਾਲ ਸਮਾਂ ਬਿਤਾਓ, ਤਾਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲੇਗਾ ਤੇ ਤੁਸੀਂ ਉਨ੍ਹਾਂ ਦੇ ਘਰ ਖਾਣੇ ’ਤੇ ਵੀ ਜਾ ਸਕਦੇ ਹੋ।”

ਮੈਂ ਇਸ ਪਿਆਰੇ ਭਰਾ ਦੀ ਸਲਾਹ ਲਈ ਬਹੁਤ ਸ਼ੁਕਰਗੁਜ਼ਾਰ ਸੀ। ਯਹੋਵਾਹ ਦੀਆਂ ਭੇਡਾਂ ਲਈ ਉਸ ਦਾ ਪਿਆਰ ਮੇਰੇ ਦਿਲ ਨੂੰ ਛੂਹ ਗਿਆ। ਭਾਵੇਂ ਕਿ ਆਪਣੀ ਗ਼ਲਤੀ ਨੂੰ ਮੰਨਣਾ ਮੇਰੇ ਲਈ ਸੌਖਾ ਨਹੀਂ ਸੀ, ਪਰ ਉਸ ਨੇ ਜੋ ਕਿਹਾ ਉਸ ਨੂੰ ਮੈਂ ਛੇਤੀ ਤੋਂ ਛੇਤੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਮੈਂ ਅਜਿਹੇ ਭਰਾਵਾਂ ਲਈ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ।

1969 ਅਤੇ 1973 ਦੇ ਸਾਲਾਂ ਦੌਰਾਨ ਮੈਨੂੰ ਪੈਰਿਸ ਵਿਚ ਹੋਏ ਦੋ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਭੋਜਨ ਸੇਵਾ ਵਿਭਾਗ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। 1973 ਦੇ ਸੰਮੇਲਨ ਵਿਚ ਲਗਭਗ 60,000 ਲੋਕਾਂ ਨੂੰ ਪੰਜ ਦਿਨਾਂ ਲਈ ਖਾਣਾ ਦੇਣਾ ਸੀ। ਮੈਂ ਡਰ ਗਿਆ ਸੀ ਕਿ ਇਹ ਸਾਰਾ ਕੁਝ ਕਿਵੇਂ ਹੋਵੇਗਾ। ਪਰ ਇਕ ਵਾਰ ਫਿਰ ਕਹਾਉਤਾਂ 15:22 ਦੀ ਗੱਲ ਲਾਗੂ ਕਰ ਕੇ ਮੈਨੂੰ ਫ਼ਾਇਦਾ ਹੋਇਆ ਜੋ ਦੂਸਰਿਆਂ ਤੋਂ ਸਲਾਹ ਲੈਣ ਬਾਰੇ ਸੀ। ਮੈਂ ਤਜਰਬੇਕਾਰ ਭਰਾਵਾਂ ਤੋਂ ਮਦਦ ਮੰਗੀ। ਉਨ੍ਹਾਂ ਵਿੱਚੋਂ ਕਈ ਭਰਾ ਮੀਟ ਵੇਚਣ, ਸਬਜ਼ੀਆਂ ਉਗਾਉਣ, ਖਾਣਾ ਬਣਾਉਣ ਅਤੇ ਖ਼ਰੀਦਾਰੀ ਦਾ ਕੰਮ ਕਰਦੇ ਸਨ। ਅਸੀਂ ਸਾਰਿਆਂ ਨੇ ਮਿਲ ਕੇ ਇਸ ਪਹਾੜ ਵਰਗੇ ਕੰਮ ਨੂੰ ਪੂਰਾ ਕੀਤਾ।

