Skip to content

Skip to table of contents

ਅਧਿਐਨ ਲੇਖ 50

ਚੰਗੇ ਚਰਵਾਹੇ ਦੀ ਆਵਾਜ਼ ਸੁਣੋ

ਚੰਗੇ ਚਰਵਾਹੇ ਦੀ ਆਵਾਜ਼ ਸੁਣੋ

“ਉਹ ਮੇਰੀ ਆਵਾਜ਼ ਸੁਣਨਗੀਆਂ।”​—ਯੂਹੰ. 10:16.

ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ

ਖ਼ਾਸ ਗੱਲਾਂ *

1. ਯਿਸੂ ਨੇ ਆਪਣੇ ਚੇਲਿਆਂ ਦੀ ਤੁਲਨਾ ਭੇਡਾਂ ਨਾਲ ਕਿਉਂ ਕੀਤੀ?

ਯਿਸੂ ਦਾ ਆਪਣੇ ਚੇਲਿਆਂ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਹੈ, ਇਹ ਗੱਲ ਸਮਝਾਉਣ ਲਈ ਉਸ ਨੇ ਆਪਣੀ ਤੁਲਨਾ ਇਕ ਚੰਗੇ ਚਰਵਾਹੇ ਨਾਲ ਤੇ ਆਪਣੇ ਚੇਲਿਆਂ ਦੀ ਤੁਲਨਾ ਭੇਡਾਂ ਨਾਲ ਕੀਤੀ। (ਯੂਹੰ. 10:14) ਇਸ ਤਰ੍ਹਾਂ ਕਹਿਣਾ ਬਿਲਕੁਲ ਸਹੀ ਹੈ। ਭੇਡਾਂ ਆਪਣੇ ਚਰਵਾਹੇ ਨੂੰ ਪਛਾਣਦੀਆਂ ਹਨ ਅਤੇ ਉਹ ਉਹੀ ਕਰਦੀਆਂ ਹਨ ਜੋ ਚਰਵਾਹਾ ਕਹਿੰਦਾ ਹੈ। ਇਕ ਆਦਮੀ ਨੇ ਇੱਦਾਂ ਹੀ ਹੁੰਦੇ ਹੋਏ ਦੇਖਿਆ। ਉਹ ਦੱਸਦਾ ਹੈ: “ਅਸੀਂ ਕੁਝ ਭੇਡਾਂ ਦੀਆਂ ਫੋਟੋਆਂ ਖਿੱਚਣੀਆਂ ਚਾਹੁੰਦੇ ਸੀ, ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਭੇਡਾਂ ਸਾਡੇ ਕੋਲ ਨਹੀਂ ਆ ਰਹੀਆਂ ਸਨ। ਫਿਰ ਇਕ ਛੋਟਾ ਮੁੰਡਾ ਆਇਆ ਜੋ ਭੇਡਾਂ ਦਾ ਚਰਵਾਹਾ ਸੀ। ਉਸ ਨੇ ਜਿੱਦਾਂ ਹੀ ਆਵਾਜ਼ ਮਾਰੀ, ਸਾਰੀਆਂ ਭੇਡਾਂ ਝੱਟ ਹੀ ਉਸ ਦੇ ਪਿੱਛੇ-ਪਿੱਛੇ ਤੁਰ ਪਈਆਂ।”

2-3. (ੳ) ਯਿਸੂ ਦੇ ਚੇਲੇ ਉਸ ਦੀ ਆਵਾਜ਼ ਕਿਵੇਂ ਸੁਣ ਸਕਦੇ ਹਨ? (ਅ) ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਉਸ ਆਦਮੀ ਨੇ ਉਹੀ ਹੁੰਦਿਆਂ ਦੇਖਿਆ ਜੋ ਯਿਸੂ ਨੇ ਆਪਣੀਆਂ ਭੇਡਾਂ ਯਾਨੀ ਆਪਣੇ ਚੇਲਿਆਂ ਬਾਰੇ ਕਿਹਾ ਸੀ। ਯਿਸੂ ਨੇ ਕਿਹਾ: “ਉਹ ਮੇਰੀ ਆਵਾਜ਼ ਸੁਣਨਗੀਆਂ।” (ਯੂਹੰ. 10:16) ਪਰ ਯਿਸੂ ਤਾਂ ਹੁਣ ਸਵਰਗ ਵਿਚ ਹੈ, ਤਾਂ ਫਿਰ ਅਸੀਂ ਹੁਣ ਉਸ ਦੀ ਆਵਾਜ਼ ਕਿਵੇਂ ਸੁਣ ਸਕਦੇ ਹਾਂ? ਉਸ ਦੀ ਆਵਾਜ਼ ਸੁਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਸ ਦੀਆਂ ਸਿੱਖਿਆਵਾਂ ਮੁਤਾਬਕ ਚੱਲੀਏ।​—ਮੱਤੀ 7:24, 25.

3 ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਯਿਸੂ ਦੀਆਂ ਸਿੱਖਿਆਵਾਂ ’ਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਯਿਸੂ ਨੇ ਸਿਖਾਇਆ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਅਤੇ ਕੀ ਕਰਨਾ ਚਾਹੀਦਾ। ਇਸ ਲੇਖ ਵਿਚ ਪਹਿਲਾਂ ਅਸੀਂ ਦੇਖਾਂਗੇ ਕਿ ਯਿਸੂ ਨੇ ਕੀ ਕਰਨ ਤੋਂ ਮਨ੍ਹਾਂ ਕੀਤਾ ਹੈ।

“ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਓ”

4. ਲੂਕਾ 12:29 ਮੁਤਾਬਕ ਸਾਨੂੰ ਕਿਨ੍ਹਾਂ ਗੱਲਾਂ ਦੀ “ਹੱਦੋਂ ਵੱਧ ਚਿੰਤਾ” ਹੋ ਸਕਦੀ ਹੈ?

