Skip to content

Skip to table of contents

ਅਧਿਐਨ ਲੇਖ 23

ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ

ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ

“ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।”​—ਜ਼ਬੂ. 145:18.

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

ਖ਼ਾਸ ਗੱਲਾਂ *

1. ਯਹੋਵਾਹ ਦੇ ਸੇਵਕ ਸ਼ਾਇਦ ਕਿਨ੍ਹਾਂ ਕਾਰਨਾਂ ਕਰਕੇ ਇਕੱਲੇ ਮਹਿਸੂਸ ਕਰਨ?

ਅਸੀਂ ਸਾਰੇ ਕਦੇ-ਨਾ-ਕਦੇ ਬਹੁਤ ਇਕੱਲਾ ਮਹਿਸੂਸ ਕਰਦੇ ਹਾਂ। ਕਈ ਭੈਣ-ਭਰਾ ਅਜਿਹੀਆਂ ਭਾਵਨਾਵਾਂ ’ਤੇ ਛੇਤੀ ਕਾਬੂ ਪਾ ਲੈਂਦੇ ਹਨ, ਪਰ ਕਈਆਂ ਨੂੰ ਇਕੱਲਾਪਣ ਬਹੁਤ ਸਤਾਉਂਦਾ ਹੈ। ਉਹ ਸ਼ਾਇਦ ਭੀੜ ਵਿਚ ਵੀ ਇਕੱਲੇ ਮਹਿਸੂਸ ਕਰਨ। ਜਦੋਂ ਕੁਝ ਭੈਣ-ਭਰਾ ਨਵੀਂ ਮੰਡਲੀ ਵਿਚ ਜਾਂਦੇ ਹਨ, ਤਾਂ ਉਨ੍ਹਾਂ ਲਈ ਦੋਸਤ ਬਣਾਉਣੇ ਸੌਖੇ ਨਹੀਂ ਹੁੰਦੇ। ਕਈ ਹੋਰ ਭੈਣ-ਭਰਾ ਅਜਿਹੇ ਪਰਿਵਾਰਾਂ ਤੋਂ ਹਨ ਜੋ ਸਭ ਕੁਝ ਮਿਲ ਕੇ ਕਰਦੇ ਸਨ, ਪਰ ਜਦੋਂ ਉਹ ਆਪਣੇ ਪਰਿਵਾਰ ਤੋਂ ਦੂਰ ਚਲੇ ਗਏ, ਤਾਂ ਉਹ ਇਕੱਲਾ ਮਹਿਸੂਸ ਕਰਦੇ ਹਨ। ਕੁਝ ਭੈਣਾਂ-ਭਰਾਵਾਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਦੀ ਯਾਦ ਬਹੁਤ ਸਤਾਉਂਦੀ ਹੈ। ਹੋਰ ਭੈਣ-ਭਰਾ ਹੁਣੇ-ਹੁਣੇ ਮਸੀਹੀ ਬਣੇ ਹਨ। ਜਦੋਂ ਉਨ੍ਹਾਂ ਦੇ ਘਰਦੇ ਅਤੇ ਦੋਸਤ ਉਨ੍ਹਾਂ ਦਾ ਵਿਰੋਧ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਹੈ।

2. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

2 ਯਹੋਵਾਹ ਸਾਡੇ ਬਾਰੇ ਸਭ ਕੁਝ ਜਾਣਦਾ ਅਤੇ ਉਹ ਸਾਨੂੰ ਸਮਝਦਾ ਵੀ ਹੈ। ਇਸ ਲਈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਕੋਈ ਨਹੀਂ ਹੈ, ਤਾਂ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਸਾਡੇ ’ਤੇ ਕੀ ਬੀਤ ਰਹੀ ਹੈ। ਨਾਲੇ ਉਹ ਸਾਡੀ ਮਦਦ ਵੀ ਕਰਨੀ ਚਾਹੁੰਦਾ ਹੈ। ਪਰ ਆਓ ਆਪਾਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ: ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ? ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ? ਨਾਲੇ ਅਸੀਂ ਮੰਡਲੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਇਕੱਲੇ ਮਹਿਸੂਸ ਕਰਦੇ ਹਨ?

ਯਹੋਵਾਹ ਨੂੰ ਆਪਣੇ ਸੇਵਕਾਂ ਦੀ ਪਰਵਾਹ ਹੈ

ਯਹੋਵਾਹ ਨੇ ਆਪਣਾ ਦੂਤ ਭੇਜ ਕੇ ਏਲੀਯਾਹ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ (ਪੈਰਾ 3 ਦੇਖੋ)

3. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਏਲੀਯਾਹ ਦੀ ਪਰਵਾਹ ਸੀ?

