Skip to content

Skip to table of contents

ਅਧਿਐਨ ਲੇਖ 27

ਯਹੋਵਾਹ ਵਾਂਗ ਧੀਰਜ ਰੱਖੋ

ਯਹੋਵਾਹ ਵਾਂਗ ਧੀਰਜ ਰੱਖੋ

“ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।”​—ਲੂਕਾ 21:19.

ਗੀਤ 115 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

ਖ਼ਾਸ ਗੱਲਾਂ *

1-2. ਯਸਾਯਾਹ 65:16, 17 ਵਿਚ ਦਰਜ ਯਹੋਵਾਹ ਦੇ ਸ਼ਬਦਾਂ ਤੋਂ ਸਾਨੂੰ ਹਾਰ ਨਾ ਮੰਨਣ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ?

ਸਾਲ 2017 ਦੇ ਵੱਡੇ ਸੰਮੇਲਨ ਦਾ ਵਿਸ਼ਾ ਸੀ, “ਕਦੇ ਹਾਰ ਨਾ ਮੰਨੋ!” ਇਸ ਸੰਮੇਲਨ ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਸੀ ਕਿ ਅਸੀਂ ਧੀਰਜ ਨਾਲ ਮੁਸ਼ਕਲਾਂ ਸਹਿੰਦੇ ਰਹੀਏ। ਇਸ ਗੱਲ ਨੂੰ ਚਾਰ ਸਾਲ ਹੋ ਗਏ ਹਨ ਅਤੇ ਅਸੀਂ ਹੁਣ ਵੀ ਸ਼ੈਤਾਨ ਦੀ ਦੁਨੀਆਂ ਵਿਚ ਮੁਸ਼ਕਲਾਂ ਸਹਿ ਰਹੇ ਹਾਂ।

2 ਕੀ ਹਾਲ ਹੀ ਵਿਚ ਤੁਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰੇ ਹੋ? ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਹੁਣ ਨਹੀਂ ਰਿਹਾ? ਕੀ ਤੁਹਾਨੂੰ ਕੋਈ ਜਾਨਲੇਵਾ ਬੀਮਾਰੀ ਲੱਗ ਗਈ ਹੈ? ਜਾਂ ਕੀ ਤੁਸੀਂ ਬੁਢਾਪੇ ਕਰਕੇ ਪਰੇਸ਼ਾਨ ਹੋ? ਕੀ ਤੁਸੀਂ ਕਿਸੇ ਕੁਦਰਤੀ ਆਫ਼ਤ, ਹਿੰਸਾ ਜਾਂ ਜ਼ੁਲਮ ਦੇ ਸ਼ਿਕਾਰ ਹੋਏ ਹੋ? ਜਾਂ ਕੀ ਤੁਸੀਂ ਕੋਵਿਡ-19 ਮਹਾਂਮਾਰੀ ਕਰਕੇ ਪਰੇਸ਼ਾਨ ਹੋ? ਯਹੋਵਾਹ ਵਾਅਦਾ ਕਰਦਾ ਹੈ ਕਿ ਬਹੁਤ ਜਲਦ ਇਹ ਸਾਰੀਆਂ ਮੁਸ਼ਕਲਾਂ ਖ਼ਤਮ ਹੋ ਜਾਣਗੀਆਂ ਅਤੇ ਫਿਰ ਕਦੇ ਵੀ ਯਾਦ ਨਹੀਂ ਆਉਣਗੀਆਂ। ਅਸੀਂ ਉਸ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।​—ਯਸਾਯਾਹ 65:16, 17 ਪੜ੍ਹੋ।

3. ਸਾਨੂੰ ਹੁਣ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

3 ਇਸ ਦੁਨੀਆਂ ਵਿਚ ਰਹਿਣਾ ਆਸਾਨ ਨਹੀਂ ਹੈ ਅਤੇ ਭਵਿੱਖ ਵਿਚ ਸਾਡੀਆਂ ਮੁਸ਼ਕਲਾਂ ਹੋਰ ਵੀ ਵਧਣਗੀਆਂ। (ਮੱਤੀ 24:21) ਇਸ ਲਈ ਸਾਨੂੰ ਹੋਰ ਵੀ ਜ਼ਿਆਦਾ ਧੀਰਜ ਰੱਖਣ ਦੀ ਲੋੜ ਹੈ। ਕਿਉਂ? ਕਿਉਂਕਿ ਯਿਸੂ ਨੇ ਕਿਹਾ ਸੀ: “ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।” (ਲੂਕਾ 21:19) ਧੀਰਜ ਨਾਲ ਮੁਸ਼ਕਲਾਂ ਸਹਿਣ ਬਾਰੇ ਅਸੀਂ ਦੂਸਰਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਵਰਗੀਆਂ ਮੁਸ਼ਕਲਾਂ ਸਹੀਆਂ ਹਨ।

4. ਯਹੋਵਾਹ ਧੀਰਜ ਦੀ ਸਭ ਤੋਂ ਚੰਗੀ ਮਿਸਾਲ ਕਿਉਂ ਹੈ?

