Skip to content

Skip to table of contents

ਅਧਿਐਨ ਲੇਖ 22

ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ

ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ

‘ਤੁਸੀਂ ਸਾਰੇ ਬਪਤਿਸਮਾ ਲਓ।’—ਰਸੂ. 2:38.

ਗੀਤ 56 ਸੱਚਾਈ ਦੇ ਰਾਹ ’ਤੇ ਚੱਲ

ਖ਼ਾਸ ਗੱਲਾਂ *

1. ਪਹਿਲੀ ਸਦੀ ਵਿਚ ਇਕੱਠੀ ਹੋਈ ਭੀੜ ਨੂੰ ਕੀ ਕਰਨ ਲਈ ਕਿਹਾ ਗਿਆ ਸੀ?

ਯਰੂਸ਼ਲਮ ਵਿਚ ਬਹੁਤ ਸਾਰੇ ਆਦਮੀਆਂ ਅਤੇ ਔਰਤਾਂ ਦੀ ਭੀੜ ਇਕੱਠੀ ਹੋਈ ਸੀ। ਉਹ ਅਲੱਗ-ਅਲੱਗ ਦੇਸ਼ਾਂ ਤੋਂ ਆਏ ਹੋਏ ਸਨ ਅਤੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲ ਰਹੇ ਸਨ। ਫਿਰ ਅਚਾਨਕ ਕੁਝ ਆਮ ਯਹੂਦੀ ਉਨ੍ਹਾਂ ਦੀ ਭਾਸ਼ਾ ਬੋਲਣ ਲੱਗੇ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਪਰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੂੰ ਹੋਰ ਵੀ ਹੈਰਾਨੀ ਹੋਈ। ਪਤਰਸ ਰਸੂਲ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਯਿਸੂ ’ਤੇ ਨਿਹਚਾ ਕਰਨ। ਇਹ ਗੱਲ ਲੋਕਾਂ ਦੇ ਦਿਲਾਂ ਨੂੰ ਇੰਨੀ ਛੂਹ ਗਈ ਕਿ ਲੋਕਾਂ ਨੇ ਪੁੱਛਿਆ: “ਸਾਨੂੰ ਦੱਸੋ, ਅਸੀਂ ਕੀ ਕਰੀਏ?” ਪਤਰਸ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਸਾਰੇ ਬਪਤਿਸਮਾ ਲਓ।’—ਰਸੂ. 2:37, 38.

ਇਕ ਭਰਾ ਆਪਣੀ ਪਤਨੀ ਨਾਲ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਇਕ ਨੌਜਵਾਨ ਨੂੰ ਸਟੱਡੀ ਕਰਾਉਂਦਾ ਹੋਇਆ ਜਿਸ ਦੇ ਹੱਥਾਂ ਵਿਚ ਇਹ ਕਿਤਾਬ ਹੈ (ਪੈਰਾ 2 ਦੇਖੋ)

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

2 ਇਸ ਘਟਨਾ ਤੋਂ ਬਾਅਦ ਤਾਂ ਕਮਾਲ ਹੀ ਹੋ ਗਿਆ! ਉਸ ਦਿਨ ਲਗਭਗ 3,000 ਲੋਕ ਬਪਤਿਸਮਾ ਲੈ ਕੇ ਮਸੀਹ ਦੇ ਚੇਲੇ ਬਣ ਗਏ। ਉਦੋਂ ਤੋਂ ਹੀ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਜਿਸ ਦਾ ਹੁਕਮ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ। ਅੱਜ ਵੀ ਉਸ ਦੇ ਚੇਲੇ ਇਹੀ ਕੰਮ ਕਰ ਰਹੇ ਹਨ। ਪਰ ਅੱਜ ਅਸੀਂ ਕਿਸੇ ਨੂੰ ਕੁਝ ਘੰਟਿਆਂ ਵਿਚ ਹੀ ਬਪਤਿਸਮਾ ਨਹੀਂ ਦਿਵਾ ਸਕਦੇ। ਸ਼ਾਇਦ ਕਿਸੇ ਵਿਅਕਤੀ ਨੂੰ ਬਪਤਿਸਮਾ ਲੈਣ ਲਈ ਕੁਝ ਮਹੀਨੇ, ਸਾਲ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਵੇ। ਜੇ ਤੁਸੀਂ ਵੀ ਕੋਈ ਬਾਈਬਲ ਸਟੱਡੀ ਕਰਾ ਰਹੇ ਹੋ, ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਚੇਲੇ ਬਣਾਉਣ ਦੇ ਕੰਮ ਵਿਚ ਕਿੰਨੀ ਮਿਹਨਤ ਲੱਗਦੀ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡਾ ਬਾਈਬਲ ਵਿਦਿਆਰਥੀ ਬਪਤਿਸਮਾ ਲਵੇ।

ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ’ਤੇ ਚੱਲਣਾ ਸਿਖਾਓ

3. ਮੱਤੀ 28:19, 20 ਮੁਤਾਬਕ ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਕੀ ਕਰਨਾ ਪਵੇਗਾ?

3 ਬਾਈਬਲ ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਪਵੇਗਾ। (ਮੱਤੀ 28:19, 20 ਪੜ੍ਹੋ।) ਜੇ ਉਹ ਸਿੱਖੀਆਂ ਗੱਲਾਂ ’ਤੇ ਚੱਲੇਗਾ, ਤਾਂ ਉਹ ਯਿਸੂ ਦੀ ਮਿਸਾਲ ਵਿਚ ਦੱਸੇ ਉਸ “ਸਮਝਦਾਰ ਆਦਮੀ” ਵਰਗਾ ਹੋਵੇਗਾ ਜਿਸ ਨੇ ਘਰ ਬਣਾਉਣ ਵੇਲੇ ਜ਼ਮੀਨ ਡੂੰਘੀ ਪੁੱਟੀ ਅਤੇ ਨੀਂਹਾਂ ਚਟਾਨ ਉੱਤੇ ਧਰੀਆਂ। (ਮੱਤੀ 7:24, 25; ਲੂਕਾ 6:47, 48) ਪਰ ਅਸੀਂ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਕਿਵੇਂ ਸਿਖਾ ਸਕਦੇ ਹਾਂ? ਆਓ ਆਪਾਂ ਤਿੰਨ ਸੁਝਾਵਾਂ ’ਤੇ ਗੌਰ ਕਰੀਏ।

4. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਬਾਈਬਲ ਵਿਦਿਆਰਥੀ ਬਪਤਿਸਮਾ ਲੈਣ ਦੇ ਯੋਗ ਬਣੇ? (“ ਵਿਦਿਆਰਥੀ ਨੂੰ ਟੀਚੇ ਰੱਖਣਾ ਅਤੇ ਉਨ੍ਹਾਂ ਨੂੰ ਹਾਸਲ ਕਰਨਾ ਸਿਖਾਓ” ਨਾਂ ਦੀ ਡੱਬੀ ਵੀ ਦੇਖੋ।)

4 ਵਿਦਿਆਰਥੀ ਨੂੰ ਟੀਚੇ ਰੱਖਣੇ ਸਿਖਾਓ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਇਹ ਗੱਲ ਸਮਝਣ ਲਈ ਇਕ ਉਦਾਹਰਣ ’ਤੇ ਗੌਰ ਕਰੋ। ਮੰਨ ਲਓ ਕਿ ਤੁਸੀਂ ਆਪਣੀ ਗੱਡੀ ਵਿਚ ਇਕ ਲੰਬੇ ਸਫ਼ਰ ’ਤੇ ਜਾ ਰਹੇ ਹੋ। ਜੇ ਤੁਸੀਂ ਬਿਨਾਂ ਰੁਕੇ ਸਫ਼ਰ ਕਰੋਗੇ, ਤਾਂ ਤੁਸੀਂ ਥੱਕ ਜਾਓਗੇ। ਪਰ ਜੇ ਤੁਸੀਂ ਵਿਚ-ਵਿਚ ਰੁਕ ਕੇ ਆਸੇ-ਪਾਸੇ ਦੇ ਨਜ਼ਾਰਿਆਂ ਦਾ ਮਜ਼ਾ ਲਓਗੇ, ਤਾਂ ਤੁਹਾਨੂੰ ਸਫ਼ਰ ਇੰਨਾ ਲੰਬਾ ਨਹੀਂ ਲੱਗੇਗਾ। ਉਸੇ ਤਰ੍ਹਾਂ ਜੇ ਤੁਹਾਡਾ ਵਿਦਿਆਰਥੀ ਛੋਟੇ-ਛੋਟੇ ਟੀਚੇ ਰੱਖੇਗਾ ਅਤੇ ਉਨ੍ਹਾਂ ਨੂੰ ਹਾਸਲ ਕਰੇਗਾ, ਤਾਂ ਉਸ ਲਈ ਬਪਤਿਸਮਾ ਲੈਣਾ ਸੌਖਾ ਹੋਵੇਗਾ। ਤੁਸੀਂ ਚਾਹੋ, ਤਾਂ ਵਿਦਿਆਰਥੀ ਦੀ ਮਦਦ ਕਰਨ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿੱਚੋਂ “ਟੀਚਾ” ਭਾਗ ਇਸਤੇਮਾਲ ਕਰ ਸਕਦੇ ਹੋ। ਉੱਥੇ ਘੱਟੋ-ਘੱਟ ਇਕ ਟੀਚਾ ਦਿੱਤਾ ਗਿਆ ਹੈ। ਹਰ ਪਾਠ ਤੋਂ ਬਾਅਦ ਤੁਸੀਂ ਚਰਚਾ ਕਰ ਸਕਦੇ ਹੋ ਕਿ ਉਸ ਨੇ ਜੋ ਗੱਲਾਂ ਸਿੱਖੀਆਂ ਹਨ, ਉਨ੍ਹਾਂ ’ਤੇ ਚੱਲ ਕੇ ਉਹ ਇਹ ਟੀਚਾ ਹਾਸਲ ਕਰ ਸਕਦਾ ਹੈ। ਜੇ ਤੁਹਾਡੇ ਮਨ ਵਿਚ ਵਿਦਿਆਰਥੀ ਲਈ ਕੋਈ ਹੋਰ ਟੀਚਾ ਹੈ, ਤਾਂ ਉਸ ਨੂੰ ਉਸ ਪਾਠ ਦੇ “ਹੋਰ ਟੀਚੇ” ਹੇਠਾਂ ਲਿਖੋ। ਸਮੇਂ-ਸਮੇਂ ਤੇ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਵਿਦਿਆਰਥੀ ਆਪਣੇ ਛੋਟੇ-ਛੋਟੇ ਅਤੇ ਵੱਡੇ ਟੀਚਿਆਂ ਨੂੰ ਹਾਸਲ ਕਰਨ ਲਈ ਕੀ ਕੁਝ ਕਰ ਰਿਹਾ ਹੈ।

5. ਮਰਕੁਸ 10:17-22 ਮੁਤਾਬਕ ਯਿਸੂ ਨੇ ਅਮੀਰ ਆਦਮੀ ਨੂੰ ਕੀ ਕਰਨ ਲਈ ਕਿਹਾ ਅਤੇ ਕਿਉਂ?

5 ਵਿਦਿਆਰਥੀ ਦੀ ਸਮਝਣ ਵਿਚ ਮਦਦ ਕਰੋ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਿਹੜੇ ਬਦਲਾਅ ਕਰਨੇ ਹਨ। (ਮਰਕੁਸ 10:17-22 ਪੜ੍ਹੋ।) ਯਿਸੂ ਨੂੰ ਪਤਾ ਸੀ ਕਿ ਉਸ ਅਮੀਰ ਆਦਮੀ ਲਈ ਆਪਣੀਆਂ ਚੀਜ਼ਾਂ ਵੇਚ ਕੇ ਉਸ ਦਾ ਚੇਲਾ ਬਣਨਾ ਸੌਖਾ ਨਹੀਂ ਹੋਵੇਗਾ। (ਮਰ. 10:23) ਫਿਰ ਵੀ ਉਸ ਨੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਅ ਕਰਨ ਲਈ ਕਿਹਾ। ਕਿਉਂ? ਕਿਉਂਕਿ ਯਿਸੂ ਉਸ ਨੂੰ ਪਿਆਰ ਕਰਦਾ ਸੀ। ਸ਼ਾਇਦ ਸਾਨੂੰ ਲੱਗੇ ਕਿ ਸਾਡਾ ਵਿਦਿਆਰਥੀ ਹਾਲੇ ਕੋਈ ਜ਼ਰੂਰੀ ਬਦਲਾਅ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਸ਼ਾਇਦ ਅਸੀਂ ਉਸ ਨੂੰ ਕੁਝ ਕਹਿਣ ਤੋਂ ਝਿਜਕੀਏ। ਨਾਲੇ ਕੁਝ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਆਦਤਾਂ ਛੱਡਣ ਅਤੇ ਨਵੇਂ ਸੁਭਾਅ ਨੂੰ ਪਹਿਨਣ ਵਿਚ ਸਮਾਂ ਲੱਗਦਾ ਹੈ। (ਕੁਲੁ. 3:9, 10) ਇਸ ਲਈ ਅਸੀਂ ਉਸ ਨੂੰ ਜਿੰਨੀ ਛੇਤੀ ਖੁੱਲ੍ਹ ਕੇ ਸਮਝਾਵਾਂਗੇ ਕਿ ਉਸ ਨੇ ਕਿਹੜੇ ਬਦਲਾਅ ਕਰਨੇ ਹਨ, ਉੱਨੀ ਛੇਤੀ ਹੀ ਉਹ ਆਪਣੇ ਵਿਚ ਬਦਲਾਅ ਕਰਨੇ ਸ਼ੁਰੂ ਕਰੇਗਾ। ਨਾਲੇ ਇੱਦਾਂ ਕਰ ਕੇ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਉਸ ਦੀ ਪਰਵਾਹ ਕਰਦੇ ਹਾਂ।—ਜ਼ਬੂ. 141:5; ਕਹਾ. 27:17.