3 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਖ਼ੁਸ਼ ਰਹਿਣ। ਉਹ ਉਨ੍ਹਾਂ ਦੇ ਨੇੜੇ ਰਹਿੰਦਾ ਹੈ ਅਤੇ ਜਿਹੜੇ ਦੁਖੀ ਤੇ ਨਿਰਾਸ਼ ਹਨ, ਉਹ ਉਨ੍ਹਾਂ ਵੱਲ ਧਿਆਨ ਦਿੰਦਾ ਹੈ। (ਜ਼ਬੂ. 145:18, 19) ਜ਼ਰਾ ਸੋਚੋ ਕਿ ਯਹੋਵਾਹ ਨੂੰ ਏਲੀਯਾਹ ਦਾ ਕਿੰਨਾ ਫ਼ਿਕਰ ਸੀ ਅਤੇ ਉਸ ਨੇ ਉਸ ਦੀ ਕਿਵੇਂ ਮਦਦ ਕੀਤੀ। ਇਹ ਵਫ਼ਾਦਾਰ ਆਦਮੀ ਬਹੁਤ ਹੀ ਔਖੇ ਸਮਿਆਂ ਵਿਚ ਰਹਿ ਰਿਹਾ ਸੀ। ਇਜ਼ਰਾਈਲ ਦੇ ਤਾਕਤਵਰ ਲੋਕ ਯਹੋਵਾਹ ਦੇ ਸੇਵਕਾਂ ਨੂੰ ਬੁਰੀ ਤਰ੍ਹਾਂ ਸਤਾ ਰਹੇ ਸਨ ਅਤੇ ਉਹ ਖ਼ਾਸ ਕਰਕੇ ਏਲੀਯਾਹ ਨੂੰ ਮਾਰਨਾ ਚਾਹੁੰਦੇ ਸਨ। (1 ਰਾਜ. 19:1, 2) ਏਲੀਯਾਹ ਨੂੰ ਲੱਗ ਰਿਹਾ ਸੀ ਕਿ ਇਜ਼ਰਾਈਲ ਵਿਚ ਉਹੀ ਇਕੱਲਾ ਨਬੀ ਰਹਿ ਗਿਆ ਹੈ ਅਤੇ ਸ਼ਾਇਦ ਇਸ ਗੱਲ ਕਰਕੇ ਉਹ ਹੋਰ ਵੀ ਜ਼ਿਆਦਾ ਨਿਰਾਸ਼ ਹੋ ਗਿਆ ਹੋਣਾ। (1 ਰਾਜ. 19:10) ਯਹੋਵਾਹ ਨੇ ਉਸ ਦੀ ਮਦਦ ਕਰਨ ਲਈ ਛੇਤੀ-ਛੇਤੀ ਕਦਮ ਚੁੱਕਿਆ। ਉਸ ਨੇ ਆਪਣੇ ਇਕ ਦੂਤ ਨੂੰ ਭੇਜ ਕੇ ਏਲੀਯਾਹ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਹੈ। ਦੂਤ ਨੇ ਉਸ ਨੂੰ ਦੱਸਿਆ ਕਿ ਹਾਲੇ ਵੀ ਬਹੁਤ ਸਾਰੇ ਇਜ਼ਰਾਈਲੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।​—1 ਰਾਜ. 19:5, 18.

4. ਮਰਕੁਸ 10:29, 30 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਦੇ ਘਰਦੇ ਅਤੇ ਦੋਸਤ ਸਾਥ ਛੱਡ ਦਿੰਦੇ ਹਨ?

4 ਯਹੋਵਾਹ ਜਾਣਦਾ ਹੈ ਕਿ ਜਦੋਂ ਅਸੀਂ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਤਿਆਗ ਕਰਨੇ ਪੈਂਦੇ ਹਨ। ਹੋ ਸਕਦਾ ਹੈ ਕਿ ਸਾਨੂੰ ਘਰਦਿਆਂ ਅਤੇ ਦੋਸਤਾਂ ਦਾ ਸਾਥ ਨਾ ਮਿਲੇ ਜੋ ਯਹੋਵਾਹ ਨੂੰ ਨਹੀਂ ਮੰਨਦੇ। ਪਤਰਸ ਵੀ ਇਸ ਗੱਲ ਨੂੰ ਸਮਝਦਾ ਸੀ, ਇਸ ਲਈ ਉਸ ਨੇ ਇਕ ਵਾਰ ਯਿਸੂ ਨੂੰ ਪੁੱਛਿਆ, “ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ; ਫਿਰ ਸਾਨੂੰ ਕੀ ਮਿਲੂ?” (ਮੱਤੀ 19:27) ਯਿਸੂ ਨੇ ਵਾਅਦਾ ਕੀਤਾ ਕਿ ਉਸ ਦੇ ਚੇਲਿਆਂ ਨੂੰ ਇਕ ਵੱਡਾ ਪਰਿਵਾਰ ਮਿਲੇਗਾ। ਮੰਡਲੀ ਦੇ ਭੈਣ-ਭਰਾ ਉਨ੍ਹਾਂ ਦਾ ਪਰਿਵਾਰ ਹੋਣਗੇ। (ਮਰਕੁਸ 10:29, 30 ਪੜ੍ਹੋ।) ਨਾਲੇ ਸਾਡਾ ਸਵਰਗੀ ਪਿਤਾ ਯਹੋਵਾਹ ਵਾਅਦਾ ਕਰਦਾ ਹੈ ਕਿ ਜੋ ਉਸ ਦੀ ਸੇਵਾ ਕਰਦੇ ਹਨ, ਉਹ ਉਨ੍ਹਾਂ ਨੂੰ ਕਦੀ ਨਹੀਂ ਤਿਆਗੇਗਾ। (ਜ਼ਬੂ. 9:10) ਆਓ ਦੇਖੀਏ ਕਿ ਇਕੱਲੇਪਣ ਦੀ ਭਾਵਨਾ ਨਾਲ ਲੜਨ ਲਈ ਤੁਸੀਂ ਕੀ ਕਰ ਸਕਦੇ ਹੋ।

ਇਕੱਲੇ ਮਹਿਸੂਸ ਕਰਨ ’ਤੇ ਤੁਸੀਂ ਕੀ ਕਰ ਸਕਦੇ ਹੋ?

5. ਯਹੋਵਾਹ ਤੁਹਾਨੂੰ ਕਿਵੇਂ ਸੰਭਾਲ ਰਿਹਾ ਹੈ, ਇਸ ਗੱਲ ’ਤੇ ਸੋਚ-ਵਿਚਾਰ ਕਰਨਾ ਕਿਉਂ ਫ਼ਾਇਦੇਮੰਦ ਹੈ?

