Skip to content

Skip to table of contents

ਅਧਿਐਨ ਲੇਖ 32

ਸਿਰਜਣਹਾਰ ’ਤੇ ਆਪਣੀ ਨਿਹਚਾ ਮਜ਼ਬੂਤ ਕਰੋ

ਸਿਰਜਣਹਾਰ ’ਤੇ ਆਪਣੀ ਨਿਹਚਾ ਮਜ਼ਬੂਤ ਕਰੋ

‘ਨਿਹਚਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਤੁਸੀਂ ਜਿਸ ਚੀਜ਼ ’ਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।’—ਇਬ. 11:1.

ਗੀਤ 11 ਸ੍ਰਿਸ਼ਟੀ ਵਧਾਉਂਦੀ ਰੱਬ ਦੀ ਸ਼ਾਨ

ਖ਼ਾਸ ਗੱਲਾਂ *

1. ਤੁਹਾਨੂੰ ਸਿਰਜਣਹਾਰ ਬਾਰੇ ਕੀ ਕੁਝ ਸਿਖਾਇਆ ਗਿਆ ਹੈ?

ਜੇ ਤੁਹਾਡੀ ਪਰਵਰਿਸ਼ ਯਹੋਵਾਹ ਦੇ ਗਵਾਹਾਂ ਦੇ ਪਰਿਵਾਰ ਵਿਚ ਹੋਈ ਹੈ, ਤਾਂ ਤੁਸੀਂ ਛੋਟੇ ਹੁੰਦਿਆਂ ਤੋਂ ਹੀ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ ਹੋਵੇਗਾ। ਤੁਹਾਨੂੰ ਸਿਖਾਇਆ ਗਿਆ ਕਿ ਉਹ ਸਾਡਾ ਸਿਰਜਣਹਾਰ ਹੈ ਤੇ ਉਹ ਸ਼ਾਨਦਾਰ ਗੁਣਾਂ ਦਾ ਮਾਲਕ ਹੈ ਅਤੇ ਉਸ ਨੇ ਇਨਸਾਨਾਂ ਲਈ ਬਹੁਤ ਵਧੀਆ ਮਕਸਦ ਰੱਖਿਆ ਹੈ।—ਉਤ. 1:1; ਰਸੂ. 17:24-27.

2. ਸਿਰਜਣਹਾਰ ’ਤੇ ਭਰੋਸਾ ਕਰਨ ਵਾਲਿਆਂ ਬਾਰੇ ਕੁਝ ਲੋਕਾਂ ਦਾ ਕੀ ਵਿਚਾਰ ਹੈ?

2 ਪਰ ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਰੱਬ ਹੈ ਅਤੇ ਉਸ ਨੇ ਸਾਰਾ ਕੁਝ ਬਣਾਇਆ ਹੈ। ਉਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਸਾਰਾ ਕੁਝ ਆਪਣੇ ਆਪ ਹੀ ਬਣ ਗਿਆ ਅਤੇ ਹੌਲੀ-ਹੌਲੀ ਸਾਦੇ ਜਿਹੇ ਜੀਵਾਂ ਵਿਚ ਵਿਕਾਸ ਹੋਇਆ ਜਿਨ੍ਹਾਂ ਤੋਂ ਹੋਰ ਗੁੰਝਲਦਾਰ ਜੀਵ ਬਣ ਗਏ। ਇਸ ਧਾਰਣਾ ਨੂੰ ਮੰਨਣ ਵਾਲਿਆਂ ਵਿੱਚੋਂ ਕੁਝ ਲੋਕ ਬਹੁਤ ਪੜ੍ਹੇ-ਲਿਖੇ ਹਨ। ਉਹ ਸ਼ਾਇਦ ਇਹ ਦਾਅਵਾ ਕਰਨ ਕਿ ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਬਾਈਬਲ ਗ਼ਲਤ ਹੈ ਅਤੇ ਸਿਰਜਣਹਾਰ ’ਤੇ ਨਿਹਚਾ ਕਰਨ ਵਾਲੇ ਲੋਕ ਅਨਪੜ੍ਹ, ਨਾਸਮਝ ਅਤੇ ਸੁਣੀਆਂ-ਸੁਣਾਈਆਂ ਗੱਲਾਂ ’ਤੇ ਭਰੋਸਾ ਕਰਦੇ ਹਨ।

3. ਸਾਨੂੰ ਆਪਣੀ ਨਿਹਚਾ ਆਪ ਮਜ਼ਬੂਤ ਕਰਨ ਦੀ ਕਿਉਂ ਲੋੜ ਹੈ?

3 ਕੀ ਸਾਨੂੰ ਕੁਝ ਪੜ੍ਹੇ-ਲਿਖੇ ਲੋਕਾਂ ਦੇ ਵਿਚਾਰਾਂ ਕਰਕੇ ਆਪਣਾ ਇਹ ਵਿਸ਼ਵਾਸ ਡਾਵਾਂ-ਡੋਲ ਹੋਣ ਦੇਣਾ ਚਾਹੀਦਾ ਕਿ ਯਹੋਵਾਹ ਸਾਡਾ ਸਿਰਜਣਹਾਰ ਹੈ? ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਹ ਕਿਉਂ ਮੰਨਦੇ ਹਾਂ ਕਿ ਯਹੋਵਾਹ ਹੀ ਸਿਰਜਣਹਾਰ ਹੈ। ਕੀ ਅਸੀਂ ਇਹ ਇਸ ਲਈ ਮੰਨਦੇ ਹਾਂ ਕਿਉਂਕਿ ਸਾਨੂੰ ਇਹ ਮੰਨਣ ਲਈ ਕਿਹਾ ਗਿਆ ਹੈ ਜਾਂ ਫਿਰ ਕੀ ਅਸੀਂ ਆਪ ਸਮਾਂ ਕੱਢ ਕੇ ਸਬੂਤਾਂ ਦੀ ਜਾਂਚ ਕੀਤੀ ਹੈ? (1 ਕੁਰਿੰ. 3:12-15) ਭਾਵੇਂ ਅਸੀਂ ਕਾਫ਼ੀ ਸਮੇਂ ਤੋਂ ਯਹੋਵਾਹ ਦੇ ਗਵਾਹ ਹਾਂ, ਫਿਰ ਵੀ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਕਰਦੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਅਸੀਂ “ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਕਰਕੇ ਗੁਮਰਾਹ ਨਹੀਂ ਹੋਵਾਂਗੇ ਜੋ ਪਰਮੇਸ਼ੁਰ ਦੇ ਬਚਨ ਤੋਂ ਉਲਟ ਹਨ। (ਕੁਲੁ. 2:8; ਇਬ. 11:6) ਸਾਡੀ ਮਦਦ ਕਰਨ ਲਈ ਇਸ ਲੇਖ ਵਿਚ ਇਨ੍ਹਾਂ ਗੱਲਾਂ ’ਤੇ ਚਰਚਾ ਕੀਤੀ ਜਾਵੇਗੀ: (1) ਬਹੁਤ ਸਾਰੇ ਲੋਕ ਇਹ ਕਿਉਂ ਨਹੀਂ ਮੰਨਦੇ ਕਿ ਕੋਈ ਸਿਰਜਣਹਾਰ ਹੈ, (2) ਤੁਸੀਂ ਆਪਣੇ ਸਿਰਜਣਹਾਰ ਯਹੋਵਾਹ ’ਤੇ ਆਪਣੀ ਨਿਹਚਾ ਕਿਵੇਂ ਵਧਾ ਸਕਦੇ ਹੋ ਅਤੇ (3) ਤੁਸੀਂ ਆਪਣੀ ਇਹ ਨਿਹਚਾ ਕਿਵੇਂ ਮਜ਼ਬੂਤ ਰੱਖ ਸਕਦੇ ਹੋ।