4 ਲੂਕਾ 12:29 ਪੜ੍ਹੋ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਰੋਜ਼ਮੱਰਾ ਦੀਆਂ ਲੋੜਾਂ ਬਾਰੇ ‘ਹੱਦੋਂ ਵੱਧ ਚਿੰਤਾ ਕਰਨੀ ਛੱਡ ਦੇਣ।’ ਅਸੀਂ ਜਾਣਦੇ ਹਾਂ ਕਿ ਯਿਸੂ ਦੀ ਸਲਾਹ ਹਮੇਸ਼ਾ ਸਹੀ ਹੁੰਦੀ ਹੈ ਅਤੇ ਅਸੀਂ ਇਹ ਸਲਾਹ ਲਾਗੂ ਵੀ ਕਰਨੀ ਚਾਹੁੰਦੇ ਹਾਂ। ਪਰ ਕਦੇ-ਕਦੇ ਇਸ ਸਲਾਹ ਨੂੰ ਮੰਨਣਾ ਔਖਾ ਹੋ ਸਕਦਾ ਹੈ। ਆਓ ਦੇਖੀਏ ਕਿਉਂ?

5. ਕੁਝ ਲੋਕ ਸ਼ਾਇਦ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਚਿੰਤਾ ਕਿਉਂ ਕਰਦੇ ਹਨ?

 5 ਕੁਝ ਲੋਕ ਸ਼ਾਇਦ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਚਿੰਤਾ ਕਰਦੇ ਹੋਣ, ਜਿਵੇਂ ਕਿ ਰੋਟੀ, ਕੱਪੜਾ ਤੇ ਮਕਾਨ ਬਾਰੇ। ਉਹ ਸ਼ਾਇਦ ਕਿਸੇ ਗ਼ਰੀਬ ਦੇਸ਼ ਵਿਚ ਰਹਿੰਦੇ ਹੋਣ ਅਤੇ ਉਨ੍ਹਾਂ ਲਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਵੀ ਔਖਾ ਹੋਵੇ ਜਾਂ ਕੋਵਿਡ-19 ਮਹਾਂਮਾਰੀ ਕਰਕੇ ਉਨ੍ਹਾਂ ਦਾ ਕੰਮ ਛੁੱਟ ਗਿਆ ਹੋਵੇ। ਜਾਂ ਫਿਰ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੋਵੇ। (ਉਪ. 9:11) ਜੇ ਅਸੀਂ ਵੀ ਇਨ੍ਹਾਂ ਵਿੱਚੋਂ ਕਿਸੇ ਮੁਸ਼ਕਲ ਜਾਂ ਕਿਸੇ ਹੋਰ ਮੁਸ਼ਕਲ ਵਿੱਚੋਂ ਲੰਘ ਰਹੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਹੱਦੋਂ ਵੱਧ ਚਿੰਤਾ ਕਰਨੀ ਛੱਡ ਦੇਈਏ?

ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਕਰਕੇ ਚਿੰਤਾਵਾਂ ਦੇ ਸਮੁੰਦਰ ਵਿਚ ਡੁੱਬਣ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖੋ (ਪੈਰੇ 6-8 ਦੇਖੋ) *

6. ਇਕ ਵਾਰ ਪਤਰਸ ਨਾਲ ਕੀ ਹੋਇਆ?

6 ਇਕ ਵਾਰ ਪਤਰਸ ਰਸੂਲ ਤੇ ਦੂਸਰੇ ਰਸੂਲ ਗਲੀਲ ਦੀ ਝੀਲ ਵਿਚ ਕਿਸ਼ਤੀ ’ਤੇ ਸਫ਼ਰ ਕਰ ਰਹੇ ਸਨ। ਫਿਰ ਅਚਾਨਕ ਇਕ ਤੂਫ਼ਾਨ ਆਇਆ ਅਤੇ ਉਨ੍ਹਾਂ ਨੇ ਯਿਸੂ ਨੂੰ ਪਾਣੀ ਉੱਤੇ ਤੁਰਦਿਆਂ ਦੇਖਿਆ। ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਜੇ ਤੂੰ ਹੀ ਹੈਂ, ਤਾਂ ਮੈਨੂੰ ਪਾਣੀ ’ਤੇ ਤੁਰ ਕੇ ਆਪਣੇ ਵੱਲ ਆਉਣ ਦਾ ਹੁਕਮ ਦੇ।” ਯਿਸੂ ਨੇ ਉਸ ਨੂੰ ਕਿਹਾ: “ਆਜਾ!” ਇਸ ਲਈ ਪਤਰਸ ਕਿਸ਼ਤੀ ਤੋਂ ਉੱਤਰਿਆ ਅਤੇ “ਪਾਣੀ ’ਤੇ ਤੁਰਦਾ ਹੋਇਆ ਯਿਸੂ ਵੱਲ ਚਲਾ ਗਿਆ।” ਪਰ ਫਿਰ “ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ। ਜਦੋਂ ਉਹ ਡੁੱਬਣ ਲੱਗਾ, ਤਾਂ ਉਹ ਉੱਚੀ-ਉੱਚੀ ਕਹਿਣ ਲੱਗਾ: ‘ਪ੍ਰਭੂ, ਮੈਨੂੰ ਬਚਾ ਲੈ!’” ਉਸੇ ਵੇਲੇ ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਬਚਾ ਲਿਆ। ਕੀ ਤੁਸੀਂ ਗੌਰ ਕੀਤਾ ਕਿ ਜਦੋਂ ਤਕ ਪਤਰਸ ਦਾ ਧਿਆਨ ਯਿਸੂ ’ਤੇ ਸੀ, ਉਦੋਂ ਤਕ ਉਹ ਠਾਠਾਂ ਮਾਰਦੇ ਪਾਣੀ ਉੱਤੇ ਤੁਰਦਾ ਰਿਹਾ। ਪਰ ਜਿੱਦਾਂ ਹੀ ਪਤਰਸ ਨੇ ਤੂਫ਼ਾਨ ਨੂੰ ਦੇਖਿਆ, ਤਾਂ ਉਹ ਡਰ ਗਿਆ ਅਤੇ ਡੁੱਬਣ ਲੱਗਾ।​—ਮੱਤੀ 14:24-31.

7. ਪਤਰਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

7 ਪਤਰਸ ਨਾਲ ਜੋ ਹੋਇਆ, ਉਸ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਜਦੋਂ ਪਤਰਸ ਕਿਸ਼ਤੀ ਤੋਂ ਉਤਰਿਆ, ਤਾਂ ਉਹ ਚਾਹੁੰਦਾ ਸੀ ਕਿ ਉਹ ਪਾਣੀ ਉੱਤੇ ਤੁਰ ਕੇ ਯਿਸੂ ਤਕ ਪਹੁੰਚ ਜਾਵੇ। ਉਸ ਨੇ ਇਹ ਨਹੀਂ ਸੋਚਿਆ ਸੀ ਕਿ ਉਸ ਦਾ ਧਿਆਨ ਭਟਕ ਜਾਵੇਗਾ ਅਤੇ ਉਹ ਡੁੱਬਣ ਲੱਗੇਗਾ। ਪਰ ਇਸੇ ਤਰ੍ਹਾਂ ਹੀ ਹੋਇਆ। ਜਿਸ ਤਰ੍ਹਾਂ ਪਤਰਸ ਨੂੰ ਪਾਣੀ ਉੱਤੇ ਤੁਰਨ ਲਈ ਨਿਹਚਾ ਰੱਖਣ ਦੀ ਲੋੜ ਸੀ ਉਸੇ ਤਰ੍ਹਾਂ ਸਾਨੂੰ ਵੀ ਮੁਸ਼ਕਲਾਂ ਝੱਲਣ ਲਈ ਨਿਹਚਾ ਰੱਖਣ ਦੀ ਲੋੜ ਹੈ। ਪਰ ਜੇ ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ’ਤੇ ਧਿਆਨ ਨਹੀਂ ਲਾਈ ਰੱਖਾਂਗੇ, ਤਾਂ ਸਾਡੀ ਵੀ ਨਿਹਚਾ ਕਮਜ਼ੋਰ ਪੈ ਸਕਦੀ ਹੈ ਅਤੇ ਅਸੀਂ ਚਿੰਤਾਵਾਂ ਦੇ ਸਮੁੰਦਰ ਵਿਚ ਡੁੱਬ ਸਕਦੇ ਹਾਂ। ਚਾਹੇ ਸਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਜਿੰਨਾ ਮਰਜ਼ੀ ਵੱਡਾ ਤੂਫ਼ਾਨ ਕਿਉਂ ਨਾ ਆਵੇ, ਫਿਰ ਵੀ ਅਸੀਂ ਆਪਣਾ ਪੂਰਾ ਧਿਆਨ ਯਹੋਵਾਹ ਅਤੇ ਇਸ ਗੱਲ ’ਤੇ ਲਾਈ ਰੱਖਾਂਗੇ ਕਿ ਉਹ ਹਰ ਹਾਲਾਤ ਵਿਚ ਸਾਡੀ ਮਦਦ ਜ਼ਰੂਰ ਕਰੇਗਾ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

8. ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਬਜਾਇ ਸਾਨੂੰ ਕੀ ਕਰਨਾ ਚਾਹੀਦਾ ਹੈ?

8 ਆਪਣੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਬਜਾਇ ਸਾਨੂੰ ਯਹੋਵਾਹ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਨਾਲੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਪਿਆਰੇ ਪਿਤਾ ਯਹੋਵਾਹ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਜੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਵਾਂਗੇ, ਤਾਂ ਉਹ ਸਾਡੀਆਂ ਸਾਰੀਆਂ ਲੋੜਾਂ ਦਾ ਖ਼ਿਆਲ ਰੱਖੇਗਾ। (ਮੱਤੀ 6:32, 33) ਉਸ ਨੇ ਹਮੇਸ਼ਾ ਆਪਣਾ ਇਹ ਵਾਅਦਾ ਨਿਭਾਇਆ ਹੈ। (ਬਿਵ. 8:4, 15, 16; ਜ਼ਬੂ. 37:25) ਜੇ ਯਹੋਵਾਹ ਪੰਛੀਆਂ ਤੇ ਫੁੱਲਾਂ ਦਾ ਖ਼ਿਆਲ ਰੱਖਦਾ ਹੈ, ਤਾਂ ਫਿਰ ਕੀ ਉਹ ਸਾਨੂੰ ਖਾਣ-ਪੀਣ ਜਾਂ ਪਾਉਣ ਲਈ ਕੱਪੜੇ ਨਹੀਂ ਦੇ ਸਕਦਾ? (ਮੱਤੀ 6:26-30; ਫ਼ਿਲਿ. 4:6, 7) ਆਪਣੇ ਬੱਚਿਆਂ ਨਾਲ ਪਿਆਰ ਹੋਣ ਕਰਕੇ ਮਾਪੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਜੀ ਹਾਂ, ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਖ਼ਿਆਲ ਜ਼ਰੂਰ ਰੱਖੇਗਾ!