4 ਧੀਰਜ ਦੀ ਸਭ ਤੋਂ ਚੰਗੀ ਮਿਸਾਲ ਹੈ, ਯਹੋਵਾਹ ਪਰਮੇਸ਼ੁਰ। ਪਰ ਅਸੀਂ ਸ਼ਾਇਦ ਸੋਚੀਏ ਕਿ ਉਸ ਨੂੰ ਧੀਰਜ ਰੱਖਣ ਦੀ ਕੀ ਲੋੜ ਹੈ। ਜ਼ਰਾ ਸੋਚੋ, ਅੱਜ ਸ਼ੈਤਾਨ ਇਸ ਦੁਨੀਆਂ ਨੂੰ ਚਲਾ ਰਿਹਾ ਹੈ ਤੇ ਹਰ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਜੇ ਯਹੋਵਾਹ ਚਾਹੇ, ਤਾਂ ਉਹ ਇਕ ਪਲ ਵਿਚ ਹੀ ਸਾਰੀਆਂ ਮੁਸ਼ਕਲਾਂ ਖ਼ਤਮ ਕਰ ਸਕਦਾ ਹੈ। ਪਰ ਉਹ ਇਸ ਤਰ੍ਹਾਂ ਨਹੀਂ ਕਰ ਰਿਹਾ ਕਿਉਂਕਿ ਉਸ ਨੇ ਇਕ ਦਿਨ ਠਹਿਰਾਇਆ ਹੈ ਜਦੋਂ ਉਹ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਰ ਦੇਵੇਗਾ। (ਰੋਮੀ. 9:22) ਉਦੋਂ ਤਕ ਯਹੋਵਾਹ ਧੀਰਜ ਰੱਖ ਰਿਹਾ ਹੈ। ਹੁਣ ਆਓ ਆਪਾਂ ਅਜਿਹੀਆਂ ਨੌਂ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੂੰ ਯਹੋਵਾਹ ਬਰਦਾਸ਼ਤ ਕਰ ਰਿਹਾ ਹੈ।

ਯਹੋਵਾਹ ਕੀ ਕੁਝ ਬਰਦਾਸ਼ਤ ਕਰ ਰਿਹਾ ਹੈ?

5. ਯਹੋਵਾਹ ਦੇ ਨਾਂ ’ਤੇ ਕਲੰਕ ਕਿਵੇਂ ਲੱਗਿਆ ਅਤੇ ਇਹ ਜਾਣ ਕੇ ਤੁਹਾਨੂੰ ਕਿਵੇਂ ਲੱਗਦਾ ਹੈ?

5 ਉਸ ਦੇ ਨਾਂ ’ਤੇ ਲੱਗਾ ਕਲੰਕ। ਯਹੋਵਾਹ ਨੂੰ ਆਪਣੇ ਨਾਂ ਨਾਲ ਲਗਾਅ ਹੈ ਅਤੇ ਉਹ ਚਾਹੁੰਦਾ ਹੈ ਕਿ ਸਾਰੇ ਉਸ ਦੇ ਨਾਂ ਦਾ ਆਦਰ ਕਰਨ। (ਯਸਾ. 42:8) ਪਰ ਪਿਛਲੇ ਤਕਰੀਬਨ 6,000 ਸਾਲਾਂ ਤੋਂ ਯਹੋਵਾਹ ਦੇ ਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। (ਜ਼ਬੂ. 74:10, 18, 23) ਇਸ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਹੋਈ ਸੀ ਜਦੋਂ ਸ਼ੈਤਾਨ (ਯਾਨੀ “ਬਦਨਾਮ ਕਰਨ ਵਾਲਾ”) ਨੇ ਇਹ ਦੋਸ਼ ਲਾਇਆ ਸੀ ਕਿ ਯਹੋਵਾਹ ਆਦਮ ਤੇ ਹੱਵਾਹ ਨੂੰ ਉਹ ਚੀਜ਼ਾਂ ਨਹੀਂ ਦੇ ਰਿਹਾ ਜਿਨ੍ਹਾਂ ਨਾਲ ਉਹ ਖ਼ੁਸ਼ ਰਹਿ ਸਕਦੇ ਸਨ। (ਉਤ. 3:1-5) ਉਦੋਂ ਤੋਂ ਉਸ ’ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਇਨਸਾਨਾਂ ਨੂੰ ਹਰ ਚੰਗੀ ਚੀਜ਼ ਤੋਂ ਦੂਰ ਰੱਖ ਰਿਹਾ ਹੈ। ਯਿਸੂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ਦੇ ਪਿਤਾ ਦੇ ਨਾਂ ’ਤੇ ਕਲੰਕ ਲਾਇਆ ਜਾ ਰਿਹਾ ਹੈ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”​—ਮੱਤੀ 6:9.

6. ਆਪਣੀ ਹਕੂਮਤ ਦੇ ਮਸਲੇ ਨੂੰ ਸੁਲਝਾਉਣ ਲਈ ਯਹੋਵਾਹ ਨੇ ਇੰਨਾ ਸਮਾਂ ਕਿਉਂ ਲਾਇਆ?