ਬਹੁਤ ਸਾਰੇ ਲੋਕ ਇਹ ਕਿਉਂ ਨਹੀਂ ਮੰਨਦੇ ਕਿ ਕੋਈ ਸਿਰਜਣਹਾਰ ਹੈ?

4. ਇਬਰਾਨੀਆਂ 11:1 ਮੁਤਾਬਕ ਨਿਹਚਾ ਕਿਸ ਗੱਲ ’ਤੇ ਆਧਾਰਿਤ ਹੈ?

4 ਕੁਝ ਲੋਕਾਂ ਦਾ ਮੰਨਣਾ ਹੈ ਕਿ ਨਿਹਚਾ ਕਰਨ ਦਾ ਮਤਲਬ ਹੈ ਬਿਨਾਂ ਸਬੂਤ ਦੇ ਕਿਸੇ ਚੀਜ਼ ’ਤੇ ਵਿਸ਼ਵਾਸ ਕਰਨਾ। ਪਰ ਬਾਈਬਲ ਮੁਤਾਬਕ ਨਿਹਚਾ ਦਾ ਇਹ ਮਤਲਬ ਨਹੀਂ ਹੈ। (ਇਬਰਾਨੀਆਂ 11:1 ਪੜ੍ਹੋ।) ਬਾਈਬਲ ਦੱਸਦੀ ਹੈ ਕਿ ਸਾਡੀ ਨਿਹਚਾ ਸਬੂਤਾਂ ’ਤੇ ਆਧਾਰਿਤ ਹੈ। ਭਾਵੇਂ ਅਸੀਂ ਯਹੋਵਾਹ, ਯਿਸੂ ਅਤੇ ਸਵਰਗੀ ਰਾਜ ਨੂੰ ਦੇਖ ਨਹੀਂ ਸਕਦੇ, ਫਿਰ ਵੀ ਇਸ ਗੱਲ ਦਾ ਸਾਡੇ ਕੋਲ ਪੱਕਾ ਸਬੂਤ ਹੈ ਕਿ ਉਹ ਸੱਚ-ਮੁੱਚ ਹਨ। (ਇਬ. 11:3) ਇਕ ਵਿਗਿਆਨੀ, ਜੋ ਗਵਾਹ ਬਣ ਗਿਆ ਹੈ, ਕਹਿੰਦਾ ਹੈ: “ਅਸੀਂ ਅੱਖਾਂ ਬੰਦ ਕਰ ਕੇ ਨਿਹਚਾ ਨਹੀਂ ਕਰਦੇ ਕਿਉਂਕਿ ਅਜਿਹੀ ਨਿਹਚਾ ਵਿਗਿਆਨ ਦੀਆਂ ਗੱਲਾਂ ਨੂੰ ਅਣਗੌਲਿਆਂ ਕਰ ਕੇ ਕੀਤੀ ਜਾਂਦੀ ਹੈ।”

5. ਬਹੁਤ ਸਾਰੇ ਲੋਕ ਕਿਉਂ ਮੰਨਦੇ ਹਨ ਕਿ ਜੀਵਨ ਦੀ ਸ਼ੁਰੂਆਤ ਆਪਣੇ ਆਪ ਹੀ ਹੋ ਗਈ?

5 ਅਸੀਂ ਸ਼ਾਇਦ ਕਹੀਏ, ‘ਜੇ ਸਿਰਜਣਹਾਰ ਦੀ ਹੋਂਦ ਦਾ ਪੱਕਾ ਸਬੂਤ ਹੈ, ਤਾਂ ਬਹੁਤ ਸਾਰੇ ਲੋਕ ਇਹ ਕਿਉਂ ਨਹੀਂ ਮੰਨਦੇ ਕਿ ਰੱਬ ਨੇ ਹੀ ਜੀਵਨ ਦੀ ਸ਼ੁਰੂਆਤ ਕੀਤੀ ਹੈ?’ ਕੁਝ ਲੋਕਾਂ ਨੇ ਆਪ ਕਦੇ ਵੀ ਇਸ ਸਬੂਤ ਦੀ ਜਾਂਚ ਨਹੀਂ ਕੀਤੀ। ਰੌਬਰਟ, ਜੋ ਹੁਣ ਯਹੋਵਾਹ ਦਾ ਗਵਾਹ ਹੈ, ਕਹਿੰਦਾ ਹੈ: “ਸਕੂਲ ਵਿਚ ਕਦੀ ਵੀ ਸ੍ਰਿਸ਼ਟੀ ਬਾਰੇ ਗੱਲ ਨਹੀਂ ਕੀਤੀ ਗਈ। ਇਸ ਲਈ ਮੈਂ ਮੰਨਦਾ ਸੀ ਕਿ ਕੋਈ ਸਿਰਜਣਹਾਰ ਨਹੀਂ ਹੈ। 22 ਸਾਲ ਦੀ ਉਮਰ ਵਿਚ ਯਹੋਵਾਹ ਦੇ ਗਵਾਹਾਂ ਨਾਲ ਮੇਰੀ ਗੱਲ ਹੋਈ ਅਤੇ ਫਿਰ ਮੈਨੂੰ ਪਤਾ ਲੱਗਾ ਕਿ ਬਾਈਬਲ ਵਿਚ ਪੱਕੇ ਸਬੂਤ ਦੇ ਕੇ ਸਮਝਾਇਆ ਗਿਆ ਹੈ ਕਿ ਰੱਬ ਨੇ ਸ੍ਰਿਸ਼ਟੀ ਕੀਤੀ ਹੈ।” *—“ ਮਾਪਿਆਂ ਨੂੰ ਗੁਜ਼ਾਰਸ਼” ਨਾਂ ਦੀ ਡੱਬੀ ਦੇਖੋ

6. ਕੁਝ ਲੋਕ ਸਿਰਜਣਹਾਰ ਦੀ ਹੋਂਦ ’ਤੇ ਵਿਸ਼ਵਾਸ ਕਿਉਂ ਨਹੀਂ ਕਰਦੇ?

