Skip to content

Skip to table of contents

ਅਧਿਐਨ ਲੇਖ 8

ਕੀ ਤੁਹਾਡੀ ਸਲਾਹ ‘ਦਿਲ ਨੂੰ ਖ਼ੁਸ਼ ਕਰਦੀ ਹੈ’?

ਕੀ ਤੁਹਾਡੀ ਸਲਾਹ ‘ਦਿਲ ਨੂੰ ਖ਼ੁਸ਼ ਕਰਦੀ ਹੈ’?

“ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ; ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।”​—ਕਹਾ. 27:9.

ਗੀਤ 102 “ਕਮਜ਼ੋਰ ਲੋਕਾਂ ਦੀ ਮਦਦ ਕਰੋ”

ਖ਼ਾਸ ਗੱਲਾਂ *

1-2. ਇਕ ਭਰਾ ਨੇ ਸਲਾਹ ਦੇਣ ਬਾਰੇ ਕੀ ਸਿੱਖਿਆ?

ਕਾਫ਼ੀ ਸਾਲ ਪਹਿਲਾਂ ਦੋ ਬਜ਼ੁਰਗ ਇਕ ਭੈਣ ਨੂੰ ਮਿਲਣ ਗਏ ਜੋ ਕੁਝ ਸਮੇਂ ਤੋਂ ਮੀਟਿੰਗਾਂ ਵਿਚ ਨਹੀਂ ਆ ਰਹੀ ਸੀ। ਇਕ ਭਰਾ ਨੇ ਉਸ ਨੂੰ ਮੀਟਿੰਗਾਂ ਵਿਚ ਆਉਣ ਬਾਰੇ ਬਹੁਤ ਸਾਰੀਆਂ ਆਇਤਾਂ ਪੜ੍ਹਾਈਆਂ। ਉਸ ਭਰਾ ਨੇ ਸੋਚਿਆਂ ਕਿ ਭੈਣ ਨੂੰ ਸਾਡੀਆਂ ਗੱਲਾਂ ਤੋਂ ਜ਼ਰੂਰ ਹੌਸਲਾ ਮਿਲਿਆ ਹੋਣਾ। ਪਰ ਜਦੋਂ ਭਰਾ ਜਾਣ ਲੱਗੇ, ਤਾਂ ਭੈਣ ਨੇ ਕਿਹਾ: “ਭਰਾਵੋ, ਤੁਹਾਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਕਿ ਮੈਂ ਕਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੀਂ ਹਾਂ।” ਭਰਾਵਾਂ ਨੇ ਭੈਣ ਦੇ ਹਾਲਾਤਾਂ ਅਤੇ ਉਸ ਦੀਆਂ ਮੁਸ਼ਕਲਾਂ ਨੂੰ ਜਾਣੇ ਬਗੈਰ ਉਸ ਨੂੰ ਸਲਾਹਾਂ ਦਿੱਤੀਆਂ। ਇਸ ਕਰਕੇ ਭੈਣ ਨੂੰ ਲੱਗਾ ਹੀ ਨਹੀਂ ਕਿ ਭਰਾਵਾਂ ਦੀ ਸਲਾਹ ਤੋਂ ਉਸ ਨੂੰ ਕੋਈ ਫ਼ਾਇਦਾ ਹੋਇਆ।

2 ਜਿਸ ਬਜ਼ੁਰਗ ਨੇ ਉਸ ਭੈਣ ਨੂੰ ਬਹੁਤ ਸਾਰੀਆਂ ਆਇਤਾਂ ਪੜ੍ਹਾਈਆਂ ਸਨ। ਉਹ ਉਸ ਸਮੇਂ ਨੂੰ ਯਾਦ ਕਰਦਿਆਂ ਦੱਸਦਾ ਹੈ: “ਉਸ ਸਮੇਂ ਮੈਨੂੰ ਲੱਗਾ ਭੈਣ ਨੇ ਸਲਾਹ ਲਈ ਕੋਈ ਕਦਰ ਨਹੀਂ ਦਿਖਾਈ। ਪਰ ਜਦੋਂ ਮੈਂ ਸੋਚਿਆ, ਤਾਂ ਮੈਨੂੰ ਲੱਗਾ ਕਿ ਚੰਗਾ ਹੁੰਦਾ ਜੇ ਮੈਂ ਆਇਤਾਂ ਪੜ੍ਹਾਉਣ ਦੀ ਬਜਾਇ ਉਸ ਭੈਣ ਨੂੰ ਪੁੱਛਿਆ ਹੁੰਦਾ, ‘ਭੈਣ, ਸਭ ਕੁਝ ਠੀਕ ਹੈ, ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ?’ ‘ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ?’” ਇਸ ਮੁਲਾਕਾਤ ਤੋਂ ਉਸ ਬਜ਼ੁਰਗ ਨੇ ਇਕ ਬਹੁਤ ਅਹਿਮ ਸਬਕ ਸਿੱਖਿਆ। ਅੱਜ ਉਹ ਭਰਾ ਇਕ ਹਮਦਰਦ ਅਤੇ ਮਦਦ ਕਰਨ ਵਾਲਾ ਚਰਵਾਹਾ ਹੈ।

3. ਮੰਡਲੀ ਵਿਚ ਕੌਣ ਸਲਾਹ ਦੇ ਸਕਦੇ ਹਨ?

