Skip to content

Skip to table of contents

ਅਧਿਐਨ ਲੇਖ 40

ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ?

ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ?

‘ਮੈਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।’​—ਲੂਕਾ 5:32.

ਗੀਤ 36 ਦਿਲ ਦੀ ਰਾਖੀ ਕਰੋ

ਖ਼ਾਸ ਗੱਲਾਂ *

1-2. (ੳ) ਰਾਜਾ ਅਹਾਬ ਅਤੇ ਰਾਜਾ ਮਨੱਸ਼ਹ ਵਿਚ ਕੀ ਫ਼ਰਕ ਸੀ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

ਪੁਰਾਣੇ ਜ਼ਮਾਨੇ ਵਿਚ ਦੋ ਰਾਜੇ ਸਨ, ਇਕ ਇਜ਼ਰਾਈਲ ਦਾ ਰਾਜਾ ਸੀ ਅਤੇ ਦੂਜਾ ਯਹੂਦਾਹ ਦਾ ਰਾਜਾ ਸੀ। ਇਹ ਦੋਨੋ ਰਾਜੇ ਅਲੱਗ-ਅਲੱਗ ਸਮੇਂ ਵਿਚ ਰਹਿੰਦੇ ਸਨ, ਪਰ ਇਨ੍ਹਾਂ ਰਾਜਿਆਂ ਵਿਚ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਇਨ੍ਹਾਂ ਦੋਹਾਂ ਰਾਜਿਆਂ ਨੇ ਯਹੋਵਾਹ ਖ਼ਿਲਾਫ਼ ਕੰਮ ਕੀਤੇ ਜਿਸ ਕਰਕੇ ਲੋਕ ਵੀ ਗ਼ਲਤ ਕੰਮ ਕਰਨ ਲੱਗ ਪਏ। ਦੋਨਾਂ ਰਾਜਿਆਂ ਨੇ ਮੂਰਤੀ-ਪੂਜਾ ਕੀਤੀ ਅਤੇ ਲੋਕਾਂ ਦਾ ਖ਼ੂਨ ਵਹਾਇਆ। ਪਰ ਇਨ੍ਹਾਂ ਦੋਨਾਂ ਵਿਚ ਇਕ ਗੱਲ ਵੱਖਰੀ ਸੀ। ਇਕ ਰਾਜੇ ਨੇ ਮਰਦੇ ਦਮ ਤਕ ਬੁਰੇ ਕੰਮ ਕੀਤੇ, ਪਰ ਦੂਜੇ ਰਾਜੇ ਨੇ ਆਪਣੀ ਗ਼ਲਤੀ ਮੰਨ ਕੇ ਬੁਰੇ ਕੰਮਾਂ ਤੋਂ ਤੋਬਾ ਕੀਤੀ। ਇਸ ਕਰਕੇ ਯਹੋਵਾਹ ਨੇ ਦੂਜੇ ਰਾਜੇ ਨੂੰ ਮਾਫ਼ ਕੀਤਾ। ਇਹ ਰਾਜੇ ਕੌਣ ਸਨ?

2 ਇਜ਼ਰਾਈਲ ਦਾ ਰਾਜਾ ਅਹਾਬ ਅਤੇ ਯਹੂਦਾਹ ਦਾ ਰਾਜਾ ਮਨੱਸ਼ਹ। ਇਨ੍ਹਾਂ ਦੋਨਾਂ ਰਾਜਿਆਂ ਤੋਂ ਅਸੀਂ ਸਿੱਖਾਂਗੇ ਕਿ ਤੋਬਾ ਕਰਨ ਦਾ ਕੀ ਮਤਲਬ ਹੈ। (ਰਸੂ. 17:30; ਰੋਮੀ. 3:23) ਅਸੀਂ ਦੇਖਾਂਗੇ ਕਿ ਜਦੋਂ ਸਾਡੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਦਿਲੋਂ ਤੋਬਾ ਕੀਤੀ ਹੈ। ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਾਡੇ ਤੋਂ ਕੋਈ ਪਾਪ ਹੋ ਜਾਂਦਾ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਨੇ ਦਿਲੋਂ ਤੋਬਾ ਕਰਨ ਬਾਰੇ ਕੀ ਸਿਖਾਇਆ ਸੀ।

ਅਸੀਂ ਰਾਜਾ ਅਹਾਬ ਤੋਂ ਕੀ ਸਿੱਖਦੇ ਹਾਂ?

3. ਅਹਾਬ ਕਿਹੋ ਜਿਹਾ ਰਾਜਾ ਸੀ?

3 ਅਹਾਬ ਇਜ਼ਰਾਈਲ ਦਾ ਸੱਤਵਾਂ ਰਾਜਾ ਸੀ। ਉਸ ਨੇ ਸੀਦੋਨ ਦੇ ਰਾਜੇ ਦੀ ਧੀ ਈਜ਼ਬਲ ਨਾਲ ਵਿਆਹ ਕਰਾਇਆ ਸੀ। ਇਸ ਵਿਆਹ ਕਰਕੇ ਇਜ਼ਰਾਈਲ ਰਾਜ ਨੂੰ ਧਨ-ਦੌਲਤ ਇਕੱਠੀ ਕਰਨ ਦੇ ਬਹੁਤ ਸਾਰੇ ਮੌਕੇ ਮਿਲੇ। ਪਰ ਇਸ ਵਿਆਹ ਕਰਕੇ ਇਜ਼ਰਾਈਲੀਆਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਹੋਰ ਵੀ ਖ਼ਰਾਬ ਹੋ ਗਿਆ। ਈਜ਼ਬਲ ਬਆਲ ਦੀ ਭਗਤੀ ਕਰਦੀ ਸੀ ਅਤੇ ਉਸ ਨੇ ਅਹਾਬ ਦੇ ਜ਼ਰੀਏ ਪੂਰੀ ਕੌਮ ਨੂੰ ਵੀ ਬਆਲ ਦੀ ਭਗਤੀ ਕਰਨ ਲਾ ਦਿੱਤਾ। ਇਸ ਭਗਤੀ ਵਿਚ ਵੇਸਵਾਗਿਰੀ ਅਤੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਣ ਵਰਗੇ ਘਿਣਾਉਣੇ ਕੰਮ ਕੀਤੇ ਜਾਂਦੇ ਸਨ। ਈਜ਼ਬਲ ਨੇ ਪਰਮੇਸ਼ੁਰ ਦੇ ਬਹੁਤ ਸਾਰੇ ਨਬੀਆਂ ਨੂੰ ਮਰਵਾ ਦਿੱਤਾ। (1 ਰਾਜ. 18:13) ਇਸ ਲਈ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਹਾਬ “ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।” (1 ਰਾਜ. 16:30) ਯਹੋਵਾਹ ਨੂੰ ਪਤਾ ਸੀ ਕਿ ਅਹਾਬ ਅਤੇ ਈਜ਼ਬਲ ਕੀ ਕਰ ਰਹੇ ਸਨ। ਫਿਰ ਵੀ ਯਹੋਵਾਹ ਨੇ ਦਇਆ ਦਿਖਾਈ ਅਤੇ ਏਲੀਯਾਹ ਨਬੀ ਨੂੰ ਭੇਜ ਕੇ ਉਨ੍ਹਾਂ ਨੂੰ ਤੇ ਹੋਰ ਲੋਕਾਂ ਨੂੰ ਚੇਤਾਵਨੀ ਦਿੱਤੀ। ਪਰ ਅਹਾਬ ਅਤੇ ਈਜ਼ਬਲ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀ।

