Skip to content

Skip to table of contents

ਅਧਿਐਨ ਲੇਖ 29

ਆਪਣੀ ਤਰੱਕੀ ਤੋਂ ਖ਼ੁਸ਼ ਹੋਵੋ!

ਆਪਣੀ ਤਰੱਕੀ ਤੋਂ ਖ਼ੁਸ਼ ਹੋਵੋ!

‘ਹਰ ਇਨਸਾਨ ਆਪਣੇ ਕੰਮ ਤੋਂ ਖ਼ੁਸ਼ ਹੋਵੇ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।’​—ਗਲਾ. 6:4.

ਗੀਤ 34 ਵਫ਼ਾ ਦੇ ਰਾਹ ’ਤੇ ਚੱਲੋ

ਖ਼ਾਸ ਗੱਲਾਂ *

1. ਯਹੋਵਾਹ ਸਾਡੀ ਤੁਲਨਾ ਦੂਜਿਆਂ ਨਾਲ ਕਿਉਂ ਨਹੀਂ ਕਰਦਾ?

ਯਹੋਵਾਹ ਵੰਨ-ਸੁਵੰਨੀਆਂ ਚੀਜ਼ਾਂ ਨੂੰ ਪਿਆਰ ਕਰਦਾ ਹੈ। ਇਹ ਗੱਲ ਅਸੀਂ ਉਸ ਦੀ ਸ਼ਾਨਦਾਰ ਸ੍ਰਿਸ਼ਟੀ ਤੋਂ ਸਾਫ਼ ਦੇਖ ਸਕਦੇ ਹਾਂ ਜਿਸ ਵਿਚ ਇਨਸਾਨ ਵੀ ਸ਼ਾਮਲ ਹਨ। ਸਾਡੀ ਹਰੇਕ ਦੀ ਸ਼ਖ਼ਸੀਅਤ ਵੱਖੋ-ਵੱਖਰੀ ਹੈ। ਇਸ ਲਈ ਯਹੋਵਾਹ ਕਦੇ ਵੀ ਸਾਡੀ ਤੁਲਨਾ ਦੂਜਿਆਂ ਨਾਲ ਨਹੀਂ ਕਰਦਾ। ਉਹ ਸਾਡੇ ਦਿਲ ਯਾਨੀ ਅੰਦਰਲੇ ਇਨਸਾਨ ਨੂੰ ਦੇਖਦਾ ਹੈ। (1 ਸਮੂ. 16:7) ਉਹ ਸਾਡੀਆਂ ਖ਼ੂਬੀਆਂ, ਕਮੀਆਂ-ਕਮਜ਼ੋਰੀਆਂ ਅਤੇ ਪਿਛੋਕੜ ਨੂੰ ਵੀ ਧਿਆਨ ਵਿਚ ਰੱਖਦਾ ਹੈ। ਉਹ ਸਾਡੇ ਤੋਂ ਉੱਨਾ ਕਰਨ ਦੀ ਮੰਗ ਨਹੀਂ ਕਰਦਾ ਜਿੰਨਾ ਅਸੀਂ ਨਹੀਂ ਕਰ ਸਕਦੇ। ਇਸ ਲਈ ਸਾਨੂੰ ਆਪਣੇ ਆਪ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਲੋੜ ਹੈ, ਤਾਂ ਹੀ ਅਸੀਂ “ਸਮਝਦਾਰ” ਬਣਾਂਗੇ। ਫਿਰ ਅਸੀਂ ਨਾ ਤਾਂ ਆਪਣੇ ਆਪ ਨੂੰ ਲੋੜੋਂ ਵੱਧ ਸਮਝਾਂਗੇ ਅਤੇ ਨਾ ਹੀ ਇਹ ਸੋਚਾਂਗੇ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ।​—ਰੋਮੀ. 12:3.

2. ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਚੰਗੀ ਗੱਲ ਕਿਉਂ ਨਹੀਂ ਹੈ?

2 ਕਿਸੇ ਨੂੰ ਦੇਖ ਕੇ ਸਿੱਖਣ ਵਿਚ ਕੋਈ ਬੁਰਾਈ ਨਹੀਂ ਹੈ। ਉਦਾਹਰਣ ਲਈ, ਜੇ ਕੋਈ ਭੈਣ ਜਾਂ ਭਰਾ ਵਧੀਆ ਤਰੀਕੇ ਨਾਲ ਪ੍ਰਚਾਰ ਕਰਦਾ ਹੈ, ਤਾਂ ਅਸੀਂ ਉਸ ਨੂੰ ਦੇਖ ਕੇ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿੱਖ ਸਕਦੇ ਹਾਂ। (ਇਬ. 13:7; ਫ਼ਿਲਿ. 3:17) ਪਰ ਕਿਸੇ ਦੀ ਚੰਗੀ ਮਿਸਾਲ ’ਤੇ ਚੱਲਣ ਅਤੇ ਉਸ ਨਾਲ ਆਪਣੀ ਤੁਲਨਾ ਕਰਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਤੁਲਨਾ ਕਰਨ ਨਾਲ ਅਸੀਂ ਸ਼ਾਇਦ ਈਰਖਾ ਕਰਨ ਲੱਗ ਪਈਏ, ਨਿਰਾਸ਼ ਹੋ ਜਾਈਏ ਜਾਂ ਆਪਣੇ ਆਪ ਨੂੰ ਬੇਕਾਰ ਸਮਝਣ ਲੱਗ ਪਈਏ। ਨਾਲੇ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮੁਕਾਬਲਾ ਕਰਨ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ। ਇਸ ਲਈ ਯਹੋਵਾਹ ਸਾਨੂੰ ਪਿਆਰ ਨਾਲ ਕਹਿੰਦਾ ਹੈ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ।”​—ਗਲਾ. 6:4.

3. ਤੁਸੀਂ ਕਿਨ੍ਹਾਂ ਗੱਲਾਂ ਵਿਚ ਤਰੱਕੀ ਕੀਤੀ ਹੈ ਜਿਸ ਕਰਕੇ ਤੁਸੀਂ ਖ਼ੁਸ਼ ਹੋ ਸਕਦੇ ਹੋ?

