Skip to content

Skip to table of contents

ਅਧਿਐਨ ਲੇਖ 17

ਮਾਵਾਂ, ਯੂਨੀਕਾ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

ਮਾਵਾਂ, ਯੂਨੀਕਾ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

“ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡੀਂ। ਉਹ ਤੇਰੇ ਸਿਰ ਲਈ ਸੋਹਣਾ ਤਾਜ ਅਤੇ ਤੇਰੇ ਗਲ਼ੇ ਦਾ ਸੁੰਦਰ ਗਹਿਣਾ ਹਨ।”​—ਕਹਾ. 1:8, 9.

ਗੀਤ 137 ਪਿਆਰੀਆਂ ਵਫ਼ਾਦਾਰ ਭੈਣਾਂ

ਖ਼ਾਸ ਗੱਲਾਂ a

ਤਿਮੋਥਿਉਸ ਦੇ ਬਪਤਿਸਮੇ ਵੇਲੇ ਉਸ ਦੀ ਮਾਂ ਯੂਨੀਕਾ ਤੇ ਨਾਨੀ ਲੋਇਸ ਨੇ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਕੀਤਾ (ਪੈਰਾ 1 ਦੇਖੋ)

1-2. (ੳ) ਯੂਨੀਕਾ ਕੌਣ ਸੀ ਅਤੇ ਉਸ ਨੂੰ ਕਿਹੜੀ ਮੁਸ਼ਕਲ ਆਈ? (ਅ) ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਬਾਰੇ ਸਮਝਾਓ।

 ਭਾਵੇਂ ਕਿ ਬਾਈਬਲ ਵਿਚ ਤਿਮੋਥਿਉਸ ਦੇ ਬਪਤਿਸਮੇ ਬਾਰੇ ਕੁਝ ਨਹੀਂ ਦੱਸਿਆ ਗਿਆ, ਫਿਰ ਵੀ ਅਸੀਂ ਸੋਚ ਸਕਦੇ ਹਾਂ ਕਿ ਉਸ ਦੇ ਬਪਤਿਸਮੇ ਵਾਲੇ ਦਿਨ ਉਸ ਦੀ ਮਾਂ ਯੂਨੀਕਾ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ। (ਕਹਾ. 23:25) ਹੁਣ ਜ਼ਰਾ ਕਲਪਨਾ ਕਰੋ ਕਿ ਤਿਮੋਥਿਉਸ ਬਪਤਿਸਮਾ ਲੈਣ ਲਈ ਪਾਣੀ ਵਿਚ ਖੜ੍ਹਾ ਹੈ ਅਤੇ ਉਸ ਦੀ ਮਾਂ ਯੂਨੀਕਾ ਉਸ ਨੂੰ ਦੇਖ ਕੇ ਬਹੁਤ ਖ਼ੁਸ਼ ਹੈ! ਉਸ ਦੀਆਂ ਅੱਖਾਂ ਵਿਚ ਚਮਕ ਹੈ ਅਤੇ ਉਸ ਨੂੰ ਮਾਣ ਹੈ ਕਿ ਉਸ ਦਾ ਮੁੰਡਾ ਬਪਤਿਸਮਾ ਲੈਣ ਲੱਗਾ ਹੈ। ਉਸ ਦੀ ਨਾਨੀ ਲੋਇਸ ਉਸ ਦੀ ਮਾਂ ਯੂਨੀਕਾ ਕੋਲ ਖੜ੍ਹੀ ਹੈ ਅਤੇ ਉਹ ਵੀ ਬਹੁਤ ਖ਼ੁਸ਼ ਹੈ। ਤਿਮੋਥਿਉਸ ਜਿਉਂ ਹੀ ਪਾਣੀ ਵਿੱਚੋਂ ਉੱਪਰ ਆਉਂਦਾ ਹੈ, ਤਾਂ ਉਸ ਦੇ ਚਿਹਰੇ ʼਤੇ ਵੱਡੀ ਸਾਰੀ ਮੁਸਕਰਾਹਟ ਦੇਖ ਕੇ ਉਸ ਦੀ ਮਾਂ ਯੂਨੀਕਾ ਖ਼ੁਸ਼ੀ ਦੇ ਮਾਰੇ ਆਪਣੇ ਹੰਝੂ ਨਹੀਂ ਰੋਕ ਪਾਉਂਦੀ। ਭਾਵੇਂ ਕਿ ਯੂਨੀਕਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਫਿਰ ਵੀ ਉਹ ਆਪਣੇ ਮੁੰਡੇ ਦੇ ਦਿਲ ਵਿਚ ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਪੈਦਾ ਕਰਨ ਵਿਚ ਸਫ਼ਲ ਹੋਈ। ਉਸ ਨੇ ਕਿਹੜੀਆਂ ਮੁਸ਼ਕਲਾਂ ਪਾਰ ਕੀਤੀਆਂ?