6 ਕੁਝ ਲੋਕ ਸਿਰਜਣਹਾਰ ਦੀ ਹੋਂਦ ’ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਹਨ ਕਿ ਉਹ ਸਿਰਫ਼ ਦਿਸਣ ਵਾਲੀਆਂ ਚੀਜ਼ਾਂ ’ਤੇ ਵਿਸ਼ਵਾਸ ਕਰਦੇ ਹਨ। ਪਰ ਉਹ ਇਹ ਜ਼ਰੂਰ ਮੰਨਦੇ ਹਨ ਕਿ ਗੁਰੂਤਾ ਸ਼ਕਤੀ ਹੈ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ। ਬਾਈਬਲ ਵਿਚ ਜਿਸ ਨਿਹਚਾ ਦੀ ਗੱਲ ਕੀਤੀ ਗਈ ਹੈ, ਉਹ ਹੋਰ ਵੀ ਕਈ ਚੀਜ਼ਾਂ ਦੇ ਸਬੂਤਾਂ ’ਤੇ ਆਧਾਰਿਤ ਹੈ ਜੋ ‘ਸੱਚ-ਮੁੱਚ ਹਨ ਭਾਵੇਂ ਅਸੀਂ ਉਨ੍ਹਾਂ ਨੂੰ ਦੇਖ ਨਹੀਂ ਸਕਦੇ।’ (ਇਬ. 11:1) ਸਬੂਤਾਂ ਦੀ ਜਾਂਚ ਕਰਨ ਲਈ ਸਮਾਂ ਅਤੇ ਮਿਹਨਤ ਲਗਾਉਣੀ ਪੈਂਦੀ ਹੈ, ਪਰ ਬਹੁਤ ਸਾਰੇ ਲੋਕਾਂ ਵਿਚ ਇੱਦਾਂ ਕਰਨ ਦੀ ਇੱਛਾ ਹੀ ਨਹੀਂ ਹੈ। ਇਸ ਲਈ ਜੋ ਵਿਅਕਤੀ ਆਪ ਸਬੂਤਾਂ ਦੀ ਜਾਂਚ ਨਹੀਂ ਕਰਦਾ, ਉਹ ਇਹੀ ਮੰਨਦਾ ਹੈ ਕਿ ਰੱਬ ਹੈ ਹੀ ਨਹੀਂ।

7. ਕੀ ਸਾਰੇ ਪੜ੍ਹੇ-ਲਿਖੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਕਿ ਰੱਬ ਨੇ ਬ੍ਰਹਿਮੰਡ ਨੂੰ ਰਚਿਆ ਹੈ? ਸਮਝਾਓ।

7 ਸਬੂਤਾਂ ਦਾ ਅਧਿਐਨ ਕਰਨ ਤੋਂ ਬਾਅਦ ਕੁਝ ਵਿਗਿਆਨੀਆਂ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਰੱਬ ਨੇ ਹੀ ਬ੍ਰਹਿਮੰਡ ਨੂੰ ਰਚਿਆ ਹੈ। * ਪਹਿਲਾਂ ਜ਼ਿਕਰ ਕੀਤੇ ਰੌਬਰਟ ਵਾਂਗ ਕੁਝ ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਕਦੇ ਸ੍ਰਿਸ਼ਟੀ ਬਾਰੇ ਸਿਖਾਇਆ ਹੀ ਨਹੀਂ ਗਿਆ। ਪਰ ਬਹੁਤ ਸਾਰੇ ਵਿਗਿਆਨੀਆਂ ਨੇ ਯਹੋਵਾਹ ਬਾਰੇ ਜਾਣਿਆ ਅਤੇ ਉਹ ਉਸ ਨੂੰ ਪਿਆਰ ਕਰਨ ਲੱਗ ਪਏ। ਇਨ੍ਹਾਂ ਵਿਗਿਆਨੀਆਂ ਵਾਂਗ ਸਾਨੂੰ ਵੀ ਰੱਬ ’ਤੇ ਆਪਣੀ ਨਿਹਚਾ ਵਧਾਉਣੀ ਚਾਹੀਦੀ ਹੈ, ਭਾਵੇਂ ਅਸੀਂ ਜ਼ਿਆਦਾ ਪੜ੍ਹੇ-ਲਿਖੇ ਹਾਂ ਜਾਂ ਘੱਟ। ਕੋਈ ਹੋਰ ਸਾਡੀ ਨਿਹਚਾ ਨਹੀਂ ਵਧਾ ਸਕਦਾ।

ਸਿਰਜਣਹਾਰ ’ਤੇ ਆਪਣੀ ਨਿਹਚਾ ਕਿਵੇਂ ਵਧਾਈਏ?

8-9. (ੳ) ਅਸੀਂ ਹੁਣ ਕਿਹੜੇ ਸਵਾਲ ’ਤੇ ਗੌਰ ਕਰਾਂਗੇ? (ਅ) ਸ੍ਰਿਸ਼ਟੀ ਬਾਰੇ ਅਧਿਐਨ ਕਰ ਕੇ ਤੁਹਾਨੂੰ ਕਿਵੇਂ ਫ਼ਾਇਦਾ ਹੋਵੇਗਾ?

