Skip to content

Skip to table of contents

ਅਧਿਐਨ ਲੇਖ 34

“ਚੱਖੋ” ਕਿ ਯਹੋਵਾਹ ਭਲਾ ਹੈ!

“ਚੱਖੋ” ਕਿ ਯਹੋਵਾਹ ਭਲਾ ਹੈ!

“ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ; ਖ਼ੁਸ਼ ਹੈ ਉਹ ਇਨਸਾਨ ਜੋ ਉਸ ਕੋਲ ਪਨਾਹ ਲੈਂਦਾ ਹੈ।”—ਜ਼ਬੂ. 34:8.

ਗੀਤ 1 ਯਹੋਵਾਹ ਦੇ ਗੁਣ

ਖ਼ਾਸ ਗੱਲਾਂ *

1-2. ਜ਼ਬੂਰ 34:8 ਮੁਤਾਬਕ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਭਲਾ ਹੈ?

ਕਲਪਨਾ ਕਰੋ ਕਿ ਕੋਈ ਤੁਹਾਨੂੰ ਅਜਿਹੀ ਚੀਜ਼ ਖਾਣ ਨੂੰ ਦਿੰਦਾ ਹੈ ਜੋ ਤੁਸੀਂ ਪਹਿਲਾਂ ਕਦੇ ਵੀ ਨਹੀਂ ਖਾਧੀ। ਤੁਸੀਂ ਇਸ ਚੀਜ਼ ਬਾਰੇ ਤਾਂ ਹੀ ਜਾਣ ਸਕਦੇ ਹੋ ਜੇ ਤੁਸੀਂ ਇਸ ਨੂੰ ਦੇਖੋਗੇ, ਸੁੰਘੋਗੇ, ਇਸ ਨੂੰ ਬਣਾਉਣ ਦੇ ਤਰੀਕੇ ਬਾਰੇ ਜਾਣੋਗੇ ਜਾਂ ਦੂਜਿਆਂ ਤੋਂ ਇਸ ਬਾਰੇ ਪੁੱਛੋਗੇ। ਪਰ ਤੁਹਾਨੂੰ ਇਹ ਚੀਜ਼ ਸੁਆਦ ਲੱਗੇਗੀ ਜਾਂ ਨਹੀਂ, ਇਹ ਤੁਹਾਨੂੰ ਚੱਖ ਕੇ ਹੀ ਪਤਾ ਲੱਗੇਗਾ।

2 ਅਸੀਂ ਯਹੋਵਾਹ ਦੀ ਭਲਾਈ ਬਾਰੇ ਜਾਣਨ ਲਈ ਬਾਈਬਲ ਅਤੇ ਆਪਣੇ ਪ੍ਰਕਾਸ਼ਨ ਪੜ੍ਹ ਸਕਦੇ ਹਾਂ ਅਤੇ ਦੂਜਿਆਂ ਤੋਂ ਜਾਣ ਸਕਦੇ ਹਾਂ ਕਿ ਉਨ੍ਹਾਂ ਨੂੰ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਮਿਲੀਆਂ ਹਨ। ਪਰ ਅਸੀਂ ਤਾਂ ਹੀ ਯਹੋਵਾਹ ਦੀ ਭਲਾਈ ਬਾਰੇ ਚੰਗੀ ਤਰ੍ਹਾਂ ਜਾਣ ਸਕਾਂਗੇ ਜੇ ਅਸੀਂ ਆਪ ‘ਚੱਖ’ ਕੇ ਦੇਖਾਂਗੇ। (ਜ਼ਬੂਰ 34:8 ਪੜ੍ਹੋ।) ਆਓ ਆਪਾਂ ਇਸ ਤਰ੍ਹਾਂ ਕਰਨ ਦੀ ਇਕ ਮਿਸਾਲ ਦੇਖੀਏ। ਮੰਨ ਲਓ ਕਿ ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਹੋ, ਪਰ ਇਹ ਟੀਚਾ ਪੂਰਾ ਕਰਨ ਲਈ ਤੁਹਾਨੂੰ ਆਪਣੀ ਜ਼ਿੰਦਗੀ ਸਾਦੀ ਕਰਨੀ ਪਵੇਗੀ। ਤੁਸੀਂ ਸ਼ਾਇਦ ਯਿਸੂ ਦੇ ਇਸ ਵਾਅਦੇ ਬਾਰੇ ਕਈ ਵਾਰ ਪੜ੍ਹਿਆ ਹੋਵੇਗਾ ਕਿ ਜੇ ਤੁਸੀਂ ਰਾਜ ਦੇ ਕੰਮਾਂ ਨੂੰ ਪਹਿਲ ਦਿਓਗੇ, ਤਾਂ ਯਹੋਵਾਹ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ। ਪਰ ਤੁਸੀਂ ਆਪਣੇ ਮਾਮਲੇ ਵਿਚ ਕਦੇ ਵੀ ਇਹ ਵਾਅਦਾ ਪੂਰਾ ਹੁੰਦਿਆਂ ਨਹੀਂ ਦੇਖਿਆ। (ਮੱਤੀ 6:33) ਤੁਹਾਨੂੰ ਯਿਸੂ ਦੇ ਵਾਅਦੇ ’ਤੇ ਭਰੋਸਾ ਕਰ ਕੇ ਆਪਣੇ ਖ਼ਰਚੇ ਘਟਾਉਣੇ ਪੈਣਗੇ, ਕੰਮ ਦੇ ਸਮੇਂ ਵਿਚ ਫੇਰ-ਬਦਲ ਕਰਨਾ ਪਵੇਗਾ ਅਤੇ ਪ੍ਰਚਾਰ ਕਰਨ ’ਤੇ ਧਿਆਨ ਲਾਉਣਾ ਪਵੇਗਾ। ਇਸ ਤਰ੍ਹਾਂ ਕਰ ਕੇ ਤੁਸੀਂ ਦੇਖੋਗੇ ਕਿ ਯਹੋਵਾਹ ਸੱਚ-ਮੁੱਚ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਤੁਸੀਂ ਆਪ ‘ਚੱਖ’ ਕੇ ਦੇਖੋਗੇ ਕਿ ਯਹੋਵਾਹ ਕਿੰਨਾ ਭਲਾ ਹੈ!

3. ਜ਼ਬੂਰ 16:1, 2 ਮੁਤਾਬਕ ਯਹੋਵਾਹ ਖ਼ਾਸ ਕਰਕੇ ਕਿਨ੍ਹਾਂ ਨਾਲ ਭਲਾਈ ਕਰਦਾ ਹੈ?