5 ਸੋਚ-ਵਿਚਾਰ ਕਰੋ ਕਿ ਯਹੋਵਾਹ ਤੁਹਾਨੂੰ ਕਿਵੇਂ ਸੰਭਾਲ ਰਿਹਾ ਹੈ। (ਜ਼ਬੂ. 55:22) ਇੱਦਾਂ ਕਰਨ ਨਾਲ ਤੁਹਾਨੂੰ ਯਕੀਨ ਹੋਵੇਗਾ ਕਿ ਤੁਸੀਂ ਇਕੱਲੇ ਨਹੀਂ ਹੋ। ਕੈਰਲ * ਨਾਂ ਦੀ ਕੁਆਰੀ ਭੈਣ ਦੀ ਗੱਲ ’ਤੇ ਧਿਆਨ ਦਿਓ ਜੋ ਸੱਚਾਈ ਵਿਚ ਇਕੱਲੀ ਹੈ। ਉਹ ਦੱਸਦੀ ਹੈ: “ਜਦੋਂ ਮੈਂ ਸੋਚ-ਵਿਚਾਰ ਕਰਦੀ ਹਾਂ ਕਿ ਯਹੋਵਾਹ ਨੇ ਮੁਸ਼ਕਲਾਂ ਸਹਿਣ ਵਿਚ ਕਿਵੇਂ ਮੇਰੀ ਮਦਦ ਕੀਤੀ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਕੱਲੀ ਨਹੀਂ ਹਾਂ। ਯਹੋਵਾਹ ਨੇ ਮੈਨੂੰ ਉਦੋਂ ਵੀ ਸੰਭਾਲਿਆ ਸੀ ਅਤੇ ਉਹ ਮੈਨੂੰ ਅੱਗੇ ਵੀ ਸੰਭਾਲੇਗਾ।”

6. ਇਕੱਲੇ ਮਹਿਸੂਸ ਕਰ ਰਹੇ ਭੈਣਾਂ-ਭਰਾਵਾਂ ਨੂੰ 1 ਪਤਰਸ 5:9, 10 ਤੋਂ ਕਿਵੇਂ ਹੌਸਲਾ ਮਿਲ ਸਕਦਾ ਹੈ?

6 ਸੋਚੋ ਕਿ ਯਹੋਵਾਹ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਰਿਹਾ ਹੈ ਜੋ ਇਕੱਲੇ ਮਹਿਸੂਸ ਕਰਦੇ ਹਨ। (1 ਪਤਰਸ 5:9, 10 ਪੜ੍ਹੋ।) ਹੀਰੋਸ਼ੀ ਨਾਂ ਦਾ ਭਰਾ ਕਈ ਸਾਲਾਂ ਤੋਂ ਸੱਚਾਈ ਵਿਚ ਇਕੱਲਾ ਹੈ। ਉਹ ਕਹਿੰਦਾ ਹੈ: “ਮੰਡਲੀ ਵਿਚ ਹਰੇਕ ਭੈਣ ਜਾਂ ਭਰਾ ਦੀ ਜ਼ਿੰਦਗੀ ਵਿਚ ਕੋਈ-ਨਾ-ਕੋਈ ਮੁਸ਼ਕਲ ਹੈ, ਫਿਰ ਵੀ ਉਹ ਸਾਰੇ ਜਣੇ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਗੱਲ ਤੋਂ ਮੇਰੇ ਵਰਗੇ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਦਾ ਹੈ ਜੋ ਸੱਚਾਈ ਵਿਚ ਇਕੱਲੇ ਹਨ।”

7. ਪ੍ਰਾਰਥਨਾ ਕਰਨ ਨਾਲ ਤੁਹਾਡੀ ਕਿਵੇਂ ਮਦਦ ਹੁੰਦੀ ਹੈ?

7 ਲਗਾਤਾਰ ਪ੍ਰਾਰਥਨਾ ਕਰੋ, ਬਾਈਬਲ ਪੜ੍ਹੋ ਅਤੇ ਮੀਟਿੰਗਾਂ ’ਤੇ ਹਾਜ਼ਰ ਹੋਵੋ। ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰੋ। (1 ਪਤ. 5:7) ਮਾਸੀਏਲ ਨਾਂ ਦੀ ਜਵਾਨ ਭੈਣ ਨੇ ਜਦੋਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ, ਤਾਂ ਉਸ ਨੂੰ ਲੱਗਾ ਕਿ ਉਹ ਇਕੱਲੀ ਰਹਿ ਗਈ ਹੈ ਕਿਉਂਕਿ ਉਸ ਦੇ ਘਰਦੇ ਸੱਚਾਈ ਵਿਚ ਨਹੀਂ ਸਨ। ਉਹ ਦੱਸਦੀ ਹੈ: “ਇਕੱਲੇਪਣ ਨਾਲ ਲੜਨ ਵਿਚ ਪ੍ਰਾਰਥਨਾ ਨੇ ਮੇਰੀ ਬਹੁਤ ਮਦਦ ਕੀਤੀ। ਸੱਚ-ਮੁੱਚ, ਯਹੋਵਾਹ ਮੇਰੇ ਲਈ ਇਕ ਪਿਤਾ ਵਾਂਗ ਸੀ। ਮੈਂ ਉਸ ਨੂੰ ਹਰ ਰੋਜ਼ ਪ੍ਰਾਰਥਨਾ ਕਰਦੀ ਸੀ। ਮੈਂ ਦਿਨ ਵਿਚ ਕਈ-ਕਈ ਵਾਰ ਉਸ ਨੂੰ ਪ੍ਰਾਰਥਨਾ ਕਰਦੀ ਸੀ ਅਤੇ ਦੱਸਦੀ ਸੀ ਕਿ ਮੈਨੂੰ ਕਿਵੇਂ ਲੱਗ ਰਿਹਾ ਹੈ।”

ਬਾਈਬਲ ਅਤੇ ਦੂਸਰੇ ਪ੍ਰਕਾਸ਼ਨਾਂ ਦੀ ਆਡੀਓ ਰਿਕਾਰਡਿੰਗ ਸੁਣਨ ਨਾਲ ਕੁਝ ਭੈਣਾਂ-ਭਰਾਵਾਂ ਦਾ ਇਕੱਲਾਪਣ ਦੂਰ ਹੋ ਸਕਦਾ ਹੈ (ਪੈਰਾ 8 ਦੇਖੋ) *

8. ਬਾਈਬਲ ਪੜ੍ਹਨ ਅਤੇ ਸੋਚ-ਵਿਚਾਰ ਕਰਨ ਨਾਲ ਤੁਹਾਡੀ ਕਿਵੇਂ ਮਦਦ ਹੁੰਦੀ ਹੈ?

