Skip to content

Skip to table of contents

ਜੀਵਨੀ

ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਮਿਲ ਗਿਆ

ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਮਿਲ ਗਿਆ

ਮੈਂ ਭੂਮੱਧ ਸਾਗਰ ਵਿਚ ਆਪਣੀ ਕਿਸ਼ਤੀ ਵਿਚ ਸਫ਼ਰ ਕਰ ਰਿਹਾ ਸੀ। ਅਚਾਨਕ ਕਿਸ਼ਤੀ ਵਿਚ ਬਹੁਤ ਸਾਰਾ ਪਾਣੀ ਭਰਨ ਲੱਗ ਪਿਆ ਅਤੇ ਫਿਰ ਤੇਜ਼ ਤੂਫ਼ਾਨ ਆ ਗਿਆ। ਮੈਂ ਬਹੁਤ ਜ਼ਿਆਦਾ ਡਰ ਗਿਆ। ਮੈਂ ਕਈ ਸਾਲਾਂ ਬਾਅਦ ਰੱਬ ਨੂੰ ਪ੍ਰਾਰਥਨਾ ਕੀਤੀ। ਪਰ ਮੈਂ ਇਸ ਕਿਸ਼ਤੀ ਵਿਚ ਕਿਵੇਂ ਪਹੁੰਚਿਆ? ਆਓ ਮੈਂ ਸ਼ੁਰੂ ਤੋਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਹਾਂ।

ਮੈਂ ਸੱਤ ਸਾਲਾਂ ਦਾ ਸੀ ਤੇ ਅਸੀਂ ਬ੍ਰਾਜ਼ੀਲ ਵਿਚ ਰਹਿੰਦੇ ਸੀ

1948 ਵਿਚ ਮੇਰਾ ਜਨਮ ਨੀਦਰਲੈਂਡਜ਼ ਵਿਚ ਹੋਇਆ ਅਤੇ ਅਗਲੇ ਸਾਲ ਮੇਰਾ ਪਰਿਵਾਰ ਬ੍ਰਾਜ਼ੀਲ ਦੇ ਇਕ ਸ਼ਹਿਰ ਸਾਓ ਪੌਲੋ ਵਿਚ ਚਲਾ ਗਿਆ। ਮੇਰਾ ਪਰਿਵਾਰ ਬਾਕਾਇਦਾ ਚਰਚ ਜਾਂਦਾ ਸੀ ਅਤੇ ਅਸੀਂ ਸਾਰੇ ਅਕਸਰ ਰਾਤ ਦੀ ਰੋਟੀ ਤੋਂ ਬਾਅਦ ਬਾਈਬਲ ਪੜ੍ਹਦੇ ਸੀ। 1959 ਵਿਚ ਅਸੀਂ ਬ੍ਰਾਜ਼ੀਲ ਤੋਂ ਅਮਰੀਕਾ ਚਲੇ ਗਏ ਅਤੇ ਉੱਥੇ ਅਸੀਂ ਮੈਸੇਚਿਉਸੇਟਸ ਸ਼ਹਿਰ ਵਿਚ ਰਹਿਣ ਲੱਗ ਪਏ।

ਸਾਡੇ ਪਰਿਵਾਰ ਵਿਚ ਅੱਠ ਜੀਅ ਸਨ। ਇਸ ਲਈ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਮੇਰੇ ਡੈਡੀ ਜੀ ਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਕਦੇ ਸੇਲਜ਼ਮੈਨ ਦੀ ਨੌਕਰੀ ਕੀਤੀ ਅਤੇ ਕਦੇ ਸੜਕਾਂ ਬਣਾਉਣ ਦੀ। ਫਿਰ ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਹਵਾਈ ਕੰਪਨੀ ਵਿਚ ਨੌਕਰੀ ਮਿਲ ਗਈ। ਇਸ ਕਰਕੇ ਸਾਡਾ ਪੂਰਾ ਪਰਿਵਾਰ ਬਹੁਤ ਖ਼ੁਸ਼ ਸੀ ਕਿਉਂਕਿ ਇਸ ਨੌਕਰੀ ਕਰਕੇ ਅਸੀਂ ਕਿਤੇ ਵੀ ਘੁੰਮਣ-ਫਿਰਨ ਜਾ ਸਕਦੇ ਸੀ।

ਸਕੂਲ ਵਿਚ ਹੁੰਦਿਆਂ ਮੈਂ ਅਕਸਰ ਸੋਚਦਾ ਸੀ: ‘ਮੈਂ ਵੱਡਾ ਹੋ ਕੇ ਕੀ ਬਣਾਂਗਾ?’ ਮੇਰੇ ਕੁਝ ਦੋਸਤ ਯੂਨੀਵਰਸਿਟੀ ਚਲੇ ਗਏ ਅਤੇ ਕੁਝ ਹੋਰ ਜਣੇ ਫ਼ੌਜ ਵਿਚ ਭਰਤੀ ਹੋ ਗਏ। ਪਰ ਮੈਂ ਫ਼ੌਜ ਵਿਚ ਭਰਤੀ ਹੋਣ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿਉਂਕਿ ਲੜਾਈ ਕਰਨਾ ਤਾਂ ਦੂਰ, ਮੈਨੂੰ ਝਗੜਾ ਕਰਨਾ ਵੀ ਪਸੰਦ ਨਹੀਂ ਸੀ। ਇਸ ਲਈ ਮੈਂ ਯੂਨੀਵਰਸਿਟੀ ਚਲਾ ਗਿਆ। ਪਰ ਮੈਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇੱਦਾਂ ਕਰਕੇ ਹੀ ਮੈਨੂੰ ਜ਼ਿੰਦਗੀ ਦਾ ਅਸਲੀ ਮਕਸਦ ਮਿਲੇਗਾ।

ਯੂਨੀਵਰਸਿਟੀ ਵਿਚ ਮੇਰੀ ਜ਼ਿੰਦਗੀ

ਸਾਲਾਂ ਤਕ ਮੈਂ ਜ਼ਿੰਦਗੀ ਦੇ ਮਕਸਦ ਦੀ ਖੋਜ ਕਰਦਾ ਰਿਹਾ

ਯੂਨੀਵਰਸਿਟੀ ਵਿਚ ਮੈਂ ਮਾਨਵ-ਵਿਗਿਆਨ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮੈਨੂੰ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸਿੱਖਣ ਵਿਚ ਦਿਲਚਸਪੀ ਸੀ। ਉੱਥੇ ਸਾਨੂੰ ਸਿਖਾਇਆ ਜਾਂਦਾ ਸੀ ਕਿ ਸਾਰਾ ਕੁਝ ਆਪਣੇ ਆਪ ਬਣ ਗਿਆ ਹੈ। ਅਧਿਆਪਕ ਚਾਹੁੰਦੇ ਸੀ ਕਿ ਅਸੀਂ ਉਨ੍ਹਾਂ ਗੱਲਾਂ ’ਤੇ ਯਕੀਨ ਕਰੀਏ ਜੋ ਸੱਚ ਨਹੀਂ ਹਨ, ਪਰ ਮੈਨੂੰ ਉਨ੍ਹਾਂ ਦੀਆਂ ਗੱਲਾਂ ਬੇਤੁਕੀਆਂ ਲੱਗਦੀਆਂ ਸਨ। ਫਿਰ ਵੀ ਉਹ ਚਾਹੁੰਦੇ ਸਨ ਕਿ ਅਸੀਂ ਅੱਖਾਂ ਬੰਦ ਕਰ ਕੇ ਉਨ੍ਹਾਂ ਗੱਲਾਂ ’ਤੇ ਯਕੀਨ ਕਰ ਲਈਏ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਹੈ।

