Skip to content

Skip to table of contents

ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ

ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ

ਹਰ ਸਾਲ ਬਹੁਤ ਸਾਰੇ ਭੈਣ-ਭਰਾ ਮੰਡਲੀਆਂ ਵਿਚ ਬਹਾਲ ਕੀਤੇ ਜਾਂਦੇ ਹਨ। ਜਦੋਂ ਵੀ ਕੋਈ ਵਾਪਸ ਆਉਂਦਾ ਹੈ, ਤਾਂ ‘ਸਵਰਗ ਵਿਚ ਖ਼ੁਸ਼ੀਆਂ’ ਮਨਾਈਆਂ ਜਾਂਦੀਆਂ ਹਨ। (ਲੂਕਾ 15:7, 10) ਜੇ ਤੁਹਾਨੂੰ ਵੀ ਬਹਾਲ ਕੀਤਾ ਗਿਆ ਹੈ, ਤਾਂ ਤੁਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ, ਯਿਸੂ ਅਤੇ ਦੂਤਾਂ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਉਣ ਲਈ ਸ਼ਾਇਦ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇ। ਆਓ ਦੇਖੀਏ ਕਿ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

ਬਹੁਤ ਸਾਰੇ ਭੈਣ-ਭਰਾ ਮੰਡਲੀ ਵਿਚ ਵਾਪਸ ਆਉਣ ਤੋਂ ਬਾਅਦ ਵੀ ਸ਼ਾਇਦ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਾਸ਼ ਮਹਿਸੂਸ ਕਰਨ। ਰਾਜਾ ਦਾਊਦ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ। ਭਾਵੇਂ ਉਸ ਦੇ ਪਾਪ ਮਾਫ਼ ਕਰ ਦਿੱਤੇ ਗਏ ਸਨ, ਫਿਰ ਵੀ ਉਸ ਨੇ ਕਿਹਾ: “ਮੈਂ ਆਪਣੇ ਅਪਰਾਧਾਂ ਦੇ ਭਾਰ ਹੇਠ ਦੱਬਿਆ ਹੋਇਆ ਹਾਂ।” (ਜ਼ਬੂ. 40:12; 65:3) ਇਜ਼ਾਬੈੱਲੇ ਨੂੰ ਮੰਡਲੀ ਵਿੱਚੋਂ ਛੇਕਿਆਂ 20 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ। * ਉਹ ਬਹਾਲ ਹੋਣ ਤੋਂ ਬਾਅਦ ਕਹਿੰਦੀ ਹੈ: “ਮੇਰੇ ਲਈ ਇਹ ਮੰਨਣਾ ਬਹੁਤ ਮੁਸ਼ਕਲ ਸੀ ਕਿ ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ।” ਜੇ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਤਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਫਿਰ ਤੋਂ ਕਮਜ਼ੋਰ ਪੈ ਸਕਦਾ ਹੈ। (ਕਹਾ. 24:10) ਪਰ ਤੁਸੀਂ ਆਪਣੇ ਨਾਲ ਇਸ ਤਰ੍ਹਾਂ ਨਾ ਹੋਣ ਦਿਓ।

ਸ਼ਾਇਦ ਤੁਹਾਨੂੰ ਫ਼ਿਕਰ ਹੋਵੇ ਕਿ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਬਣਾਉਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਣੀ। ਬਹਾਲ ਹੋਣ ਤੋਂ ਬਾਅਦ ਐਂਟਵੌਨ ਕਹਿੰਦਾ ਹੈ: “ਮੈਨੂੰ ਇੱਦਾਂ ਲੱਗਾ ਕਿ ਮੈਂ ਜੋ ਵੀ ਸਿੱਖਿਆ ਸੀ, ਮੈਂ ਉਹ ਸਭ ਕੁਝ ਭੁੱਲ ਗਿਆ।” ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਹਾਂ, ਤਾਂ ਸਾਡੇ ਲਈ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਮੁਸ਼ਕਲ ਹੋ ਸਕਦੀ ਹੈ।