1973 ਵਿਚ ਮੈਨੂੰ ਤੇ ਮੇਰੀ ਪਤਨੀ ਨੂੰ ਫਰਾਂਸ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਮੈਨੂੰ ਮੇਰੀ ਇਸ ਜ਼ਿੰਮੇਵਾਰੀ ਵਿਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਸਹਿਣੀਆਂ ਪਈਆਂ। ਮੈਂ ਅਫ਼ਰੀਕਾ ਦੇ ਕੈਮਰੂਨ ਦੇਸ਼ ਦੇ ਭੈਣਾਂ-ਭਰਾਵਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਕਾਸ਼ਨ ਭੇਜਣੇ ਸਨ। ਇਸ ਦੇਸ਼ ਵਿਚ 1970 ਤੋਂ 1993 ਦੌਰਾਨ ਸਾਡੇ ਕੰਮ ’ਤੇ ਪਾਬੰਦੀ ਲਾਈ ਗਈ ਸੀ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਇਹ ਕੰਮ ਕਰ ਸਕਾਂਗਾ ਜਾਂ ਨਹੀਂ। ਸ਼ਾਇਦ ਫਰਾਂਸ ਦੇ ਬ੍ਰਾਂਚ ਓਵਰਸੀਅਰ ਨੂੰ ਪਤਾ ਲੱਗ ਗਿਆ ਕਿ ਮੈਂ ਇੱਦਾਂ ਮਹਿਸੂਸ ਕਰ ਰਿਹਾ ਸੀ। ਮੈਨੂੰ ਹੌਸਲਾ ਦੇਣ ਲਈ ਉਸ ਨੇ ਕਿਹਾ: “ਕੈਮਰੂਨ ਵਿਚ ਸਾਡੇ ਭਰਾਵਾਂ ਨੂੰ ਪ੍ਰਕਾਸ਼ਨਾਂ ਦੀ ਸਖ਼ਤ ਲੋੜ ਹੈ। ਸਾਨੂੰ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।” ਫਿਰ ਅਸੀਂ ਇੱਦਾਂ ਹੀ ਕੀਤਾ।

1973 ਵਿਚ ਕੈਮਰੂਨ ਤੋਂ ਆਏ ਗਵਾਹਾਂ ਨਾਲ ਨਾਈਜੀਰੀਆ ਵਿਚ ਇਕ ਖ਼ਾਸ ਮੀਟਿੰਗ ਦੌਰਾਨ

ਮੈਂ ਕੈਮਰੂਨ ਨਾਲ ਲੱਗਦੇ ਦੇਸ਼ਾਂ ਵਿਚ ਕਾਫ਼ੀ ਵਾਰ ਗਿਆ ਤਾਂਕਿ ਮੈਂ ਕੈਮਰੂਨ ਦੇ ਬਜ਼ੁਰਗਾਂ ਨੂੰ ਮਿਲ ਸਕਾਂ। ਉਨ੍ਹਾਂ ਦਲੇਰ ਅਤੇ ਸਮਝਦਾਰ ਭਰਾਵਾਂ ਨੇ ਕੈਮਰੂਨ ਵਿਚ ਲਗਾਤਾਰ ਪ੍ਰਕਾਸ਼ਨ ਪਹੁੰਚਾਉਣ ਵਿਚ ਮੇਰੀ ਮਦਦ ਕੀਤੀ। ਯਹੋਵਾਹ ਨੇ ਸਾਡੀ ਮਿਹਨਤ ’ਤੇ ਬਰਕਤ ਪਾਈ। ਲਗਭਗ 20 ਸਾਲਾਂ ਦੌਰਾਨ ਇੱਦਾਂ ਕਦੇ ਵੀ ਨਹੀਂ ਹੋਇਆ ਕਿ ਉਸ ਦੇਸ਼ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਪਹਿਰਾਬੁਰਜ ਅਤੇ ਹਫ਼ਤੇ ਦੌਰਾਨ ਹੋਣ ਵਾਲੀ ਮੀਟਿੰਗ ਦੇ ਪ੍ਰਕਾਸ਼ਨ ਨਾ ਮਿਲੇ ਹੋਣ।

1977 ਵਿਚ ਕੈਮਰੂਨ ਤੋਂ ਆਏ ਸਰਕਟ ਓਵਰਸੀਅਰ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਸਮਾਂ ਬਿਤਾ ਕੇ ਸਾਨੂੰ ਬਹੁਤ ਵਧੀਆ ਲੱਗਾ

ਮੈਂ ਆਪਣੀ ਪਿਆਰੀ ਪਤਨੀ ਤੋਂ ਬਹੁਤ ਕੁਝ ਸਿੱਖਿਆ

ਜਦੋਂ ਤੋਂ ਅਸੀਂ ਇਕ-ਦੂਜੇ ਨੂੰ ਜਾਣਨਾ ਸ਼ੁਰੂ ਕੀਤਾ, ਤਾਂ ਮੈਂ ਦੇਖਿਆ ਕਿ ਐਂਜੇਲ ਵਿਚ ਬਹੁਤ ਸਾਰੇ ਮਸੀਹੀ ਗੁਣ ਹਨ। ਨਾਲੇ ਵਿਆਹ ਤੋਂ ਬਾਅਦ ਮੈਂ ਇਹ ਗੁਣ ਹੋਰ ਵੀ ਜ਼ਿਆਦਾ ਦੇਖੇ। ਉਦਾਹਰਣ ਲਈ, ਸਾਡੇ ਵਿਆਹ ਵਾਲੇ ਦਿਨ ਦੀ ਸ਼ਾਮ ਐਂਜੇਲ ਨੇ ਮੈਨੂੰ ਕਿਹਾ ਉਹ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨੀ ਚਾਹੁੰਦੀ ਹੈ। ਨਾਲੇ ਉਸ ਨੇ ਮੈਨੂੰ ਇਸ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ। ਯਹੋਵਾਹ ਨੇ ਸਾਡੀ ਪ੍ਰਾਰਥਨਾ ਸੁਣ ਲਈ।