8 ਹਰ ਰੋਜ਼ ਬਾਈਬਲ ਪੜ੍ਹੋ ਅਤੇ ਉਨ੍ਹਾਂ ਬਿਰਤਾਂਤਾਂ ’ਤੇ ਸੋਚ-ਵਿਚਾਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਬਿਆਂਕਾ ਨਾਂ ਦੀ ਭੈਣ ਨੂੰ ਸੱਚਾਈ ਕਰਕੇ ਆਪਣੇ ਘਰਦਿਆਂ ਦੇ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ। ਉਹ ਕਹਿੰਦੀ ਹੈ: “ਬਾਈਬਲ ਦੇ ਬਿਰਤਾਂਤਾਂ ਅਤੇ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹਨ ਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰਨ ਨਾਲ ਮੇਰੀ ਬਹੁਤ ਮਦਦ ਹੁੰਦੀ ਹੈ ਜਿਨ੍ਹਾਂ ਦੇ ਹਾਲਾਤ ਮੇਰੇ ਵਰਗੇ ਸਨ।” ਕੁਝ ਭੈਣ-ਭਰਾ ਦਿਲਾਸਾ ਦੇਣ ਵਾਲੀਆਂ ਆਇਤਾਂ ਨੂੰ ਮੂੰਹ-ਜ਼ਬਾਨੀ ਯਾਦ ਕਰ ਲੈਂਦੇ, ਜਿਵੇਂ ਕਿ ਜ਼ਬੂਰ 27:10 ਅਤੇ ਯਸਾਯਾਹ 41:10. ਕਈ ਹੋਰ ਭੈਣ-ਭਰਾ ਮੀਟਿੰਗਾਂ ਦੀ ਤਿਆਰੀ ਕਰਦੇ ਵੇਲੇ ਜਾਂ ਬਾਈਬਲ ਪੜ੍ਹਦੇ ਵੇਲੇ ਆਡੀਓ ਰਿਕਾਰਡਿੰਗ ਸੁਣਦੇ ਹਨ। ਇੱਦਾਂ ਕਰ ਕੇ ਉਨ੍ਹਾਂ ਦਾ ਇਕੱਲਾਪਣ ਕੁਝ ਹੱਦ ਤਕ ਦੂਰ ਹੁੰਦਾ ਹੈ।

9. ਮੀਟਿੰਗਾਂ ਵਿਚ ਹਾਜ਼ਰ ਹੋਣ ਨਾਲ ਤੁਹਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

9 ਲਗਾਤਾਰ ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡਾ ਹੌਸਲਾ ਵਧੇਗਾ ਅਤੇ ਤੁਸੀਂ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣ ਪਾਓਗੇ। (ਇਬ. 10:24, 25) ਮਾਸੀਏਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਭਾਵੇਂ ਕਿ ਮੈਂ ਬਹੁਤ ਸ਼ਰਮੀਲੀ ਸੀ, ਫਿਰ ਵੀ ਮੈਂ ਠਾਣ ਲਿਆ ਸੀ ਕਿ ਮੈਂ ਹਰ ਮੀਟਿੰਗ ’ਤੇ ਜਾਵਾਂਗੀ ਅਤੇ ਜਵਾਬ ਵੀ ਦੇਵਾਂਗੀ। ਇੱਦਾਂ ਕਰ ਕੇ ਮੈਨੂੰ ਲੱਗਣ ਲੱਗਾ ਕਿ ਮੰਡਲੀ ਦੇ ਭੈਣ-ਭਰਾ ਮੇਰੇ ਆਪਣੇ ਹਨ।”

10. ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਗੂੜ੍ਹੀ ਕਰਨੀ ਕਿਉਂ ਜ਼ਰੂਰੀ ਹੈ?

10 ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ। ਮੰਡਲੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ ਜਿਨ੍ਹਾਂ ਤੋਂ ਤੁਸੀਂ ਕੁਝ ਸਿੱਖ ਸਕਦੇ ਹੋ, ਫਿਰ ਚਾਹੇ ਉਨ੍ਹਾਂ ਦੀ ਉਮਰ ਤੇ ਪਿਛੋਕੜ ਤੁਹਾਡੇ ਤੋਂ ਵੱਖਰਾ ਹੀ ਕਿਉਂ ਨਾ ਹੋਵੇ। ਬਾਈਬਲ ਦੱਸਦੀ ਹੈ: ‘ਬੁੱਧ ਸਿਆਣੀ ਉਮਰ ਵਾਲਿਆਂ ਵਿਚ ਪਾਈ ਜਾਂਦੀ ਹੈ।’ (ਅੱਯੂ. 12:12) ਸਿਆਣੀ ਉਮਰ ਦੇ ਭੈਣ-ਭਰਾ ਆਪਣੇ ਤੋਂ ਛੋਟੀ ਉਮਰ ਦੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਦਾਊਦ ਅਤੇ ਯੋਨਾਥਾਨ ਦੀ ਉਮਰ ਵਿਚ ਕਾਫ਼ੀ ਫ਼ਰਕ ਸੀ, ਫਿਰ ਵੀ ਉਨ੍ਹਾਂ ਵਿਚ ਗੂੜ੍ਹੀ ਦੋਸਤੀ ਸੀ। (1 ਸਮੂ. 18:1) ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਪਰ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਇਕ-ਦੂਜੇ ਦੀ ਮਦਦ ਕੀਤੀ। (1 ਸਮੂ. 23:16-18) ਅਰੀਨਾ ਨਾਂ ਦੀ ਭੈਣ, ਜੋ ਸੱਚਾਈ ਵਿਚ ਇਕੱਲੀ ਹੈ, ਕਹਿੰਦੀ ਹੈ, “ਮੰਡਲੀ ਦੇ ਭੈਣ-ਭਰਾ ਸਾਡੇ ਮਾਤਾ-ਪਿਤਾ ਅਤੇ ਭੈਣਾਂ-ਭਰਾਵਾਂ ਵਰਗੇ ਬਣ ਸਕਦੇ ਹਨ। ਯਹੋਵਾਹ ਉਨ੍ਹਾਂ ਰਾਹੀਂ ਸਾਨੂੰ ਪਰਿਵਾਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ।”

