Skip to content

Skip to table of contents

ਅਧਿਐਨ ਲੇਖ 51

ਹਮੇਸ਼ਾ ਯਿਸੂ ਦੀ “ਗੱਲ ਸੁਣੋ”

ਹਮੇਸ਼ਾ ਯਿਸੂ ਦੀ “ਗੱਲ ਸੁਣੋ”

“ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ। ਇਸ ਦੀ ਗੱਲ ਸੁਣੋ।”​—ਮੱਤੀ 17:5.

ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!

ਖ਼ਾਸ ਗੱਲਾਂ *

1-2. (ੳ) ਯਿਸੂ ਦੇ ਤਿੰਨ ਰਸੂਲਾਂ ਨੂੰ ਕਿਹੜਾ ਹੁਕਮ ਦਿੱਤਾ ਗਿਆ ਅਤੇ ਉਨ੍ਹਾਂ ਨੇ ਕੀ ਕੀਤਾ? (ਅ) ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?

32 ਈਸਵੀ ਦੇ ਪਸਾਹ ਤੋਂ ਬਾਅਦ ਪਤਰਸ, ਯਾਕੂਬ ਅਤੇ ਯੂਹੰਨਾ ਨੇ ਇਕ ਸ਼ਾਨਦਾਰ ਦਰਸ਼ਣ ਦੇਖਿਆ। ਉਹ ਯਿਸੂ ਨਾਲ ਇਕ ਉੱਚੇ ਪਹਾੜ ’ਤੇ ਸਨ। ਇਸ ਦਰਸ਼ਨ ਵਿਚ ਯਿਸੂ ਦਾ ਰੂਪ ਬਦਲ ਗਿਆ। “ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਬਿਜਲੀ ਵਾਂਗ ਲਿਸ਼ਕਣ ਲੱਗ ਪਏ।” (ਮੱਤੀ 17:1-4) ਦਰਸ਼ਨ ਦੇ ਅਖ਼ੀਰ ਵਿਚ ਇਨ੍ਹਾਂ ਤਿੰਨਾਂ ਰਸੂਲਾਂ ਨੇ ਪਰਮੇਸ਼ੁਰ ਨੂੰ ਇਹ ਕਹਿੰਦੇ ਸੁਣਿਆਂ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ। ਇਸ ਦੀ ਗੱਲ ਸੁਣੋ।” (ਮੱਤੀ 17:5) ਬਾਅਦ ਵਿਚ ਇਨ੍ਹਾਂ ਤਿੰਨਾਂ ਰਸੂਲਾਂ ਨੇ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਦਿਖਾਇਆ ਕਿ ਉਨ੍ਹਾਂ ਨੇ ਯਿਸੂ ਦੀ ਗੱਲ ਸੁਣੀ ਸੀ। ਸਾਨੂੰ ਵੀ ਇਨ੍ਹਾਂ ਰਸੂਲਾਂ ਵਾਂਗ ਯਿਸੂ ਦੀ ਗੱਲ ਸੁਣਨੀ ਚਾਹੀਦੀ ਹੈ।

2 ਪਿਛਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਯਿਸੂ ਦੀ ਆਵਾਜ਼ ਸੁਣਨ ਦਾ ਮਤਲਬ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਿਸੂ ਦੇ ਕਹੇ ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਹੈ।

“ਭੀੜੇ ਦਰਵਾਜ਼ੇ ਰਾਹੀਂ ਵੜੋ”

3. ਮੱਤੀ 7:13, 14 ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਹੈ?

3 ਮੱਤੀ 7:13, 14 ਪੜ੍ਹੋ। ਯਿਸੂ ਨੇ ਦੱਸਿਆ ਕਿ ਦੋ ਦਰਵਾਜ਼ੇ ਹਨ ਜੋ ਦੋ ਰਾਹਾਂ ਵੱਲ ਖੁੱਲ੍ਹਦੇ ਹਨ। ਇਕ ਰਾਹ “ਖੁੱਲ੍ਹਾ” ਹੈ ਅਤੇ ਦੂਜਾ “ਤੰਗ।” ਗੌਰ ਕਰੋ ਕਿ ਯਿਸੂ ਨੇ ਕਿਹਾ ਕਿ ਸਿਰਫ਼ ਦੋ ਹੀ ਰਾਹ ਹਨ। ਅਸੀਂ ਇਨ੍ਹਾਂ ਵਿੱਚੋਂ ਹੀ ਇਕ ਰਾਹ ਚੁਣਨਾ ਹੈ, ਤੀਜਾ ਕੋਈ ਰਾਹ ਨਹੀਂ ਹੈ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਫ਼ੈਸਲਾ ਹੈ ਕਿਉਂਕਿ ਸਿਰਫ਼ ਇੱਕੋ ਰਾਹ ਹੀ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ।

4. ਤੁਸੀਂ “ਖੁੱਲ੍ਹੇ” ਰਾਹ ਬਾਰੇ ਕੀ ਦੱਸ ਸਕਦੇ ਹੋ?

4 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਦੋਵੇਂ ਰਾਹ ਬਿਲਕੁਲ ਵੱਖਰੇ ਹਨ। ਬਹੁਤ ਸਾਰੇ ਲੋਕ “ਖੁੱਲ੍ਹੇ” ਰਾਹ ’ਤੇ ਜਾਣਾ ਪਸੰਦ ਕਰਦੇ ਹਨ ਕਿਉਂਕਿ ਇਸ ਰਾਹ ’ਤੇ ਚੱਲਣਾ ਸੌਖਾ ਹੈ। ਕਈ ਲੋਕ ਭੀੜ ਮਗਰ ਲੱਗ ਕੇ ਇਸ ਰਾਹ ’ਤੇ ਚੱਲਦੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਸ਼ੈਤਾਨ ਹੀ ਉਨ੍ਹਾਂ ਨੂੰ ਇਸ ਰਾਹ ’ਤੇ ਲਿਜਾ ਰਿਹਾ ਹੈ ਅਤੇ ਇਹ ਰਾਹ ਨਾਸ਼ ਵੱਲ ਜਾਂਦਾ ਹੈ।​—1 ਕੁਰਿੰ. 6:9, 10; 1 ਯੂਹੰ. 5:19.