ਯੂਨੀਵਰਸਿਟੀ ਵਿਚ ਸਾਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਨਹੀਂ ਸਿਖਾਇਆ ਜਾਂਦਾ ਸੀ। ਇਸ ਦੀ ਬਜਾਇ, ਉੱਥੇ ਸਿਰਫ਼ ਇਸੇ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਨੰਬਰ ਕਿਵੇਂ ਲੈਣੇ ਸਨ। ਮੈਨੂੰ ਦੋਸਤਾਂ ਨਾਲ ਪਾਰਟੀਆਂ ਕਰ ਕੇ ਅਤੇ ਡਰੱਗਜ਼ ਲੈ ਕੇ ਖ਼ੁਸ਼ੀ ਹੁੰਦੀ ਸੀ। ਪਰ ਇਹ ਖ਼ੁਸ਼ੀ ਜ਼ਿਆਦਾ ਦੇਰ ਤਕ ਨਹੀਂ ਟਿਕੀ ਰਹੀ। ਮੈਂ ਹਾਲੇ ਵੀ ਇਹੀ ਸੋਚਦਾ ਸੀ: ‘ਕੀ ਇਹੀ ਜ਼ਿੰਦਗੀ ਦਾ ਅਸਲੀ ਮਕਸਦ ਹੈ?’

ਫਿਰ ਮੈਂ ਬੋਸਟਨ ਸ਼ਹਿਰ ਚਲਾ ਗਿਆ ਅਤੇ ਉੱਥੇ ਮੈਂ ਇਕ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਆਪਣੀ ਪੜ੍ਹਾਈ ਦਾ ਖ਼ਰਚਾ ਚੁੱਕਣ ਲਈ, ਮੈਂ ਛੁੱਟੀਆਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੰਮ ਦੀ ਥਾਂ ’ਤੇ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹ ਨੂੰ ਮਿਲਿਆ। ਉਸ ਆਦਮੀ ਨੇ ਮੈਨੂੰ ਦਾਨੀਏਲ ਅਧਿਆਇ  4 ਵਿੱਚੋਂ “ਸੱਤ ਸਮਿਆਂ” ਦੀ ਭਵਿੱਖਬਾਣੀ ਦਾ ਮਤਲਬ ਸਮਝਾਇਆ। ਉਸ ਨੇ ਮੈਨੂੰ ਦੱਸਿਆ ਕਿ ਬਹੁਤ ਜਲਦ ਇਸ ਦੁਨੀਆਂ ਦਾ ਅੰਤ ਹੋਣ ਵਾਲਾ ਹੈ। (ਦਾਨੀ. 4:13-17) ਫਿਰ ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਉਸ ਨਾਲ ਗੱਲਬਾਤ ਕਰਦਾ ਰਿਹਾ ਅਤੇ ਉਸ ਦੀਆਂ ਗੱਲਾਂ ’ਤੇ ਯਕੀਨ ਕਰਨ ਲੱਗ ਪਿਆ, ਤਾਂ ਮੈਨੂੰ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲਣਾ ਪੈਣਾ। ਇਸ ਲਈ ਜਿੰਨਾ ਹੋ ਸਕੇ ਮੈਂ ਉਸ ਤੋਂ ਦੂਰ ਰਹਿੰਦਾ ਸੀ।

ਮੈਂ ਦੱਖਣੀ ਅਮਰੀਕਾ ਵਿਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ, ਇਸ ਲਈ ਮੈਂ ਯੂਨੀਵਰਸਿਟੀ ਵਿਚ ਕੁਝ ਹੋਰ ਕੋਰਸ ਕੀਤੇ। ਮੈਨੂੰ ਲੱਗਦਾ ਸੀ ਕਿ ਸਮਾਜ ਸੇਵਾ ਕਰ ਕੇ ਮੈਨੂੰ ਜ਼ਿੰਦਗੀ ਦਾ ਅਸਲੀ ਮਕਸਦ ਮਿਲੇਗਾ। ਪਰ ਛੇਤੀ ਹੀ ਮੈਨੂੰ ਇਹ ਗੱਲ ਸਮਝ ਆ ਗਈ ਕਿ ਇੱਦਾਂ ਕਰ ਕੇ ਵੀ ਮੈਨੂੰ ਜ਼ਿੰਦਗੀ ਦਾ ਅਸਲੀ ਮਕਸਦ ਨਹੀਂ ਮਿਲੇਗਾ। ਮੈਂ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਕਿ ਮੈਂ ਕੋਰਸ ਵਿਚ ਹੀ ਛੱਡ ਦਿੱਤੇ।

ਵੱਖੋ-ਵੱਖਰੇ ਦੇਸ਼ਾਂ ਵਿਚ ਵੀ ਜ਼ਿੰਦਗੀ ਦੇ ਮਕਸਦ ਬਾਰੇ ਮੇਰੀ ਖੋਜ ਜਾਰੀ ਰਹੀ

ਮਈ 1970 ਵਿਚ ਮੈਂ ਨੀਦਰਲੈਂਡਜ਼ ਦੇ ਅਮਸਟਰਡਮ ਸ਼ਹਿਰ ਚਲਾ ਗਿਆ। ਉੱਥੇ ਮੈਂ ਉਸੇ ਹਵਾਈ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਮੇਰੇ ਡੈਡੀ ਜੀ ਕੰਮ ਕਰਦੇ ਸੀ। ਉਸ ਨੌਕਰੀ ਕਰਕੇ ਮੈਨੂੰ ਅਫ਼ਰੀਕਾ, ਅਮਰੀਕਾ, ਯੂਰਪ ਅਤੇ ਪੂਰਬੀ ਏਸ਼ੀਆ ਵਿਚ ਸਫ਼ਰ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਸਾਰੇ ਦੇਸ਼ਾਂ ਦੀਆਂ ਆਪੋ-ਆਪਣੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਸਨ ਅਤੇ ਕਿਸੇ ਕੋਲ ਉਨ੍ਹਾਂ ਦਾ ਕੋਈ ਹੱਲ ਨਹੀਂ ਸੀ। ਇਹ ਸਾਰਾ ਕੁਝ ਦੇਖ ਕੇ ਮੇਰੇ ਅੰਦਰ ਫਿਰ ਤੋਂ ਇੱਛਾ ਜਾਗ ਗਈ ਕਿ ਮੈਂ ਲੋਕਾਂ ਲਈ ਕੁਝ ਕਰਾਂ। ਇਸ ਲਈ ਮੈਂ ਅਮਰੀਕਾ ਵਾਪਸ ਚਲਾ ਗਿਆ ਅਤੇ ਬੋਸਟਨ ਦੀ ਉਸੇ ਯੂਨੀਵਰਸਿਟੀ ਵਿਚ ਦੁਬਾਰਾ ਦਾਖ਼ਲਾ ਲੈ ਲਿਆ।