11. ਚੰਗੇ ਦੋਸਤ ਬਣਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

11 ਨਵੇਂ ਦੋਸਤ ਬਣਾਉਣੇ ਸੌਖੇ ਨਹੀਂ ਹੁੰਦੇ, ਖ਼ਾਸਕਰ ਜੇ ਤੁਸੀਂ ਸ਼ਰਮੀਲੇ ਹੋ। ਰਤਨਾ ਨਾਂ ਦੀ ਭੈਣ ਵੀ ਸ਼ਰਮੀਲੀ ਸੀ। ਉਸ ਨੇ ਵਿਰੋਧ ਦੇ ਬਾਵਜੂਦ ਸੱਚਾਈ ਸਿੱਖੀ। ਉਹ ਦੱਸਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਅਤੇ ਸਹਾਰੇ ਦੀ ਲੋੜ ਸੀ।” ਇਹ ਸੱਚ ਹੈ ਕਿ ਕਿਸੇ ਭੈਣ ਜਾਂ ਭਰਾ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਸੌਖੀਆਂ ਨਹੀਂ ਹੁੰਦੀਆਂ, ਪਰ ਜਦੋਂ ਤੁਸੀਂ ਦੱਸਦੇ ਹੋ, ਤਾਂ ਉਹ ਭੈਣ ਜਾਂ ਭਰਾ ਤੁਹਾਡਾ ਚੰਗਾ ਦੋਸਤ ਬਣ ਸਕਦਾ ਹੈ। ਤੁਹਾਡੇ ਦੋਸਤ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਅਤੇ ਤੁਹਾਡਾ ਹੌਸਲਾ ਵਧਾਉਣਾ ਚਾਹੁੰਦੇ ਹਨ, ਪਰ ਉਹ ਉਦੋਂ ਤਕ ਤੁਹਾਡੀ ਮਦਦ ਨਹੀਂ ਕਰ ਸਕਣਗੇ ਜਦ ਤਕ ਤੁਸੀਂ ਆਪਣੀ ਮੁਸ਼ਕਲ ਉਨ੍ਹਾਂ ਨੂੰ ਨਹੀਂ ਦੱਸਦੇ।

12. ਪ੍ਰਚਾਰ ਦੀ ਮਦਦ ਨਾਲ ਤੁਸੀਂ ਵਧੀਆ ਦੋਸਤ ਕਿਵੇਂ ਬਣਾ ਸਕਦੇ ਹੋ?

12 ਦੋਸਤ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨਾ। ਕੈਰਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਮੈਂ ਅਲੱਗ-ਅਲੱਗ ਭੈਣਾਂ ਨਾਲ ਪ੍ਰਚਾਰ ਕੀਤਾ ਅਤੇ ਯਹੋਵਾਹ ਦੀ ਸੇਵਾ ਵਿਚ ਹੋਰ ਕੰਮ ਕੀਤੇ। ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਮੇਰੀਆਂ ਸਹੇਲੀਆਂ ਬਣ ਗਈਆਂ। ਯਹੋਵਾਹ ਨੇ ਇਨ੍ਹਾਂ ਦੋਸਤਾਂ ਰਾਹੀਂ ਹਮੇਸ਼ਾ ਮੈਨੂੰ ਸੰਭਾਲਿਆ ਹੈ।” ਵਫ਼ਾਦਾਰ ਮਸੀਹੀਆਂ ਨਾਲ ਦੋਸਤੀ ਕਰਨ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ। ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ ਅਤੇ ਇਕੱਲੇ ਮਹਿਸੂਸ ਕਰਦੇ ਹੋ, ਤਾਂ ਯਹੋਵਾਹ ਇਨ੍ਹਾਂ ਦੋਸਤਾਂ ਰਾਹੀਂ ਤੁਹਾਡਾ ਹੌਸਲਾ ਵਧਾਉਂਦਾ ਹੈ।​—ਕਹਾ. 17:17.

ਦੂਸਰਿਆਂ ਨੂੰ ਅਹਿਸਾਸ ਕਰਾਓ ਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ

13. ਮੰਡਲੀ ਵਿਚ ਸਾਡਾ ਸਾਰਿਆਂ ਦਾ ਕੀ ਫ਼ਰਜ਼ ਬਣਦਾ ਹੈ?

13 ਮੰਡਲੀ ਵਿਚ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਾਂਤੀ ਅਤੇ ਪਿਆਰ ਭਰਿਆ ਮਾਹੌਲ ਬਣਾਈ ਰੱਖੀਏ ਤਾਂਕਿ ਕਿਸੇ ਨੂੰ ਇਹ ਨਾ ਲੱਗੇ ਕਿ ਉਹ ਬਿਲਕੁਲ ਇਕੱਲਾ ਹੈ। (ਯੂਹੰ. 13:35) ਅਸੀਂ ਜੋ ਕਹਿੰਦੇ ਜਾਂ ਕਰਦੇ ਹਾਂ, ਉਸ ਨਾਲ ਦੂਸਰਿਆਂ ਦਾ ਹੌਸਲਾ ਵਧਦਾ ਹੈ। ਇਕ ਭੈਣ ਦੱਸਦੀ ਹੈ, “ਜਦੋਂ ਮੈਂ ਸੱਚਾਈ ਸਿੱਖੀ, ਤਾਂ ਮੰਡਲੀ ਦੇ ਭੈਣ ਭਰਾ ਮੇਰਾ ਪਰਿਵਾਰ ਬਣ ਗਏ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਮਦਦ ਤੋਂ ਬਿਨਾਂ ਮੈਂ ਯਹੋਵਾਹ ਦੀ ਗਵਾਹ ਬਣ ਸਕਦੀ ਸੀ।” ਜੇ ਤੁਹਾਡੀ ਮੰਡਲੀ ਵਿਚ ਕੋਈ ਸੱਚਾਈ ਵਿਚ ਇਕੱਲਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਉਸ ਨੂੰ ਅਹਿਸਾਸ ਹੋਵੇ ਕਿ ਮੰਡਲੀ ਦੇ ਸਾਰੇ ਭੈਣ-ਭਰਾ ਉਸ ਨੂੰ ਪਿਆਰ ਕਰਦੇ ਹਨ?