3 ਯਹੋਵਾਹ “ਸਾਰਿਆਂ ਨਾਲ ਭਲਾਈ ਕਰਦਾ ਹੈ,” ਉਨ੍ਹਾਂ ਨਾਲ ਵੀ ਜਿਹੜੇ ਉਸ ਨੂੰ ਨਹੀਂ ਜਾਣਦੇ। (ਜ਼ਬੂ. 145:9; ਮੱਤੀ 5:45) ਪਰ ਯਹੋਵਾਹ ਖ਼ਾਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਨ। (ਜ਼ਬੂਰ 16:1, 2 ਪੜ੍ਹੋ।) ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਸਾਡੇ ਲਈ ਭਲਾਈ ਦੇ ਕਿਹੜੇ ਕੁਝ ਕੰਮ ਕੀਤੇ ਹਨ।

4. ਯਹੋਵਾਹ ਨੇ ਕਿਵੇਂ ਉਨ੍ਹਾਂ ਨਾਲ ਭਲਾਈ ਕੀਤੀ ਜਿਨ੍ਹਾਂ ਨੇ ਉਸ ਦੇ ਨੇੜੇ ਜਾਣਾ ਸ਼ੁਰੂ ਕੀਤਾ?

4 ਅਸੀਂ ਜਦੋਂ ਵੀ ਯਹੋਵਾਹ ਤੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ। ਜਦੋਂ ਅਸੀਂ ਉਸ ਦੇ ਬਾਰੇ ਸਿੱਖਦੇ ਹਾਂ ਤੇ ਉਸ ਨੂੰ ਪਿਆਰ ਕਰਨ ਲੱਗਦੇ ਹਾਂ, ਤਾਂ ਉਹ ਅਜਿਹੀ ਸੋਚ ਅਤੇ ਕੰਮਾਂ ਨੂੰ ਛੱਡਣ ਵਿਚ ਸਾਡੀ ਮਦਦ ਕਰਦਾ ਹੈ ਜਿਨ੍ਹਾਂ ਕਰਕੇ ਅਸੀਂ ਇਕ ਸਮੇਂ ਤੇ ਉਸ ਤੋਂ ਦੂਰ ਹੁੰਦੇ ਸੀ। (ਕੁਲੁ. 1:21) ਨਾਲੇ ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ, ਤਾਂ ਉਸ ਨੇ ਸਾਡੇ ਨਾਲ ਭਲਾਈ ਕੀਤੀ। ਉਸ ਨੇ ਸਾਨੂੰ ਸਾਫ਼ ਜ਼ਮੀਰ ਦਿੱਤੀ ਅਤੇ ਸਾਨੂੰ ਆਪਣੇ ਦੋਸਤ ਬਣਾਇਆ।—1 ਪਤ. 3:21.

5. ਪ੍ਰਚਾਰ ਕਰਦਿਆਂ ਅਸੀਂ ਯਹੋਵਾਹ ਦੀ ਭਲਾਈ ਕਿਵੇਂ ਮਹਿਸੂਸ ਕਰਦੇ ਹਾਂ?

5 ਪ੍ਰਚਾਰ ਕਰਦਿਆਂ ਵੀ ਅਸੀਂ ਯਹੋਵਾਹ ਦੀ ਭਲਾਈ ਮਹਿਸੂਸ ਕਰਦੇ ਹਾਂ। ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ? ਯਹੋਵਾਹ ਦੇ ਬਹੁਤ ਸਾਰੇ ਲੋਕ ਸ਼ਰਮੀਲੇ ਸੁਭਾਅ ਦੇ ਹਨ। ਯਹੋਵਾਹ ਦੇ ਸੇਵਕ ਬਣਨ ਤੋਂ ਪਹਿਲਾਂ ਤੁਸੀਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਤੁਸੀਂ ਅਜਨਬੀਆਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਓਗੇ, ਪਰ ਅੱਜ ਤੁਸੀਂ ਇਹ ਕੰਮ ਲਗਾਤਾਰ ਕਰ ਰਹੇ ਹੋ। ਨਾਲੇ ਯਹੋਵਾਹ ਦੀ ਮਦਦ ਨਾਲ ਤੁਸੀਂ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਵੀ ਪਾਉਂਦੇ ਹੋ। ਉਸ ਨੇ ਕਈ ਤਰੀਕਿਆਂ ਨਾਲ ਤੁਹਾਡੀ ਮਦਦ ਕੀਤੀ। ਜਦੋਂ ਕਿਸੇ ਨੇ ਤੁਹਾਡਾ ਵਿਰੋਧ ਕੀਤਾ, ਤਾਂ ਉਸ ਨੇ ਸ਼ਾਂਤ ਰਹਿਣ ਵਿਚ ਤੁਹਾਡੀ ਮਦਦ ਕੀਤੀ। ਇਸ ਤੋਂ ਇਲਾਵਾ, ਉਸ ਨੇ ਤੁਹਾਨੂੰ ਢੁਕਵਾਂ ਹਵਾਲਾ ਯਾਦ ਕਰਾਇਆ ਜੋ ਤੁਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਸਾਂਝਾ ਕਰ ਸਕੇ। ਪ੍ਰਚਾਰ ਵਿਚ ਜਦੋਂ ਲੋਕਾਂ ਨੇ ਤੁਹਾਡੀ ਗੱਲ ਨਹੀਂ ਸੁਣੀ, ਉਦੋਂ ਉਸ ਨੇ ਤੁਹਾਨੂੰ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਦਿੱਤੀ।—ਯਿਰ. 20:7-9.

6. ਯਹੋਵਾਹ ਤੋਂ ਮਿਲਦੀ ਸਿਖਲਾਈ ਉਸ ਦੀ ਭਲਾਈ ਦਾ ਸਬੂਤ ਕਿਵੇਂ ਹੈ?

6 ਯਹੋਵਾਹ ਨੇ ਸਾਨੂੰ ਪ੍ਰਚਾਰ ਦੀ ਸਿਖਲਾਈ ਦੇ ਕੇ ਸਾਡੇ ਨਾਲ ਭਲਾਈ ਕੀਤੀ ਹੈ। (ਯੂਹੰ. 6:45) ਹਫ਼ਤੇ ਦੌਰਾਨ ਹੁੰਦੀ ਮੀਟਿੰਗ ਵਿਚ ਸਾਨੂੰ ਪ੍ਰਚਾਰ ਵਿਚ ਗੱਲਬਾਤ ਕਰਨ ਲਈ ਸੁਝਾਅ ਦਿੱਤੇ ਜਾਂਦੇ ਹਨ। ਸਾਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਅਸੀਂ ਇਨ੍ਹਾਂ ਸੁਝਾਵਾਂ ਨੂੰ ਪ੍ਰਚਾਰ ਕਰਨ ਲਈ ਵਰਤੀਏ। ਪਹਿਲਾਂ-ਪਹਿਲਾਂ ਅਸੀਂ ਸ਼ਾਇਦ ਕੋਈ ਨਵਾਂ ਸੁਝਾਅ ਅਪਣਾਉਣ ਤੋਂ ਘਬਰਾਈਏ। ਪਰ ਜਦੋਂ ਅਸੀਂ ਇਸ ਨੂੰ ਅਪਣਾਉਂਦੇ ਹਾਂ, ਤਾਂ ਇਸ ਦੇ ਬਹੁਤ ਵਧੀਆ ਨਤੀਜੇ ਨਿਕਲਦੇ ਹਨ। ਮੀਟਿੰਗਾਂ ਅਤੇ ਸੰਮੇਲਨਾਂ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਨ੍ਹਾਂ ਤਰੀਕਿਆਂ ਨਾਲ ਸ਼ਾਇਦ ਅਸੀਂ ਪਹਿਲਾਂ ਕਦੇ ਪ੍ਰਚਾਰ ਨਾ ਕੀਤਾ ਹੋਵੇ। ਹੋ ਸਕਦਾ ਹੈ ਕਿ ਸਾਨੂੰ ਨਵੇਂ ਤਰੀਕਿਆਂ ਨੂੰ ਅਪਣਾਉਣਾ ਮੁਸ਼ਕਲ ਲੱਗੇ, ਪਰ ਜਦੋਂ ਅਸੀਂ ਇਨ੍ਹਾਂ ਤਰੀਕਿਆਂ ਨਾਲ ਪ੍ਰਚਾਰ ਕਰਾਂਗੇ, ਤਾਂ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। ਆਓ ਹੁਣ ਆਪਾਂ ਦੇਖੀਏ ਕਿ ਉਦੋਂ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਦੋਂ ਅਸੀਂ ਆਪਣੇ ਹਾਲਾਤਾਂ ਮੁਤਾਬਕ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਾਂ। ਫਿਰ ਆਪਾਂ ਦੇਖਾਂਗੇ ਕਿ ਅਸੀਂ ਹੋਰ ਕਿਹੜੇ ਤਰੀਕਿਆਂ ਨਾਲ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹਾਂ।

ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ’ਤੇ ਭਰੋਸਾ ਰੱਖਦੇ ਹਨ

7. ਜਦੋਂ ਅਸੀਂ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

7ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਂਦੇ ਹਾਂ। ਸੈਮੂਏਲ * ਨਾਂ ਦੇ ਬਜ਼ੁਰਗ ਦੀ ਮਿਸਾਲ ’ਤੇ ਗੌਰ ਕਰੋ ਜੋ ਕੋਲੰਬੀਆ ਵਿਚ ਆਪਣੀ ਪਤਨੀ ਨਾਲ ਸੇਵਾ ਕਰ ਰਿਹਾ ਹੈ। ਇਹ ਜੋੜਾ ਪਹਿਲਾਂ ਆਪਣੀ ਮੰਡਲੀ ਵਿਚ ਪਾਇਨੀਅਰਿੰਗ ਕਰ ਰਿਹਾ ਸੀ, ਪਰ ਉਹ ਇਕ ਹੋਰ ਮੰਡਲੀ ਵਿਚ ਜਾ ਕੇ ਸੇਵਾ ਕਰਨੀ ਚਾਹੁੰਦੇ ਸਨ ਜਿੱਥੇ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਸੀ। ਇਹ ਟੀਚਾ ਪੂਰਾ ਕਰਨ ਲਈ ਉਨ੍ਹਾਂ ਨੇ ਕੁਝ ਕੁਰਬਾਨੀਆਂ ਕੀਤੀਆਂ। ਸੈਮੂਏਲ ਕਹਿੰਦਾ ਹੈ: “ਅਸੀਂ ਮੱਤੀ 6:33 ਲਾਗੂ ਕੀਤਾ ਅਤੇ ਗ਼ੈਰ-ਜ਼ਰੂਰੀ ਚੀਜ਼ਾਂ ਖ਼ਰੀਦਣੀਆਂ ਛੱਡ ਦਿੱਤੀਆਂ। ਪਰ ਸਾਨੂੰ ਆਪਣਾ ਘਰ ਛੱਡਣਾ ਬਹੁਤ ਔਖਾ ਲੱਗ ਰਿਹਾ ਸੀ। ਇਹ ਉਸੇ ਤਰੀਕੇ ਨਾਲ ਬਣਾਇਆ ਗਿਆ ਸੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਅਤੇ ਸਾਨੂੰ ਇਸ ਦੇ ਲਈ ਕੋਈ ਪੈਸਾ ਵੀ ਦੇਣ ਦੀ ਲੋੜ ਨਹੀਂ ਪਈ।” ਜਦੋਂ ਉਹ ਨਵੀਂ ਮੰਡਲੀ ਵਿਚ ਸੇਵਾ ਕਰਨ ਗਏ, ਤਾਂ ਉਨ੍ਹਾਂ ਦਾ ਗੁਜ਼ਾਰਾ ਪਹਿਲਾਂ ਨਾਲੋਂ ਵੀ ਬਹੁਤ ਘੱਟ ਪੈਸਿਆਂ ਵਿਚ ਹੋਣ ਲੱਗ ਪਿਆ। ਸੈਮੂਏਲ ਅੱਗੇ ਕਹਿੰਦਾ ਹੈ: “ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਕਿਵੇਂ ਸਾਨੂੰ ਸੇਧ ਦਿੱਤੀ ਅਤੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਅਸੀਂ ਮਹਿਸੂਸ ਕੀਤਾ ਕਿ ਉਹ ਸਾਡੇ ਤੋਂ ਖ਼ੁਸ਼ ਹੈ ਅਤੇ ਸਾਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ।” ਕੀ ਤੁਸੀਂ ਵੀ ਇਨ੍ਹਾਂ ਵਾਂਗ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ? ਜੇ ਹਾਂ, ਤਾਂ ਯਕੀਨ ਰੱਖੋ ਕਿ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਓਗੇ ਅਤੇ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ।—ਜ਼ਬੂ. 18:25.

8. ਈਵਾਨ ਅਤੇ ਵਿਕਟੋਰੀਆ ਦੀਆਂ ਗੱਲਾਂ ਤੋਂ ਅਸੀਂ ਕੀ ਸਿੱਖਦੇ ਹਾਂ?

8ਸੇਵਾ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਕਿਰਗਿਜ਼ਸਤਾਨ ਵਿਚ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਈਵਾਨ ਅਤੇ ਵਿਕਟੋਰੀਆ ’ਤੇ ਗੌਰ ਕਰੋ। ਉਨ੍ਹਾਂ ਨੇ ਆਪਣੀ ਜ਼ਿੰਦਗੀ ਸਾਦੀ ਕੀਤੀ ਤਾਂਕਿ ਉਹ ਕਿਸੇ ਵੀ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਸਕਣ, ਜਿਵੇਂ ਕਿ ਉਸਾਰੀ ਦਾ ਕੰਮ। ਈਵਾਨ ਕਹਿੰਦਾ ਹੈ: “ਸਾਨੂੰ ਜੋ ਵੀ ਕੰਮ ਮਿਲਿਆ, ਅਸੀਂ ਉਹ ਦਿਲ ਲਾ ਕੇ ਕੀਤਾ। ਭਾਵੇਂ ਅਸੀਂ ਸ਼ਾਮ ਤਕ ਥੱਕ ਜਾਂਦੇ ਸੀ, ਪਰ ਸਾਨੂੰ ਇਸ ਗੱਲੋਂ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਸੀ ਕਿ ਅਸੀਂ ਰਾਜ ਦੇ ਕੰਮਾਂ ਵਿਚ ਆਪਣੀ ਤਾਕਤ ਲਾਈ। ਅਸੀਂ ਨਵੇਂ ਦੋਸਤ ਵੀ ਬਣਾਏ ਤੇ ਸਾਨੂੰ ਕਈ ਤਜਰਬੇ ਵੀ ਹੋਏ ਜੋ ਸਾਡੇ ਲਈ ਮਿੱਠੀਆਂ ਯਾਦਾਂ ਬਣ ਗਏ।”—ਮਰ. 10:29, 30.

