Skip to content

Skip to table of contents

ਅਧਿਐਨ ਲੇਖ 35

ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ

ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ

“ਧੌਲ਼ਾ ਸਿਰ ਸੁਹੱਪਣ ਦਾ ਮੁਕਟ ਹੈ।”​—ਕਹਾ. 16:31.

ਗੀਤ 7 ਯਹੋਵਾਹ ਸਾਡਾ ਬਲ

ਖ਼ਾਸ ਗੱਲਾਂ *

1-2. (ੳ) ਕਹਾਉਤਾਂ 16:31 ਮੁਤਾਬਕ ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਬਾਰੇ ਸਾਡਾ ਨਜ਼ਰੀਆ ਕਿਹੋ ਜਿਹਾ ਹੋਣਾ ਚਾਹੀਦਾ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

ਅਮਰੀਕਾ ਦੀ ਅਰਕਾਂਸਾਸ ਪਾਰਕ ਦੀ ਜ਼ਮੀਨ ’ਤੇ ਹੀਰੇ ਪਏ ਹੁੰਦੇ ਹਨ, ਪਰ ਉਨ੍ਹਾਂ ਨੂੰ ਤਰਾਸ਼ਿਆ ਨਹੀਂ ਹੁੰਦਾ। ਉਹ ਦੇਖਣ ਨੂੰ ਪੱਥਰਾਂ ਵਰਗੇ ਲੱਗਦੇ ਹਨ ਜਿਸ ਕਰਕੇ ਪਾਰਕ ਨੂੰ ਦੇਖਣ ਆਏ ਲੋਕ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ।

2 ਉਨ੍ਹਾਂ ਹੀਰਿਆਂ ਵਾਂਗ ਸਾਡੇ ਸਿਆਣੀ ਉਮਰ ਦੇ ਭੈਣ-ਭਰਾ ਵੀ ਬਹੁਤ ਅਨਮੋਲ ਹਨ। ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਦੇ ਚਿੱਟੇ ਵਾਲ਼ ਮੁਕਟ ਵਾਂਗ ਹਨ। (ਕਹਾਉਤਾਂ 16:31 ਪੜ੍ਹੋ; 20:29) ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦੇਈਏ। ਜੇ ਨੌਜਵਾਨ ਭੈਣ-ਭਰਾ ਉਨ੍ਹਾਂ ਨੂੰ ਅਨਮੋਲ ਸਮਝਣਗੇ, ਤਾਂ ਉਹ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਇਸ ਲੇਖ ਵਿਚ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: ਯਹੋਵਾਹ ਸਾਡੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਅਨਮੋਲ ਕਿਉਂ ਸਮਝਦਾ ਹੈ? ਯਹੋਵਾਹ ਦੇ ਸੰਗਠਨ ਵਿਚ ਉਨ੍ਹਾਂ ਦੀ ਕੀ ਅਹਿਮੀਅਤ ਹੈ? ਉਨ੍ਹਾਂ ਦੀ ਮਿਸਾਲ ਤੋਂ ਪੂਰਾ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?

ਯਹੋਵਾਹ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਅਨਮੋਲ ਕਿਉਂ ਸਮਝਦਾ ਹੈ?

ਸਿਆਣੀ ਉਮਰ ਦੇ ਵਫ਼ਾਦਾਰ ਭੈਣ-ਭਰਾ ਯਹੋਵਾਹ ਅਤੇ ਸਾਡੇ ਲਈ ਅਨਮੋਲ ਹਨ (ਪੈਰਾ 3 ਦੇਖੋ)

3. ਜ਼ਬੂਰ 92:12-15 ਮੁਤਾਬਕ ਯਹੋਵਾਹ ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਕਿਉਂ ਸਮਝਦਾ ਹੈ?

3 ਸਿਆਣੀ ਉਮਰ ਦੇ ਭੈਣ-ਭਰਾ ਯਹੋਵਾਹ ਲਈ ਬਹੁਤ ਅਨਮੋਲ ਹਨ। ਉਹ ਜਾਣਦਾ ਹੈ ਕਿ ਉਹ ਅੰਦਰੋਂ ਕਿਹੋ ਜਿਹੇ ਹਨ ਅਤੇ ਉਨ੍ਹਾਂ ਵਿਚ ਕਿਹੜੇ ਚੰਗੇ ਗੁਣ ਹਨ। ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਕਰਕੇ ਉਨ੍ਹਾਂ ਕੋਲ ਬੁੱਧ ਹੁੰਦੀ ਹੈ। (ਅੱਯੂ. 12:12; 32:9; ਕਹਾ. 1:1-4) ਇਸ ਲਈ ਜਦੋਂ ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਚੰਗੀ ਸਲਾਹ ਦਿੰਦੇ ਹਨ, ਤਾਂ ਯਹੋਵਾਹ ਨੂੰ ਬਹੁਤ ਚੰਗਾ ਲੱਗਦਾ ਹੈ। ਯਹੋਵਾਹ ਇਹ ਵੀ ਜਾਣਦਾ ਹੈ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਧੀਰਜ ਰੱਖਿਆ। (ਮਲਾ. 3:16) ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਨੇ ਯਹੋਵਾਹ ’ਤੇ ਆਪਣੀ ਨਿਹਚਾ ਮਜ਼ਬੂਤ ਰੱਖੀ। ਇਸ ਤੋਂ ਇਲਾਵਾ, ਉਨ੍ਹਾਂ ਲਈ ਨਵੀਂ ਦੁਨੀਆਂ ਦੀ ਉਮੀਦ ਪਹਿਲਾਂ ਨਾਲੋਂ ਹੋਰ ਵੀ ਪੱਕੀ ਹੋ ਗਈ ਹੈ। ਉਹ “ਬੁਢਾਪੇ ਵਿਚ ਵੀ” ਯਹੋਵਾਹ ਦੇ ਨਾਂ ਦਾ ਐਲਾਨ ਕਰਦੇ ਹਨ। ਇਸ ਲਈ ਯਹੋਵਾਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ।​—ਜ਼ਬੂਰ 92:12-15 ਪੜ੍ਹੋ।

4. ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਕਿਸ ਗੱਲ ਤੋਂ ਹੌਸਲਾ ਮਿਲਦਾ ਹੈ?