14. ਨਵੇਂ ਲੋਕਾਂ ਨਾਲ ਦੋਸਤੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

14 ਨਵੇਂ ਲੋਕਾਂ ਨਾਲ ਦੋਸਤੀ ਕਰੋ। ਜਦੋਂ ਉਹ ਮੀਟਿੰਗਾਂ ਵਿਚ ਆਉਂਦੇ ਹਨ, ਤਾਂ ਪਿਆਰ ਨਾਲ ਉਨ੍ਹਾਂ ਦਾ ਸੁਆਗਤ ਕਰੋ। (ਰੋਮੀ. 15:7) ਪਰ ਸਿਰਫ਼ ਨਮਸਤੇ ਕਹਿਣ ਜਾਂ ਹਾਲ-ਚਾਲ ਪੁੱਛਣ ਦੀ ਬਜਾਇ ਉਨ੍ਹਾਂ ਵਿਚ ਸੱਚੀ ਦਿਲਚਸਪੀ ਲਓ ਅਤੇ ਉਨ੍ਹਾਂ ਦੇ ਚੰਗੇ ਦੋਸਤ ਬਣਨ ਦੀ ਕੋਸ਼ਿਸ਼ ਕਰੋ। ਧਿਆਨ ਰੱਖੋ ਕਿ ਉਨ੍ਹਾਂ ਨੂੰ ਜਾਣਨ ਲਈ ਤੁਸੀਂ ਅਜਿਹੇ ਸਵਾਲ ਨਾ ਪੁੱਛੋ ਜਿਸ ਨਾਲ ਉਹ ਸ਼ਰਮਿੰਦੇ ਹੋਣ। ਨਾਲੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ। ਕੁਝ ਲੋਕਾਂ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਔਖੀਆਂ ਹੁੰਦੀਆਂ ਹਨ, ਇਸ ਲਈ ਉਨ੍ਹਾਂ ’ਤੇ ਜ਼ੋਰ ਨਾ ਪਾਓ ਕਿ ਉਹ ਤੁਹਾਡੇ ਨਾਲ ਗੱਲਾਂ ਕਰਨ। ਸੋਚ-ਸਮਝ ਕੇ ਉਨ੍ਹਾਂ ਨੂੰ ਸਵਾਲ ਪੁੱਛੋ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਨ੍ਹਾਂ ਨੂੰ ਸੱਚਾਈ ਕਿਵੇਂ ਮਿਲੀ। ਫਿਰ ਜਦੋਂ ਉਹ ਦੱਸਦੇ ਹਨ, ਤਾਂ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋ।

15. ਤਜਰਬੇਕਾਰ ਭੈਣ-ਭਰਾ ਮੰਡਲੀ ਵਿਚ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

15 ਜਦੋਂ ਬਜ਼ੁਰਗ ਅਤੇ ਤਜਰਬੇਕਾਰ ਭੈਣ-ਭਰਾ ਮੰਡਲੀ ਵਿਚ ਸਾਰਿਆਂ ਦੀ ਪਰਵਾਹ ਕਰਦੇ ਹਨ, ਤਾਂ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ। ਮੈਲਿਸਾ ਦੀ ਮਿਸਾਲ ’ਤੇ ਗੌਰ ਕਰੋ। ਉਸ ਦੀ ਮੰਮੀ ਨੇ ਇਕੱਲਿਆਂ ਸੱਚਾਈ ਵਿਚ ਉਸ ਦੀ ਪਰਵਰਿਸ਼ ਕੀਤੀ। ਉਹ ਦੱਸਦੀ ਹੈ: “ਮੰਡਲੀ ਦੇ ਭਰਾ ਮੇਰੇ ਲਈ ਪਿਤਾ ਵਾਂਗ ਸਨ। ਜਦੋਂ ਵੀ ਮੈਨੂੰ ਉਨ੍ਹਾਂ ਦੀ ਲੋੜ ਹੁੰਦੀ ਸੀ, ਤਾਂ ਉਹ ਮੇਰੇ ਲਈ ਸਮਾਂ ਕੱਢਦੇ ਸਨ ਅਤੇ ਮੇਰੀ ਗੱਲ ਧਿਆਨ ਨਾਲ ਸੁਣਦੇ ਸੀ। ਮੈਂ ਉਨ੍ਹਾਂ ਦੀ ਬਹੁਤ ਅਹਿਸਾਨਮੰਦ ਹਾਂ।” ਮੌਰਿਸੀਓ ਨਾਂ ਦੇ ਜਵਾਨ ਭਰਾ ਦੀ ਮਿਸਾਲ ਵੱਲ ਧਿਆਨ ਦਿਓ। ਜਦੋਂ ਉਸ ਨੂੰ ਬਾਈਬਲ ਸਟੱਡੀ ਕਰਾਉਣ ਵਾਲਾ ਭਰਾ ਸੱਚਾਈ ਛੱਡ ਕੇ ਚਲਾ ਗਿਆ, ਤਾਂ ਉਸ ਨੂੰ ਬਹੁਤ ਦੁੱਖ ਲੱਗਾ। ਉਹ ਬਹੁਤ ਇਕੱਲਾ ਮਹਿਸੂਸ ਕਰਨ ਲੱਗਾ। ਉਹ ਕਹਿੰਦਾ ਹੈ: “ਇਸ ਸਮੇਂ ਦੌਰਾਨ ਬਜ਼ੁਰਗਾਂ ਨੇ ਮੈਨੂੰ ਬਹੁਤ ਸੰਭਾਲਿਆ। ਉਹ ਅਕਸਰ ਮੇਰੇ ਨਾਲ ਗੱਲ ਕਰਦੇ ਸਨ, ਮੇਰੇ ਨਾਲ ਪ੍ਰਚਾਰ ’ਤੇ ਜਾਂਦੇ ਸਨ, ਆਪਣੇ ਬਾਈਬਲ ਅਧਿਐਨ ਤੋਂ ਸਿੱਖੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਦੇ ਸਨ ਅਤੇ ਮੇਰੇ ਨਾਲ ਖੇਡਦੇ ਵੀ ਸਨ।” ਅੱਜ ਮੈਲਿਸਾ ਅਤੇ ਮੌਰਿਸੀਓ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ।