3 ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਜੋ ਤਰੱਕੀ ਕੀਤੀ ਹੈ, ਉਸ ਕਰਕੇ ਖ਼ੁਸ਼ ਹੋਵੋ। ਉਦਾਹਰਣ ਲਈ, ਜੇ ਤੁਸੀਂ ਬਪਤਿਸਮਾ ਲੈ ਲਿਆ ਹੈ, ਤਾਂ ਤੁਹਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਟੀਚਾ ਹਾਸਲ ਕਰ ਲਿਆ ਹੈ। ਤੁਸੀਂ ਇਹ ਫ਼ੈਸਲਾ ਆਪ ਕੀਤਾ ਸੀ ਕਿਉਂਕਿ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹੋ। ਜ਼ਰਾ ਸੋਚੋ ਕਿ ਉਦੋਂ ਤੋਂ ਲੈ ਕੇ ਹੁਣ ਤਕ ਤੁਸੀਂ ਕਿੰਨੀ ਤਰੱਕੀ ਕੀਤੀ ਹੈ। ਉਦਾਹਰਣ ਲਈ, ਕੀ ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਲਈ ਤੁਹਾਡੀ ਇੱਛਾ ਹੋਰ ਵੀ ਵਧੀ ਹੈ? ਕੀ ਤੁਸੀਂ ਹੋਰ ਵੀ ਦਿਲੋਂ ਪ੍ਰਾਰਥਨਾ ਕਰਨ ਲੱਗ ਪਏ ਹੋ? (ਜ਼ਬੂ. 141:2) ਕੀ ਤੁਸੀਂ ਪ੍ਰਚਾਰ ਦੌਰਾਨ ਹੋਰ ਵੀ ਵਧੀਆ ਢੰਗ ਨਾਲ ਗੱਲ ਕਰਨ ਲੱਗ ਪਏ ਹੋ ਅਤੇ ਪ੍ਰਕਾਸ਼ਨਾਂ ਨੂੰ ਹੋਰ ਵੀ ਅਸਰਕਾਰੀ ਤਰੀਕੇ ਨਾਲ ਵਰਤਣ ਲੱਗ ਪਏ ਹੋ? ਜੇ ਤੁਹਾਡਾ ਵਿਆਹ ਹੋਇਆ ਹੈ, ਤਾਂ ਕੀ ਯਹੋਵਾਹ ਨੇ ਹੋਰ ਵੀ ਚੰਗਾ ਪਤੀ, ਪਤਨੀ ਜਾਂ ਮਾਪੇ ਬਣਨ ਵਿਚ ਤੁਹਾਡੀ ਮਦਦ ਕੀਤੀ ਹੈ? ਤੁਸੀਂ ਖ਼ੁਸ਼ ਹੋ ਸਕਦੇ ਹੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਵਿਚ ਤਰੱਕੀ ਕੀਤੀ।

4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

4 ਅਸੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਆਪਣੀ ਤਰੱਕੀ ਕਰਕੇ ਖ਼ੁਸ਼ ਹੋਣ ਅਤੇ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਵੇਂ ਮਾਪੇ ਆਪਣੇ ਬੱਚਿਆਂ ਦੀ ਅਤੇ ਪਤੀ-ਪਤਨੀ ਇਕ-ਦੂਜੇ ਦੀ ਮਦਦ ਕਰ ਸਕਦੇ ਹਨ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਬਜ਼ੁਰਗ ਅਤੇ ਹੋਰ ਮਸੀਹੀ ਕਿਵੇਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਅਖ਼ੀਰ ਵਿਚ ਅਸੀਂ ਬਾਈਬਲ ਦੇ ਕੁਝ ਅਸੂਲਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਮੁਤਾਬਕ ਟੀਚੇ ਰੱਖ ਸਕਦੇ ਹਾਂ।

ਮਾਪੇ ਅਤੇ ਪਤੀ-ਪਤਨੀ ਕੀ ਕਰ ਸਕਦੇ ਹਨ?

ਮਾਪਿਓ, ਆਪਣੇ ਹਰ ਬੱਚੇ ਦੀ ਮਿਹਨਤ ਲਈ ਤਾਰੀਫ਼ ਕਰੋ (ਪੈਰੇ 5-6 ਦੇਖੋ) *

5. ਅਫ਼ਸੀਆਂ 6:4 ਮੁਤਾਬਕ ਮਾਪਿਆਂ ਨੂੰ ਕੀ ਨਹੀਂ ਕਰਨਾ ਚਾਹੀਦਾ?

5 ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਕ ਬੱਚੇ ਦੀ ਤੁਲਨਾ ਦੂਜੇ ਨਾਲ ਨਾ ਕਰਨ ਜਾਂ ਉਸ ਤੋਂ ਜ਼ਿਆਦਾ ਉਮੀਦਾਂ ਨਾ ਰੱਖਣ। ਜੇ ਮਾਪੇ ਇੱਦਾਂ ਕਰਦੇ ਹਨ, ਤਾਂ ਬੱਚਾ ਖਿੱਝ ਸਕਦਾ ਹੈ। (ਅਫ਼ਸੀਆਂ 6:4 ਪੜ੍ਹੋ।) ਸਾਚੀਕੋ * ਨਾਂ ਦੀ ਭੈਣ ਕਹਿੰਦੀ ਹੈ: “ਮੇਰੇ ਟੀਚਰ ਚਾਹੁੰਦੇ ਸਨ ਕਿ ਮੈਂ ਆਪਣੀ ਕਲਾਸ ਦੇ ਬੱਚਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਬਣਾਂ। ਨਾਲੇ ਮੇਰੇ ਮੰਮੀ ਚਾਹੁੰਦੇ ਸਨ ਕਿ ਮੈਂ ਸਕੂਲ ਵਿਚ ਸਾਰਿਆਂ ਨਾਲੋਂ ਜ਼ਿਆਦਾ ਨੰਬਰ ਲਵਾਂ ਤਾਂਕਿ ਮੈਂ ਆਪਣੇ ਟੀਚਰ ਅਤੇ ਅਵਿਸ਼ਵਾਸੀ ਡੈਡੀ ਨੂੰ ਗਵਾਹੀ ਦੇ ਸਕਾਂ। ਅਸਲ ਵਿਚ ਉਹ ਚਾਹੁੰਦੇ ਸਨ ਕਿ ਮੈਂ ਪੇਪਰਾਂ ਵਿਚ 100 ਪ੍ਰਤਿਸ਼ਤ ਨੰਬਰ ਲਵਾਂ ਜੋ ਕਿ ਨਾਮੁਮਕਿਨ ਸੀ। ਭਾਵੇਂ ਸਕੂਲ ਛੱਡਿਆਂ ਮੈਨੂੰ ਕਈ ਸਾਲ ਹੋ ਗਏ ਹਨ, ਪਰ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਜਿੰਨੀ ਮਰਜ਼ੀ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਾਂ, ਉਹ ਉਸ ਤੋਂ ਖ਼ੁਸ਼ ਨਹੀਂ ਹੁੰਦਾ।”

6. ਜ਼ਬੂਰ 131:1, 2 ਤੋਂ ਮਾਪੇ ਕੀ ਸਿੱਖ ਸਕਦੇ ਹਨ?