6 ਉਸ ਦੀ ਹਕੂਮਤ ਦਾ ਵਿਰੋਧ। ਯਹੋਵਾਹ ਨੂੰ ਸਵਰਗ ਅਤੇ ਧਰਤੀ ਉੱਤੇ ਹਕੂਮਤ ਕਰਨ ਦਾ ਪੂਰਾ ਹੱਕ ਹੈ ਅਤੇ ਉਹੀ ਸਭ ਤੋਂ ਚੰਗਾ ਰਾਜਾ ਹੈ। (ਪ੍ਰਕਾ. 4:11) ਪਰ ਸ਼ੈਤਾਨ ਨੇ ਦੂਤਾਂ ਅਤੇ ਇਨਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਯਹੋਵਾਹ ਨੂੰ ਸਾਡੇ ਉੱਤੇ ਰਾਜ ਕਰਨ ਦਾ ਹੱਕ ਨਹੀਂ ਹੈ। ਹਕੂਮਤ ਦੇ ਇਸ ਮਸਲੇ ਨੂੰ ਸੁਲਝਾਉਣ ਲਈ ਸਮਾਂ ਲੱਗਣਾ ਸੀ। ਇਸ ਲਈ ਯਹੋਵਾਹ ਨੇ ਇਨਸਾਨਾਂ ਨੂੰ ਰਾਜ ਕਰਨ ਦਿੱਤਾ ਤਾਂਕਿ ਉਹ ਖ਼ੁਦ ਆਪਣੀ ਅੱਖੀਂ ਦੇਖ ਸਕਣ ਕਿ ਉਹ ਆਪਣੇ ਸਿਰਜਣਹਾਰ ਤੋਂ ਬਗੈਰ ਕਾਮਯਾਬ ਨਹੀਂ ਹੋ ਸਕਦੇ। (ਯਿਰ. 10:23) ਯਹੋਵਾਹ ਦੇ ਧੀਰਜ ਕਰਕੇ ਹੀ ਹਮੇਸ਼ਾ-ਹਮੇਸ਼ਾ ਲਈ ਇਹ ਸਾਬਤ ਹੋ ਜਾਵੇਗਾ ਕਿ ਸਵਰਗ ਅਤੇ ਧਰਤੀ ਉੱਤੇ ਰਾਜ ਕਰਨ ਦਾ ਹੱਕ ਸਿਰਫ਼ ਉਸ ਦਾ ਹੈ ਅਤੇ ਯਹੋਵਾਹ ਦਾ ਰਾਜ ਹੀ ਧਰਤੀ ਉੱਤੇ ਸੱਚੀ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰ ਸਕਦਾ ਹੈ।

7. ਯਹੋਵਾਹ ਖ਼ਿਲਾਫ਼ ਕਿਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਉਨ੍ਹਾਂ ਨਾਲ ਕੀ ਕਰੇਗਾ?

7 ਉਸ ਦੇ ਕੁਝ ਬੱਚਿਆਂ ਦੀ ਬਗਾਵਤ। ਯਹੋਵਾਹ ਨੇ ਦੂਤਾਂ ਅਤੇ ਇਨਸਾਨਾਂ ਨੂੰ ਮੁਕੰਮਲ ਬਣਾਇਆ ਸੀ। ਫਿਰ ਸ਼ੈਤਾਨ (ਯਾਨੀ “ਵਿਰੋਧੀ”) ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਅਤੇ ਆਦਮ ਤੇ ਹੱਵਾਹ ਨੂੰ ਵੀ ਉਸ ਦੇ ਖ਼ਿਲਾਫ਼ ਕਰ ਦਿੱਤਾ। ਕੁਝ ਦੂਤਾਂ ਅਤੇ ਇਨਸਾਨਾਂ ਨੇ ਵੀ ਸ਼ੈਤਾਨ ਦਾ ਸਾਥ ਦਿੱਤਾ। (ਯਹੂ. 6) ਬਾਅਦ ਵਿਚ ਕੁਝ ਇਜ਼ਰਾਈਲੀ ਵੀ ਯਾਨੀ ਯਹੋਵਾਹ ਦੇ ਆਪਣੇ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। (ਯਸਾ. 63:8, 10) ਯਹੋਵਾਹ ਨਾਲ ਕਿੰਨਾ ਵਿਸ਼ਵਾਸਘਾਤ ਹੋਇਆ! ਫਿਰ ਵੀ ਯਹੋਵਾਹ ਨੇ ਧੀਰਜ ਰੱਖਿਆ ਅਤੇ ਉਹ ਅੱਜ ਵੀ ਧੀਰਜ ਰੱਖ ਰਿਹਾ ਹੈ। ਉਹ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਉਹ ਸਾਰੇ ਬਾਗ਼ੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਫਿਰ ਯਹੋਵਾਹ ਅਤੇ ਉਸ ਦੇ ਸਾਰੇ ਵਫ਼ਾਦਾਰ ਸੇਵਕ ਖ਼ੁਸ਼ੀਆਂ ਮਨਾਉਣਗੇ ਕਿ ਉਨ੍ਹਾਂ ਨੂੰ ਹੋਰ ਬੁਰੇ ਕੰਮ ਬਰਦਾਸ਼ਤ ਨਹੀਂ ਕਰਨੇ ਪੈਣਗੇ।

8-9. (ੳ) ਯਹੋਵਾਹ ’ਤੇ ਕਿਹੜੇ ਇਲਜ਼ਾਮ ਲਾਏ ਗਏ ਹਨ? (ਅ) ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਸਾਬਤ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

8 ਸ਼ੈਤਾਨ ਦੇ ਝੂਠੇ ਇਲਜ਼ਾਮ। ਸ਼ੈਤਾਨ ਨੇ ਯਹੋਵਾਹ ਦੇ ਸੇਵਕ ਅੱਯੂਬ ’ਤੇ ਇਲਜ਼ਾਮ ਲਾਇਆ ਕਿ ਉਹ ਆਪਣੇ ਮਤਲਬ ਲਈ ਯਹੋਵਾਹ ਦੀ ਭਗਤੀ ਕਰਦਾ ਹੈ। ਉਹ ਇਹੀ ਇਲਜ਼ਾਮ ਯਹੋਵਾਹ ਦੇ ਬਾਕੀ ਵਫ਼ਾਦਾਰ ਸੇਵਕਾਂ ’ਤੇ ਵੀ ਲਾਉਂਦਾ ਆਇਆ ਹੈ। (ਅੱਯੂ. 1:8-11; 2:3-5) ਪਰ ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਧੀਰਜ ਰੱਖਾਂਗੇ ਅਤੇ ਯਹੋਵਾਹ ਦੇ ਵਫ਼ਾਦਾਰ ਰਹਾਂਗੇ। (ਪ੍ਰਕਾ. 12:10) ਇਸ ਤਰ੍ਹਾਂ ਕਰ ਕੇ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰਾਂਗੇ। ਧੀਰਜ ਰੱਖਣ ਕਰਕੇ ਸਾਨੂੰ ਬਰਕਤਾਂ ਮਿਲਣਗੀਆਂ, ਠੀਕ ਜਿਵੇਂ ਅੱਯੂਬ ਨੂੰ ਮਿਲੀਆਂ ਸਨ।​—ਯਾਕੂ. 5:11.