2 ਤਿਮੋਥਿਉਸ ਦੇ ਮਾਤਾ-ਪਿਤਾ ਅਲੱਗ-ਅਲੱਗ ਧਰਮ ਨੂੰ ਮੰਨਦੇ ਸਨ। ਇਸ ਕਰਕੇ ਉਸ ਨੇ ਬਚਪਨ ਤੋਂ ਉਨ੍ਹਾਂ ਦੇ ਧਰਮ ਬਾਰੇ ਸਿੱਖਿਆ ਹੋਣਾ। ਉਸ ਦਾ ਪਿਤਾ ਯੂਨਾਨੀ ਸੀ ਅਤੇ ਉਸ ਦੀ ਮਾਤਾ ਤੇ ਨਾਨੀ ਯਹੂਦਣ ਸਨ। (ਰਸੂ. 16:1) ਤਿਮੋਥਿਉਸ ਉਦੋਂ ਨੌਜਵਾਨ ਹੀ ਸੀ ਜਦੋਂ ਉਸ ਦੀ ਮਾਤਾ ਯੂਨੀਕਾ ਤੇ ਨਾਨੀ ਲੋਇਸ ਮਸੀਹੀ ਬਣੀਆਂ। ਪਰ ਉਸ ਦੇ ਪਿਤਾ ਨੇ ਮਸੀਹੀ ਧਰਮ ਨਹੀਂ ਅਪਣਾਇਆ। ਹੁਣ ਤਿਮੋਥਿਉਸ ਕਿਹੜਾ ਧਰਮ ਅਪਣਾਵੇਗਾ? ਉਹ ਇੰਨਾ ਵੱਡਾ ਹੋ ਚੁੱਕਾ ਸੀ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦਾ ਸੀ। ਕੀ ਉਹ ਆਪਣੇ ਪਿਤਾ ਦੇ ਧਰਮ ਮੁਤਾਬਕ ਚੱਲੇਗਾ? ਜਾਂ ਕੀ ਉਹ ਬਚਪਨ ਵਿਚ ਸਿੱਖੇ ਯਹੂਦੀ ਰੀਤੀ-ਰਿਵਾਜਾਂ ਮੁਤਾਬਕ ਚੱਲੇਗਾ? ਜਾਂ ਫਿਰ ਕੀ ਉਹ ਆਪਣੀ ਮਾਤਾ ਅਤੇ ਨਾਨੀ ਵਾਂਗ ਮਸੀਹੀ ਧਰਮ ਨੂੰ ਅਪਣਾਵੇਗਾ?

3. ਕਹਾਉਤਾਂ 1:8, 9 ਮੁਤਾਬਕ ਯਹੋਵਾਹ ਮਸੀਹੀ ਮਾਵਾਂ ਦੀ ਮਿਹਨਤ ਬਾਰੇ ਕੀ ਸੋਚਦਾ ਹੈ?

3 ਅੱਜ ਮਸੀਹੀ ਮਾਵਾਂ ਵੀ ਯੂਨੀਕਾ ਵਾਂਗ ਆਪਣੇ ਪਰਿਵਾਰਾਂ ਨੂੰ ਪਿਆਰ ਕਰਦੀਆਂ ਹਨ। ਉਨ੍ਹਾਂ ਲਈ ਆਪਣੇ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਬਣਾਉਣਾ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ। ਪਰਮੇਸ਼ੁਰ ਉਨ੍ਹਾਂ ਦੀ ਇਸ ਮਿਹਨਤ ਦੀ ਬਹੁਤ ਕਦਰ ਕਰਦਾ ਹੈ। (ਕਹਾਉਤਾਂ 1:8, 9 ਪੜ੍ਹੋ।) ਬਹੁਤ ਸਾਰੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ ਹੈ ਅਤੇ ਯਹੋਵਾਹ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ।

4. ਅੱਜ ਸਾਡੀਆਂ ਭੈਣਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਵੇਲੇ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ?