6 ਜ਼ਬੂਰ 131:1, 2 (ਪੜ੍ਹੋ।) ਤੋਂ ਮਾਪੇ ਇਕ ਅਹਿਮ ਸਬਕ ਸਿੱਖ ਸਕਦੇ ਹਨ। ਰਾਜਾ ਦਾਊਦ ਨੇ ਕਿਹਾ ਸੀ ਕਿ ਉਹ “ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼” ਨਹੀਂ ਰੱਖਦਾ ਸੀ ਯਾਨੀ ਉਨ੍ਹਾਂ ਚੀਜ਼ਾਂ ਦੀ ਖ਼ਾਹਸ਼ ਜੋ ਉਸ ਦੀ ਪਹੁੰਚ ਤੋਂ ਬਾਹਰ ਸਨ। ਉਸ ਦੀ ਨਿਮਰਤਾ ਨੇ ਉਸ ਨੂੰ ‘ਸ਼ਾਂਤ ਕੀਤਾ ਅਤੇ ਚੁੱਪ ਕਰਾਇਆ’ ਕਿਉਂਕਿ ਉਹ ਆਪਣੀਆਂ ਹੱਦਾਂ ਪਛਾਣਦਾ ਸੀ। ਮਾਪੇ ਦਾਊਦ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਨ? ਮਾਪਿਆਂ ਨੂੰ ਨਿਮਰ ਰਹਿਣ ਅਤੇ ਆਪਣੀਆਂ ਹੱਦਾਂ ਪਛਾਣਨ ਦੀ ਲੋੜ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਆਪਣੇ ਆਪ ਤੋਂ, ਸਗੋਂ ਬੱਚਿਆਂ ਤੋਂ ਵੀ ਜ਼ਿਆਦਾ ਉਮੀਦਾਂ ਨਹੀਂ ਰੱਖਣਗੇ। ਜਦੋਂ ਮਾਪੇ ਬੱਚੇ ਦੀ ਟੀਚੇ ਰੱਖਣ ਵਿਚ ਮਦਦ ਕਰਦੇ ਹਨ, ਤਾਂ ਉਹ ਉਨ੍ਹਾਂ ਦੀਆਂ ਖ਼ੂਬੀਆਂ ਅਤੇ ਕਮੀਆਂ-ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖ ਸਕਦੇ ਹਨ। ਮਾਰੀਨਾ ਨਾਂ ਦੀ ਭੈਣ ਕਹਿੰਦੀ ਹੈ: “ਮੰਮੀ ਨੇ ਕਦੇ ਵੀ ਮੇਰੀ ਤੁਲਨਾ ਮੇਰੇ ਤਿੰਨ ਭਰਾਵਾਂ ਜਾਂ ਦੂਜੇ ਬੱਚਿਆਂ ਨਾਲ ਨਹੀਂ ਕੀਤੀ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਸਾਰਿਆਂ ਵਿਚ ਵੱਖੋ-ਵੱਖਰੀਆਂ ਕਾਬਲੀਅਤਾਂ ਹਨ ਅਤੇ ਯਹੋਵਾਹ ਹਰੇਕ ਨੂੰ ਅਨਮੋਲ ਸਮਝਦਾ ਹੈ। ਉਨ੍ਹਾਂ ਦੀ ਮਦਦ ਸਦਕਾ ਮੈਂ ਆਪਣੀ ਤੁਲਨਾ ਦੂਸਰਿਆਂ ਨਾਲ ਘੱਟ ਹੀ ਕਰਦੀ ਹਾਂ।”

7-8. ਇਕ ਪਤੀ ਆਪਣੀ ਪਤਨੀ ਦੀ ਇੱਜ਼ਤ ਕਿਵੇਂ ਕਰ ਸਕਦਾ ਹੈ?

7 ਇਕ ਮਸੀਹੀ ਪਤੀ ਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਚਾਹੀਦੀ ਹੈ। (1 ਪਤ. 3:7) ਇਸ ਦਾ ਮਤਲਬ ਹੈ ਕਿ ਉਹ ਆਪਣੀ ਪਤਨੀ ਨੂੰ ਸਮਾਂ ਦੇਵੇਗਾ, ਉਸ ਵੱਲ ਧਿਆਨ ਦੇਵੇਗਾ ਅਤੇ ਉਸ ਦੀ ਕਦਰ ਕਰੇਗਾ। ਉਹ ਉਸ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖੇਗਾ। ਨਾਲੇ ਉਹ ਆਪਣੀ ਪਤਨੀ ਦੀ ਤੁਲਨਾ ਦੂਸਰੀਆਂ ਔਰਤਾਂ ਨਾਲ ਨਹੀਂ ਕਰੇਗਾ। ਜੇ ਉਹ ਇੱਦਾਂ ਕਰਦਾ ਹੈ, ਤਾਂ ਉਸ ਦੀ ਪਤਨੀ ਨੂੰ ਕਿਵੇਂ ਲੱਗੇਗਾ? ਰੋਸਾ ਨਾਂ ਦੀ ਭੈਣ ਦਾ ਅਵਿਸ਼ਵਾਸੀ ਪਤੀ ਅਕਸਰ ਉਸ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਦਾ ਹੈ। ਉਸ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਰੋਸਾ ਖ਼ੁਦ ਨੂੰ ਬੇਕਾਰ ਸਮਝਣ ਲੱਗ ਪਈ। ਉਹ ਕਹਿੰਦੀ ਹੈ: “ਮੈਨੂੰ ਆਪਣੇ ਆਪ ਨੂੰ ਵਾਰ-ਵਾਰ ਭਰੋਸਾ ਦਿਵਾਉਣਾ ਪੈਂਦਾ ਹੈ ਕਿ ਯਹੋਵਾਹ ਮੈਨੂੰ ਅਨਮੋਲ ਸਮਝਦਾ ਹੈ।” ਇਸ ਦੇ ਉਲਟ, ਇਕ ਮਸੀਹੀ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ। ਉਹ ਜਾਣਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਉਸ ਦਾ ਆਪਣੀ ਪਤਨੀ ਨਾਲ ਰਿਸ਼ਤੇ ’ਤੇ ਅਸਰ ਪਵੇਗਾ, ਸਗੋਂ ਯਹੋਵਾਹ ਨਾਲ ਵੀ ਉਸ ਦੇ ਰਿਸ਼ਤੇ ’ਤੇ ਅਸਰ ਪਵੇਗਾ। *