4 ਜੇ ਤੁਸੀਂ ਸਿਆਣੀ ਉਮਰ ਦੇ ਭਰਾ ਜਾਂ ਭੈਣ ਹੋ, ਤਾਂ ਯਕੀਨ ਰੱਖੋ ਕਿ ਹੁਣ ਤਕ ਤੁਸੀਂ ਯਹੋਵਾਹ ਦੀ ਸੇਵਾ ਵਿਚ ਜੋ ਕੁਝ ਕੀਤਾ ਉਸ ਨੂੰ ਉਹ ਭੁੱਲਿਆ ਨਹੀਂ ਹੈ। (ਇਬ. 6:10) ਤੁਸੀਂ ਜੋਸ਼ ਨਾਲ ਪ੍ਰਚਾਰ ਕੀਤਾ, ਮੁਸ਼ਕਲਾਂ ਦੌਰਾਨ ਧੀਰਜ ਰੱਖਿਆ, ਬਾਈਬਲ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਬਿਤਾਈ, ਯਹੋਵਾਹ ਦੇ ਸੰਗਠਨ ਵਿਚ ਆਪਣੀਆਂ ਕਈ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਦੂਜਿਆਂ ਨੂੰ ਸਿਖਲਾਈ ਦਿੱਤੀ। ਜਦੋਂ ਵੀ ਸੰਗਠਨ ਵਿਚ ਕੁਝ ਤਬਦੀਲੀਆਂ ਹੋਈਆਂ, ਤਾਂ ਤੁਸੀਂ ਉਨ੍ਹਾਂ ਮੁਤਾਬਕ ਆਪਣੇ ਆਪ ਨੂੰ ਢਾਲਿਆ। ਜਿਨ੍ਹਾਂ ਲੋਕਾਂ ਨੇ ਪੂਰੇ ਸਮੇਂ ਦੀ ਸੇਵਾ ਕੀਤੀ, ਤੁਸੀਂ ਉਨ੍ਹਾਂ ਦਾ ਹੌਸਲਾ ਵਧਾਇਆ। ਤੁਹਾਡੀ ਵਫ਼ਾਦਾਰੀ ਦੇਖ ਕੇ ਯਹੋਵਾਹ ਪਰਮੇਸ਼ੁਰ ਬਹੁਤ ਖ਼ੁਸ਼ ਹੈ ਅਤੇ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ “ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੀ ਨਹੀਂ ਤਿਆਗੇਗਾ।” (ਜ਼ਬੂ. 37:28) ਉਹ ਤੁਹਾਨੂੰ ਇਹ ਵੀ ਯਕੀਨ ਦਿਵਾਉਂਦਾ ਹੈ: “ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ।” (ਯਸਾ. 46:4) ਇਸ ਲਈ ਜੇ ਤੁਹਾਡੀ ਉਮਰ ਵਧ ਰਹੀ ਹੈ, ਤਾਂ ਇੱਦਾਂ ਨਾ ਸੋਚੋ ਕਿ ਯਹੋਵਾਹ ਦੇ ਸੰਗਠਨ ਵਿਚ ਤੁਹਾਡੀ ਕੋਈ ਲੋੜ ਨਹੀਂ ਹੈ, ਬਲਕਿ ਤੁਹਾਡੀ ਬਹੁਤ ਲੋੜ ਹੈ!

ਯਹੋਵਾਹ ਦੇ ਸੰਗਠਨ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਅਹਿਮੀਅਤ ਹੈ

5. ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

5 ਭਾਵੇਂ ਕਿ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਵਿਚ ਸ਼ਾਇਦ ਪਹਿਲਾਂ ਜਿੰਨੀ ਤਾਕਤ ਨਹੀਂ ਰਹਿੰਦੀ, ਫਿਰ ਵੀ ਉਨ੍ਹਾਂ ਕੋਲ ਕਈ ਸਾਲਾਂ ਦਾ ਤਜਰਬਾ ਹੁੰਦਾ ਹੈ। ਇਸ ਲਈ ਯਹੋਵਾਹ ਦੇ ਸੰਗਠਨ ਵਿਚ ਉਹ ਹੁਣ ਵੀ ਬਹੁਤ ਕੁਝ ਕਰ ਸਕਦੇ ਹਨ। ਇਹ ਜਾਣਨ ਲਈ ਆਓ ਆਪਾਂ ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦੇ ਸਿਆਣੀ ਉਮਰ ਦੇ ਸੇਵਕਾਂ ਦੀਆਂ ਮਿਸਾਲਾਂ ’ਤੇ ਧਿਆਨ ਦੇਈਏ।

6-7. ਬਾਈਬਲ ਤੋਂ ਅਜਿਹੇ ਸੇਵਕਾਂ ਦੀਆਂ ਮਿਸਾਲਾਂ ਦਿਓ ਜੋ ਬੁਢਾਪੇ ਵਿਚ ਵੀ ਸੇਵਾ ਕਰਦੇ ਰਹੇ ਅਤੇ ਜਿਨ੍ਹਾਂ ਨੂੰ ਵਫ਼ਾਦਾਰੀ ਦਾ ਇਨਾਮ ਮਿਲਿਆ?