8 ਤੁਸੀਂ ਆਪਣੇ ਸਿਰਜਣਹਾਰ ’ਤੇ ਆਪਣੀ ਨਿਹਚਾ ਕਿਵੇਂ ਵਧਾ ਸਕਦੇ ਹੋ? ਆਓ ਚਾਰ ਤਰੀਕੇ ਦੇਖੀਏ।

9ਸ੍ਰਿਸ਼ਟੀ ਬਾਰੇ ਅਧਿਐਨ ਕਰੋ। ਜਾਨਵਰਾਂ, ਪੌਦਿਆਂ ਅਤੇ ਤਾਰਿਆਂ ਨੂੰ ਧਿਆਨ ਨਾਲ ਦੇਖ ਕੇ ਤੁਸੀਂ ਸਿਰਜਣਹਾਰ ’ਤੇ ਆਪਣੀ ਨਿਹਚਾ ਵਧਾ ਸਕਦੇ ਹੋ। (ਜ਼ਬੂ. 19:1; ਯਸਾ. 40:26) ਤੁਸੀਂ ਜਿੰਨਾ ਜ਼ਿਆਦਾ ਅਜਿਹੀਆਂ ਚੀਜ਼ਾਂ ਦਾ ਅਧਿਐਨ ਕਰੋਗੇ, ਉੱਨਾ ਤੁਹਾਡਾ ਯਕੀਨ ਵਧੇਗਾ ਕਿ ਯਹੋਵਾਹ ਤੁਹਾਡਾ ਸਿਰਜਣਹਾਰ ਹੈ। ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਅਜਿਹੇ ਲੇਖ ਹੁੰਦੇ ਹਨ ਜਿਨ੍ਹਾਂ ਵਿਚ ਸ੍ਰਿਸ਼ਟੀ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਸਮਝਾਇਆ ਹੁੰਦਾ ਹੈ। ਜੇ ਤੁਹਾਨੂੰ ਇਹ ਲੇਖ ਸਮਝਣੇ ਔਖੇ ਲੱਗਦੇ ਹਨ, ਫਿਰ ਵੀ ਇਨ੍ਹਾਂ ਲੇਖਾਂ ਨੂੰ ਪੜ੍ਹਨ ਤੋਂ ਨਾ ਝਿਜਕੋ। ਜਿੰਨਾ ਜ਼ਿਆਦਾ ਹੋ ਸਕੇ, ਉੱਨਾ ਸਿੱਖੋ। ਨਾਲੇ ਸਾਡੀ ਵੈੱਬਸਾਈਟ jw.org ’ਤੇ ਸ੍ਰਿਸ਼ਟੀ ਬਾਰੇ ਉਹ ਵੀਡੀਓ ਦੁਬਾਰਾ ਦੇਖਣੇ ਨਾ ਭੁੱਲੋ ਜੋ ਹਾਲ ਹੀ ਦੇ ਸਾਲਾਂ ਵਿਚ ਹੋਏ ਵੱਡੇ ਸੰਮੇਲਨਾਂ ਵਿਚ ਦਿਖਾਏ ਗਏ ਸਨ।

10. ਇਕ ਉਦਾਹਰਣ ਦੇ ਕੇ ਸਮਝਾਓ ਕਿ ਸ੍ਰਿਸ਼ਟੀ ਤੋਂ ਕਿਵੇਂ ਸਬੂਤ ਮਿਲਦਾ ਹੈ ਕਿ ਸਿਰਜਣਹਾਰ ਹੈ? (ਰੋਮੀਆਂ 1:20)

10 ਸ੍ਰਿਸ਼ਟੀ ਦਾ ਅਧਿਐਨ ਕਰਦਿਆਂ ਧਿਆਨ ਦਿਓ ਕਿ ਤੁਸੀਂ ਆਪਣੇ ਸਿਰਜਣਹਾਰ ਬਾਰੇ ਕਿਹੜੀਆਂ ਗੱਲਾਂ ਸਿੱਖ ਸਕਦੇ ਹੋ। (ਰੋਮੀਆਂ 1:20 ਪੜ੍ਹੋ।) ਉਦਾਹਰਣ ਲਈ, ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਾਡਾ ਸੂਰਜ ਨਾ ਸਿਰਫ਼ ਜੀਉਂਦੇ ਰਹਿਣ ਲਈ ਗਰਮੀ ਦਿੰਦਾ ਹੈ, ਸਗੋਂ ਇਸ ਵਿੱਚੋਂ ਨੁਕਸਾਨਦੇਹ ਕਿਰਨਾਂ ਵੀ ਨਿਕਲਦੀਆਂ ਹਨ। ਪਰ ਇਨ੍ਹਾਂ ਕਿਰਨਾਂ ਤੋਂ ਇਨਸਾਨਾਂ ਨੂੰ ਨੁਕਸਾਨ ਨਹੀਂ ਪਹੁੰਚਦਾ। ਕਿਉਂ? ਧਰਤੀ ਦੀ ਆਲੇ-ਦੁਆਲੇ ਗੈਸ ਦੀ ਇਕ ਪਰਤ ਹੈ ਜਿਸ ਨੂੰ ਓਜ਼ੋਨ ਕਿਹਾ ਜਾਂਦਾ ਹੈ। ਇਹ ਪਰਤ ਸਾਡੀ ਧਰਤੀ ਲਈ ਇਕ ਸੁਰੱਖਿਅਤ ਢਾਲ ਵਾਂਗ ਹੈ। ਇਹ ਕਿਰਨਾਂ ਨੂੰ ਛਾਣ ਕੇ ਧਰਤੀ ’ਤੇ ਭੇਜਦੀ ਹੈ ਜਿਸ ਕਰਕੇ ਨੁਕਸਾਨਦੇਹ ਕਿਰਨਾਂ ਤੋਂ ਸਾਡੀ ਰਾਖੀ ਹੁੰਦੀ ਹੈ। ਸੂਰਜ ਦੀਆਂ ਇਹ ਕਿਰਨਾਂ ਜਦੋਂ ਹੋਰ ਤੇਜ਼ ਹੋ ਜਾਂਦੀਆਂ ਹਨ, ਤਾਂ ਓਜ਼ੋਨ ਦੀ ਪਰਤ ਫੈਲ ਜਾਂਦੀ ਹੈ। ਹੁਣ ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਇਸ ਦੇ ਪਿੱਛੇ ਪਿਆਰ ਕਰਨ ਵਾਲੇ ਅਤੇ ਬੁੱਧੀਮਾਨ ਸਿਰਜਣਹਾਰ ਦਾ ਹੱਥ ਹੈ?

11. ਤੁਸੀਂ ਸ੍ਰਿਸ਼ਟੀ ਬਾਰੇ ਨਿਹਚਾ ਵਧਾਉਣ ਵਾਲੀ ਜਾਣਕਾਰੀ ਕਿੱਥੋਂ ਲੱਭ ਸਕਦੇ ਹੋ? (“ ਨਿਹਚਾ ਵਧਾਉਣ ਵਾਲੇ ਕੁਝ ਪ੍ਰਕਾਸ਼ਨ” ਨਾਂ ਦੀ ਡੱਬੀ ਦੇਖੋ।)

11 ਤੁਸੀਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿੱਚੋਂ ਅਤੇ jw.org ’ਤੇ ਖੋਜਬੀਨ ਕਰ ਕੇ ਸ੍ਰਿਸ਼ਟੀ ਬਾਰੇ ਜਾਣਕਾਰੀ ਲੱਭ ਸਕਦੇ ਹੋ। ਇਸ ਤਰ੍ਹਾਂ ਸਿਰਜਣਹਾਰ ’ਤੇ ਤੁਹਾਡੀ ਨਿਹਚਾ ਵਧੇਗੀ। ਤੁਸੀਂ ਸ਼ਾਇਦ ਉਹ ਲੇਖ ਅਤੇ ਵੀਡੀਓ ਦੇਖਣੇ ਚਾਹੋ ਜੋ ਲੜੀਵਾਰ ਲੇਖ “ਇਹ ਕਿਸ ਦਾ ਕਮਾਲ ਹੈ?” ਵਿਚ ਦਿੱਤੇ ਗਏ ਹਨ। ਇਹ ਲੇਖ ਅਤੇ ਵੀਡੀਓ ਇੰਨੇ ਵੱਡੇ ਨਹੀਂ ਹਨ, ਪਰ ਇਨ੍ਹਾਂ ਵਿਚ ਜਾਨਵਰਾਂ ਅਤੇ ਪੌਦਿਆਂ ਬਾਰੇ ਹੈਰਾਨ ਕਰਨ ਵਾਲੀਆਂ ਸੱਚਾਈਆਂ ਦੱਸੀਆਂ ਗਈਆਂ ਹਨ। ਇਨ੍ਹਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵਿਗਿਆਨੀਆਂ ਨੇ ਕਿਵੇਂ ਕੁਦਰਤ ਦੀਆਂ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ।

12. ਬਾਈਬਲ ਦਾ ਅਧਿਐਨ ਕਰਦਿਆਂ ਸਾਨੂੰ ਕਿਹੜੀਆਂ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ ਹੈ?