8 ਆਪਣੀ ਪਤਨੀ ਦੀ ਇੱਜ਼ਤ ਕਰਨ ਵਾਲਾ ਪਤੀ ਉਸ ਦੀ ਤਾਰੀਫ਼ ਕਰਦਾ ਹੈ, ਉਸ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਉਂਦਾ ਹੈ ਅਤੇ ਉਸ ਨੂੰ ਅਹਿਮ ਸਮਝਦਾ ਹੈ। (ਕਹਾ. 31:28) ਪਿਛਲੇ ਲੇਖ ਵਿਚ ਜ਼ਿਕਰ ਕੀਤੀ ਕੈਟਰੀਨਾ ਦੇ ਪਤੀ ਨੇ ਉਸ ਦੀ ਮਦਦ ਕੀਤੀ ਜਦੋਂ ਉਹ ਆਪਣੇ ਆਪ ਨੂੰ ਬੇਕਾਰ ਸਮਝਣ ਲੱਗ ਪਈ ਸੀ। ਉਹ ਜਦੋਂ ਛੋਟੀ ਹੁੰਦੀ ਸੀ, ਤਾਂ ਉਸ ਦੀ ਮੰਮੀ ਅਕਸਰ ਉਸ ਨੂੰ ਨੀਵਾਂ ਦਿਖਾਉਂਦੀ ਸੀ ਅਤੇ ਉਸ ਦੀ ਤੁਲਨਾ ਉਸ ਦੀਆਂ ਸਹੇਲੀਆਂ ਤੇ ਬਾਕੀ ਕੁੜੀਆਂ ਨਾਲ ਕਰਦੀ ਸੀ। ਨਤੀਜੇ ਵਜੋਂ, ਕੈਟਰੀਨਾ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਲੱਗ ਪਈ, ਇੱਥੋਂ ਤਕ ਕਿ ਸੱਚਾਈ ਵਿਚ ਆਉਣ ਤੋਂ ਬਾਅਦ ਵੀ। ਪਰ ਉਸ ਦੇ ਮਸੀਹੀ ਪਤੀ ਨੇ ਉਸ ਦੀ ਮਦਦ ਕੀਤੀ ਕਿ ਉਹ ਆਪਣੀ ਤੁਲਨਾ ਹੋਰਾਂ ਨਾਲ ਨਾ ਕਰੇ ਅਤੇ ਆਪਣੇ ਬਾਰੇ ਸਹੀ ਨਜ਼ਰੀਆ ਰੱਖੇ। ਉਹ ਦੱਸਦੀ ਹੈ: “ਉਹ ਮੈਨੂੰ ਪਿਆਰ ਕਰਦੇ ਹਨ, ਮੇਰੇ ਚੰਗੇ ਕੰਮਾਂ ਲਈ ਮੇਰੀ ਤਾਰੀਫ਼ ਕਰਦੇ ਹਨ ਅਤੇ ਮੇਰੇ ਲਈ ਪ੍ਰਾਰਥਨਾ ਕਰਦੇ ਹਨ। ਉਹ ਮੈਨੂੰ ਯਹੋਵਾਹ ਦੇ ਸ਼ਾਨਦਾਰ ਗੁਣ ਯਾਦ ਕਰਾਉਂਦੇ ਹਨ ਅਤੇ ਮੇਰੀ ਗ਼ਲਤ ਸੋਚ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ।”

ਬਜ਼ੁਰਗ ਅਤੇ ਹੋਰ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?

9-10. ਪਰਵਾਹ ਦਿਖਾਉਣ ਵਾਲੇ ਬਜ਼ੁਰਗਾਂ ਨੇ ਇਕ ਭੈਣ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੇ?

9 ਬਜ਼ੁਰਗ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਨ ਜੋ ਆਪਣੀ ਤੁਲਨਾ ਦੂਸਰਿਆਂ ਨਾਲ ਕਰਦੇ ਹਨ? ਹਾਨੂੰਨੀ ਨਾਂ ਦੀ ਭੈਣ ਦੇ ਤਜਰਬੇ ’ਤੇ ਗੌਰ ਕਰੋ ਜਿਸ ਦੀ ਛੋਟੇ ਹੁੰਦਿਆਂ ਘੱਟ ਹੀ ਕਿਸੇ ਨੇ ਤਾਰੀਫ਼ ਕੀਤੀ ਸੀ। ਉਹ ਦੱਸਦੀ ਹੈ: “ਮੈਂ ਸ਼ਰਮੀਲੇ ਸੁਭਾਅ ਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਦੂਜੇ ਬੱਚੇ ਮੇਰੇ ਨਾਲੋਂ ਚੰਗੇ ਹਨ। ਮੈਂ ਛੋਟੇ ਹੁੰਦਿਆਂ ਤੋਂ ਹੀ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਲੱਗ ਪਈ।” ਸੱਚਾਈ ਵਿਚ ਆਉਣ ਤੋਂ ਬਾਅਦ ਵੀ ਹਾਨੂੰਨੀ ਆਪਣੀ ਤੁਲਨਾ ਦੂਜਿਆਂ ਨਾਲ ਕਰਦੀ ਹੈ। ਨਤੀਜੇ ਵਜੋਂ, ਉਸ ਨੂੰ ਲੱਗਦਾ ਹੈ ਕਿ ਮੰਡਲੀ ਵਿਚ ਉਸ ਦੀ ਕੋਈ ਅਹਿਮੀਅਤ ਨਹੀਂ। ਪਰ ਹੁਣ ਉਹ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕਰ ਰਹੀ ਹੈ। ਉਸ ਨੇ ਆਪਣੇ ਨਜ਼ਰੀਏ ਨੂੰ ਕਿਵੇਂ ਬਦਲਿਆ?

10 ਹਾਨੂੰਨੀ ਕਹਿੰਦੀ ਹੈ ਕਿ ਬਜ਼ੁਰਗਾਂ ਨੇ ਉਸ ਦੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਡਲੀ ਵਿਚ ਉਸ ਦੀ ਅਹਿਮੀਅਤ ਹੈ ਅਤੇ ਉਸ ਦੀ ਤਾਰੀਫ਼ ਕੀਤੀ ਕਿ ਉਹ ਵਫ਼ਾਦਾਰੀ ਦੀ ਇਕ ਚੰਗੀ ਮਿਸਾਲ ਹੈ। ਉਹ ਲਿਖਦੀ ਹੈ: “ਕਦੇ-ਕਦੇ ਬਜ਼ੁਰਗ ਮੈਨੂੰ ਕੁਝ ਭੈਣਾਂ ਦਾ ਹੌਸਲਾ ਵਧਾਉਣ ਲਈ ਕਹਿੰਦੇ ਸਨ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ। ਇਨ੍ਹਾਂ ਜ਼ਿੰਮੇਵਾਰੀਆਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੀ ਵੀ ਕੋਈ ਅਹਿਮੀਅਤ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਕੁਝ ਜਵਾਨ ਭੈਣਾਂ ਦਾ ਹੌਸਲਾ ਵਧਾਇਆ ਸੀ, ਤਾਂ ਬਜ਼ੁਰਗਾਂ ਨੇ ਮੇਰਾ ਧੰਨਵਾਦ ਕੀਤਾ ਸੀ। ਫਿਰ ਉਨ੍ਹਾਂ ਨੇ ਮੈਨੂੰ 1 ਥੱਸਲੁਨੀਕੀਆਂ 1:2, 3 ਪੜ੍ਹ ਕੇ ਸੁਣਾਇਆ ਅਤੇ ਇਹ ਆਇਤਾਂ ਮੇਰੇ ਦਿਲ ਨੂੰ ਛੂਹ ਗਈਆਂ! ਇਨ੍ਹਾਂ ਪਰਵਾਹ ਦਿਖਾਉਣ ਵਾਲੇ ਬਜ਼ੁਰਗਾਂ ਦੀ ਮਦਦ ਸਦਕਾ ਹੁਣ ਮੈਂ ਸੋਚਦੀ ਹਾਂ ਕਿ ਯਹੋਵਾਹ ਦੇ ਸੰਗਠਨ ਵਿਚ ਮੇਰੀ ਵੀ ਇਕ ਅਹਿਮ ਜਗ੍ਹਾ ਹੈ।”

11. ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਯਸਾਯਾਹ 57:15 ਮੁਤਾਬਕ “ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ”?