9 ਸ਼ੈਤਾਨ ਝੂਠੇ ਧਰਮਾਂ ਦੇ ਆਗੂਆਂ ਤੋਂ ਇਹ ਝੂਠ ਬੁਲਵਾਉਂਦਾ ਹੈ ਕਿ ਪਰਮੇਸ਼ੁਰ ਜ਼ਾਲਮ ਹੈ ਅਤੇ ਇਨਸਾਨਾਂ ਨੂੰ ਦੁੱਖ ਦਿੰਦਾ ਹੈ। ਜਦੋਂ ਕਿਸੇ ਬੱਚੇ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਕਹਿੰਦੇ ਹਨ ਕਿ ਰੱਬ ਨੂੰ ਉਸ ਦੀ ਲੋੜ ਸੀ, ਇਸ ਲਈ ਉਸ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਇਹ ਕਿੰਨਾ ਵੱਡਾ ਝੂਠ ਹੈ! ਪਰਮੇਸ਼ੁਰ ਇੱਦਾਂ ਕਦੇ ਨਹੀਂ ਕਰ ਸਕਦਾ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਜਦੋਂ ਅਸੀਂ ਬੀਮਾਰ ਹੁੰਦੇ ਹਾਂ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਅਸੀਂ ਉਸ ’ਤੇ ਇਲਜ਼ਾਮ ਨਹੀਂ ਲਾਉਂਦੇ। ਸਾਨੂੰ ਪੂਰਾ ਯਕੀਨ ਹੈ ਕਿ ਇਕ ਦਿਨ ਉਹ ਸਭ ਕੁਝ ਠੀਕ ਕਰ ਦੇਵੇਗਾ ਅਤੇ ਇਹੀ ਗੱਲ ਅਸੀਂ ਸਾਰੇ ਲੋਕਾਂ ਨੂੰ ਦੱਸਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਯਹੋਵਾਹ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦੇ ਪਾਉਂਦਾ ਹੈ।​—ਕਹਾ. 27:11.

10. ਜ਼ਬੂਰ 22:23, 24 ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

10 ਉਸ ਦੇ ਪਿਆਰੇ ਸੇਵਕਾਂ ਦੀਆਂ ਦੁੱਖ-ਤਕਲੀਫ਼ਾਂ। ਯਹੋਵਾਹ ਦਿਆਲੂ ਪਰਮੇਸ਼ੁਰ ਹੈ। ਜਦੋਂ ਉਸ ਦੇ ਸੇਵਕ ਜ਼ੁਲਮ ਸਹਿੰਦੇ ਹਨ, ਬੀਮਾਰ ਹੁੰਦੇ ਹਨ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਦੁਖੀ ਹੁੰਦੇ ਹਨ, ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ। (ਜ਼ਬੂਰ 22:23, 24 ਪੜ੍ਹੋ।) ਯਹੋਵਾਹ ਸਾਡੀਆਂ ਦੁੱਖ-ਤਕਲੀਫ਼ਾਂ ਨੂੰ ਸਮਝਦਾ ਹੈ ਅਤੇ ਉਹ ਉਨ੍ਹਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਤੇ ਇਕ ਦਿਨ ਉਹ ਅਜਿਹਾ ਕਰੇਗਾ ਵੀ। (ਕੂਚ 3:7, 8; ਯਸਾ. 63:9 ਵਿਚ ਨੁਕਤਾ ਦੇਖੋ।) ਬਹੁਤ ਜਲਦ “ਉਹ [ਸਾਡੀਆਂ] ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾ. 21:4.

11. ਯਹੋਵਾਹ ਨੂੰ ਆਪਣੇ ਦੋਸਤਾਂ ਦੀਆਂ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਹੋਣਗੀਆਂ?

11 ਆਪਣੇ ਦੋਸਤਾਂ ਤੋਂ ਵਿਛੜਨ ਦਾ ਗਮ। ਯਹੋਵਾਹ ਆਪਣੇ ਮਰ ਚੁੱਕੇ ਵਫ਼ਾਦਾਰ ਸੇਵਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਉਹ ਉਨ੍ਹਾਂ ਨੂੰ ਦੇਖਣ ਲਈ ਤਰਸ ਰਿਹਾ ਹੈ। (ਅੱਯੂ. 14:15) ਜ਼ਰਾ ਸੋਚੋ, ਉਸ ਨੂੰ ਆਪਣੇ ਦੋਸਤ ਅਬਰਾਹਾਮ ਦੀ ਕਿੰਨੀ ਯਾਦ ਆਉਂਦੀ ਹੋਵੇਗੀ! (ਯਾਕੂ. 2:23) ਉਹ ਮੂਸਾ ਦੀ ਕਮੀ ਵੀ ਮਹਿਸੂਸ ਕਰਦਾ ਹੋਵੇਗਾ ਜਿਸ ਨਾਲ ਉਹ “ਆਮ੍ਹੋ-ਸਾਮ੍ਹਣੇ” ਗੱਲਾਂ ਕਰਦਾ ਹੁੰਦਾ ਸੀ। (ਕੂਚ 33:11) ਉਹ ਦਾਊਦ ਅਤੇ ਜ਼ਬੂਰਾਂ ਦੇ ਹੋਰ ਲਿਖਾਰੀਆਂ ਨੂੰ ਵੀ ਯਾਦ ਕਰਦਾ ਹੋਣਾ ਜੋ ਉਸ ਦੀ ਤਾਰੀਫ਼ ਵਿਚ ਗੀਤ ਗਾਉਂਦੇ ਹੁੰਦੇ ਸਨ। (ਜ਼ਬੂ. 104:33) ਹਾਲਾਂਕਿ ਯਹੋਵਾਹ ਦੇ ਇਨ੍ਹਾਂ ਦੋਸਤਾਂ ਨੂੰ ਮਰੇ ਹੋਇਆਂ ਕਾਫ਼ੀ ਸਮਾਂ ਹੋ ਚੁੱਕਾ ਹੈ, ਪਰ ਯਹੋਵਾਹ ਉਨ੍ਹਾਂ ਨੂੰ ਭੁੱਲਿਆ ਨਹੀਂ। (ਯਸਾ. 49:15) ਉਸ ਨੂੰ ਉਨ੍ਹਾਂ ਦੀ ਹਰ ਗੱਲ ਯਾਦ ਹੈ “ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਜਦੋਂ ਉਹ ਨਵੀਂ ਦੁਨੀਆਂ ਵਿਚ ਆਪਣੇ ਇਨ੍ਹਾਂ ਦੋਸਤਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਤਾਂ ਉਹ ਫਿਰ ਤੋਂ ਉਸ ਦੀ ਭਗਤੀ ਕਰਨਗੇ ਤੇ ਉਸ ਨੂੰ ਪ੍ਰਾਰਥਨਾ ਕਰਨਗੇ। ਯਹੋਵਾਹ ਨੂੰ ਇਹ ਸਭ ਦੇਖ ਕੇ ਬਹੁਤ ਖ਼ੁਸ਼ੀ ਹੋਵੇਗੀ। ਜੇ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ, ਤਾਂ ਇਨ੍ਹਾਂ ਗੱਲਾਂ ਤੋਂ ਸਾਡੇ ਦੁਖੀ ਮਨ ਨੂੰ ਦਿਲਾਸਾ ਮਿਲ ਸਕਦਾ ਹੈ।

12. ਯਹੋਵਾਹ ਨੂੰ ਕੀ ਦੇਖ ਕੇ ਦੁੱਖ ਲੱਗਦਾ ਹੈ?

12 ਦੁਸ਼ਟ ਲੋਕਾਂ ਦਾ ਅਤਿਆਚਾਰ। ਜਦੋਂ ਅਦਨ ਦੇ ਬਾਗ਼ ਵਿਚ ਬਗਾਵਤ ਸ਼ੁਰੂ ਹੋਈ, ਤਾਂ ਯਹੋਵਾਹ ਨੂੰ ਪਤਾ ਸੀ ਕਿ ਅੱਗੇ ਜਾ ਕੇ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਯਹੋਵਾਹ ਅੱਜ ਦੁਨੀਆਂ ਵਿਚ ਹੋ ਰਹੀ ਬੁਰਾਈ, ਬੇਇਨਸਾਫ਼ੀ ਅਤੇ ਹਿੰਸਾ ਤੋਂ ਨਫ਼ਰਤ ਕਰਦਾ ਹੈ। ਉਸ ਨੂੰ ਉਨ੍ਹਾਂ ਲੋਕਾਂ ਦੀ ਪਰਵਾਹ ਹੈ ਜੋ ਲਾਚਾਰ ਤੇ ਬੇਬੱਸ ਹਨ, ਜਿਵੇਂ ਵਿਧਵਾ ਤੇ ਅਨਾਥ। (ਜ਼ਕ. 7:9, 10) ਯਹੋਵਾਹ ਨੂੰ ਖ਼ਾਸਕਰ ਉਦੋਂ ਬਹੁਤ ਦੁੱਖ ਲੱਗਦਾ ਹੈ ਜਦੋਂ ਉਸ ਦੇ ਵਫ਼ਾਦਾਰ ਸੇਵਕਾਂ ਨੂੰ ਸਤਾਇਆ ਜਾਂਦਾ ਹੈ ਅਤੇ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਪਿਆਰ ਕਰਦਾ ਹੈ ਜੋ ਦੁਸ਼ਟ ਲੋਕਾਂ ਹੱਥੋਂ ਅਤਿਆਚਾਰ ਸਹਿ ਰਹੇ ਹਨ।

13. ਅੱਜ ਲੋਕ ਕਿਸ ਤਰ੍ਹਾਂ ਦੇ ਘਿਣਾਉਣੇ ਕੰਮ ਕਰ ਰਹੇ ਹਨ ਅਤੇ ਬਹੁਤ ਜਲਦ ਪਰਮੇਸ਼ੁਰ ਕੀ ਕਰੇਗਾ?