6 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਬੁਢਾਪੇ ਵਿਚ ਵੀ ਯਹੋਵਾਹ ਦੀ ਸੇਵਾ ਕੀਤੀ। ਉਦਾਹਰਣ ਲਈ, ਮੂਸਾ ਜਦੋਂ ਲਗਭਗ 80 ਸਾਲਾਂ ਦਾ ਹੋਇਆ, ਤਾਂ ਯਹੋਵਾਹ ਨੇ ਉਸ ਨੂੰ ਨਬੀ ਅਤੇ ਇਜ਼ਰਾਈਲ ਕੌਮ ਦਾ ਆਗੂ ਚੁਣਿਆ। ਦਾਨੀਏਲ ਦੀ ਉਮਰ 90 ਤੋਂ ਜ਼ਿਆਦਾ ਸਾਲਾਂ ਦੀ ਸੀ, ਫਿਰ ਵੀ ਯਹੋਵਾਹ ਉਸ ਨੂੰ ਨਬੀ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਸੀ। ਨਾਲੇ ਜਦੋਂ ਯਹੋਵਾਹ ਨੇ ਯੂਹੰਨਾ ਰਸੂਲ ਨੂੰ ਪ੍ਰਕਾਸ਼ ਦੀ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ, ਉਦੋਂ ਉਸ ਦੀ ਉਮਰ 90 ਤੋਂ ਜ਼ਿਆਦਾ ਸਾਲਾਂ ਦੀ ਸੀ।

7 ਪੁਰਾਣੇ ਜ਼ਮਾਨੇ ਵਿਚ ਅਜਿਹੇ ਕਈ ਸਿਆਣੀ ਉਮਰ ਦੇ ਵਫ਼ਾਦਾਰ ਸੇਵਕ ਵੀ ਸਨ ਜਿਨ੍ਹਾਂ ਬਾਰੇ ਬਾਈਬਲ ਵਿਚ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ। ਲੋਕਾਂ ਨੇ ਵੀ ਸ਼ਾਇਦ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ ਹੋਵੇ। ਪਰ ਯਹੋਵਾਹ ਨੇ ਉਨ੍ਹਾਂ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਦੀ ਵਫ਼ਾਦਾਰੀ ਦਾ ਉਨ੍ਹਾਂ ਨੂੰ ਇਨਾਮ ਦਿੱਤਾ। ਆਓ ਆਪਾਂ ਇਸ ਦੀਆਂ ਦੋ ਮਿਸਾਲਾਂ ਦੇਖੀਏ। ਪਹਿਲੀ ਮਿਸਾਲ ਸ਼ਿਮਓਨ ਦੀ ਹੈ “ਜੋ ਧਰਮੀ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਬੰਦਾ ਸੀ।” ਇਸ ਲਈ ਯਹੋਵਾਹ ਨੇ ਉਸ ਨੂੰ ਇਕ ਖ਼ਾਸ ਸਨਮਾਨ ਦਿੱਤਾ। ਉਹ ਯਿਸੂ ਨੂੰ ਦੇਖ ਸਕਿਆ ਜੋ ਹਾਲੇ ਬੱਚਾ ਹੀ ਸੀ ਅਤੇ ਉਸ ਨੇ ਯਿਸੂ ਤੇ ਉਸ ਦੀ ਮਾਤਾ ਬਾਰੇ ਭਵਿੱਖਬਾਣੀ ਕੀਤੀ। (ਲੂਕਾ 2:22, 25-35) ਦੂਜੀ ਮਿਸਾਲ ਅੱਨਾ ਨਬੀਆ ਦੀ ਹੈ ਜੋ 84 ਸਾਲਾਂ ਦੀ ਇਕ ਵਿਧਵਾ ਸੀ। ਫਿਰ ਵੀ ਉਹ “ਹਮੇਸ਼ਾ ਮੰਦਰ ਵਿਚ ਆਉਂਦੀ ਸੀ।” ਉਸ ਦੀ ਇਸ ਵਫ਼ਾਦਾਰੀ ਲਈ ਯਹੋਵਾਹ ਨੇ ਉਸ ਨੂੰ ਇਨਾਮ ਦਿੱਤਾ। ਉਹ ਵੀ ਛੋਟੇ ਜਿਹੇ ਬੱਚੇ ਯਿਸੂ ਨੂੰ ਦੇਖ ਸਕੀ। ਸ਼ਿਮਓਨ ਅਤੇ ਅੱਨਾ ਦੋਵੇਂ ਯਹੋਵਾਹ ਲਈ ਬਹੁਤ ਅਨਮੋਲ ਸਨ।​—ਲੂਕਾ 2:36-38.

ਭੈਣ ਡੀਡਰ 80 ਤੋਂ ਜ਼ਿਆਦਾ ਸਾਲਾਂ ਦੀ ਉਮਰ ਵਿਚ ਵੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੀ ਹੈ (ਪੈਰਾ 8 ਦੇਖੋ)

8-9. ਕੁਝ ਭੈਣਾਂ ਆਪਣੇ ਪਤੀਆਂ ਦੀ ਮੌਤ ਤੋਂ ਬਾਅਦ ਵੀ ਕੀ ਕਰਦੀਆਂ ਰਹਿੰਦੀਆਂ ਹਨ?