11 ਯਸਾਯਾਹ 57:15 ਪੜ੍ਹੋ। ਯਹੋਵਾਹ ਉਨ੍ਹਾਂ ਦੀ ਬਹੁਤ ਪਰਵਾਹ ਕਰਦਾ ਹੈ “ਜੋ ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ।” ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੂੰ ਸਿਰਫ਼ ਬਜ਼ੁਰਗ ਹੀ ਨਹੀਂ, ਸਗੋਂ ਅਸੀਂ ਸਾਰੇ ਜਣੇ ਹੌਸਲਾ ਦੇ ਸਕਦੇ ਹਾਂ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਉਨ੍ਹਾਂ ਵਿਚ ਦਿਲੋਂ ਦਿਲਚਸਪੀ ਲਈਏ। ਯਹੋਵਾਹ ਚਾਹੁੰਦਾ ਹੈ ਕਿ ਉਸ ਦੀਆਂ ਅਨਮੋਲ ਭੇਡਾਂ ਨੂੰ ਅਸੀਂ ਉਸ ਦੇ ਪਿਆਰ ਦਾ ਅਹਿਸਾਸ ਕਰਾਈਏ। (ਕਹਾ. 19:17) ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਨਿਮਰ ਰਹਾਂਗੇ ਅਤੇ ਆਪਣੀਆਂ ਕਾਬਲੀਅਤਾਂ ’ਤੇ ਸ਼ੇਖ਼ੀਆਂ ਨਹੀਂ ਮਾਰਾਂਗੇ। ਅਸੀਂ ਦੂਸਰਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਾਂਗੇ ਜਿਸ ਕਰਕੇ ਉਨ੍ਹਾਂ ਦੇ ਦਿਲ ਵਿਚ ਈਰਖਾ ਪੈਦਾ ਹੋ ਸਕਦੀ ਹੈ। ਇਸ ਦੀ ਬਜਾਇ, ਅਸੀਂ ਆਪਣੀਆਂ ਕਾਬਲੀਅਤਾਂ ਅਤੇ ਗਿਆਨ ਨੂੰ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ਵਰਤਾਂਗੇ।​—1 ਪਤ. 4:10, 11.

ਯਿਸੂ ਦੇ ਚੇਲੇ ਉਸ ਵੱਲ ਖਿੱਚੇ ਆਉਂਦੇ ਸਨ ਕਿਉਂਕਿ ਉਹ ਆਪਣੇ ਆਪ ਨੂੰ ਕਦੇ ਵੀ ਉਨ੍ਹਾਂ ਤੋਂ ਬਿਹਤਰ ਨਹੀਂ ਸਮਝਦਾ ਸੀ। ਉਸ ਨੂੰ ਆਪਣੇ ਦੋਸਤਾਂ ਨਾਲ ਸਮਾਂ ਗੁਜ਼ਾਰਨਾ ਵਧੀਆ ਲੱਗਦਾ ਸੀ (ਪੈਰਾ 12 ਦੇਖੋ)

12. ਆਮ ਲੋਕ ਯਿਸੂ ਵੱਲ ਕਿਉਂ ਖਿੱਚੇ ਆਉਂਦੇ ਸਨ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

12 ਸਾਨੂੰ ਦੂਸਰਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ, ਇਹ ਅਸੀਂ ਯਿਸੂ ਦੇ ਆਪਣੇ ਚੇਲਿਆਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਸਿੱਖ ਸਕਦੇ ਹਾਂ। ਭਾਵੇਂ ਉਹ ਧਰਤੀ ’ਤੇ ਸਭ ਤੋਂ ਮਹਾਨ ਇਨਸਾਨ ਸੀ, ਫਿਰ ਵੀ ਉਹ “ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ” ਸੀ। (ਮੱਤੀ 11:28-30) ਉਸ ਨੇ ਦਿਖਾਵਾ ਨਹੀਂ ਕੀਤਾ ਕਿ ਉਹ ਸਭ ਤੋਂ ਬੁੱਧੀਮਾਨ ਸੀ ਅਤੇ ਉਸ ਕੋਲ ਬਹੁਤ ਗਿਆਨ ਸੀ। ਉਸ ਨੇ ਸੌਖੀ ਭਾਸ਼ਾ ਅਤੇ ਅਸਰਕਾਰੀ ਮਿਸਾਲਾਂ ਵਰਤ ਕੇ ਲੋਕਾਂ ਦੇ ਦਿਲਾਂ ਨੂੰ ਛੂਹਿਆ। (ਲੂਕਾ 10:21) ਘਮੰਡੀ ਧਾਰਮਿਕ ਆਗੂਆਂ ਤੋਂ ਉਲਟ, ਯਿਸੂ ਨੇ ਕਦੇ ਵੀ ਦੂਜਿਆਂ ਨੂੰ ਇਹ ਮਹਿਸੂਸ ਨਹੀਂ ਕਰਾਇਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਸੀ। (ਯੂਹੰ. 6:37) ਇਸ ਦੀ ਬਜਾਇ, ਉਹ ਆਮ ਲੋਕਾਂ ਨਾਲ ਆਦਰ ਨਾਲ ਪੇਸ਼ ਆਇਆ।

13. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਨਾਲ ਪਿਆਰ ਕਰਦਾ ਸੀ?