ਯੂਨੀਵਰਸਿਟੀ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਹਾਲੇ ਵੀ ਮੇਰੀ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲੇ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਆਪਣੇ ਮਾਨਵ-ਵਿਗਿਆਨ ਦੇ ਪ੍ਰੋਫ਼ੈਸਰ ਤੋਂ ਸਲਾਹ ਲੈਣ ਗਿਆ ਅਤੇ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਉਸ ਨੇ ਕਿਹਾ: “ਤੂੰ ਕਿਉਂ ਪੜ੍ਹ ਰਿਹਾ ਹੈਂ? ਜੇ ਤੈਨੂੰ ਲੱਗਦਾ ਹੈ ਕਿ ਇਸ ਪੜ੍ਹਾਈ ਦਾ ਕੋਈ ਫ਼ਾਇਦਾ ਨਹੀਂ, ਤਾਂ ਛੱਡ ਦੇ।” ਉਸ ਦੇ ਕਹਿਣ ਦੀ ਦੇਰ ਹੀ ਸੀ ਕਿ ਮੈਂ ਯੂਨੀਵਰਸਿਟੀ ਛੱਡ ਦਿੱਤੀ ਅਤੇ ਫਿਰ ਕਦੇ ਵਾਪਸ ਨਹੀਂ ਆਇਆ।

ਹਾਲੇ ਵੀ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ। ਇਸ ਲਈ ਮੈਂ ਅਜਿਹੇ ਲੋਕਾਂ ਨਾਲ ਜੁੜਨ ਬਾਰੇ ਸੋਚਿਆ ਜੋ ਸਮਾਜ ਦੇ ਬਣਾਏ ਕਾਇਦੇ-ਕਾਨੂੰਨਾਂ ਨਹੀਂ ਮੰਨਦੇ ਸਨ ਅਤੇ ਲੱਗਦਾ ਸੀ ਕਿ ਇਹ ਲੋਕ ਪਿਆਰ ਕਰਨ ਵਾਲੇ ਅਤੇ ਸ਼ਾਂਤੀ-ਪਸੰਦ ਸਨ। ਮੈਂ ਆਪਣੇ ਕੁਝ ਦੋਸਤਾਂ ਨਾਲ ਅਮਰੀਕਾ ਤੋਂ ਘੁੰਮਦੇ-ਘੁਮਾਉਂਦੇ ਮੈਕਸੀਕੋ ਦੇ ਐਕਾਪੁਲਕੋ ਸ਼ਹਿਰ ਪਹੁੰਚ ਗਿਆ। ਅਸੀਂ ਅਜਿਹੇ ਲੋਕਾਂ ਨਾਲ ਰਹਿਣ ਲੱਗ ਪਏ ਜੋ ਸਮਾਜ ਦੇ ਬਣਾਏ ਕਾਇਦੇ-ਕਾਨੂੰਨਾਂ ਨੂੰ ਨਹੀਂ ਮੰਨਦੇ ਸਨ ਅਤੇ ਆਪਣੀ ਮਨ-ਮਰਜ਼ੀ ਨਾਲ ਜ਼ਿੰਦਗੀ ਜੀਉਂਦੇ ਸਨ। ਪਰ ਉਨ੍ਹਾਂ ਨਾਲ ਰਹਿਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਬੇਈਮਾਨ ਅਤੇ ਧੋਖੇਬਾਜ਼ ਸਨ ਅਤੇ ਉਨ੍ਹਾਂ ਵਾਂਗ ਜ਼ਿੰਦਗੀ ਜੀ ਕੇ ਵੀ ਕਿਹੜਾ ਮੈਨੂੰ ਖ਼ੁਸ਼ੀ ਮਿਲਣੀ ਸੀ।

ਸਮੁੰਦਰੀ ਸਫ਼ਰ ਦੌਰਾਨ ਵੀ ਮੇਰੀ ਖੋਜ ਜਾਰੀ ਰਹੀ

ਆਪਣੇ ਇਕ ਦੋਸਤ ਨਾਲ ਸੋਹਣੇ ਟਾਪੂ ਦੀ ਭਾਲ ਵਿਚ

ਇਸ ਸਮੇਂ ਦੌਰਾਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਾਂ। ਮੇਰਾ ਸੁਪਨਾ ਸੀ ਕਿ ਮੈਂ ਇਕ ਪਾਣੀ ਦੇ ਜਹਾਜ਼ ਦਾ ਕਪਤਾਨ ਬਣਾਂ ਅਤੇ ਪੂਰੀ ਦੁਨੀਆਂ ਘੁੰਮਾਂ। ਪਰ ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਸੀ ਜੇ ਮੇਰੇ ਕੋਲ ਆਪਣੀ ਇਕ ਕਿਸ਼ਤੀ ਹੁੰਦੀ। ਮੇਰਾ ਟੌਮ ਨਾਂ ਦਾ ਇਕ ਦੋਸਤ ਸੀ ਜਿਸ ਦਾ ਵੀ ਇਹੀ ਸੁਪਨਾ ਸੀ। ਇਸ ਲਈ ਅਸੀਂ ਸੋਚਿਆ ਕਿ ਅਸੀਂ ਦੋਵੇਂ ਮਿਲ ਕੇ ਦੁਨੀਆਂ ਦੀ ਸੈਰ ਕਰਾਂਗੇ। ਅਸੀਂ ਇਕ ਅਜਿਹਾ ਸੋਹਣਾ ਟਾਪੂ ਲੱਭਣਾ ਚਾਹੁੰਦੇ ਸੀ ਜੋ ਦੁਨੀਆਂ ਦੇ ਕਾਇਦੇ-ਕਾਨੂੰਨਾਂ ਤੋਂ ਦੂਰ ਹੁੰਦਾ।