4. ਰਾਜਾ ਅਹਾਬ ਨੂੰ ਕਿਹੜੀ ਸਜ਼ਾ ਸੁਣਾਈ ਗਈ ਅਤੇ ਇਸ ਦਾ ਉਸ ’ਤੇ ਕੀ ਅਸਰ ਪਿਆ?

4 ਅਖ਼ੀਰ ਯਹੋਵਾਹ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਆਪਣੇ ਨਬੀ ਏਲੀਯਾਹ ਰਾਹੀਂ ਅਹਾਬ ਅਤੇ ਈਜ਼ਬਲ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰੇ ਖ਼ਾਨਦਾਨ ਦਾ ਨਾਸ਼ ਕਰ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਅਹਾਬ ਨੂੰ ਝਟਕਾ ਲੱਗਾ! ਹੈਰਾਨੀ ਦੀ ਗੱਲ ਹੈ ਕਿ ਉਸ ਘਮੰਡੀ ਰਾਜੇ ਨੇ “ਆਪਣੇ ਆਪ ਨੂੰ ਨਿਮਰ ਕੀਤਾ।”​—1 ਰਾਜ. 21:19-29.

ਰਾਜਾ ਅਹਾਬ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ, ਇਸ ਲਈ ਉਸ ਨੇ ਪਰਮੇਸ਼ੁਰ ਦੇ ਨਬੀ ਨੂੰ ਜੇਲ੍ਹ ਵਿਚ ਸੁੱਟਵਾ ਦਿੱਤਾ (ਪੈਰੇ 5-6 ਦੇਖੋ) *

5-6. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਹਾਬ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ?

5 ਚਾਹੇ ਉਸ ਮੌਕੇ ਤੇ ਅਹਾਬ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ, ਪਰ ਬਾਅਦ ਵਿਚ ਉਸ ਦੇ ਕੰਮਾਂ ਤੋਂ ਜ਼ਾਹਰ ਹੋਇਆ ਕਿ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ। ਉਸ ਨੇ ਨਾ ਤਾਂ ਦੇਸ਼ ਵਿੱਚੋਂ ਬਆਲ ਦੀ ਭਗਤੀ ਨੂੰ ਖ਼ਤਮ ਕੀਤਾ ਅਤੇ ਨਾ ਹੀ ਲੋਕਾਂ ਨੂੰ ਯਹੋਵਾਹ ਵੱਲ ਮੋੜਿਆ। ਉਸ ਦੇ ਹੋਰ ਕੰਮਾਂ ਤੋਂ ਵੀ ਜ਼ਾਹਰ ਹੋਇਆ ਕਿ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ।

6 ਬਾਅਦ ਵਿਚ, ਅਹਾਬ ਨੇ ਸੀਰੀਆ ਦੇ ਖ਼ਿਲਾਫ਼ ਯੁੱਧ ਲੜਨ ਲਈ ਯਹੂਦਾਹ ਦੇ ਰਾਜੇ ਯਹੋਸ਼ਾਫਾਟ ਤੋਂ ਮਦਦ ਮੰਗੀ। ਯਹੋਸ਼ਾਫਾਟ ਚੰਗਾ ਰਾਜਾ ਸੀ, ਇਸ ਲਈ ਉਸ ਨੇ ਅਹਾਬ ਨੂੰ ਯਹੋਵਾਹ ਦੇ ਕਿਸੇ ਨਬੀ ਤੋਂ ਪੁੱਛਣ ਲਈ ਕਿਹਾ। ਅਹਾਬ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਨੇ ਕਿਹਾ: “ਇਕ ਹੋਰ ਆਦਮੀ ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ; ਪਰ ਮੈਨੂੰ ਉਸ ਨਾਲ ਨਫ਼ਰਤ ਹੈ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਬੁਰੀਆਂ ਗੱਲਾਂ ਹੀ ਦੱਸਦਾ ਹੈ।” ਬਾਅਦ ਵਿਚ ਉਨ੍ਹਾਂ ਨੇ ਮੀਕਾਯਾਹ ਨਬੀ ਤੋਂ ਵੀ ਪੁੱਛਿਆ। ਜਿੱਦਾਂ ਅਹਾਬ ਨੇ ਕਿਹਾ ਸੀ ਮੀਕਾਯਾਹ ਨਬੀ ਨੇ ਉਸ ਬਾਰੇ ਬੁਰੀ ਭਵਿੱਖਬਾਣੀ ਹੀ ਕੀਤੀ। ਆਪਣੇ ਬਾਰੇ ਬੁਰੀ ਭਵਿੱਖਬਾਣੀ ਸੁਣਨ ਤੋਂ ਬਾਅਦ ਤੋਬਾ ਕਰਨ ਦੀ ਬਜਾਇ, ਅਹਾਬ ਨੇ ਉਸ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ। (1 ਰਾਜ. 22:7-9, 23, 27) ਚਾਹੇ ਉਸ ਨੇ ਮੀਕਾਯਾਹ ਨਬੀ ਨੂੰ ਕੈਦ ਕਰ ਦਿੱਤਾ ਸੀ, ਪਰ ਉਹ ਯਹੋਵਾਹ ਦੀ ਭਵਿੱਖਬਾਣੀ ਨੂੰ ਪੂਰੀ ਹੋਣ ਤੋਂ ਨਹੀਂ ਰੋਕ ਸਕਿਆ। ਅਹਾਬ ਇਸ ਯੁੱਧ ਵਿਚ ਮਾਰਿਆ ਗਿਆ।​—1 ਰਾਜ. 22:34-38.

7. ਯਹੋਵਾਹ ਨੇ ਅਹਾਬ ਬਾਰੇ ਕੀ ਕਿਹਾ?