ਐਂਜੇਲ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਵਿਚ ਵੀ ਮੇਰੀ ਮਦਦ ਕੀਤੀ। ਉਦਾਹਰਣ ਲਈ, ਜਦੋਂ 1973 ਵਿਚ ਸਾਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ, ਤਾਂ ਮੈਂ ਝਿਜਕ ਰਿਹਾ ਸੀ ਕਿਉਂਕਿ ਮੈਨੂੰ ਸਰਕਟ ਦਾ ਕੰਮ ਬਹੁਤ ਪਸੰਦ ਸੀ। ਪਰ ਐਂਜੇਲ ਨੇ ਮੈਨੂੰ ਯਾਦ ਕਰਾਇਆ ਕਿ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਹੈ। ਕੀ ਸਾਨੂੰ ਉਹ ਨਹੀਂ ਕਰਨਾ ਚਾਹੀਦਾ ਜੋ ਉਸ ਦਾ ਸੰਗਠਨ ਸਾਨੂੰ ਕਰਨ ਲਈ ਕਹਿੰਦਾ ਹੈ? (ਇਬ. 13:17) ਮੈਂ ਉਸ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸੀ! ਇਸ ਲਈ ਅਸੀਂ ਬੈਥਲ ਚਲੇ ਗਏ। ਇਨ੍ਹਾਂ ਸਾਲਾਂ ਦੌਰਾਨ ਮੇਰੀ ਪਤਨੀ ਦੀ ਸਮਝਦਾਰੀ ਅਤੇ ਉਸ ਦਾ ਯਹੋਵਾਹ ਵਰਗਾ ਨਜ਼ਰੀਆ ਹੋਣ ਕਰਕੇ ਸਾਡਾ ਵਿਆਹੁਤਾ ਰਿਸ਼ਤਾ ਮਜ਼ਬੂਤ ਹੋਇਆ ਹੈ ਅਤੇ ਅਸੀਂ ਸਹੀ ਫ਼ੈਸਲੇ ਲੈ ਪਾਏ ਹਾਂ।

ਫਰਾਂਸ ਬੈਥਲ ਦੇ ਬਾਗ਼ ਵਿਚ ਐਂਜੇਲ ਨਾਲ

ਹੁਣ ਅਸੀਂ ਸਿਆਣੀ ਉਮਰ ਦੇ ਹੋ ਗਏ ਹਾਂ, ਪਰ ਹਾਲੇ ਵੀ ਐਂਜੇਲ ਇਕ ਬਹੁਤ ਵਧੀਆ ਤੇ ਸਾਥ ਨਿਭਾਉਣ ਵਾਲੀ ਪਤਨੀ ਹੈ। ਉਦਾਹਰਣ ਲਈ, ਅਸੀਂ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਜਾਣਾ ਚਾਹੁੰਦੇ ਸੀ। ਇਸ ਲਈ ਲਗਭਗ 75 ਸਾਲ ਦੀ ਉਮਰ ਵਿਚ ਅਸੀਂ ਅੰਗ੍ਰੇਜ਼ੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਅਸੀਂ ਅੰਗ੍ਰੇਜ਼ੀ ਭਾਸ਼ਾ ਵਾਲੀ ਮੰਡਲੀ ਵਿਚ ਵੀ ਜਾਣ ਲੱਗ ਪਏ। ਫਰਾਂਸ ਬ੍ਰਾਂਚ ਕਮੇਟੀ ਦਾ ਮੈਂਬਰ ਹੋਣ ਕਰਕੇ ਮੇਰੇ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ ਅਤੇ ਨਵੀਂ ਭਾਸ਼ਾ ਸਿੱਖਣੀ ਮੇਰੇ ਲਈ ਸੌਖੀ ਨਹੀਂ ਸੀ। ਪਰ ਅਸੀਂ ਦੋਹਾਂ ਨੇ ਇਕ-ਦੂਜੇ ਦੀ ਮਦਦ ਕੀਤੀ। ਹੁਣ ਅਸੀਂ 80 ਸਾਲ ਦੇ ਹਾਂ ਅਤੇ ਅਜੇ ਵੀ ਅਸੀਂ ਅੰਗ੍ਰੇਜ਼ੀ ਤੇ ਫ਼੍ਰੈਂਚ ਵਿਚ ਮੀਟਿੰਗਾਂ ਦੀ ਤਿਆਰੀ ਕਰਦੇ ਹਾਂ। ਨਾਲੇ ਅਸੀਂ ਜਿੰਨਾ ਹੋ ਸਕੇ ਉੱਨਾ ਮੀਟਿੰਗਾਂ ਤੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ। ਅੰਗ੍ਰੇਜ਼ੀ ਭਾਸ਼ਾ ਸਿੱਖਣ ਵਿਚ ਅਸੀਂ ਜੋ ਮਿਹਨਤ ਕੀਤੀ ਯਹੋਵਾਹ ਨੇ ਉਸ ’ਤੇ ਬਰਕਤ ਪਾਈ।