13 ਯਿਸੂ ਆਪਣੇ ਚੇਲਿਆਂ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਉਸ ਤੋਂ ਉਸ ਦਾ ਪਿਆਰ ਅਤੇ ਦਇਆ ਝਲਕਦੀ ਹੈ। ਉਹ ਜਾਣਦਾ ਸੀ ਕਿ ਉਨ੍ਹਾਂ ਦੇ ਹਾਲਾਤ ਅਤੇ ਯੋਗਤਾਵਾਂ ਵੱਖੋ-ਵੱਖਰੀਆਂ ਸਨ। ਇਸ ਲਈ ਇਕ ਚੇਲਾ ਜਿੰਨਾ ਕਰ ਸਕਦਾ ਸੀ, ਉੱਨਾ ਸ਼ਾਇਦ ਦੂਸਰਾ ਨਾ ਕਰ ਸਕਦਾ ਹੋਵੇ। ਫਿਰ ਵੀ ਯਿਸੂ ਹਰੇਕ ਚੇਲੇ ਦੀ ਮਿਹਨਤ ਦੇਖ ਕੇ ਖ਼ੁਸ਼ ਹੁੰਦਾ ਸੀ। ਅਸੀਂ ਇਹ ਗੱਲ ਯਿਸੂ ਦੀ ਪੈਸਿਆਂ ਦੀਆਂ ਥੈਲੀਆਂ ਬਾਰੇ ਦਿੱਤੀ ਮਿਸਾਲ ਤੋਂ ਦੇਖ ਸਕਦੇ ਹਾਂ। ਇਸ ਮਿਸਾਲ ਵਿਚ ਮਾਲਕ ਨੇ “ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ” ਕੰਮ ਦਿੱਤਾ। ਇਕ ਮਿਹਨਤੀ ਨੌਕਰ ਨੇ ਦੂਜੇ ਨਾਲੋਂ ਜ਼ਿਆਦਾ ਕਮਾਈ ਕੀਤੀ। ਪਰ ਮਾਲਕ ਨੇ ਦੋਹਾਂ ਦੀ ਤਾਰੀਫ਼ ਕਰਨ ਲਈ ਇੱਕੋ ਜਿਹੇ ਸ਼ਬਦ ਕਹੇ: “ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ!”​—ਮੱਤੀ 25:14-23.

14. ਅਸੀਂ ਯਿਸੂ ਵਾਂਗ ਦੂਜਿਆਂ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?

14 ਯਿਸੂ ਸਾਡੇ ਨਾਲ ਵੀ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਹੈ। ਉਹ ਜਾਣਦਾ ਹੈ ਕਿ ਸਾਡੀਆਂ ਯੋਗਤਾਵਾਂ ਅਤੇ ਹਾਲਾਤ ਵੱਖੋ-ਵੱਖਰੇ ਹਨ। ਉਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ। ਸਾਨੂੰ ਵੀ ਦੂਜਿਆਂ ਨਾਲ ਯਿਸੂ ਵਾਂਗ ਪੇਸ਼ ਆਉਣਾ ਚਾਹੀਦਾ ਹੈ। ਅਸੀਂ ਕਦੇ ਵੀ ਆਪਣੇ ਕਿਸੇ ਭੈਣ ਜਾਂ ਭਰਾ ਨੂੰ ਇਸ ਲਈ ਨਿਕੰਮਾ ਜਾਂ ਸ਼ਰਮਿੰਦਾ ਮਹਿਸੂਸ ਨਹੀਂ ਕਰਾਵਾਂਗੇ ਕਿਉਂਕਿ ਉਹ ਦੂਜਿਆਂ ਜਿੰਨੀ ਸੇਵਾ ਨਹੀਂ ਕਰ ਸਕਦਾ। ਇਸ ਦੀ ਬਜਾਇ, ਉਹ ਯਹੋਵਾਹ ਦੀ ਸੇਵਾ ਵਿਚ ਜਿੰਨਾ ਕਰ ਰਿਹਾ ਹੈ, ਉਸ ਦੇ ਲਈ ਆਓ ਆਪਾਂ ਉਸ ਦੀ ਤਾਰੀਫ਼ ਕਰਨ ਦੇ ਮੌਕੇ ਭਾਲੀਏ।

ਉਹ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ

ਢੁਕਵੇਂ ਟੀਚੇ ਰੱਖੇ ਅਤੇ ਇਨ੍ਹਾਂ ਨੂੰ ਹਾਸਲ ਕਰ ਕੇ ਖ਼ੁਸ਼ ਹੋਵੋ (ਪੈਰੇ 15-16 ਦੇਖੋ) *

15-16. ਢੁਕਵੇਂ ਟੀਚੇ ਰੱਖਣ ਨਾਲ ਇਕ ਭੈਣ ਨੂੰ ਕਿਵੇਂ ਫ਼ਾਇਦਾ ਹੋਇਆ?

15 ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਦੇ ਹਾਂ, ਤਾਂ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ। ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਮੁਤਾਬਕ ਟੀਚੇ ਰੱਖੀਏ। ਜੇ ਅਸੀਂ ਦੂਸਰਿਆਂ ਦੀਆਂ ਕਾਬਲੀਅਤਾਂ ਅਤੇ ਹਾਲਾਤਾਂ ਮੁਤਾਬਕ ਟੀਚੇ ਰੱਖਾਂਗੇ, ਤਾਂ ਸਾਡੇ ਹੱਥ ਨਿਰਾਸ਼ਾ ਲੱਗੇਗੀ। (ਲੂਕਾ 14:28) ਆਓ ਆਪਾਂ ਮੀਡੋਰੀ ਨਾਂ ਦੀ ਪਾਇਨੀਅਰ ਭੈਣ ਦੀ ਮਿਸਾਲ ’ਤੇ ਗੌਰ ਕਰੀਏ।

16 ਮੀਡੋਰੀ ਦਾ ਡੈਡੀ ਗਵਾਹ ਨਹੀਂ ਹੈ। ਜਦੋਂ ਮੀਡੋਰੀ ਛੋਟੀ ਹੁੰਦੀ ਸੀ, ਤਾਂ ਉਸ ਦਾ ਡੈਡੀ ਉਸ ਦੀ ਬੇਇੱਜ਼ਤੀ ਕਰਨ ਲਈ ਕਹਿੰਦਾ ਸੀ ਕਿ ਉਸ ਦੇ ਭੈਣ-ਭਰਾ ਅਤੇ ਕਲਾਸ ਦੇ ਹੋਰ ਬੱਚੇ ਉਸ ਨਾਲੋਂ ਬਿਹਤਰ ਸਨ। ਮੀਡੋਰੀ ਕਹਿੰਦੀ ਹੈ: “ਮੈਨੂੰ ਲੱਗਾ ਕਿ ਮੈਂ ਬੇਕਾਰ ਹਾਂ।” ਪਰ ਜਿਵੇਂ-ਜਿਵੇਂ ਉਹ ਵੱਡੀ ਹੋਈ, ਤਾਂ ਉਸ ਦਾ ਆਪਣੇ ’ਤੇ ਭਰੋਸਾ ਵਧਣ ਲੱਗਾ। ਉਹ ਕਹਿੰਦੀ ਹੈ: “ਮੈਂ ਹਰ ਰੋਜ਼ ਬਾਈਬਲ ਪੜ੍ਹਨ ਲੱਗ ਪਈ ਤਾਂਕਿ ਮੈਨੂੰ ਮਨ ਦੀ ਸ਼ਾਂਤੀ ਮਿਲੇ ਅਤੇ ਮੈਂ ਯਹੋਵਾਹ ਦੇ ਪਿਆਰ ਨੂੰ ਮਹਿਸੂਸ ਕਰ ਸਕਾਂ।” ਇਸ ਤੋਂ ਇਲਾਵਾ, ਉਸ ਨੇ ਢੁਕਵੇਂ ਟੀਚੇ ਰੱਖੇ ਅਤੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਉਸ ਨੇ ਪ੍ਰਾਰਥਨਾ ਵੀ ਕੀਤੀ। ਨਤੀਜੇ ਵਜੋਂ, ਮੀਡੋਰੀ ਯਹੋਵਾਹ ਦੀ ਸੇਵਾ ਵਿਚ ਕੀਤੀ ਆਪਣੀ ਤਰੱਕੀ ਕਰਕੇ ਖ਼ੁਸ਼ ਹੈ।

ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਰਹੋ

17. ਅਸੀਂ ਕਿਵੇਂ “ਆਪਣੀ ਸੋਚ ਨੂੰ ਨਵਾਂ ਬਣਾਉਂਦੇ” ਰਹਿ ਸਕਦੇ ਹਾਂ ਅਤੇ ਇਸ ਦੇ ਕੀ ਨਤੀਜੇ ਨਿਕਲਣਗੇ?

17 ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਅਤੇ ਖ਼ਿਆਲ ਰਾਤੋ-ਰਾਤ ਸਾਡੇ ਮਨਾਂ ਵਿੱਚੋਂ ਨਹੀਂ ਨਿਕਲਣਗੇ। ਇਸ ਲਈ ਯਹੋਵਾਹ ਕਹਿੰਦਾ ਹੈ: “ਤੁਸੀਂ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ।” (ਅਫ਼. 4:23, 24) ਇੱਦਾਂ ਕਰਨ ਲਈ ਸਾਨੂੰ ਪ੍ਰਾਰਥਨਾ ਕਰਨ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਦੇ ਰਹੋ ਅਤੇ ਯਹੋਵਾਹ ਤੋਂ ਤਾਕਤ ਮੰਗਦੇ ਰਹੋ। ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਤੋਂ ਬਚਾਂਗੇ। ਯਹੋਵਾਹ ਸਾਡੀ ਇਹ ਵੀ ਦੇਖਣ ਵਿਚ ਮਦਦ ਕਰੇਗਾ ਕਿ ਸਾਡੇ ਦਿਲ ਵਿਚ ਈਰਖਾ ਜਾਂ ਘਮੰਡ ਜੜ੍ਹ ਤਾਂ ਨਹੀਂ ਫੜ ਰਿਹਾ। ਜੇ ਹਾਂ, ਤਾਂ ਉਹ ਇਸ ਨੂੰ ਜੜ੍ਹੋਂ ਪੁੱਟਣ ਵਿਚ ਸਾਡੀ ਮਦਦ ਕਰੇਗਾ।

18. ਦੂਜਾ ਇਤਿਹਾਸ 6:29, 30 ਦੇ ਸ਼ਬਦਾਂ ਤੋਂ ਸਾਨੂੰ ਕਿਵੇਂ ਦਿਲਾਸਾ ਮਿਲਦਾ ਹੈ?

18 ਦੂਜਾ ਇਤਿਹਾਸ 6:29, 30 ਪੜ੍ਹੋ। ਯਹੋਵਾਹ ਸਾਡੇ ਦਿਲਾਂ ਨੂੰ ਪੜ੍ਹ ਸਕਦਾ ਹੈ। ਉਹ ਜਾਣਦਾ ਹੈ ਕਿ ਅਸੀਂ ਇਸ ਦੁਨੀਆਂ ਦੀ ਹਵਾ ਤੋਂ ਬਚਣ ਲਈ ਕਿੰਨੀ ਜੱਦੋ-ਜਹਿਦ ਕਰਦੇ ਹਾਂ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਦੇ ਹਾਂ। ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਇਨ੍ਹਾਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਕਿੰਨਾ ਸੰਘਰਸ਼ ਕਰ ਰਹੇ ਹਾਂ, ਤਾਂ ਉਹ ਸਾਨੂੰ ਹੋਰ ਪਿਆਰ ਕਰਨ ਲੱਗ ਪੈਂਦਾ ਹੈ।

19. ਯਹੋਵਾਹ ਨੇ ਕਿਹੜੀ ਮਿਸਾਲ ਦੇ ਕੇ ਸਮਝਾਇਆ ਕਿ ਉਹ ਸਾਨੂੰ ਪਿਆਰ ਕਰਦਾ ਹੈ?

19 ਯਹੋਵਾਹ ਸਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਇਸ ਗੱਲ ਨੂੰ ਸਮਝਾਉਣ ਲਈ ਉਸ ਨੇ ਇਕ ਮਾਂ ਦੀ ਮਮਤਾ ਦੀ ਮਿਸਾਲ ਦਿੱਤੀ। (ਯਸਾ. 49:15) ਰੇਚਲ ਨਾਂ ਦੀ ਇਕ ਮਾਂ ਦੱਸਦੀ ਹੈ: “ਮੇਰੀ ਧੀ ਸਟੈਫ਼ਨੀ ਦਾ ਜਨਮ ਸਮੇਂ ਤੋਂ ਪਹਿਲਾਂ ਹੀ ਹੋ ਗਿਆ ਸੀ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ, ਤਾਂ ਉਹ ਨਿੱਕੀ ਜਿਹੀ ਤੇ ਬੇਬੱਸ ਲੱਗ ਰਹੀ ਸੀ। ਹਸਪਤਾਲ ਵਾਲਿਆਂ ਨੇ ਉਸ ਨੂੰ ਇਕ ਮਹੀਨੇ ਲਈ ਇਨਕਿਊਬੇਟਰ ਮਸ਼ੀਨ ਵਿਚ ਰੱਖਿਆ ਸੀ, ਪਰ ਮੈਂ ਹਰ ਰੋਜ਼ ਉਸ ਨੂੰ ਗੋਦੀ ਵਿਚ ਲੈ ਸਕਦੀ ਸੀ। ਉਸ ਸਮੇਂ ਦੌਰਾਨ ਸਾਡੇ ਦੋਹਾਂ ਵਿਚ ਗਹਿਰਾ ਲਗਾਅ ਹੋ ਗਿਆ। ਹੁਣ ਸਟੈਫ਼ਨੀ 6 ਸਾਲਾਂ ਦੀ ਹੈ ਅਤੇ ਆਪਣੀ ਉਮਰ ਦੇ ਬੱਚਿਆਂ ਨਾਲੋਂ ਛੋਟੀ ਲੱਗਦੀ ਹੈ। ਪਰ ਮੈਂ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦੀ ਹਾਂ ਕਿਉਂਕਿ ਉਸ ਨੇ ਜੀਉਂਦੇ ਰਹਿਣ ਲਈ ਬਹੁਤ ਜੱਦੋ-ਜਹਿਦ ਕੀਤੀ ਹੈ। ਉਸ ਨੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਦਿੱਤੀ ਹੈ!” ਇਸੇ ਤਰ੍ਹਾਂ ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਨ ਲਈ ਕਿੰਨੀ ਜੱਦੋ-ਜਹਿਦ ਕਰਦੇ ਹਾਂ, ਤਾਂ ਉਹ ਵੀ ਸਾਨੂੰ ਗੂੜ੍ਹਾ ਪਿਆਰ ਕਰਦਾ ਹੈ। ਇਹ ਜਾਣ ਕੇ ਸਾਨੂੰ ਕਿੰਨਾ ਹੀ ਦਿਲਾਸਾ ਮਿਲਦਾ ਹੈ!