ਇਕ ਉਦਾਹਰਣ ’ਤੇ ਗੌਰ ਕਰੋ: ਜਦੋਂ ਕਿਸੇ ਵਿਅਕਤੀ ਦਾ ਘਰ ਤੂਫ਼ਾਨ ਵਿਚ ਤਬਾਹ ਹੋ ਜਾਂਦਾ ਹੈ, ਤਾਂ ਸ਼ਾਇਦ ਉਸ ਨੂੰ ਫ਼ਿਕਰ ਹੋਵੇ ਕਿ ਘਰ ਨੂੰ ਦੁਬਾਰਾ ਬਣਾਉਣ ਵਿਚ ਕਿੰਨਾ ਸਮਾਂ ਅਤੇ ਮਿਹਨਤ ਲੱਗੇਗੀ। ਇਸੇ ਤਰ੍ਹਾਂ ਜੇ ਗੰਭੀਰ ਪਾਪ ਕਰਨ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਟੁੱਟ ਗਿਆ ਹੈ, ਤਾਂ ਸ਼ਾਇਦ ਤੁਹਾਨੂੰ ਫ਼ਿਕਰ ਹੋਵੇ ਕਿ ਉਸ ਨਾਲ ਦੁਬਾਰਾ ਰਿਸ਼ਤਾ ਬਣਾਉਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਣੀ। ਪਰ ਭਰੋਸਾ ਰੱਖੋ ਕਿ ਤੁਹਾਨੂੰ ਇਹ ਸਭ ਕੁਝ ਇਕੱਲਿਆਂ ਨਹੀਂ ਕਰਨਾ ਪੈਣਾ।

ਕਹਿੰਦਾ ਹੈ: “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ।” (ਯਸਾ. 1:18) ਯਹੋਵਾਹ ਨਾਲ ‘ਮਾਮਲਾ ਸੁਲਝਾਉਣ’ ਲਈ ਤੁਸੀਂ ਪਹਿਲਾਂ ਹੀ ਕਦਮ ਚੁੱਕ ਲਿਆ ਹੈ ਅਤੇ ਇਸ ਕਰਕੇ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਜ਼ਰਾ ਸੋਚੋ, ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਮੌਕਾ ਦਿੱਤਾ ਹੈ ਕਿ ਉਹ ਸ਼ੈਤਾਨ ਦੇ ਮਿਹਣਿਆਂ ਦਾ ਮੂੰਹ ਤੋੜ ਜਵਾਬ ਦੇਵੇ।​—ਕਹਾ. 27:11.

ਮੰਡਲੀ ਵਿਚ ਵਾਪਸ ਆ ਕੇ ਤੁਸੀਂ ਯਹੋਵਾਹ ਦੇ ਨੇੜੇ ਆਉਣ ਲਈ ਕਦਮ ਚੁੱਕ ਲਿਆ ਹੈ ਅਤੇ ਉਹ ਵਾਅਦਾ ਕਰਦਾ ਹੈ ਕਿ ਉਹ ਵੀ ਤੁਹਾਡੇ ਨੇੜੇ ਆਵੇਗਾ। (ਯਾਕੂ. 4:8) ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਤੁਹਾਡਾ ਦੋਸਤ ਅਤੇ ਪਿਤਾ ਹੈ, ਇਸ ਲਈ ਤੁਹਾਨੂੰ ਉਸ ਲਈ ਆਪਣਾ ਪਿਆਰ ਵਧਾਉਣਾ ਚਾਹੀਦਾ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਕੁਝ ਟੀਚੇ ਰੱਖੋ

ਕਈ ਵਾਰ ਜਦੋਂ ਤੂਫ਼ਾਨ ਆਉਂਦਾ ਹੈ, ਤਾਂ ਸ਼ਾਇਦ ਘਰ ਦੀ ਛੱਤ ਅਤੇ ਕੰਧਾਂ ਡਿੱਗ ਪੈਣ, ਪਰ ਨੀਂਹ ਟਿਕੀ ਰਹਿੰਦੀ ਹੈ। ਇਸ ਕਰਕੇ ਤੁਹਾਨੂੰ ਸਿਰਫ਼ ਉੱਪਰਲਾ ਹਿੱਸਾ ਬਣਾਉਣਾ ਪੈਂਦਾ ਹੈ। ਇਸੇ ਤਰ੍ਹਾਂ ਮੰਡਲੀ ਵਿਚ ਵਾਪਸ ਆਉਣ ਤੋਂ ਬਾਅਦ ਸ਼ਾਇਦ ਤੁਹਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਯਾਦ ਹੋਣ ਜੋ ਤੁਸੀਂ ਪਹਿਲਾਂ ਸਿੱਖੀਆਂ ਸਨ। ਪਰ ਹੁਣ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਤੁਹਾਨੂੰ ਉਹ ਸਾਰਾ ਕੁਝ ਕਰਨਾ ਪੈਣਾ ਜੋ ਤੁਸੀਂ ਪਹਿਲਾਂ ਕਰਦੇ ਸੀ, ਜਿਵੇਂ ਕਿ ਪ੍ਰਚਾਰ ਕਰਨਾ, ਮੀਟਿੰਗਾਂ ਵਿਚ ਜਾਣਾ ਅਤੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣਾ। ਇੱਦਾਂ ਕਰਨ ਲਈ ਤੁਹਾਨੂੰ ਕੁਝ ਛੋਟੇ-ਛੋਟੇ ਟੀਚੇ ਰੱਖਣੇ ਪੈਣੇ। ਆਓ ਕੁਝ ਟੀਚਿਆਂ ’ਤੇ ਗੌਰ ਕਰੀਏ।

ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਦੇ ਰਹੋ। ਤੁਹਾਡਾ ਪਿਤਾ ਯਹੋਵਾਹ ਜਾਣਦਾ ਹੈ ਕਿ ਦੋਸ਼ ਦੀ ਭਾਵਨਾ ਆਸਾਨੀ ਨਾਲ ਨਹੀਂ ਜਾਂਦੀ ਅਤੇ ਇਸ ਕਰਕੇ ਪ੍ਰਾਰਥਨਾ ਕਰਨੀ ਮੁਸ਼ਕਲ ਹੋ ਸਕਦੀ ਹੈ। (ਰੋਮੀ. 8:26) ਫਿਰ ਵੀ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ ਯਹੋਵਾਹ ਨੂੰ ਦੱਸੋ ਕਿ ਤੁਸੀਂ ਉਸ ਨਾਲ ਦੁਬਾਰਾ ਦੋਸਤੀ ਕਰਨੀ ਚਾਹੁੰਦੇ ਹੋ। (ਰੋਮੀ. 12:12) ਜਦੋਂ ਭਰਾ ਐਂਡਰੇ ਨੇ ਇੱਦਾਂ ਕੀਤਾ, ਤਾਂ ਉਸ ਨੂੰ ਬਹੁਤ ਫ਼ਾਇਦਾ ਹੋਇਆ। ਉਸ ਨੇ ਕਿਹਾ: “ਮੈਂ ਖ਼ੁਦ ਨੂੰ ਬਹੁਤ ਕੋਸਦਾ ਸੀ ਅਤੇ ਸ਼ਰਮਿੰਦਾ ਮਹਿਸੂਸ ਕਰਦਾ ਸੀ। ਪਰ ਪ੍ਰਾਰਥਨਾ ਕਰਨ ਤੋਂ ਤੁਰੰਤ ਬਾਅਦ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ।” ਜੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਪ੍ਰਾਰਥਨਾ ਵਿਚ ਕੀ ਕਹੋ, ਤਾਂ ਤੁਸੀਂ ਰਾਜਾ ਦਾਊਦ ਦੀਆਂ ਪ੍ਰਾਰਥਨਾਵਾਂ ’ਤੇ ਗੌਰ ਕਰ ਸਕਦੇ ਹੋ ਜੋ ਉਸ ਨੇ ਤੋਬਾ ਕਰਨ ਤੋਂ ਬਾਅਦ ਲਿਖੀਆਂ ਸਨ। ਇਹ ਪ੍ਰਾਰਥਨਾਵਾਂ ਜ਼ਬੂਰ 51 ਅਤੇ 65 ਵਿਚ ਦਰਜ ਹਨ।

ਬਾਕਾਇਦਾ ਬਾਈਬਲ ਦਾ ਅਧਿਐਨ ਕਰੋ। ਇੱਦਾਂ ਕਰਨ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਵਧੇਗਾ। (ਜ਼ਬੂ. 19:7-11) ਫੀਲੇਪੀ ਕਹਿੰਦਾ ਹੈ: “ਬਾਕਾਇਦਾ ਬਾਈਬਲ ਅਧਿਐਨ ਨਾ ਕਰਨ ਕਰਕੇ ਹੀ ਮੇਰਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋਇਆ ਸੀ ਅਤੇ ਮੈਂ ਉਸ ਦਾ ਦਿਲ ਦੁਖਾਇਆ ਸੀ। ਮੈਂ ਦੁਬਾਰਾ ਇਹੀ ਗ਼ਲਤੀ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈ ਬਾਕਾਇਦਾ ਬਾਈਬਲ ਅਧਿਐਨ ਕਰਾਂਗਾ।” ਤੁਸੀਂ ਵੀ ਇੱਦਾਂ ਹੀ ਕਰ ਸਕਦੇ ਹੋ। ਜੇ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਸ ਵਿਸ਼ੇ ’ਤੇ ਅਧਿਐਨ ਕਰੋ, ਤਾਂ ਤੁਸੀਂ ਕਿਸੇ ਅਜਿਹੇ ਭੈਣ ਜਾਂ ਭਰਾ ਦੀ ਮਦਦ ਲਓ ਜਿਸ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੈ।