7 ਯੁੱਧ ਤੋਂ ਬਾਅਦ ਜਦੋਂ ਰਾਜਾ ਯਹੋਸ਼ਾਫਾਟ ਸਹੀ ਸਲਾਮਤ ਆਪਣੇ ਮਹਿਲ ਪਹੁੰਚਿਆ, ਤਾਂ ਯਹੋਵਾਹ ਨੇ ਆਪਣੇ ਨਬੀ ਯੇਹੂ ਰਾਹੀਂ ਉਸ ਨੂੰ ਦੱਸਿਆ ਕਿ ਉਹ ਅਹਾਬ ਬਾਰੇ ਕੀ ਸੋਚਦਾ ਸੀ। ਯੇਹੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਕੀ ਤੈਨੂੰ ਇਕ ਦੁਸ਼ਟ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕੀ ਤੈਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਯਹੋਵਾਹ ਨਾਲ ਨਫ਼ਰਤ ਕਰਦੇ ਹਨ?” (2 ਇਤਿ. 19:1, 2) ਗੌਰ ਕਰੋ: ਜੇ ਅਹਾਬ ਨੇ ਸੱਚੇ ਦਿਲੋਂ ਤੋਬਾ ਕੀਤੀ ਹੁੰਦੀ, ਤਾਂ ਕੀ ਪਰਮੇਸ਼ੁਰ ਨੇ ਉਸ ਨੂੰ ਦੁਸ਼ਟ ਕਹਿਣਾ ਸੀ? ਜਾਂ ਕੀ ਉਸ ਨੂੰ ਉਨ੍ਹਾਂ ਲੋਕਾਂ ਵਿਚ ਗਿਣਨਾ ਸੀ ਜੋ ਯਹੋਵਾਹ ਨੂੰ ਨਫ਼ਰਤ ਕਰਦੇ ਸਨ? ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚਾਹੇ ਅਹਾਬ ਨੂੰ ਆਪਣੀ ਗ਼ਲਤੀ ’ਤੇ ਕੁਝ ਹੱਦ ਤਕ ਅਫ਼ਸੋਸ ਸੀ, ਪਰ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ।

8. ਅਸੀਂ ਅਹਾਬ ਦੀ ਮਿਸਾਲ ਤੋਂ ਤੋਬਾ ਕਰਨ ਬਾਰੇ ਕੀ ਸਿੱਖ ਸਕਦੇ ਹਾਂ?

8 ਅਸੀਂ ਅਹਾਬ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਦਿਲੋਂ ਤੋਬਾ ਕਰਨ ਲਈ ਸਿਰਫ਼ ਆਪਣੀ ਗ਼ਲਤੀ ’ਤੇ ਅਫ਼ਸੋਸ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਹੋਰ ਵੀ ਕੁਝ ਕਰਨ ਦੀ ਲੋੜ ਹੈ। ਜਦੋਂ ਏਲੀਯਾਹ ਨੇ ਅਹਾਬ ਨੂੰ ਦੱਸਿਆ ਕਿ ਉਸ ਦੇ ਪਰਿਵਾਰ ਦਾ ਨਾਸ਼ ਹੋ ਜਾਵੇਗਾ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ। ਇਹ ਚੰਗੀ ਗੱਲ ਸੀ, ਪਰ ਬਾਅਦ ਵਿਚ ਉਸ ਦੇ ਕੰਮਾਂ ਤੋਂ ਸਾਫ਼ ਜ਼ਾਹਰ ਹੋਇਆ ਕਿ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ। ਆਓ ਆਪਾਂ ਇਕ ਹੋਰ ਰਾਜੇ ਦੀ ਮਿਸਾਲ ’ਤੇ ਗੌਰ ਕਰੀਏ ਜਿਸ ਤੋਂ ਅਸੀਂ ਜਾਣਾਂਗੇ ਕਿ ਅਸੀਂ ਸੱਚੇ ਦਿਲੋਂ ਤੋਬਾ ਕਿਵੇਂ ਕਰ ਸਕਦੇ ਹਾਂ।

ਅਸੀਂ ਰਾਜਾ ਮਨੱਸ਼ਹ ਤੋਂ ਕੀ ਸਿੱਖਦੇ ਹਾਂ?

9. ਮਨੱਸ਼ਹ ਕਿਹੋ ਜਿਹਾ ਰਾਜਾ ਸੀ?

9 ਲਗਭਗ 200 ਸਾਲ ਬਾਅਦ, ਮਨੱਸ਼ਹ ਯਹੂਦਾਹ ਦਾ ਰਾਜਾ ਬਣਿਆ। ਸ਼ਾਇਦ ਉਹ ਅਹਾਬ ਨਾਲੋਂ ਵੀ ਜ਼ਿਆਦਾ ਬੁਰਾ ਰਾਜਾ ਸੀ। ਇਸ ਲਈ ਉਸ ਬਾਰੇ ਬਾਈਬਲ ਵਿਚ ਲਿਖਿਆ ਗਿਆ: “ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।” (2 ਇਤਿ. 33:1-9) ਮਨੱਸ਼ਹ ਨੇ ਤਾਂ ਯਹੋਵਾਹ ਦੇ ਮੰਦਰ ਵਿਚ ਝੂਠੇ ਦੇਵੀ-ਦੇਵਤਿਆਂ ਦੀਆਂ ਵੇਦੀਆਂ ਬਣਾਈਆਂ, ਇੱਥੋਂ ਤਕ ਕਿ ਪੂਜਾ-ਖੰਭਾ ਵੀ ਖੜ੍ਹਾ ਕੀਤਾ ਜੋ ਜਣਨ ਦੇਵੀ ਨੂੰ ਦਰਸਾਉਂਦਾ ਸੀ। ਉਹ ਜਾਦੂਗਰੀ ਕਰਦਾ ਸੀ, ਫਾਲ ਪਾਉਂਦਾ ਸੀ ਅਤੇ ਜਾਦੂ-ਟੂਣਾ ਕਰਦਾ ਸੀ। ਉਸ ਨੇ ‘ਬੇਕਸੂਰਾਂ ਦਾ ਬੇਹਿਸਾਬਾ ਖ਼ੂਨ ਵੀ ਵਹਾਇਆ,’ ਇੱਥੋਂ ਤਕ ਕਿ ਉਸ ਨੇ ਝੂਠੇ ਦੇਵੀ-ਦੇਵਤਿਆਂ ਲਈ “ਆਪਣੇ ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ।”​—2 ਰਾਜ. 21:6, 7, 10, 11, 16.

10. ਯਹੋਵਾਹ ਨੇ ਮਨੱਸ਼ਹ ਨੂੰ ਕਿਵੇਂ ਸੁਧਾਰਿਆ ਅਤੇ ਮਨੱਸ਼ਹ ਨੇ ਕੀ ਕੀਤਾ?

