Skip to content

Skip to table of contents

ਅਧਿਐਨ ਲੇਖ 48

“ਤੁਸੀਂ ਪਵਿੱਤਰ ਬਣੋ”

“ਤੁਸੀਂ ਪਵਿੱਤਰ ਬਣੋ”

“ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ।”​—1 ਪਤ. 1:15.

ਗੀਤ 34 ਵਫ਼ਾ ਦੇ ਰਾਹ ’ਤੇ ਚੱਲੋ

ਖ਼ਾਸ ਗੱਲਾਂ *

1. (ੳ) ਪਤਰਸ ਨੇ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ? (ਅ) ਇਹ ਸਲਾਹ ਮੰਨਣੀ ਮੁਸ਼ਕਲ ਕਿਉਂ ਲੱਗ ਸਕਦੀ ਹੈ?

ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਫਿਰ ਧਰਤੀ ’ਤੇ ਰਹਿਣ ਦੀ। ਅਸੀਂ ਸਾਰੇ ਪਤਰਸ ਰਸੂਲ ਦੀ ਇਸ ਸਲਾਹ ਨੂੰ ਮੰਨ ਸਕਦੇ ਹਾਂ। ਉਸ ਨੇ ਕਿਹਾ: “ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ ਕਿਉਂਕਿ ਲਿਖਿਆ ਹੈ: ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।’” (1 ਪਤ. 1:15, 16) ਪਵਿੱਤਰਤਾ ਦੀ ਸਭ ਤੋਂ ਉੱਤਮ ਮਿਸਾਲ ਯਹੋਵਾਹ ਹੈ। ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਵਾਂਗ ਪਵਿੱਤਰ ਬਣ ਸਕਦੇ ਹਾਂ ਅਤੇ ਸਾਨੂੰ ਬਣਨਾ ਵੀ ਚਾਹੀਦਾ। ਪਰ ਕਈ ਲੋਕਾਂ ਨੂੰ ਸ਼ਾਇਦ ਲੱਗੇ ਕਿ ਨਾਮੁਕੰਮਲ ਇਨਸਾਨ ਕਦੇ ਪਵਿੱਤਰ ਬਣ ਹੀ ਨਹੀਂ ਸਕਦੇ। ਜ਼ਰਾ ਪਤਰਸ ਦੀ ਮਿਸਾਲ ’ਤੇ ਗੌਰ ਕਰੋ। ਭਾਵੇਂ ਉਸ ਨੇ ਕਈ ਗ਼ਲਤੀਆਂ ਕੀਤੀਆਂ, ਫਿਰ ਵੀ ਉਹ ਆਪਣਾ ਚਾਲ-ਚਲਣ ‘ਪਵਿੱਤਰ ਬਣਾਈ’ ਰੱਖ ਸਕਿਆ।

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

2 ਇਸ ਲੇਖ ਵਿਚ ਅਸੀਂ ਚਾਰ ਸਵਾਲਾਂ ਦੇ ਜਵਾਬ ਜਾਣਾਂਗੇ: (1) ਪਵਿੱਤਰ ਬਣੇ ਰਹਿਣ ਦਾ ਕੀ ਮਤਲਬ ਹੈ? (2) ਬਾਈਬਲ ਵਿਚ ਯਹੋਵਾਹ ਦੀ ਪਵਿੱਤਰਤਾ ਬਾਰੇ ਕੀ ਦੱਸਿਆ ਗਿਆ ਹੈ? (3) ਅਸੀਂ ਆਪਣਾ ਚਾਲ-ਚਲਣ ਪਵਿੱਤਰ ਕਿਵੇਂ ਬਣਾਈ ਰੱਖ ਸਕਦੇ ਹਾਂ? (4) ਯਹੋਵਾਹ ਨਾਲ ਸਾਡੇ ਰਿਸ਼ਤੇ ਅਤੇ ਪਵਿੱਤਰਤਾ ਵਿਚ ਕੀ ਸੰਬੰਧ ਹੈ?

ਪਵਿੱਤਰ ਬਣੇ ਰਹਿਣ ਦਾ ਕੀ ਮਤਲਬ ਹੈ?

3. ਦੁਨੀਆਂ ਦੇ ਲੋਕ ਕਿਨ੍ਹਾਂ ਨੂੰ ਪਵਿੱਤਰ ਸਮਝਦੇ ਹਨ, ਪਰ ਸਾਨੂੰ ਇਸ ਬਾਰੇ ਸਹੀ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?

3 ਕਈ ਲੋਕ ਸੋਚਦੇ ਹਨ ਕਿ ਉਹ ਲੋਕ ਪਵਿੱਤਰ ਹੁੰਦੇ ਹਨ ਜੋ ਖ਼ਾਸ ਕਿਸਮ ਦਾ ਧਾਰਮਿਕ ਪਹਿਰਾਵਾ ਪਾਉਂਦੇ ਹਨ ਅਤੇ ਬਹੁਤਾ ਹੱਸਦੇ-ਮੁਸਕਰਾਉਂਦੇ ਨਹੀਂ। ਪਰ ਇਹ ਸੋਚ ਗ਼ਲਤ ਹੈ ਕਿਉਂਕਿ ਬਾਈਬਲ ਵਿਚ ਯਹੋਵਾਹ ਨੂੰ “ਖ਼ੁਸ਼ਦਿਲ ਪਰਮੇਸ਼ੁਰ” ਕਿਹਾ ਗਿਆ ਹੈ। (1 ਤਿਮੋ. 1:11) ਨਾਲੇ ਜਿਹੜੇ ਲੋਕ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਨੂੰ “ਖ਼ੁਸ਼” ਕਿਹਾ ਗਿਆ ਹੈ। (ਜ਼ਬੂ. 144:15) ਯਿਸੂ ਨੇ ਅਜਿਹੇ ਲੋਕਾਂ ਦੀ ਨਿੰਦਿਆ ਕੀਤੀ ਜੋ ਖ਼ਾਸ ਪਹਿਰਾਵਾ ਪਾਉਂਦੇ ਸਨ ਅਤੇ ਦਿਖਾਵੇ ਲਈ ਚੰਗੇ ਕੰਮ ਕਰਦੇ ਸਨ। (ਮੱਤੀ 6:1; ਮਰ. 12:38) ਮਸੀਹੀਆਂ ਵਜੋਂ ਅਸੀਂ ਬਾਈਬਲ ਤੋਂ ਸਿੱਖਿਆ ਹੈ ਕਿ ਪਵਿੱਤਰ ਬਣਨ ਦਾ ਕੀ ਮਤਲਬ ਹੈ। ਸਾਨੂੰ ਬਾਈਬਲ ਤੋਂ ਇਸ ਗੱਲ ਦਾ ਸਬੂਤ ਮਿਲਿਆ ਕਿ ਯਹੋਵਾਹ ਪਵਿੱਤਰ ਹੈ, ਉਹ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਉਹ ਆਪਣੇ ਸੇਵਕਾਂ ਨੂੰ ਕਦੀ ਵੀ ਇੱਦਾਂ ਦਾ ਹੁਕਮ ਨਹੀਂ ਦੇਵੇਗਾ ਜਿਸ ਨੂੰ ਮੰਨਣਾ ਔਖਾ ਹੋਵੇ। ਇਸ ਲਈ ਜੇ ਯਹੋਵਾਹ ਨੇ ਕਿਹਾ ਹੈ: “ਤੁਸੀਂ ਪਵਿੱਤਰ ਬਣੋ,” ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪਵਿੱਤਰ ਬਣ ਸਕਦੇ ਹਾਂ। ਪਰ ਆਪਣਾ ਚਾਲ-ਚਲਣ ਪਵਿੱਤਰ ਬਣਾਈ ਰੱਖਣ ਲਈ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਪਵਿੱਤਰ ਬਣੇ ਰਹਿਣ ਦਾ ਕੀ ਮਤਲਬ ਹੈ।