6. ਸਾਨੂੰ ਆਪਣੇ ਵਿਦਿਆਰਥੀ ਦੀ ਰਾਇ ਜਾਣਨ ਲਈ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ?

6 ਕਿਸੇ ਵਿਸ਼ੇ ਬਾਰੇ ਆਪਣੇ ਵਿਦਿਆਰਥੀ ਦੀ ਰਾਇ ਜਾਣਨ ਲਈ ਉਸ ਨੂੰ ਸਵਾਲ ਪੁੱਛੋ। ਇਸ ਤਰ੍ਹਾਂ ਕਰ ਕੇ ਅਸੀਂ ਜਾਣਾਂਗੇ ਕਿ ਉਹ ਉਸ ਵਿਸ਼ੇ ਨੂੰ ਸਮਝ ਰਿਹਾ ਹੈ ਜਾਂ ਨਹੀਂ। ਜੇ ਅਸੀਂ ਅਕਸਰ ਅਜਿਹੇ ਸਵਾਲ ਪੁੱਛਦੇ ਹਾਂ, ਤਾਂ ਅੱਗੇ ਜਾ ਕੇ ਸਾਡੇ ਲਈ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰਨੀ ਸੌਖੀ ਹੋ ਜਾਵੇਗੀ ਜਿਨ੍ਹਾਂ ’ਤੇ ਯਕੀਨ ਕਰਨਾ ਵਿਦਿਆਰਥੀ ਲਈ ਔਖਾ ਹੈ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਚ ਅਜਿਹੇ ਕਈ ਸਵਾਲ ਦਿੱਤੇ ਗਏ ਹਨ, ਜਿਵੇਂ ਕਿ ਪਾਠ 04 ਵਿਚ ਪੁੱਛਿਆ ਗਿਆ ਹੈ, “ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਤੁਸੀਂ ਉਸ ਦਾ ਨਾਂ ਲੈਂਦੇ ਹੋ?” ਅਤੇ ਪਾਠ 09 ਵਿਚ ਪੁੱਛਿਆ ਗਿਆ ਹੈ, “ਤੁਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੁੰਦੇ ਹੋ?” ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਵਿਦਿਆਰਥੀ ਲਈ ਸ਼ਾਇਦ ਔਖੇ ਹੋਣ। ਅਸੀਂ ਉਸ ਨੂੰ ਸਿਖਲਾਈ ਦੇ ਸਕਦੇ ਹਾਂ ਕਿ ਉਹ ਪਾਠ ਵਿਚ ਦਿੱਤੀਆਂ ਆਇਤਾਂ ਅਤੇ ਤਸਵੀਰਾਂ ’ਤੇ ਸੋਚ-ਵਿਚਾਰ ਕਰ ਕੇ ਜਵਾਬ ਦੇਵੇ।

7. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡਾ ਬਾਈਬਲ ਵਿਦਿਆਰਥੀ ਸਮਝ ਸਕੇ ਕਿ ਉਸ ਨੂੰ ਕਿਹੜੇ ਬਦਲਾਅ ਕਰਨ ਦੀ ਲੋੜ ਹੈ?

7 ਜਦੋਂ ਸਾਡਾ ਬਾਈਬਲ ਵਿਦਿਆਰਥੀ ਸਮਝ ਜਾਂਦਾ ਹੈ ਕਿ ਉਸ ਨੂੰ ਕੁਝ ਬਦਲਾਅ ਕਰਨੇ ਪੈਣੇ, ਤਾਂ ਅਸੀਂ ਉਸ ਨੂੰ ਕੁਝ ਭੈਣਾਂ-ਭਰਾਵਾਂ ਦੇ ਤਜਰਬੇ ਦੱਸ ਸਕਦੇ ਹਾਂ। ਇਸ ਨਾਲ ਉਹ ਸਮਝ ਪਾਵੇਗਾ ਕਿ ਉਹ ਬਦਲਾਅ ਕਿਵੇਂ ਕਰ ਸਕਦਾ ਹੈ। ਉਦਾਹਰਣ ਲਈ, ਜੇ ਸਾਡਾ ਵਿਦਿਆਰਥੀ ਹਰ ਮੀਟਿੰਗ ’ਤੇ ਨਹੀਂ ਆਉਂਦਾ, ਤਾਂ ਅਸੀਂ ਉਸ ਨੂੰ ਯਹੋਵਾਹ ਨੇ ਮੇਰਾ ਖ਼ਿਆਲ ਰੱਖਿਆ ਨਾਂ ਦੀ ਵੀਡੀਓ ਦਿਖਾ ਸਕਦੇ ਹਾਂ। ਇਹ ਵੀਡੀਓ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 14 ਵਿਚ “ਹੋਰ ਸਿੱਖੋ” ਭਾਗ ਵਿਚ ਦਿੱਤੀ ਗਈ ਹੈ। ਨਾਲੇ ਕਿਤਾਬ ਦੇ ਬਾਕੀ ਪਾਠਾਂ ਵਿਚ “ਹੋਰ ਸਿੱਖੋ” ਅਤੇ “ਇਹ ਵੀ ਦੇਖੋ” ਭਾਗ ਵਿਚ ਹੋਰ ਵੀ ਤਜਰਬੇ ਦੱਸੇ ਗਏ ਹਨ। * ਪਰ ਅਜਿਹੇ ਤਜਰਬੇ ਦੱਸਦੇ ਵੇਲੇ ਅਸੀਂ ਉਸ ਨੂੰ ਇਹ ਨਹੀਂ ਕਹਾਂਗੇ, “ਜੇ ਇਹ ਭੈਣ ਜਾਂ ਭਰਾ ਕਰ ਸਕਦਾ ਹੈ, ਤਾਂ ਤੁਸੀਂ ਵੀ ਕਰ ਸਕਦੇ ਹੋ।” ਵਿਦਿਆਰਥੀ ਨੂੰ ਬਦਲਾਅ ਕਰਨ ਲਈ ਖ਼ੁਦ ਫ਼ੈਸਲਾ ਕਰਨ ਦਿਓ। ਅਸੀਂ ਵਿਦਿਆਰਥੀ ਨੂੰ ਦੱਸ ਸਕਦੇ ਹਾਂ ਕਿ ਕਿਹੜੀ ਆਇਤ ਨੇ ਇਸ ਭੈਣ ਜਾਂ ਭਰਾ ਦੀ ਮਦਦ ਕੀਤੀ ਜਾਂ ਫਿਰ ਬਦਲਾਅ ਕਰਨ ਲਈ ਉਸ ਨੇ ਖ਼ੁਦ ਕੀ ਕੀਤਾ। ਨਾਲੇ ਮੌਕਾ ਮਿਲਣ ਤੇ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਯਹੋਵਾਹ ਨੇ ਉਸ ਭੈਣ ਜਾਂ ਭਰਾ ਦੀ ਕਿਵੇਂ ਮਦਦ ਕੀਤੀ।

8. ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਯਹੋਵਾਹ ਨਾਲ ਪਿਆਰ ਕਰਨਾ ਕਿਵੇਂ ਸਿਖਾ ਸਕਦੇ ਹੋ?

8 ਆਪਣੇ ਵਿਦਿਆਰਥੀ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ। ਜਦੋਂ ਵੀ ਮੌਕਾ ਮਿਲੇ, ਤਾਂ ਵਿਦਿਆਰਥੀ ਦਾ ਧਿਆਨ ਯਹੋਵਾਹ ਦੇ ਗੁਣਾਂ ਵੱਲ ਖਿੱਚੋ। ਉਸ ਨੂੰ ਦੱਸੋ ਕਿ ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਅਤੇ ਉਹ ਉਸ ਨੂੰ ਪਿਆਰ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ। (1 ਤਿਮੋ. 1:11; ਇਬ. 11:6) ਨਾਲੇ ਵਿਦਿਆਰਥੀ ਨੂੰ ਦੱਸੋ ਕਿ ਜਾਣਕਾਰੀ ਨੂੰ ਲਾਗੂ ਕਰ ਕੇ ਉਸ ਨੂੰ ਫ਼ਾਇਦੇ ਹੋਣਗੇ ਤੇ ਸਮਝਾਓ ਕਿ ਇਹ ਫ਼ਾਇਦੇ ਉਸ ਲਈ ਯਹੋਵਾਹ ਦੇ ਪਿਆਰ ਦਾ ਸਬੂਤ ਹਨ। (ਯਸਾ. 48:17, 18) ਜਿੱਦਾਂ-ਜਿੱਦਾਂ ਤੁਹਾਡੇ ਵਿਦਿਆਰਥੀ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਵਧੇਗਾ, ਉੱਦਾਂ-ਉੱਦਾਂ ਉਸ ਵਿਚ ਬਦਲਾਅ ਕਰਨ ਦੀ ਇੱਛਾ ਵਧੇਗੀ।—1 ਯੂਹੰ. 5:3.

ਵਿਦਿਆਰਥੀ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮਿਲਾਓ

9. ਮਰਕੁਸ 10:29, 30 ਮੁਤਾਬਕ ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਕਿਹੜੀਆਂ ਕੁਰਬਾਨੀਆਂ ਕਰਨੀਆਂ ਪੈਣਗੀਆਂ?

9 ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਕੁਝ ਕੁਰਬਾਨੀਆਂ ਕਰਨੀਆਂ ਪੈਣਗੀਆਂ, ਠੀਕ ਉਸ ਅਮੀਰ ਆਦਮੀ ਵਾਂਗ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਉਦਾਹਰਣ ਲਈ, ਜੇ ਵਿਦਿਆਰਥੀ ਕੋਈ ਅਜਿਹੀ ਨੌਕਰੀ ਕਰਦਾ ਹੈ ਜੋ ਬਾਈਬਲ ਮੁਤਾਬਕ ਗ਼ਲਤ ਹੈ, ਤਾਂ ਸ਼ਾਇਦ ਉਸ ਨੂੰ ਉਹ ਨੌਕਰੀ ਛੱਡਣੀ ਪਵੇ। ਕਈਆਂ ਨੂੰ ਸ਼ਾਇਦ ਆਪਣੇ ਉਹ ਦੋਸਤ ਛੱਡਣੇ ਪੈਣ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ। ਜਾਂ ਸ਼ਾਇਦ ਹੋਰਨਾਂ ਦੇ ਘਰਦੇ ਉਨ੍ਹਾਂ ਦਾ ਸਾਥ ਛੱਡ ਦੇਣ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਨਹੀਂ ਕਰਦੇ। ਯਿਸੂ ਨੇ ਕਿਹਾ ਸੀ ਕਿ ਕਈਆਂ ਲਈ ਅਜਿਹੀਆਂ ਕੁਰਬਾਨੀਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਪਰ ਉਸ ਨੇ ਵਾਅਦਾ ਕੀਤਾ ਕਿ ਜੋ ਲੋਕ ਉਸ ਦੇ ਚੇਲੇ ਬਣਨਗੇ, ਉਹ ਨਿਰਾਸ਼ ਨਹੀਂ ਹੋਣਗੇ। ਯਹੋਵਾਹ ਉਨ੍ਹਾਂ ਨੂੰ ਅਜਿਹਾ ਪਰਿਵਾਰ ਦੇਵੇਗਾ ਜੋ ਉਨ੍ਹਾਂ ਨੂੰ ਬਹੁਤ ਪਿਆਰ ਕਰੇਗਾ। (ਮਰਕੁਸ 10:29, 30 ਪੜ੍ਹੋ।) ਤੁਸੀਂ ਕੀ ਕਰ ਸਕਦੇ ਹੋ ਤਾਂਕਿ ਵਿਦਿਆਰਥੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਆਪਣਾ ਪਰਿਵਾਰ ਮੰਨੇ?