8 ਅੱਜ ਵੀ ਸਿਆਣੀ ਉਮਰ ਦੇ ਅਜਿਹੇ ਕਈ ਭੈਣ-ਭਰਾ ਹਨ ਜੋ ਨੌਜਵਾਨਾਂ ਲਈ ਵਧੀਆ ਮਿਸਾਲ ਹਨ। ਭੈਣ ਲੋਇਸ ਡੀਡਰ ਦੀ ਮਿਸਾਲ ’ਤੇ ਗੌਰ ਕਰੋ। ਉਹ 21 ਸਾਲਾਂ ਦੀ ਸੀ ਜਦੋਂ ਉਸ ਨੇ ਕੈਨੇਡਾ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਬਾਅਦ ਵਿਚ ਉਸ ਦੇ ਪਤੀ ਜੌਨ ਨੂੰ ਸਫ਼ਰੀ ਨਿਗਾਹਬਾਨ ਬਣਾਇਆ ਗਿਆ ਅਤੇ ਉਸ ਨੇ ਕਈ ਸਾਲਾਂ ਤਕ ਇਸ ਸੇਵਾ ਨੂੰ ਕਰਨ ਵਿਚ ਆਪਣੇ ਪਤੀ ਦਾ ਸਾਥ ਦਿੱਤਾ। ਇਸ ਤੋਂ ਬਾਅਦ ਕੈਨੇਡਾ ਦੇ ਬੈਥਲ ਵਿਚ ਉਨ੍ਹਾਂ ਨੇ 20 ਤੋਂ ਜ਼ਿਆਦਾ ਸਾਲਾਂ ਤਕ ਸੇਵਾ ਕੀਤੀ। ਜਦੋਂ ਭੈਣ ਲੋਇਸ 58 ਸਾਲਾਂ ਦੀ ਸੀ, ਉਦੋਂ ਉਨ੍ਹਾਂ ਦੋਵਾਂ ਨੂੰ ਯੂਕਰੇਨ ਵਿਚ ਸੇਵਾ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਕੀ ਕੀਤਾ? ਕੀ ਉਨ੍ਹਾਂ ਨੇ ਇਹ ਸੋਚਿਆ ਕਿ ਹੁਣ ਉਹ ਬੁੱਢੇ ਹੋ ਗਏ ਹਨ ਅਤੇ ਦੂਜੇ ਦੇਸ਼ ਵਿਚ ਜਾ ਕੇ ਸੇਵਾ ਨਹੀਂ ਕਰ ਸਕਦੇ? ਨਹੀਂ, ਉਹ ਦੋਵੇਂ ਯੂਕਰੇਨ ਗਏ ਅਤੇ ਉੱਥੇ ਭਰਾ ਜੌਨ ਨੇ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕੀਤੀ। ਸੱਤ ਸਾਲਾਂ ਬਾਅਦ ਭਰਾ ਜੌਨ ਦੀ ਮੌਤ ਹੋ ਗਈ, ਫਿਰ ਵੀ ਭੈਣ ਨੇ ਯੂਕਰੇਨ ਵਿਚ ਹੀ ਰਹਿ ਕੇ ਸੇਵਾ ਕਰਨ ਦਾ ਫ਼ੈਸਲਾ ਕੀਤਾ। ਅੱਜ ਭੈਣ ਲੋਇਸ 81 ਸਾਲਾਂ ਦੀ ਹੈ ਅਤੇ ਖ਼ੁਸ਼ੀ-ਖ਼ੁਸ਼ੀ ਬੈਥਲ ਵਿਚ ਸੇਵਾ ਕਰ ਰਹੀ ਹੈ। ਯੂਕਰੇਨ ਬੈਥਲ ਦੇ ਭੈਣ-ਭਰਾ ਉਸ ਨਾਲ ਬਹੁਤ ਪਿਆਰ ਕਰਦੇ ਹਨ।

9 ਜਦੋਂ ਲੋਇਸ ਵਰਗੀਆਂ ਭੈਣਾਂ ਦੇ ਪਤੀਆਂ ਦੀ ਮੌਤ ਹੋ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਲੋਕ ਉਨ੍ਹਾਂ ਵੱਲ ਪਹਿਲਾਂ ਜਿੰਨਾ ਧਿਆਨ ਨਾ ਦੇਣ, ਫਿਰ ਵੀ ਉਹ ਯਹੋਵਾਹ ਲਈ ਬਹੁਤ ਅਨਮੋਲ ਹਨ। ਉਨ੍ਹਾਂ ਨੇ ਕਈ ਸਾਲਾਂ ਤਕ ਆਪਣੇ ਪਤੀਆਂ ਦਾ ਸਾਥ ਦਿੱਤਾ ਅਤੇ ਉਹ ਅੱਜ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਹਨ। ਇਸ ਲਈ ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ। (1 ਤਿਮੋ. 5:3) ਇਹ ਭੈਣਾਂ ਨੌਜਵਾਨਾਂ ਲਈ ਵੀ ਚੰਗੀ ਮਿਸਾਲ ਹਨ।