10 ਯਹੋਵਾਹ ਨੇ ਮਨੱਸ਼ਹ ਨੂੰ ਚੇਤਾਵਨੀਆਂ ਦੇਣ ਲਈ ਆਪਣੇ ਬਹੁਤ ਸਾਰੇ ਨਬੀਆਂ ਨੂੰ ਭੇਜਿਆ। ਪਰ ਅਹਾਬ ਵਾਂਗ ਮਨੱਸ਼ਹ ਨੇ ਵੀ ਢੀਠ ਹੋ ਕੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ। ਇਸ ਲਈ “ਯਹੋਵਾਹ ਨੇ [ਯਹੂਦਾਹ] ਦੇ ਖ਼ਿਲਾਫ਼ ਅੱਸ਼ੂਰ ਦੇ ਰਾਜੇ ਦੀ ਫ਼ੌਜ ਦੇ ਮੁਖੀਆਂ ਨੂੰ ਲਿਆਂਦਾ ਅਤੇ ਉਨ੍ਹਾਂ ਨੇ ਮਨੱਸ਼ਹ ਨੂੰ ਕੁੰਡੀਆਂ ਪਾ ਕੇ ਫੜ ਲਿਆ ਅਤੇ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਗਏ।” ਮਨੱਸ਼ਹ ਨੇ ਕੈਦ ਵਿਚ ਹੁੰਦਿਆਂ ਆਪਣੇ ਕੰਮਾਂ ’ਤੇ ਸੋਚ-ਵਿਚਾਰ ਕੀਤਾ। ਉਹ “ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕਰਦਾ ਰਿਹਾ।” ਇਸ ਤੋਂ ਇਲਾਵਾ, “ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ” ਅਤੇ “ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ।” ਹੌਲੀ-ਹੌਲੀ ਉਸ ਦੁਸ਼ਟ ਰਾਜੇ ਦਾ ਮਨ ਬਦਲਣ ਲੱਗਾ। ਉਹ ਯਹੋਵਾਹ ਨੂੰ ‘ਆਪਣਾ ਪਰਮੇਸ਼ੁਰ’ ਮੰਨਣ ਲੱਗ ਪਿਆ।​—2 ਇਤਿ. 33:10-13.

ਰਾਜਾ ਮਨੱਸ਼ਹ ਨੇ ਦਿਲੋਂ ਤੋਬਾ ਕੀਤੀ ਸੀ, ਇਸ ਲਈ ਉਸ ਨੇ ਝੂਠੀ ਭਗਤੀ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ (ਪੈਰਾ 11 ਦੇਖੋ) *

11. ਦੂਜਾ ਇਤਿਹਾਸ 33:15, 16 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮਨੱਸ਼ਹ ਨੇ ਦਿਲੋਂ ਤੋਬਾ ਕੀਤੀ ਸੀ?

11 ਯਹੋਵਾਹ ਨੇ ਦੇਖਿਆ ਕਿ ਮਨੱਸ਼ਹ ਦਾ ਮਨ ਸੱਚ-ਮੁੱਚ ਬਦਲ ਗਿਆ ਸੀ। ਇਸ ਲਈ ਉਸ ਨੇ ਮਨੱਸ਼ਹ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਉਸ ਨੂੰ ਮਾਫ਼ ਕੀਤਾ ਅਤੇ ਕੁਝ ਸਮੇਂ ਬਾਅਦ ਉਸ ਨੂੰ ਦੁਬਾਰਾ ਰਾਜਾ ਬਣਾਇਆ। ਰਾਜਾ ਬਣਨ ਤੋਂ ਬਾਅਦ ਮਨੱਸ਼ਹ ਨੇ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਸ ਨੇ ਦਿਲੋਂ ਤੋਬਾ ਕੀਤੀ ਸੀ। ਉਸ ਨੇ ਉਹ ਸਭ ਕੁਝ ਕੀਤਾ ਜੋ ਅਹਾਬ ਨੇ ਕਦੇ ਨਹੀਂ ਕੀਤਾ ਸੀ। ਉਸ ਨੇ ਆਪਣਾ ਰਵੱਈਆ ਪੂਰੀ ਤਰ੍ਹਾਂ ਬਦਲ ਲਿਆ। ਉਸ ਨੇ ਦੇਸ਼ ਵਿੱਚੋਂ ਝੂਠੀ ਭਗਤੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਅਤੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਨ ਵੱਲ ਮੋੜਿਆ। (2 ਇਤਿਹਾਸ 33:15, 16 ਪੜ੍ਹੋ।) ਮਨੱਸ਼ਹ ਨੇ ਤੋਬਾ ਕਰਨ ਤੋਂ ਪਹਿਲਾਂ ਕਈ ਸਾਲਾਂ ਤਕ ਆਪਣੇ ਪਰਿਵਾਰ ਲਈ, ਅਧਿਕਾਰੀਆਂ ਲਈ ਅਤੇ ਲੋਕਾਂ ਲਈ ਬੁਰੀ ਮਿਸਾਲ ਰੱਖੀ ਸੀ। ਪਰ ਬੁਢਾਪੇ ਵਿਚ ਮਨੱਸ਼ਹ ਨੇ ਆਪਣੇ ਸਾਰੇ ਬੁਰੇ ਕੰਮਾਂ ਨੂੰ ਸੁਧਾਰਿਆ। ਇਸ ਤਰ੍ਹਾਂ ਕਰਨ ਲਈ ਉਸ ਨੂੰ ਨਿਹਚਾ ਅਤੇ ਦਲੇਰੀ ਦੀ ਲੋੜ ਸੀ। ਹੋ ਸਕਦਾ ਹੈ ਕਿ ਮਨੱਸ਼ਹ ਦੇ ਇਨ੍ਹਾਂ ਕੰਮਾਂ ਦਾ ਉਸ ਦੇ ਪੋਤੇ ਯੋਸੀਯਾਹ ’ਤੇ ਚੰਗਾ ਅਸਰ ਪਿਆ ਹੋਵੇ ਕਿਉਂਕਿ ਬਾਅਦ ਵਿਚ ਯੋਸੀਯਾਹ ਇਕ ਚੰਗਾ ਰਾਜਾ ਬਣਿਆ।​—2 ਰਾਜ. 22:1, 2.

12. ਅਸੀਂ ਮਨੱਸ਼ਹ ਦੀ ਮਿਸਾਲ ਤੋਂ ਤੋਬਾ ਕਰਨ ਬਾਰੇ ਕੀ ਸਿੱਖਦੇ ਹਾਂ?