10. ਮਾਨੂਏਲ ਨੇ ਜੋ ਕਿਹਾ, ਤੁਸੀਂ ਉਸ ਤੋਂ ਕੀ ਸਿੱਖਦੇ ਹੋ?

10 ਆਪਣੇ ਵਿਦਿਆਰਥੀ ਨਾਲ ਦੋਸਤੀ ਕਰੋ। ਉਸ ਨੂੰ ਅਹਿਸਾਸ ਕਰਾਓ ਕਿ ਤੁਸੀਂ ਉਸ ਦੀ ਬਹੁਤ ਪਰਵਾਹ ਕਰਦੇ ਹੋ। ਮੈਕਸੀਕੋ ਵਿਚ ਰਹਿਣ ਵਾਲਾ ਮਾਨੂਏਲ ਦੱਸਦਾ ਹੈ ਕਿ ਜਦੋਂ ਉਹ ਬਾਈਬਲ ਸਟੱਡੀ ਕਰ ਰਿਹਾ ਸੀ, ਤਾਂ ਉਸ ਦੀ ਸਟੱਡੀ ਕਰਾਉਣ ਵਾਲੇ ਭਰਾ ਨੇ ਉਸ ਦੀ ਕਿਵੇਂ ਮਦਦ ਕੀਤੀ। ਉਹ ਕਹਿੰਦਾ ਹੈ: “ਹਰ ਵਾਰ ਸਟੱਡੀ ਤੋਂ ਪਹਿਲਾਂ ਉਹ ਭਰਾ ਮੇਰਾ ਹਾਲ-ਚਾਲ ਪੁੱਛਦਾ ਸੀ ਅਤੇ ਅਸੀਂ ਖੁੱਲ੍ਹ ਕੇ ਇਕ-ਦੂਜੇ ਨਾਲ ਗੱਲਬਾਤ ਕਰਦੇ ਸੀ। ਮੈਂ ਕਿਸੇ ਵੀ ਵਿਸ਼ੇ ’ਤੇ ਉਸ ਨਾਲ ਗੱਲਬਾਤ ਕਰ ਸਕਦਾ ਸੀ ਅਤੇ ਉਹ ਬੜੇ ਧਿਆਨ ਨਾਲ ਮੇਰੀ ਗੱਲ ਸੁਣਦਾ ਸੀ। ਇਸ ਤਰ੍ਹਾਂ ਮੈਨੂੰ ਲੱਗਿਆ ਕਿ ਉਹ ਮੇਰੀ ਬਹੁਤ ਪਰਵਾਹ ਕਰਦਾ ਹੈ।”

11. ਤੁਹਾਡੇ ਨਾਲ ਸਮਾਂ ਬਿਤਾ ਕੇ ਵਿਦਿਆਰਥੀ ਨੂੰ ਕੀ ਫ਼ਾਇਦਾ ਹੋਵੇਗਾ?

11 ਜਿਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਸਮਾਂ ਬਿਤਾਇਆ, ਉਸੇ ਤਰ੍ਹਾਂ ਤੁਹਾਨੂੰ ਵੀ ਆਪਣੇ ਵਿਦਿਆਰਥੀ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। (ਯੂਹੰ. 3:22) ਜੇ ਹੋ ਸਕੇ, ਤਾਂ ਤੁਸੀਂ ਤਰੱਕੀ ਕਰ ਰਹੇ ਵਿਦਿਆਰਥੀ ਨੂੰ ਆਪਣੇ ਘਰ ਚਾਹ ਪੀਣ ਜਾਂ ਖਾਣਾ ਖਾਣ ਜਾਂ ਬ੍ਰਾਡਕਾਸਟਿੰਗ ਦੇਖਣ ਲਈ ਬੁਲਾ ਸਕਦੇ ਹੋ। ਅਜਿਹਾ ਕਰਨਾ ਖ਼ਾਸ ਕਰਕੇ ਉਦੋਂ ਵਧੀਆ ਹੋਵੇਗਾ ਜਦੋਂ ਵਿਦਿਆਰਥੀ ਦੇ ਘਰਦੇ ਜਾਂ ਦੋਸਤ ਧਾਰਮਿਕ ਤਿਉਹਾਰ ਮਨਾਉਣ ਜਾਂ ਦੇਸ਼-ਭਗਤੀ ਦੇ ਪ੍ਰੋਗ੍ਰਾਮਾਂ ਵਿਚ ਰੁੱਝੇ ਹੁੰਦੇ ਹਨ ਅਤੇ ਵਿਦਿਆਰਥੀ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਹੁੰਦਾ ਹੈ। ਯੂਗਾਂਡਾ ਵਿਚ ਰਹਿਣ ਵਾਲਾ ਭਰਾ ਕਾਜ਼ੀਬਵੇ ਕਹਿੰਦਾ ਹੈ: “ਸਟੱਡੀ ਕਰਦੇ ਵੇਲੇ ਤਾਂ ਮੈਂ ਯਹੋਵਾਹ ਬਾਰੇ ਸਿੱਖਿਆ ਹੀ, ਪਰ ਸਟੱਡੀ ਕਰਾਉਣ ਵਾਲੇ ਭਰਾ ਨਾਲ ਸਮਾਂ ਬਿਤਾ ਕੇ ਮੈਂ ਯਹੋਵਾਹ ਬਾਰੇ ਹੋਰ ਵੀ ਬਹੁਤ ਕੁਝ ਸਿੱਖਿਆ। ਮੈਂ ਸਾਫ਼-ਸਾਫ਼ ਦੇਖ ਪਾਇਆ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ ਅਤੇ ਉਸ ਦੇ ਲੋਕ ਕਿੰਨੇ ਖ਼ੁਸ਼ ਹਨ। ਮੈਂ ਵੀ ਉਨ੍ਹਾਂ ਵਾਂਗ ਖ਼ੁਸ਼ ਰਹਿਣਾ ਚਾਹੁੰਦਾ ਹਾਂ।”

ਸਟੱਡੀ ’ਤੇ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਲੈ ਕੇ ਜਾਓ। ਫਿਰ ਵਿਦਿਆਰਥੀ ਮੀਟਿੰਗਾਂ ’ਤੇ ਆਉਣ ਤੋਂ ਨਹੀਂ ਝਿਜਕੇਗਾ (ਪੈਰਾ 12 ਦੇਖੋ) *

12. ਸਾਨੂੰ ਸਟੱਡੀ ’ਤੇ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਕਿਉਂ ਲੈ ਕੇ ਜਾਣਾ ਚਾਹੀਦਾ ਹੈ?