5. ਕੁਝ ਲੋਕਾਂ ਨੇ “ਤੰਗ” ਰਾਹ ਕਿਵੇਂ ਲੱਭਿਆ?

5 “ਖੁੱਲ੍ਹੇ” ਰਾਹ ਤੋਂ ਉਲਟ, ਦੂਜਾ ਰਾਹ “ਤੰਗ” ਹੈ। ਯਿਸੂ ਨੇ ਕਿਹਾ ਕਿ ਥੋੜ੍ਹੇ ਹੀ ਲੋਕ ਇਸ ਰਾਹ ਨੂੰ ਲੱਭਦੇ ਹਨ। ਕਿਉਂ? ਅਗਲੀ ਆਇਤ ਵਿਚ ਯਿਸੂ ਨੇ ਕਿਹਾ ਕਿ ਝੂਠੇ ਨਬੀ ਆਉਣਗੇ ਅਤੇ ਲੋਕਾਂ ਨੂੰ ਗੁਮਰਾਹ ਕਰਨਗੇ। (ਮੱਤੀ 7:15) ਅੱਜ ਯਿਸੂ ਦੀ ਇਹ ਗੱਲ ਸੱਚ ਹੋ ਰਹੀ ਹੈ। ਅੱਜ ਦੁਨੀਆਂ ਵਿਚ ਬਹੁਤ ਸਾਰੇ ਧਰਮ ਹਨ ਜੋ ਸੱਚਾਈ ਸਿਖਾਉਣ ਦਾ ਦਾਅਵਾ ਕਰਦੇ ਹਨ। ਬਹੁਤ ਸਾਰੇ ਧਰਮਾਂ ਕਰਕੇ ਲੱਖਾਂ ਹੀ ਲੋਕ ਪਰੇਸ਼ਾਨ ਅਤੇ ਉਲਝਣ ਵਿਚ ਪਏ ਹੋਏ ਹਨ ਜਿਸ ਕਰਕੇ ਉਹ ਜ਼ਿੰਦਗੀ ਵੱਲ ਜਾਂਦੇ ਰਾਹ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਰਾਹ ਲੱਭਣਾ ਔਖਾ ਹੈ, ਪਰ ਇੱਦਾਂ ਨਹੀਂ ਹੈ। ਯਿਸੂ ਨੇ ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:31, 32) ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਭੀੜ ਪਿੱਛੇ ਨਹੀਂ ਲੱਗੇ, ਸਗੋਂ ਤੁਸੀਂ ਸੱਚਾਈ ਦੀ ਭਾਲ ਕੀਤੀ। ਤੁਸੀਂ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰ ਕੇ ਜਾਣਿਆ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ ਅਤੇ ਯਿਸੂ ਦੀਆਂ ਸਿੱਖਿਆਵਾਂ ਕੀ ਹਨ। ਤੁਸੀਂ ਇਹ ਵੀ ਸਿੱਖਿਆ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਨੂੰ ਠੁਕਰਾਓ। ਨਾਲੇ ਇਨ੍ਹਾਂ ਧਰਮਾਂ ਨਾਲ ਜੁੜੇ ਤਿਉਹਾਰਾਂ ਨੂੰ ਮਨਾਉਣਾ ਤੇ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣਾ ਛੱਡ ਦਿਓ। (ਮੱਤੀ 10:34-36) ਇੱਦਾਂ ਕਰਨਾ ਸ਼ਾਇਦ ਤੁਹਾਡੇ ਲਈ ਸੌਖਾ ਨਹੀਂ ਸੀ, ਪਰ ਫਿਰ ਵੀ ਤੁਸੀਂ ਇੱਦਾਂ ਕੀਤਾ। ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪਿਆਰ ਅਤੇ ਖ਼ੁਸ਼ ਕਰਨ ਕਰਕੇ ਤੁਸੀਂ ਇਹ ਸਭ ਕੁਝ ਕੀਤਾ। ਤੁਹਾਡੀ ਮਿਹਨਤ ਦੇਖ ਕੇ ਉਹ ਕਿੰਨਾ ਹੀ ਖ਼ੁਸ਼ ਹੋਇਆ ਹੋਣਾ!​—ਕਹਾ. 27:11.

ਤੰਗ ਰਾਹ ’ਤੇ ਕਿਵੇਂ ਚੱਲਦੇ ਰਹੀਏ?