 3 ਚਰਵਾਹੇ ਹੋਣ ਕਰਕੇ ਮੰਡਲੀ ਦੇ ਬਜ਼ੁਰਗਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਲੋੜ ਪੈਣ ਤੇ ਸਲਾਹ ਦੇਣ। ਪਰ ਕਈ ਵਾਰ ਸ਼ਾਇਦ ਹੋਰ ਭੈਣ-ਭਰਾ ਵੀ ਲੋੜ ਪੈਣ ਤੇ ਮੰਡਲੀ ਵਿਚ ਕਿਸੇ ਨੂੰ ਬਾਈਬਲ ਵਿੱਚੋਂ ਸਲਾਹ ਦੇਣ। (ਜ਼ਬੂ. 141:5; ਕਹਾ. 25:12) ਇਕ ਸਿਆਣੀ ਉਮਰ ਦੀ ਭੈਣ ਤੀਤੁਸ 2:3-5 ਵਿਚ ਦੱਸੀਆਂ ਗੱਲਾਂ ਬਾਰੇ “ਜਵਾਨ ਭੈਣਾਂ ਨੂੰ ਚੰਗੀ ਮੱਤ” ਦੇਵੇ। ਮਾਪਿਆਂ ਨੂੰ ਵੀ ਅਕਸਰ ਆਪਣੇ ਬੱਚਿਆਂ ਨੂੰ ਸਲਾਹ ਦੇਣ ਅਤੇ ਸੁਧਾਰਨ ਦੀ ਲੋੜ ਪੈਂਦੀ ਹੈ। ਇਹ ਲੇਖ ਖ਼ਾਸ ਤੌਰ ਤੇ ਬਜ਼ੁਰਗਾਂ ਲਈ ਹੈ, ਪਰ ਇਸ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋ ਸਕਦਾ ਹੈ। ਇਸ ਵਿਚ ਦੱਸੀਆਂ ਗੱਲਾਂ ਲਾਗੂ ਕਰ ਕੇ ਅਸੀਂ ਦੂਸਰਿਆਂ ਨੂੰ ਅਜਿਹੀਆਂ ਸਲਾਹਾਂ ਦੇ ਸਕਦੇ ਹਾਂ ਜਿਨ੍ਹਾਂ ਨੂੰ ਸੁਣ ਕੇ ਉਹ ਲਾਗੂ ਕਰ ਸਕਣ ਅਤੇ ਉਨ੍ਹਾਂ ਦੇ ‘ਦਿਲ ਖ਼ੁਸ਼’ ਹੋਣ।​—ਕਹਾ. 27:9.

4. ਇਸ ਲੇਖ ਵਿਚ ਅਸੀਂ ਕਿੰਨਾ ਸਵਾਲਾਂ ’ਤੇ ਗੌਰ ਕਰਾਂਗੇ?

4 ਇਸ ਲੇਖ ਵਿਚ ਅਸੀਂ ਚਾਰ ਸਵਾਲਾਂ ’ਤੇ ਗੌਰ ਕਰਾਂਗੇ: (1) ਸਲਾਹ ਕਿਸ ਇਰਾਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ? (2) ਕੀ ਸਲਾਹ ਦੇਣ ਦੀ ਸੱਚੀਂ ਲੋੜ ਹੈ? (3) ਸਲਾਹ ਕੌਣ ਦੇ ਸਕਦਾ ਹੈ? (4) ਤੁਸੀਂ ਕਿਵੇਂ ਵਧੀਆ ਸਲਾਹ ਦੇ ਸਕਦੇ ਹੋ?

ਸਲਾਹ ਕਿਸ ਇਰਾਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ?

5. ਇਕ ਬਜ਼ੁਰਗ ਕਿਹੜੇ ਇਰਾਦੇ ਨਾਲ ਸਲਾਹ ਦੇ ਸਕਦਾ ਹੈ? (1 ਕੁਰਿੰਥੀਆਂ 13:4, 7)

5 ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ। ਪਿਆਰ ਹੋਣ ਕਰਕੇ ਕਈ ਵਾਰ ਉਹ ਇਕ ਅਜਿਹੇ ਮਸੀਹੀ ਨੂੰ ਸਲਾਹ ਦਿੰਦੇ ਹਨ ਜੋ ਅਣਜਾਣੇ ਵਿਚ ਗ਼ਲਤ ਕਦਮ ਉਠਾਉਣ ਜਾ ਰਿਹਾ ਹੈ। (ਗਲਾ. 6:1) ਇਕ ਬਜ਼ੁਰਗ ਉਸ ਮਸੀਹੀ ਨਾਲ ਗੱਲ ਕਰਨ ਤੋਂ ਪਹਿਲਾਂ ਪਿਆਰ ਬਾਰੇ ਦਿੱਤੀ ਪੌਲੁਸ ਰਸੂਲ ਦੀ ਸਲਾਹ ’ਤੇ ਸੋਚ-ਵਿਚਾਰ ਕਰ ਸਕਦਾ ਹੈ, “ਪਿਆਰ ਧੀਰਜਵਾਨ ਅਤੇ ਦਿਆਲੂ ਹੈ। . . . ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।” (1 ਕੁਰਿੰਥੀਆਂ 13:4, 7 ਪੜ੍ਹੋ।) ਇਨ੍ਹਾਂ ਆਇਤਾਂ ’ਤੇ ਸੋਚ-ਵਿਚਾਰ ਕਰ ਕੇ ਬਜ਼ੁਰਗ ਸਲਾਹ ਦੇਣ ਲੱਗਿਆਂ ਆਪਣੇ ਇਰਾਦੇ ਦੀ ਜਾਂਚ ਕਰ ਸਕੇਗਾ। ਉਹ ਦੇਖ ਸਕੇਗਾ ਕਿ ਉਹ ਪਿਆਰ ਹੋਣ ਕਰਕੇ ਆਪਣੇ ਭੈਣਾਂ-ਭਰਾਵਾਂ ਨੂੰ ਸਲਾਹ ਦੇਵੇ। ਜਦੋਂ ਭੈਣਾਂ-ਭਰਾਵਾਂ ਨੂੰ ਅਹਿਸਾਸ ਹੋਵੇਗਾ ਕਿ ਬਜ਼ੁਰਗ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਨ, ਤਾਂ ਉਨ੍ਹਾਂ ਲਈ ਸਲਾਹ ਮੰਨਣੀ ਹੋਰ ਵੀ ਸੌਖੀ ਹੋ ਜਾਵੇਗੀ।​—ਰੋਮੀ. 12:10.

6. ਪੌਲੁਸ ਰਸੂਲ ਨੇ ਇਕ ਵਧੀਆ ਮਿਸਾਲ ਕਿਵੇਂ ਰੱਖੀ?