4 ਸਾਡੀਆਂ ਭੈਣਾਂ ਨੂੰ ਫ਼ਿਕਰ ਹੈ ਕਿ ਤਿਮੋਥਿਉਸ ਵਾਂਗ ਕੀ ਉਨ੍ਹਾਂ ਦੇ ਬੱਚੇ ਵੀ ਯਹੋਵਾਹ ਦੀ ਸੇਵਾ ਕਰਨਗੇ। ਮਾਪੇ ਜਾਣਦੇ ਹਨ ਕਿ ਸ਼ੈਤਾਨ ਦੀ ਇਹ ਦੁਨੀਆਂ ਉਨ੍ਹਾਂ ਦੇ ਬੱਚਿਆਂ ʼਤੇ ਕਿੰਨਾ ਦਬਾਅ ਪਾਉਂਦੀ ਹੈ। (1 ਪਤ. 5:8) ਇਸ ਤੋਂ ਇਲਾਵਾ, ਬਹੁਤ ਸਾਰੀਆਂ ਭੈਣਾਂ ਨੂੰ ਇਕ ਹੋਰ ਮੁਸ਼ਕਲ ਆਉਂਦੀ ਹੈ। ਉਨ੍ਹਾਂ ਨੂੰ ਜਾਂ ਤਾਂ ਇਕੱਲਿਆਂ ਜਾਂ ਆਪਣੇ ਅਵਿਸ਼ਵਾਸੀ ਪਤੀ ਨਾਲ ਮਿਲ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ। ਉਦਾਹਰਣ ਲਈ, ਭੈਣ ਕ੍ਰਿਸਟੀਨ b ਦੱਸਦੀ ਹੈ: “ਮੇਰਾ ਪਤੀ ਇਕ ਚੰਗਾ ਪਿਤਾ ਹੋਣ ਕਰਕੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ, ਪਰ ਉਸ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿ ਮੈਂ ਬੱਚਿਆਂ ਨੂੰ ਯਹੋਵਾਹ ਬਾਰੇ ਕੁਝ ਸਿਖਾਵਾਂ। ਕਈ ਸਾਲਾਂ ਤਕ ਮੈਂ ਇਹ ਸੋਚ-ਸੋਚ ਕੇ ਰੋਣ ਲੱਗ ਪੈਂਦੀ ਸੀ ਕਿ ਪਤਾ ਨਹੀਂ ਮੇਰੇ ਬੱਚੇ ਕਦੇ ਯਹੋਵਾਹ ਦੀ ਸੇਵਾ ਕਰਨਗੇ ਜਾਂ ਨਹੀਂ।”

5. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

5 ਭੈਣੋ, ਤੁਸੀਂ ਵੀ ਯੂਨੀਕਾ ਵਾਂਗ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੀਆਂ ਹੋ ਤਾਂਕਿ ਉਹ ਵੀ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਮਾਵਾਂ ਯੂਨੀਕਾ ਦੀ ਮਿਸਾਲ ʼਤੇ ਚੱਲ ਕੇ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੀਆਂ ਹਨ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰੇਗਾ।

ਆਪਣੀ ਕਹਿਣੀ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਓ

6. ਦੂਜਾ ਤਿਮੋਥਿਉਸ 3:14, 15 ਮੁਤਾਬਕ ਤਿਮੋਥਿਉਸ ਕਿਵੇਂ ਇਕ ਮਸੀਹੀ ਬਣਿਆ?