10. ਭਰਾ ਟੋਨੀ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

10 ਸਿਆਣੀ ਉਮਰ ਦੇ ਕਈ ਵਫ਼ਾਦਾਰ ਭੈਣ-ਭਰਾ ਅਜਿਹੇ ਹਨ ਜੋ ਬਿਰਧ ਆਸ਼ਰਮ ਜਾਂ ਨਰਸਿੰਗ ਹੋਮ ਵਿਚ ਰਹਿੰਦੇ ਹਨ। ਫਿਰ ਵੀ ਯਹੋਵਾਹ ਦੇ ਸੰਗਠਨ ਵਿਚ ਉਨ੍ਹਾਂ ਦੀ ਬਹੁਤ ਅਹਿਮੀਅਤ ਹੈ। ਇਸ ਦੀ ਇਕ ਮਿਸਾਲ ਹੈ ਭਰਾ ਟੋਨੀ ਦੀ। ਉਨ੍ਹਾਂ ਦਾ ਬਪਤਿਸਮਾ ਅਗਸਤ 1942 ਵਿਚ ਪੈਨਸਿਲਵੇਨੀਆ, ਅਮਰੀਕਾ ਵਿਚ ਹੋਇਆ ਸੀ। ਉਸ ਵੇਲੇ ਉਸ ਦੀ ਉਮਰ 20 ਸਾਲਾਂ ਦੀ ਸੀ। ਬਪਤਿਸਮੇ ਤੋਂ ਤੁਰੰਤ ਬਾਅਦ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਕਿਹਾ ਗਿਆ, ਪਰ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ। ਇਸ ਕਾਰਨ ਉਸ ਨੂੰ ਢਾਈ ਸਾਲਾਂ ਦੀ ਜੇਲ੍ਹ ਦੀ ਸਜ਼ਾ ਹੋ ਗਈ। ਫਿਰ ਉਸ ਦਾ ਵਿਆਹ ਭੈਣ ਹਿਲਡਾ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਹੋਏ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਯਹੋਵਾਹ ਬਾਰੇ ਸਿਖਾਇਆ। ਭਰਾ ਟੋਨੀ ਨੇ ਕਈ ਸਾਲਾਂ ਤਕ ਤਿੰਨ ਮੰਡਲੀਆਂ ਦੇ ਪ੍ਰਧਾਨ ਨਿਗਾਹਬਾਨ ਵਜੋਂ (ਜਿਸ ਨੂੰ ਅੱਜ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਕਿਹਾ ਜਾਂਦਾ ਹੈ) ਸੇਵਾ ਕੀਤੀ ਅਤੇ ਉਸ ਨੇ ਸਰਕਟ ਸੰਮੇਲਨ ਦੇ ਨਿਗਰਾਨ ਵਜੋਂ ਵੀ ਸੇਵਾ ਕੀਤੀ। ਨਾਲੇ ਉਸ ਨੇ ਇਕ ਜੇਲ੍ਹ ਵਿਚ ਕਈ ਲੋਕਾਂ ਨੂੰ ਬਾਈਬਲ ਸਟੱਡੀ ਕਰਾਈ ਅਤੇ ਮੀਟਿੰਗਾਂ ਵੀ ਚਲਾਈਆਂ। ਅੱਜ ਭਰਾ ਟੋਨੀ 98 ਸਾਲਾਂ ਦਾ ਹੈ ਅਤੇ ਉਹ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

11. ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ ਜੋ ਬਿਰਧ ਆਸ਼ਰਮ ਜਾਂ ਨਰਸਿੰਗ ਹੋਮ ਵਿਚ ਰਹਿੰਦੇ ਹਨ?

11 ਜਿਹੜੇ ਭੈਣ-ਭਰਾ ਬਿਰਧ ਆਸ਼ਰਮ ਜਾਂ ਨਰਸਿੰਗ ਹੋਮ ਵਿਚ ਰਹਿੰਦੇ ਹਨ, ਸਾਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਕਿਵੇਂ? ਮੰਡਲੀ ਦੇ ਬਜ਼ੁਰਗ ਅਜਿਹੇ ਪ੍ਰਬੰਧ ਕਰ ਸਕਦੇ ਹਨ ਤਾਂਕਿ ਉਹ ਮੀਟਿੰਗਾਂ ਵਿਚ ਆ ਸਕਣ ਜਾਂ ਮੀਟਿੰਗਾਂ ਨੂੰ ਸੁਣ ਸਕਣ ਅਤੇ ਪ੍ਰਚਾਰ ਕਰ ਸਕਣ। ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਮਿਲਣ ਜਾਣਾ ਚਾਹੀਦਾ ਹੈ ਜਾਂ ਫਿਰ ਵੀਡੀਓ ਕਾਲ ਰਾਹੀਂ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਿਆਣੀ ਉਮਰ ਦੇ ਜੋ ਭੈਣ-ਭਰਾ ਸਾਡੇ ਤੋਂ ਦੂਰ ਰਹਿੰਦੇ ਹਨ, ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨੂੰ ਭੁੱਲ ਜਾਈਏ। ਕੁਝ ਸਿਆਣੀ ਉਮਰ ਦੇ ਭੈਣ-ਭਰਾ ਆਪਣੇ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਇਸ ਲਈ ਸਾਨੂੰ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ। ਜਦੋਂ ਉਹ ਸਾਨੂੰ ਦੱਸਦੇ ਹਨ ਕਿ ਯਹੋਵਾਹ ਦੇ ਸੰਗਠਨ ਵਿਚ ਉਨ੍ਹਾਂ ਨੇ ਕੀ-ਕੀ ਕੀਤਾ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ, ਤਾਂ ਸਾਨੂੰ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਾਂਗੇ।

12. ਮੰਡਲੀ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਸਾਨੂੰ ਕੀ ਪਤਾ ਲੱਗੇਗਾ?