6 ਇਕ ਬਜ਼ੁਰਗ ਹੋਣ ਕਰਕੇ ਪੌਲੁਸ ਰਸੂਲ ਨੇ ਵਧੀਆ ਮਿਸਾਲ ਰੱਖੀ। ਉਦਾਹਰਣ ਲਈ, ਜਦੋਂ ਉਸ ਨੂੰ ਥੱਸਲੁਨੀਕੀਆਂ ਦੇ ਭਰਾਵਾਂ ਨੂੰ ਸਲਾਹ ਦੇਣ ਦੀ ਲੋੜ ਪਈ, ਤਾਂ ਉਸ ਨੇ ਬਿਨਾਂ ਝਿਜਕੇ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਸਲਾਹਾਂ ਦੇ ਸਕਿਆ। ਉਸ ਨੇ ਆਪਣੀਆਂ ਚਿੱਠੀਆਂ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਦੀ ਨਿਹਚਾ, ਧੀਰਜ ਅਤੇ ਪਿਆਰ ਕਰ ਕੇ ਕੀਤੇ ਕੰਮਾਂ ਦੀ ਤਾਰੀਫ਼ ਕੀਤੀ। ਉਸ ਨੇ ਇਹ ਵੀ ਲਿਖਿਆ ਕਿ ਉਹ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦਾ ਸੀ ਅਤੇ ਜਾਣਦਾ ਸੀ ਕਿ ਮੁਸ਼ਕਲਾਂ ਤੇ ਅਤਿਆਚਾਰਾਂ ਦੇ ਬਾਵਜੂਦ ਵੀ ਉਨ੍ਹਾਂ ਲਈ ਆਪਣੀ ਵਫ਼ਾਦਾਰੀ ਬਣਾਈ ਰੱਖਣੀ ਸੌਖੀ ਨਹੀਂ ਸੀ। (1 ਥੱਸ. 1:3; 2 ਥੱਸ. 1:4) ਉਸ ਨੇ ਭਰਾਵਾਂ ਨੂੰ ਇਹ ਵੀ ਕਿਹਾ ਕਿ ਉਹ ਦੂਸਰੇ ਮਸੀਹੀਆਂ ਲਈ ਵਧੀਆ ਮਿਸਾਲਾਂ ਸਨ। (1 ਥੱਸ. 1:8, 9) ਪੌਲੁਸ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਨ੍ਹਾਂ ਭਰਾਵਾਂ ਨੂੰ ਕਿੰਨਾ ਹੌਸਲਾ ਮਿਲਿਆਂ ਹੋਣਾ! ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਪੌਲੁਸ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਥੱਸਲੁਨੀਕੀਆਂ ਨੂੰ ਲਿਖੀਆਂ ਆਪਣੀਆਂ ਦੋਨੋਂ ਚਿੱਠੀਆਂ ਵਿਚ ਪੌਲੁਸ ਵਧੀਆ ਤਰੀਕੇ ਨਾਲ ਸਲਾਹਾਂ ਦੇ ਸਕਿਆ ਅਤੇ ਉੱਥੋਂ ਦੇ ਭਰਾਵਾਂ ਨੇ ਉਸ ਦੀਆਂ ਸਲਾਹਾਂ ਨੂੰ ਸੌਖਿਆਂ ਹੀ ਮੰਨ ਲਿਆ।​—1 ਥੱਸ. 4:1, 3-5, 11; 2 ਥੱਸ. 3:11, 12.

7. ਕਈ ਜਣੇ ਸਲਾਹ ਮਿਲਣ ਤੇ ਸ਼ਾਇਦ ਬੁਰਾ ਕਿਉਂ ਮਨਾ ਲੈਂਦੇ ਹਨ?

7 ਜੇ ਅਸੀਂ ਸਹੀ ਤਰੀਕੇ ਨਾਲ ਸਲਾਹ ਨਹੀਂ ਦਿੰਦੇ, ਤਾਂ ਕੀ ਹੋ ਸਕਦਾ ਹੈ? ਇਕ ਬਜ਼ੁਰਗ ਦੱਸਦਾ ਹੈ: “ਕੁਝ ਜਣੇ ਸਲਾਹ ਮਿਲਣ ਤੇ ਬੁਰਾ ਮਨਾ ਲੈਂਦੇ ਹਨ। ਇਸ ਲਈ ਨਹੀਂ ਕਿ ਸਲਾਹ ਵਿਚ ਕੋਈ ਖ਼ਰਾਬੀ ਹੁੰਦੀ ਹੈ, ਸਗੋਂ ਇਸ ਲਈ ਕਿ ਸਲਾਹ ਪਿਆਰ ਨਾਲ ਨਹੀਂ ਦਿੱਤੀ ਜਾਂਦੀ।” ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸਲਾਹ ਮੰਨਣੀ ਉਦੋਂ ਹੋਰ ਵੀ ਸੌਖੀ ਹੋ ਜਾਂਦੀ ਜਦੋਂ ਇਹ ਪਿਆਰ ਹੋਣ ਕਰਕੇ ਦਿੱਤੀ ਜਾਂਦੀ ਹੈ, ਨਾ ਕਿ ਖਿਝਣ ਕਰਕੇ।

ਕੀ ਸਲਾਹ ਦੇਣ ਦੀ ਸੱਚੀਂ ਲੋੜ ਹੈ?

8. ਸਲਾਹ ਦੇਣ ਤੋਂ ਪਹਿਲਾਂ ਇਕ ਬਜ਼ੁਰਗ ਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?

8 ਬਜ਼ੁਰਗ ਸਮਝਦਾਰੀ ਦਿਖਾਉਂਦੇ ਹੋਏ “ਬੋਲਣ ਵਿਚ ਕਾਹਲੀ” ਕਰਨ ਤੋਂ ਪਰਹੇਜ਼ ਕਰ ਸਕਦੇ ਹਨ। (ਕਹਾ. 29:20) ਇਕ ਬਜ਼ੁਰਗ ਨੂੰ ਸਲਾਹ ਦੇਣ ਵਿਚ ਕਾਹਲੀ ਕਰਨ ਦੀ ਬਜਾਇ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਉਸ ਭੈਣ ਜਾਂ ਭਰਾ ਨੂੰ ਸਲਾਹ ਦੇਣ ਦੀ ਸੱਚੀਂ ਲੋੜ ਹੈ? ਕੀ ਮੈਨੂੰ ਪੱਕਾ ਪਤਾ ਹੈ ਕਿ ਉਹ ਭੈਣ ਜਾਂ ਭਰਾ ਕੁਝ ਗ਼ਲਤ ਕਰ ਰਿਹਾ ਹੈ? ਕੀ ਉਹ ਬਾਈਬਲ ਦਾ ਕੋਈ ਹੁਕਮ ਤੋੜ ਰਿਹਾ ਹੈ ਜਾਂ ਉਹ ਜੋ ਕਰ ਰਿਹਾ ਹੈ, ਉਹ ਸਿਰਫ਼ ਮੇਰੀ ਸੋਚ ਮੁਤਾਬਕ ਗ਼ਲਤ ਹੈ?’ ਜੇ ਇਕ ਬਜ਼ੁਰਗ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਸ ਨੂੰ ਕਿਸੇ ਭੈਣ ਜਾਂ ਭਰਾ ਨੂੰ ਸਲਾਹ ਦੇਣ ਦੀ ਲੋੜ ਹੈ ਜਾਂ ਨਹੀਂ, ਤਾਂ ਉਸ ਨੂੰ ਇਸ ਬਾਰੇ ਦੂਸਰੇ ਬਜ਼ੁਰਗ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਨੂੰ ਦੂਸਰੇ ਬਜ਼ੁਰਗ ਨੂੰ ਪੁੱਛਣਾ ਚਾਹੀਦਾ ਹੈ, ਕੀ ਉਸ ਨੂੰ ਵੀ ਲੱਗਦਾ ਹੈ ਕਿ ਉਸ ਮਸੀਹੀ ਨੇ ਕੁਝ ਗ਼ਲਤ ਕੀਤਾ ਹੈ ਅਤੇ ਉਸ ਨੂੰ ਸਲਾਹ ਦੇਣ ਦੀ ਲੋੜ ਹੈ।​—2 ਤਿਮੋ. 3:16, 17.