6 ਜਦੋਂ ਤਿਮੋਥਿਉਸ ਛੋਟਾ ਸੀ, ਤਾਂ ਯੂਨੀਕਾ ਉਸ ਨੂੰ “ਪਵਿੱਤਰ ਲਿਖਤਾਂ” ਸਿਖਾਉਣ ਵਿਚ ਸਖ਼ਤ ਮਿਹਨਤ ਕਰਦੀ ਸੀ। ਭਾਵੇਂ ਕਿ ਯੂਨੀਕਾ ਨੂੰ ਯਿਸੂ ਮਸੀਹ ਬਾਰੇ ਕੁਝ ਨਹੀਂ ਪਤਾ ਸੀ, ਫਿਰ ਵੀ ਇਕ ਯਹੂਦਣ ਹੋਣ ਕਰਕੇ ਉਹ ਜਿੰਨਾ ਜਾਣਦੀ ਸੀ, ਉਸ ਨੇ ਉਹ ਸਾਰਾ ਕੁਝ ਤਿਮੋਥਿਉਸ ਨੂੰ ਸਿਖਾਇਆ। ਤਿਮੋਥਿਉਸ ਨੇ ਛੋਟੇ ਹੁੰਦਿਆਂ ਆਪਣੀ ਮਾਂ ਤੋਂ ਜੋ ਗੱਲਾਂ ਸਿੱਖੀਆਂ ਸਨ, ਉਹ ਉਸ ਲਈ ਮਸੀਹੀ ਧਰਮ ਅਪਣਾਉਣ ਲਈ ਕਾਫ਼ੀ ਸਨ। ਪਰ ਕੀ ਉਹ ਮਸੀਹੀ ਬਣਿਆ? ਜਵਾਨ ਹੋਣ ਕਰਕੇ ਉਸ ਕੋਲ ਇਹ ਫ਼ੈਸਲਾ ਕਰਨ ਦਾ ਹੱਕ ਸੀ ਕਿ ਉਹ ਮਸੀਹੀ ਬਣੇਗਾ ਜਾਂ ਨਹੀਂ। ਉਸ ਦੀ ਮਾਂ ਨੇ ਉਸ ਨੂੰ ਯਿਸੂ ਬਾਰੇ “ਸਮਝਾ ਕੇ ਯਕੀਨ ਦਿਵਾਇਆ” ਕਿ ਉਹੀ ਮਸੀਹ ਹੈ। ਇਸ ਲਈ ਉਸ ਨੇ ਵੀ ਮਸੀਹੀ ਬਣਨ ਦਾ ਫ਼ੈਸਲਾ ਕੀਤਾ। (2 ਤਿਮੋਥਿਉਸ 3:14, 15 ਪੜ੍ਹੋ।) ਉਸ ਦੇ ਇਸ ਫ਼ੈਸਲੇ ਤੋਂ ਯੂਨੀਕਾ ਕਿੰਨੀ ਖ਼ੁਸ਼ ਹੋਈ ਹੋਣੀ! ਯੂਨੀਕਾ ਦੇ ਨਾਂ ਦਾ ਮਤਲਬ ਹੈ “ਜਿੱਤ ਹਾਸਲ ਕਰਨੀ” ਅਤੇ ਉਹ ਆਪਣੇ ਇਸ ਨਾਂ ʼਤੇ ਖਰੀ ਉੱਤਰੀ। ਉਸ ਅੱਗੇ ਜੋ ਵੀ ਮੁਸ਼ਕਲਾਂ ਆਈਆਂ, ਉਸ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਮੁੰਡੇ ਨੂੰ ਯਹੋਵਾਹ ਬਾਰੇ ਚੰਗੀ ਤਰ੍ਹਾਂ ਸਿਖਾਉਣ ਵਿਚ ਸਫ਼ਲ ਹੋਈ।

7. ਯੂਨੀਕਾ ਨੇ ਆਪਣੇ ਮੁੰਡੇ ਦੇ ਬਪਤਿਸਮੇ ਤੋਂ ਬਾਅਦ ਵੀ ਤਰੱਕੀ ਕਰਦੇ ਰਹਿਣ ਵਿਚ ਉਸ ਦੀ ਕਿਵੇਂ ਮਦਦ ਕੀਤੀ?