20. ਯਹੋਵਾਹ ਦੇ ਸਮਰਪਿਤ ਸੇਵਕ ਹੋਣ ਕਰਕੇ ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਿਹੜਾ ਕਾਰਨ ਹੈ?

20 ਯਹੋਵਾਹ ਦੇ ਸੇਵਕ ਹੋਣ ਕਰਕੇ ਤੁਸੀਂ ਉਸ ਦੇ ਪਰਿਵਾਰ ਦੇ ਅਨਮੋਲ ਜੀਅ ਹੋ। ਉਹ ਜਾਣਦਾ ਹੈ ਕਿ ਤੁਹਾਡੀ ਇਕ ਵੱਖਰੀ ਸ਼ਖ਼ਸੀਅਤ ਹੈ। ਯਹੋਵਾਹ ਨੇ ਤੁਹਾਨੂੰ ਆਪਣੇ ਵੱਲ ਇਸ ਲਈ ਨਹੀਂ ਖਿੱਚਿਆ ਕਿਉਂਕਿ ਤੁਸੀਂ ਆਪਣੇ ਗੁਆਂਢੀਆਂ ਨਾਲੋਂ ਚੰਗੇ ਹੋ, ਸਗੋਂ ਇਸ ਲਈ ਖਿੱਚਿਆ ਕਿਉਂਕਿ ਉਸ ਨੇ ਤੁਹਾਡਾ ਦਿਲ ਦੇਖਿਆ ਤੇ ਇਹ ਵੀ ਦੇਖਿਆ ਕਿ ਤੁਸੀਂ ਨਿਮਰ ਹੋ ਅਤੇ ਉਸ ਤੋਂ ਸਿੱਖਣ ਤੇ ਤਬਦੀਲੀਆਂ ਕਰਨ ਲਈ ਤਿਆਰ ਹੋ। (ਜ਼ਬੂ. 25:9) ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜਦੋਂ ਤੁਸੀਂ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਦੇ ਹੋ, ਤਾਂ ਉਹ ਤੁਹਾਡੀ ਕਿੰਨੀ ਕਦਰ ਕਰਦਾ ਹੈ। ਜਦੋਂ ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹੋ ਅਤੇ ਧੀਰਜ ਰੱਖਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ‘ਨੇਕ ਦਿਲ’ ਹੈ। (ਲੂਕਾ 8:15) ਇਸ ਲਈ ਤੁਸੀਂ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਰਹੋ। ਫਿਰ ਤੁਸੀਂ “ਆਪਣੇ ਕੰਮ ਤੋਂ ਖ਼ੁਸ਼” ਹੋਵੋਗੇ।

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

^ ਪੈਰਾ 5 ਯਹੋਵਾਹ ਸਾਡੀ ਤੁਲਨਾ ਦੂਜਿਆਂ ਨਾਲ ਨਹੀਂ ਕਰਦਾ। ਪਰ ਸਾਡੇ ਵਿੱਚੋਂ ਕੁਝ ਜਣੇ ਸ਼ਾਇਦ ਆਪਣੀ ਤੁਲਨਾ ਦੂਸਰਿਆਂ ਨਾਲ ਕਰਨ ਅਤੇ ਸੋਚਣ ਕਿ ਉਹ ਕਿਸੇ ਕੰਮ ਦੇ ਨਹੀਂ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਕਿਉਂ ਨੁਕਸਾਨਦੇਹ ਹੋ ਸਕਦੀ ਹੈ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤਾਂਕਿ ਉਹ ਆਪਣੇ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖਣ।

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

^ ਪੈਰਾ 7 ਭਾਵੇਂ ਇੱਥੇ ਅਸੀਂ ਪਤੀ ਦੀ ਗੱਲ ਕਰ ਰਹੇ ਹਾਂ, ਪਰ ਇਹੀ ਅਸੂਲ ਪਤਨੀਆਂ ’ਤੇ ਵੀ ਲਾਗੂ ਹੁੰਦੇ ਹਨ।

^ ਪੈਰਾ 58 ਤਸਵੀਰ ਬਾਰੇ ਜਾਣਕਾਰੀ: ਪਰਿਵਾਰਕ ਸਟੱਡੀ ਦੌਰਾਨ ਮਾਪੇ ਇਹ ਦੇਖ ਕੇ ਖ਼ੁਸ਼ ਹਨ ਕਿ ਹਰ ਬੱਚੇ ਨੇ ਨੂਹ ਦੀ ਕਿਸ਼ਤੀ ਵਿਚ ਰੱਖਣ ਲਈ ਕੀ ਕੁਝ ਬਣਾਇਆ ਹੈ। ਸਫ਼ਾ 24: ਇਕ ਇਕੱਲੀ ਮਾਂ, ਜਿਸ ਦਾ ਛੋਟਾ ਜਿਹਾ ਬੱਚਾ ਹੈ, ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਸ਼ਡਿਉਲ ਬਣਾ ਰਹੀ ਹੈ। ਉਹ ਖ਼ੁਸ਼ ਹੈ ਕਿ ਉਸ ਨੇ ਇਹ ਟੀਚਾ ਹਾਸਲ ਕਰ ਲਿਆ।

^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਇਕ ਇਕੱਲੀ ਮਾਂ, ਜਿਸ ਦਾ ਛੋਟਾ ਜਿਹਾ ਬੱਚਾ ਹੈ, ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਸ਼ਡਿਉਲ ਬਣਾ ਰਹੀ ਹੈ। ਉਹ ਖ਼ੁਸ਼ ਹੈ ਕਿ ਉਸ ਨੇ ਇਹ ਟੀਚਾ ਹਾਸਲ ਕਰ ਲਿਆ।