4. “ਪਵਿੱਤਰ” ਅਤੇ “ਪਵਿੱਤਰਤਾ” ਦਾ ਕੀ ਮਤਲਬ ਹੈ?

4 ਪਵਿੱਤਰ ਬਣੇ ਰਹਿਣ ਦਾ ਕੀ ਮਤਲਬ ਹੈ? ਬਾਈਬਲ ਵਿਚ “ਪਵਿੱਤਰ” ਅਤੇ “ਪਵਿੱਤਰਤਾ” ਦਾ ਮਤਲਬ ਹੈ ਕਿ ਭਗਤੀ ਦੇ ਮਾਮਲੇ ਵਿਚ ਅਤੇ ਨੈਤਿਕ ਮਾਮਲਿਆਂ ਵਿਚ ਸ਼ੁੱਧ ਤੇ ਪਾਕ ਹੋਣਾ। ਇਨ੍ਹਾਂ ਦੋਨਾਂ ਸ਼ਬਦਾਂ ਦਾ ਇਕ ਹੋਰ ਮਤਲਬ ਹੈ ਕਿ ਯਹੋਵਾਹ ਦੀ ਸੇਵਾ ਲਈ ਵੱਖਰਾ ਕੀਤਾ ਗਿਆ। ਜੇ ਅਸੀਂ ਪਵਿੱਤਰ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਉਸ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ ਜਿਸ ਤਰੀਕੇ ਨਾਲ ਉਹ ਚਾਹੁੰਦਾ ਹੈ। ਨਾਲੇ ਉਸ ਨਾਲ ਸਾਡੀ ਗੂੜ੍ਹੀ ਦੋਸਤੀ ਹੋਣੀ ਚਾਹੀਦੀ ਹੈ। ਸਾਨੂੰ ਇਹ ਜਾਣ ਕੇ ਕਿੰਨੀ ਹੈਰਾਨੀ ਹੁੰਦੀ ਕਿ ਭਾਵੇਂ ਯਹੋਵਾਹ ਪਵਿੱਤਰ ਹੈ ਤੇ ਅਸੀਂ ਨਾਮੁਕੰਮਲ ਹਾਂ, ਫਿਰ ਵੀ ਉਹ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ।

“ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ”

5. ਅਸੀਂ ਵਫ਼ਾਦਾਰ ਦੂਤਾਂ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?

5 ਯਹੋਵਾਹ ਹਰ ਮਾਮਲੇ ਵਿਚ ਸ਼ੁੱਧ ਅਤੇ ਪਵਿੱਤਰ ਹੈ। ਇਹ ਗੱਲ ਸਰਾਫ਼ੀਮ ਦੂਤਾਂ ਦੀਆਂ ਗੱਲਾਂ ਤੋਂ ਪਤਾ ਲੱਗਦੀ ਹੈ। ਇਹ ਦੂਤ ਯਹੋਵਾਹ ਦੇ ਸਿੰਘਾਸਣ ਦੇ ਨੇੜੇ ਖੜ੍ਹੇ ਰਹਿੰਦੇ ਹਨ। ਇਨ੍ਹਾਂ ਦੂਤਾਂ ਨੇ ਕਿਹਾ: “ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।” (ਯਸਾ. 6:3) ਯਹੋਵਾਹ ਨਾਲ ਕਰੀਬੀ ਰਿਸ਼ਤਾ ਹੋਣ ਕਰਕੇ ਇਹ ਦੂਤ ਵੀ ਕਿੰਨੇ ਪਵਿੱਤਰ ਹੋਣਗੇ! ਇਸੇ ਕਰਕੇ ਕਈ ਵਾਰ ਜਦੋਂ ਦੂਤ ਧਰਤੀ ’ਤੇ ਕਿਸੇ ਜਗ੍ਹਾ ਸੰਦੇਸ਼ ਦੇਣ ਆਉਂਦੇ ਸਨ, ਤਾਂ ਉਹ ਜਗ੍ਹਾ ਪਵਿੱਤਰ ਬਣ ਜਾਂਦੀ ਸੀ। ਜਦੋਂ ਮੂਸਾ ਬਲ਼ਦੀ ਹੋਈ ਕੰਡਿਆਲ਼ੀ ਝਾੜੀ ਕੋਲ ਗਿਆ, ਤਾਂ ਉਸ ਸਮੇਂ ਵੀ ਇੱਦਾਂ ਹੀ ਹੋਇਆ ਸੀ।​—ਕੂਚ 3:2-5; ਯਹੋ. 5:15.