ਜੇ ਤੁਹਾਡੀ ਮੰਡਲੀ ਵਿਚ ਕੋਈ ਇਕੱਲਾ ਮਹਿਸੂਸ ਕਰਦਾ ਹੈ, ਤਾਂ ਉਸ ਨਾਲ ਸਮਾਂ ਬਿਤਾਓ। ਇਸ ਨਾਲ ਉਸ ਨੂੰ ਚੰਗਾ ਲੱਗੇਗਾ (ਪੈਰੇ 16-19 ਦੇਖੋ) *

16-17. ਤੁਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਦੂਸਰਿਆਂ ਦੀ ਮਦਦ ਕਰ ਸਕਦੇ ਹੋ?

16 ਹੋਰ ਤਰੀਕਿਆਂ ਨਾਲ ਮਦਦ ਕਰੋ। (ਗਲਾ. 6:10) ਲਿਓ ਨਾ ਦਾ ਇਕ ਭਰਾ ਆਪਣੇ ਘਰ ਤੋਂ ਦੂਰ ਇਕ ਦੇਸ਼ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਿਹਾ ਹੈ। ਉਹ ਦੱਸਦਾ ਹੈ: “ਕਦੇ-ਕਦੇ ਦੂਸਰਿਆਂ ਦੀ ਮਦਦ ਕਰਨ ਲਈ ਸਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਜੇ ਅਸੀਂ ਸਹੀ ਸਮੇਂ ਤੇ ਮਾੜੀ-ਮੋਟੀ ਵੀ ਮਦਦ ਕਰਦੇ ਹਾਂ, ਤਾਂ ਉਸ ਨਾਲ ਬਹੁਤ ਫ਼ਰਕ ਪੈਂਦਾ ਹੈ। ਮੈਨੂੰ ਯਾਦ ਹੈ ਕਿ ਇਕ ਵਾਰ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਜਦੋਂ ਮੈਂ ਘਰ ਵਾਪਸ ਆਇਆ, ਤਾਂ ਮੈਂ ਬਹੁਤ ਪਰੇਸ਼ਾਨ ਅਤੇ ਥੱਕਿਆ ਹੋਇਆ ਸੀ। ਪਰ ਉਦੋਂ ਹੀ ਇਕ ਜੋੜੇ ਨੇ ਮੈਨੂੰ ਆਪਣੇ ਘਰ ਖਾਣੇ ’ਤੇ ਬੁਲਾਇਆ। ਉਸ ਵੇਲੇ ਅਸੀਂ ਕੀ ਖਾਧਾ ਉਹ ਤਾਂ ਮੈਨੂੰ ਯਾਦ ਨਹੀਂ, ਪਰ ਇੰਨਾ ਜ਼ਰੂਰ ਯਾਦ ਹੈ ਕਿ ਉਨ੍ਹਾਂ ਨੇ ਪਿਆਰ ਨਾਲ ਮੇਰੀ ਗੱਲ ਸੁਣੀ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੇਰੇ ਮਨ ਦਾ ਬੋਝ ਕਿੰਨਾ ਹਲਕਾ ਹੋ ਗਿਆ!”

17 ਸਾਨੂੰ ਸਾਰਿਆਂ ਨੂੰ ਸੰਮੇਲਨਾਂ ਵਿਚ ਜਾ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਉਸ ਵੇਲੇ ਅਸੀਂ ਭੈਣਾਂ-ਭਰਾਵਾਂ ਨਾਲ ਹੁੰਦੇ ਹਾਂ ਅਤੇ ਪ੍ਰੋਗ੍ਰਾਮ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਾਂ। ਕੈਰਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ, “ਸੰਮੇਲਨਾਂ ਵਿਚ ਹਾਜ਼ਰ ਹੋਣਾ ਮੇਰੇ ਲਈ ਬਹੁਤ ਔਖਾ ਹੈ। ਭਾਵੇਂ ਇਨ੍ਹਾਂ ਮੌਕਿਆਂ ਤੇ ਬਹੁਤ ਸਾਰੇ ਭੈਣ-ਭਰਾ ਹਾਜ਼ਰ ਹੁੰਦੇ ਹਨ, ਪਰ ਉਹ ਆਪੋ-ਆਪਣੇ ਪਰਿਵਾਰਾਂ ਨਾਲ ਹੁੰਦੇ ਹਨ। ਉਨ੍ਹਾਂ ਨੂੰ ਇਕੱਠਿਆਂ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਨਹੀਂ ਹੈ।” ਕੁਝ ਹੋਰ ਭੈਣਾਂ-ਭਰਾਵਾਂ ਲਈ ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਸੰਮੇਲਨ ’ਤੇ ਜਾਣਾ ਬਹੁਤ ਔਖਾ ਹੁੰਦਾ ਹੈ। ਕੀ ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜੋ ਇਨ੍ਹਾਂ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ? ਜੇ ਹਾਂ, ਤਾਂ ਕਿਉਂ ਨਾ ਤੁਸੀਂ ਅਗਲੇ ਸੰਮੇਲਨ ਵਿਚ ਉਸ ਨੂੰ ਆਪਣੇ ਨਾਲ-ਨਾਲ ਰੱਖੋ?