12 ਜਦੋਂ ਅਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲਾਂ ਕਰਾਂਗੇ, ਤਾਂ ਸ਼ਾਇਦ ਅਸੀਂ ਉਨ੍ਹਾਂ ਦੇ ਅਨੋਖੇ ਤਜਰਬੇ ਸੁਣ ਕੇ ਹੈਰਾਨ ਰਹਿ ਜਾਈਏ। ਭੈਣ ਹੈਰੀਅਟ ਦੀ ਮਿਸਾਲ ਲੈ ਲਓ। ਭੈਣ ਨੇ ਕਈ ਸਾਲਾਂ ਤਕ ਅਮਰੀਕਾ ਦੀ ਨਿਊ ਜਰਸੀ ਦੀ ਇਕ ਮੰਡਲੀ ਵਿਚ ਵਫ਼ਾਦਾਰੀ ਨਾਲ ਸੇਵਾ ਕੀਤੀ। ਫਿਰ ਉਹ ਆਪਣੀ ਕੁੜੀ ਕੋਲ ਰਹਿਣ ਚਲੀ ਗਈ। ਉੱਥੇ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਸ ਨਾਲ ਸਮਾਂ ਬਿਤਾਇਆ ਅਤੇ ਉਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਲਈ ਕਿੰਨੀ ਹੀ ਵਧੀਆ ਮਿਸਾਲ ਹੈ! ਭੈਣ ਹੈਰੀਅਟ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਲਗਭਗ 1925 ਵਿਚ ਸੱਚਾਈ ਸਿੱਖਣ ਤੋਂ ਬਾਅਦ ਕਿਵੇਂ ਪ੍ਰਚਾਰ ਕੀਤਾ। ਜਦੋਂ ਵੀ ਉਹ ਪ੍ਰਚਾਰ ’ਤੇ ਜਾਂਦੀ ਸੀ, ਤਾਂ ਉਹ ਆਪਣੇ ਨਾਲ ਟੂਥ-ਬਰੱਸ਼ ਜ਼ਰੂਰ ਲੈ ਕੇ ਜਾਂਦੀ ਸੀ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਹੁੰਦਾ ਕਿ ਉਹ ਕਦੋਂ ਗਿਰਫ਼ਤਾਰ ਹੋ ਜਾਵੇ। 1933 ਵਿਚ ਉਸ ਨੂੰ ਦੋ ਵਾਰ ਜੇਲ੍ਹ ਹੋਈ ਅਤੇ ਹਰ ਵਾਰ ਉਸ ਨੂੰ ਪੂਰਾ ਇਕ ਹਫ਼ਤਾ ਜੇਲ੍ਹ ਵਿਚ ਰਹਿਣਾ ਪਿਆ। ਇਸ ਦੌਰਾਨ ਉਸ ਦੇ ਪਤੀ ਨੇ ਉਸ ਦਾ ਸਾਥ ਦਿੱਤਾ ਜੋ ਸੱਚਾਈ ਵਿਚ ਨਹੀਂ ਸੀ ਅਤੇ ਉਸ ਨੇ ਬੱਚਿਆਂ ਦਾ ਖ਼ਿਆਲ ਰੱਖਿਆ। ਸੱਚ-ਮੁੱਚ, ਹੈਰੀਅਟ ਵਰਗੇ ਸਿਆਣੀ ਉਮਰ ਦੇ ਭੈਣ-ਭਰਾ ਸਾਡੇ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹਨ!

13. ਯਹੋਵਾਹ ਦੇ ਸੰਗਠਨ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਕਿੰਨੀ ਕੁ ਅਹਿਮੀਅਤ ਹੈ?

13 ਸਿਆਣੀ ਉਮਰ ਦੇ ਭੈਣ-ਭਰਾ ਯਹੋਵਾਹ ਲਈ ਬਹੁਤ ਅਨਮੋਲ ਹਨ ਅਤੇ ਉਹ ਉਸ ਦੇ ਸੰਗਠਨ ਵਿਚ ਵੀ ਬਹੁਤ ਅਹਿਮੀਅਤ ਰੱਖਦੇ ਹਨ। ਇਨ੍ਹਾਂ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਯਹੋਵਾਹ ਨੇ ਸੰਗਠਨ ਦੇ ਵੱਖੋ-ਵੱਖਰੇ ਕੰਮਾਂ ਉੱਤੇ ਕਿਵੇਂ ਬਰਕਤ ਪਾਈ ਹੈ ਅਤੇ ਉਨ੍ਹਾਂ ਨੂੰ ਵੀ ਬਰਕਤ ਦਿੱਤੀ ਹੈ। ਨਾਲੇ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਤੋਂ ਜ਼ਰੂਰੀ ਸਬਕ ਸਿੱਖੇ। ਇਹ ਭੈਣ-ਭਰਾ ਸਾਡੇ ਲਈ ‘ਬੁੱਧ ਦੇ ਚਸ਼ਮੇ’ ਵਾਂਗ ਹਨ। (ਕਹਾ. 18:4) ਇਸ ਲਈ ਜੇ ਅਸੀਂ ਸਮਾਂ ਕੱਢ ਕੇ ਉਨ੍ਹਾਂ ਨੂੰ ਜਾਣਾਂਗੇ, ਤਾਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਾਂਗੇ।

ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਮਿਸਾਲ ਤੋਂ ਫ਼ਾਇਦਾ ਲਓ

ਏਲੀਯਾਹ ਨਾਲ ਰਹਿ ਕੇ ਅਲੀਸ਼ਾ ਨੂੰ ਫ਼ਾਇਦਾ ਹੋਇਆ। ਉਸੇ ਤਰ੍ਹਾਂ ਸਾਨੂੰ ਵੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦੇ ਤਜਰਬਿਆਂ ਤੋਂ ਫ਼ਾਇਦਾ ਹੋ ਸਕਦਾ ਹੈ (ਪੈਰੇ 14-15 ਦੇਖੋ)

14. ਬਿਵਸਥਾ ਸਾਰ 32:7 ਮੁਤਾਬਕ ਨੌਜਵਾਨ ਭੈਣਾਂ-ਭਰਾਵਾਂ ਨੂੰ ਕੀ ਕਰਨਾ ਚਾਹੀਦਾ ਹੈ?