9. ਮੁਸ਼ਕਲ ਹਾਲਾਤਾਂ ਵਿਚ ਵੀ ਇਕ ਭੈਣ ਨੇ ਜ਼ਿਆਦਾ ਪ੍ਰਚਾਰ ਕਰਨ ਲਈ ਕੀ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

9 ਮੁਸ਼ਕਲ ਹਾਲਾਤਾਂ ਵਿਚ ਵੀ ਅਸੀਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾ ਸਕਦੇ ਹਾਂ। ਉਦਾਹਰਣ ਲਈ, ਪੱਛਮੀ ਅਫ਼ਰੀਕਾ ਵਿਚ ਸਿਆਣੀ ਉਮਰ ਦੀ ਭੈਣ ਮੀਰਾ ਵਿਧਵਾ ਹੈ ਜੋ ਪਹਿਲਾਂ ਇਕ ਡਾਕਟਰ ਸੀ। ਰੀਟਾਇਰ ਹੋਣ ਤੋਂ ਬਾਅਦ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਗਠੀਏ ਦੀ ਬੀਮਾਰੀ ਹੈ ਜਿਸ ਕਰਕੇ ਉਹ ਸਿਰਫ਼ ਇਕ ਘੰਟਾ ਹੀ ਘਰ-ਘਰ ਪ੍ਰਚਾਰ ਕਰ ਸਕਦੀ ਹੈ, ਪਰ ਉਹ ਜਨਤਕ ਥਾਵਾਂ ’ਤੇ ਜ਼ਿਆਦਾ ਸਮਾਂ ਪ੍ਰਚਾਰ ਕਰ ਸਕਦੀ ਹੈ। ਨਾਲੇ ਉਸ ਕੋਲ ਕਈ ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਉਸ ਨੇ ਫ਼ੋਨ ’ਤੇ ਪ੍ਰਚਾਰ ਕੀਤਾ ਸੀ। ਕਿਹੜੀ ਗੱਲ ਨੇ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ? ਉਹ ਕਹਿੰਦੀ ਹੈ: “ਮੇਰੇ ਦਿਲ ਵਿਚ ਯਹੋਵਾਹ ਤੇ ਯਿਸੂ ਮਸੀਹ ਲਈ ਢੇਰ ਸਾਰਾ ਪਿਆਰ ਹੈ। ਨਾਲੇ ਮੈਂ ਅਕਸਰ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨ ਵਿਚ ਮੇਰੀ ਮਦਦ ਕਰੇ।”—ਮੱਤੀ 22:36, 37.

10. ਪਹਿਲਾ ਪਤਰਸ 5:10 ਮੁਤਾਬਕ ਆਪਣੀ ਇੱਛਾ ਨਾਲ ਆਪਣੇ ਆਪ ਨੂੰ ਪੇਸ਼ ਕਰਨ ਵਾਲਿਆਂ ਨੂੰ ਯਹੋਵਾਹ ਤੋਂ ਕੀ ਮਿਲਦਾ ਹੈ?

10ਸਾਨੂੰ ਯਹੋਵਾਹ ਤੋਂ ਹੋਰ ਸਿਖਲਾਈ ਮਿਲਦੀ ਹੈ। ਮੌਰੀਸ਼ਸ ਵਿਚ ਪਾਇਨੀਅਰ ਵਜੋਂ ਸੇਵਾ ਕਰਦੇ ਭਰਾ ਕੈਨੀ ਬਾਰੇ ਇਹ ਗੱਲ ਬਿਲਕੁਲ ਸੱਚ ਸਾਬਤ ਹੋਈ। ਸੱਚਾਈ ਸਿੱਖਣ ਤੋਂ ਬਾਅਦ ਉਸ ਨੇ ਯੂਨੀਵਰਸਿਟੀ ਛੱਡ ਦਿੱਤੀ, ਬਪਤਿਸਮਾ ਲੈ ਲਿਆ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਲੱਗ ਪਿਆ। ਉਸ ਨੇ ਕਿਹਾ: “ਮੈਂ ਯਸਾਯਾਹ ਨਬੀ ਵਾਂਗ ਬਣਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਨੇ ਕਿਹਾ ਸੀ, ‘ਮੈਂ ਹਾਜ਼ਰ ਹਾਂ, ਮੈਨੂੰ ਘੱਲੋ!’” (ਯਸਾ. 6:8) ਕੈਨੀ ਨੇ ਉਸਾਰੀ ਦੇ ਕਈ ਪ੍ਰਾਜੈਕਟਾਂ ’ਤੇ ਕੰਮ ਕੀਤਾ ਅਤੇ ਆਪਣੀ ਮਾਂ-ਬੋਲੀ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਵਿਚ ਵੀ ਮਦਦ ਕੀਤੀ। ਉਹ ਕਹਿੰਦਾ ਹੈ: “ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਮੈਨੂੰ ਯਹੋਵਾਹ ਨੇ ਨਵੇਂ-ਨਵੇਂ ਹੁਨਰ ਸਿਖਾਏ।” ਉਸ ਨੇ ਹੋਰ ਵੀ ਕੁਝ ਸਿੱਖਿਆ। ਉਹ ਅੱਗੇ ਦੱਸਦਾ ਹੈ: “ਮੈਂ ਇਹ ਵੀ ਸਿੱਖਿਆ ਕਿ ਮੈਂ ਕੀ ਕਰ ਸਕਦਾ ਹਾਂ ਅਤੇ ਕੀ ਨਹੀਂ ਅਤੇ ਮੈਂ ਆਪਣੇ ਵਿਚ ਇੱਦਾਂ ਦੇ ਗੁਣ ਵੀ ਪੈਦਾ ਕਰ ਸਕਿਆ ਜਿਨ੍ਹਾਂ ਕਰਕੇ ਮੈਂ ਯਹੋਵਾਹ ਦਾ ਇਕ ਬਿਹਤਰ ਸੇਵਕ ਬਣ ਪਾਇਆ।” (1 ਪਤਰਸ 5:10 ਪੜ੍ਹੋ।) ਕਿਉਂ ਨਾ ਤੁਸੀਂ ਵੀ ਆਪਣੇ ਹਾਲਾਤਾਂ ਮੁਤਾਬਕ ਦੇਖੋ ਕਿ ਤੁਸੀਂ ਯਹੋਵਾਹ ਤੋਂ ਹੋਰ ਸਿਖਲਾਈ ਲੈਣ ਲਈ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹੋ ਜਾਂ ਨਹੀਂ?