7 ਬਪਤਿਸਮਾ ਲੈਣਾ ਤਿਮੋਥਿਉਸ ਦੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਸੀ, ਪਰ ਉਸ ਦੀ ਮਾਂ ਯੂਨੀਕਾ ਦੀਆਂ ਚਿੰਤਾਵਾਂ ਹਾਲੇ ਖ਼ਤਮ ਨਹੀਂ ਹੋਈਆਂ ਸਨ। ਉਸ ਨੂੰ ਇਨ੍ਹਾਂ ਗੱਲਾਂ ਦੀ ਚਿੰਤਾ ਸੀ: ਉਸ ਦਾ ਮੁੰਡਾ ਆਪਣੀ ਬਾਕੀ ਜ਼ਿੰਦਗੀ ਕਿਵੇਂ ਗੁਜ਼ਾਰੇਗਾ? ਕਿਤੇ ਉਹ ਬੁਰੀ ਸੰਗਤ ਵਿਚ ਤਾਂ ਨਹੀਂ ਪੈ ਜਾਵੇਗਾ? ਕੀ ਉਹ ਐਥਿਨਜ਼ ਵਿਚ ਜਾ ਕੇ ਪੜ੍ਹਾਈ ਕਰੇਗਾ ਅਤੇ ਉੱਥੇ ਸਿਖਾਏ ਜਾਂਦੇ ਝੂਠੇ ਫ਼ਲਸਫ਼ਿਆਂ ʼਤੇ ਯਕੀਨ ਕਰਨ ਲੱਗ ਜਾਵੇਗਾ? ਕੀ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਆਪਣਾ ਸਮਾਂ, ਤਾਕਤ ਅਤੇ ਜਵਾਨੀ ਬਰਬਾਦ ਕਰ ਲਵੇਗਾ? ਯੂਨੀਕਾ ਤਿਮੋਥਿਉਸ ਲਈ ਫ਼ੈਸਲੇ ਨਹੀਂ ਲੈ ਸਕਦੀ ਸੀ, ਪਰ ਉਹ ਉਸ ਦੀ ਫ਼ੈਸਲੇ ਲੈਣ ਵਿਚ ਮਦਦ ਜ਼ਰੂਰ ਕਰ ਸਕਦੀ ਸੀ। ਕਿਵੇਂ? ਉਹ ਆਪਣੇ ਮੁੰਡੇ ਦੇ ਬਪਤਿਸਮੇ ਤੋਂ ਬਾਅਦ ਵੀ ਉਸ ਨੂੰ ਸਿਖਾਉਣ ਲਈ ਸਖ਼ਤ ਮਿਹਨਤ ਕਰਦੀ ਰਹਿ ਸਕਦੀ ਸੀ ਤਾਂਕਿ ਉਸ ਦਾ ਮੁੰਡਾ ਯਹੋਵਾਹ ਨੂੰ ਪਿਆਰ ਕਰਦਾ ਰਹੇ। ਨਾਲੇ ਯਹੋਵਾਹ ਅਤੇ ਯਿਸੂ ਨੇ ਉਨ੍ਹਾਂ ਦੇ ਪਰਿਵਾਰ ਲਈ ਜੋ ਕੁਝ ਵੀ ਕੀਤਾ ਸੀ, ਉਸ ਲਈ ਉਹ ਸ਼ੁਕਰਗੁਜ਼ਾਰੀ ਦਿਖਾਉਂਦਾ ਰਹੇ। ਅੱਜ ਵੀ ਜੇ ਮੰਮੀ-ਡੈਡੀ ਵਿੱਚੋਂ ਕੋਈ ਇਕ ਜਣਾ ਹੀ ਗਵਾਹ ਹੈ, ਤਾਂ ਉਸ ਲਈ ਇਕੱਲਿਆਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਔਖਾ ਹੁੰਦਾ ਹੈ। ਜੇ ਮੰਮੀ-ਡੈਡੀ ਦੋਵੇਂ ਗਵਾਹ ਹੋਣ, ਤਾਂ ਵੀ ਉਨ੍ਹਾਂ ਲਈ ਆਪਣੇ ਬੱਚਿਆਂ ਦੇ ਦਿਲ ਤਕ ਪਹੁੰਚਣਾ ਅਤੇ ਉਨ੍ਹਾਂ ਦੀ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ ਵਿਚ ਮਦਦ ਕਰਨਾ ਔਖਾ ਹੋ ਸਕਦਾ ਹੈ। ਤਾਂ ਫਿਰ ਮਾਪੇ ਯੂਨੀਕਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

8. ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਲਈ ਭੈਣਾਂ ਆਪਣੇ ਪਤੀਆਂ ਦੀ ਕਿਵੇਂ ਮਦਦ ਕਰ ਸਕਦੀਆਂ ਹਨ?

8 ਆਪਣੇ ਬੱਚਿਆਂ ਨੂੰ ਬਾਈਬਲ ਤੋਂ ਸਿਖਾਓ। ਭੈਣੋ, ਜੇ ਤੁਹਾਡੇ ਪਤੀ ਸੱਚਾਈ ਵਿਚ ਹਨ, ਤਾਂ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਉਨ੍ਹਾਂ ਦੀ ਮਦਦ ਕਰੋ। ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ ਲਈ ਕੀਤੇ ਜਾਂਦੇ ਪ੍ਰਬੰਧਾਂ ਵਿਚ ਤੁਸੀਂ ਆਪਣੇ ਪਤੀ ਦਾ ਸਾਥ ਦਿਓ। ਆਪਣੇ ਬੱਚਿਆਂ ਨਾਲ ਪਰਿਵਾਰਕ ਸਟੱਡੀ ਦੇ ਫ਼ਾਇਦਿਆਂ ਬਾਰੇ ਗੱਲਾਂ ਕਰਦੀਆਂ ਰਹੋ। ਪਹਿਲਾਂ ਤੋਂ ਹੀ ਸੋਚੋ ਕਿ ਤੁਸੀਂ ਕੀ ਕਰ ਸਕਦੀਆਂ ਹੋ ਤਾਂਕਿ ਪਰਿਵਾਰਕ ਸਟੱਡੀ ਦੌਰਾਨ ਵਧੀਆ ਤੇ ਮਜ਼ੇਦਾਰ ਮਾਹੌਲ ਬਣੇ। ਇਸ ਤੋਂ ਇਲਾਵਾ, ਤੁਸੀਂ ਆਪਣੇ ਪਤੀਆਂ ਨਾਲ ਮਿਲ ਕੇ ਪਹਿਲਾਂ ਹੀ ਤੈਅ ਕਰ ਸਕਦੀਆਂ ਹੋ ਕਿ ਪਰਿਵਾਰਕ ਸਟੱਡੀ ਦੌਰਾਨ ਤੁਸੀਂ ਕਿਸ ਵਿਸ਼ੇ ʼਤੇ ਗੱਲਬਾਤ ਕਰੋਗੇ, ਕੋਈ ਮਾਡਲ ਬਣਾਓਗੇ, ਕੋਈ ਡਰਾਮਾ ਕਰੋਗੇ ਜਾਂ ਕੁਝ ਹੋਰ ਕਰੋਗੇ। ਜੇ ਤੁਹਾਡੇ ਬੱਚੇ ਇਸ ਕਾਬਲ ਹਨ ਕਿ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿੱਚੋਂ ਸਿਖਾਇਆ ਜਾ ਸਕਦਾ ਹੈ, ਤਾਂ ਤੁਸੀਂ ਵੀ ਉਨ੍ਹਾਂ ਨੂੰ ਸਿਖਾਉਣ ਵਿਚ ਆਪਣੇ ਪਤੀਆਂ ਦੀ ਮਦਦ ਕਰ ਸਕਦੀਆਂ ਹੋ।