ਪਰਮੇਸ਼ੁਰ ਦੇ ਅਸੂਲ ਮੰਨਣ ਨਾਲ ਅਸੀਂ “ਤੰਗ” ਰਾਹ ’ਤੇ ਚੱਲਦੇ ਰਹਿ ਸਕਾਂਗੇ (ਪੈਰੇ 6-8 ਦੇਖੋ) *

6. ਜ਼ਬੂਰ 119:9, 10, 45, 133 ਮੁਤਾਬਕ ਤੰਗ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਜੇ ਅਸੀਂ ਤੰਗ ਰਾਹ ’ਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਅਸੂਲਾਂ ਨੂੰ ਮੰਨਣਾ ਚਾਹੀਦਾ ਹੈ। ਇਹ ਕਿਉਂ ਜ਼ਰੂਰੀ ਹੈ? ਇਸ ਬਾਰੇ ਜਾਣਨ ਲਈ ਇਕ ਉਦਾਹਰਣ ’ਤੇ ਗੌਰ ਕਰੋ। ਕਈ ਪਹਾੜੀ ਰਸਤਿਆਂ ਦੇ ਇਕ ਪਾਸੇ ਰੇਲਿੰਗ ਯਾਨੀ ਸੁਰੱਖਿਆ ਲਈ ਵਾੜ ਲਾਈ ਹੁੰਦੀ ਹੈ। ਇਹ ਰੇਲਿੰਗ ਇਸ ਲਈ ਹੁੰਦੀ ਹੈ ਤਾਂਕਿ ਗੱਡੀ ਕਿਨਾਰੇ ਤੋਂ ਦੂਰ ਰਹੇ ਅਤੇ ਖੱਡ ਵਿਚ ਨਾ ਡਿੱਗੇ। ਕੋਈ ਵੀ ਇਹ ਸ਼ਿਕਾਇਤ ਨਹੀਂ ਕਰੇਗਾ ਕਿ ਇਹ ਰੇਲਿੰਗ ਕਿਉਂ ਲਾਈ ਗਈ ਹੈ ਕਿਉਂਕਿ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੈ। ਬਾਈਬਲ ਵਿਚ ਦਿੱਤੇ ਯਹੋਵਾਹ ਦੇ ਅਸੂਲ ਵੀ ਇਸ ਰੇਲਿੰਗ ਵਾਂਗ ਹਨ ਜੋ ਸਾਡੀ ਹਿਫ਼ਾਜ਼ਤ ਕਰਦੇ ਹਨ ਅਤੇ ਤੰਗ ਰਾਹ ’ਤੇ ਚੱਲਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ।​—ਜ਼ਬੂਰ 119:9, 10, 45, 133 ਪੜ੍ਹੋ।

7. ਨੌਜਵਾਨੋ, ਤੁਹਾਨੂੰ ਤੰਗ ਰਾਹ ਬਾਰੇ ਕੀ ਨਹੀਂ ਸੋਚਣਾ ਚਾਹੀਦਾ ਅਤੇ ਕਿਉਂ?

7 ਨੌਜਵਾਨੋ, ਕੀ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੇ ਅਸੂਲ ਬਹੁਤ ਸਖ਼ਤ ਹਨ ਅਤੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣੀ ਜ਼ਿੰਦਗੀ ਵਿਚ ਸਭ ਕੁਝ ਨਹੀਂ ਕਰ ਸਕਦੇ? ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਇੱਦਾਂ ਹੀ ਸੋਚੋ। ਉਹ ਤੁਹਾਡਾ ਧਿਆਨ ਉਨ੍ਹਾਂ ਲੋਕਾਂ ਵੱਲ ਖਿੱਚਣਾ ਚਾਹੁੰਦਾ ਹੈ ਜੋ ਖੁੱਲ੍ਹੇ ਰਾਹ ’ਤੇ ਚੱਲਦੇ ਹਨ। ਉਹ ਤੁਹਾਡੇ ਦੋਸਤਾਂ ਅਤੇ ਇੰਟਰਨੈੱਟ ’ਤੇ ਦਿਖਾਏ ਜਾਂਦੇ ਲੋਕਾਂ ਦੁਆਰਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਉਹ ਬਹੁਤ ਮਜ਼ੇ ਕਰਦੇ ਹਨ ਅਤੇ ਖ਼ੁਸ਼ ਹਨ। ਸ਼ੈਤਾਨ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਯਹੋਵਾਹ ਦੇ ਅਸੂਲਾਂ ’ਤੇ ਚੱਲਣ ਕਰਕੇ ਤੁਸੀਂ ਜ਼ਿੰਦਗੀ ਦਾ ਪੂਰਾ ਮਜ਼ਾ ਨਹੀਂ ਲੈ ਰਹੇ। * ਪਰ ਯਾਦ ਰੱਖੋ ਕਿ ਸ਼ੈਤਾਨ ਨੇ ਖੁੱਲ੍ਹੇ ਰਾਹ ’ਤੇ ਚੱਲਣ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿ ਜਿਸ ਰਾਹ ’ਤੇ ਉਹ ਚੱਲਦੇ ਹਨ, ਉਹ ਨਾਸ਼ ਵੱਲ ਜਾਂਦਾ ਹੈ। ਸ਼ੈਤਾਨ ਤੋਂ ਉਲਟ, ਯਹੋਵਾਹ ਨੇ ਸਾਡੇ ਤੋਂ ਕੁਝ ਨਹੀਂ ਲੁਕਾਇਆ। ਉਹ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਤੰਗ ਰਾਹ ’ਤੇ ਚੱਲਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।​—ਜ਼ਬੂ. 37:29; ਯਸਾ. 35:5, 6; 65:21-23.

8. ਭਰਾ ਓਲਾਫ ਦੇ ਤਜਰਬੇ ਤੋਂ ਨੌਜਵਾਨ ਕੀ ਸਿੱਖ ਸਕਦੇ ਹਨ?

