Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪੌਲੁਸ ਰਸੂਲ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਕਾਨੂੰਨ ’ਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ”?—ਗਲਾ. 2:19.

ਪੌਲੁਸ ਨੇ ਲਿਖਿਆ: “ਕਾਨੂੰਨ ’ਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ ਤਾਂਕਿ ਮੈਂ ਪਰਮੇਸ਼ੁਰ ਲਈ ਜੀ ਸਕਾਂ।”​—ਗਲਾ. 2:19.

ਪੌਲੁਸ ਨੇ ਇਹ ਸ਼ਬਦ ਰੋਮੀ ਸੂਬੇ ਗਲਾਤੀਆ ਦੀਆਂ ਮੰਡਲੀਆਂ ਨੂੰ ਲਿਖੇ ਸਨ। ਉਸ ਨੇ ਇਹ ਗੱਲ ਉਦੋਂ ਕਹੀ ਸੀ ਜਦੋਂ ਉਹ ਇਹ ਅਹਿਮ ਸੱਚਾਈ ਦੱਸ ਰਿਹਾ ਸੀ ਕਿ ਮਸੀਹੀਆਂ ਲਈ ਮੂਸਾ ਦੇ ਕਾਨੂੰਨ ਨੂੰ ਮੰਨਣਾ ਜ਼ਰੂਰੀ ਨਹੀਂ ਸੀ। ਅਸਲ ਵਿਚ ਕੁਝ ਝੂਠੇ ਸਿੱਖਿਅਕ ਮੰਡਲੀ ਵਿਚ ਆ ਵੜੇ ਸਨ ਅਤੇ ਉਹ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਮੁਕਤੀ ਪਾਉਣ ਲਈ ਮੂਸਾ ਦੇ ਕਾਨੂੰਨ ਨੂੰ ਮੰਨਣਾ ਜ਼ਰੂਰੀ ਹੈ, ਖ਼ਾਸ ਕਰਕੇ ਸੁੰਨਤ ਦੇ ਮਾਮਲੇ ਵਿਚ। ਕੁਝ ਮਸੀਹੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਸੀ, ਪਰ ਪੌਲੁਸ ਜਾਣਦਾ ਸੀ ਕਿ ਹੁਣ ਇਕ ਵਿਅਕਤੀ ਲਈ ਸੁੰਨਤ ਕਰਾਉਣੀ ਜ਼ਰੂਰੀ ਨਹੀਂ ਸੀ। ਇਸ ਲਈ ਉਸ ਨੇ ਠੋਸ ਦਲੀਲਾਂ ਦੇ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਝੂਠਾ ਸਾਬਤ ਕੀਤਾ ਅਤੇ ਯਿਸੂ ਦੀ ਕੁਰਬਾਨੀ ’ਤੇ ਭਰਾਵਾਂ ਦੀ ਨਿਹਚਾ ਮਜ਼ਬੂਤ ਕੀਤੀ।​—ਗਲਾ. 2:4; 5:2.

ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜਦੋਂ ਇਕ ਇਨਸਾਨ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਕੁਝ ਵੀ ਨਹੀਂ ਜਾਣਦਾ ਯਾਨੀ ਉਸ ’ਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੋ ਸਕਦਾ। (ਉਪ. 9:5) ਇਸੇ ਤਰ੍ਹਾਂ ਜਦੋਂ ਪੌਲੁਸ ਨੇ ਕਿਹਾ ਸੀ ਕਿ ਉਹ “ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ” ਹੈ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਹੁਣ ਮੂਸਾ ਦੇ ਕਾਨੂੰਨ ਦਾ ਉਸ ’ਤੇ ਕੋਈ ਜ਼ੋਰ ਨਹੀਂ ਰਹਿ ਗਿਆ ਸੀ। ਇਸ ਦੀ ਬਜਾਇ, ਪੌਲੁਸ ਨੂੰ ਯਕੀਨ ਸੀ ਕਿ ਉਹ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਨ ਕਰਕੇ ‘ਪਰਮੇਸ਼ੁਰ ਲਈ ਜੀਉਂਦਾ’ ਹੋ ਗਿਆ ਸੀ।