13 ਇਨਸਾਨਾਂ ਦੇ ਘਟੀਆ ਤੇ ਅਨੈਤਿਕ ਕੰਮ। ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਬਣਾਇਆ ਸੀ। ਪਰ ਸ਼ੈਤਾਨ ਉਨ੍ਹਾਂ ਤੋਂ ਘਟੀਆ ਅਤੇ ਅਨੈਤਿਕ ਕੰਮ ਕਰਵਾ ਰਿਹਾ ਹੈ। ਨੂਹ ਦੇ ਦਿਨਾਂ ਵਿਚ ਜਦੋਂ ਯਹੋਵਾਹ ਨੇ ਦੇਖਿਆ ਕਿ “ਇਨਸਾਨ ਦੀ ਬੁਰਾਈ ਹੱਦੋਂ ਵੱਧ ਹੋ ਗਈ ਸੀ,” ਤਾਂ “ਯਹੋਵਾਹ ਨੂੰ ਅਫ਼ਸੋਸ ਹੋਇਆ ਕਿ ਉਸ ਨੇ ਧਰਤੀ ’ਤੇ ਇਨਸਾਨ ਨੂੰ ਬਣਾਇਆ ਸੀ ਅਤੇ ਉਸ ਦਾ ਮਨ ਬਹੁਤ ਦੁਖੀ ਹੋਇਆ।” (ਉਤ. 6:5, 6, 11) ਉਦੋਂ ਤੋਂ ਹਾਲਾਤ ਹੋਰ ਵੀ ਵਿਗੜ ਗਏ ਹਨ। ਅੱਜ ਆਦਮੀ ਤੇ ਔਰਤਾਂ ਹਰ ਤਰ੍ਹਾਂ ਦੇ ਘਿਣਾਉਣੇ ਅਤੇ ਅਨੈਤਿਕ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ ਸਮਲਿੰਗੀ ਕੰਮ ਵੀ ਸ਼ਾਮਲ ਹਨ। (ਅਫ਼. 4:18, 19) ਜਦ ਯਹੋਵਾਹ ਦਾ ਕੋਈ ਸੇਵਕ ਅਜਿਹਾ ਕੰਮ ਕਰਦਾ ਹੈ, ਤਾਂ ਸ਼ੈਤਾਨ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਯਹੋਵਾਹ ਇਨ੍ਹਾਂ ਘਟੀਆ ਕੰਮਾਂ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰੇਗਾ। ਉਹ ਬਹੁਤ ਜਲਦੀ ਉਨ੍ਹਾਂ ਲੋਕਾਂ ਦਾ ਨਾਸ਼ ਕਰ ਦੇਵੇਗਾ ਜੋ ਇਸ ਤਰ੍ਹਾਂ ਦੇ ਘਿਣਾਉਣੇ ਕੰਮ ਕਰਨ ਵਿਚ ਲੱਗੇ ਹੋਏ ਹਨ।

14. ਇਨਸਾਨਾਂ ਨੇ ਧਰਤੀ ਦਾ ਕੀ ਹਾਲ ਕਰ ਦਿੱਤਾ ਹੈ?

14 ਧਰਤੀ ਦੀ ਤਬਾਹੀ। “ਇਨਸਾਨ ਨੇ ਇਨਸਾਨ ’ਤੇ ਹੁਕਮ ਚਲਾ ਕੇ” ਨਾ ਸਿਰਫ਼ “ਦੁੱਖ-ਤਕਲੀਫ਼ਾਂ” ਲਿਆਂਦੀਆਂ ਹਨ, ਸਗੋਂ ਉਸ ਨੇ ਧਰਤੀ ਅਤੇ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਜਿਨ੍ਹਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯਹੋਵਾਹ ਨੇ ਇਨਸਾਨਾਂ ਨੂੰ ਦਿੱਤੀ ਸੀ। (ਉਪ. 8:9; ਉਤ. 1:28) ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਇਨਸਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ, ਤਾਂ ਕੁਝ ਹੀ ਸਾਲਾਂ ਵਿਚ 10 ਲੱਖ ਜਾਨਵਰਾਂ ਦੀਆਂ ਨਸਲਾਂ ਅਲੋਪ ਹੋ ਜਾਣਗੀਆਂ। ਇਸੇ ਕਰਕੇ ਅੱਜ ਲੋਕਾਂ ਨੂੰ ਵਾਤਾਵਰਣ ਦੀ ਬਹੁਤ ਚਿੰਤਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਬਹੁਤ ਜਲਦ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼” ਕਰ ਦੇਵੇਗਾ ਅਤੇ ਇਸ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾ ਦੇਵੇਗਾ।​—ਪ੍ਰਕਾ. 11:18; ਯਸਾ. 35:1.

ਯਹੋਵਾਹ ਦੇ ਧੀਰਜ ਤੋਂ ਅਸੀਂ ਕੀ ਸਿੱਖਦੇ ਹਾਂ?

15-16. ਕਿਹੜੀ ਗੱਲ ਸਾਨੂੰ ਯਹੋਵਾਹ ਵਾਂਗ ਧੀਰਜ ਰੱਖਣ ਲਈ ਉਕਸਾਏਗੀ? ਇਕ ਉਦਾਹਰਣ ਦਿਓ।

15 ਸੋਚੋ ਕਿ ਯਹੋਵਾਹ ਹਜ਼ਾਰਾਂ ਸਾਲਾਂ ਤੋਂ ਕੀ ਕੁਝ ਬਰਦਾਸ਼ਤ ਕਰ ਰਿਹਾ ਹੈ। (“ ਯਹੋਵਾਹ ਕੀ ਕੁਝ ਬਰਦਾਸ਼ਤ ਕਰ ਰਿਹਾ ਹੈ?” ਨਾਂ ਦੀ ਡੱਬੀ ਦੇਖੋ।) ਜੇ ਉਹ ਚਾਹੇ ਤਾਂ ਇਕ ਹੀ ਪਲ ਵਿਚ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰ ਸਕਦਾ ਹੈ, ਪਰ ਉਹ ਧੀਰਜ ਰੱਖ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਫ਼ਾਇਦਾ ਹੋਇਆ ਹੈ। ਇਹ ਗੱਲ ਸਮਝਣ ਲਈ ਇਕ ਉਦਾਹਰਣ ’ਤੇ ਗੌਰ ਕਰੋ। ਮੰਨ ਲਓ ਇਕ ਪਤੀ-ਪਤਨੀ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਜਨਮ ਤੋਂ ਹੀ ਬਹੁਤ ਬੀਮਾਰ ਰਹੇਗਾ ਅਤੇ ਜ਼ਿਆਦਾ ਦਿਨ ਜੀਉਂਦਾ ਨਹੀਂ ਰਹੇਗਾ। ਫਿਰ ਵੀ ਉਹ ਪਤੀ-ਪਤਨੀ ਬੱਚੇ ਨੂੰ ਇਸ ਦੁਨੀਆਂ ਵਿਚ ਲਿਆਉਣ ਦਾ ਫ਼ੈਸਲਾ ਕਰਦੇ ਹਨ। ਭਾਵੇਂ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ, ਫਿਰ ਵੀ ਉਹ ਉਸ ਦੀ ਪਰਵਰਿਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ਕਿਉਂਕਿ ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ।