8 ਗੌਰ ਕਰੋ ਕਿ ਤੁਸੀਂ ਨੌਜਵਾਨ ਭਰਾ ਓਲਾਫ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ। * ਸਕੂਲ ਵਿਚ ਉਸ ਨਾਲ ਪੜ੍ਹਨ ਵਾਲਿਆਂ ਨੇ ਉਸ ’ਤੇ ਦਬਾਅ ਪਾਇਆ ਕਿ ਉਹ ਸਰੀਰਕ ਸੰਬੰਧ ਬਣਾਵੇ। ਜਦੋਂ ਉਸ ਨੇ ਦੱਸਿਆ ਕਿ ਉਹ ਯਹੋਵਾਹ ਦਾ ਗਵਾਹ ਹੈ ਅਤੇ ਬਾਈਬਲ ਦੇ ਉੱਚੇ ਅਸੂਲਾਂ ਨੂੰ ਮੰਨਦਾ ਹੈ, ਤਾਂ ਕੁਝ ਕੁੜੀਆਂ ਪਿੱਛੇ ਹਟਣ ਦੀ ਬਜਾਇ ਉਸ ’ਤੇ ਹੋਰ ਵੀ ਜ਼ਿਆਦਾ ਜ਼ੋਰ ਪਾਉਣ ਲੱਗ ਪਈਆਂ। ਪਰ ਓਲਾਫ ਆਪਣੇ ਫ਼ੈਸਲੇ ’ਤੇ ਡਟਿਆ ਰਿਹਾ। ਭਰਾ ਓਲਾਫ ਨੂੰ ਇਕ ਹੋਰ ਦਬਾਅ ਦਾ ਸਾਮ੍ਹਣਾ ਕਰਨਾ ਪਿਆ। ਉਹ ਕਹਿੰਦਾ ਹੈ: “ਮੇਰੇ ਅਧਿਆਪਕ ਮੈਨੂੰ ਕਹਿੰਦੇ ਸੀ ਕਿ ਮੈਨੂੰ ਹੋਰ ਅੱਗੇ ਪੜ੍ਹਨਾ ਚਾਹੀਦਾ ਹੈ, ਤਾਂ ਹੀ ਮੈਨੂੰ ਵਧੀਆ ਨੌਕਰੀ ਮਿਲੇਗੀ ਅਤੇ ਮੈ ਜ਼ਿੰਦਗੀ ਵਿਚ ਕਾਮਯਾਬ ਹੋਵਾਂਗਾ।” ਭਰਾ ਓਲਾਫ ਉਨ੍ਹਾਂ ਦੇ ਦਬਾਅ ਹੇਠ ਆਉਣ ਤੋਂ ਕਿਵੇਂ ਬਚ ਸਕਿਆ? ਉਹ ਕਹਿੰਦਾ ਹੈ: “ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਗੂੜ੍ਹੀ ਦੋਸਤੀ ਕੀਤੀ ਅਤੇ ਉਹ ਮੇਰੇ ਪਰਿਵਾਰ ਵਾਂਗ ਬਣ ਗਏ। ਮੈਂ ਬਾਈਬਲ ਦਾ ਡੂੰਘਾ ਅਧਿਐਨ ਕਰਨਾ ਸ਼ੁਰੂ ਕੀਤਾ। ਮੈਂ ਜਿੰਨਾ ਜ਼ਿਆਦਾ ਬਾਈਬਲ ਦਾ ਅਧਿਐਨ ਕੀਤਾ, ਉੱਨਾ ਜ਼ਿਆਦਾ ਮੈਨੂੰ ਯਕੀਨ ਹੋ ਗਿਆ ਕਿ ਇਹੀ ਸੱਚਾਈ ਹੈ ਤੇ ਮੈਂ ਠਾਣ ਲਿਆ ਕਿ ਮੈਂ ਹਰ ਹਾਲ ਵਿਚ ਯਹੋਵਾਹ ਦੀ ਗੱਲ ਮੰਨਾਂਗਾ।”

9. ਤੰਗ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

9 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਤੰਗ ਰਾਹ ਛੱਡ ਕੇ ਖੁੱਲ੍ਹੇ ਰਾਹ ’ਤੇ ਚੱਲੀਏ ਜਿਸ ’ਤੇ ਬਹੁਤ ਸਾਰੇ ਲੋਕ ਚੱਲਦੇ ਹਨ ਅਤੇ “ਜਿਹੜਾ ਨਾਸ਼ ਵੱਲ ਜਾਂਦਾ ਹੈ।” (ਮੱਤੀ 7:13) ਪਰ ਜੇ ਅਸੀਂ ਯਿਸੂ ਦੀ ਗੱਲ ਸੁਣਦੇ ਰਹਾਂਗੇ ਅਤੇ ਇਹ ਗੱਲ ਸਮਝਾਂਗੇ ਕਿ ਤੰਗ ਰਾਹ ’ਤੇ ਚੱਲ ਕੇ ਸਾਡੀ ਰਾਖੀ ਹੁੰਦੀ ਹੈ, ਤਾਂ ਅਸੀਂ ਤੰਗ ਰਾਹ ਤੇ ਚੱਲਦੇ ਰਹਿ ਸਕਦੇ ਹਾਂ। ਆਓ ਹੁਣ ਆਪਾਂ ਦੇਖੀਏ ਕਿ ਯਿਸੂ ਨੇ ਸਾਨੂੰ ਹੋਰ ਕੀ ਕਰਨ ਲਈ ਕਿਹਾ ਹੈ।