ਇਕ ਜੋੜਾ ਉਸ ਇਲਾਕੇ ਵਿਚ ਪ੍ਰਚਾਰ ਕਰ ਰਿਹਾ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ। ਇਕ ਨੌਜਵਾਨ ਭੈਣ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਮਦਦ ਕਰਦੀ ਹੋਈ। ਇਕ ਬਜ਼ੁਰਗ ਜੋੜਾ ਫ਼ੋਨ ਰਾਹੀਂ ਗਵਾਹੀ ਦਿੰਦਾ ਹੋਇਆ। ਇਹ ਸਾਰੇ ਜਣੇ ਆਪਣੀ ਸੇਵਾ ਤੋਂ ਖ਼ੁਸ਼ ਹਨ। (ਪੈਰਾ 11 ਦੇਖੋ)

11. ਪ੍ਰਚਾਰ ਕਰਨ ਲਈ ਦੱਖਣੀ ਕੋਰੀਆ ਦੀਆਂ ਭੈਣਾਂ ਨੇ ਕੀ ਕਰਨਾ ਸਿੱਖਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

11 ਲੰਬੇ ਸਮੇਂ ਤੋਂ ਸੇਵਾ ਕਰ ਰਹੇ ਗਵਾਹਾਂ ਨੂੰ ਵੀ ਪ੍ਰਚਾਰ ਕਰਨ ਦੇ ਨਵੇਂ-ਨਵੇਂ ਤਰੀਕੇ ਸਿੱਖਣੇ ਪੈਂਦੇ ਹਨ। ਕੋਵਿਡ-19 ਮਹਾਂਮਾਰੀ ਦੌਰਾਨ ਦੱਖਣੀ ਕੋਰੀਆ ਵਿਚ ਇਕ ਮੰਡਲੀ ਦੇ ਬਜ਼ੁਰਗਾਂ ਨੇ ਲਿਖਿਆ: “ਸਾਡੇ ਕੁਝ ਭੈਣ-ਭਰਾ ਖ਼ਰਾਬ ਸਿਹਤ ਹੋਣ ਕਰਕੇ ਜ਼ਿਆਦਾ ਪ੍ਰਚਾਰ ਨਹੀਂ ਕਰ ਪਾਉਂਦੇ ਸਨ। ਪਰ ਹੁਣ ਉਹ ਵੀਡੀਓ ਕਾਨਫ਼ਰੰਸ ਜ਼ਰੀਏ ਪ੍ਰਚਾਰ ਵਿਚ ਪੂਰਾ ਹਿੱਸਾ ਲੈ ਰਹੇ ਹਨ। ਤਿੰਨ ਭੈਣਾਂ ਨੇ ਕੰਪਿਊਟਰ ਚਲਾਉਣਾ ਸਿੱਖਿਆ ਜਿਨ੍ਹਾਂ ਦੀ ਉਮਰ 80 ਸਾਲਾਂ ਤੋਂ ਜ਼ਿਆਦਾ ਹੈ। ਹੁਣ ਉਹ ਲਗਭਗ ਹਰ ਰੋਜ਼ ਪ੍ਰਚਾਰ ਕਰ ਰਹੀਆਂ ਹਨ।” (ਜ਼ਬੂ. 92:14, 15) ਕੀ ਤੁਸੀਂ ਵੀ ਯਹੋਵਾਹ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹੋ ਅਤੇ ਉਸ ਦੀ ਭਲਾਈ ਨੂੰ ਹੋਰ ਚੱਖ ਕੇ ਦੇਖਣਾ ਚਾਹੁੰਦੇ ਹੋ? ਆਓ ਦੇਖੀਏ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ।

ਹੋਰ ਜ਼ਿਆਦਾ ਸੇਵਾ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ?

12. ਯਹੋਵਾਹ ਉਨ੍ਹਾਂ ਨਾਲ ਕੀ ਵਾਅਦਾ ਕਰਦਾ ਹੈ ਜੋ ਉਸ ’ਤੇ ਭਰੋਸਾ ਰੱਖਦੇ ਹਨ?

12ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖੋ। ਉਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ’ਤੇ ਭਰੋਸਾ ਰੱਖਾਂਗੇ ਅਤੇ ਜੀ-ਜਾਨ ਲਾ ਕੇ ਉਸ ਦੀ ਸੇਵਾ ਕਰਾਂਗੇ, ਤਾਂ ਉਹ ਸਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ। (ਮਲਾ. 3:10) ਕੋਲੰਬੀਆ ਵਿਚ ਰਹਿਣ ਵਾਲੀ ਭੈਣ ਫੈਬੀਓਲਾ ਨਾਲ ਇਸੇ ਤਰ੍ਹਾਂ ਹੋਇਆ। ਬਪਤਿਸਮਾ ਲੈਣ ਤੋਂ ਬਾਅਦ ਛੇਤੀ ਹੀ ਉਹ ਰੈਗੂਲਰ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ, ਪਰ ਉਸ ਦਾ ਪਤੀ ਅਤੇ ਉਸ ਦੇ ਤਿੰਨ ਬੱਚਿਆਂ ਦਾ ਗੁਜ਼ਾਰਾ ਉਸ ਦੀ ਕਮਾਈ ਨਾਲ ਚੱਲਦਾ ਸੀ। ਜਦੋਂ ਉਹ ਰੀਟਾਇਰ ਹੋਈ, ਤਾਂ ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ। ਉਹ ਕਹਿੰਦੀ ਹੈ: “ਆਮ ਤੌਰ ਤੇ ਪੈਨਸ਼ਨ ਦੇ ਪੈਸੇ ਮਿਲਣ ਵਿਚ ਲੋਕਾਂ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਸੀ, ਪਰ ਮੈਨੂੰ ਇਹ ਪੈਸੇ ਇਕ ਮਹੀਨੇ ਬਾਅਦ ਹੀ ਮਿਲਣੇ ਸ਼ੁਰੂ ਹੋ ਗਏ ਸਨ। ਮੇਰੇ ਲਈ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ!” ਇਸ ਤੋਂ ਦੋ ਮਹੀਨਿਆਂ ਬਾਅਦ ਇਹ ਭੈਣ ਪਾਇਨੀਅਰਿੰਗ ਕਰਨ ਲੱਗ ਪਈ। ਹੁਣ ਉਸ ਦੀ ਉਮਰ 70 ਸਾਲਾਂ ਤੋਂ ਜ਼ਿਆਦਾ ਹੈ ਤੇ ਉਹ ਪਿਛਲੇ 20 ਸਾਲਾਂ ਤੋਂ ਪਾਇਨੀਅਰਿੰਗ ਕਰ ਰਹੀ ਹੈ। ਇਸ ਸਮੇਂ ਦੌਰਾਨ ਉਸ ਨੇ ਬਪਤਿਸਮਾ ਲੈਣ ਵਿਚ ਅੱਠ ਲੋਕਾਂ ਦੀ ਮਦਦ ਕੀਤੀ। ਉਹ ਕਹਿੰਦੀ ਹੈ: “ਕਈ ਵਾਰ ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਪਰ ਮੈਂ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਮੈਨੂੰ ਪਾਇਨੀਅਰਿੰਗ ਕਰਦੇ ਰਹਿਣ ਲਈ ਤਾਕਤ ਦੇਵੇ।”

ਅਬਰਾਹਾਮ ਤੇ ਸਾਰਾਹ, ਯਾਕੂਬ ਅਤੇ ਪੁਜਾਰੀਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੂੰ ਯਹੋਵਾਹ ’ਤੇ ਭਰੋਸਾ ਸੀ? (ਪੈਰਾ 13 ਦੇਖੋ)

13-14. ਯਹੋਵਾਹ ਉੱਤੇ ਭਰੋਸਾ ਰੱਖਣ ਵਿੱਚ ਕਿਹੜੀਆਂ ਮਿਸਾਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?