9. ਪਹਿਰਾਵੇ ਜਾਂ ਹਾਰ-ਸ਼ਿੰਗਾਰ ਬਾਰੇ ਅਸੀਂ ਪੌਲੁਸ ਰਸੂਲ ਤੋਂ ਕੀ ਸਿੱਖ ਸਕਦੇ ਹਾਂ? (1 ਤਿਮੋਥਿਉਸ 2:9, 10)

9 ਇਕ ਉਦਾਹਰਣ ’ਤੇ ਗੌਰ ਕਰੋ। ਮੰਨ ਲਓ ਕਿ ਇਕ ਬਜ਼ੁਰਗ ਨੂੰ ਕਿਸੇ ਭੈਣ ਜਾਂ ਭਰਾ ਦਾ ਪਹਿਰਾਵਾ ਜਾਂ ਹਾਰ-ਸ਼ਿੰਗਾਰ ਸਹੀ ਨਹੀਂ ਲੱਗਦਾ। ਉਸ ਵੇਲੇ ਉਹ ਬਜ਼ੁਰਗ ਆਪਣੇ ਆਪ ਪੁੱਛ ਸਕਦਾ ਹੈ: ‘ਕੀ ਬਾਈਬਲ ਮੁਤਾਬਕ ਮੈਨੂੰ ਉਸ ਮਸੀਹੀ ਨੂੰ ਸਲਾਹ ਦੇਣ ਦੀ ਲੋੜ ਹੈ ਜਾਂ ਨਹੀਂ?’ ਉਹ ਆਪਣੇ ਆਪ ਤੋਂ ਇਹ ਸਵਾਲ ਇਸ ਲਈ ਪੁੱਛਦਾ ਹੈ ਕਿਉਂਕਿ ਉਹ ਕਿਸੇ ਮਸੀਹੀ ਉੱਤੇ ਆਪਣੀ ਰਾਇ ਨਹੀਂ ਥੋਪਣੀ ਚਾਹੁੰਦਾ। ਇਸ ਲਈ ਉਹ ਕਿਸੇ ਹੋਰ ਬਜ਼ੁਰਗ ਜਾਂ ਸਮਝਦਾਰ ਮਸੀਹੀ ਤੋਂ ਇਸ ਬਾਰੇ ਗੱਲ ਕਰ ਸਕਦਾ ਹੈ। ਫਿਰ ਉਹ ਮਿਲ ਕੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਬਾਰੇ ਪੌਲੁਸ ਦੀ ਸਲਾਹ ’ਤੇ ਸੋਚ-ਵਿਚਾਰ ਕਰ ਸਕਦੇ ਹਨ। (1 ਤਿਮੋਥਿਉਸ 2:9, 10 ਪੜ੍ਹੋ।) ਪੌਲੁਸ ਨੇ ਪਹਿਰਾਵੇ ਬਾਰੇ ਵਧੀਆ ਅਸੂਲ ਦਿੱਤੇ ਹਨ। ਇਕ ਮਸੀਹੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਸ ਦੇ ਕੱਪੜੇ ਸਲੀਕੇਦਾਰ ਹੋਣ ਅਤੇ ਉਸ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕੇ। ਪਰ ਪੌਲੁਸ ਨੇ ਮਸੀਹੀਆਂ ਲਈ ਨਿਯਮ ਨਹੀਂ ਬਣਾਏ ਕਿ ਉਨ੍ਹਾਂ ਨੂੰ ਕਿਹੜੇ ਕੱਪੜੇ ਪਾਉਣੇ ਚਾਹੀਦੇ ਅਤੇ ਕਿਹੜੇ ਨਹੀਂ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਭੈਣਾਂ-ਭਰਾਵਾਂ ਕੋਲ ਹੱਕ ਹੈ ਕਿ ਉਹ ਆਪਣੀ ਪਸੰਦ ਮੁਤਾਬਕ ਕੱਪੜੇ ਪਾ ਸਕਦੇ ਹਨ, ਪਰ ਇਸ ਤੋਂ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਣਾ ਚਾਹੀਦਾ। ਇਸ ਲਈ ਬਜ਼ੁਰਗਾਂ ਨੂੰ ਇਨ੍ਹਾਂ ਗੱਲ ਦਾ ਧਿਆਨ ਰੱਖ ਕੇ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਪਹਿਰਾਵੇ ਜਾਂ ਹਾਰ-ਸ਼ਿੰਗਾਰ ਬਾਰੇ ਕਿਸੇ ਮਸੀਹੀ ਨੂੰ ਸਲਾਹ ਦੇਣ ਜਾਂ ਨਾ।

10. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

10 ਸਾਡੇ ਲਈ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਦੋ ਮਸੀਹੀ ਵੱਖੋ-ਵੱਖਰੇ ਫ਼ੈਸਲੇ ਕਰ ਸਕਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵਿੱਚੋਂ ਇਕ ਸਹੀ ਹੈ ਅਤੇ ਦੂਜਾ ਗ਼ਲਤ। ਸਾਨੂੰ ਕਦੇ ਵੀ ਆਪਣੇ ਭੈਣਾਂ-ਭਰਾਵਾਂ ’ਤੇ ਆਪਣੀ ਸੋਚ ਨਹੀਂ ਥੋਪਣੀ ਚਾਹੀਦੀ।​—ਰੋਮੀ. 14:10.

ਸਲਾਹ ਕੌਣ ਦੇ ਸਕਦਾ ਹੈ?

11-12. ਜੇ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਇਕ ਬਜ਼ੁਰਗ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦਾ ਹੈ ਅਤੇ ਕਿਉਂ?