ਆਪਣੇ ਭਰਾ ਨਾਲ ਸੁਲ੍ਹਾ ਕਰ

10. ਮੱਤੀ 5:23, 24 ਮੁਤਾਬਕ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਮੱਤੀ 5:23, 24 ਪੜ੍ਹੋ। ਇਨ੍ਹਾਂ ਆਇਤਾਂ ਵਿਚ ਯਿਸੂ ਨੇ ਇਕ ਅਜਿਹੀ ਰੀਤ ਬਾਰੇ ਦੱਸਿਆ ਜੋ ਯਹੂਦੀਆਂ ਲਈ ਮੰਨਣੀ ਬਹੁਤ ਜ਼ਰੂਰੀ ਸੀ, ਉਹ ਸੀ ਯਹੋਵਾਹ ਨੂੰ ਜਾਨਵਰਾਂ ਦੀ ਬਲ਼ੀ ਚੜ੍ਹਾਉਣੀ। ਜ਼ਰਾ ਸੋਚੋ, ਇਕ ਯਹੂਦੀ ਮੰਦਰ ਵਿਚ ਆਪਣੇ ਜਾਨਵਰ ਦੀ ਬਲ਼ੀ ਚੜ੍ਹਾਉਣ ਲਈ ਜਾਜਕ ਨੂੰ ਦੇਣ ਹੀ ਵਾਲਾ ਹੈ ਅਤੇ ਅਚਾਨਕ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦਾ ਭਰਾ ਉਸ ਨਾਲ ਨਾਰਾਜ਼ ਹੈ। ਹੁਣ ਉਸ ਨੂੰ ਆਪਣਾ ਜਾਨਵਰ ਉੱਥੇ ਹੀ ਛੱਡਣਾ ਪਵੇਗਾ। ਕਿਉਂ? ਕੀ ਯਹੋਵਾਹ ਨੂੰ ਬਲੀਦਾਨ ਚੜ੍ਹਾਉਣਾ ਜ਼ਰੂਰੀ ਨਹੀਂ ਹੈ? ਜ਼ਰੂਰੀ ਹੈ, ਪਰ ਜਿੱਦਾਂ ਯਿਸੂ ਨੇ ਕਿਹਾ: ‘ਉਹ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰੇ।’

ਕੀ ਤੁਸੀਂ ਯਾਕੂਬ ਦੀ ਤਰ੍ਹਾਂ ਨਿਮਰ ਬਣੋਗੇ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸੁਲ੍ਹਾ ਕਰੋਗੇ? (ਪੈਰੇ 11-12 ਦੇਖੋ) *

11. ਯਾਕੂਬ ਨੇ ਏਸਾਓ ਨਾਲ ਸੁਲ੍ਹਾ ਕਰਨ ਲਈ ਕੀ ਕੀਤਾ?

11 ਆਪਣੇ ਭਰਾ ਨਾਲ ਸੁਲ੍ਹਾ ਕਰਨ ਬਾਰੇ ਅਸੀਂ ਯਾਕੂਬ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ। ਉਸ ਨੂੰ ਆਪਣਾ ਦੇਸ਼ ਛੱਡੇ ਹੋਏ ਲਗਭਗ 20 ਸਾਲ ਹੋ ਗਏ ਸਨ। ਪਰਮੇਸ਼ੁਰ ਨੇ ਇਕ ਦੂਤ ਦੇ ਜ਼ਰੀਏ ਯਾਕੂਬ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਦੇਸ਼ ਵਾਪਸ ਚਲਾ ਜਾਵੇ। (ਉਤ. 31:11, 13, 38) ਪਰ ਉਹ ਕਿਵੇਂ ਜਾਂਦਾ? ਉਸ ਦਾ ਵੱਡਾ ਭਰਾ ਏਸਾਓ ਤਾਂ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। (ਉਤ. 27:41) ਇਹ ਸੋਚ ਕੇ “ਯਾਕੂਬ ਬਹੁਤ ਘਬਰਾ ਗਿਆ ਅਤੇ ਚਿੰਤਾ ਵਿਚ ਪੈ ਗਿਆ।” (ਉਤ. 32:7) ਪਰ ਫਿਰ ਉਸ ਨੇ ਆਪਣੇ ਭਰਾ ਨਾਲ ਸੁਲ੍ਹਾ ਕਰਨ ਦਾ ਫ਼ੈਸਲਾ ਕੀਤਾ। ਸਭ ਤੋਂ ਪਹਿਲਾਂ ਉਸ ਨੇ ਯਹੋਵਾਹ ਅੱਗੇ ਗਿੜਗਿੜਾ ਕੇ ਪ੍ਰਾਰਥਨਾ ਕੀਤੀ ਤੇ ਮਦਦ ਮੰਗੀ, ਫਿਰ ਉਸ ਨੇ ਏਸਾਓ ਨੂੰ ਬਹੁਤ ਸਾਰੇ ਤੋਹਫ਼ੇ ਭੇਜੇ। (ਉਤ. 32:9-15) ਅਖ਼ੀਰ ਵਿਚ ਜਦੋਂ ਉਹ ਆਪਣੇ ਭਰਾ ਨੂੰ ਆਮ੍ਹੋ-ਸਾਮ੍ਹਣੇ ਮਿਲਿਆ, ਤਾਂ ਉਸ ਨੇ ਆਦਰ ਦਿਖਾਉਣ ਵਿਚ ਪਹਿਲ ਕੀਤੀ। ਯਾਕੂਬ ਨੇ ਏਸਾਓ ਅੱਗੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾਇਆ। ਉਸ ਨੇ ਇੱਦਾਂ ਇਕ ਜਾਂ ਦੋ ਵਾਰ ਨਹੀਂ, ਬਲਕਿ ਸੱਤ ਵਾਰ ਕੀਤਾ! ਯਾਕੂਬ ਨਿਮਰ ਸੀ ਅਤੇ ਉਸ ਨੇ ਆਪਣੇ ਭਰਾ ਦਾ ਆਦਰ ਕੀਤਾ ਜਿਸ ਕਰਕੇ ਉਹ ਆਪਣੇ ਭਰਾ ਨਾਲ ਸੁਲ੍ਹਾ ਕਰ ਸਕਿਆ।​—ਉਤ. 33:3, 4.