13ਯਹੋਵਾਹ ’ਤੇ ਭਰੋਸਾ ਰੱਖਣ ਵਾਲਿਆਂ ਤੋਂ ਸਿੱਖੋ। ਬਾਈਬਲ ਵਿਚ ਅਜਿਹੇ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਸਖ਼ਤ ਮਿਹਨਤ ਕੀਤੀ। ਕਈ ਵਾਰ ਉਨ੍ਹਾਂ ਸੇਵਕਾਂ ਨੂੰ ਪਹਿਲਾ ਕਦਮ ਉਠਾਉਣਾ ਪਿਆ ਅਤੇ ਉਸ ਤੋਂ ਬਾਅਦ ਹੀ ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦਿੱਤੀ। ਉਦਾਹਰਣ ਲਈ, ਅਬਰਾਹਾਮ ਨੇ ਪਹਿਲਾਂ ਆਪਣਾ ਘਰ ਛੱਡਿਆ “ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਸੀ।” ਫਿਰ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। (ਇਬ. 11:8) ਯਾਕੂਬ ਨੇ ਪਹਿਲਾਂ ਦੂਤ ਨਾਲ ਕੁਸ਼ਤੀ ਲੜੀ, ਉਸ ਤੋਂ ਬਾਅਦ ਹੀ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। (ਉਤ. 32:24-30) ਪੁਜਾਰੀਆਂ ਨੂੰ ਪਹਿਲਾਂ ਯਰਦਨ ਦਰਿਆ ਵਿਚ ਪੈਰ ਰੱਖਣੇ ਪਏ, ਫਿਰ ਹੀ ਇਜ਼ਰਾਈਲ ਕੌਮ ਉਸ ਨੂੰ ਪਾਰ ਕਰ ਪਾਈ ਅਤੇ ਵਾਅਦਾ ਕੀਤੇ ਗਏ ਦੇਸ਼ ਵਿਚ ਪਹੁੰਚ ਸਕੀ।—ਯਹੋ. 3:14-16.

14 ਤੁਸੀਂ ਅੱਜ ਅਜਿਹੇ ਭੈਣਾਂ-ਭਰਾਵਾਂ ਤੋਂ ਵੀ ਸਿੱਖ ਸਕਦੇ ਹੋ ਜੋ ਯਹੋਵਾਹ ’ਤੇ ਭਰੋਸਾ ਰੱਖ ਕੇ ਉਸ ਦੀ ਸੇਵਾ ਵਿਚ ਜ਼ਿਆਦਾ ਕਰ ਰਹੇ ਹਨ। ਭਰਾ ਪੇਟਨ ਅਤੇ ਉਸ ਦੀ ਪਤਨੀ ਡਾਇਨਾ ਦੀ ਮਿਸਾਲ ’ਤੇ ਗੌਰ ਕਰੋ। ਉਨ੍ਹਾਂ ਨੇ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬੇ ਪੜ੍ਹੇ ਜਿਨ੍ਹਾਂ ਨੇ ਦੂਰ-ਦੂਰ ਜਾ ਕੇ ਸੇਵਾ ਕੀਤੀ। ਇਨ੍ਹਾਂ ਵਿੱਚੋਂ ਕੁਝ ਭੈਣਾਂ-ਭਰਾਵਾਂ ਦੇ ਤਜਰਬੇ ਲੜੀਵਾਰ ਲੇਖ “ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ” ਵਿਚ ਦਿੱਤੇ ਗਏ ਹਨ। * ਪੇਟਨ ਕਹਿੰਦਾ ਹੈ: “ਜਦੋਂ ਅਸੀਂ ਇਨ੍ਹਾਂ ਤਜਰਬਿਆਂ ਨੂੰ ਪੜ੍ਹਦੇ ਸੀ, ਤਾਂ ਸਾਨੂੰ ਇੱਦਾਂ ਲੱਗਦਾ ਸੀ ਜਿਵੇਂ ਅਸੀਂ ਕਿਸੇ ਨੂੰ ਬਹੁਤ ਸੁਆਦ ਖਾਣਾ ਖਾਂਦੇ ਦੇਖ ਰਹੇ ਹਾਂ। ਅਸੀਂ ਜਿੰਨਾ ਜ਼ਿਆਦਾ ਉਸ ਨੂੰ ਦੇਖਦੇ ਹਾਂ, ਉੱਨਾ ਹੀ ਜ਼ਿਆਦਾ ਸਾਡਾ ਜੀ ਲਲਚਾਉਂਦਾ ਹੈ। ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ‘ਚੱਖ ਕੇ ਦੇਖੀਏ ਕਿ ਯਹੋਵਾਹ ਕਿੰਨਾ ਭਲਾ ਹੈ।’” ਕੁਝ ਸਮੇਂ ਬਾਅਦ ਪੇਟਨ ਅਤੇ ਡਾਇਨਾ ਅਜਿਹੀ ਥਾਂ ਤੇ ਜਾ ਕੇ ਸੇਵਾ ਕਰਨ ਲੱਗ ਪਏ ਜਿੱਥੇ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਸੀ। ਕੀ ਤੁਸੀਂ ਇਹ ਲੜੀਵਾਰ ਲੇਖ ਪੜ੍ਹੇ ਹਨ? ਕੀ ਤੁਸੀਂ jw.org ’ਤੇ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ—ਆਸਟ੍ਰੇਲੀਆ (ਹਿੰਦੀ) ਅਤੇ ਉੱਥੇ ਜਾਣਾ ਜਿੱਥੇ ਜ਼ਿਆਦਾ ਲੋੜ ਹੈ ਵੀਡੀਓ ਦੇਖੇ ਹਨ? ਇਸ ਤਰ੍ਹਾਂ ਕਰ ਕੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਕਰਨ ਬਾਰੇ ਸੋਚ ਸਕੋਗੇ।

15. ਕਿਨ੍ਹਾਂ ਲੋਕਾਂ ਨਾਲ ਸਮਾਂ ਬਿਤਾ ਕੇ ਸਾਡੀ ਮਦਦ ਹੋਵੇਗੀ?