11 ਜੇ ਲੱਗਦਾ ਹੈ ਕਿ ਸਲਾਹ ਦਿੱਤੀ ਜਾਣੀ ਜ਼ਰੂਰੀ ਹੈ, ਤਾਂ ਫਿਰ ਗੌਰ ਕਰਨ ਵਾਲੀ ਗੱਲ ਹੈ ਕਿ ਸਲਾਹ ਕੌਣ ਦੇਵੇਗਾ। ਕਿਸੇ ਵਿਆਹੀ ਭੈਣ ਜਾਂ ਬੱਚੇ ਨੂੰ ਸਲਾਹ ਦੇਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਪਰਿਵਾਰ ਦੇ ਮੁਖੀ ਨਾਲ ਗੱਲ ਕਰਨੀ ਚਾਹੀਦੀ। ਹੋ ਸਕਦਾ ਹੈ ਪਰਿਵਾਰ ਦਾ ਮੁਖੀ ਕਹੇ ਕਿ ਉਹ ਖ਼ੁਦ ਆਪਣੀ ਪਤਨੀ ਜਾਂ ਬੱਚੇ ਨਾਲ ਇਸ ਬਾਰੇ ਗੱਲ ਕਰੇਗਾ। * ਜਾਂ ਸ਼ਾਇਦ ਉਹ ਕਹੇ ਕਿ ਜਦੋਂ ਬਜ਼ੁਰਗ ਸਲਾਹ ਦੇਣਗੇ, ਤਾਂ ਉਹ ਵੀ ਉਸ ਨਾਲ ਉੱਥੇ ਹੋਵੇਗਾ। ਨਾਲੇ ਜਿਵੇਂ  ਪੈਰਾ 3 ਵਿਚ ਦੱਸਿਆ ਗਿਆ ਸੀ ਕਿ ਕਈ ਵਾਰ ਚੰਗਾ ਹੁੰਦਾ ਹੈ ਕਿ ਸਿਆਣੀ ਉਮਰ ਦੀ ਭੈਣ ਕਿਸੇ ਜਵਾਨ ਭੈਣ ਨੂੰ ਸਲਾਹ ਦੇਵੇ।

12 ਬਜ਼ੁਰਗ ਇਕ ਹੋਰ ਗੱਲ ਦਾ ਵੀ ਧਿਆਨ ਰੱਖ ਸਕਦੇ ਹਨ। ਇਕ ਬਜ਼ੁਰਗ ਆਪਣੇ ਆਪ ਤੋਂ ਪੁੱਛ ਸਕਦਾ ਹੈ: ‘ਕੀ ਇਸ ਮਾਮਲੇ ਵਿਚ ਮੇਰਾ ਸਲਾਹ ਦੇਣਾ ਠੀਕ ਹੋਵੇਗਾ ਜਾਂ ਵਧੀਆ ਹੋਵੇਗਾ ਕਿ ਕੋਈ ਹੋਰ ਬਜ਼ੁਰਗ ਸਲਾਹ ਦੇਵੇ?’ ਉਦਾਹਰਣ ਲਈ, ਇਕ ਮਸੀਹੀ ਸ਼ਾਇਦ ਆਪਣੇ ਆਪ ਵਿਚ ਬਹੁਤ ਨਿਕੰਮਾ ਮਹਿਸੂਸ ਕਰੇ। ਉਸ ਲਈ ਸ਼ਾਇਦ ਉਸ ਬਜ਼ੁਰਗ ਦੀ ਸਲਾਹ ਮੰਨਣੀ ਸੌਖੀ ਹੋਵੇ ਜੋ ਉਸ ਵਰਗੀਆਂ ਭਾਵਨਾਵਾਂ ਵਿੱਚੋਂ ਲੰਘ ਚੁੱਕਾ ਹੈ ਕਿਉਂਕਿ ਉਹ ਬਜ਼ੁਰਗ ਉਸ ਨਾਲ ਹਮਦਰਦੀ ਦਿਖਾ ਸਕੇਗਾ। ਪਰ ਜੇ ਬਜ਼ੁਰਗਾਂ ਵਿੱਚੋਂ ਕੋਈ ਵੀ ਉਸ ਮਸੀਹੀ ਵਰਗੀਆਂ ਭਾਵਨਾਵਾਂ ਵਿੱਚੋਂ ਨਹੀਂ ਲੰਘਿਆ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜ਼ਿੰਮੇਵਾਰੀ ਸਾਰੇ ਬਜ਼ੁਰਗਾਂ ਦੀ ਹੈ ਕਿ ਉਹ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਕਿ ਉਹ ਬਾਈਬਲ ਮੁਤਾਬਕ ਆਪਣੇ ਆਪ ਵਿਚ ਤਬਦੀਲੀਆਂ ਕਰਨ। ਇਸ ਲਈ ਜੇ ਕਿਸੇ ਮਸੀਹੀ ਨੂੰ ਸਲਾਹ ਦੇਣ ਦੀ ਲੋੜ ਹੈ, ਤਾਂ ਬਜ਼ੁਰਗਾਂ ਨੂੰ ਸਲਾਹ ਦੇਣੀ ਚਾਹੀਦੀ ਹੈ।

ਤੁਸੀਂ ਵਧੀਆ ਸਲਾਹ ਕਿਵੇਂ ਦੇ ਸਕਦੇ ਹੋ?

ਬਜ਼ੁਰਗਾਂ ਨੂੰ “ਸੁਣਨ ਲਈ ਤਿਆਰ” ਕਿਉਂ ਰਹਿਣਾ ਚਾਹੀਦਾ ਹੈ? (ਪੈਰੇ 13-14 ਦੇਖੋ)

13-14. ਇਕ ਬਜ਼ੁਰਗ ਲਈ ਸੁਣਨਾ ਕਿਉਂ ਜ਼ਰੂਰੀ ਹੈ?

13ਸੁਣਨ ਲਈ ਤਿਆਰ ਰਹੋ। ਜਦੋਂ ਇਕ ਬਜ਼ੁਰਗ ਕਿਸੇ ਮਸੀਹੀ ਨੂੰ ਸਲਾਹ ਦੇਣ ਦੀ ਤਿਆਰੀ ਕਰਦਾ ਹੈ, ਤਾਂ ਉਸ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ: ‘ਮੈਂ ਆਪਣੇ ਭਰਾ ਦੇ ਹਾਲਾਤਾਂ ਬਾਰੇ ਕਿੰਨਾ ਕੁ ਜਾਣਦਾ ਹਾਂ? ਉਸ ਦੀ ਜ਼ਿੰਦਗੀ ਵਿਚ ਕੀ ਚੱਲ ਰਿਹਾ ਹੈ? ਕੀ ਉਹ ਕੋਈ ਇੱਦਾਂ ਦੀ ਮੁਸ਼ਕਲ ਵਿੱਚੋਂ ਤਾਂ ਨਹੀਂ ਲੰਘ ਰਿਹਾ ਜਿਸ ਬਾਰੇ ਮੈਨੂੰ ਪਤਾ ਹੀ ਨਹੀਂ ਹੈ? ਹੁਣ ਉਸ ਨੂੰ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਹੈ?’