ਮੈਂ ਅਤੇ ਟੌਮ, ਸਪੇਨ ਦੇ ਬਾਰਸਿਲੋਨਾ ਨੇੜੇ ਅਰੇਨਿਸ ਦੇ ਮਾਰ ਨਾਂ ਦੀ ਜਗ੍ਹਾ ਤਕ ਸਫ਼ਰ ਕਰ ਕੇ ਗਏ। ਉੱਥੇ ਅਸੀਂ ਯੀਗਰਾ ਨਾਂ ਦੀ 31 ਫੁੱਟ (9.4 ਮੀਟਰ) ਲੰਬੀ ਕਿਸ਼ਤੀ ਖ਼ਰੀਦੀ। ਅਸੀਂ ਇਸ ਕਿਸ਼ਤੀ ਦੀ ਮੁਰੰਮਤ ਕੀਤੀ ਤਾਂਕਿ ਅਸੀਂ ਸੁਰੱਖਿਅਤ ਸਮੁੰਦਰੀ ਸਫ਼ਰ ਕਰ ਸਕੀਏ। ਸਾਨੂੰ ਆਪਣੀ ਮੰਜ਼ਲ ਤਕ ਪਹੁੰਚਣ ਦੀ ਕੋਈ ਕਾਹਲੀ ਨਹੀਂ ਸੀ। ਇਸ ਲਈ ਅਸੀਂ ਕਿਸ਼ਤੀ ਦਾ ਇੰਜਣ ਕੱਢ ਦਿੱਤਾ ਅਤੇ ਉਸ ਜਗ੍ਹਾ ’ਤੇ ਪੀਣ ਵਾਲਾ ਪਾਣੀ ਹੋਰ ਰੱਖ ਲਿਆ। ਛੋਟੀਆਂ-ਛੋਟੀਆਂ ਬੰਦਰਗਾਹਾਂ ਤਕ ਪਹੁੰਚਣ ਲਈ ਅਸੀਂ ਕਿਸ਼ਤੀ ਵਾਸਤੇ ਦੋ 16-16 ਫੁੱਟ (ਪੰਜ ਮੀਟਰ) ਦੇ ਚੱਪੂ ਲਿਆਂਦੇ। ਇਸ ਤੋਂ ਬਾਅਦ ਅਸੀਂ ਹਿੰਦ ਮਹਾਂਸਾਗਰ ਤੋਂ ਸੀਸ਼ਲਜ਼ ਲਈ ਨਿਕਲੇ। ਅਸੀਂ ਸੋਚਿਆ ਕਿ ਅਸੀਂ ਅਫ਼ਰੀਕਾ ਦੇ ਪੱਛਮੀ ਤਟ ਤੋਂ ਹੁੰਦੇ ਹੋਏ ਦੱਖਣੀ ਅਫ਼ਰੀਕਾ ਦੇ ਕੇਪ ਆਫ਼ ਗੁੱਡ ਹੋਪ ਜਾਵਾਂਗੇ ਅਤੇ ਫਿਰ ਉੱਥੋਂ ਅੱਗੇ ਜਾਵਾਂਗੇ। ਅਸੀਂ ਤਾਰਿਆਂ, ਨਕਸ਼ਿਆਂ, ਕਿਤਾਬਾਂ ਅਤੇ ਛੋਟੇ-ਛੋਟੇ ਦਿਸ਼ਾ ਦੱਸਣ ਵਾਲੇ ਯੰਤਰਾਂ ਦੀ ਮਦਦ ਨਾਲ ਦਿਸ਼ਾ ਦਾ ਪਤਾ ਲਗਾ ਕੇ ਸਫ਼ਰ ਕੀਤਾ। ਮੈਂ ਹੈਰਾਨ ਸੀ ਕਿ ਇਨ੍ਹਾਂ ਦੀ ਮਦਦ ਨਾਲ ਸਾਨੂੰ ਕਿੱਦਾਂ ਪਤਾ ਲੱਗ ਜਾਂਦਾ ਸੀ ਕਿ ਅਸੀਂ ਕਿਹੜੀ ਜਗ੍ਹਾ ’ਤੇ ਹਾਂ।

ਥੋੜ੍ਹੀ ਦੂਰ ਜਾਣ ਤੋਂ ਬਾਅਦ ਹੀ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇਸ ਪੁਰਾਣੀ ਲੱਕੜ ਦੀ ਕਿਸ਼ਤੀ ਨਾਲ ਸਮੁੰਦਰੀ ਸਫ਼ਰ ਨਹੀਂ ਕਰ ਸਕਦੇ। ਕਿਉਂਕਿ ਇਸ ਵਿਚ ਇਕ ਛੇਕ ਸੀ ਜਿਸ ਕਰਕੇ ਹਰ ਇਕ ਘੰਟੇ ਬਾਅਦ ਲਗਭਗ 22 ਲੀਟਰ (ਛੇ ਗੈਲਨ) ਪਾਣੀ ਭਰ ਜਾਂਦਾ ਸੀ। ਨਾਲੇ ਜਿਵੇਂ ਮੈਂ ਸ਼ੁਰੂ ਵਿਚ ਦੱਸਿਆ ਸੀ ਕਿ ਤੂਫ਼ਾਨ ਦੌਰਾਨ ਮੈਂ ਇੰਨਾ ਡਰ ਗਿਆ ਕਿ ਮੈਂ ਕਈ ਸਾਲਾਂ ਬਾਅਦ ਰੱਬ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਨਾਲ ਵਾਅਦਾ ਕੀਤਾ ਕਿ ਜੇ ਮੈਂ ਬਚ ਗਿਆ, ਤਾਂ ਮੈਂ ਉਸ ਨੂੰ ਜਾਣਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਅਚਾਨਕ ਤੂਫ਼ਾਨ ਬੰਦ ਹੋ ਗਿਆ, ਫਿਰ ਮੈਂ ਆਪਣਾ ਵਾਅਦਾ ਨਿਭਾਇਆ।