ਮਹਾਂ ਪੁਜਾਰੀ ਦੀ ਪਗੜੀ ’ਤੇ ਇਕ ਸੋਨੇ ਦੀ ਪੱਤਰੀ ਬੰਨ੍ਹੀ ਹੋਈ ਜਿਸ ਉੱਤੇ “ਪਵਿੱਤਰਤਾ ਯਹੋਵਾਹ ਦੀ ਹੈ” ਸ਼ਬਦ ਉੱਕਰੇ ਹੋਏ ਹਨ। (ਪੈਰੇ 6-7)

6-7. (ੳ) ਕੂਚ 15:1, 11 ਵਿਚ ਮੂਸਾ ਨੇ ਕਿਹੜੀ ਗੱਲ ’ਤੇ ਜ਼ੋਰ ਦਿੱਤਾ? (ਅ) ਇਜ਼ਰਾਈਲੀਆਂ ਨੂੰ ਕਿਵੇਂ ਯਾਦ ਕਰਾਇਆ ਜਾਂਦਾ ਸੀ ਕਿ ਯਹੋਵਾਹ ਪਵਿੱਤਰ ਹੈ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

6 ਜਦੋਂ ਇਜ਼ਰਾਈਲੀਆਂ ਨੇ ਲਾਲ ਸਮੁੰਦਰ ਪਾਰ ਕੀਤਾ, ਤਾਂ ਮੂਸਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯਹੋਵਾਹ ਪਵਿੱਤਰ ਪਰਮੇਸ਼ੁਰ ਹੈ। (ਕੂਚ 15:1, 11 ਪੜ੍ਹੋ।) ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੇ ਮਿਸਰੀ ਲੋਕ ਬਿਲਕੁਲ ਵੀ ਪਵਿੱਤਰ ਨਹੀਂ ਸਨ ਅਤੇ ਕਨਾਨੀ ਲੋਕ ਵੀ ਉਨ੍ਹਾਂ ਵਰਗੇ ਹੀ ਸਨ। ਕਨਾਨੀ ਲੋਕ ਭਗਤੀ ਕਰਨ ਲਈ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ ਅਤੇ ਘਿਣਾਉਣੇ ਲਿੰਗੀ ਕੰਮ ਕਰਦੇ ਸਨ। (ਲੇਵੀ. 18:3, 4, 21-24; ਬਿਵ. 18:9, 10) ਪਰ ਯਹੋਵਾਹ ਨੇ ਕਦੇ ਵੀ ਇਜ਼ਰਾਈਲੀਆਂ ਨੂੰ ਗੰਦੇ ਤੇ ਘਿਣਾਉਣੇ ਕੰਮ ਕਰਨ ਲਈ ਨਹੀਂ ਕਿਹਾ। ਯਹੋਵਾਹ ਹਰ ਮਾਮਲੇ ਵਿਚ ਪਵਿੱਤਰ ਹੈ। ਇਹ ਗੱਲ ਇਜ਼ਰਾਈਲੀਆਂ ਨੂੰ ਯਾਦ ਕਰਾਉਣ ਲਈ ਮਹਾਂ-ਪੁਜਾਰੀ ਦੀ ਪਗੜੀ ’ਤੇ ਬੰਨ੍ਹੀ ਹੋਈ ਸੋਨੇ ਦੀ ਪੱਤਰੀ ’ਤੇ ਉੱਕਰਿਆ ਹੋਇਆ ਸੀ: “ਪਵਿੱਤਰਤਾ ਯਹੋਵਾਹ ਦੀ ਹੈ।”​—ਕੂਚ 28:36-38.

7 ਜਦੋਂ ਵੀ ਕੋਈ ਇਜ਼ਰਾਈਲੀ ਸੋਨੇ ਦੀ ਇਹ ਪੱਤਰੀ ਦੇਖਦਾ ਸੀ, ਤਾਂ ਉਸ ਨੂੰ ਯਾਦ ਰਹਿੰਦਾ ਸੀ ਕਿ ਯਹੋਵਾਹ ਪਵਿੱਤਰ ਹੈ। ਪਰ ਜੇ ਕੋਈ ਇਜ਼ਰਾਈਲੀ ਮਹਾਂ ਪੁਜਾਰੀ ਕੋਲ ਨਹੀਂ ਜਾ ਸਕਦਾ ਸੀ ਅਤੇ ਇਹ ਪੱਤਰੀ ਨਹੀਂ ਦੇਖ ਸਕਦਾ ਸੀ, ਤਾਂ ਉਸ ਨੂੰ ਇਹ ਜ਼ਰੂਰੀ ਗੱਲ ਕਿਵੇਂ ਯਾਦ ਰਹਿੰਦੀ ਸੀ? ਪੂਰੀ ਮੰਡਲੀ ਦੇ ਸਾਮ੍ਹਣੇ ਕਾਨੂੰਨ ਪੜ੍ਹਿਆ ਜਾਂਦਾ ਸੀ ਜਿਸ ਕਰਕੇ ਸਾਰੇ ਇਜ਼ਰਾਈਲੀਆਂ ਨੂੰ ਯਾਦ ਰਹਿੰਦਾ ਸੀ ਕਿ ਯਹੋਵਾਹ ਪਵਿੱਤਰ ਹੈ। (ਬਿਵ. 31:9-12) ਜੇ ਤੁਸੀਂ ਵੀ ਉੱਥੇ ਹੁੰਦੇ, ਤਾਂ ਤੁਹਾਨੂੰ ਇਹ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲਦੇ: ‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਅਤੇ ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।’ “ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ।”​—ਲੇਵੀ. 11:44, 45; 20:7, 26.

8. ਅਸੀਂ ਲੇਵੀਆਂ 19:2 ਅਤੇ 1 ਪਤਰਸ 1:14-16 ਤੋਂ ਕੀ ਸਿੱਖ ਸਕਦੇ ਹਾਂ?

8 ਆਓ ਹੁਣ ਅਸੀਂ ਲੇਵੀਆਂ 19:2 ’ਤੇ ਗੌਰ ਕਰੀਏ ਜਿਸ ਵਿਚ ਲਿਖੀ ਗੱਲ ਸਾਰੇ ਇਜ਼ਰਾਈਲੀਆਂ ਨੂੰ ਪੜ੍ਹ ਕੇ ਸੁਣਾਈ ਜਾਂਦੀ ਸੀ। ਯਹੋਵਾਹ ਨੇ ਮੂਸਾ ਨੂੰ ਕਿਹਾ: “ਇਜ਼ਰਾਈਲੀਆਂ ਦੀ ਪੂਰੀ ਮੰਡਲੀ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹਾਂ।’” ਪਤਰਸ ਨੇ ਸ਼ਾਇਦ ਇਸੇ ਆਇਤ ਨੂੰ ਧਿਆਨ ਵਿਚ ਰੱਖ ਕੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਤੁਸੀਂ “ਪਵਿੱਤਰ ਬਣੋ।” (1 ਪਤਰਸ 1:14-16 ਪੜ੍ਹੋ।) ਭਾਵੇਂ ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ, ਫਿਰ ਵੀ ਪਤਰਸ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਲੇਵੀਆਂ 19:2 ਤੋਂ ਇਹ ਸਿੱਖਦੇ ਹਾਂ ਕਿ ਯਹੋਵਾਹ ਪਵਿੱਤਰ ਹੈ ਅਤੇ ਸਾਨੂੰ ਵੀ ਉਸ ਵਾਂਗ ਪਵਿੱਤਰ ਬਣਨਾ ਚਾਹੀਦਾ ਹੈ, ਫਿਰ ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਫਿਰ ਧਰਤੀ ’ਤੇ ਰਹਿਣ ਦੀ।​—1 ਪਤ. 1:4; 2 ਪਤ. 3:13.

“ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ”

9. ਅਸੀਂ ਲੇਵੀਆਂ ਅਧਿਆਇ 19 ਤੋਂ ਕੀ ਸਿੱਖਾਂਗੇ?

9 ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਇਸ ਲਈ ਅਸੀਂ ਵੀ ਉਸ ਵਾਂਗ ਪਵਿੱਤਰ ਬਣਨਾ ਚਾਹੁੰਦੇ ਹਾਂ। ਪਰ ਅਸੀਂ ਪਵਿੱਤਰ ਕਿਵੇਂ ਬਣ ਸਕਦੇ ਹਾਂ? ਇਸ ਬਾਰੇ ਯਹੋਵਾਹ ਨੇ ਲੇਵੀਆਂ ਅਧਿਆਇ 19 ਵਿਚ ਕੁਝ ਬਹੁਤ ਹੀ ਵਧੀਆ ਸਲਾਹਾਂ ਦਿੱਤੀਆਂ ਹਨ। ਇਕ ਇਬਰਾਨੀ ਵਿਦਵਾਨ ਮਾਰਕਸ ਕੌਲਿਸ਼ ਨੇ ਕਿਹਾ: “ਇਸ ਅਧਿਆਇ ਨੂੰ ਨਾ ਸਿਰਫ਼ ਲੇਵੀਆਂ ਦੀ ਕਿਤਾਬ, ਬਲਕਿ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਸਭ ਤੋਂ ਖ਼ਾਸ ਅਧਿਆਇ ਕਿਹਾ ਜਾ ਸਕਦਾ ਹੈ।” ਯਾਦ ਰੱਖੋ ਕਿ ਇਸ ਅਧਿਆਇ ਦੇ ਸ਼ੁਰੂ ਵਿਚ ਲਿਖਿਆ ਹੈ: “ਤੁਸੀਂ ਪਵਿੱਤਰ ਬਣੋ।” ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਆਓ ਅਸੀਂ ਇਸ ਅਧਿਆਇ ਦੀਆਂ ਹੋਰ ਆਇਤਾਂ ਤੋਂ ਸਿੱਖੀਏ ਕਿ ਅਸੀਂ ਹਰ ਰੋਜ਼ ਪਵਿੱਤਰ ਕਿਵੇਂ ਬਣੇ ਰਹਿ ਸਕਦੇ ਹਾਂ।

ਲੇਵੀਆਂ 19:3 ਵਿਚ ਮਾਪਿਆਂ ਬਾਰੇ ਦਿੱਤੇ ਹੁਕਮ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਪੈਰੇ 10-12 ਦੇਖੋ) *

10-11. ਲੇਵੀਆਂ 19:3 ਦੇ ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

10 ਇਜ਼ਰਾਈਲੀਆਂ ਨੂੰ ਇਹ ਕਹਿਣ ਤੋਂ ਬਾਅਦ ਕਿ ਉਨ੍ਹਾਂ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ, ਯਹੋਵਾਹ ਨੇ ਕਿਹਾ: ‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮਾਤਾ-ਪਿਤਾ ਦਾ ਆਦਰ ਕਰੇ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’​—ਲੇਵੀ. 19:2, 3.

11 ਸਾਨੂੰ ਪਰਮੇਸ਼ੁਰ ਦਾ ਇਹ ਹੁਕਮ ਮੰਨਣਾ ਚਾਹੀਦਾ ਹੈ। ਕਿਉਂ? ਇਕ ਵਾਰ ਇਕ ਆਦਮੀ ਨੇ ਯਿਸੂ ਨੂੰ ਪੁੱਛਿਆ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕਿਹੜੇ ਚੰਗੇ ਕੰਮ ਕਰਾਂ?” ਯਿਸੂ ਨੇ ਉਸ ਨੂੰ ਜੋ ਜਵਾਬ ਦਿੱਤਾ, ਉਸ ਵਿਚ ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦਾ ਆਦਰ ਕਰੇ। (ਮੱਤੀ 19:16-19) ਯਿਸੂ ਨੇ ਉਨ੍ਹਾਂ ਫ਼ਰੀਸੀਆਂ ਤੇ ਗ੍ਰੰਥੀਆਂ ਨੂੰ ਨਿੰਦਿਆ ਜੋ ਆਪਣੇ ਮਾਤਾ-ਪਿਤਾ ਦੀ ਦੇਖ-ਭਾਲ ਨਾ ਕਰਨ ਦੇ ਬਹਾਨੇ ਬਣਾਉਂਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ “ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾ ਦਿੱਤਾ।” (ਮੱਤੀ 15:3-6) “ਪਰਮੇਸ਼ੁਰ ਦੇ ਬਚਨ” ਵਿਚ ਮਾਤਾ-ਪਿਤਾ ਦਾ ਆਦਰ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ ਜੋ ਦਸ ਹੁਕਮਾਂ ਵਿੱਚੋਂ ਪੰਜਵਾਂ ਹੁਕਮ ਹੈ ਅਤੇ ਇਹ ਹੁਕਮ ਲੇਵੀਆਂ 19:3 ਵਿਚ ਵੀ ਲਿਖਿਆ ਹੋਇਆ ਹੈ। (ਕੂਚ 20:12) ਨਾਲੇ ਧਿਆਨ ਦਿਓ ਕਿ ਜਦੋਂ ਯਹੋਵਾਹ ਨੇ ਇਹ ਹੁਕਮ ਦਿੱਤਾ: “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹਾਂ,” ਤਾਂ ਇਸ ਹੁਕਮ ਤੋਂ ਤੁਰੰਤ ਬਾਅਦ ਉਸ ਨੇ ਲੇਵੀਆਂ 19:3 ਵਿਚ ਇਹ ਹੁਕਮ ਦਿੱਤਾ ਕਿ ਤੁਸੀਂ ਆਪਣੇ ਮਾਤਾ-ਪਿਤਾ ਦਾ ਆਦਰ ਕਰੋ।

12. ਲੇਵੀਆਂ 19:3 ਵਿਚ ਦਿੱਤੇ ਹੁਕਮ ਮੁਤਾਬਕ ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?