14 ਯਾਕੂਬ 1:19 ਵਿਚ ਦਰਜ ਅਸੂਲ ਖ਼ਾਸ ਕਰਕੇ ਸਲਾਹ ਦੇਣ ਵਾਲਿਆਂ ’ਤੇ ਲਾਗੂ ਹੁੰਦਾ ਹੈ। ਯਾਕੂਬ ਨੇ ਲਿਖਿਆ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” ਇਕ ਬਜ਼ੁਰਗ ਨੂੰ ਸ਼ਾਇਦ ਲੱਗੇ ਕਿ ਉਸ ਨੂੰ ਸਾਰਾ ਕੁਝ ਪਤਾ ਹੈ, ਪਰ ਕੀ ਸੱਚੀਂ ਉਸ ਨੂੰ ਸਾਰਾ ਕੁਝ ਪਤਾ ਹੁੰਦਾ ਹੈ। ਕਹਾਉਤਾਂ 18:13 ਵਿਚ ਦੱਸਿਆ ਗਿਆ ਹੈ: “ਸਾਰੀ ਗੱਲ ਸੁਣਨ ਤੋਂ ਪਹਿਲਾਂ ਜਿਹੜਾ ਜਵਾਬ ਦਿੰਦਾ ਹੈ, ਇਹ ਉਸ ਲਈ ਮੂਰਖਤਾ ਤੇ ਬੇਇੱਜ਼ਤੀ ਹੈ।” ਇਸ ਲਈ ਜੇ ਅਸੀਂ ਕਿਸੇ ਵਿਅਕਤੀ ਬਾਰੇ ਜਾਣਨਾ ਚਾਹੁੰਦੇ ਹਾਂ, ਤਾਂ ਚੰਗਾ ਹੋਵੇਗਾ ਕਿ ਅਸੀਂ ਉਸ ਤੋਂ ਹੀ ਪੁੱਛੀਏ। ਇਸ ਤਰ੍ਹਾਂ ਕਰਨ ਲਈ ਇਕ ਬਜ਼ੁਰਗ ਨੂੰ ਬੋਲਣ ਤੋਂ ਪਹਿਲਾਂ ਸੁਣਨਾ ਹੋਵੇਗਾ। ਜ਼ਰਾ ਇਸ ਲੇਖ ਦੀ ਸ਼ੁਰੂਆਤ ਵਿਚ ਜ਼ਿਕਰ ਕੀਤੇ ਬਜ਼ੁਰਗ ਬਾਰੇ ਸੋਚੋ, ਉਸ ਨੂੰ ਬਾਅਦ ਵਿਚ ਅਹਿਸਾਸ ਹੋਇਆ ਕਿ ਆਪਣੀ ਗੱਲ ਕਹਿਣ ਤੋਂ ਪਹਿਲਾਂ ਉਸ ਨੂੰ ਭੈਣ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਸਨ: “ਸਾਰਾ ਕੁਝ ਠੀਕ ਚੱਲ ਰਿਹਾ?” “ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ?” ਜੇ ਬਜ਼ੁਰਗ ਸਮਾਂ ਕੱਢ ਕੇ ਭੈਣਾਂ-ਭਰਾਵਾਂ ਦੇ ਹਾਲਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨ, ਤਾਂ ਉਹ ਉਨ੍ਹਾਂ ਦੀ ਹੋਰ ਵੀ ਵਧੀਆ ਤਰੀਕੇ ਨਾਲ ਮਦਦ ਕਰ ਸਕਣਗੇ ਅਤੇ ਉਨ੍ਹਾਂ ਦਾ ਹੌਸਲਾ ਵਧਾ ਸਕਣਗੇ।

15. ਬਜ਼ੁਰਗ ਕਹਾਉਤਾਂ 27:23 ਵਿਚ ਦਿੱਤਾ ਅਸੂਲ ਕਿਵੇਂ ਲਾਗੂ ਕਰ ਸਕਦੇ ਹਨ?

15ਆਪਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣੋ। ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ ਕਿ ਵਧੀਆ ਤਰੀਕੇ ਨਾਲ ਸਲਾਹ ਦੇਣ ਲਈ ਸਿਰਫ਼ ਬਾਈਬਲ ਵਿੱਚੋਂ ਕੁਝ ਆਇਤਾਂ ਦਿਖਾਉਣੀਆਂ ਜਾਂ ਇਕ-ਦੋ ਸੁਝਾਅ ਦੇਣੇ ਹੀ ਕਾਫ਼ੀ ਨਹੀਂ ਹਨ। ਸਾਡੇ ਭੈਣਾਂ-ਭਰਾਵਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਦਿਲੋਂ ਪਰਵਾਹ ਕਰਦੇ ਹਾਂ, ਉਨ੍ਹਾਂ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। (ਕਹਾਉਤਾਂ 27:23 ਪੜ੍ਹੋ।) ਬਜ਼ੁਰਗਾਂ ਨੂੰ ਆਪਣੇ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ।

ਕਿਹੜੀ ਗੱਲ ਕਰਕੇ ਬਜ਼ੁਰਗਾਂ ਲਈ ਸਲਾਹ ਦੇਣੀ ਹੋਰ ਵੀ ਸੌਖੀ ਹੋ ਜਾਂਦੀ ਹੈ? (ਪੈਰਾ 16 ਦੇਖੋ)

16. ਕਿਹੜੀ ਗੱਲ ਬਜ਼ੁਰਗਾਂ ਦੀ ਵਧੀਆ ਸਲਾਹ ਦੇਣ ਵਿਚ ਮਦਦ ਕਰਦੀ ਹੈ?