14 ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਜਾ ਕੇ ਮਿਲੋ, ਉਨ੍ਹਾਂ ਨਾਲ ਗੱਲ ਕਰੋ। (ਬਿਵਸਥਾ ਸਾਰ 32:7 ਪੜ੍ਹੋ।) ਭਾਵੇਂ ਉਨ੍ਹਾਂ ਦੀ ਨਿਗਾਹ ਘੱਟ ਗਈ ਹੈ, ਉਹ ਲੜਖੜਾ ਕੇ ਚੱਲਦੇ ਹਨ ਅਤੇ ਹੌਲੀ ਬੋਲਦੇ ਹਨ, ਪਰ ਉਨ੍ਹਾਂ ਵਿਚ ਹੁਣ ਵੀ ਯਹੋਵਾਹ ਦੀ ਸੇਵਾ ਕਰਨ ਦਾ ਜੋਸ਼ ਹੈ ਅਤੇ ਉਨ੍ਹਾਂ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ “ਨੇਕਨਾਮੀ” ਖੱਟੀ ਹੈ। (ਉਪ. 7:1) ਯਾਦ ਰੱਖੋ ਕਿ ਯਹੋਵਾਹ ਉਨ੍ਹਾਂ ਨੂੰ ਕਿਉਂ ਅਨਮੋਲ ਸਮਝਦਾ ਹੈ। ਉਨ੍ਹਾਂ ਦਾ ਆਦਰ ਕਰਦੇ ਰਹੋ। ਅਲੀਸ਼ਾ ਵਰਗੇ ਬਣੋ! ਜਦੋਂ ਏਲੀਯਾਹ ਉਸ ਨੂੰ ਛੱਡ ਕੇ ਜਾ ਰਿਹਾ ਸੀ, ਤਾਂ ਉਸ ਨੇ ਤਿੰਨ ਵਾਰ ਏਲੀਯਾਹ ਨੂੰ ਕਿਹਾ: “ਮੈਂ ਤੇਰੇ ਤੋਂ ਅਲੱਗ ਨਹੀਂ ਹੋਵਾਂਗਾ।”​—2 ਰਾਜ. 2:2, 4, 6.

15. ਤੁਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਤੋਂ ਕਿਹੜੇ ਕੁਝ ਸਵਾਲ ਪੁੱਛ ਸਕਦੇ ਹੋ?

15 ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਣ ਲਈ ਉਨ੍ਹਾਂ ਨਾਲ ਗੱਲਾਂ ਕਰੋ। ਗੱਲਬਾਤ ਕਰਨ ਲਈ ਉਨ੍ਹਾਂ ਤੋਂ ਆਦਰ ਨਾਲ ਸਵਾਲ ਪੁੱਛੋ। (ਕਹਾ. 1:5; 20:5; 1 ਤਿਮੋ. 5:1, 2) ਉਨ੍ਹਾਂ ਤੋਂ ਅਜਿਹੇ ਸਵਾਲ ਪੁੱਛੋ: “ਜਦੋਂ ਤੁਸੀਂ ਜਵਾਨ ਸੀ, ਤਾਂ ਕਿਹੜੀ ਗੱਲ ਕਰਕੇ ਤੁਹਾਨੂੰ ਯਕੀਨ ਹੋਇਆ ਕਿ ਇਹੀ ਸੱਚਾਈ ਹੈ?” “ਤੁਹਾਡੀ ਜ਼ਿੰਦਗੀ ਵਿਚ ਅਜਿਹਾ ਕੀ ਹੋਇਆ ਜਿਸ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਆ ਗਏ?” “ਯਹੋਵਾਹ ਦੀ ਸੇਵਾ ਕਰ ਕੇ ਤੁਹਾਨੂੰ ਜੋ ਖ਼ੁਸ਼ੀ ਮਿਲਦੀ ਹੈ, ਉਸ ਦਾ ਰਾਜ਼ ਕੀ ਹੈ?” (1 ਤਿਮੋ. 6:6-8) ਫਿਰ ਜਦੋਂ ਉਹ ਆਪਣਾ ਤਜਰਬਾ ਦੱਸਦੇ ਹਨ, ਤਾਂ ਧਿਆਨ ਨਾਲ ਉਨ੍ਹਾਂ ਦੀ ਸੁਣੋ।

16. ਨੌਜਵਾਨਾਂ ਅਤੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਇਕ-ਦੂਜੇ ਨਾਲ ਗੱਲ ਕਰ ਕੇ ਕੀ ਫ਼ਾਇਦਾ ਹੁੰਦਾ ਹੈ?