12. ਆਪਣੇ ਭਰਾ ਨਾਲ ਸੁਲ੍ਹਾ ਕਰਨ ਲਈ ਯਾਕੂਬ ਨੇ ਕਿਹੜੇ ਦੋ ਕਦਮ ਚੁੱਕੇ?

12 ਕੀ ਤੁਸੀਂ ਧਿਆਨ ਦਿੱਤਾ, ਆਪਣੇ ਭਰਾ ਨਾਲ ਸੁਲ੍ਹਾ ਕਰਨ ਲਈ ਯਾਕੂਬ ਨੇ ਕੀ ਕੁਝ ਕੀਤਾ? ਪਹਿਲਾ, ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਮਦਦ ਮੰਗੀ। ਫਿਰ ਉਸ ਨੇ ਪ੍ਰਾਰਥਨਾ ਮੁਤਾਬਕ ਕੁਝ ਕਦਮ ਚੁੱਕੇ ਤਾਂਕਿ ਉਸ ਦੇ ਭਰਾ ਦਾ ਗੁੱਸਾ ਠੰਢਾ ਹੋ ਜਾਵੇ। ਦੂਜਾ, ਯਾਕੂਬ ਨੇ ਠਾਣ ਲਿਆ ਕਿ ਉਹ ਹਰ ਹਾਲ ਵਿਚ ਆਪਣੇ ਭਰਾ ਨਾਲ ਸੁਲ੍ਹਾ ਕਰੇਗਾ। ਇਸ ਲਈ ਜਦੋਂ ਉਹ ਏਸਾਓ ਨੂੰ ਮਿਲਿਆ, ਤਾਂ ਉਸ ਨੇ ਇਸ ਗੱਲ ’ਤੇ ਬਹਿਸ ਨਹੀਂ ਕੀਤੀ ਕਿ ਕੌਣ ਸਹੀ ਸੀ ਤੇ ਕੌਣ ਗ਼ਲਤ।

ਆਪਣੇ ਭਰਾ ਨਾਲ ਸੁਲ੍ਹਾ ਕਿਵੇਂ ਕਰੀਏ?

13-14. ਜੇ ਅਸੀਂ ਕਿਸੇ ਭੈਣ ਜਾਂ ਭਰਾ ਦਾ ਦਿਲ ਦੁਖਾਇਆ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

13 ਜ਼ਿੰਦਗੀ ਦੇ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਸਾਰਿਆਂ ਨਾਲ ਸ਼ਾਂਤੀ ਬਣਾ ਕੇ ਰੱਖਣੀ ਪਵੇਗੀ। (ਰੋਮੀ. 12:18) ਸਾਨੂੰ ਕੀ ਕਰਨਾ ਚਾਹੀਦਾ ਹੈ, ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਭੈਣ ਜਾਂ ਭਰਾ ਦਾ ਦਿਲ ਦੁਖਾਇਆ ਹੈ ਜਾਂ ਉਸ ਨੂੰ ਠੇਸ ਪਹੁੰਚਾਈ ਹੈ? ਯਾਕੂਬ ਵਾਂਗ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਉਸ ਭੈਣ ਜਾਂ ਭਰਾ ਨਾਲ ਸੁਲ੍ਹਾ ਕਰਨ ਵਿਚ ਸਾਡੀ ਮਦਦ ਕਰੇ।

14 ਸਾਨੂੰ ਆਪਣੀ ਜਾਂਚ ਵੀ ਕਰਨੀ ਚਾਹੀਦੀ ਹੈ। ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਆਪਣੀ ਗ਼ਲਤੀ ਮੰਨਣ ਅਤੇ ਮਾਫ਼ੀ ਮੰਗਣ ਲਈ ਤਿਆਰ ਹਾਂ? ਜੇ ਮੈਂ ਆਪਣੇ ਭੈਣ ਜਾਂ ਭਰਾ ਨਾਲ ਸੁਲ੍ਹਾ ਕਰਨ ਵਿਚ ਪਹਿਲ ਕਰਦਾ ਹਾਂ, ਤਾਂ ਯਹੋਵਾਹ ਤੇ ਯਿਸੂ ਨੂੰ ਕਿਵੇਂ ਲੱਗੇਗਾ?’ ਇਸ ਤਰ੍ਹਾਂ ਖ਼ੁਦ ਦੀ ਜਾਂਚ ਕਰਨ ਨਾਲ ਸਾਨੂੰ ਹਿੰਮਤ ਮਿਲੇਗੀ ਕਿ ਅਸੀਂ ਯਿਸੂ ਦੀ ਗੱਲ ਸੁਣੀਏ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖੀਏ। ਇਸ ਦੇ ਨਾਲ-ਨਾਲ ਸਾਨੂੰ ਯਾਕੂਬ ਦੀ ਵੀ ਰੀਸ ਕਰਨੀ ਚਾਹੀਦੀ ਹੈ।

15. ਆਪਣੇ ਭਰਾ ਨਾਲ ਸੁਲ੍ਹਾ ਕਰਨ ਬਾਰੇ ਅਫ਼ਸੀਆਂ 4:2, 3 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ?