12 ਸਟੱਡੀ ’ਤੇ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਲੈ ਕੇ ਜਾਓ। ਸ਼ਾਇਦ ਸਾਨੂੰ ਆਪਣੀ ਸਟੱਡੀ ’ਤੇ ਇਕੱਲੇ ਜਾਣਾ ਜਾਂ ਫਿਰ ਹਰ ਵਾਰ ਇਕ ਹੀ ਭੈਣ ਜਾਂ ਭਰਾ ਨਾਲ ਜਾਣਾ ਸੌਖਾ ਲੱਗੇ। ਪਰ ਜਦੋਂ ਅਸੀਂ ਆਪਣੇ ਨਾਲ ਦੂਸਰੇ ਭੈਣਾਂ-ਭਰਾਵਾਂ ਨੂੰ ਲੈ ਕੇ ਜਾਂਦੇ ਹਾਂ, ਤਾਂ ਵਿਦਿਆਰਥੀ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਮੌਲਡੋਵਾ ਵਿਚ ਰਹਿਣ ਵਾਲਾ ਭਰਾ ਦਮਿਤ੍ਰੀ ਦੱਸਦਾ ਹੈ: “ਮੇਰੀ ਸਟੱਡੀ ਕਰਾਉਣ ਲਈ ਜਿਹੜਾ ਵੀ ਭੈਣ-ਭਰਾ ਆਉਂਦਾ ਸੀ, ਉਸ ਦਾ ਸਿਖਾਉਣ ਦਾ ਤਰੀਕਾ ਵੱਖਰਾ ਹੁੰਦਾ ਸੀ। ਇਸ ਤਰ੍ਹਾਂ ਮੈਨੂੰ ਵਿਸ਼ੇ ਨੂੰ ਅਲੱਗ ਨਜ਼ਰੀਏ ਤੋਂ ਸਮਝਣ ਵਿਚ ਮਦਦ ਮਿਲਦੀ ਸੀ। ਫਿਰ ਜਦੋਂ ਮੈਂ ਪਹਿਲੀ ਵਾਰ ਮੀਟਿੰਗ ’ਤੇ ਗਿਆ, ਤਾਂ ਮੈਨੂੰ ਬਿਲਕੁਲ ਵੀ ਓਪਰਾ ਨਹੀਂ ਲੱਗਾ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲ ਚੁੱਕਾ ਸੀ।”

13. ਸਾਨੂੰ ਵਿਦਿਆਰਥੀ ਨੂੰ ਮੀਟਿੰਗ ’ਤੇ ਆਉਣ ਦੀ ਹੱਲਾਸ਼ੇਰੀ ਕਿਉਂ ਦੇਣੀ ਚਾਹੀਦੀ ਹੈ?

13 ਵਿਦਿਆਰਥੀ ਨੂੰ ਮੀਟਿੰਗਾਂ ’ਤੇ ਆਉਣ ਦੀ ਹੱਲਾਸ਼ੇਰੀ ਦਿਓ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਮੀਟਿੰਗਾਂ ’ਤੇ ਜਾਣਾ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ। ਇਸ ਲਈ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਉਸ ਦੇ ਸੇਵਕ ਮਿਲ ਕੇ ਉਸ ਦੀ ਭਗਤੀ ਕਰਨ। (ਇਬ. 10:24, 25) ਇਸ ਤੋਂ ਇਲਾਵਾ, ਮੀਟਿੰਗਾਂ ’ਤੇ ਜਾਣਾ ਇਸ ਤਰ੍ਹਾਂ ਹੈ ਜਿਵੇਂ ਅਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਹੀ ਸੁਆਦ ਖਾਣਾ ਖਾ ਰਹੇ ਹਾਂ। ਜੇ ਅਸੀਂ ਵਿਦਿਆਰਥੀ ਨੂੰ ਮੀਟਿੰਗਾਂ ’ਤੇ ਆਉਣ ਦੀ ਹੱਲਾਸ਼ੇਰੀ ਦੇਵਾਂਗੇ, ਤਾਂ ਅਸੀਂ ਇਕ ਅਹਿਮ ਕਦਮ ਚੁੱਕਣ ਵਿਚ ਉਸ ਦੀ ਮਦਦ ਕਰਾਂਗੇ ਜੋ ਬਪਤਿਸਮਾ ਲੈਣ ਲਈ ਜ਼ਰੂਰੀ ਹੈ। ਪਰ ਹੋ ਸਕਦਾ ਹੈ ਕਿ ਵਿਦਿਆਰਥੀ ਲਈ ਮੀਟਿੰਗਾਂ ’ਤੇ ਜਾਣਾ ਮੁਸ਼ਕਲ ਹੋਵੇ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਦਿਆਰਥੀ ਦੀ ਮਦਦ ਕਿਵੇਂ ਕਰ ਸਕਦੀ ਹੈ? ਆਓ ਆਪਾਂ ਦੇਖੀਏ।

14. ਤੁਸੀਂ ਆਪਣੇ ਵਿਦਿਆਰਥੀ ਨੂੰ ਮੀਟਿੰਗਾਂ ’ਤੇ ਆਉਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ?

14 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 10 ਦੀ ਮਦਦ ਨਾਲ ਤੁਸੀਂ ਆਪਣੇ ਵਿਦਿਆਰਥੀ ਨੂੰ ਮੀਟਿੰਗਾਂ ’ਤੇ ਆਉਣ ਦੀ ਹੱਲਾਸ਼ੇਰੀ ਦੇ ਸਕਦੇ ਹੋ। ਇਸ ਕਿਤਾਬ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਕੁਝ ਤਜਰਬੇਕਾਰ ਭੈਣਾਂ-ਭਰਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਇਸ ਪਾਠ ਵਿੱਚੋਂ ਚਰਚਾ ਕਰਨ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਬਹੁਤ ਵਧੀਆ ਨਤੀਜਾ ਨਿਕਲਿਆ ਅਤੇ ਉਨ੍ਹਾਂ ਦੇ ਵਿਦਿਆਰਥੀ ਮੀਟਿੰਗਾਂ ’ਤੇ ਆਉਣ ਲੱਗੇ। ਪਰ ਤੁਸੀਂ ਪਾਠ 10 ਤਕ ਪਹੁੰਚਣ ਦਾ ਇੰਤਜ਼ਾਰ ਨਾ ਕਰੋ। ਤੁਸੀਂ ਜਿੰਨੀ ਛੇਤੀ ਹੋ ਸਕੇ ਆਪਣੇ ਵਿਦਿਆਰਥੀ ਨੂੰ ਮੀਟਿੰਗਾਂ ’ਤੇ ਬੁਲਾਓ। ਹਰ ਵਿਦਿਆਰਥੀ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ। ਫਿਰ ਵੀ ਜੇ ਤੁਹਾਡਾ ਵਿਦਿਆਰਥੀ ਛੇਤੀ ਮੀਟਿੰਗਾਂ ’ਤੇ ਨਹੀਂ ਆਉਂਦਾ, ਤਾਂ ਨਿਰਾਸ਼ ਨਾ ਹੋਵੋ। ਧੀਰਜ ਰੱਖੋ ਅਤੇ ਉਸ ਨੂੰ ਮੀਟਿੰਗਾਂ ’ਤੇ ਬੁਲਾਉਂਦੇ ਰਹੋ।