ਮੈਂ ਸਮੁੰਦਰੀ ਸਫ਼ਰ ਦੌਰਾਨ ਹੀ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਜ਼ਰਾ ਸੋਚੋ ਕਿ ਇਹ ਨਜ਼ਾਰਾ ਕਿੰਨਾ ਵਧੀਆ ਹੋਣਾ ਕਿ ਤੁਸੀਂ ਜ਼ਮੀਨ ਤੋਂ ਦੂਰ ਭੂਮੱਧ ਸਾਗਰ ਵਿਚ ਆਪਣੀ ਕਿਸ਼ਤੀ ਵਿਚ ਬੈਠੇ ਹੋ ਅਤੇ ਜਿੱਥੇ ਕਿਤੇ ਵੀ ਤੁਹਾਡੀ ਨਜ਼ਰ ਜਾਂਦੀ ਹੈ, ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਮੱਛੀਆਂ ਦੇਖਦੇ ਹੋ ਅਤੇ ਦੂਰੋਂ ਤੁਸੀਂ ਆਕਾਸ਼ ਤੇ ਜ਼ਮੀਨ ਨੂੰ ਮਿਲਦਿਆਂ ਦੇਖਦੇ ਹੋ। ਨਾਲੇ ਰਾਤ ਵੇਲੇ ਆਕਾਸ਼ ਗੰਗਾ ਗਲੈਕਸੀ ਨੂੰ ਦੇਖ ਕੇ ਤੁਸੀਂ ਹੱਕੇ-ਬੱਕੇ ਰਹਿ ਜਾਂਦੇ ਹੋ ਅਤੇ ਤੁਹਾਨੂੰ ਹੋਰ ਵੀ ਜ਼ਿਆਦਾ ਭਰੋਸਾ ਹੋ ਜਾਂਦਾ ਹੈ ਕਿ ਰੱਬ ਹੈ ਜੋ ਇਨਸਾਨਾਂ ਵਿਚ ਦਿਲਚਸਪੀ ਲੈਂਦਾ ਹੈ।

ਕੁਝ ਹਫ਼ਤਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ, ਅਸੀਂ ਸਪੇਨ ਦੀ ਆਲੀਕਾਂਟੇ ਬੰਦਰਗਾਹ ਪਹੁੰਚੇ। ਅਸੀਂ ਚਾਹੁੰਦੇ ਸੀ ਕਿ ਉੱਥੇ ਅਸੀਂ ਪੁਰਾਣੀ ਕਿਸ਼ਤੀ ਨੂੰ ਵੇਚ ਕੇ ਨਵੀਂ ਕਿਸ਼ਤੀ ਖ਼ਰੀਦ ਲਈਏ। ਪਰ ਸਾਡੀ ਕਿਸ਼ਤੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਇਸ ਨੂੰ ਵੇਚਣਾ ਸੌਖਾ ਨਹੀਂ ਸੀ ਕਿਉਂਕਿ ਇਸ ਵਿਚ ਇੰਜਣ ਨਹੀਂ ਸੀ ਤੇ ਉੱਤੋਂ ਦੀ ਇਹ ਲੀਕ ਵੀ ਕਰਦੀ ਸੀ! ਇਸ ਲਈ ਮੈਂ ਸੋਚਿਆ ਕਿ ਜਦ ਤਕ ਕੋਈ ਖ਼ਰੀਦਦਾਰ ਨਹੀਂ ਆਉਂਦਾ, ਉਦੋਂ ਤਕ ਮੈਂ ਬਾਈਬਲ ਪੜ੍ਹ ਲੈਂਦਾ ਹਾਂ।

ਮੈਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਦਾ ਗਿਆ, ਉੱਨਾ ਜ਼ਿਆਦਾ ਮੈਨੂੰ ਅਹਿਸਾਸ ਹੁੰਦਾ ਗਿਆ ਕਿ ਇਸ ਕਿਤਾਬ ਵਿਚ ਲਿਖੀਆਂ ਗੱਲਾਂ ਨੂੰ ਮੰਨ ਕੇ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਬਾਈਬਲ ਵਿਚ ਤਾਂ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਾਨੂੰ ਸਾਫ਼-ਸੁਥਰਾ ਅਤੇ ਨੇਕ ਚਾਲ-ਚਲਣ ਬਣਾ ਕੇ ਰੱਖਣਾ ਚਾਹੀਦਾ ਹੈ। ਮੈਂ ਸੋਚਦਾ ਸੀ ਕਿ ਮੈਂ ਅਤੇ ਬਹੁਤ ਸਾਰੇ ਲੋਕ ਆਪਣੇ-ਆਪ ਨੂੰ ਈਸਾਈ ਕਹਿੰਦੇ ਹਾਂ, ਪਰ ਅਸੀਂ ਇਸ ਵਿਚ ਦੱਸੀਆਂ ਗੱਲਾਂ ਮੁਤਾਬਕ ਚੱਲਦੇ ਹੀ ਨਹੀਂ।

ਮੈਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਦਾ ਪੱਕਾ ਇਰਾਦਾ ਕੀਤਾ ਸੀ। ਇਸ ਲਈ ਮੈਂ ਡਰੱਗਜ਼ ਲੈਣੇ ਬੰਦ ਕਰ ਦਿੱਤੇ। ਮੈਂ ਸੋਚਿਆ ਕਿ ਇੱਦਾਂ ਦੇ ਲੋਕ ਜ਼ਰੂਰ ਹੋਣੇ ਜੋ ਬਾਈਬਲ ਵਿਚ ਦੱਸੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਂਦੇ ਹੋਣੇ ਅਤੇ ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ। ਇਸ ਲਈ ਮੈਂ ਇਕ ਵਾਰ ਫਿਰ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਲੱਭਣ ਵਿਚ ਮੇਰੀ ਮਦਦ ਕਰੇ।

ਸੱਚੇ ਧਰਮ ਦੀ ਖੋਜ

ਮੈਂ ਸੋਚਿਆ ਕਿ ਸੱਚੇ ਧਰਮ ਦੀ ਖੋਜ ਕਰਨ ਲਈ ਮੈਂ ਇਕ-ਇਕ ਕਰ ਕੇ ਸਾਰੇ ਧਰਮਾਂ ਦੀ ਜਾਂਚ ਕਰਾਂਗਾ। ਜਦੋਂ ਮੈਂ ਆਲੀਕਾਂਟੋ ਸ਼ਹਿਰ ਦੀਆਂ ਗਲੀਆਂ ਵਿਚ ਘੁੰਮ ਰਿਹਾ ਸੀ, ਤਾਂ ਮੈਂ ਬਹੁਤ ਸਾਰੀਆਂ ਧਾਰਮਿਕ ਇਮਾਰਤਾਂ ਦੇਖੀਆਂ। ਪਰ ਜ਼ਿਆਦਾਤਰ ਇਮਾਰਤਾਂ ਵਿਚ ਮੂਰਤੀਆਂ ਸਨ ਜਿਨ੍ਹਾਂ ਨੂੰ ਦੇਖ ਕੇ ਮੈਂ ਸਮਝ ਗਿਆ ਕਿ ਇਹ ਸੱਚਾ ਧਰਮ ਨਹੀਂ ਹੋ ਸਕਦਾ।