9. ਅਸੀਂ ਇਕ ਜੋੜੇ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

9 ਯਹੋਵਾਹ ਸਾਡੀਆਂ ਲੋੜਾਂ ਦਾ ਖ਼ਿਆਲ ਰੱਖ ਸਕਦਾ ਹੈ, ਇਹ ਸਮਝਣ ਲਈ ਆਓ ਆਪਾਂ ਇਕ ਪਾਇਨੀਅਰ ਜੋੜੇ ਦੇ ਤਜਰਬੇ ’ਤੇ ਗੌਰ ਕਰੀਏ। ਇਕ ਵਾਰ ਉਹ ਆਪਣੀ ਪੁਰਾਣੀ ਕਾਰ ਵਿਚ ਇਕ ਘੰਟੇ ਤੋਂ ਵੀ ਜ਼ਿਆਦਾ ਲੰਬਾ ਸਫ਼ਰ ਕਰ ਕੇ ਕੁਝ ਭੈਣਾਂ ਨੂੰ ਮੀਟਿੰਗ ਵਿਚ ਲਿਆਉਣ ਲਈ ਗਏ। ਉਹ ਭੈਣਾਂ ਸ਼ਰਨਾਰਥੀ ਕੈਂਪ ਵਿਚ ਰਹਿੰਦੀਆਂ ਸਨ। ਭਰਾ ਦੱਸਦਾ ਹੈ: “ਮੀਟਿੰਗ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ, ਪਰ ਬਾਅਦ ਵਿਚ ਸਾਨੂੰ ਯਾਦ ਆਇਆ ਕਿ ਘਰ ਵਿਚ ਤਾਂ ਖਾਣ ਲਈ ਕੁਝ ਹੈ ਹੀ ਨਹੀਂ।” ਫਿਰ ਉਨ੍ਹਾਂ ਨੇ ਕੀ ਕੀਤਾ? ਭਰਾ ਅੱਗੇ ਦੱਸਦਾ ਹੈ: “ਜਦੋਂ ਅਸੀਂ ਘਰ ਪਹੁੰਚੇ, ਤਾਂ ਸਾਡੇ ਘਰ ਦੇ ਦਰਵਾਜ਼ੇ ਕੋਲ ਖਾਣੇ ਨਾਲ ਭਰੇ ਹੋਏ ਦੋ ਵੱਡੇ-ਵੱਡੇ ਬੈਗ ਪਏ ਸਨ। ਸਾਨੂੰ ਨਹੀਂ ਸੀ ਪਤਾ ਕਿ ਇਹ ਬੈਗ ਕਿਸ ਨੇ ਰੱਖੇ ਸਨ। ਪਰ ਅਸੀਂ ਇਹ ਜ਼ਰੂਰ ਜਾਣਦੇ ਸੀ ਕਿ ਯਹੋਵਾਹ ਨੇ ਸਾਡੀਆਂ ਲੋੜਾਂ ਦਾ ਖ਼ਿਆਲ ਰੱਖਿਆ।” ਕੁਝ ਸਮੇਂ ਬਾਅਦ ਇਸ ਜੋੜੇ ਦੀ ਕਾਰ ਖ਼ਰਾਬ ਹੋ ਗਈ। ਪ੍ਰਚਾਰ ਤੇ ਜਾਣ ਲਈ ਉਨ੍ਹਾਂ ਨੂੰ ਇਸ ਕਾਰ ਦੀ ਬਹੁਤ ਲੋੜ ਸੀ, ਪਰ ਉਨ੍ਹਾਂ ਕੋਲ ਕਾਰ ਨੂੰ ਠੀਕ ਕਰਾਉਣ ਜੋਗੇ ਪੈਸੇ ਨਹੀਂ ਸਨ। ਉਹ ਕਾਰ ਨੂੰ ਗਰਾਜ ਵਿਚ ਲੈ ਗਏ ਤਾਂਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਇਸ ਨੂੰ ਠੀਕ ਕਰਾਉਣ ਲਈ ਕਿੰਨੇ ਪੈਸੇ ਲੱਗਣਗੇ। ਉਸੇ ਵੇਲੇ ਉੱਥੇ ਇਕ ਆਦਮੀ ਆਇਆ ਅਤੇ ਉਸ ਨੇ ਪੁੱਛਿਆ: “ਇਹ ਕਾਰ ਕਿਸ ਦੀ ਹੈ?” ਭਰਾ ਨੇ ਦੱਸਿਆ ਕਿ ਇਹ ਕਾਰ ਉਸ ਦੀ ਹੈ ਅਤੇ ਇਹ ਖ਼ਰਾਬ ਹੈ। ਉਸ ਆਦਮੀ ਨੇ ਕਿਹਾ: “ਖ਼ਰਾਬ ਹੈ ਤਾਂ ਕੋਈ ਗੱਲ ਨਹੀਂ। ਮੇਰੀ ਪਤਨੀ ਨੂੰ ਇਹੀ ਕਾਰ, ਇਸੇ ਰੰਗ ਵਿਚ ਚਾਹੀਦੀ ਹੈ। ਤੂੰ ਬਸ ਇਹ ਦੱਸ ਕਿ ਤੂੰ ਇਸ ਨੂੰ ਕਿੰਨੇ ਵਿਚ ਵੇਚੇਂਗਾ?” ਉਸ ਆਦਮੀ ਨੇ ਭਰਾ ਨੂੰ ਇੰਨੇ ਪੈਸੇ ਦਿੱਤੇ ਕਿ ਉਨ੍ਹਾਂ ਨਾਲ ਉਹ ਆਪਣੇ ਲਈ ਕਾਰ ਖ਼ਰੀਦ ਸਕਦਾ ਸੀ। ਭਰਾ ਅੱਗੇ ਦੱਸਦਾ ਹੈ: “ਮੈਂ ਦੱਸ ਨਹੀਂ ਸਕਦਾ ਕਿ ਉਸ ਦਿਨ ਅਸੀਂ ਕਿੰਨੇ ਖ਼ੁਸ਼ ਸੀ। ਸਾਨੂੰ ਪੱਕਾ ਪਤਾ ਸੀ ਕਿ ਇਹ ਕੋਈ ਇਤਫ਼ਾਕ ਨਹੀਂ, ਸਗੋਂ ਇਸ ਪਿੱਛੇ ਯਹੋਵਾਹ ਦਾ ਹੀ ਹੱਥ ਸੀ।”

10. ਜ਼ਬੂਰ 37:5 ਵਿਚ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ?