12ਬਾਈਬਲ ਦਾ ਅਧਿਐਨ ਕਰੋ। ਪੈਰਾ ਚਾਰ ਵਿਚ ਜ਼ਿਕਰ ਕੀਤਾ ਗਿਆ ਵਿਗਿਆਨੀ ਪਹਿਲਾਂ ਸਿਰਜਣਹਾਰ ਦੀ ਹੋਂਦ ਨੂੰ ਨਹੀਂ ਮੰਨਦਾ ਸੀ। ਪਰ ਸਮੇਂ ਦੇ ਬੀਤਣ ਨਾਲ ਉਸ ਨੂੰ ਯਕੀਨ ਹੋ ਗਿਆ ਕਿ ਕੋਈ ਸਿਰਜਣਹਾਰ ਹੈ। ਉਹ ਕਹਿੰਦਾ ਹੈ: “ਮੇਰੀ ਨਿਹਚਾ ਸਿਰਫ਼ ਵਿਗਿਆਨ ਦੀਆਂ ਗੱਲਾਂ ’ਤੇ ਹੀ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਗੱਲਾਂ ’ਤੇ ਵੀ ਆਧਾਰਿਤ ਹੈ ਜੋ ਮੈਂ ਧਿਆਨ ਨਾਲ ਬਾਈਬਲ ਦਾ ਅਧਿਐਨ ਕਰ ਕੇ ਸਿੱਖੀਆਂ ਹਨ।” ਸ਼ਾਇਦ ਤੁਹਾਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਪਹਿਲਾਂ ਹੀ ਸਹੀ ਗਿਆਨ ਹੈ। ਫਿਰ ਵੀ ਸਿਰਜਣਹਾਰ ’ਤੇ ਆਪਣੀ ਨਿਹਚਾ ਵਧਾਉਣ ਲਈ ਤੁਹਾਨੂੰ ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਲੋੜ ਹੈ। (ਯਹੋ. 1:8; ਜ਼ਬੂ. 119:97) ਉਦਾਹਰਣ ਲਈ, ਜ਼ਰਾ ਸੋਚੋ ਕਿ ਬਾਈਬਲ ਵਿਚ ਉਨ੍ਹਾਂ ਘਟਨਾਵਾਂ ਬਾਰੇ ਕਿਵੇਂ ਸਹੀ-ਸਹੀ ਦੱਸਿਆ ਗਿਆ ਹੈ ਜੋ ਪੁਰਾਣੇ ਜ਼ਮਾਨੇ ਵਿਚ ਹੋਈਆਂ ਸਨ। ਇਸ ਵਿਚ ਦਰਜ ਭਵਿੱਖਬਾਣੀਆਂ ’ਤੇ ਗੌਰ ਕਰ ਕੇ ਦੇਖੋ ਕਿ ਇਹ ਕਿਵੇਂ ਪੂਰੀਆਂ ਹੋਈਆਂ ਅਤੇ ਇਨ੍ਹਾਂ ਦਾ ਆਪਸ ਵਿਚ ਕੀ ਤਾਲਮੇਲ ਹੈ। ਇਸ ਤਰ੍ਹਾਂ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਕਿ ਇਕ ਪਿਆਰ ਕਰਨ ਵਾਲੇ ਤੇ ਬੁੱਧੀਮਾਨ ਸਿਰਜਣਹਾਰ ਨੇ ਸਾਨੂੰ ਬਣਾਇਆ ਹੈ ਅਤੇ ਬਾਈਬਲ ਲਿਖਵਾਈ ਹੈ। *2 ਤਿਮੋ. 3:14; 2 ਪਤ. 1:21.

13. ਇਕ ਉਦਾਹਰਣ ਦੇ ਕੇ ਸਮਝਾਓ ਕਿ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਸਲਾਹ ਕਿਉਂ ਫ਼ਾਇਦੇਮੰਦ ਹੈ?

13 ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹੋ, ਤਾਂ ਦੇਖੋ ਕਿ ਇਸ ਵਿਚ ਦਿੱਤੀਆਂ ਸਲਾਹਾਂ ਤੁਹਾਡੇ ਲਈ ਕਿਵੇਂ ਫ਼ਾਇਦੇਮੰਦ ਹਨ। ਉਦਾਹਰਣ ਲਈ, ਬਹੁਤ ਸਮਾਂ ਪਹਿਲਾਂ ਬਾਈਬਲ ਵਿਚ ਚੇਤਾਵਨੀ ਦਿੱਤੀ ਗਈ ਸੀ ਕਿ ਪੈਸੇ ਨਾਲ ਪਿਆਰ ਕਰਨਾ ਕਿੰਨਾ ਖ਼ਤਰਨਾਕ ਹੈ ਅਤੇ ਇਹ “ਬਹੁਤ ਸਾਰੇ ਦੁੱਖਾਂ” ਦੀ ਜੜ੍ਹ ਹੈ। (1 ਤਿਮੋ. 6:9, 10; ਕਹਾ. 28:20; ਮੱਤੀ 6:24) ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ? ਨਾਰਸੀਸਿਜ਼ਮ ਐਪੀਡੈਮਿਕ ਨਾਂ ਦੀ ਕਿਤਾਬ ਕਹਿੰਦੀ ਹੈ: “ਪੈਸੇ ਨਾਲ ਪਿਆਰ ਕਰਨ ਵਾਲੇ ਲੋਕ ਖ਼ੁਸ਼ ਘੱਟ ਤੇ ਨਿਰਾਸ਼ ਜ਼ਿਆਦਾ ਹੁੰਦੇ ਹਨ। ਇੱਥੋਂ ਤਕ ਕਿ ਜਿਹੜੇ ਲੋਕ ਹੋਰ ਜ਼ਿਆਦਾ ਪੈਸੇ ਕਮਾਉਣ ਦੀ ਸਿਰਫ਼ ਇੱਛਾ ਹੀ ਰੱਖਦੇ ਹਨ, ਉਹ ਵੀ ਜ਼ਿੰਦਗੀ ਵਿਚ ਖ਼ੁਸ਼ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵੀ ਹੁੰਦੀਆਂ ਹਨ।” ਹੁਣ ਤੁਸੀਂ ਸਮਝ ਸਕਦੇ ਹੋ ਕਿ ਪੈਸੇ ਨਾਲ ਪਿਆਰ ਬਾਰੇ ਬਾਈਬਲ ਵਿਚ ਦਿੱਤੀ ਚੇਤਾਵਨੀ ਕਿੰਨੀ ਹੀ ਫ਼ਾਇਦੇਮੰਦ ਹੈ! ਕੀ ਤੁਸੀਂ ਬਾਈਬਲ ਦੇ ਹੋਰ ਅਸੂਲਾਂ ਬਾਰੇ ਸੋਚ ਸਕਦੇ ਹੋ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਏ? ਜਿੰਨਾ ਜ਼ਿਆਦਾ ਅਸੀਂ ਸਮਝਾਂਗੇ ਕਿ ਬਾਈਬਲ ਦੀਆਂ ਸਲਾਹਾਂ ਸਾਡੇ ਲਈ ਫ਼ਾਇਦੇਮੰਦ ਹਨ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਸਿਰਜਣਹਾਰ ਦੀ ਸਲਾਹ ਨੂੰ ਮੰਨਾਂਗੇ ਜੋ ਹਮੇਸ਼ਾ ਕੰਮ ਆਉਂਦੀ ਹੈ। (ਯਾਕੂ. 1:5) ਨਤੀਜੇ ਵਜੋਂ, ਅਸੀਂ ਆਪਣੀ ਜ਼ਿੰਦਗੀ ਵਿਚ ਹੋਰ ਵੀ ਜ਼ਿਆਦਾ ਖ਼ੁਸ਼ ਰਹਾਂਗੇ।—ਯਸਾ. 48:17, 18.