15ਹੌਸਲਾ ਵਧਾਉਣ ਵਾਲਿਆਂ ਨਾਲ ਸਮਾਂ ਬਿਤਾਓ। ਕਿਸੇ ਨਵੀਂ ਚੀਜ਼ ਨੂੰ ਚੱਖਣ ਦਾ ਮਨ ਤਾਂ ਹੀ ਕਰੇਗਾ ਜੇ ਤੁਸੀਂ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਓਗੇ ਜੋ ਚਾਅ ਨਾਲ ਇਹ ਚੀਜ਼ ਖਾਂਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਵਾਂਗੇ ਜੋ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ, ਤਾਂ ਸਾਡਾ ਮਨ ਵੀ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਨੂੰ ਕਰੇਗਾ। ਕੈਂਟ ਅਤੇ ਵੈਰੋਨਿਕਾ ਨਾਲ ਵੀ ਇਸੇ ਤਰ੍ਹਾਂ ਹੋਇਆ। ਕੈਂਟ ਕਹਿੰਦਾ ਹੈ: “ਸਾਨੂੰ ਸਾਡੇ ਦੋਸਤਾਂ ਅਤੇ ਘਰਦਿਆਂ ਨੇ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨਾਲ ਸਮਾਂ ਬਿਤਾ ਕੇ ਸਾਨੂੰ ਕੁਝ ਨਵਾਂ ਕਰਨ ਦੀ ਹਿੰਮਤ ਮਿਲੀ।” ਹੁਣ ਕੈਂਟ ਤੇ ਵੈਰੋਨਿਕਾ ਖ਼ਾਸ ਪਾਇਨੀਅਰਾਂ ਵਜੋਂ ਸਰਬੀਆ ਵਿਚ ਸੇਵਾ ਕਰ ਰਹੇ ਹਨ।

16. ਲੂਕਾ 12:16-21 ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਕੁਰਬਾਨੀਆਂ ਕਰਨ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਹੈ?

16ਯਹੋਵਾਹ ਲਈ ਕੁਰਬਾਨੀਆਂ ਕਰੋ। ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਆਪਣਾ ਸਾਰਾ ਕੁਝ ਤਿਆਗਣਾ ਪਵੇਗਾ। (ਉਪ. 5:19, 20) ਪਰ ਜੇ ਅਸੀਂ ਕੁਰਬਾਨੀਆਂ ਕਰਨ ਦੇ ਡਰੋਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਨਹੀਂ ਕਰਾਂਗੇ, ਤਾਂ ਅਸੀਂ ਉਸ ਆਦਮੀ ਵਰਗੇ ਹੋਵਾਂਗੇ ਜਿਸ ਬਾਰੇ ਯਿਸੂ ਨੇ ਆਪਣੀ ਮਿਸਾਲ ਵਿੱਚ ਦੱਸਿਆ ਸੀ। ਉਸ ਆਦਮੀ ਨੇ ਆਪਣੇ ਲਈ ਚੰਗੀਆਂ-ਚੰਗੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਸਨ, ਪਰ ਉਹ ਪਰਮੇਸ਼ੁਰ ਨੂੰ ਭੁੱਲ ਗਿਆ ਸੀ। (ਲੂਕਾ 12:16-21 ਪੜ੍ਹੋ।) ਫਰਾਂਸ ਵਿਚ ਰਹਿਣ ਵਾਲੇ ਭਰਾ ਕ੍ਰਿਸਟੀਆਨ ਦੀ ਮਿਸਾਲ ਲਓ। ਉਹ ਕਹਿੰਦਾ ਹੈ: “ਮੈਂ ਆਪਣੇ ਪਰਿਵਾਰ ਅਤੇ ਯਹੋਵਾਹ ਨੂੰ ਜ਼ਿਆਦਾ ਸਮਾਂ ਨਹੀਂ ਦਿੰਦਾ ਸੀ।” ਪਰ ਫਿਰ ਉਸ ਨੇ ਅਤੇ ਉਸ ਦੀ ਪਤਨੀ ਨੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਦੋਨਾਂ ਨੂੰ ਆਪਣੀ ਨੌਕਰੀ ਛੱਡਣੀ ਪਈ। ਉਨ੍ਹਾਂ ਨੇ ਗੁਜ਼ਾਰਾ ਚਲਾਉਣ ਲਈ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕੀਤਾ ਅਤੇ ਘੱਟ ਪੈਸਿਆਂ ਵਿਚ ਜੀਉਣਾ ਸਿੱਖਿਆ। ਕੀ ਉਹ ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਖ਼ੁਸ਼ ਹਨ? ਕ੍ਰਿਸਟੀਆਨ ਕਹਿੰਦਾ ਹੈ: “ਅਸੀਂ ਬਹੁਤ ਖ਼ੁਸ਼ ਹਾਂ। ਅਸੀਂ ਹੁਣ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਪਾਉਂਦੇ ਹਾਂ ਅਤੇ ਸਾਡੇ ਕੋਲ ਕਈ ਰਿਟਰਨ ਵਿਜ਼ਿਟਾਂ ਹਨ। ਸਾਡੇ ਬਾਈਬਲ ਵਿਦਿਆਰਥੀ ਯਹੋਵਾਹ ਬਾਰੇ ਸਿੱਖ ਰਹੇ ਹਨ ਅਤੇ ਇਹ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ।”

17. ਇਕ ਭੈਣ ਨੇ ਨਵੇਂ ਤਰੀਕੇ ਨਾਲ ਪ੍ਰਚਾਰ ਕਰਨ ਲਈ ਕੀ ਕੀਤਾ?

17ਨਵੇਂ-ਨਵੇਂ ਤਰੀਕਿਆਂ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੋ। (ਰਸੂ. 17:16, 17; 20:20, 21) ਅਮਰੀਕਾ ਵਿਚ ਰਹਿਣ ਵਾਲੀ ਸ਼ਰਲੀ ਨਾਂ ਦੀ ਪਾਇਨੀਅਰ ਭੈਣ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਗਵਾਹੀ ਦੇਣ ਦਾ ਤਰੀਕਾ ਬਦਲਣਾ ਪਿਆ। ਸ਼ੁਰੂ-ਸ਼ੁਰੂ ਵਿਚ ਉਸ ਨੂੰ ਫ਼ੋਨ ’ਤੇ ਗਵਾਹੀ ਦੇਣ ਤੋਂ ਡਰ ਲੱਗਦਾ ਸੀ। ਪਰ ਸਰਕਟ ਓਵਰਸੀਅਰ ਦੇ ਦੌਰੇ ਦੌਰਾਨ ਉਸ ਨੇ ਫ਼ੋਨ ’ਤੇ ਗਵਾਹੀ ਦੇਣੀ ਸਿੱਖੀ। ਇਸ ਤੋਂ ਬਾਅਦ ਉਹ ਲਗਾਤਾਰ ਇਸ ਵਿਚ ਹਿੱਸਾ ਲੈਣ ਲੱਗੀ। ਉਹ ਕਹਿੰਦੀ ਹੈ: “ਹੁਣ ਮੈਨੂੰ ਫ਼ੋਨ ’ਤੇ ਗਵਾਹੀ ਦੇਣ ਵਿਚ ਬਹੁਤ ਮਜ਼ਾ ਆਉਂਦਾ ਹੈ। ਮੈਂ ਘਰ-ਘਰ ਪ੍ਰਚਾਰ ਕਰਦੇ ਸਮੇਂ ਇੰਨੇ ਲੋਕਾਂ ਨੂੰ ਗਵਾਹੀ ਨਹੀਂ ਦਿੰਦੀ ਸੀ ਜਿੰਨੇ ਲੋਕਾਂ ਨੂੰ ਹੁਣ ਮੈਂ ਫ਼ੋਨ ਦੇ ਜ਼ਰੀਏ ਗਵਾਹੀ ਦਿੰਦੀ ਹਾਂ।”