12 ਅਸੀਂ ਤੋਬਾ ਕਰਨ ਬਾਰੇ ਮਨੱਸ਼ਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਮਨੱਸ਼ਹ ਨੇ ਆਪਣੇ ਆਪ ਨੂੰ ਨਿਮਰ ਕਰਨ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਕੀਤਾ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਰਹਿਮ ਦੀ ਭੀਖ ਮੰਗੀ ਅਤੇ ਆਪਣਾ ਰਵੱਈਆ ਪੂਰੀ ਤਰ੍ਹਾਂ ਬਦਲਿਆ। ਨਾਲੇ ਆਪਣੇ ਬੁਰੇ ਕੰਮਾਂ ਨੂੰ ਸੁਧਾਰਨ ਲਈ ਉਸ ਨੇ ਸਖ਼ਤ ਮਿਹਨਤ ਕੀਤੀ। ਉਸ ਨੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਸਰਿਆਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਮਨੱਸ਼ਹ ਦੀ ਮਿਸਾਲ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਬੁਰੇ ਤੋਂ ਬੁਰੇ ਕੰਮ ਕਰਨ ਵਾਲਿਆ ਨੂੰ ਵੀ ਮਾਫ਼ੀ ਮਿਲ ਸਕਦੀ ਹੈ ਕਿਉਂਕਿ ਯਹੋਵਾਹ “ਭਲਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।” (ਜ਼ਬੂ. 86:5) ਪਰ ਮਾਫ਼ੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਦਿਲੋਂ ਤੋਬਾ ਕਰਨ।

13. ਇਕ ਉਦਾਹਰਣ ਦੇ ਕੇ ਸਮਝਾਓ ਕਿ ਦਿਲੋਂ ਤੋਬਾ ਕਰਨ ਲਈ ਕੀ ਕਰਨਾ ਕਾਫ਼ੀ ਨਹੀਂ ਹੈ?

13 ਮਨੱਸ਼ਹ ਦੀ ਮਿਸਾਲ ਤੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਨ ਬਾਰੇ ਇਕ ਜ਼ਰੂਰੀ ਸਬਕ ਸਿੱਖਦੇ ਹਾਂ ਕਿ ਦਿਲੋਂ ਤੋਬਾ ਕਰਨ ਲਈ ਸਿਰਫ਼ ਅਫ਼ਸੋਸ ਕਰਨਾ ਹੀ ਕਾਫ਼ੀ ਨਹੀਂ ਹੈ। ਇਸ ਨੂੰ ਸਮਝਣ ਲਈ ਆਓ ਆਪਾਂ ਇਕ ਉਦਾਹਰਣ ’ਤੇ ਗੌਰ ਕਰਦੇ ਹਾਂ: ਮੰਨ ਲਓ ਕਿ ਤੁਸੀਂ ਮਿਠਾਈ ਦੀ ਦੁਕਾਨ ’ਤੇ ਜਾਂਦੇ ਹੋ ਅਤੇ ਦੁਕਾਨਦਾਰ ਤੋਂ ਗੁਲਾਬ ਜਾਮਣ ਮੰਗਦੇ ਹੋ। ਪਰ ਦੁਕਾਨਦਾਰ ਤੁਹਾਨੂੰ ਗੁਲਾਬ ਜਾਮਣ ਦੇਣ ਦੀ ਬਜਾਇ ਖੰਡ ਦਾ ਪੈਕਟ ਦੇ ਦਿੰਦਾ ਹੈ। ਕੀ ਤੁਸੀਂ ਉਹ ਪੈਕਟ ਲੈ ਲਵੋਗੇ? ਨਹੀਂ। ਪਰ ਦੁਕਾਨਦਾਰ ਤੁਹਾਨੂੰ ਸਮਝਾਉਂਦਾ ਹੈ ਕਿ ਗੁਲਾਬ ਜਾਮਣ ਬਣਾਉਣ ਲਈ ਖੰਡ ਬਹੁਤ ਜ਼ਰੂਰੀ ਹੈ। ਕੀ ਤੁਸੀਂ ਉਸ ਦੀ ਗੱਲ ਮੰਨ ਲਓਗੇ? ਬਿਲਕੁਲ ਨਹੀਂ! ਕਿਉਂਕਿ ਗੁਲਾਬ ਜਾਮਣ ਬਣਾਉਣ ਲਈ ਸਿਰਫ਼ ਖੰਡ ਹੀ ਕਾਫ਼ੀ ਨਹੀਂ ਹੈ। ਇਸੇ ਤਰ੍ਹਾਂ ਜੇ ਪਾਪੀ ਨੂੰ ਆਪਣੇ ਬੁਰੇ ਕੰਮ ਦਾ ਅਫ਼ਸੋਸ ਹੈ, ਤਾਂ ਇਹ ਚੰਗੀ ਗੱਲ ਹੈ। ਤੋਬਾ ਕਰਨ ਲਈ ਅਫ਼ਸੋਸ ਕਰਨਾ ਬਹੁਤ ਜ਼ਰੂਰੀ ਹੈ, ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਚਾਹੁੰਦਾ ਹੈ ਕਿ ਪਾਪ ਕਰਨ ਵਾਲਾ ਵਿਅਕਤੀ ਦਿਲੋਂ ਤੋਬਾ ਕਰੇ। ਇਸ ਦਾ ਕੀ ਮਤਲਬ ਹੈ? ਆਓ ਆਪਾਂ ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ’ਤੇ ਗੌਰ ਕਰੀਏ।

ਕਿਵੇਂ ਜਾਣੀਏ ਕਿ ਇਕ ਵਿਅਕਤੀ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ?

ਜਦੋਂ ਉਜਾੜੂ ਪੁੱਤਰ ਦੀ ਅਕਲ ਟਿਕਾਣੇ ਆਈ, ਤਾਂ ਉਹ ਘਰ ਵਾਪਸ ਆ ਗਿਆ (ਪੈਰੇ 14-15 ਦੇਖੋ) *

14. ਉਜਾੜੂ ਪੁੱਤਰ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੀ ਗ਼ਲਤੀ ਦਾ ਅਫ਼ਸੋਸ ਸੀ?

14 ਲੂਕਾ 15:11-32 ਵਿਚ ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਦਰਜ ਹੈ। ਇਹ ਪੁੱਤਰ ਆਪਣੇ ਪਿਤਾ ਦਾ ਘਰ ਛੱਡ ਕੇ “ਕਿਸੇ ਦੂਰ ਦੇਸ਼ ਰਹਿਣ ਚਲਾ” ਜਾਂਦਾ ਹੈ। ਉੱਥੇ ਉਹ ਅਯਾਸ਼ੀ ਵਿਚ ਆਪਣਾ ਸਾਰਾ ਪੈਸਾ ਉਡਾ ਦਿੰਦਾ ਹੈ। ਜਦੋਂ ਉਸ ’ਤੇ ਬੁਰਾ ਸਮਾਂ ਆਉਂਦਾ ਹੈ, ਤਾਂ ਉਹ ਆਪਣੇ ਕੰਮਾਂ ’ਤੇ ਸੋਚ-ਵਿਚਾਰ ਕਰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਆਪਣੇ ਪਿਤਾ ਦੇ ਘਰ ਕਿੰਨੀ ਵਧੀਆ ਸੀ। ਯਿਸੂ ਅੱਗੇ ਦੱਸਦਾ ਹੈ ਕਿ “ਜਦੋਂ ਉਸ ਦੀ ਅਕਲ ਟਿਕਾਣੇ” ਆਉਂਦੀ ਹੈ, ਤਾਂ ਉਹ ਫ਼ੈਸਲਾ ਕਰਦਾ ਹੈ ਕਿ ਉਹ ਆਪਣੇ ਘਰ ਵਾਪਸ ਜਾਵੇਗਾ ਅਤੇ ਆਪਣੇ ਪਿਤਾ ਤੋਂ ਮਾਫ਼ੀ ਮੰਗੇਗਾ। ਇਹ ਚੰਗੀ ਗੱਲ ਹੈ ਕਿ ਉਸ ਨੂੰ ਆਪਣੀ ਗ਼ਲਤੀ ਦਾ ਅਫ਼ਸੋਸ ਹੋਇਆ। ਇੱਦਾਂ ਕਰਨਾ ਜ਼ਰੂਰੀ ਸੀ। ਪਰ ਇੰਨਾ ਕਰਨਾ ਹੀ ਕਾਫ਼ੀ ਨਹੀਂ ਸੀ। ਉਸ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਸੀ।