9. ਜਿਨ੍ਹਾਂ ਭੈਣਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ, ਉਨ੍ਹਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

9 ਕੁਝ ਭੈਣਾਂ ਨੂੰ ਇਕੱਲਿਆਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ ਜਾਂ ਕੁਝ ਭੈਣਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ, ਇਸ ਕਰਕੇ ਉਨ੍ਹਾਂ ਨੂੰ ਇਕੱਲਿਆਂ ਹੀ ਆਪਣੇ ਬੱਚਿਆਂ ਨੂੰ ਬਾਈਬਲ ਵਿੱਚੋਂ ਸਿਖਾਉਣਾ ਪੈਂਦਾ ਹੈ। ਜੇ ਤੁਹਾਡੇ ਹਾਲਾਤ ਵੀ ਇਸ ਤਰ੍ਹਾਂ ਦੇ ਹਨ, ਤਾਂ ਹੱਦੋਂ ਵੱਧ ਚਿੰਤਾ ਨਾ ਕਰੋ। ਯਹੋਵਾਹ ਤੁਹਾਡੀ ਮਦਦ ਕਰੇਗਾ। ਉਸ ਨੇ ਆਪਣੇ ਸੰਗਠਨ ਰਾਹੀਂ ਸਿਖਾਉਣ ਲਈ ਜੋ ਵੀ ਪ੍ਰਕਾਸ਼ਨ ਦਿੱਤੇ ਹਨ, ਉਨ੍ਹਾਂ ਨੂੰ ਵਰਤ ਕੇ ਆਪਣੇ ਬੱਚਿਆਂ ਨੂੰ ਸਿਖਾਓ। ਤੁਸੀਂ ਚਾਹੋ ਤਾਂ ਤਜਰਬੇਕਾਰ ਮਾਪਿਆਂ ਨੂੰ ਪੁੱਛ ਸਕਦੀਆਂ ਹੋ ਕਿ ਉਹ ਆਪਣੀ ਪਰਿਵਾਰਕ ਸਟੱਡੀ ਵਿਚ ਇਨ੍ਹਾਂ ਪ੍ਰਕਾਸ਼ਨਾਂ ਨੂੰ ਕਿਵੇਂ ਵਰਤਦੇ ਹਨ? c (ਕਹਾ. 11:14) ਜੇ ਤੁਹਾਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਔਖੀ ਲੱਗਦੀ ਹੈ, ਤਾਂ ਉਸ ਮਾਮਲੇ ਵਿਚ ਵੀ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਉਹ ਬੱਚਿਆਂ ਦੇ ਮਨ ਦੀਆਂ ਗੱਲਾਂ ਜਾਣਨ ਲਈ ਸਹੀ ਸਵਾਲ ਪੁੱਛਣ ਵਿਚ ਤੁਹਾਡੀ ਮਦਦ ਕਰੇ। (ਕਹਾ. 20:5) ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੋਈ ਸੌਖਾ ਜਿਹਾ ਸਵਾਲ ਪੁੱਛ ਸਕਦੀਆਂ ਹੋ: ‘ਤੁਹਾਨੂੰ ਸਕੂਲ ਵਿਚ ਸਭ ਤੋਂ ਵੱਡੀ ਮੁਸ਼ਕਲ ਕਿਹੜੀ ਆਉਂਦੀ ਹੈ?’ ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕੋਗੀਆਂ।

10. ਹੋਰ ਕਿਹੜੇ ਤਰੀਕਿਆਂ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਸਕਦੀਆਂ ਹੋ?

10 ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੇ ਮੌਕੇ ਭਾਲੋ। ਤੁਸੀਂ ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਅਤੇ ਤੁਹਾਡੇ ਲਈ ਕੀਤੇ ਉਸ ਦੇ ਕੰਮਾਂ ਬਾਰੇ ਗੱਲ ਕਰੋ। (ਬਿਵ. 6:6, 7; ਯਸਾ. 63:7) ਇਸ ਤਰ੍ਹਾਂ ਕਰਨਾ ਖ਼ਾਸ ਕਰਕੇ ਉਦੋਂ ਜ਼ਿਆਦਾ ਜ਼ਰੂਰੀ ਹੈ, ਜਦੋਂ ਤੁਸੀਂ ਬਾਕਾਇਦਾ ਆਪਣੇ ਘਰ ਵਿਚ ਆਪਣੇ ਬੱਚਿਆਂ ਨਾਲ ਸਟੱਡੀ ਨਹੀਂ ਕਰ ਸਕਦੇ। ਕ੍ਰਿਸਟੀਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਮੇਰੇ ਲਈ ਆਪਣੇ ਬੱਚਿਆਂ ਨਾਲ ਘਰ ਵਿਚ ਯਹੋਵਾਹ ਬਾਰੇ ਗੱਲ ਕਰਨੀ ਬਹੁਤ ਔਖੀ ਸੀ, ਪਰ ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ, ਮੈਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਂਦੀ ਸੀ। ਇਸ ਲਈ ਜਦੋਂ ਵੀ ਅਸੀਂ ਸੈਰ ਕਰਨ ਜਾਂ ਕਿਸ਼ਤੀ ਵਿਚ ਬੈਠ ਕੇ ਘੁੰਮਣ-ਫਿਰਨ ਲਈ ਜਾਂਦੇ ਸੀ, ਤਾਂ ਮੈਂ ਸ੍ਰਿਸ਼ਟੀ ਅਤੇ ਬਾਈਬਲ ਦੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਕਰ ਕੇ ਉਨ੍ਹਾਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰਦੀ ਸੀ। ਨਾਲੇ ਜਦੋਂ ਮੇਰੇ ਬੱਚੇ ਥੋੜ੍ਹੇ ਵੱਡੇ ਹੋ ਗਏ, ਤਾਂ ਮੈਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਖ਼ੁਦ ਬਾਈਬਲ ਦੀ ਸਟੱਡੀ ਕਰਨ।” ਇਸ ਤੋਂ ਇਲਾਵਾ, ਮਾਵਾਂ ਹੋਰ ਕੀ ਕਰ ਸਕਦੀਆਂ ਹਨ? ਯਹੋਵਾਹ ਦੇ ਸੰਗਠਨ ਅਤੇ ਭੈਣਾਂ-ਭਰਾਵਾਂ ਬਾਰੇ ਚੰਗੀਆਂ ਗੱਲਾਂ ਕਰੋ। ਬਜ਼ੁਰਗਾਂ ਦੀ ਬੁਰਾਈ ਨਾ ਕਰੋ, ਨਹੀਂ ਤਾਂ ਮੁਸ਼ਕਲਾਂ ਆਉਣ ਤੇ ਬੱਚੇ ਸ਼ਾਇਦ ਬਜ਼ੁਰਗਾਂ ਤੋਂ ਮਦਦ ਨਾ ਲੈਣੀ ਚਾਹੁਣ।

11. ਯਾਕੂਬ 3:18 ਮੁਤਾਬਕ ਘਰ ਵਿਚ ਸ਼ਾਂਤੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ?