12 ਮਾਪਿਆਂ ਦਾ ਆਦਰ ਕਰਨ ਬਾਰੇ ਦਿੱਤੇ ਯਹੋਵਾਹ ਦੇ ਹੁਕਮ ’ਤੇ ਸੋਚ-ਵਿਚਾਰ ਕਰਦਿਆਂ ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਮਾਪਿਆਂ ਦਾ ਆਦਰ ਕਰਦਾ ਹਾਂ?’ ਸ਼ਾਇਦ ਤੁਹਾਨੂੰ ਲੱਗੇ ਕਿ ਬੀਤੇ ਸਮੇਂ ਵਿਚ ਤੁਸੀਂ ਆਪਣੇ ਮਾਪਿਆਂ ਦਾ ਜ਼ਿਆਦਾ ਆਦਰ ਨਹੀਂ ਕੀਤਾ। ਤੁਸੀਂ ਇਸ ਗੱਲ ਨੂੰ ਬਦਲ ਤਾਂ ਨਹੀਂ ਸਕਦੇ, ਪਰ ਹੁਣ ਤੁਸੀਂ ਉਨ੍ਹਾਂ ਦਾ ਆਦਰ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕਦੇ ਹੋ ਅਤੇ ਜੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਲਿਆ ਕੇ ਦੇ ਸਕਦੇ ਹੋ। ਨਾਲੇ ਤੁਸੀਂ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਵਿਚ ਮਦਦ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਦਿਲਾਸਾ ਅਤੇ ਹੱਲਾਸ਼ੇਰੀ ਵੀ ਦੇ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਲੇਵੀਆਂ 19:3 ਵਿਚ ਦਿੱਤੇ ਹੁਕਮ ਨੂੰ ਮੰਨ ਰਹੇ ਹੋਵੋਗੇ।

13. (ੳ) ਲੇਵੀਆਂ 19:3 ਵਿਚ ਹੋਰ ਕਿਹੜਾ ਹੁਕਮ ਦਿੱਤਾ ਗਿਆ ਹੈ? (ਅ) ਲੂਕਾ 4:16-18 ਮੁਤਾਬਕ ਸਾਨੂੰ ਯਿਸੂ ਵਾਂਗ ਕੀ ਕਰਨਾ ਚਾਹੀਦਾ ਹੈ?

13 ਲੇਵੀਆਂ 19:3 ਵਿਚ ਯਹੋਵਾਹ ਨੇ ਇਜ਼ਰਾਈਲੀ ਨੂੰ ਸਬਤ ਮਨਾਉਣ ਦਾ ਵੀ ਹੁਕਮ ਦਿੱਤਾ ਸੀ ਜਿਸ ਕਰਕੇ ਉਹ ਪਵਿੱਤਰ ਬਣੇ ਰਹਿ ਸਕਦੇ ਸਨ। ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਇਸ ਲਈ ਅਸੀਂ ਸਬਤ ਨਹੀਂ ਮਨਾਉਂਦੇ। ਪਰ ਇਜ਼ਰਾਈਲੀ ਸਬਤ ਦੇ ਦਿਨ ਜੋ ਕਰਦੇ ਸੀ ਅਤੇ ਉਨ੍ਹਾਂ ਨੂੰ ਜੋ ਫ਼ਾਇਦਾ ਹੁੰਦਾ ਸੀ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਜ਼ਰਾਈਲੀ ਸਬਤ ਦੇ ਦਿਨ ਕੋਈ ਹੋਰ ਕੰਮ-ਧੰਦੇ ਨਹੀਂ ਕਰਦੇ ਸਨ, ਬਲਕਿ ਸਿਰਫ਼ ਯਹੋਵਾਹ ਦੀ ਭਗਤੀ ਕਰਦੇ ਸਨ। * ਯਿਸੂ ਵੀ ਸਬਤ ਦੇ ਦਿਨ ਸਭਾ ਘਰ ਜਾਂਦਾ ਸੀ ਅਤੇ ਪਰਮੇਸ਼ੁਰ ਦਾ ਬਚਨ ਪੜ੍ਹਦਾ ਸੀ। (ਕੂਚ 31:12-15; ਲੂਕਾ 4:16-18 ਪੜ੍ਹੋ।) ਲੇਵੀਆਂ 19:3 ਵਿਚ ਦਿੱਤੇ ਹੁਕਮ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵੀ ਰੋਜ਼ ਦੇ ਕੰਮ-ਧੰਦਿਆਂ ਵਿੱਚੋਂ ਸਮਾਂ ਕੱਢ ਕੇ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਵਿਚ ਅਸੀਂ ਹੋਰ ਵੀ ਜ਼ਿਆਦਾ ਕਰ ਸਕਦੇ ਹਾਂ? ਜੇ ਅਸੀਂ ਹਰ ਰੋਜ਼ ਸਮਾਂ ਕੱਢ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ, ਤਾਂ ਅਸੀਂ ਉਸ ਦੇ ਹੋਰ ਨੇੜੇ ਜਾਵਾਂਗੇ ਅਤੇ ਪਵਿੱਤਰ ਬਣੇ ਰਹਾਂਗੇ।

ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ

14. ਲੇਵੀਆਂ ਅਧਿਆਇ 19 ਵਿਚ ਕਿਹੜੀ ਅਹਿਮ ਸੱਚਾਈ ਦੁਹਰਾਈ ਗਈ ਹੈ?

14 ਲੇਵੀਆਂ ਅਧਿਆਇ 19 ਵਿਚ ਵਾਰ-ਵਾਰ ਇਕ ਅਹਿਮ ਸੱਚਾਈ ਦੁਹਰਾਈ ਗਈ ਹੈ ਜੋ ਪਵਿੱਤਰ ਬਣੇ ਰਹਿਣ ਵਿਚ ਸਾਡੀ ਮਦਦ ਕਰੇਗੀ। ਆਇਤ 4 ਵਿਚ ਲਿਖਿਆ ਹੈ: “ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।” ਇਹ ਗੱਲ ਇਸ ਅਧਿਆਇ ਵਿਚ 16 ਵਾਰ ਲਿਖੀ ਗਈ ਹੈ। ਦਸ ਹੁਕਮਾਂ ਵਿੱਚੋਂ ਪਹਿਲੇ ਹੁਕਮ ਵਿਚ ਵੀ ਇਹੀ ਗੱਲ ਲਿਖੀ ਗਈ ਹੈ: ‘ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ। ਮੇਰੇ ਤੋਂ ਇਲਾਵਾ ਤੇਰਾ ਕੋਈ ਹੋਰ ਈਸ਼ਵਰ ਨਾ ਹੋਵੇ।’ (ਕੂਚ 20:2, 3) ਜੇ ਅਸੀਂ ਪਵਿੱਤਰ ਬਣੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਜਾਂ ਚੀਜ਼ ਯਹੋਵਾਹ ਨਾਲ ਸਾਡੇ ਰਿਸ਼ਤੇ ਵਿਚ ਰੁਕਾਵਟ ਨਾ ਬਣੇ। ਯਹੋਵਾਹ ਦੇ ਗਵਾਹ ਹੋਣ ਕਰਕੇ ਪਰਮੇਸ਼ੁਰ ਦਾ ਨਾਂ ਸਾਡੇ ਨਾਲ ਜੁੜਿਆ ਹੋਇਆ ਹੈ, ਇਸ ਲਈ ਅਸੀਂ ਕਦੀ ਵੀ ਇੱਦਾਂ ਦਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਉਸ ਦੇ ਪਵਿੱਤਰ ਨਾਂ ਦੀ ਬਦਨਾਮੀ ਹੋਵੇ।​—ਲੇਵੀ. 19:12; ਯਸਾ. 57:15.