16 ਜਦੋਂ ਤੁਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰੋਗੇ, ਤਾਂ ਇਸ ਨਾਲ ਨਾ ਸਿਰਫ਼ ਤੁਹਾਡਾ, ਸਗੋਂ ਉਨ੍ਹਾਂ ਦਾ ਵੀ ਹੌਸਲਾ ਵਧੇਗਾ। (ਰੋਮੀ. 1:12) ਨੌਜਵਾਨੋ, ਤੁਹਾਨੂੰ ਯਕੀਨ ਹੋ ਜਾਵੇਗਾ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦਾ ਬਹੁਤ ਖ਼ਿਆਲ ਰੱਖਦਾ ਹੈ। ਨਾਲੇ ਸਿਆਣੀ ਉਮਰ ਦੇ ਭੈਣ-ਭਰਾ ਵੀ ਜਾਣ ਸਕਣਗੇ ਕਿ ਤੁਸੀਂ ਉਨ੍ਹਾਂ ਨਾਲ ਕਿੰਨਾ ਪਿਆਰ ਕਰਦੇ ਹੋ। ਉਨ੍ਹਾਂ ਨੂੰ ਇਹ ਵੀ ਦੱਸ ਕੇ ਖ਼ੁਸ਼ੀ ਹੋਵੇਗੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਹਨ।

17. ਸਮੇਂ ਦੇ ਬੀਤਣ ਨਾਲ ਸਾਡੇ ਭੈਣ-ਭਰਾ ਕਿਸ ਅਰਥ ਵਿਚ ਹੋਰ ਵੀ ਖ਼ੂਬਸੂਰਤ ਹੁੰਦੇ ਜਾਂਦੇ ਹਨ?

17 ਜਿੱਦਾਂ-ਜਿੱਦਾਂ ਸਾਲ ਗੁਜ਼ਰਦੇ ਜਾਂਦੇ ਹਨ, ਉੱਦਾਂ-ਉੱਦਾਂ ਸਾਡੀ ਬਾਹਰਲੀ ਖ਼ੂਬਸੂਰਤੀ ਖ਼ਤਮ ਹੁੰਦੀ ਜਾਂਦੀ ਹੈ। ਪਰ ਜੋ ਭੈਣ-ਭਰਾ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਨ, ਉਹ ਅੰਦਰੋਂ ਹੋਰ ਵੀ ਖ਼ੂਬਸੂਰਤ ਹੁੰਦੇ ਜਾਂਦੇ ਹਨ। (1 ਥੱਸ. 1:2, 3) ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਸਿਆਣੀ ਉਮਰ ਦੇ ਭੈਣ-ਭਰਾ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੇ ਅੰਦਰ ਵਧੀਆ ਗੁਣ ਪੈਦਾ ਕਰਦੇ ਹਨ। ਅਸੀਂ ਜਿੰਨਾ ਜ਼ਿਆਦਾ ਇਨ੍ਹਾਂ ਭੈਣਾਂ-ਭਰਾਵਾਂ ਨੂੰ ਜਾਣਾਂਗੇ, ਉਨ੍ਹਾਂ ਦਾ ਆਦਰ ਕਰਾਂਗੇ ਅਤੇ ਉਨ੍ਹਾਂ ਤੋਂ ਸਿੱਖਾਂਗੇ, ਉੱਨਾ ਜ਼ਿਆਦਾ ਅਸੀਂ ਉਨ੍ਹਾਂ ਨੂੰ ਅਨਮੋਲ ਸਮਝਾਂਗੇ।

18. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

18 ਜਦੋਂ ਨੌਜਵਾਨ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਕਦਰ ਕਰਦੇ ਹਨ ਅਤੇ ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨਾਂ ਦੀ ਕਦਰ ਕਰਦੇ ਹਨ, ਤਾਂ ਮੰਡਲੀ ਮਜ਼ਬੂਤ ਹੁੰਦੀ ਜਾਂਦੀ ਹੈ ਅਤੇ ਤਰੱਕੀ ਕਰਦੀ ਹੈ। ਅਗਲੇ ਲੇਖ ਵਿਚ ਅਸੀਂ ਸਿੱਖਾਂਗੇ ਕਿ ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨ ਭੈਣਾਂ-ਭਰਾਵਾਂ ਨੂੰ ਕਿਸ ਤਰ੍ਹਾਂ ਅਨਮੋਲ ਸਮਝ ਸਕਦੇ ਹਨ।

ਗੀਤ 144 ਇਨਾਮ ’ਤੇ ਨਜ਼ਰ ਰੱਖੋ!

^ ਪੈਰਾ 5 ਸਿਆਣੀ ਉਮਰ ਦੇ ਭੈਣ-ਭਰਾ ਇਕ ਅਨਮੋਲ ਖ਼ਜ਼ਾਨੇ ਵਾਂਗ ਹਨ। ਇਸ ਲੇਖ ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਕਿ ਅਸੀਂ ਉਨ੍ਹਾਂ ਦੀ ਹੋਰ ਇੱਜ਼ਤ ਕਰੀਏ। ਨਾਲੇ ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਉਨ੍ਹਾਂ ਦੀ ਬੁੱਧ ਅਤੇ ਤਜਰਬੇ ਤੋਂ ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ। ਇਸ ਲੇਖ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਇਹ ਵੀ ਭਰੋਸਾ ਦਿਵਾਇਆ ਜਾਵੇਗਾ ਕਿ ਪਰਮੇਸ਼ੁਰ ਦੇ ਸੰਗਠਨ ਵਿਚ ਉਨ੍ਹਾਂ ਦੀ ਕਿੰਨੀ ਅਹਿਮੀਅਤ ਹੈ।