14. ਬਾਈਬਲ ਦਾ ਅਧਿਐਨ ਕਰ ਕੇ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗੇਗਾ?

14ਯਹੋਵਾਹ ਬਾਰੇ ਜਾਣਨ ਦੇ ਮਕਸਦ ਨਾਲ ਬਾਈਬਲ ਦਾ ਅਧਿਐਨ ਕਰੋ। (ਯੂਹੰ. 17:3) ਤੁਸੀਂ ਬਾਈਬਲ ਦਾ ਅਧਿਐਨ ਕਰਦਿਆਂ ਯਹੋਵਾਹ ਦੇ ਉਨ੍ਹਾਂ ਸ਼ਾਨਦਾਰ ਗੁਣਾਂ ਬਾਰੇ ਜਾਣੋਗੇ ਜੋ ਤੁਸੀਂ ਸ੍ਰਿਸ਼ਟੀ ਵਿਚ ਦੇਖਦੇ ਹੋ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਗੁਣ ਕਿਸੇ ਅਸਲੀ ਸ਼ਖ਼ਸ ਦੇ ਹਨ ਅਤੇ ਉਹ ਸਾਡੇ ਮਨ ਦੀ ਕੋਈ ਕਲਪਨਾ ਨਹੀਂ ਹੈ। (ਕੂਚ 34:6, 7; ਜ਼ਬੂ. 145:8, 9) ਤੁਸੀਂ ਜਿੰਨਾ ਜ਼ਿਆਦਾ ਯਹੋਵਾਹ ਬਾਰੇ ਜਾਣੋਗੇ, ਉੱਨੀ ਜ਼ਿਆਦਾ ਤੁਹਾਡੀ ਨਿਹਚਾ ਵਧੇਗੀ, ਉਸ ਨਾਲ ਤੁਹਾਡਾ ਪਿਆਰ ਗੂੜ੍ਹਾ ਹੋਵੇਗਾ ਅਤੇ ਤੁਹਾਡੀ ਦੋਸਤੀ ਪੱਕੀ ਹੋਵੇਗੀ।

15. ਦੂਜਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਕੇ ਤੁਹਾਨੂੰ ਕਿਵੇਂ ਫ਼ਾਇਦਾ ਹੋਵੇਗਾ?

15ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਆਪਣੀ ਨਿਹਚਾ ਮਜ਼ਬੂਤ ਹੋਵੇਗੀ। ਪਰ ਉਦੋਂ ਕੀ ਜਦੋਂ ਕੋਈ ਵਿਅਕਤੀ, ਜਿਸ ਨੂੰ ਤੁਸੀਂ ਪ੍ਰਚਾਰ ਕਰਦੇ ਹੋ, ਰੱਬ ਦੀ ਹੋਂਦ ਬਾਰੇ ਸਵਾਲ ਪੁੱਛਦਾ ਹੈ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਉਸ ਨੂੰ ਜਵਾਬ ਕਿਵੇਂ ਦੇਣਾ ਹੈ? ਸਾਡੇ ਕਿਸੇ ਪ੍ਰਕਾਸ਼ਨ ਵਿੱਚੋਂ ਇਸ ਸਵਾਲ ਦਾ ਬਾਈਬਲ-ਆਧਾਰਿਤ ਜਵਾਬ ਲੱਭੋ ਅਤੇ ਫਿਰ ਉਸ ਵਿਅਕਤੀ ਨੂੰ ਦੱਸੋ। (1 ਪਤ. 3:15) ਨਾਲੇ ਤੁਸੀਂ ਕਿਸੇ ਤਜਰਬੇਕਾਰ ਭੈਣ-ਭਰਾ ਦੀ ਮਦਦ ਵੀ ਲੈ ਸਕਦੇ ਹੋ। ਭਾਵੇਂ ਉਹ ਵਿਅਕਤੀ ਬਾਈਬਲ ਤੋਂ ਦਿੱਤੇ ਤੁਹਾਡੇ ਜਵਾਬ ਨੂੰ ਸਹੀ ਮੰਨੇ ਜਾਂ ਨਾ, ਪਰ ਉਸ ਸਵਾਲ ਬਾਰੇ ਕੀਤੀ ਖੋਜਬੀਨ ਕਰਕੇ ਤੁਹਾਨੂੰ ਫ਼ਾਇਦਾ ਜ਼ਰੂਰ ਹੋਵੇਗਾ। ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। ਨਤੀਜੇ ਵਜੋਂ, ਤੁਸੀਂ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ਬੁੱਧੀਮਾਨ ਤੇ ਗਿਆਨਵਾਨ ਲੋਕਾਂ ਦੇ ਝੂਠੇ ਦਾਅਵਿਆਂ ਕਰਕੇ ਆਪਣੀ ਨਿਹਚਾ ਡਾਵਾਂ-ਡੋਲ ਨਹੀਂ ਹੋਣ ਦੇਵੋਗੇ।

ਆਪਣੀ ਨਿਹਚਾ ਮਜ਼ਬੂਤ ਰੱਖੋ!