ਐਤਵਾਰ ਦੀ ਇਕ ਦੁਪਹਿਰ ਨੂੰ ਮੈਂ ਪਹਾੜੀ ’ਤੇ ਬੈਠਾ ਬੰਦਰਗਾਹ ਦੇਖ ਰਿਹਾ ਸੀ। ਮੈਂ ਯਾਕੂਬ 2:1-5 ਪੜ੍ਹ ਰਿਹਾ ਸੀ ਜਿਸ ਵਿਚ ਅਮੀਰ ਲੋਕਾਂ ਦਾ ਪੱਖ ਲੈਣ ਬਾਰੇ ਚੇਤਾਵਨੀ ਦਿੱਤੀ ਗਈ ਹੈ। ਕਿਸ਼ਤੀ ਵੱਲ ਵਾਪਸ ਜਾਂਦਿਆਂ ਰਾਹ ਵਿਚ ਮੈਂ ਇਕ ਧਾਰਮਿਕ ਇਮਾਰਤ ਦੇਖੀ ਜਿਸ ਦੇ ਬਾਹਰ ਲਿਖਿਆ ਸੀ, “ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ।”

ਮੈਂ ਸੋਚਿਆਂ: ‘ਮੈਂ ਇਨ੍ਹਾਂ ਲੋਕਾਂ ਨੂੰ ਪਰਖ ਕੇ ਦੇਖਦਾ ਕਿ ਇਹ ਮੇਰੇ ਨਾਲ ਕਿਵੇਂ ਪੇਸ਼ ਆਉਣਗੇ।’ ਇਸ ਲਈ ਮੈਂ ਨੰਗੇ ਪੈਰੀਂ ਕਿੰਗਡਮ ਹਾਲ ਦੇ ਅੰਦਰ ਚਲਾ ਗਿਆ। ਮੇਰੀ ਦਾੜ੍ਹੀ ਵਧੀ ਹੋਈ ਸੀ ਤੇ ਮੈਂ ਪਾਟੀ ਹੋਈ ਜੀਨ ਪਾਈ ਹੋਈ ਸੀ। ਇਕ ਆਦਮੀ ਮੇਰੇ ਕੋਲ ਆਇਆ ਅਤੇ ਉਸ ਨੇ ਮੈਨੂੰ ਇਕ ਸਿਆਣੀ ਉਮਰ ਦੀ ਔਰਤ ਨਾਲ ਬੈਠਣ ਲਈ ਕਿਹਾ। ਉਸ ਔਰਤ ਨੇ ਮੈਨੂੰ ਬੜੇ ਪਿਆਰ ਨਾਲ ਬਾਈਬਲ ਦੀਆਂ ਉਹ ਸਾਰੀਆਂ ਆਇਤਾਂ ਦਿਖਾਈਆਂ ਜੋ ਭਾਸ਼ਣਕਾਰ ਬੋਲ ਰਿਹਾ ਸੀ। ਮੀਟਿੰਗ ਤੋਂ ਬਾਅਦ ਸਾਰੇ ਜਣੇ ਮੈਨੂੰ ਜਿੱਦਾਂ ਮਿਲਣ ਆਏ, ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਇਕ ਆਦਮੀ ਨੇ ਮੈਨੂੰ ਆਪਣੇ ਘਰ ਬਾਈਬਲ ’ਤੇ ਚਰਚਾ ਕਰਨ ਲਈ ਬੁਲਾਇਆ। ਪਰ ਹਾਲੇ ਮੈਂ ਆਪਣੀ ਬਾਈਬਲ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ, ਇਸ ਲਈ ਮੈਂ ਉਸ ਨੂੰ ਕਿਹਾ, “ਹਾਲੇ ਨਹੀਂ, ਮੈਂ ਤੁਹਾਨੂੰ ਦੱਸੂਗਾਂ!” ਪਰ ਇਸ ਦੌਰਾਨ ਮੈਂ ਸਾਰੀਆਂ ਮੀਟਿੰਗਾਂ ਵਿਚ ਜਾਂਦਾ ਰਿਹਾ।

ਕਈ ਹਫ਼ਤਿਆਂ ਬਾਅਦ ਮੈਂ ਉਸ ਆਦਮੀ ਦੇ ਘਰ ਗਿਆ ਅਤੇ ਉਸ ਨੇ ਬਾਈਬਲ ਬਾਰੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਕ ਹਫ਼ਤੇ ਬਾਅਦ ਉਸ ਨੇ ਮੈਨੂੰ ਕੱਪੜਿਆਂ ਨਾਲ ਭਰਿਆ ਇਕ ਬੈਗ ਦਿੱਤਾ ਅਤੇ ਮੈਨੂੰ ਦੱਸਿਆ ਕਿ ਇਹ ਕੱਪੜੇ ਇਕ ਭਰਾ ਦੇ ਸਨ ਜੋ ਜੇਲ੍ਹ ਵਿਚ ਸੀ। ਉਸ ਨੂੰ ਜੇਲ੍ਹ ਦੀ ਸਜ਼ਾ ਇਸ ਕਰਕੇ ਹੋਈ ਕਿਉਂਕਿ ਉਸ ਨੇ ਬਾਈਬਲ ਦਾ ਇਹ ਹੁਕਮ ਮੰਨਿਆ ਸੀ ਕਿ ਇਕ-ਦੂਜੇ ਨੂੰ ਪਿਆਰ ਕਰੋ ਅਤੇ ਯੁੱਧਾਂ ਵਿਚ ਹਿੱਸਾ ਨਾ ਲਵੋ। (ਯਸਾ. 2:4; ਯੂਹੰ. 13:34, 35) ਇਹ ਸੁਣ ਕੇ ਮੈਨੂੰ ਪੱਕਾ ਭਰੋਸਾ ਹੋ ਗਿਆ ਕਿ ਇਹੀ ਉਹ ਲੋਕ ਹਨ ਜਿਨ੍ਹਾਂ ਨੂੰ ਮੈਂ ਲੱਭ ਰਿਹਾ ਸੀ ਅਤੇ ਇਹ ਲੋਕ ਬਾਈਬਲ ਵਿਚ ਦੱਸੇ ਸ਼ੁੱਧ ਅਤੇ ਨੇਕ ਚਾਲ-ਚਲਣ ਬਣਾਈ ਰੱਖਣ ਦੇ ਅਸੂਲਾਂ ਨੂੰ ਪੂਰੀ ਤਰ੍ਹਾਂ ਮੰਨਦੇ ਹਨ। ਹੁਣ ਮੇਰਾ ਟੀਚਾ ਉਸ ਸੋਹਣੇ ਟਾਪੂ ਨੂੰ ਲੱਭਣ ਦਾ ਨਹੀਂ, ਸਗੋਂ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨਾ ਸੀ। ਇਸ ਲਈ ਮੈਂ ਨੀਦਰਲੈਂਡਜ਼ ਵਾਪਸ ਆ ਗਿਆ।