10 ਜੇ ਅਸੀਂ ਚੰਗੇ ਚਰਵਾਹੇ ਦੀ ਸੁਣਾਂਗੇ ਅਤੇ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਆਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਜ਼ਰੂਰ ਖ਼ਿਆਲ ਰੱਖੇਗਾ। (ਜ਼ਬੂਰ 37:5 ਪੜ੍ਹੋ; 1 ਪਤ. 5:7) ਜ਼ਰਾ  ਪੈਰੇ 5 ਵਿਚ ਦੱਸੀਆਂ ਮੁਸ਼ਕਲਾਂ ਬਾਰੇ ਸੋਚੋ। ਹੁਣ ਤਕ ਹੋ ਸਕਦਾ ਹੈ ਕਿ ਯਹੋਵਾਹ ਨੇ ਪਰਿਵਾਰ ਦੇ ਮੁਖੀ ਰਾਹੀਂ ਜਾਂ ਫਿਰ ਕੰਮ ਰਾਹੀਂ ਸਾਡਾ ਖ਼ਿਆਲ ਰੱਖਿਆ ਹੋਵੇ। ਪਰ ਹਾਲਾਤ ਬਦਲ ਸਕਦੇ ਹਨ। ਹੋ ਸਕਦਾ ਹੈ ਕਿ ਪਰਿਵਾਰ ਦਾ ਮੁਖੀ ਸਾਡੀਆਂ ਲੋੜਾਂ ਪੂਰੀਆਂ ਨਾ ਕਰ ਸਕੇ ਜਾਂ ਸਾਡਾ ਕੰਮ ਛੁੱਟ ਜਾਵੇ। ਅਜਿਹਾ ਹੋਣ ਤੇ ਵੀ ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡਾ ਖ਼ਿਆਲ ਜ਼ਰੂਰ ਰੱਖੇਗਾ। ਆਓ ਹੁਣ ਆਪਾਂ ਗੌਰ ਕਰੀਏ ਕਿ ਚੰਗੇ ਚਰਵਾਹੇ ਨੇ ਸਾਨੂੰ ਹੋਰ ਕੀ ਕਰਨ ਤੋਂ ਮਨ੍ਹਾਂ ਕੀਤਾ ਹੈ।

“ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦਿਓ”

ਦੂਜਿਆਂ ਵਿਚ ਨੁਕਸ ਕੱਢਣ ਦੀ ਬਜਾਇ, ਉਨ੍ਹਾਂ ਵਿਚ ਚੰਗੇ ਗੁਣ ਦੇਖੋ (ਪੈਰੇ 11, 14-16 ਦੇਖੋ) *

11. ਮੱਤੀ 7:1, 2 ਮੁਤਾਬਕ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ ਅਤੇ ਇਸ ਸਲਾਹ ਨੂੰ ਮੰਨਣਾ ਔਖਾ ਕਿਉਂ ਹੋ ਸਕਦਾ ਹੈ?

11 ਮੱਤੀ 7:1, 2 ਪੜ੍ਹੋ। ਯਿਸੂ ਜਾਣਦਾ ਸੀ ਕਿ ਨਾਮੁਕੰਮਲ ਹੋਣ ਕਰਕੇ ਇਨਸਾਨ ਅਕਸਰ ਦੂਜਿਆਂ ਵਿਚ ਨੁਕਸ ਕੱਢਦੇ ਹਨ। ਇਸ ਲਈ ਉਸ ਨੇ ਕਿਹਾ: “ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦਿਓ।” ਸ਼ਾਇਦ ਅਸੀਂ ਆਪਣੇ ਭੈਣਾਂ-ਭਰਾਵਾਂ ਵਿਚ ਨੁਕਸ ਨਾ ਕੱਢਣ ਦੀ ਪੂਰੀ ਕੋਸ਼ਿਸ਼ ਕਰੀਏ, ਪਰ ਨਾਮੁਕੰਮਲ ਹੋਣ ਕਰਕੇ ਹਮੇਸ਼ਾ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ। ਇਸ ਤਰ੍ਹਾਂ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਯਿਸੂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ।

12-13. ਅਸੀਂ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

12 ਯਹੋਵਾਹ ਦੀ ਮਿਸਾਲ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਫ਼ਾਇਦਾ ਹੋ ਸਕਦਾ ਹੈ। ਉਹ ਲੋਕਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦਾ ਹੈ। ਇਹ ਗੱਲ ਅਸੀਂ ਦਾਊਦ ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਯਹੋਵਾਹ ਨੇ ਦਾਊਦ ਦੇ ਚੰਗੇ ਗੁਣਾਂ ਵੱਲ ਧਿਆਨ ਦਿੱਤਾ, ਚਾਹੇ ਦਾਊਦ ਨੇ ਵੱਡੇ-ਵੱਡੇ ਪਾਪ ਕੀਤੇ ਸਨ। ਉਸ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਅਤੇ ਉਸ ਦੇ ਪਤੀ ਨੂੰ ਵੀ ਮਰਵਾ ਦਿੱਤਾ। (2 ਸਮੂ. 11:2-4, 14, 15, 24) ਇਸ ਦੇ ਅੰਜਾਮ ਨਾ ਸਿਰਫ਼ ਦਾਊਦ ਨੂੰ, ਸਗੋਂ ਉਸ ਦੇ ਪੂਰੇ ਘਰਾਣੇ ਨੂੰ ਵੀ ਭੁਗਤਣੇ ਪਏ। (2 ਸਮੂ. 12:10, 11) ਬਾਅਦ ਵਿਚ ਦਾਊਦ ਨੇ ਇਕ ਹੋਰ ਮੌਕੇ ਤੇ ਯਹੋਵਾਹ ’ਤੇ ਭਰੋਸਾ ਨਹੀਂ ਦਿਖਾਇਆ। ਉਸ ਨੇ ਇਜ਼ਰਾਈਲ ਦੇ ਆਦਮੀਆਂ ਦੀ ਗਿਣਤੀ ਕਰਵਾਈ ਜਦਕਿ ਯਹੋਵਾਹ ਨੇ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ ਸੀ। ਦਾਊਦ ਨੇ ਇੱਦਾਂ ਸ਼ਾਇਦ ਇਸ ਲਈ ਕੀਤਾ ਕਿਉਂਕਿ ਉਸ ਨੂੰ ਆਪਣੀ ਵੱਡੀ ਫ਼ੌਜ ’ਤੇ ਘਮੰਡ ਸੀ। ਉਸ ਨੇ ਸੁਰੱਖਿਆ ਲਈ ਯਹੋਵਾਹ ’ਤੇ ਭਰੋਸਾ ਕਰਨ ਦੀ ਬਜਾਇ ਆਪਣੀ ਸੈਨਾ ’ਤੇ ਭਰੋਸਾ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਲਗਭਗ 70 ਹਜ਼ਾਰ ਇਜ਼ਰਾਈਲੀਆਂ ਦੀ ਮਹਾਂਮਾਰੀ ਕਰਕੇ ਮੌਤ ਹੋ ਗਈ।​—2 ਸਮੂ. 24:1-4, 10-15.