15. ਯਿਸੂ ਦੀ ਮਿਸਾਲ ਵਿਚ ਉਜਾੜੂ ਪੁੱਤਰ ਨੇ ਕਿਵੇਂ ਦਿਖਾਇਆ ਕਿ ਉਸ ਨੇ ਦਿਲੋਂ ਤੋਬਾ ਕੀਤੀ ਸੀ?

15 ਉਜਾੜੂ ਪੁੱਤਰ ਨੂੰ ਆਪਣੇ ਕੰਮਾਂ ’ਤੇ ਬਹੁਤ ਅਫ਼ਸੋਸ ਹੁੰਦਾ ਹੈ। ਇਸ ਲਈ ਉਹ ਲੰਬਾ ਸਫ਼ਰ ਤੈਅ ਕਰ ਕੇ ਆਪਣੇ ਘਰ ਵਾਪਸ ਆਉਂਦਾ ਹੈ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ: “ਪਿਤਾ ਜੀ, ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਅਤੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। ਮੈਂ ਹੁਣ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਹਾਂ।” (ਲੂਕਾ 15:21) ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਸੁਧਾਰਨਾ ਚਾਹੁੰਦਾ ਹੈ। ਉਹ ਇਹ ਵੀ ਮੰਨਦਾ ਹੈ ਕਿ ਉਸ ਨੇ ਆਪਣੇ ਪਿਤਾ ਦਾ ਦਿਲ ਦੁਖਾਇਆ। ਉਹ ਆਪਣੇ ਪਿਤਾ ਨਾਲ ਰਿਸ਼ਤਾ ਸੁਧਾਰਨ ਲਈ ਘਰ ਵਿਚ ਨੌਕਰ ਵਜੋਂ ਕੰਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। (ਲੂਕਾ 15:19) ਯਿਸੂ ਦੁਆਰਾ ਦਿੱਤੀ ਮਿਸਾਲ ਸਿਰਫ਼ ਇਕ ਕਹਾਣੀ ਨਹੀਂ ਹੈ। ਇਸ ਤੋਂ ਬਜ਼ੁਰਗ ਬਹੁਤ ਅਹਿਮ ਸਬਕ ਸਿੱਖ ਸਕਦੇ ਹਨ। ਇਸ ਦੀ ਮਦਦ ਨਾਲ ਉਹ ਜਾਣ ਸਕਣਗੇ ਕਿ ਗ਼ਲਤੀ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ।

16. ਕਈ ਵਾਰ ਬਜ਼ੁਰਗਾਂ ਲਈ ਇਹ ਜਾਣਨਾ ਔਖਾ ਕਿਉਂ ਹੋ ਜਾਂਦਾ ਹੈ ਕਿ ਗ਼ਲਤੀ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ?

16 ਬਜ਼ੁਰਗਾਂ ਲਈ ਇਹ ਜਾਣਨਾ ਸੌਖਾ ਨਹੀਂ ਹੁੰਦਾ ਕਿ ਗੰਭੀਰ ਗ਼ਲਤੀ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਕਿਉਂ? ਕਿਉਂਕਿ ਬਜ਼ੁਰਗ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਉਹ ਸਿਰਫ਼ ਸਬੂਤਾਂ ਦੇ ਆਧਾਰ ’ਤੇ ਹੀ ਫ਼ੈਸਲਾ ਕਰਦੇ ਹਨ। ਕਈ ਵਾਰ ਤਾਂ ਇੱਦਾਂ ਹੁੰਦਾ ਹੈ ਕਿ ਇਕ ਵਿਅਕਤੀ ਨੇ ਪਾਪ ਕਰਨ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹੁੰਦੀਆਂ ਹਨ। ਅਜਿਹਾ ਹੋਣ ’ਤੇ ਬਜ਼ੁਰਗਾਂ ਲਈ ਸ਼ਾਇਦ ਉਸ ਵਿਅਕਤੀ ’ਤੇ ਯਕੀਨ ਕਰਨਾ ਔਖਾ ਹੋਵੇ।

17. (ੳ) ਕਿਹੜੀ ਉਦਾਹਰਣ ਤੋਂ ਪਤਾ ਲੱਗਦਾ ਕਿ ਦਿਲੋਂ ਤੋਬਾ ਕਰਨ ਲਈ ਅਫ਼ਸੋਸ ਕਰਨਾ ਕਾਫ਼ੀ ਨਹੀਂ ਹੈ? (ਅ) 2 ਕੁਰਿੰਥੀਆਂ 7:11 ਮੁਤਾਬਕ ਦਿਲੋਂ ਤੋਬਾ ਕਰਨ ਲਈ ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ?