2017 ਵਿਚ ਮੈਨੂੰ ਤੇ ਐਂਜੇਲ ਨੂੰ ਖ਼ਾਸ ਸਨਮਾਨ ਮਿਲਿਆ। ਸਾਨੂੰ ਪੈਟਰਸਨ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਚ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਰੱਖੇ ਸਕੂਲ ਵਿਚ ਜਾਣ ਦਾ ਸੱਦਾ ਮਿਲਿਆ।

ਯਹੋਵਾਹ ਸੱਚ-ਮੁੱਚ ਸਾਡਾ “ਮਹਾਨ ਸਿੱਖਿਅਕ” ਹੈ। (ਯਸਾ. 30:20) ਇਸ ਲਈ ਚਾਹੇ ਅਸੀਂ ਜਵਾਨ ਹੋਈਏ ਜਾਂ ਸਿਆਣੀ ਉਮਰ ਦੇ ਸਾਨੂੰ ਸਭ ਤੋਂ ਵਧੀਆ ਸਿੱਖਿਆ ਮਿਲਦੀ ਹੈ। (ਬਿਵ. 4:5-8) ਸੱਚ-ਮੁੱਚ! ਮੈਂ ਦੇਖਿਆ ਹੈ ਕਿ ਜਦੋਂ ਨੌਜਵਾਨ ਯਹੋਵਾਹ ਅਤੇ ਤਜਰਬੇਕਾਰ ਭੈਣਾਂ-ਭਰਾਵਾਂ ਦੀ ਗੱਲ ਸੁਣਦੇ ਹਨ, ਤਾਂ ਉਹ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਦੇ ਹਨ ਅਤੇ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਦੇ ਹਨ। ਕਹਾਉਤਾਂ 9:9 ਵੀ ਸਾਨੂੰ ਇਹੀ ਯਾਦ ਕਰਾਉਂਦਾ ਹੈ: “ਬੁੱਧੀਮਾਨ ਇਨਸਾਨ ਨੂੰ ਸਿੱਖਿਆ ਦੇ, ਉਹ ਹੋਰ ਬੁੱਧੀਮਾਨ ਬਣ ਜਾਵੇਗਾ। ਧਰਮੀ ਨੂੰ ਸਿਖਾ, ਉਹ ਆਪਣਾ ਗਿਆਨ ਹੋਰ ਵਧਾਵੇਗਾ।”

ਲਗਭਗ 60 ਸਾਲਾਂ ਪਹਿਲਾਂ ਅਲਜੀਰੀਆ ਦੇ ਪਹਾੜਾਂ ’ਤੇ ਉਸ ਡਰਾਉਣੀ ਕਾਲੀ ਰਾਤ ਨੂੰ ਮੈਂ ਅਕਸਰ ਯਾਦ ਕਰਦਾ ਹਾਂ। ਉਸ ਰਾਤ ਤਾਂ ਮੈਂ ਸੋਚਿਆ ਹੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਇੰਨੀ ਖ਼ੁਸ਼ੀਆਂ ਭਰੀ ਹੋਵੇਗੀ। ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ ਹੈ! ਯਹੋਵਾਹ ਨੇ ਮੈਨੂੰ ਅਤੇ ਐਂਜੇਲ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ। ਇਸ ਲਈ ਅਸੀਂ ਦੋਹਾਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਅਤੇ ਉਸ ਨੂੰ ਪਿਆਰ ਕਰਨ ਵਾਲੇ ਸਮਝਦਾਰ ਤੇ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਸਿੱਖਣਾ ਕਦੇ ਵੀ ਨਹੀਂ ਛੱਡਾਂਗੇ।

^ ਪੈਰਾ 11 ਪਵਿੱਤਰ ਲਿਖਤਾਂ ਨਵੀਂ ਦੁਨੀਆਂ ਅਨੁਵਾਦ।