13 ਜੇ ਤੁਸੀਂ ਵੀ ਉਸ ਸਮੇਂ ਇਜ਼ਰਾਈਲ ਵਿਚ ਰਹਿੰਦੇ ਹੁੰਦੇ, ਤਾਂ ਤੁਸੀਂ ਦਾਊਦ ਨੂੰ ਕਿਸ ਨਜ਼ਰ ਨਾਲ ਦੇਖਦੇ? ਕੀ ਤੁਸੀਂ ਸੋਚਦੇ ਕਿ ਉਸ ਦੇ ਪਾਪ ਇੰਨੇ ਵੱਡੇ ਹਨ ਕਿ ਉਹ ਯਹੋਵਾਹ ਦੀ ਮਾਫ਼ੀ ਦੇ ਲਾਇਕ ਹੀ ਨਹੀਂ ਹੈ? ਪਰ ਯਹੋਵਾਹ ਨੇ ਇੱਦਾਂ ਨਹੀਂ ਸੋਚਿਆ। ਉਸ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਦਾਊਦ ਆਪਣੀ ਪੂਰੀ ਜ਼ਿੰਦਗੀ ਉਸ ਪ੍ਰਤੀ ਕਿੰਨਾ ਵਫ਼ਾਦਾਰ ਰਿਹਾ ਅਤੇ ਉਸ ਨੇ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕੀਤੀ ਸੀ। ਇਸ ਲਈ ਯਹੋਵਾਹ ਨੇ ਦਾਊਦ ਦੇ ਇੰਨੇ ਵੱਡੇ ਪਾਪ ਮਾਫ਼ ਕਰ ਦਿੱਤੇ। ਯਹੋਵਾਹ ਜਾਣਦਾ ਸੀ ਕਿ ਦਾਊਦ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਸਹੀ ਕੰਮ ਕਰਨੇ ਚਾਹੁੰਦਾ ਸੀ। ਸੱਚ-ਮੁੱਚ ਅਸੀਂ ਯਹੋਵਾਹ ਦੇ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਚੰਗੇ ਗੁਣਾਂ ਵੱਲ ਧਿਆਨ ਦਿੰਦਾ ਹੈ!​—1 ਰਾਜ. 9:4; 1 ਇਤਿ. 29:10, 17.

14. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ?

14 ਦੂਜਿਆਂ ਵਿਚ ਨੁਕਸ ਕੱਢਣੇ ਤੇ ਉਨ੍ਹਾਂ ਬਾਰੇ ਗ਼ਲਤ ਗੱਲਾਂ ਫੈਲਾਉਣੀਆਂ ਬਹੁਤ ਸੌਖੀਆਂ ਹਨ, ਪਰ ਸਾਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। ਯਹੋਵਾਹ ਸਾਡੇ ਤੋਂ ਇਹ ਉਮੀਦ ਨਹੀਂ ਕਰਦਾ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ। ਸਾਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਭੈਣ-ਭਰਾ ਕੋਈ ਗ਼ਲਤੀ ਨਹੀਂ ਕਰਨਗੇ। ਸਾਨੂੰ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਇਕ ਹੀਰਾ ਸ਼ਾਇਦ ਸ਼ੁਰੂ-ਸ਼ੁਰੂ ਵਿਚ ਇੰਨਾ ਸੋਹਣਾ ਨਾ ਲੱਗੇ, ਪਰ ਇਕ ਜੌਹਰੀ ਹੀ ਉਸ ਦੀ ਅਸਲੀ ਪਛਾਣ ਕਰ ਸਕਦਾ ਹੈ। ਉਹ ਜਾਣਦਾ ਹੈ ਕਿ ਜਦੋਂ ਉਸ ਨੂੰ ਕੱਟ ਕੇ ਤਰਾਸ਼ਿਆ ਜਾਵੇਗਾ, ਤਾਂ ਉਹ ਬਹੁਤ ਸੋਹਣਾ ਤੇ ਬੇਸ਼ਕੀਮਤੀ ਬਣ ਜਾਵੇਗਾ। ਸਾਨੂੰ ਵੀ ਆਪਣਾ ਧਿਆਨ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਲਾਉਣ ਦੀ ਬਜਾਇ, ਉਨ੍ਹਾਂ ਦੇ ਚੰਗੇ ਗੁਣਾਂ ’ਤੇ ਲਾਉਣ ਚਾਹੀਦਾ ਹੈ, ਠੀਕ ਜਿਵੇਂ ਯਹੋਵਾਹ ਅਤੇ ਯਿਸੂ ਕਰਦੇ ਹਨ।

15. ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ?