17 ਇਕ ਉਦਾਹਰਣ ਤੇ ਗੌਰ ਕਰੋ ਕਿ ਇਕ ਭਰਾ ਕਾਫ਼ੀ ਸਾਲਾਂ ਤਕ ਵਾਰ-ਵਾਰ ਹਰਾਮਕਾਰੀ ਕਰਦਾ ਰਹਿੰਦਾ ਹੈ। ਉਹ ਇਹ ਗੱਲ ਆਪਣੀ ਪਤਨੀ, ਆਪਣੇ ਦੋਸਤਾਂ ਅਤੇ ਬਜ਼ੁਰਗਾਂ ਤੋਂ ਲੁਕਾਉਂਦਾ ਹੈ। ਅਖ਼ੀਰ ਉਸ ਦੇ ਪਾਪ ਦਾ ਪਰਦਾਫ਼ਾਸ਼ ਹੋ ਜਾਂਦਾ ਹੈ। ਜਦੋਂ ਬਜ਼ੁਰਗ ਉਸ ਨਾਲ ਗੱਲ ਕਰਦੇ ਹਨ, ਤਾਂ ਉਹ ਆਪਣੀ ਗ਼ਲਤੀ ਮੰਨ ਕੇ ਅਫ਼ਸੋਸ ਜ਼ਾਹਰ ਕਰਦਾ ਹੈ। ਪਰ ਕੀ ਦਿਲੋਂ ਤੋਬਾ ਕਰਨ ਲਈ ਇੰਨਾ ਹੀ ਕਰਨਾ ਕਾਫ਼ੀ ਹੈ? ਨਹੀਂ। ਇੱਦਾਂ ਦੇ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਹੋਰ ਵੀ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਕਿ ਉਸ ਭਰਾ ਨੇ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਇਹ ਪਾਪ ਕੀਤਾ। ਉਸ ਨੇ ਆਪਣਾ ਪਾਪ ਮੰਨਿਆਂ ਨਹੀਂ, ਸਗੋਂ ਕਿਸੇ ਹੋਰ ਨੇ ਉਸ ਦਾ ਪਰਦਾਫ਼ਾਸ਼ ਕੀਤਾ ਹੈ। ਅਜਿਹਾ ਹੋਣ ’ਤੇ ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਕਿ ਉਸ ਨੇ ਆਪਣੀ ਸੋਚ ਅਤੇ ਚਾਲ-ਚਲਣ ਵਿਚ ਕੋਈ ਬਦਲਾਅ ਕੀਤਾ ਹੈ। (2 ਕੁਰਿੰਥੀਆਂ 7:11 ਪੜ੍ਹੋ।) ਸ਼ਾਇਦ ਇੱਦਾਂ ਕਰਨ ਲਈ ਇਕ ਵਿਅਕਤੀ ਨੂੰ ਕਾਫ਼ੀ ਲੰਬਾ ਸਮਾਂ ਲੱਗੇ। ਇਸ ਲਈ ਬਜ਼ੁਰਗ ਸ਼ਾਇਦ ਉਸ ਵਿਅਕਤੀ ਨੂੰ ਉਦੋਂ ਤਕ ਮੰਡਲੀ ਵਿੱਚੋਂ ਛੇਕ ਦੇਣ, ਜਦੋਂ ਤਕ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਨਹੀਂ ਲੈਂਦਾ।​—1 ਕੁਰਿੰ. 5:11-13; 6:9, 10.

18. (ੳ) ਇਕ ਛੇਕਿਆ ਗਿਆ ਵਿਅਕਤੀ ਦਿਲੋਂ ਤੋਬਾ ਕਿਵੇਂ ਦਿਖਾ ਸਕਦਾ ਹੈ? (ਅ) ਉਹ ਕੀ ਭਰੋਸਾ ਰੱਖ ਸਕਦਾ ਹੈ?

18 ਜੇ ਛੇਕੇ ਗਏ ਵਿਅਕਤੀ ਨੇ ਦਿਲੋਂ ਤੋਬਾ ਕੀਤੀ ਹੈ, ਤਾਂ ਉਹ ਬਾਕਾਇਦਾ ਮੀਟਿੰਗਾਂ ’ਤੇ ਆਵੇਗਾ। ਨਾਲੇ ਉਹ ਬਜ਼ੁਰਗਾਂ ਦੀ ਸਲਾਹ ਮੰਨ ਕੇ ਲਗਾਤਾਰ ਪ੍ਰਾਰਥਨਾ ਅਤੇ ਬਾਈਬਲ ਅਧਿਐਨ ਕਰੇਗਾ। ਉਹ ਇੱਦਾਂ ਦੇ ਹਰ ਹਾਲਾਤ ਤੋਂ ਬਚੇਗਾ ਜਿਨ੍ਹਾਂ ਕਰਕੇ ਉਹ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਦੁਬਾਰਾ ਫਸ ਸਕਦਾ ਹੈ। ਜੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਸੁਧਾਰਨ ਲਈ ਸਖ਼ਤ ਮਿਹਨਤ ਕਰਦਾ ਹੈ, ਤਾਂ ਉਹ ਭਰੋਸਾ ਰੱਖ ਸਕਦਾ ਹੈ ਕਿ ਯਹੋਵਾਹ ਉਸ ਨੂੰ ਪੂਰੀ ਤਰ੍ਹਾਂ ਮਾਫ਼ ਕਰੇਗਾ ਅਤੇ ਬਜ਼ੁਰਗ ਵੀ ਉਸ ਦੀ ਫਿਰ ਤੋਂ ਮੰਡਲੀ ਦਾ ਹਿੱਸਾ ਬਣਨ ਵਿਚ ਮਦਦ ਕਰਨਗੇ। ਪਾਪ ਕਰਨ ਵਾਲੇ ਹਰ ਵਿਅਕਤੀ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਬਜ਼ੁਰਗ ਹਰ ਮਾਮਲੇ ਦੀ ਧਿਆਨ ਨਾਲ ਜਾਂਚ ਕਰਦੇ ਹਨ, ਪਰ ਉਹ ਖ਼ਾਸ ਤੌਰ ਤੇ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਉਹ ਸਖ਼ਤੀ ਨਾਲ ਨਿਆਂ ਨਾ ਕਰਨ।

19. ਦਿਲੋਂ ਤੋਬਾ ਕਰਨ ਲਈ ਇਕ ਵਿਅਕਤੀ ਨੂੰ ਕੀ-ਕੁਝ ਕਰਨਾ ਚਾਹੀਦਾ? (ਹਿਜ਼ਕੀਏਲ 33:14-16)

19 ਜਿਵੇਂ ਅਸੀਂ ਸਿੱਖਿਆ ਕਿ ਗੰਭੀਰ ਗ਼ਲਤੀ ਕਰਨ ਵਾਲੇ ਲਈ ਸਿਰਫ਼ ਇੰਨਾ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਉਸ ਨੂੰ ਆਪਣੀ ਗ਼ਲਤੀ ’ਤੇ ਅਫ਼ਸੋਸ ਹੈ, ਸਗੋਂ ਉਸ ਲਈ ਦਿਲੋਂ ਤੋਬਾ ਕਰਨੀ ਬਹੁਤ ਜ਼ਰੂਰੀ ਹੈ। ਉਸ ਨੂੰ ਆਪਣੀ ਸੋਚ ਅਤੇ ਆਪਣੇ ਚਾਲ-ਚਲਣ ਵਿਚ ਵੀ ਬਦਲਾਅ ਕਰਨਾ ਚਾਹੀਦਾ ਹੈ। (ਹਿਜ਼ਕੀਏਲ 33:14-16 ਪੜ੍ਹੋ) ਉਸ ਨੂੰ ਆਪਣੇ ਬੁਰੇ ਕੰਮਾਂ ਨੂੰ ਛੱਡਣਾ ਅਤੇ ਫਿਰ ਤੋਂ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣਾ ਚਾਹੀਦਾ। ਉਸ ਲਈ ਸਭ ਤੋਂ ਜ਼ਰੂਰੀ ਹੈ ਕਿ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਮਿਹਨਤ ਕਰੇ।