ਜਿਸ “ਕਾਨੂੰਨ ’ਤੇ ਚੱਲ ਕੇ” ਪੌਲੁਸ ਮਰ ਗਿਆ ਸੀ, ਉਸੇ ਕਾਨੂੰਨ ਕਰਕੇ ਉਹ ਪਰਮੇਸ਼ੁਰ ਲਈ ਜੀਉਂਦਾ ਹੋਇਆ। ਕਿਵੇਂ? ਪੌਲੁਸ ਨੇ ਦੱਸਿਆ: “ਕਿਸੇ ਇਨਸਾਨ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਸਗੋਂ ਯਿਸੂ ਮਸੀਹ ’ਤੇ ਨਿਹਚਾ ਕਰਨ ਕਰਕੇ ਹੀ ਧਰਮੀ ਠਹਿਰਾਇਆ ਜਾਂਦਾ” ਹੈ। (ਗਲਾ. 2:16) ਇਹ ਸੱਚ ਹੈ ਕਿ ਕਾਨੂੰਨ ਨੇ ਇਕ ਅਹਿਮ ਭੂਮਿਕਾ ਨਿਭਾਈ ਸੀ। ਇਸ ਬਾਰੇ ਪੌਲੁਸ ਨੇ ਗਲਾਤੀਆ ਦੇ ਭੈਣਾਂ-ਭਰਾਵਾਂ ਨੂੰ ਦੱਸਿਆ: ‘ਸਾਡੇ ਪਾਪ ਜ਼ਾਹਰ ਕਰਨ ਲਈ, ਇਹ ਕਾਨੂੰਨ ਸੰਤਾਨ ਦੇ ਆਉਣ ਤਕ ਹੀ ਰਹਿਣਾ ਸੀ ਜਿਸ ਨਾਲ ਵਾਅਦਾ ਕੀਤਾ ਗਿਆ ਸੀ।’ (ਗਲਾ. 3:19) ਜੀ ਹਾਂ, ਇਸ ਕਾਨੂੰਨ ਨੇ ਇਨਸਾਨਾਂ ਨੂੰ ਅਹਿਸਾਸ ਕਰਾਇਆ ਕਿ ਉਹ ਪਾਪੀ ਹਨ ਅਤੇ ਉਹ ਕਾਨੂੰਨ ਨੂੰ ਪੂਰੀ ਤਰ੍ਹਾਂ ਮੰਨ ਨਹੀਂ ਸਕਦੇ। ਮੁਕਤੀ ਪਾਉਣ ਲਈ ਉਨ੍ਹਾਂ ਨੂੰ ਇਕ ਅਜਿਹੀ ਕੁਰਬਾਨੀ ਦੀ ਲੋੜ ਸੀ ਜੋ ਮੁਕੰਮਲ ਹੋਣੀ ਚਾਹੀਦੀ ਸੀ। ਇਹ ਕੁਰਬਾਨੀ ਯਿਸੂ ਮਸੀਹ ਦੀ ਹੋਣੀ ਸੀ ਜਿਸ ਨੂੰ ਧਰਮ-ਗ੍ਰੰਥ ਵਿਚ “ਸੰਤਾਨ” ਕਿਹਾ ਗਿਆ ਸੀ। ਇਸ ਕੁਰਬਾਨੀ ’ਤੇ ਨਿਹਚਾ ਕਰਨ ਵਾਲੇ ਇਨਸਾਨ ਨੂੰ ਪਰਮੇਸ਼ੁਰ ਰਾਹੀਂ ਧਰਮੀ ਠਹਿਰਾਇਆ ਜਾਣਾ ਸੀ। (ਗਲਾ. 3:24) ਪੌਲੁਸ ਨੂੰ ਵੀ ਧਰਮੀ ਠਹਿਰਾਇਆ ਗਿਆ ਸੀ ਕਿਉਂਕਿ ਉਸ ਨੇ ਕਾਨੂੰਨ ਕਰਕੇ ਯਿਸੂ ਨੂੰ ਕਬੂਲ ਕੀਤਾ ਸੀ ਅਤੇ ਉਸ ’ਤੇ ਨਿਹਚਾ ਕੀਤੀ ਸੀ। ਇਸ ਤਰ੍ਹਾਂ ਭਾਵੇਂ ‘ਕਾਨੂੰਨ ’ਤੇ ਚੱਲ ਕੇ ਉਹ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ’ ਗਿਆ ਸੀ, ਪਰ ‘ਪਰਮੇਸ਼ੁਰ ਲਈ ਜੀਉਂਦਾ’ ਹੋ ਗਿਆ ਸੀ। ਕਾਨੂੰਨ ਦਾ ਪੌਲੁਸ ’ਤੇ ਕੋਈ ਜ਼ੋਰ ਨਹੀਂ ਰਹਿ ਗਿਆ ਸੀ, ਸਗੋਂ ਪਰਮੇਸ਼ੁਰ ਦਾ ਜ਼ੋਰ ਸੀ।