15 ਦੂਜਿਆਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਉਣ ਦੇ ਨਾਲ-ਨਾਲ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ? ਅਸੀਂ ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚ ਸਕਦੇ ਹਾਂ। ਉਦਾਹਰਣ ਲਈ, ਇਕ ਵਾਰ ਯਿਸੂ ਨੇ ਮੰਦਰ ਵਿਚ ਇਕ ਗ਼ਰੀਬ ਵਿਧਵਾ ਨੂੰ ਦਾਨ-ਪੇਟੀ ਵਿਚ ਦੋ ਸਿੱਕੇ ਪਾਉਂਦਿਆਂ ਦੇਖਿਆ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ। ਇਹ ਦੇਖ ਕੇ ਉਸ ਨੇ ਇਹ ਨਹੀਂ ਕਿਹਾ: “ਉਸ ਨੇ ਹੋਰ ਸਿੱਕੇ ਕਿਉਂ ਨਹੀਂ ਪਾਏ?” ਇਸ ਦੀ ਬਜਾਇ, ਯਿਸੂ ਨੇ ਇਸ ਬਾਰੇ ਸੋਚਿਆ ਕਿ ਉਸ ਵਿਧਵਾ ਨੇ ਸਿੱਕੇ ਕਿਉਂ ਪਾਏ ਅਤੇ ਉਸ ਦੇ ਹਾਲਾਤ ਕਿਹੋ ਜਿਹੇ ਸਨ। ਇਸ ਕਰਕੇ ਯਿਸੂ ਉਸ ਗ਼ਰੀਬ ਵਿਧਵਾ ਦੀ ਤਾਰੀਫ਼ ਕਰ ਸਕਿਆ।​—ਲੂਕਾ 21:1-4.

16. ਤੁਸੀਂ ਭੈਣ ਵੈਰੋਨਿਕਾ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ?

16 ਸਾਨੂੰ ਦੂਜਿਆਂ ਦੇ ਹਾਲਾਤਾਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ? ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਭੈਣ ਵੈਰੋਨਿਕਾ ਦੇ ਤਜਰਬੇ ’ਤੇ ਗੌਰ ਕਰੀਏ। ਉਸ ਦੀ ਮੰਡਲੀ ਵਿਚ ਇਕ ਭੈਣ ਇਕੱਲਿਆਂ ਆਪਣੇ ਮੁੰਡੇ ਦੀ ਪਰਵਰਿਸ਼ ਕਰ ਰਹੀ ਸੀ। ਵੈਰੋਨਿਕਾ ਦੱਸਦੀ ਹੈ: “ਮੈਨੂੰ ਲੱਗਦਾ ਸੀ ਕਿ ਉਹ ਸੱਚਾਈ ਵਿਚ ਇੰਨੇ ਮਜ਼ਬੂਤ ਨਹੀਂ ਸਨ ਕਿਉਂਕਿ ਉਹ ਮੀਟਿੰਗਾਂ ਅਤੇ ਪ੍ਰਚਾਰ ਵਿਚ ਬਹੁਤ ਹੀ ਘੱਟ ਆਉਂਦੇ ਸਨ। ਇਸ ਕਰਕੇ ਮੈਂ ਉਨ੍ਹਾਂ ਬਾਰੇ ਗ਼ਲਤ ਸੋਚਣ ਲੱਗ ਪਈ। ਪਰ ਫਿਰ ਇਕ ਦਿਨ ਮੈਂ ਉਸ ਭੈਣ ਨਾਲ ਪ੍ਰਚਾਰ ਤੇ ਗਈ। ਉਸ ਦਿਨ ਉਸ ਭੈਣ ਨੇ ਮੈਨੂੰ ਦੱਸਿਆ ਕਿ ਉਸ ਦੇ ਮੁੰਡੇ ਨੂੰ ਇਕ ਦਿਮਾਗ਼ੀ ਬੀਮਾਰੀ (ਔਟੀਜ਼ਮ) ਹੈ। ਇਨ੍ਹਾਂ ਹਾਲਾਤਾਂ ਵਿਚ ਉਸ ਲਈ ਘਰ ਦੀ ਦੇਖ-ਭਾਲ ਕਰਨੀ ਅਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣਾ ਸੌਖਾ ਨਹੀਂ ਸੀ। ਪਰ ਫਿਰ ਵੀ ਉਹ ਇਹ ਸਾਰਾ ਕੁਝ ਕਰ ਰਹੀ ਸੀ। ਕਈ ਵਾਰ ਉਸ ਦੇ ਮੁੰਡੇ ਦੀ ਖ਼ਰਾਬ ਸਿਹਤ ਕਰਕੇ ਉਸ ਨੂੰ ਕਿਸੇ ਹੋਰ ਮੰਡਲੀ ਦੀਆਂ ਮੀਟਿੰਗਾਂ ਵਿਚ ਜਾਣਾ ਪੈਂਦਾ ਸੀ।” ਵੈਰੋਨਿਕਾ ਅੱਗੇ ਦੱਸਦੀ ਹੈ: “ਮੈਨੂੰ ਨਹੀਂ ਪਤਾ ਸੀ ਕਿ ਉਸ ਭੈਣ ਦੀ ਜ਼ਿੰਦਗੀ ਇੰਨੀ ਮੁਸ਼ਕਲ ਭਰੀ ਸੀ। ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਉਹ ਭੈਣ ਜੋ ਵੀ ਕਰਦੀ ਹੈ, ਉਸ ਲਈ ਮੈਂ ਹੁਣ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਸ ਦੀ ਇੱਜ਼ਤ ਕਰਦੀ ਹਾਂ।”

17. ਯਾਕੂਬ 2:8 ਮੁਤਾਬਕ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

17 ਸਾਨੂੰ ਕੀ ਕਰਨਾ ਚਾਹੀਦਾ ਹੈ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਭੈਣ ਜਾਂ ਭਰਾ ਵਿਚ ਨੁਕਸ ਕੱਢਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। (ਯਾਕੂਬ 2:8 ਪੜ੍ਹੋ।) ਨਾਲੇ ਸਾਨੂੰ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਸ ਦੇ ਤਰਲੇ ਕਰਨੇ ਚਾਹੀਦੇ ਹਨ ਤਾਂਕਿ ਅਸੀਂ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ। ਫਿਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਵੀ ਕਰਨੇ ਚਾਹੀਦੇ ਹਨ। ਸਾਨੂੰ ਪਹਿਲ ਕਰ ਕੇ ਉਸ ਭੈਣ ਜਾਂ ਭਰਾ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਅਸੀਂ ਉਸ ਨਾਲ ਪ੍ਰਚਾਰ ਤੇ ਜਾ ਸਕਦੇ ਹਾਂ ਜਾਂ ਉਸ ਨੂੰ ਖਾਣੇ ਤੇ ਬੁਲਾ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਾਂਗੇ ਅਤੇ ਯਹੋਵਾਹ ਤੇ ਯਿਸੂ ਵਾਂਗ ਉਸ ਵਿਚ ਚੰਗੇ ਗੁਣ ਦੇਖ ਸਕਾਂਗੇ। ਇੱਦਾਂ ਕਰ ਕੇ ਅਸੀਂ ਆਪਣੇ ਚੰਗੇ ਚਰਵਾਹੇ ਦੀ ਆਵਾਜ਼ ਸੁਣ ਕੇ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦਿਆਂਗੇ।