ਦਿਲੋਂ ਤੋਬਾ ਕਰਨ ਦੀ ਹੱਲਾਸ਼ੇਰੀ ਦਿਓ

20-21. ਜਦੋਂ ਸਾਡਾ ਕੋਈ ਦੋਸਤ ਪਾਪ ਕਰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

20 ਯਿਸੂ ਨੇ ਪ੍ਰਚਾਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਤੋਬਾ ਕਰਨ ਲਈ ਵੀ ਕਿਹਾ। ਉਸ ਨੇ ਦੱਸਿਆ: ‘ਮੈਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।’ (ਲੂਕਾ 5:32) ਅਸੀਂ ਵੀ ਚਾਹੁੰਦੇ ਹਾਂ ਕਿ ਜੋ ਲੋਕ ਪਾਪ ਕਰਦੇ ਹਨ, ਉਹ ਦਿਲੋਂ ਤੋਬਾ ਕਰਨ। ਮੰਨ ਲਓ ਕਿ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕਿਸੇ ਦੋਸਤ ਨੇ ਪਾਪ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ।

21 ਸਾਨੂੰ ਆਪਣੇ ਦੋਸਤ ਦੇ ਪਾਪ ਨੂੰ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਉਸ ਦਾ ਹੀ ਨੁਕਸਾਨ ਹੋਵੇਗਾ। ਨਾਲੇ ਅਸੀਂ ਉਸ ਦਾ ਪਾਪ ਲੁਕੋ ਨਹੀਂ ਸਕਦੇ ਕਿਉਂਕਿ ਯਹੋਵਾਹ ਸਭ ਕੁਝ ਦੇਖਦਾ ਹੈ। (ਕਹਾ. 5:21, 22; 28:13) ਇਸ ਲਈ ਸਾਨੂੰ ਆਪਣੇ ਦੋਸਤ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਨੂੰ ਜਾ ਕੇ ਸਾਰੀ ਗੱਲ ਸੱਚ-ਸੱਚ ਦੱਸੇ। ਇੱਦਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਯਹੋਵਾਹ ਨਾਲ ਉਸ ਦਾ ਰਿਸ਼ਤਾ ਖ਼ਤਰੇ ਵਿਚ ਹੈ। ਪਰ ਜੇ ਉਹ ਇੱਦਾਂ ਨਹੀਂ ਕਰਦਾ, ਤਾਂ ਸਾਨੂੰ ਇਸ ਬਾਰੇ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਆਪਣੀ ਦੋਸਤੀ ਨਿਭਾ ਰਹੇ ਹੋਵਾਂਗੇ।

22. ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

22 ਜੇ ਕੋਈ ਵਿਅਕਤੀ ਕਾਫ਼ੀ ਲੰਬੇ ਸਮੇਂ ਤੋਂ ਪਾਪ ਕਰਦਾ ਰਹਿੰਦਾ ਹੈ ਅਤੇ ਪਾਪ ਕਰਨ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੰਦਾ ਹੈ, ਤਾਂ ਬਜ਼ੁਰਗ ਉਸ ਨੂੰ ਮੰਡਲੀ ਵਿੱਚੋਂ ਛੇਕਣ ਦਾ ਫ਼ੈਸਲਾ ਕਰਦੇ ਹਨ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਮੰਡਲੀ ਦੇ ਬਜ਼ੁਰਗਾਂ ਨੇ ਉਸ ’ਤੇ ਦਇਆ ਨਹੀਂ ਕੀਤੀ? ਅਗਲੇ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਯਹੋਵਾਹ ਦਇਆ ਦਿਖਾਉਂਦੇ ਹੋਏ ਪਾਪੀਆਂ ਨੂੰ ਕਿਵੇਂ ਸੁਧਾਰਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਗੀਤ 105 “ਪਰਮੇਸ਼ੁਰ ਪਿਆਰ ਹੈ”

^ ਪੈਰਾ 5 ਦਿਲੋਂ ਤੋਬਾ ਕਰਨ ਦਾ ਮਤਲਬ ਸਿਰਫ਼ ਆਪਣੀ ਗ਼ਲਤੀ ’ਤੇ ਅਫ਼ਸੋਸ ਕਰਨਾ ਹੀ ਨਹੀਂ ਹੈ। ਅਸੀਂ ਰਾਜਾ ਅਹਾਬ, ਰਾਜਾ ਮਨੱਸ਼ਹ ਅਤੇ ਯਿਸੂ ਦੁਆਰਾ ਦਿੱਤੀ ਉਜਾੜੂ ਪੁੱਤਰ ਦੀ ਮਿਸਾਲ ਤੋਂ ਸਿੱਖਾਂਗੇ ਕਿ ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ। ਨਾਲੇ ਇਹ ਵੀ ਦੇਖਾਂਗੇ ਕਿ ਬਜ਼ੁਰਗ ਕਿਵੇਂ ਜਾਣ ਸਕਦੇ ਹਨ ਕਿ ਗੰਭੀਰ ਗ਼ਲਤੀ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ।

^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਰਾਜਾ ਅਹਾਬ ਗੁੱਸੇ ਵਿਚ ਆ ਕੇ ਆਪਣੇ ਆਦਮੀਆਂ ਨੂੰ ਕਹਿੰਦਾ ਹੈ ਕਿ ਉਹ ਯਹੋਵਾਹ ਦੇ ਨਬੀ ਮੀਕਾਯਾਹ ਨੂੰ ਕੈਦ ਵਿਚ ਸੁੱਟ ਦੇਣ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: ਰਾਜਾ ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿਚ ਜਿੰਨੀਆਂ ਵੀ ਮੂਰਤਾਂ ਖੜ੍ਹੀਆਂ ਕਰਵਾਈਆਂ ਸਨ, ਉਹ ਆਪਣੇ ਆਦਮੀਆਂ ਨੂੰ ਕਹਿ ਕੇ ਤੁੜਵਾ ਰਿਹਾ ਹੈ।

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਦੀ ਮਿਸਾਲ ਵਿਚ ਦੱਸਿਆ ਉਜਾੜੂ ਪੁੱਤਰ ਲੰਬਾ ਸਫ਼ਰ ਤੈਅ ਕਰ ਕੇ ਥੱਕ ਗਿਆ ਹੈ। ਪਰ ਜਦੋਂ ਉਹ ਦੂਰੋਂ ਆਪਣਾ ਘਰ ਦੇਖਦਾ ਹੈ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।