15. ਲੇਵੀਆਂ ਅਧਿਆਇ 19:5-8, 21, 22 ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15 ਯਹੋਵਾਹ ਨੂੰ ਆਪਣਾ ਪਰਮੇਸ਼ੁਰ ਮੰਨਣ ਲਈ ਇਜ਼ਰਾਈਲੀਆਂ ਨੇ ਕੀ ਕਰਨਾ ਸੀ? ਲੇਵੀਆਂ 18:4 ਵਿਚ ਯਹੋਵਾਹ ਨੇ ਕਿਹਾ: “ਤੁਸੀਂ ਮੇਰੇ ਹੁਕਮਾਂ ਨੂੰ ਮੰਨਿਓ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰਿਓ ਅਤੇ ਉਨ੍ਹਾਂ ਮੁਤਾਬਕ ਚੱਲਿਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।” ਕੁਝ “ਨਿਯਮ” ਅਧਿਆਇ 19 ਵਿਚ ਦਿੱਤੇ ਗਏ ਹਨ, ਜਿਵੇਂ ਆਇਤਾਂ 5-8, 21, 22 ਵਿਚ ਜਾਨਵਰਾਂ ਦੇ ਬਲ਼ੀ ਚੜ੍ਹਾਉਣ ਬਾਰੇ ਕੁਝ ਨਿਯਮ ਦਿੱਤੇ ਗਏ ਹਨ। ਇਜ਼ਰਾਈਲੀਆਂ ਨੇ ਇਹ ਬਲ਼ੀਆਂ ਸਹੀ ਤਰੀਕੇ ਨਾਲ ਚੜ੍ਹਾਉਣੀਆਂ ਸਨ, ਨਹੀਂ ਤਾਂ ਉਹ “ਯਹੋਵਾਹ ਦੀ ਪਵਿੱਤਰ ਭੇਟ ਨੂੰ ਭ੍ਰਿਸ਼ਟ” ਕਰ ਰਹੇ ਹੁੰਦੇ। ਇਨ੍ਹਾਂ ਆਇਤਾਂ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰੀਏ ਅਤੇ ਉਸ ਦੀ ਇੱਛਾ ਮੁਤਾਬਕ ਉਸ ਨੂੰ ਉਸਤਤ ਦੇ ਬਲੀਦਾਨ ਚੜ੍ਹਾਈਏ।​—ਇਬ. 13:15.

16. ਲੇਵੀਆਂ 19:19 ਤੋਂ ਅਸੀਂ ਕਿਹੜੀ ਗੱਲ ਸਿੱਖ ਸਕਦੇ ਹਾਂ?

16 ਪਵਿੱਤਰ ਬਣੇ ਰਹਿਣ ਲਈ ਸਾਨੂੰ ਦੂਸਰਿਆਂ ਤੋਂ ਵੱਖਰੇ ਨਜ਼ਰ ਆਉਣਾ ਚਾਹੀਦਾ ਹੈ, ਪਰ ਹਮੇਸ਼ਾ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ। ਕਈ ਵਾਰ ਸਕੂਲ ਦੇ ਦੋਸਤ, ਸਾਡੇ ਨਾਲ ਕੰਮ ਕਰਨ ਵਾਲੇ, ਰਿਸ਼ਤੇਦਾਰ ਅਤੇ ਦੂਸਰੇ ਲੋਕ ਸਾਡੇ ’ਤੇ ਯਹੋਵਾਹ ਦੀ ਇੱਛਾ ਤੋਂ ਉਲਟ ਕੋਈ ਕੰਮ ਕਰਨ ਦਾ ਦਬਾਅ ਪਾਉਣ। ਅਜਿਹੇ ਹਾਲਾਤਾਂ ਵਿਚ ਅਸੀਂ ਸਹੀ ਫ਼ੈਸਲਾ ਕਿਵੇਂ ਲੈ ਸਕਦੇ ਹਾਂ? ਅਸੀਂ ਲੇਵੀਆਂ 19:19 ਯਾਦ ਰੱਖ ਸਕਦੇ ਹਾਂ, ਇੱਥੇ ਲਿਖਿਆ ਹੈ: ‘ਤੁਸੀਂ ਦੋ ਤਰ੍ਹਾਂ ਦੇ ਧਾਗਿਆਂ ਦਾ ਬਣਿਆ ਕੱਪੜਾ ਨਾ ਪਾਓ।’ ਇਹ ਹੁਕਮ ਮੰਨਣ ਕਰਕੇ ਇਜ਼ਰਾਈਲੀ ਦੂਜੀਆਂ ਕੌਮਾਂ ਤੋਂ ਵੱਖਰੇ ਨਜ਼ਰ ਆਉਂਦੇ ਸਨ। ਅੱਜ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ। ਇਸ ਲਈ ਅਸੀਂ ਹਰ ਕਿਸਮ ਦਾ ਕੱਪੜਾ ਪਾਉਂਦੇ ਹਾਂ। ਪਰ ਅਸੀਂ ਇਸ ਹੁਕਮ ਦੇ ਅਸੂਲ ਨੂੰ ਜ਼ਰੂਰ ਮੰਨਦੇ ਹਾਂ ਯਾਨੀ ਅਸੀਂ ਉਨ੍ਹਾਂ ਲੋਕਾਂ ਵਾਂਗ ਨਹੀਂ ਬਣਦੇ ਜਿਨ੍ਹਾਂ ਦੇ ਕੰਮ ਅਤੇ ਸਿੱਖਿਆਵਾਂ ਬਾਈਬਲ ਤੋਂ ਬਿਲਕੁਲ ਉਲਟ ਹਨ। ਫਿਰ ਚਾਹੇ ਉਹ ਲੋਕ ਸਾਡੇ ਸਕੂਲ ਦੇ ਦੋਸਤ, ਸਾਡੇ ਨਾਲ ਕੰਮ ਕਰਨ ਵਾਲੇ ਜਾਂ ਸਾਡੇ ਰਿਸ਼ਤੇਦਾਰ ਹੀ ਕਿਉਂ ਨਾ ਹੋਣ। ਇਹ ਸੱਚ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ। ਪਰ ਅਸੀਂ ਆਪਣੀ ਜ਼ਿੰਦਗੀ ਦੇ ਫ਼ੈਸਲਿਆਂ ਤੋਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਾਂ। ਫਿਰ ਭਾਵੇਂ ਇੱਦਾਂ ਕਰ ਕੇ ਅਸੀਂ ਦੂਸਰਿਆਂ ਤੋਂ ਵੱਖਰੇ ਹੀ ਕਿਉਂ ਨਾ ਨਜ਼ਰ ਆਈਏ ਕਿਉਂਕਿ ਅਸੀਂ ਸਿੱਖਿਆ ਕਿ ਪਵਿੱਤਰ ਬਣੇ ਰਹਿਣ ਦਾ ਮਤਲਬ ਹੈ, ਪਰਮੇਸ਼ੁਰ ਦੀ ਸੇਵਾ ਲਈ ਵੱਖਰਾ ਕੀਤਾ ਗਿਆ।​—2 ਕੁਰਿੰ. 6:14-16; 1 ਪਤ. 4:3, 4.