ਭੈਣਾਂ-ਭਰਾਵਾਂ ਨਾਲ ਦੁਬਾਰਾ ਦੋਸਤੀ ਕਰੋ। ਮੰਡਲੀ ਵਿਚ ਵਾਪਸ ਆਉਣ ਵਾਲੇ ਕੁਝ ਭੈਣਾਂ-ਭਰਾਵਾਂ ਨੂੰ ਸ਼ਾਇਦ ਚਿੰਤਾ ਹੋਵੇ ਕਿ ਭੈਣ-ਭਰਾ ਉਨ੍ਹਾਂ ਬਾਰੇ ਕੀ ਸੋਚਣਗੇ। ਲਰੀਸਾ ਕਹਿੰਦੀ ਹੈ: “ਮੈਂ ਬਹੁਤ ਸ਼ਰਮਿੰਦਾ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਨਿਰਾਸ਼ ਕੀਤਾ ਸੀ। ਮੈਨੂੰ ਕਾਫ਼ੀ ਲੰਬੇ ਸਮੇਂ ਤਕ ਇੱਦਾਂ ਮਹਿਸੂਸ ਹੁੰਦਾ ਰਿਹਾ।” ਯਕੀਨ ਰੱਖੋ ਕਿ ਬਜ਼ੁਰਗ ਅਤੇ ਮੰਡਲੀ ਦੇ ਭੈਣ-ਭਰਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਬਣਾਉਣ ਵਿਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। (“ ਬਜ਼ੁਰਗ ਕੀ ਕਰ ਸਕਦੇ ਹਨ?” ਨਾਂ ਦੀ ਡੱਬੀ ਦੇਖੋ।) ਉਹ ਬਹੁਤ ਖ਼ੁਸ਼ ਹਨ ਕਿ ਤੁਸੀਂ ਵਾਪਸ ਆ ਗਏ ਹੋ ਅਤੇ ਉਹ ਚਾਹੁੰਦੇ ਹਨ ਕਿ ਤੁਸੀਂ ਵੀ ਖ਼ੁਸ਼ ਰਹੋ।​—ਕਹਾ. 17:17.

ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰੋ। ਹਰ ਮੀਟਿੰਗ ਵਿਚ ਜਾਓ ਅਤੇ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲਓ। ਫੇਲਿਕਸ ਕਹਿੰਦਾ ਹੈ: “ਮੰਡਲੀ ਦੇ ਭੈਣ-ਭਰਾ ਮੇਰੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ। ਉਨ੍ਹਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਮੈਂ ਮੰਡਲੀ ਦਾ ਹਿੱਸਾ ਹਾਂ, ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਅਤੇ ਮੈਂ ਉਸ ਦੀ ਸੇਵਾ ਕਰ ਸਕਦਾ ਹਾਂ।”​—“ ਤੁਸੀਂ ਕੀ ਕਰ ਸਕਦੇ ਹੋ?” ਨਾਂ ਦੀ ਡੱਬੀ ਦੇਖੋ।

ਕਦੇ ਹਾਰ ਨਾ ਮੰਨੋ!

ਯਹੋਵਾਹ ਨਾਲ ਤੁਹਾਡਾ ਰਿਸ਼ਤਾ ਤੋੜਨ ਲਈ ਸ਼ੈਤਾਨ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਦੇ ਕਈ ਤੂਫ਼ਾਨ ਲਿਆਵੇਗਾ। (ਲੂਕਾ 4:13) ਇਸ ਲਈ ਆਪਣੀ ਨਿਹਚਾ ਦੀ ਇਮਾਰਤ ਨੂੰ ਉਸਾਰਦੇ ਜਾਓ।

ਅਸੀਂ ਸਾਰੇ ਯਹੋਵਾਹ ਦੀਆਂ ਅਨਮੋਲ ਭੇਡਾਂ ਹਾਂ, ਇਸ ਲਈ ਉਹ ਵਾਅਦਾ ਕਰਦਾ ਹੈ: “ਮੈਂ ਗੁਆਚੀ ਹੋਈ ਭੇਡ ਦੀ ਤਲਾਸ਼ ਕਰਾਂਗਾ, ਭਟਕੀ ਹੋਈ ਨੂੰ ਵਾਪਸ ਲਿਆਵਾਂਗਾ, ਜ਼ਖ਼ਮੀ ਦੇ ਮਲ੍ਹਮ-ਪੱਟੀ ਕਰਾਂਗਾ ਅਤੇ ਕਮਜ਼ੋਰ ਨੂੰ ਤਕੜੀ ਕਰਾਂਗਾ।” (ਹਿਜ਼. 34:16) ਯਹੋਵਾਹ ਨੇ ਆਪਣੇ ਬਹੁਤ ਸਾਰੇ ਲੋਕਾਂ ਦੀ ਉਸ ਨਾਲ ਦੁਬਾਰਾ ਮਜ਼ਬੂਤ ਰਿਸ਼ਤਾ ਬਣਾਉਣ ਵਿਚ ਮਦਦ ਕੀਤੀ ਹੈ। ਭਰੋਸਾ ਰੱਖੋ, ਉਹ ਤੁਹਾਡੀ ਵੀ ਮਦਦ ਜ਼ਰੂਰ ਕਰੇਗਾ।

^ ਪੈਰਾ 4 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।