16 ਆਦਮ ਅਤੇ ਹੱਵਾਹ ਦੀ ਸਾਰੀ ਨਾਮੁਕੰਮਲ ਔਲਾਦ ਦੀ ਹਾਲਤ ਵੀ ਉਸ ਬੀਮਾਰ ਬੱਚੇ ਵਰਗੀ ਹੈ। ਫਿਰ ਵੀ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। (1 ਯੂਹੰ. 4:19) ਯਹੋਵਾਹ ਉਦਾਹਰਣ ਵਿਚ ਦੱਸੇ ਉਸ ਮਾਤਾ-ਪਿਤਾ ਵਰਗਾ ਨਹੀਂ ਹੈ ਜੋ ਆਪਣੇ ਬੱਚੇ ਦੀ ਤਕਲੀਫ਼ ਦੂਰ ਨਹੀਂ ਕਰ ਸਕਦੇ। ਉਹ ਆਪਣੇ ਬੱਚਿਆਂ ਦੀ ਤਕਲੀਫ਼ ਦੂਰ ਕਰ ਸਕਦਾ ਹੈ ਤੇ ਉਸ ਨੇ ਇਸ ਤਰ੍ਹਾਂ ਕਰਨ ਲਈ ਇਕ ਦਿਨ ਵੀ ਠਹਿਰਾਇਆ ਹੈ। (ਮੱਤੀ 24:36) ਯਹੋਵਾਹ ਦਾ ਪਿਆਰ ਸਾਨੂੰ ਉਕਸਾਏਗਾ ਕਿ ਅਸੀਂ ਉਦੋਂ ਤਕ ਧੀਰਜ ਰੱਖੀਏ ਜਦ ਤਕ ਉਹ ਸਾਰੀਆਂ ਤਕਲੀਫ਼ਾਂ ਦੂਰ ਨਹੀਂ ਕਰ ਦਿੰਦਾ।

17. ਇਬਰਾਨੀਆਂ 12:2, 3 ਵਿਚ ਯਿਸੂ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਸਾਨੂੰ ਸਹਿੰਦੇ ਰਹਿਣ ਦੀ ਤਾਕਤ ਕਿਵੇਂ ਮਿਲਦੀ ਹੈ?

17 ਯਹੋਵਾਹ ਧੀਰਜ ਦੀ ਸਭ ਤੋਂ ਚੰਗੀ ਮਿਸਾਲ ਹੈ। ਯਹੋਵਾਹ ਵਾਂਗ ਯਿਸੂ ਨੇ ਵੀ ਧੀਰਜ ਰੱਖਿਆ। ਜਦੋਂ ਉਹ ਧਰਤੀ ਉੱਤੇ ਸੀ, ਤਾਂ ਉਸ ਨੇ ਲੋਕਾਂ ਦੀਆਂ ਚੁਭਵੀਆਂ ਗੱਲਾਂ ਸੁਣੀਆਂ, ਬੇਇੱਜ਼ਤੀ ਸਹੀ ਅਤੇ ਸਾਡੀ ਖ਼ਾਤਰ ਤਸੀਹੇ ਦੀ ਸੂਲ਼ੀ ’ਤੇ ਆਪਣੀ ਜਾਨ ਦੇ ਦਿੱਤੀ। (ਇਬਰਾਨੀਆਂ 12:2, 3 ਪੜ੍ਹੋ।) ਯਹੋਵਾਹ ਨੇ ਜਿਸ ਤਰ੍ਹਾਂ ਧੀਰਜ ਰੱਖਿਆ, ਉਸ ਨੂੰ ਦੇਖ ਕੇ ਯਿਸੂ ਨੂੰ ਸਭ ਕੁਝ ਸਹਿਣ ਦੀ ਤਾਕਤ ਮਿਲੀ ਅਤੇ ਅੱਜ ਸਾਨੂੰ ਵੀ ਤਾਕਤ ਮਿਲ ਸਕਦੀ ਹੈ।

18. ਦੂਜਾ ਪਤਰਸ 3:9 ਮੁਤਾਬਕ ਯਹੋਵਾਹ ਦੇ ਧੀਰਜ ਰੱਖਣ ਕਰਕੇ ਕੀ ਸੰਭਵ ਹੋਇਆ?