ਨੌਕਰੀ ਦੀ ਤਲਾਸ਼

ਚਾਰ ਦਿਨ ਸਫ਼ਰ ਕਰਨ ਤੋਂ ਬਾਅਦ, ਮੈਂ ਨੀਦਰਲੈਂਡਜ਼ ਦੇ ਗਰੁਨਿੰਗਐਨ ਸ਼ਹਿਰ ਪਹੁੰਚਿਆ। ਆਪਣਾ ਗੁਜ਼ਾਰਾ ਤੋਰਨ ਲਈ ਮੈਨੂੰ ਨੌਕਰੀ ਦੀ ਲੋੜ ਸੀ। ਇਸ ਲਈ ਮੈਂ ਇਕ ਤਰਖਾਣ ਦੀ ਦੁਕਾਨ ਤੇ ਜਾ ਕੇ ਕੰਮ ਲਈ ਪੁੱਛਿਆ। ਉਸ ਨੇ ਮੈਨੂੰ ਇਕ ਪੇਪਰ ਫੜਾ ਦਿੱਤਾ ਜਿਸ ’ਤੇ ਬਹੁਤ ਸਾਰੇ ਸਵਾਲ ਸੀ। ਉਨ੍ਹਾਂ ਵਿੱਚੋਂ ਇਕ ਸਵਾਲ ਮੇਰੇ ਧਰਮ ਬਾਰੇ ਸੀ ਤੇ ਉੱਥੇ ਮੈਂ ਲਿਖਿਆ: “ਯਹੋਵਾਹ ਦੇ ਗਵਾਹ।” ਜਦੋਂ ਦੁਕਾਨ ਦੇ ਮਾਲਕ ਨੇ ਉਹ ਪੜ੍ਹਿਆ, ਤਾਂ ਮੈਂ ਗੌਰ ਕੀਤਾ ਕਿ ਉਸ ਦੇ ਚਿਹਰੇ ਦੇ ਹਾਵ-ਭਾਵ ਹੀ ਬਦਲ ਗਏ। ਉਸ ਨੇ ਮੈਨੂੰ ਕਿਹਾ, “ਕੋਈ ਨਾ ਮੈਂ ਤੈਨੂੰ ਕੰਮ ਤੇ ਬੁਲਾਵਾਂਗਾ,” ਪਰ ਉਸ ਨੇ ਮੈਨੂੰ ਕੰਮ ਤੇ ਕਦੇ ਨਹੀਂ ਬੁਲਾਇਆ।

ਫਿਰ ਮੈਂ ਇਕ ਹੋਰ ਤਰਖਾਣ ਦੀ ਦੁਕਾਨ ਤੇ ਜਾ ਕੇ ਕੰਮ ਲਈ ਪੁੱਛਿਆ। ਉਸ ਨੇ ਮੇਰੇ ਤੋਂ ਮੇਰੇ ਪੜ੍ਹਾਈ ਦੇ ਅਤੇ ਕੰਮ ਦੇ ਤਜਰਬੇ ਬਾਰੇ ਪੁੱਛਿਆ। ਮੈਂ ਉਸ ਨੂੰ ਦੱਸਿਆ ਕਿ ਮੈਂ ਪਹਿਲਾਂ ਇਕ ਲੱਕੜ ਦੀ ਕਿਸ਼ਤੀ ਦੀ ਮੁਰੰਮਤ ਦਾ ਕੰਮ ਕੀਤਾ ਸੀ। ਹੈਰਾਨੀ ਦੀ ਗੱਲ ਸੀ ਕਿ ਉਸ ਨੇ ਮੈਨੂੰ ਕੰਮ ’ਤੇ ਰੱਖ ਲਿਆ। ਉਸ ਨੇ ਕਿਹਾ: “ਤੂੰ ਦੁਪਹਿਰ ਤੋਂ ਇੱਥੇ ਕੰਮ ਸ਼ੁਰੂ ਕਰ ਸਕਦਾ, ਪਰ ਇਕ ਸ਼ਰਤ ’ਤੇ। ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੀ ਦੁਕਾਨ ਵਿਚ ਕੋਈ ਮੁਸੀਬਤ ਖੜ੍ਹੀ ਕਰੇ ਕਿਉਂਕਿ ਮੈਂ ਇਕ ਯਹੋਵਾਹ ਦਾ ਗਵਾਹ ਹਾਂ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਂਦਾ ਹਾਂ।” ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਕਿਹਾ: “ਮੈਂ ਵੀ ਹਾਂ।” ਬਿਨਾਂ ਸ਼ੱਕ, ਮੇਰੇ ਲੰਬੇ ਬਾਲ਼ ਅਤੇ ਵਧੀ ਹੋਈ ਦਾੜ੍ਹੀ ਦੇਖ ਕੇ ਉਹ ਸਮਝ ਗਿਆ ਕਿ ਮੈਂ ਯਹੋਵਾਹ ਦਾ ਗਵਾਹ ਨਹੀਂ ਸੀ। ਇਸ ਲਈ ਉਸ ਨੇ ਮੈਨੂੰ ਕਿਹਾ: “ਚੱਲ ਠੀਕ ਹੈ, ਫਿਰ ਮੈਂ ਤੈਨੂੰ ਬਾਈਬਲ ਸਟੱਡੀ ਕਰਾਵਾਂਗਾ।” ਹੁਣ ਮੈਨੂੰ ਸਮਝ ਆਈ ਕਿ ਕਿਉਂ ਪਿਛਲੀ ਦੁਕਾਨ ਦੇ ਮਾਲਕ ਨੇ ਮੈਨੂੰ ਕਦੇ ਨਹੀਂ ਬੁਲਾਇਆ। ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। (ਜ਼ਬੂ. 37:4) ਮੈਂ ਉਸ ਭਰਾ ਦੀ ਦੁਕਾਨ ’ਤੇ ਇਕ ਸਾਲ ਕੰਮ ਕੀਤਾ ਅਤੇ ਉਸ ਸਮੇਂ ਦੌਰਾਨ ਉਸ ਨੇ ਮੈਨੂੰ ਬਾਈਬਲ ਸਟੱਡੀ ਕਰਾਈ। ਫਿਰ ਜਨਵਰੀ 1974 ਵਿਚ ਮੈਂ ਬਪਤਿਸਮਾ ਲੈ ਲਿਆ।

ਅਖ਼ੀਰ, ਮੇਰੀ ਖੋਜ ਖ਼ਤਮ ਹੋਈ!