16 ਬਜ਼ੁਰਗ ਨਹੀਂ ਚਾਹੁੰਦੇ ਕਿ ਭੈਣ-ਭਰਾ ਇਹ ਸੋਚਣ ਕਿ ਉਹ ਸਿਰਫ਼ ਸਲਾਹ ਦੇਣ ਵੇਲੇ ਹੀ ਉਨ੍ਹਾਂ ਨਾਲ ਗੱਲ ਕਰਦੇ ਹਨ। ਇਸ ਦੀ ਬਜਾਇ, ਉਹ ਭੈਣਾਂ-ਭਰਾਵਾਂ ਨਾਲ ਬਾਕਾਇਦਾ ਗੱਲ ਕਰਦੇ ਹਨ। ਨਾਲੇ ਉਹ ਭੈਣਾਂ-ਭਰਾਵਾਂ ਦੀ ਉਦੋਂ ਹੋਰ ਵੀ ਪਰਵਾਹ ਕਰਦੇ ਹਨ ਜਦੋਂ ਉਹ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੁੰਦੇ ਹਨ। ਇਕ ਤਜਰਬੇਕਾਰ ਬਜ਼ੁਰਗ ਕਹਿੰਦਾ ਹੈ: “ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਸੀਂ ਭੈਣਾਂ-ਭਰਾਵਾਂ ਨਾਲ ਇਕ ਵਧੀਆ ਰਿਸ਼ਤਾ ਬਣਾ ਸਕਦੇ ਹੋ। ਫਿਰ ਜਦੋਂ ਉਨ੍ਹਾਂ ਨੂੰ ਕੋਈ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਤੁਸੀਂ ਸੌਖਿਆਂ ਹੀ ਸਲਾਹ ਦੇ ਸਕਦੇ ਹੋ।” ਨਾਲੇ ਭੈਣਾਂ-ਭਰਾਵਾਂ ਲਈ ਵੀ ਸਲਾਹ ਮੰਨਣੀ ਤੇ ਲਾਗੂ ਕਰਨੀ ਸੌਖੀ ਹੁੰਦੀ ਹੈ।

ਸਲਾਹ ਦਿੰਦੇ ਵੇਲੇ ਇਕ ਬਜ਼ੁਰਗ ਨੂੰ ਧੀਰਜ ਤੇ ਦਇਆ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ? (ਪੈਰਾ 17 ਦੇਖੋ)

17. ਇਕ ਬਜ਼ੁਰਗ ਨੂੰ ਖ਼ਾਸ ਕਰਕੇ ਕਦੋਂ ਧੀਰਜ ਤੇ ਦਇਆ ਨਾਲ ਪੇਸ਼ ਆਉਣਾ ਪਵੇ?

17ਧੀਰਜਵਾਨ ਅਤੇ ਦਿਆਲੂ ਬਣੋ। ਜਦੋਂ ਕੋਈ ਸ਼ੁਰੂ-ਸ਼ੁਰੂ ਵਿਚ ਬਾਈਬਲ ਦੀ ਸਲਾਹ ਨਹੀਂ ਮੰਨਣੀ ਚਾਹੁੰਦਾ, ਤਾਂ ਉਦੋਂ ਇਕ ਬਜ਼ੁਰਗ ਨੂੰ ਖ਼ਾਸ ਕਰਕੇ ਦਇਆ ਅਤੇ ਧੀਰਜ ਨਾਲ ਪੇਸ਼ ਆਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਨਾਲੇ ਉਸ ਨੂੰ ਖਿਝਣਾ ਨਹੀਂ ਚਾਹੀਦਾ। ਯਿਸੂ ਬਾਰੇ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਉਹ ਦਰੜੇ ਹੋਏ ਕਾਨੇ ਨੂੰ ਨਹੀਂ ਮਿੱਧੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।” (ਮੱਤੀ 12:20) ਇਕ ਬਜ਼ੁਰਗ ਯਹੋਵਾਹ ਨੂੰ ਇਕੱਲਿਆਂ ਵਿਚ ਪ੍ਰਾਰਥਨਾ ਕਰਦਿਆਂ ਉਸ ਮਸੀਹੀ ਲਈ ਮਦਦ ਮੰਗ ਸਕਦਾ ਹੈ ਜਿਸ ਨੂੰ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਮਸੀਹੀ ਸਮਝ ਸਕੇ ਕਿ ਉਸ ਨੂੰ ਸਲਾਹ ਕਿਉਂ ਦਿੱਤੀ ਗਈ ਹੈ ਅਤੇ ਉਹ ਇਸ ਨੂੰ ਲਾਗੂ ਵੀ ਕਰ ਸਕੇ। ਨਾਲੇ ਸ਼ਾਇਦ ਉਸ ਮਸੀਹੀ ਨੂੰ ਸਲਾਹ ’ਤੇ ਸੋਚ-ਵਿਚਾਰ ਕਰਨ ਲਈ ਹੋਰ ਸਮਾਂ ਵੀ ਚਾਹੀਦਾ ਹੋਵੇ। ਜੇ ਇਕ ਬਜ਼ੁਰਗ ਸਲਾਹ ਦੇਣ ਵੇਲੇ ਧੀਰਜ ਤੇ ਦਇਆ ਨਾਲ ਪੇਸ਼ ਆਉਂਦਾ ਹੈ, ਤਾਂ ਉਸ ਮਸੀਹੀ ਲਈ ਸਲਾਹ ਮੰਨਣੀ ਹੋਰ ਵੀ ਸੌਖਾ ਹੋ ਜਾਂਦੀ ਹੈ। ਬਿਨਾਂ ਸ਼ੱਕ, ਸਲਾਹ ਹਮੇਸ਼ਾ ਬਾਈਬਲ ਵਿੱਚੋਂ ਹੋਣੀ ਚਾਹੀਦੀ ਹੈ।

18. (ੳ) ਸਲਾਹ ਦਿੰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (ਅ) ਸਫ਼ਾ 18 ’ਤੇ ਦਿੱਤੀ ਤਸਵੀਰ ਅਤੇ ਡੱਬੀ ਵਿਚ ਦਿੱਤੀ ਜਾਣਕਾਰੀ ਅਨੁਸਾਰ ਮਾਪੇ ਕੀ ਚਰਚਾ ਕਰ ਰਹੇ ਹਨ?