15 ਜ਼ਰਾ ਸੋਚੋ, ਜੇ ਯਾਕੂਬ ਨਿਮਰਤਾ ਦੀ ਬਜਾਇ ਆਪਣੇ ਭਰਾ ਨਾਲ ਘਮੰਡ ਨਾਲ ਪੇਸ਼ ਆਉਂਦਾ, ਤਾਂ ਕੀ ਹੁੰਦਾ? ਇਸ ਦਾ ਬਹੁਤ ਬੁਰਾ ਅੰਜਾਮ ਹੋਣਾ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਭੈਣ ਜਾਂ ਭਰਾ ਨਾਲ ਸੁਲ੍ਹਾ ਕਰਦੇ ਵੇਲੇ ਸਾਡੇ ਲਈ ਨਿਮਰ ਹੋਣਾ ਜ਼ਰੂਰੀ ਹੈ। (ਅਫ਼ਸੀਆਂ 4:2, 3 ਪੜ੍ਹੋ।) ਕਹਾਉਤਾਂ 18:19 ਵਿਚ ਲਿਖਿਆ ਹੈ: “ਰੁੱਸੇ ਹੋਏ ਭਰਾ ਨੂੰ ਮਨਾਉਣਾ ਕਿਲੇਬੰਦ ਸ਼ਹਿਰ ਨੂੰ ਜਿੱਤਣ ਨਾਲੋਂ ਵੀ ਔਖਾ ਹੈ ਅਤੇ ਝਗੜੇ ਕਿਲੇ ਦੇ ਹੋੜਿਆਂ ਵਰਗੇ ਹੁੰਦੇ ਹਨ।” ਜੇ ਅਸੀਂ ਨਿਮਰ ਰਹਾਂਗੇ ਅਤੇ ਮਾਫ਼ੀ ਮੰਗਾਂਗੇ, ਤਾਂ “ਕਿਲੇ” ਦਾ ਬੰਦ ਦਰਵਾਜ਼ਾ ਖੁੱਲ੍ਹ ਸਕਦਾ ਹੈ।

16. ਸਾਨੂੰ ਸੁਲ੍ਹਾ ਕਰਨ ਲਈ ਕੀ ਕਰਨਾ ਚਾਹੀਦਾ ਅਤੇ ਕਿਉਂ?

16 ਅਸੀਂ ਜਿਸ ਭੈਣ ਜਾਂ ਭਰਾ ਦਾ ਦਿਲ ਦੁਖਾਇਆ ਹੈ, ਉਸ ਨਾਲ ਗੱਲ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਹਾਂਗੇ ਅਤੇ ਕਿਵੇਂ ਕਹਾਂਗੇ। ਫਿਰ ਜਦੋਂ ਅਸੀਂ ਉਸ ਨੂੰ ਮਿਲਦੇ ਹਾਂ, ਤਾਂ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ ਹੋ ਜਾਣ ਅਤੇ ਸਾਡੇ ਵਿਚ ਦੁਬਾਰਾ ਦੋਸਤੀ ਹੋ ਜਾਵੇ। ਹੋ ਸਕਦਾ ਹੈ ਕਿ ਉਹ ਕੁਝ ਇੱਦਾਂ ਦੀਆਂ ਗੱਲਾਂ ਕਹੇ ਜੋ ਸਾਨੂੰ ਬੁਰੀਆਂ ਲੱਗਣ, ਪਰ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਆਪਣੀ ਸਫ਼ਾਈ ਪੇਸ਼ ਕਰਨੀ ਚਾਹੀਦੀ ਹੈ। ਇਸ ਨਾਲ ਮਾਮਲਾ ਹੋਰ ਵਿਗੜ ਸਕਦਾ ਹੈ। ਕੌਣ ਸਹੀ ਹੈ ਅਤੇ ਕੌਣ ਗ਼ਲਤ, ਇਹ ਸਾਬਤ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਸੁਲ੍ਹਾ ਕਰੀਏ।​—1 ਕੁਰਿੰ. 6:7.

17. ਭਰਾ ਗਿਲਬਰਟ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

17 ਗਿਲਬਰਟ ਨਾਂ ਦੇ ਇਕ ਭਰਾ ਨੇ ਸੁਲ੍ਹਾ ਕਰਨ ਲਈ ਬਹੁਤ ਜਤਨ ਕੀਤੇ। ਉਹ ਕਹਿੰਦਾ ਹੈ: “ਮੇਰੀ ਆਪਣੀ ਧੀ ਨਾਲ ਬਿਲਕੁਲ ਨਹੀਂ ਬਣਦੀ ਸੀ। ਦੋ ਸਾਲਾਂ ਤਕ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਸਾਡਾ ਦੋਹਾਂ ਦਾ ਰਿਸ਼ਤਾ ਸੁਧਰ ਜਾਵੇ। ਹਰ ਵਾਰ ਉਸ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਪ੍ਰਾਰਥਨਾ ਕਰਦਾ ਸੀ ਅਤੇ ਖ਼ੁਦ ਨੂੰ ਕਹਿੰਦਾ ਸੀ: ‘ਉਹ ਚਾਹੇ ਕੁਝ ਵੀ ਕਹੇ, ਮੈਂ ਗੁੱਸੇ ਨਹੀਂ ਹੋਵਾਂਗਾ, ਬਲਕਿ ਉਸ ਨੂੰ ਮਾਫ਼ ਕਰ ਦੇਵਾਂਗਾ।’ ਮੈਂ ਇਸ ਗੱਲ ਨੂੰ ਸਮਝਿਆ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਧੀ ਨਾਲ ਸ਼ਾਂਤੀ ਬਣਾ ਕੇ ਰੱਖਾਂ, ਨਾ ਕਿ ਉਸ ’ਤੇ ਆਪਣਾ ਅਧਿਕਾਰ ਜਤਾਵਾਂ।” ਕੀ ਭਰਾ ਗਿਲਬਰਟ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ? ਭਰਾ ਨੇ ਕਿਹਾ: “ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਸਾਰੇ ਪਰਿਵਾਰ ਨਾਲ ਮੇਰਾ ਵਧੀਆ ਰਿਸ਼ਤਾ ਹੈ।”

18-19. ਜੇ ਅਸੀਂ ਕਿਸੇ ਦਾ ਦਿਲ ਦੁਖਾਇਆ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਅਤੇ ਕਿਉਂ?