ਲੇਵੀਆਂ 19:23-25 ਵਿਚ ਦਿੱਤੇ ਹੁਕਮ ਤੋਂ ਇਜ਼ਰਾਈਲੀਆਂ ਨੇ ਕੀ ਸਿੱਖਣਾ ਸੀ ਅਤੇ ਅਸੀਂ ਇਨ੍ਹਾਂ ਆਇਤਾਂ ਤੋਂ ਕੀ ਸਿੱਖ ਸਕਦੇ ਹਾਂ? (ਪੈਰੇ 17-18 ਦੇਖੋ) *

17-18. ਲੇਵੀਆਂ 19:23-25 ਤੋਂ ਅਸੀਂ ਕੀ ਸਿੱਖਦੇ ਹਾਂ?

17 “ਮੈ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ,” ਇਸ ਗੱਲ ਤੋਂ ਇਜ਼ਰਾਈਲੀਆਂ ਨੇ ਸਿੱਖਣਾ ਸੀ ਕਿ ਉਨ੍ਹਾਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਣੀ ਸੀ। ਉਹ ਇਹ ਕਿਵੇਂ ਕਰ ਸਕਦੇ ਸਨ? ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਲੇਵੀਆਂ 19:23-25 (ਪੜ੍ਹੋ।) ਵਿਚ ਦਿੱਤਾ ਗਿਆ ਹੈ। ਇਜ਼ਰਾਈਲੀਆਂ ਨੇ ਇਹ ਹੁਕਮ ਵਾਅਦਾ ਕੀਤੇ ਗਏ ਦੇਸ਼ ਵਿਚ ਮੰਨਣਾ ਸੀ। ਜੇ ਕੋਈ ਇਜ਼ਰਾਈਲੀ ਦਰਖ਼ਤ ਲਗਾਉਂਦਾ ਸੀ, ਤਾਂ ਉਹ ਤਿੰਨ ਸਾਲ ਤਕ ਇਸ ਦਾ ਫਲ ਨਹੀਂ ਖਾ ਸਕਦਾ ਸੀ। ਚੌਥੇ ਸਾਲ ਉਸ ਨੇ ਉਸ ਦਰਖ਼ਤ ਦਾ ਫਲ ਯਹੋਵਾਹ ਦੇ ਪਵਿੱਤਰ ਸਥਾਨ ਲਈ ਦੇਣਾ ਸੀ ਅਤੇ ਪੰਜਵੇਂ ਸਾਲ ਤੋਂ ਉਹ ਵਿਅਕਤੀ ਉਸ ਦਰਖ਼ਤ ਦਾ ਫਲ ਖਾ ਸਕਦਾ ਸੀ। ਇਸ ਹੁਕਮ ਤੋਂ ਯਹੋਵਾਹ ਇਜ਼ਰਾਈਲੀਆਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਉਨ੍ਹਾਂ ਨੇ ਆਪਣੀਆਂ ਲੋੜਾਂ ਦੀ ਬਜਾਇ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣੀ ਸੀ। ਉਨ੍ਹਾਂ ਨੇ ਭਰੋਸਾ ਰੱਖਣਾ ਸੀ ਕਿ ਯਹੋਵਾਹ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਨੂੰ ਪੂਰੀਆਂ ਕਰੇਗਾ। ਯਹੋਵਾਹ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਦਿਲ ਖੋਲ੍ਹ ਕੇ ਪਵਿੱਤਰ ਸਥਾਨ ਲਈ ਦਾਨ ਦੇਣ ਜਿੱਥੇ ਉਸ ਦੀ ਸ਼ੁੱਧ ਭਗਤੀ ਹੁੰਦੀ ਸੀ।

18 ਲੇਵੀਆਂ 19:23-25 ਵਿਚ ਦਿੱਤੇ ਹੁਕਮ ਤੋਂ ਸਾਨੂੰ ਯਿਸੂ ਦਾ ਪਹਾੜੀ ਉਪਦੇਸ਼ ਯਾਦ ਆਉਂਦਾ ਹੈ। ਇਹ ਉਪਦੇਸ਼ ਦਿੰਦੇ ਹੋਏ ਯਿਸੂ ਨੇ ਕਿਹਾ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਓਗੇ, . . . ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।” (ਮੱਤੀ 6:25, 26, 32) ਜੇ ਪਰਮੇਸ਼ੁਰ ਪੰਛੀਆਂ ਨੂੰ ਖੁਆ ਸਕਦਾ ਹੈ, ਤਾਂ ਉਹ ਸਾਡੀ ਵੀ ਦੇਖ-ਭਾਲ ਕਰ ਸਕਦਾ ਹੈ। ਇਸ ਲਈ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਡੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰੇਗਾ। ਅਸੀਂ ਬਿਨਾਂ ਕਿਸੇ ਦਿਖਾਵੇ ਦੇ ਲੋੜਵੰਦਾਂ ਨੂੰ “ਪੁੰਨ-ਦਾਨ” ਕਰ ਸਕਦੇ ਹਾਂ। ਸਾਨੂੰ ਮੰਡਲੀ ਦੇ ਕੰਮਾਂ ਲਈ ਵੀ ਦਾਨ ਦੇਣਾ ਚਾਹੀਦਾ ਹੈ। ਯਹੋਵਾਹ ਸਾਡੇ ਇਨ੍ਹਾਂ ਕੰਮਾਂ ਵੱਲ ਜ਼ਰੂਰ ਧਿਆਨ ਦਿੰਦਾ ਹੈ ਅਤੇ ਸਾਨੂੰ ਬਰਕਤਾਂ ਵੀ ਦਿੰਦਾ ਹੈ। (ਮੱਤੀ 6:2-4) ਖੁੱਲ੍ਹ-ਦਿਲੀ ਦਿਖਾ ਕੇ ਅਸੀਂ ਲੇਵੀਆਂ 19:23-25 ਵਿਚ ਦਿੱਤੀਆਂ ਸਲਾਹਾਂ ਲਾਗੂ ਕਰ ਰਹੇ ਹੋਵਾਂਗੇ।