18ਆਪਣੀਆਂ ਗ਼ਲਤੀਆਂ ਤੋਂ ਸਿੱਖੋ। ਨਾਮੁਕੰਮਲ ਹੋਣ ਕਰਕੇ ਸਾਡੇ ਲਈ ਇਸ ਲੇਖ ਵਿਚ ਦਿੱਤੀਆਂ ਸਾਰੀਆਂ ਸਲਾਹਾਂ ਲਾਗੂ ਕਰਨੀਆਂ ਔਖੀਆਂ ਹੋ ਸਕਦੀਆਂ ਹਨ। (ਯਾਕੂ. 3:2) ਸਾਡੇ ਤੋਂ ਗ਼ਲਤੀਆਂ ਤਾਂ ਹੋਣਗੀਆਂ ਹੀ, ਪਰ ਸਾਨੂੰ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਈ ਵਾਰ ਅਸੀਂ ਕੁਝ ਇੱਦਾਂ ਦਾ ਕਹਿ ਦੇਈਏ ਜਾਂ ਕਰ ਦੇਈਏ ਜਿਸ ਨਾਲ ਭੈਣਾਂ-ਭਰਾਵਾਂ ਨੂੰ ਦੁੱਖ ਲੱਗੇ। ਪਰ ਜੇ ਅਸੀਂ ਭੈਣਾਂ-ਭਰਾਵਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਂਦੇ ਹਾਂ, ਤਾਂ ਉਨ੍ਹਾਂ ਲਈ ਸਾਨੂੰ ਮਾਫ਼ ਕਰਨਾ ਹੋਰ ਵੀ ਸੌਖਾ ਹੋ ਜਾਂਦਾ ਹੈ।​—“ ਮਾਪਿਆਂ ਲਈ ਜ਼ਰੂਰੀ ਗੱਲਾਂ” ਨਾਂ ਦੀ ਡੱਬੀ ਦੇਖੋ।

ਹੁਣ ਤਕ ਅਸੀਂ ਕੀ ਸਿੱਖਿਆ?

19. ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਦਿਲ ਕਿਵੇਂ ਖ਼ੁਸ਼ ਕਰ ਸਕਦੇ ਹਾਂ?

19 ਹੁਣ ਤਕ ਅਸੀਂ ਸਿੱਖਿਆ ਕਿ ਵਧੀਆ ਤਰੀਕੇ ਨਾਲ ਸਲਾਹ ਦੇਣੀ ਸੌਖੀ ਨਹੀਂ ਹੈ ਕਿਉਂਕਿ ਸਲਾਹ ਦੇਣ ਵਾਲਾ ਅਤੇ ਜਿਸ ਨੂੰ ਸਲਾਹ ਦਿੱਤੀ ਜਾਂਦੀ ਹੈ, ਉਹ ਦੋਵੇਂ ਹੀ ਨਾਮੁਕੰਮਲ ਹਨ। ਇਸ ਲੇਖ ਵਿਚ ਦੱਸੀਆਂ ਗੱਲਾਂ ਨੂੰ ਯਾਦ ਰੱਖੋ। ਇਹ ਪੱਕਾ ਕਰੋ ਕਿ ਸਲਾਹ ਸਹੀ ਇਰਾਦੇ ਨਾਲ ਦਿੱਤੀ ਜਾਵੇ। ਨਾਲੇ ਇਹ ਗੱਲ ਵੀ ਪਤਾ ਕਰੋ ਕਿ ਸਲਾਹ ਦੇਣ ਦੀ ਸੱਚੀਂ ਲੋੜ ਹੈ। ਇਹ ਵੀ ਸੋਚੋ ਕਿ ਤੁਹਾਡੇ ਵੱਲੋਂ ਸਲਾਹ ਦੇਣੀ ਸਹੀ ਰਹੇਗੀ ਜਾਂ ਕਿਸੇ ਹੋਰ ਵੱਲੋਂ। ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਉਸ ਨੂੰ ਸਵਾਲ ਪੁੱਛੋ ਅਤੇ ਫਿਰ ਧਿਆਨ ਨਾਲ ਸੁਣੋ ਤਾਂਕਿ ਤੁਸੀਂ ਸਮਝ ਸਕੋ ਕਿ ਉਹ ਮਸੀਹੀ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ। ਮਾਮਲੇ ਨੂੰ ਉਸ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਪਿਆਰ ਨਾਲ ਪੇਸ਼ ਆਓ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਗੂੜ੍ਹੀ ਕਰੋ। ਯਾਦ ਰੱਖੋ ਕਿ ਅਸੀਂ ਭੈਣਾਂ-ਭਰਾਵਾਂ ਨੂੰ ਸਿਰਫ਼ ਵਧੀਆ ਸਲਾਹ ਹੀ ਨਹੀਂ ਦੇਣਾ ਚਾਹੁੰਦੇ, ਸਗੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਲਾਹ ਉਨ੍ਹਾਂ ਦੇ “ਦਿਲ ਨੂੰ ਖ਼ੁਸ਼” ਵੀ ਕਰੇ।​—ਕਹਾ. 27:9.

ਗੀਤ 105 “ਪਰਮੇਸ਼ੁਰ ਪਿਆਰ ਹੈ”

^ ਪੈਰਾ 5 ਸਲਾਹ ਦੇਣੀ ਹਮੇਸ਼ਾ ਸੌਖੀ ਨਹੀਂ ਹੁੰਦੀ। ਜੇ ਸਾਨੂੰ ਕਿਸੇ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਸਾਨੂੰ ਇਸ ਤਰ੍ਹਾਂ ਸਲਾਹ ਦੇਣੀ ਚਾਹੀਦੀ ਹੈ ਕਿ ਸੁਣਨ ਵਾਲੇ ਨੂੰ ਫ਼ਾਇਦਾ ਹੋਵੇ ਅਤੇ ਉਸ ਨੂੰ ਹੌਸਲਾ ਮਿਲੇ। ਇਹ ਲੇਖ ਖ਼ਾਸ ਕਰਕੇ ਬਜ਼ੁਰਗਾਂ ਦੀ ਮਦਦ ਕਰੇਗਾ ਕਿ ਉਹ ਭੈਣਾਂ-ਭਰਾਵਾਂ ਨੂੰ ਇਸ ਤਰੀਕੇ ਨਾਲ ਸਲਾਹ ਦੇਣ ਜਿਸ ਨੂੰ ਭੈਣ-ਭਰਾ ਸੁਣ ਤੇ ਲਾਗੂ ਕਰ ਸਕਣ।

^ ਪੈਰਾ 11 ਫਰਵਰੀ 2021 ਦਾ ਪਹਿਰਾਬੁਰਜਮੰਡਲੀ ਵਿਚ ਮੁਖੀ ਦੀ ਜ਼ਿੰਮੇਵਾਰੀ ਨੂੰ ਸਮਝਣਾ” ਨਾਂ ਦਾ ਲੇਖ ਦੇਖੋ।