18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਚੰਗੇ ਚਰਵਾਹੇ ਦੀ ਆਵਾਜ਼ ਸੁਣ ਰਹੇ ਹਾਂ?

18 ਜਿਸ ਤਰ੍ਹਾਂ ਭੇਡਾਂ ਆਪਣੇ ਚਰਵਾਹੇ ਦੀ ਗੱਲ ਸੁਣਦੀਆਂ ਹਨ, ਉਸੇ ਤਰ੍ਹਾਂ ਯਿਸੂ ਦੇ ਚੇਲੇ ਵੀ ਉਸ ਦੀ ਆਵਾਜ਼ ਸੁਣਦੇ ਹਨ। ਜੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਨਾ ਕਰੀਏ ਅਤੇ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਈਏ, ਤਾਂ ਯਹੋਵਾਹ ਤੇ ਯਿਸੂ ਸਾਡੀ ਮਿਹਨਤ ’ਤੇ ਬਰਕਤ ਪਾਉਣਗੇ। ਚਾਹੇ ਅਸੀਂ “ਛੋਟੇ ਝੁੰਡ” ਵਿੱਚੋਂ ਹੋਈਏ ਜਾਂ ਫਿਰ “ਹੋਰ ਭੇਡਾਂ” ਵਿੱਚੋਂ, ਆਓ ਆਪਾਂ ਆਪਣੇ ਚੰਗੇ ਚਰਵਾਹੇ ਦੀ ਆਵਾਜ਼ ਸੁਣਦੇ ਰਹੀਏ। (ਲੂਕਾ 12:32; ਯੂਹੰ. 10:11, 14, 16) ਅਗਲੇ ਲੇਖ ਵਿਚ ਅਸੀਂ ਯਿਸੂ ਦੀਆਂ ਦੋ ਹੋਰ ਸਿੱਖਿਆਵਾਂ ’ਤੇ ਗੌਰ ਕਰਾਂਗੇ।

ਗੀਤ 101 ਏਕਤਾ ਬਣਾਈ ਰੱਖੋ

^ ਪੈਰਾ 5 ਜਦੋਂ ਯਿਸੂ ਨੇ ਕਿਹਾ ਕਿ ਉਸ ਦੀਆਂ ਭੇਡਾਂ ਉਸ ਦੀ ਆਵਾਜ਼ ਸੁਣਨਗੀਆਂ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਸ ਦੇ ਚੇਲੇ ਉਸ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਣਗੇ ਅਤੇ ਉਨ੍ਹਾਂ ਮੁਤਾਬਕ ਚੱਲਣਗੇ। ਇਸ ਲੇਖ ਵਿਚ ਅਸੀਂ ਦੋ ਸਿੱਖਿਆਵਾਂ ’ਤੇ ਗੌਰ ਕਰਾਂਗੇ: (1) ਸਾਨੂੰ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ ਅਤੇ (2) ਸਾਨੂੰ ਦੂਜਿਆਂ ਵਿਚ ਨੁਕਸ ਕੱਢਣੇ ਛੱਡ ਦੇਣੇ ਚਾਹੀਦੇ ਹਨ। ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਯਿਸੂ ਦੀਆਂ ਇਨ੍ਹਾਂ ਸਿੱਖਿਆਵਾਂ ’ਤੇ ਕਿਵੇਂ ਚੱਲ ਸਕਦੇ ਹਾਂ।

^ ਪੈਰਾ 51 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦਾ ਕੰਮ ਛੁੱਟ ਗਿਆ ਹੈ, ਘਰ ਦਾ ਗੁਜ਼ਾਰਾ ਤੋਰਨ ਲਈ ਉਸ ਕੋਲ ਬਹੁਤੇ ਪੈਸੇ ਨਹੀਂ ਹਨ ਅਤੇ ਉਸ ਨੂੰ ਆਪਣਾ ਘਰ ਵੀ ਬਦਲਣਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਉਸ ਦਾ ਧਿਆਨ ਸੌਖਿਆਂ ਹੀ ਯਹੋਵਾਹ ਦੀ ਸੇਵਾ ਤੋਂ ਭਟਕ ਸਕਦਾ ਹੈ ਅਤੇ ਉਹ ਚਿੰਤਾਵਾਂ ਦੇ ਸਮੁੰਦਰ ਵਿਚ ਡੁੱਬ ਸਕਦਾ ਹੈ।

^ ਪੈਰਾ 53 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਮੀਟਿੰਗ ਵਿਚ ਲੇਟ ਆਉਂਦਾ ਹੈ, ਪਰ ਉਸ ਵਿਚ ਬਹੁਤ ਸਾਰੇ ਚੰਗੇ ਗੁਣ ਹਨ, ਜਿਵੇਂ: ਉਹ ਮੌਕਾ ਮਿਲਣ ਤੇ ਚੰਗੀ ਤਰ੍ਹਾਂ ਗਵਾਹੀ ਦਿੰਦਾ ਹੈ, ਸਿਆਣੇ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ ਅਤੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਵਿਚ ਹੱਥ ਵਟਾਉਂਦਾ ਹੈ।