ਇਕ ਮਹੀਨੇ ਬਾਅਦ, ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲੀ। ਅਗਲੇ ਮਹੀਨੇ ਮੈਂ ਅਮਸਟਰਡਮ ਚਲਾ ਗਿਆ ਅਤੇ ਉੱਥੇ ਇਕ ਸਪੇਨੀ ਭਾਸ਼ਾ ਦੇ ਨਵੇਂ ਗਰੁੱਪ ਦੀ ਮਦਦ ਕਰਨ ਲੱਗ ਪਿਆ। ਮੈਨੂੰ ਸਪੇਨੀ ਤੇ ਪੁਰਤਗਾਲੀ ਭਾਸ਼ਾ ਵਿਚ ਬਾਈਬਲ ਸਟੱਡੀਆਂ ਕਰਾ ਕੇ ਬਹੁਤ ਮਜ਼ਾ ਆਉਂਦਾ ਸੀ। ਮਈ 1975 ਵਿਚ ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ।

ਇਕ ਦਿਨ, ਈਨੇਕੇ ਨਾਂ ਦੀ ਸਪੈਸ਼ਲ ਪਾਇਨੀਅਰ ਭੈਣ ਆਪਣੀ ਬੋਲੀਵੀਆ ਦੀ ਰਹਿਣ ਵਾਲੀ ਬਾਈਬਲ ਸਟੱਡੀ ਨੂੰ ਸਾਡੀ ਮੀਟਿੰਗ ਵਿਚ ਲੈ ਕੇ ਆਈ। ਮੈਂ ਅਤੇ ਈਨੇਕੇ ਇਕ-ਦੂਜੇ ਨੂੰ ਹੋਰ ਜਾਣਨ ਲਈ ਚਿੱਠੀਆਂ ਲਿਖਣ ਲੱਗ ਪਏ। ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਟੀਚੇ ਮਿਲਦੇ ਸਨ। ਫਿਰ ਅਸੀਂ 1976 ਵਿਚ ਵਿਆਹ ਕਰਾ ਲਿਆ। ਅਸੀਂ 1982 ਤਕ ਇਕੱਠੇ ਸਪੈਸ਼ਲ ਪਾਇਨੀਅਰਿੰਗ ਕਰ ਹੀ ਰਹੇ ਸੀ ਕਿ ਸਾਨੂੰ ਗਿਲਿਅਡ ਦੀ 73ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਜਦੋਂ ਸਾਨੂੰ ਪੂਰਬੀ ਅਫ਼ਰੀਕਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ, ਤਾਂ ਅਸੀਂ ਬਹੁਤ ਹੈਰਾਨ ਤੇ ਖ਼ੁਸ਼ ਹੋਏ। ਉੱਥੇ ਅਸੀਂ ਕੀਨੀਆ ਦੇ ਮੋਂਬਾਸਾ ਸ਼ਹਿਰ ਵਿਚ ਪੰਜ ਸਾਲ ਸੇਵਾ ਕੀਤੀ। 1987 ਵਿਚ ਸਾਨੂੰ ਤਨਜ਼ਾਨੀਆ ਵਾਪਸ ਭੇਜਿਆ ਗਿਆ ਕਿਉਂਕਿ ਉੱਥੇ ਸਾਡੇ ਕੰਮਾਂ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਸੀ। ਅਸੀਂ ਉੱਥੇ 26 ਸਾਲ ਤਕ ਸੇਵਾ ਕੀਤੀ। ਫਿਰ ਅਸੀਂ ਕੀਨੀਆ ਵਾਪਸ ਆ ਗਏ।

ਪੂਰਬੀ ਅਫ਼ਰੀਕਾ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾ ਕੇ

ਨਿਮਰ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਨਾਲ ਸਾਡੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ। ਉਦਾਹਰਣ ਲਈ, ਮੋਂਬਾਸਾ ਵਿਚ ਮੈਂ ਆਪਣੇ ਪਹਿਲੇ ਬਾਈਬਲ ਵਿਦਿਆਰਥੀ ਨੂੰ ਜਨਤਕ ਥਾਵਾਂ ’ਤੇ ਪ੍ਰਚਾਰ ਕਰਦੇ ਵੇਲੇ ਮਿਲਿਆ ਸੀ। ਜਦੋਂ ਮੈਂ ਉਸ ਨੂੰ ਦੋ ਰਸਾਲੇ ਦਿੱਤੇ, ਤਾਂ ਉਸ ਨੇ ਮੈਨੂੰ ਕਿਹਾ: “ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮੈ ਕੀ ਕਰਨਾ ਹੈ?” ਅਗਲੇ ਹਫ਼ਤੇ ਮੈਂ ਉਸ ਨੂੰ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਤੋਂ ਬਾਈਬਲ ਸਟੱਡੀ ਕਰਾਉਣੀ ਸ਼ੁਰੂ ਕੀਤੀ। ਕੁਝ ਸਮਾਂ ਪਹਿਲਾਂ ਹੀ ਇਹ ਕਿਤਾਬ ਉਸ ਆਦਮੀ ਦੀ ਭਾਸ਼ਾ ਸਹੇਲੀ ਵਿਚ ਛਾਪੀ ਗਈ ਸੀ। ਇਕ ਸਾਲ ਬਾਅਦ ਉਸ ਨੇ ਬਪਤਿਸਮਾ ਲੈ ਲਿਆ ਅਤੇ ਰੈਗੂਲਰ ਪਾਇਨੀਅਰ ਬਣ ਗਿਆ। ਉਦੋਂ ਤੋਂ ਉਸ ਨੇ ਤੇ ਉਸ ਦੀ ਪਤਨੀ ਨੇ ਲਗਭਗ 100 ਲੋਕਾਂ ਦੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕੀਤੀ ਹੈ।

ਮੈਂ ਤੇ ਈਨੇਕੇ ਨੇ ਦੇਖਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਮਕਸਦ ਭਰੀ ਜ਼ਿੰਦਗੀ ਦਿੰਦਾ ਹੈ

ਜਦੋਂ ਮੈਨੂੰ ਪਹਿਲੀ ਵਾਰ ਜ਼ਿੰਦਗੀ ਦਾ ਮਕਸਦ ਸਮਝ ਆਇਆ, ਤਾਂ ਮੈਂ ਉਸ ਵਪਾਰੀ ਵਾਂਗ ਮਹਿਸੂਸ ਕੀਤਾ ਜਿਸ ਨੂੰ ਬਹੁਤ ਕੀਮਤੀ ਮੋਤੀ ਮਿਲਿਆ ਸੀ ਅਤੇ ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। (ਮੱਤੀ 13:45, 46) ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਮਦਦ ਕਰਾਂ ਤਾਂਕਿ ਉਹ ਵੀ ਜ਼ਿੰਦਗੀ ਦਾ ਅਸਲੀ ਮਕਸਦ ਜਾਣ ਸਕਣ ਤੇ ਉਨ੍ਹਾਂ ਨੂੰ ਖ਼ੁਸ਼ੀ ਮਿਲੇ। ਮੈਂ ਅਤੇ ਮੇਰੀ ਪਤਨੀ ਨੇ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਮਕਸਦ ਭਰੀ ਜ਼ਿੰਦਗੀ ਜੀਉਣ ਵਿਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਬੇਸ਼ੁਮਾਰ ਖ਼ੁਸ਼ੀਆਂ ਦਿੰਦਾ ਹੈ।