18 ਸਾਨੂੰ ਕੀ ਕਰਨਾ ਚਾਹੀਦਾ ਹੈ, ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਭੈਣ ਜਾਂ ਭਰਾ ਦਾ ਦਿਲ ਦੁਖਾਇਆ ਹੈ? ਸਾਨੂੰ ਯਿਸੂ ਦੀ ਸਲਾਹ ਮੰਨ ਕੇ ਉਸ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ। ਸਾਨੂੰ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਅਤੇ ਉਸ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਖ਼ੁਸ਼ ਰਹਾਂਗੇ ਅਤੇ ਇਸ ਗੱਲ ਦਾ ਸਬੂਤ ਦੇਵਾਂਗੇ ਕਿ ਅਸੀਂ ਯਿਸੂ ਦੀ ਗੱਲ ਸੁਣਦੇ ਹਾਂ।​—ਮੱਤੀ 5:9.

19 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ‘ਮੰਡਲੀ ਦੇ ਸਿਰ’ ਯਿਸੂ ਮਸੀਹ ਰਾਹੀਂ ਸਾਨੂੰ ਪਿਆਰ ਨਾਲ ਵਧੀਆ ਸਲਾਹਾਂ ਦਿੰਦਾ ਹੈ। (ਅਫ਼. 5:23) ਪਤਰਸ, ਯਾਕੂਬ ਅਤੇ ਯੂਹੰਨਾ ਵਾਂਗ, ਆਓ ਅਸੀਂ ਵੀ ‘ਯਿਸੂ ਦੀ ਗੱਲ ਸੁਣਦੇ ਰਹੀਏ।’ (ਮੱਤੀ 17:5) ਯਿਸੂ ਦੀ ਗੱਲ ਸੁਣਦੇ ਰਹਿਣ ਲਈ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਅਸੀਂ ਦਿਲ ਦੁਖਾਇਆ ਹੈ। ਜੇ ਅਸੀਂ ਇੱਦਾਂ ਕਰਾਂਗੇ ਤੇ ਤੰਗ ਰਾਹ ’ਤੇ ਚੱਲਦੇ ਰਹਾਂਗੇ, ਤਾਂ ਨਾ ਸਿਰਫ਼ ਅੱਜ ਬਲਕਿ ਆਉਣ ਵਾਲੇ ਸਮੇਂ ਵਿਚ ਵੀ ਅਸੀਂ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ ਰਹਾਂਗੇ।

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

^ ਪੈਰਾ 5 ਯਿਸੂ ਨੇ ਸਾਨੂੰ ਭੀੜੇ ਦਰਵਾਜ਼ੇ ਰਾਹੀਂ ਵੜਨ ਦੀ ਸਲਾਹ ਦਿੱਤੀ ਜੋ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਸਲਾਹ ਦਿੱਤੀ । ਪਰ ਸਾਨੂੰ ਯਿਸੂ ਦੀਆਂ ਸਲਾਹਾਂ ਨੂੰ ਲਾਗੂ ਕਰਦਿਆਂ ਮੁਸ਼ਕਲਾਂ ਆ ਸਕਦੀਆਂ ਹਨ। ਆਓ ਦੇਖੀਏ ਕਿ ਇਹ ਮੁਸ਼ਕਲਾਂ ਕੀ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਝੱਲ ਸਕਦੇ ਹਾਂ।

^ ਪੈਰਾ 7 10 ਸਵਾਲ ਜੋ ਨੌਜਵਾਨ ਪੁੱਛਦੇ ਹਨ ਬਰੋਸ਼ਰ ਦਾ ਸਵਾਲ 6, “ਮੈਂ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰਾਂ?” ਦੇਖੋ ਅਤੇ www.pr418.com/pa ’ਤੇ ਐਨੀਮੇਸ਼ਨ ਵੀਡੀਓ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ! ਦੇਖੋ। (ਬਾਈਬਲ ਦੀਆਂ ਸਿੱਖਿਆਵਾਂ > ਨੌਜਵਾਨਾਂ ਲਈ ਹੇਠਾਂ ਦੇਖੋ।)

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਜੇ ਅਸੀਂ ਯਹੋਵਾਹ ਦੇ ਅਸੂਲ ਮੰਨਾਂਗੇ, ਤਾਂ ਅਸੀਂ “ਤੰਗ” ਰਾਹ ’ਤੇ ਚੱਲ ਰਹੇ ਹੋਵਾਂਗੇ ਅਤੇ ਪੋਰਨੋਗ੍ਰਾਫੀ ਦੇਖਣ, ਅਨੈਤਿਕ ਚਾਲ-ਚਲਣ ਅਤੇ ਉੱਚ ਸਿੱਖਿਆ ਲੈਣ ਤੋਂ ਬਚ ਸਕਾਂਗੇ।

^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਯਾਕੂਬ ਨੇ ਆਪਣੇ ਭਰਾ ਏਸਾਓ ਨਾਲ ਸੁਲ੍ਹਾ ਕਰਨ ਲਈ ਗੋਡਿਆਂ ਭਾਰ ਬੈਠ ਕੇ ਵਾਰ-ਵਾਰ ਉਸ ਅੱਗੇ ਸਿਰ ਨਿਵਾਇਆ।