18 ਦੂਜਾ ਪਤਰਸ 3:9 ਪੜ੍ਹੋ। ਯਹੋਵਾਹ ਜਾਣਦਾ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਦੋਂ ਕਰਨਾ ਹੈ। ਉਸ ਦੇ ਧੀਰਜ ਰੱਖਣ ਕਰਕੇ ਬਹੁਤ ਸਾਰੇ ਲੋਕ ਉਸ ਬਾਰੇ ਜਾਣ ਪਾਏ ਹਨ ਤੇ ਅੱਜ ਇਕ ਵੱਡੀ ਭੀੜ ਉਸ ਦੀ ਭਗਤੀ ਕਰ ਪਾ ਰਹੀ ਹੈ। ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਯਹੋਵਾਹ ਨੇ ਇਸ ਦੁਨੀਆਂ ਦਾ ਨਾਸ਼ ਕਰਨ ਵਿਚ ਕੋਈ ਜਲਦਬਾਜ਼ੀ ਨਹੀਂ ਕੀਤੀ। ਇਸ ਲਈ ਉਹ ਇਸ ਦੁਨੀਆਂ ਵਿਚ ਜਨਮ ਲੈ ਸਕੇ, ਉਸ ਬਾਰੇ ਸਿੱਖ ਸਕੇ ਤੇ ਅੱਜ ਉਸ ਦੀ ਭਗਤੀ ਕਰ ਰਹੇ ਹਨ। ਜਦੋਂ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ, ਉਦੋਂ ਲੱਖਾਂ ਹੀ ਲੋਕ ਬਚਣਗੇ ਤੇ ਇਹ ਸਾਬਤ ਹੋ ਜਾਵੇਗਾ ਕਿ ਯਹੋਵਾਹ ਨੇ ਧੀਰਜ ਰੱਖ ਕੇ ਬਿਲਕੁਲ ਸਹੀ ਕੀਤਾ।

19. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੀ ਇਨਾਮ ਮਿਲੇਗਾ?

19 ਸ਼ੈਤਾਨ ਨੇ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਅਤੇ ਯਹੋਵਾਹ ਨੂੰ ਬਹੁਤ ਦੁੱਖ ਦਿੱਤਾ ਹੈ। ਫਿਰ ਵੀ ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ। (1 ਤਿਮੋ. 1:11) ਇਸ ਤਰ੍ਹਾਂ ਅਸੀਂ ਯਹੋਵਾਹ ਤੋਂ ਸਿੱਖਦੇ ਹਾਂ ਕਿ ਜਦੋਂ ਸਾਡੇ ’ਤੇ ਦੁੱਖ ਆਉਂਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਸਹਿਣਾ ਚਾਹੀਦਾ ਹੈ। ਅਸੀਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਯਹੋਵਾਹ ਆਪਣੇ ਨਾਂ ਨੂੰ ਪਵਿੱਤਰ ਕਰੇਗਾ, ਆਪਣੀ ਹਕੂਮਤ ਬੁਲੰਦ ਕਰੇਗਾ, ਬੁਰਾਈਆਂ ਨੂੰ ਦੂਰ ਕਰੇਗਾ ਅਤੇ ਸਾਰੀਆਂ ਸਮੱਸਿਆਵਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਸਾਰਾ ਕੁਝ ਧੀਰਜ ਨਾਲ ਸਹਿੰਦੇ ਰਹਾਂਗੇ ਕਿਉਂਕਿ ਸਾਡਾ ਸਵਰਗੀ ਪਿਤਾ ਵੀ ਧੀਰਜ ਨਾਲ ਸਹਿ ਰਿਹਾ ਹੈ। ਜੇ ਅਸੀਂ ਧੀਰਜ ਰੱਖਾਂਗੇ, ਤਾਂ ਸਾਡੇ ਬਾਰੇ ਵੀ ਇਹ ਗੱਲ ਸੱਚ ਸਾਬਤ ਹੋਵੇਗੀ: “ਖ਼ੁਸ਼ ਹੈ ਉਹ ਇਨਸਾਨ ਜਿਹੜਾ ਅਜ਼ਮਾਇਸ਼ਾਂ ਸਹਿੰਦਾ ਰਹਿੰਦਾ ਹੈ ਕਿਉਂਕਿ ਖਰਾ ਸਾਬਤ ਹੋਣ ਤੋਂ ਬਾਅਦ ਉਸ ਨੂੰ ਜ਼ਿੰਦਗੀ ਦਾ ਇਨਾਮ ਮਿਲੇਗਾ ਜੋ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਜਿਹੜੇ ਉਸ ਨੂੰ ਹਮੇਸ਼ਾ ਪਿਆਰ ਕਰਦੇ ਹਨ।”​—ਯਾਕੂ. 1:12.

ਗੀਤ 145 ਨਵੀਂ ਦੁਨੀਆਂ ਦਾ ਵਾਅਦਾ

^ ਪੈਰਾ 5 ਅਸੀਂ ਸਾਰੇ ਕਿਸੇ-ਨਾ-ਕਿਸੇ ਮੁਸ਼ਕਲ ਨੂੰ ਸਹਿ ਰਹੇ ਹਾਂ ਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਸ਼ਕਲਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਬੱਸ ਇਨ੍ਹਾਂ ਨੂੰ ਧੀਰਜ ਨਾਲ ਸਹਿਣਾ ਪੈਣਾ। ਪਰ ਅਸੀਂ ਇਕੱਲੇ ਨਹੀਂ ਸਹਿ ਰਹੇ। ਸਾਡੇ ਵਾਂਗ ਯਹੋਵਾਹ ਵੀ ਬਹੁਤ ਸਾਰੀਆਂ ਗੱਲਾਂ ਨੂੰ ਸਹਿ ਰਿਹਾ ਹੈ। ਇਸ ਲੇਖ ਵਿਚ ਅਸੀਂ ਅਜਿਹੀਆਂ ਨੌਂ ਗੱਲਾਂ ’ਤੇ ਚਰਚਾ ਕਰਾਂਗੇ। ਅਸੀਂ ਇਹ ਵੀ ਜਾਣਾਂਗੇ ਕਿ ਯਹੋਵਾਹ ਦੇ ਧੀਰਜ ਰੱਖਣ ਨਾਲ ਕਿਹੜੇ ਚੰਗੇ ਕੰਮ ਹੋਏ ਹਨ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।