ਪੌਲੁਸ ਨੇ ਰੋਮੀਆਂ ਨੂੰ ਲਿਖੀ ਚਿੱਠੀ ਵਿਚ ਵੀ ਇਹੀ ਗੱਲ ਕਹੀ ਸੀ। ਉਸ ਨੇ ਕਿਹਾ: “ਮੇਰੇ ਭਰਾਵੋ, ਤੁਸੀਂ ਵੀ ਮਸੀਹ ਦੀ ਕੁਰਬਾਨੀ ਦੇ ਰਾਹੀਂ ਕਾਨੂੰਨ ਦੇ ਸੰਬੰਧ ਵਿਚ ਮਰ ਗਏ ਤਾਂਕਿ ਤੁਸੀਂ ਕਿਸੇ ਹੋਰ ਦੇ ਹੋ ਜਾਓ, ਹਾਂ, ਮਸੀਹ ਦੇ ਹੋ ਜਾਓ . . . ਹੁਣ ਸਾਨੂੰ ਕਾਨੂੰਨ ਤੋਂ ਛੁਡਾ ਲਿਆ ਗਿਆ ਹੈ ਕਿਉਂਕਿ ਅਸੀਂ ਕਾਨੂੰਨ ਲਈ ਮਰ ਗਏ ਹਾਂ ਜਿਸ ਨੇ ਸਾਨੂੰ ਬੰਨ੍ਹੀ ਰੱਖਿਆ ਸੀ।” (ਰੋਮੀ. 7:4, 6) ਇਨ੍ਹਾਂ ਆਇਤਾਂ ਅਤੇ ਗਲਾਤੀਆਂ 2:19 ਵਿਚ ਪੌਲੁਸ ਕਾਨੂੰਨ ਮੁਤਾਬਕ ਇਕ ਪਾਪੀ ਵਾਂਗ ਸੱਚ-ਮੁੱਚ ਮਰਨ ਦੀ ਗੱਲ ਨਹੀਂ ਕਰ ਰਿਹਾ ਸੀ, ਸਗੋਂ ਉਹ ਇਸ ਕਾਨੂੰਨ ਤੋਂ ਆਜ਼ਾਦੀ ਪਾਉਣ ਦੀ ਗੱਲ ਕਰ ਰਿਹਾ ਸੀ। ਇਸ ਕਾਨੂੰਨ ਦਾ ਉਸ ’ਤੇ ਅਤੇ ਉਸ ਵਰਗੇ ਹੋਰ ਲੋਕਾਂ ’ਤੇ ਕੋਈ ਜ਼ੋਰ ਨਹੀਂ ਰਹਿ ਗਿਆ ਸੀ। ਇਸ ਦੀ ਬਜਾਇ, ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਨ ਕਰਕੇ ਉਹ ਆਜ਼ਾਦ ਹੋ ਗਏ ਸਨ।