16. ਜੇ ਅਸੀਂ ਆਪਣੀ ਨਿਹਚਾ ਮਜ਼ਬੂਤ ਨਾ ਰੱਖੀਏ, ਤਾਂ ਕੀ ਹੋਵੇਗਾ?

16 ਭਾਵੇਂ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਿਉਂ ਨਾ ਕਰਦੇ ਹੋਈਏ, ਫਿਰ ਵੀ ਸਾਨੂੰ ਉਸ ’ਤੇ ਆਪਣੀ ਨਿਹਚਾ ਵਧਾਉਂਦੇ ਰਹਿਣਾ ਚਾਹੀਦਾ ਅਤੇ ਇਸ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਕਿਉਂ? ਕਿਉਂਕਿ ਜੇ ਅਸੀਂ ਖ਼ਬਰਦਾਰ ਨਾ ਰਹੇ, ਤਾਂ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਯਾਦ ਰੱਖੋ ਕਿ ਨਿਹਚਾ ਨਾ ਦਿਸਣ ਵਾਲੀਆਂ ਚੀਜ਼ਾਂ ਦੀ ਹੋਂਦ ਦੇ ਸਬੂਤਾਂ ’ਤੇ ਆਧਾਰਿਤ ਹੈ। ਜੋ ਚੀਜ਼ਾਂ ਅਸੀਂ ਦੇਖ ਨਹੀਂ ਸਕਦੇ, ਉਨ੍ਹਾਂ ਨੂੰ ਅਸੀਂ ਸੌਖਿਆਂ ਹੀ ਭੁੱਲ ਸਕਦੇ ਹਾਂ। ਇਸ ਕਰਕੇ ਪੌਲੁਸ ਨੇ ਕਿਹਾ ਕਿ ਨਿਹਚਾ ਦੀ ਕਮੀ ਉਹ ‘ਪਾਪ ਹੈ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ।’ (ਇਬ. 12:1) ਅਸੀਂ ਇਸ ਫੰਦੇ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?—2 ਥੱਸ. 1:3.

17. ਨਿਹਚਾ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

17 ਪਹਿਲਾ, ਯਹੋਵਾਹ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗੋ ਅਤੇ ਅਕਸਰ ਇੱਦਾਂ ਕਰਦੇ ਰਹੋ। ਕਿਉਂ? ਕਿਉਂਕਿ ਨਿਹਚਾ ਪਵਿੱਤਰ ਸ਼ਕਤੀ ਦੇ ਫਲ ਦਾ ਇਕ ਗੁਣ ਹੈ। (ਗਲਾ. 5:22, 23) ਅਸੀਂ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਸਿਰਜਣਹਾਰ ’ਤੇ ਆਪਣੀ ਨਿਹਚਾ ਨਾ ਤਾਂ ਵਧਾ ਸਕਦੇ ਹਾਂ ਅਤੇ ਨਾ ਹੀ ਉਸ ਨੂੰ ਮਜ਼ਬੂਤ ਰੱਖ ਸਕਦੇ ਹਾਂ। ਜੇ ਅਸੀਂ ਯਹੋਵਾਹ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗਦੇ ਰਹਾਂਗੇ, ਤਾਂ ਉਹ ਸਾਨੂੰ ਜ਼ਰੂਰ ਦੇਵੇਗਾ। (ਲੂਕਾ 11:13) ਅਸੀਂ ਇਹ ਵੀ ਪ੍ਰਾਰਥਨਾ ਕਰ ਸਕਦੇ ਹਾਂ: “ਸਾਨੂੰ ਹੋਰ ਨਿਹਚਾ ਦੇ।”—ਲੂਕਾ 17:5.

18. ਜ਼ਬੂਰ 1:2, 3 ਮੁਤਾਬਕ ਅੱਜ ਸਾਡੇ ਕੋਲ ਕਿਹੜਾ ਤੋਹਫ਼ਾ ਹੈ?

18 ਦੂਜਾ, ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰਦੇ ਰਹੋ। (ਜ਼ਬੂਰ 1:2, 3 ਪੜ੍ਹੋ।) ਜਦੋਂ ਇਹ ਜ਼ਬੂਰ ਲਿਖਿਆ ਗਿਆ ਸੀ, ਤਾਂ ਜ਼ਿਆਦਾਤਰ ਇਜ਼ਰਾਈਲੀਆਂ ਕੋਲ ਪਰਮੇਸ਼ੁਰ ਦੇ ਕਾਨੂੰਨ ਦੀ ਲਿਖਤ ਦੀ ਨਕਲ ਨਹੀਂ ਸੀ। ਪਰ ਰਾਜਿਆਂ ਅਤੇ ਪੁਜਾਰੀਆਂ ਕੋਲ ਸੀ ਅਤੇ ਹਰ ਸੱਤਵੇਂ ਸਾਲ ਪ੍ਰਬੰਧ ਕੀਤਾ ਜਾਂਦਾ ਸੀ ਕਿ “ਆਦਮੀਆਂ, ਤੀਵੀਆਂ, ਬੱਚਿਆਂ” ਅਤੇ ਇਜ਼ਰਾਈਲ ਵਿਚ ਰਹਿੰਦੇ ਪਰਦੇਸੀਆਂ ਨੂੰ ਪਰਮੇਸ਼ੁਰ ਦੇ ਕਾਨੂੰਨ ਦੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਜਾਣ। (ਬਿਵ. 31:10-12) ਯਿਸੂ ਦੇ ਜ਼ਮਾਨੇ ਵਿਚ ਕੁਝ ਹੀ ਲੋਕਾਂ ਕੋਲ ਪੋਥੀਆਂ ਸਨ ਅਤੇ ਜ਼ਿਆਦਾਤਰ ਪੋਥੀਆਂ ਸਭਾ ਘਰ ਵਿਚ ਰੱਖੀਆਂ ਹੁੰਦੀਆਂ ਸਨ। ਇਸ ਤੋਂ ਉਲਟ, ਅੱਜ ਜ਼ਿਆਦਾਤਰ ਲੋਕਾਂ ਕੋਲ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ ਹੈ। ਇਹ ਕਿੰਨਾ ਹੀ ਅਨਮੋਲ ਤੋਹਫ਼ਾ ਹੈ! ਅਸੀਂ ਇਸ ਤੋਹਫ਼ੇ ਲਈ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ?

19. ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਅਸੀਂ ਪਰਮੇਸ਼ੁਰ ਦੇ ਬਚਨ ਨੂੰ ਬਾਕਾਇਦਾ ਪੜ੍ਹ ਕੇ ਦਿਖਾ ਸਕਦੇ ਹਾਂ ਕਿ ਅਸੀਂ ਇਸ ਤੋਹਫ਼ੇ ਦੀ ਕਦਰ ਕਰਦੇ ਹਾਂ। ਅਸੀਂ ਕਦੀ ਵੀ ਇਹ ਨਹੀਂ ਕਹਾਂਗੇ ਕਿ ਜਦੋਂ ਸਮਾਂ ਮਿਲਿਆ ਉਦੋਂ ਅਧਿਐਨ ਕਰ ਲਵਾਂਗੇ, ਪਰ ਸਾਨੂੰ ਅਧਿਐਨ ਕਰਨ ਦਾ ਇਕ ਪੱਕਾ ਸਮਾਂ ਰੱਖਣਾ ਚਾਹੀਦਾ ਹੈ। ਫਿਰ ਬਾਕਾਇਦਾ ਉਸ ਸਮੇਂ ਤੇ ਅਧਿਐਨ ਕਰ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹਾਂ।

20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਇਸ ਦੁਨੀਆਂ ਦੇ “ਬੁੱਧੀਮਾਨਾਂ ਅਤੇ ਗਿਆਨਵਾਨਾਂ” ਤੋਂ ਉਲਟ, ਸਾਡੀ ਪੱਕੀ ਨਿਹਚਾ ਪਰਮੇਸ਼ੁਰ ਦੇ ਬਚਨ ’ਤੇ ਆਧਾਰਿਤ ਹੈ। (ਮੱਤੀ 11:25, 26) ਇਸ ਪਵਿੱਤਰ ਗ੍ਰੰਥ ਦਾ ਅਧਿਐਨ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦੇ ਹਾਲਾਤ ਬੁਰੇ ਤੋਂ ਬੁਰੇ ਕਿਉਂ ਹੁੰਦੇ ਜਾ ਰਹੇ ਹਨ ਅਤੇ ਯਹੋਵਾਹ ਇਸ ਬਾਰੇ ਕੀ ਕਰੇਗਾ। ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਾਂਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਆਪਣੇ ਸਿਰਜਣਹਾਰ ’ਤੇ ਨਿਹਚਾ ਕਰਨ ਵਿਚ ਮਦਦ ਕਰਾਂਗੇ। (1 ਤਿਮੋ. 2:3, 4) ਨਾਲੇ ਆਓ ਆਪਾਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰੀਏ ਜਦੋਂ ਧਰਤੀ ’ਤੇ ਸਾਰੇ ਲੋਕ ਪ੍ਰਕਾਸ਼ ਦੀ ਕਿਤਾਬ 4:11 ਦੇ ਸ਼ਬਦ ਕਹਿਣਗੇ: ‘ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ ਹਨ।’

ਗੀਤ 2 ਯਹੋਵਾਹ ਤੇਰਾ ਨਾਮ

^ ਪੈਰਾ 5 ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸਾਰਾ ਕੁਝ ਬਣਾਇਆ ਹੈ। ਪਰ ਬਹੁਤ ਸਾਰੇ ਲੋਕ ਇਸ ਗੱਲ ’ਤੇ ਯਕੀਨ ਨਹੀਂ ਕਰਦੇ। ਉਹ ਦਾਅਵਾ ਕਰਦੇ ਹਨ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੀ ਹੋ ਗਈ। ਉਨ੍ਹਾਂ ਦੇ ਇਹ ਦਾਅਵੇ ਸਾਡੇ ਭਰੋਸੇ ਨੂੰ ਡਾਵਾਂ-ਡੋਲ ਨਹੀਂ ਕਰ ਸਕਣਗੇ ਜੇ ਅਸੀਂ ਪਰਮੇਸ਼ੁਰ ਅਤੇ ਬਾਈਬਲ ’ਤੇ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਾਂਗੇ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

^ ਪੈਰਾ 5 ਬਹੁਤ ਸਾਰੇ ਸਕੂਲਾਂ ਵਿਚ ਟੀਚਰ ਇਹ ਗੱਲ ਜ਼ਬਾਨ ’ਤੇ ਵੀ ਨਹੀਂ ਲਿਆਉਂਦੇ ਕਿ ਰੱਬ ਨੇ ਸਾਰਾ ਕੁਝ ਰਚਿਆ ਹੈ। ਕੁਝ ਟੀਚਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਉਹ ਵਿਦਿਆਰਥੀਆਂ ਦੀ ਧਾਰਮਿਕ ਆਜ਼ਾਦੀ ਨੂੰ ਖੋਹ ਰਹੇ ਹੋਣਗੇ।

^ ਪੈਰਾ 7 ਸ੍ਰਿਸ਼ਟੀ ’ਤੇ ਯਕੀਨ ਕਰਨ ਵਾਲੇ ਵਿਗਿਆਨੀਆਂ ਸਮੇਤ 60 ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਦੀਆਂ ਟਿੱਪਣੀਆਂ ਹਾਲ ਹੀ ਦੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿੱਚੋਂ ਪੜ੍ਹੀਆਂ ਜਾ ਸਕਦੀਆਂ ਹਨ। “ਵਿਗਿਆਨ” ਵਿਸ਼ੇ ਹੇਠਾਂ ਸਿਰਲੇਖ “ਸ੍ਰਿਸ਼ਟੀ ’ਤੇ ਵਿਸ਼ਵਾਸ ਜ਼ਾਹਰ ਕਰਨ ਵਾਲੇ ਵਿਗਿਆਨੀ” ਦੇਖੋ। ਇਨ੍ਹਾਂ ਵਿੱਚੋਂ ਕੁਝ ਟਿੱਪਣੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ ਵੀ ਪੜ੍ਹੀਆਂ ਜਾ ਸਕਦੀਆਂ ਹਨ। “ਸਾਇੰਸ ਅਤੇ ਤਕਨਾਲੋਜੀ” ਵਿਸ਼ੇ ਹੇਠਾਂ ਸਿਰਲੇਖ “‘ਮੁਲਾਕਾਤ’ (ਜਾਗਰੂਕ ਬਣੋ! ਲੜੀਵਾਰ ਲੇਖ)” ਦੇਖੋ।

^ ਪੈਰਾ 12 ਉਦਾਹਰਣ ਲਈ, ਜੁਲਾਈ-ਸਤੰਬਰ 2011 ਦੇ ਜਾਗਰੂਕ ਬਣੋ! ਵਿਚ ਲੇਖ “ਕੀ ਬਾਈਬਲ ਦਾ ਸਾਇੰਸ ਨਾਲ ਕੋਈ ਮੇਲ ਹੈ?” ਅਤੇ 1 ਜਨਵਰੀ 2008 ਦੇ ਪਹਿਰਾਬੁਰਜ ਵਿਚ ਲੇਖ “ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ” ਦੇਖੋ।