19. ਇਸ ਲੇਖ ਵਿਚ ਲੇਵੀਆਂ ਅਧਿਆਇ 19 ਦੀਆਂ ਜਿਨ੍ਹਾਂ ਆਇਤਾਂ ’ਤੇ ਚਰਚਾ ਕੀਤੀ ਗਈ ਹੈ, ਉਨ੍ਹਾਂ ਤੋਂ ਅਸੀਂ ਕੀ ਸਿੱਖਿਆ?

19 ਇਸ ਲੇਖ ਵਿਚ ਅਸੀਂ ਲੇਵੀਆਂ ਅਧਿਆਇ 19 ਦੀਆਂ ਕੁਝ ਆਇਤਾਂ ਦੀ ਜਾਂਚ ਕਰ ਕੇ ਸਿੱਖਿਆ ਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਵਾਂਗ ਪਵਿੱਤਰ ਕਿਵੇਂ ਬਣ ਸਕਦੇ ਹਾਂ। ਜੇ ਅਸੀਂ ਯਹੋਵਾਹ ਵਾਂਗ ਬਣਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ “ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ” ਬਣਾਂਗੇ। (1 ਪਤ. 1:15) ਕਈ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦੇ ਵਧੀਆ ਚਾਲ-ਚਲਣ ਵੱਲ ਧਿਆਨ ਦਿੱਤਾ ਹੈ ਜਿਸ ਕਰਕੇ ਕਈਆਂ ਨੇ ਯਹੋਵਾਹ ਦੀ ਮਹਿਮਾ ਵੀ ਕੀਤੀ ਹੈ। (1 ਪਤ. 2:12) ਲੇਵੀਆਂ ਅਧਿਆਇ 19 ਤੋਂ ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿੱਖ ਸਕਦੇ ਹਾਂ। ਅਗਲੇ ਲੇਖ ਵਿਚ ਇਸ ਅਧਿਆਇ ਦੀਆਂ ਕੁਝ ਹੋਰ ਆਇਤਾਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਅਸੀਂ ਉਨ੍ਹਾਂ ਤੋਂ ਸਿੱਖਾਂਗੇ ਕਿ ਜ਼ਿੰਦਗੀ ਦੇ ਹੋਰ ਮਾਮਲਿਆਂ ਵਿਚ ਵੀ ਅਸੀਂ ਕਿਵੇਂ ‘ਪਵਿੱਤਰ ਬਣੇ’ ਰਹਿ ਸਕਦੇ ਹਾਂ।

ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ

^ ਪੈਰਾ 5 ਯਹੋਵਾਹ ਪਵਿੱਤਰ ਪਰਮੇਸ਼ੁਰ ਹੈ। ਇਸ ਲਈ ਉਹ ਆਪਣੇ ਸੇਵਕਾਂ ਤੋਂ ਚਾਹੁੰਦਾ ਹੈ ਕਿ ਉਹ ਵੀ ਪਵਿੱਤਰ ਬਣਨ। ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਪਰ ਕੀ ਨਾਮੁਕੰਮਲ ਇਨਸਾਨ ਪਵਿੱਤਰ ਬਣ ਸਕਦੇ ਹਨ? ਜੀ ਹਾਂ। ਪਤਰਸ ਰਸੂਲ ਨੇ ਮਸੀਹੀਆਂ ਨੂੰ ਜੋ ਸਲਾਹ ਦਿੱਤੀ ਅਤੇ ਯਹੋਵਾਹ ਨੇ ਪ੍ਰਾਚੀਨ ਇਜ਼ਰਾਈਲ ਕੌਮ ਨੂੰ ਜੋ ਹੁਕਮ ਦਿੱਤੇ, ਉਨ੍ਹਾਂ ’ਤੇ ਗੌਰ ਕਰਨ ਨਾਲ ਅਸੀਂ ਸਿੱਖਾਂਗੇ ਕਿ ਅਸੀਂ ਆਪਣਾ ਚਾਲ-ਚਲਣ ਪਵਿੱਤਰ ਕਿਵੇਂ ਬਣਾਈ ਰੱਖ ਸਕਦੇ ਹਾਂ।

^ ਪੈਰਾ 13 ਸਬਤ ਅਤੇ ਉਸ ਤੋਂ ਮਿਲਣ ਵਾਲੀ ਸਿੱਖਿਆ ਬਾਰੇ ਹੋਰ ਜਾਣਨ ਲਈ ਦਸੰਬਰ 2019 ਦੇ ਪਹਿਰਾਬੁਰਜ ਵਿਚ “ਕੰਮ ਅਤੇ ਆਰਾਮ ਕਰਨ ਦਾ ‘ਇਕ ਸਮਾਂ’ ਹੈ” ਨਾਂ ਦਾ ਲੇਖ ਦੇਖੋ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਅਕਸਰ ਆਪਣੀ ਪਤਨੀ ਤੇ ਕੁੜੀ ਨਾਲ ਆਪਣੇ ਮਾਪਿਆਂ ਨੂੰ ਮਿਲਣ ਜਾਂਦਾ ਹੈ ਤਾਂਕਿ ਉਨ੍ਹਾਂ ਨਾਲ ਸਮਾਂ ਬਿਤਾ ਸਕੇ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਹੈ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਇਕ ਇਜ਼ਰਾਈਲੀ ਕਿਸਾਨ ਆਪਣੇ ਰੁੱਖਾਂ ’ਤੇ ਲੱਗੇ ਕੁਝ ਫਲਾਂ ਵੱਲ ਦੇਖਦਾ ਹੋਇਆ।