ਵਿਦਿਆਰਥੀ ਦਾ ਡਰ ਦੂਰ ਕਰੋ

15. ਤੁਹਾਡੇ ਵਿਦਿਆਰਥੀ ਨੂੰ ਸ਼ਾਇਦ ਕਿਸ ਗੱਲ ਦਾ ਡਰ ਹੋਵੇ?

15 ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਕਿਹੜੀ ਗੱਲੋਂ ਯਹੋਵਾਹ ਦੇ ਗਵਾਹ ਬਣਨ ਤੋਂ ਡਰਦੇ ਸੀ? ਸ਼ਾਇਦ ਤੁਹਾਨੂੰ ਲੱਗਾ ਕਿ ਤੁਸੀਂ ਕਦੇ ਵੀ ਪ੍ਰਚਾਰ ਨਹੀਂ ਕਰ ਪਾਓਗੇ। ਜਾਂ ਤੁਹਾਨੂੰ ਡਰ ਸੀ ਕਿ ਤੁਹਾਡੇ ਦੋਸਤ ਜਾਂ ਘਰਦੇ ਤੁਹਾਡਾ ਵਿਰੋਧ ਕਰਨਗੇ। ਜੇ ਹਾਂ, ਤਾਂ ਤੁਸੀਂ ਆਪਣੇ ਵਿਦਿਆਰਥੀ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ। ਯਿਸੂ ਨੇ ਕਿਹਾ ਸੀ ਕਿ ਕੁਝ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਡਰ ਹੋ ਸਕਦਾ ਹੈ। ਫਿਰ ਵੀ ਉਸ ਨੇ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਡਰ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨੀ ਨਾ ਛੱਡਣ। (ਮੱਤੀ 10:16, 17, 27, 28) ਯਿਸੂ ਨੇ ਆਪਣੇ ਚੇਲਿਆਂ ਦਾ ਡਰ ਕਿਵੇਂ ਦੂਰ ਕੀਤਾ? ਤੁਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹੋ?

16. ਤੁਸੀਂ ਆਪਣੇ ਵਿਦਿਆਰਥੀ ਨੂੰ ਪ੍ਰਚਾਰ ਕਰਨਾ ਕਿਵੇਂ ਸਿਖਾ ਸਕਦੇ ਹੋ?

16 ਆਪਣੇ ਵਿਦਿਆਰਥੀ ਨੂੰ ਪ੍ਰਚਾਰ ਕਰਨਾ ਸਿਖਾਉਂਦੇ ਰਹੋ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ, ਤਾਂ ਉਨ੍ਹਾਂ ਨੂੰ ਜ਼ਰੂਰ ਘਬਰਾਹਟ ਹੋਈ ਹੋਣੀ। ਉਨ੍ਹਾਂ ਦਾ ਡਰ ਦੂਰ ਕਰਨ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੇ ਕਿਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨਾ ਹੈ ਅਤੇ ਕੀ ਕਹਿਣਾ ਹੈ। (ਮੱਤੀ 10:5-7) ਤੁਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹੋ? ਆਪਣੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਹ ਕਿਨ੍ਹਾਂ ਨੂੰ ਪ੍ਰਚਾਰ ਕਰ ਸਕਦਾ ਹੈ। ਉਦਾਹਰਣ ਲਈ, ਉਸ ਨੂੰ ਪੁੱਛੋ ਕਿ ਕੀ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦਾ ਹੈ ਜਿਸ ਨੂੰ ਬਾਈਬਲ ਦੀ ਕੋਈ ਖ਼ਾਸ ਸੱਚਾਈ ਜਾਣ ਕੇ ਫ਼ਾਇਦਾ ਹੋਵੇਗਾ। ਫਿਰ ਤੁਸੀਂ ਆਪਣੇ ਵਿਦਿਆਰਥੀ ਨਾਲ ਤਿਆਰੀ ਕਰ ਸਕਦੇ ਹੋ ਕਿ ਉਹ ਸੌਖੇ ਢੰਗ ਨਾਲ ਇਹ ਸੱਚਾਈ ਕਿਵੇਂ ਦੱਸ ਸਕਦਾ ਹੈ। ਜੇ ਹੋ ਸਕੇ, ਤਾਂ ਤੁਸੀਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿੱਚੋਂ “ਕੁਝ ਲੋਕਾਂ ਦਾ ਕਹਿਣਾ ਹੈ” ਅਤੇ “ਸ਼ਾਇਦ ਕੋਈ ਪੁੱਛੇ” ਭਾਗਾਂ ਵਿੱਚੋਂ ਉਸ ਨਾਲ ਪ੍ਰੈਕਟਿਸ ਕਰ ਸਕਦੇ ਹੋ। ਇਸ ਤਰ੍ਹਾਂ ਕਰਦਿਆਂ ਵਿਦਿਆਰਥੀ ਨੂੰ ਦੱਸੋ ਕਿ ਉਹ ਬਾਈਬਲ ਵਿੱਚੋਂ ਸੋਚ-ਸਮਝ ਕੇ ਸੌਖੇ ਜਵਾਬ ਦੇਵੇ।

17. ਮੱਤੀ 10:19, 20, 29-31 ਮੁਤਾਬਕ ਤੁਸੀਂ ਵਿਦਿਆਰਥੀ ਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਕਿਵੇਂ ਸਿਖਾ ਸਕਦੇ ਹੋ?