18. ਜਦੋਂ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

18ਕੋਈ ਤਰੀਕਾ ਸੋਚੋ ਤੇ ਕਦਮ ਉਠਾਓ। ਜਦੋਂ ਵੀ ਸਾਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਪ੍ਰਾਰਥਨਾ ਕਰ ਕੇ ਬੁੱਧ ਮੰਗਦੇ ਹਾਂ ਅਤੇ ਉਸ ਵਿੱਚੋਂ ਨਿਕਲਣ ਦਾ ਤਰੀਕਾ ਸੋਚਦੇ ਹਾਂ। (ਕਹਾ. 3:21) ਸੋਨੀਆ ਇਕ ਰੈਗੂਲਰ ਪਾਇਨੀਅਰ ਹੈ। ਉਹ ਯੂਰਪ ਵਿਚ ਰੋਮਨੀ ਭਾਸ਼ਾ ਦੇ ਗਰੁੱਪ ਵਿਚ ਸੇਵਾ ਕਰਦੀ ਹੈ। ਉਹ ਕਹਿੰਦੀ ਹੈ: “ਮੈਂ ਆਪਣੇ ਟੀਚੇ ਇਕ ਕਾਗਜ਼ ’ਤੇ ਲਿਖ ਲੈਂਦੀ ਹਾਂ। ਫਿਰ ਮੈਂ ਕਾਗਜ਼ ਨੂੰ ਅਜਿਹੀ ਜਗ੍ਹਾ ’ਤੇ ਰੱਖ ਦਿੰਦੀ ਹਾਂ ਜਿੱਥੇ ਮੈਂ ਉਸ ਨੂੰ ਦੇਖ ਸਕਾਂ। ਮੈਂ ਆਪਣੇ ਮੇਜ਼ ਉੱਤੇ ਦੋ ਰਸਤਿਆਂ ਦੀ ਇਕ ਤਸਵੀਰ ਬਣਾ ਕੇ ਰੱਖੀ ਹੈ। ਜਦੋਂ ਮੈਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਮੈਂ ਇਸ ਤਸਵੀਰ ਨੂੰ ਦੇਖਦੀ ਹਾਂ ਅਤੇ ਸੋਚਦੀ ਹਾਂ ਕਿ ਕਿਹੜਾ ਫ਼ੈਸਲਾ ਮੈਨੂੰ ਆਪਣੀ ਮੰਜ਼ਲ ਤਕ ਲੈ ਜਾਵੇਗਾ।” ਸੋਨੀਆ ਸਹੀ ਸੋਚ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਉਹ ਕਹਿੰਦੀ ਹੈ: “ਇਹ ਮੇਰੇ ’ਤੇ ਨਿਰਭਰ ਕਰਦਾ ਕਿ ਮੈਂ ਕਿਸੇ ਮੁਸ਼ਕਲ ਨੂੰ ਕੰਧ ਵਾਂਗ ਸਮਝਾਂਗੀ ਜੋ ਮੈਨੂੰ ਮੇਰਾ ਟੀਚਾ ਹਾਸਲ ਕਰਨ ਤੋਂ ਰੋਕ ਸਕਦੀ ਹੈ। ਜਾਂ ਫਿਰ ਮੈਂ ਇਸ ਨੂੰ ਇਕ ਪੁਲ ਵਾਂਗ ਸਮਝਾਂਗੀ ਜੋ ਟੀਚੇ ’ਤੇ ਪਹੁੰਚਣ ਵਿਚ ਮੇਰੀ ਮਦਦ ਕਰ ਸਕਦਾ ਹੈ।”

19. ਇਸ ਲੇਖ ਤੋਂ ਤੁਸੀਂ ਕੀ ਕੁਝ ਸਿੱਖਿਆ?

19 ਯਹੋਵਾਹ ਕਈ ਤਰੀਕਿਆਂ ਨਾਲ ਸਾਨੂੰ ਬਰਕਤਾਂ ਦਿੰਦਾ ਹੈ। ਇਸ ਦੇ ਲਈ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਹੋ ਕੇ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ। (ਇਬ. 13:15) ਸਾਨੂੰ ਉਸ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਣੇ ਚਾਹੀਦੇ ਹਨ। ਫਿਰ ਉਹ ਸਾਨੂੰ ਹੋਰ ਵੀ ਬਰਕਤਾਂ ਦੇਵੇਗਾ। ਇਸ ਲਈ ਆਓ ਆਪਾਂ ਹਰ ਰੋਜ਼ ‘ਚੱਖੀਏ ਅਤੇ ਦੇਖੀਏ ਕਿ ਯਹੋਵਾਹ ਭਲਾ ਹੈ।’ ਫਿਰ ਅਸੀਂ ਯਿਸੂ ਦੀ ਤਰ੍ਹਾਂ ਕਹਿ ਪਾਵਾਂਗੇ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਦਾ ਕੰਮ ਪੂਰਾ ਕਰਾਂ।”—ਯੂਹੰ. 4:34.

ਗੀਤ 84 ਸੁਨਹਿਰੇ ਮੌਕੇ, ਹੋਵੋ ਤਿਆਰ!

^ ਪੈਰਾ 5 ਯਹੋਵਾਹ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈ। ਉਹ ਹਰ ਕਿਸੇ ਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ, ਇੱਥੋਂ ਤਕ ਕਿ ਬੁਰੇ ਲੋਕਾਂ ਨੂੰ ਵੀ। ਪਰ ਉਹ ਖ਼ਾਸ ਕਰਕੇ ਆਪਣੇ ਵਫ਼ਾਦਾਰ ਸੇਵਕਾਂ ਨਾਲ ਭਲਾਈ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿਹੜੀਆਂ ਚੰਗੀਆਂ ਚੀਜ਼ਾਂ ਦਿੰਦਾ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਵਧ-ਚੜ੍ਹ ਕੇ ਸੇਵਾ ਕਰਨ ਵਾਲਿਆਂ ਨੂੰ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਮਿਲਦੀਆਂ ਹਨ।

^ ਪੈਰਾ 7 ਕੁਝ ਨਾਂ ਬਦਲੇ ਗਏ ਹਨ।

^ ਪੈਰਾ 14 ਪਹਿਰਾਬੁਰਜ ਵਿਚ ਛਪੀ ਇਹ ਲੜੀਵਾਰ ਲੇਖ ਹੁਣ jw.org/pa ’ਤੇ ਹਨ। “ਸਾਡੇ ਬਾਰੇ” > “ਤਜਰਬੇ” > “ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰਨੇ” ਹੇਠਾਂ ਦੇਖੋ।