18. ਜਦੋਂ ਤੁਸੀਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਬਾਰੇ ਸੋਚਦੇ ਹੋ, ਤਾਂ ਤੁਸੀਂ 2 ਕੁਰਿੰਥੀਆਂ 6:11-13 ਵਿਚ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹੋ?

18 ਇਕੱਠੇ ਸਮਾਂ ਬਿਤਾਓ। ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ, ਖ਼ਾਸ ਕਰਕੇ ਉਨ੍ਹਾਂ ਨਾਲ ਜੋ ਬਹੁਤ ਇਕੱਲੇ ਮਹਿਸੂਸ ਕਰਦੇ ਹਨ। ਸਾਨੂੰ ਅਜਿਹੇ ਭੈਣਾਂ-ਭਰਾਵਾਂ ਲਈ ‘ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹਣੇ’ ਚਾਹੀਦੇ ਹਨ। (2 ਕੁਰਿੰਥੀਆਂ 6:11-13 ਪੜ੍ਹੋ।) ਮੈਲਿਸਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਜਦੋਂ ਮੰਡਲੀ ਦੇ ਭੈਣ-ਭਰਾ ਮੈਨੂੰ ਆਪਣੇ ਘਰ ਬੁਲਾਉਂਦੇ ਸਨ ਅਤੇ ਮੇਰੇ ਨਾਲ ਘੁੰਮਣ ਜਾਂਦੇ ਸਨ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ।” ਕੀ ਤੁਹਾਡੀ ਮੰਡਲੀ ਵਿਚ ਕੋਈ ਭੈਣ ਜਾਂ ਭਰਾ ਹੈ ਜਿਸ ਨਾਲ ਤੁਸੀਂ ਸਮਾਂ ਬਿਤਾ ਸਕਦੇ ਹੋ?

19. ਖ਼ਾਸ ਕਰਕੇ ਕਦੋਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣਾ ਵਧੀਆ ਹੋਵੇਗਾ?

19 ਕੁਝ ਭੈਣ-ਭਰਾ ਉਦੋਂ ਜ਼ਿਆਦਾ ਇਕੱਲੇ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੇ ਘਰਦੇ ਧਾਰਮਿਕ ਤਿਉਹਾਰ ਮਨਾਉਂਦੇ ਹਨ। ਨਾਲੇ ਕੁਝ ਹੋਰ ਭੈਣਾਂ-ਭਰਾਵਾਂ ਲਈ ਸਾਲ ਦਾ ਉਹ ਦਿਨ ਗੁਜ਼ਾਰਨਾ ਬਹੁਤ ਔਖਾ ਹੁੰਦਾ ਹੈ ਜਿਸ ਦਿਨ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੁੰਦੀ ਹੈ। ਜੇ ਅਸੀਂ ਇਨ੍ਹਾਂ ਸਮਿਆਂ ਦੌਰਾਨ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਾਂ, ਤਾਂ ਉਨ੍ਹਾਂ ਨੂੰ ਵਧੀਆ ਲੱਗੇਗਾ। ਉਹ ਇਹ ਵੀ ਮਹਿਸੂਸ ਕਰਨਗੇ ਕਿ ਅਸੀਂ ‘ਸੱਚੇ ਦਿਲੋਂ ਉਨ੍ਹਾਂ ਦਾ ਫ਼ਿਕਰ ਕਰਦੇ ਹਾਂ।’​—ਫ਼ਿਲਿ. 2:20.

20. ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ, ਤਾਂ ਮੱਤੀ 12:48-50 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ?

20 ਇਕ ਮਸੀਹੀ ਅਲੱਗ-ਅਲੱਗ ਕਾਰਨਾਂ ਕਰਕੇ ਇਕੱਲਾ ਮਹਿਸੂਸ ਕਰ ਸਕਦਾ ਹੈ। ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ। ਉਹ ਅਕਸਰ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ। (ਮੱਤੀ 12:48-50 ਪੜ੍ਹੋ।) ਜਦੋਂ ਸਾਨੂੰ ਉਨ੍ਹਾਂ ਤੋਂ ਮਦਦ ਮਿਲਦੀ ਹੈ, ਤਾਂ ਬਦਲੇ ਵਿਚ ਅਸੀਂ ਵੀ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਕੱਲੇ ਹਾਂ ਕਿਉਂਕਿ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।

ਗੀਤਾ 46 ਯਹੋਵਾਹ ਤੇਰਾ ਧੰਨਵਾਦ

^ ਪੈਰਾ 5 ਕੀ ਤੁਹਾਨੂੰ ਕਦੇ-ਕਦੇ ਲੱਗਦਾ ਹੈ ਕਿ ਤੁਸੀਂ ਬਿਲਕੁਲ ਇਕੱਲੇ ਹੋ? ਜੇ ਹਾਂ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਭਾਵਨਾ ਨਾਲ ਲੜਨ ਲਈ ਤੁਸੀਂ ਕੀ ਕਰ ਸਕਦੇ ਹੋ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਇਕੱਲੇ ਮਹਿਸੂਸ ਕਰਦੇ ਹਨ।

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

^ ਪੈਰਾ 60 ਤਸਵੀਰ ਬਾਰੇ ਜਾਣਕਾਰੀ: ਇਕ ਭਰਾ, ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਬਾਈਬਲ ਅਤੇ ਦੂਸਰੇ ਪ੍ਰਕਾਸ਼ਨਾਂ ਦੀ ਆਡੀਓ ਰਿਕਾਰਡਿੰਗ ਸੁਣਦਾ ਹੋਇਆ।

^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਅਤੇ ਉਸ ਦੀ ਕੁੜੀ ਮੰਡਲੀ ਦੇ ਸਿਆਣੀ ਉਮਰ ਦੇ ਭਰਾ ਨੂੰ ਮਿਲਣ ਗਏ ਹਨ ਅਤੇ ਉਹ ਉਸ ਲਈ ਕੁਝ ਲੈ ਕੇ ਗਏ ਹਨ।