17 ਵਿਦਿਆਰਥੀ ਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਸਿਖਾਓ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। (ਮੱਤੀ 10:19, 20, 29-31 ਪੜ੍ਹੋ।) ਆਪਣੇ ਵਿਦਿਆਰਥੀ ਨੂੰ ਯਕੀਨ ਦਿਵਾਓ ਕਿ ਯਹੋਵਾਹ ਉਸ ਦੀ ਵੀ ਮਦਦ ਕਰੇਗਾ। ਉਸ ਨੇ ਜਿਹੜੇ ਵੀ ਟੀਚੇ ਰੱਖੇ ਹਨ, ਉਨ੍ਹਾਂ ਬਾਰੇ ਉਸ ਨਾਲ ਪ੍ਰਾਰਥਨਾ ਕਰੋ। ਇਸ ਤਰ੍ਹਾਂ ਉਹ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖੇਗਾ। ਪੋਲੈਂਡ ਵਿਚ ਰਹਿਣ ਵਾਲਾ ਭਰਾ ਫਰਾਂਚੀਸ਼ੇਕ ਕਹਿੰਦਾ ਹੈ, “ਮੇਰੀ ਸਟੱਡੀ ਕਰਾਉਣ ਵਾਲਾ ਭਰਾ ਪ੍ਰਾਰਥਨਾ ਕਰਦੇ ਸਮੇਂ ਅਕਸਰ ਮੇਰੇ ਟੀਚਿਆਂ ਦਾ ਜ਼ਿਕਰ ਕਰਦਾ ਸੀ। ਜਦੋਂ ਮੈਂ ਦੇਖਿਆ ਕਿ ਯਹੋਵਾਹ ਨੇ ਕਿਵੇਂ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਤਾਂ ਮੈਂ ਵੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰੀ ਨਵੀਂ-ਨਵੀਂ ਨੌਕਰੀ ਲੱਗੀ ਸੀ, ਉਦੋਂ ਮੈਂ ਦੇਖਿਆ ਕਿ ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣੀ। ਉਸ ਵੇਲੇ ਮੈਨੂੰ ਸੰਮੇਲਨ ਅਤੇ ਮੀਟਿੰਗਾਂ ’ਤੇ ਜਾਣ ਲਈ ਛੁੱਟੀਆਂ ਚਾਹੀਦੀਆਂ ਸਨ ਅਤੇ ਮੈਨੂੰ ਛੁੱਟੀਆਂ ਮਿਲ ਗਈਆਂ।”

18. ਯਹੋਵਾਹ ਆਪਣੇ ਸੇਵਕਾਂ ਦੇ ਕੰਮ ਬਾਰੇ ਕੀ ਜਾਣਦਾ ਹੈ?

18 ਯਹੋਵਾਹ ਤੁਹਾਡੇ ਬਾਈਬਲ ਵਿਦਿਆਰਥੀਆਂ ਦੀ ਬਹੁਤ ਪਰਵਾਹ ਕਰਦਾ ਹੈ। ਉਹ ਜਾਣਦਾ ਹੈ ਕਿ ਉਸ ਦੇ ਸੇਵਕ ਦੂਸਰਿਆਂ ਨੂੰ ਉਸ ਬਾਰੇ ਸਿਖਾਉਣ ਲਈ ਬਹੁਤ ਮਿਹਨਤ ਕਰਦੇ ਹਨ। ਇਸ ਲਈ ਉਹ ਆਪਣੇ ਸੇਵਕਾਂ ਨੂੰ ਬਹੁਤ ਪਿਆਰ ਕਰਦਾ ਹੈ। (ਯਸਾ. 52:7) ਜੇ ਤੁਸੀਂ ਹਾਲੇ ਕੋਈ ਬਾਈਬਲ ਸਟੱਡੀ ਨਹੀਂ ਕਰਾ ਰਹੇ, ਤਾਂ ਤੁਸੀਂ ਦੂਸਰੇ ਭੈਣਾਂ-ਭਰਾਵਾਂ ਨਾਲ ਸਟੱਡੀ ’ਤੇ ਜਾ ਸਕਦੇ ਹੋ। ਇੱਦਾਂ ਤੁਸੀਂ ਤਰੱਕੀ ਕਰਨ ਅਤੇ ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹੋ।

ਗੀਤ 53 ਕਰੋ ਪ੍ਰਚਾਰ ਦੀ ਤਿਆਰੀ

^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਲੋਕਾਂ ਦੀ ਆਪਣੇ ਚੇਲੇ ਬਣਨ ਵਿਚ ਕਿਵੇਂ ਮਦਦ ਕੀਤੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ। ਅਸੀਂ ਇਕ ਨਵੀਂ ਕਿਤਾਬ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਦੀਆਂ ਕੁਝ ਖ਼ਾਸ ਗੱਲਾਂ ’ਤੇ ਵੀ ਚਰਚਾ ਕਰਾਂਗੇ। ਇਸ ਕਿਤਾਬ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸਾਡੇ ਬਾਈਬਲ ਵਿਦਿਆਰਥੀ ਤਰੱਕੀ ਕਰ ਕੇ ਬਪਤਿਸਮਾ ਲੈਣ।

^ ਪੈਰਾ 7 ਤੁਸੀਂ ਕੁਝ ਭੈਣਾਂ-ਭਰਾਵਾਂ ਦੇ ਤਜਰਬੇ ਇੱਥੇ ਵੀ ਦੇਖ ਸਕਦੇ ਹੋ: (1) ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਬਾਈਬਲ,” ਫਿਰ “ਬਾਈਬਲ ਮੁਤਾਬਕ ਚੱਲਣ ਦੇ ਫ਼ਾਇਦੇ” ਤੇ ਫਿਰ “‘ਬਾਈਬਲ ਬਦਲਦੀ ਹੈ ਜ਼ਿੰਦਗੀਆਂ’ (ਪਹਿਰਾਬੁਰਜ ਦੇ ਲੜੀਵਾਰ ਲੇਖ) ” ਜਾਂ (2) JW ਲਾਇਬ੍ਰੇਰੀ ਵਿਚ “ਇੰਟਰਵਿਊ ਅਤੇ ਤਜਰਬੇ।”

^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਆਪਣੀ ਪਤਨੀ ਨਾਲ ਇਕ ਨੌਜਵਾਨ ਦੀ ਸਟੱਡੀ ਕਰਾਉਂਦਾ ਹੋਇਆ। ਸਮੇਂ-ਸਮੇਂ ਤੇ ਵੱਖੋ-ਵੱਖਰੇ ਭਰਾ ਸਟੱਡੀ ’ਤੇ ਜਾਂਦੇ ਹਨ।