11 ਘਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਪਤੀ ਤੇ ਬੱਚਿਆਂ ਲਈ ਪਿਆਰ ਜ਼ਾਹਰ ਕਰੋ। ਆਪਣੇ ਪਤੀ ਬਾਰੇ ਪਿਆਰ ਅਤੇ ਆਦਰ ਨਾਲ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨਾ ਸਿਖਾਓ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੀਆਂ, ਤਾਂ ਘਰ ਵਿਚ ਸ਼ਾਂਤੀ ਭਰਿਆ ਮਾਹੌਲ ਹੋਵੇਗਾ ਅਤੇ ਬੱਚਿਆਂ ਲਈ ਯਹੋਵਾਹ ਬਾਰੇ ਸਿੱਖਣਾ ਸੌਖਾ ਹੋਵੇਗਾ। (ਯਾਕੂਬ 3:18 ਪੜ੍ਹੋ।) ਜ਼ਰਾ ਰੋਮਾਨੀਆ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦੇ ਜੋਜ਼ਫ਼ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਛੋਟਾ ਹੁੰਦਾ ਸੀ, ਤਾਂ ਉਸ ਦੇ ਡੈਡੀ ਦੇ ਵਿਰੋਧ ਕਰਕੇ ਉਸ ਲਈ, ਉਸ ਦੀ ਮੰਮੀ ਅਤੇ ਭੈਣ-ਭਰਾਵਾਂ ਲਈ ਯਹੋਵਾਹ ਦੀ ਸੇਵਾ ਕਰਨੀ ਬਹੁਤ ਔਖੀ ਹੋ ਗਈ ਸੀ। ਜੌਜ਼ਫ਼ ਦੱਸਦਾ ਹੈ: “ਮੇਰੀ ਮੰਮੀ ਨੇ ਘਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ। ਮੇਰਾ ਡੈਡੀ ਜਿੰਨਾ ਜ਼ਿਆਦਾ ਰੁੱਖੇ ਤਰੀਕੇ ਨਾਲ ਪੇਸ਼ ਆਉਂਦਾ ਸੀ, ਮੇਰੀ ਮੰਮੀ ਉੱਨਾ ਜ਼ਿਆਦਾ ਨਰਮਾਈ ਨਾਲ ਪੇਸ਼ ਆਉਂਦੀ ਸੀ। ਜਦੋਂ ਮੰਮੀ ਨੂੰ ਲੱਗਦਾ ਸੀ ਕਿ ਸਾਡੇ ਲਈ ਡੈਡੀ ਦਾ ਆਦਰ ਕਰਨਾ ਤੇ ਕਹਿਣਾ ਮੰਨਣਾ ਔਖਾ ਸੀ, ਤਾਂ ਉਹ ਸਾਡੇ ਨਾਲ ਅਫ਼ਸੀਆਂ 6:1-3 ਬਾਰੇ ਚਰਚਾ ਕਰਦੀ ਸੀ। ਫਿਰ ਉਹ ਸਾਨੂੰ ਡੈਡੀ ਦੇ ਚੰਗੇ ਗੁਣ ਦੱਸਦੀ ਸੀ ਅਤੇ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਸੀ ਕਿ ਸਾਨੂੰ ਆਪਣੇ ਡੈਡੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਮੰਮੀ ਕਰਕੇ ਹੀ ਸਾਡੇ ਘਰ ਦੀ ਸ਼ਾਂਤੀ ਹਮੇਸ਼ਾ ਬਣੀ ਰਹੀ।”

ਆਪਣੇ ਕੰਮਾਂ ਰਾਹੀਂ ਬੱਚਿਆਂ ਨੂੰ ਸਿਖਾਓ

12. ਦੂਜਾ ਤਿਮੋਥਿਉਸ 1:5 ਮੁਤਾਬਕ ਯੂਨੀਕਾ ਦੀ ਵਧੀਆ ਮਿਸਾਲ ਦਾ ਤਿਮੋਥਿਉਸ ʼਤੇ ਕੀ ਅਸਰ ਪਿਆ?

12 ਦੂਜਾ ਤਿਮੋਥਿਉਸ 1:5 ਪੜ੍ਹੋ। ਯੂਨੀਕਾ ਨੇ ਤਿਮੋਥਿਉਸ ਲਈ ਵਧੀਆ ਮਿਸਾਲ ਰੱਖੀ। ਉਸ ਨੇ ਉਸ ਨੂੰ ਇਹ ਜ਼ਰੂਰ ਸਿਖਾਇਆ ਹੋਣਾ ਕਿ ਨਿਹਚਾ ਦਾ ਸਬੂਤ ਕੰਮਾਂ ਰਾਹੀਂ ਮਿਲਦਾ ਹੈ। (ਯਾਕੂ. 2:26) ਯੂਨੀਕਾ ਨੇ ਜੋ ਵੀ ਕੀਤਾ, ਉਸ ਨੂੰ ਦੇਖ ਕੇ ਤਿਮੋਥਿਉਸ ਚੰਗੀ ਤਰ੍ਹਾਂ ਸਮਝ ਗਿਆ ਹੋਣਾ ਕਿ ਉਸ ਦੀ ਮਾਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਉਸ ਦੀ ਸੇਵਾ ਕਰ ਕੇ ਉਸ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਯੂਨੀਕਾ ਦੀ ਵਧੀਆ ਮਿਸਾਲ ਦਾ ਤਿਮੋਥਿਉਸ ʼਤੇ ਕੀ ਅਸਰ ਪਿਆ? ਪੌਲੁਸ ਰਸੂਲ ਨੇ ਲਿਖਿਆ ਕਿ ਤਿਮੋਥਿਉਸ ਦੀ ਨਿਹਚਾ ਵੀ ਉਸ ਦੀ ਮਾਂ ਜਿੰਨੀ ਮਜ਼ਬੂਤ ਸੀ। ਪਰ ਉਸ ਦੀ ਨਿਹਚਾ ਆਪਣੇ ਆਪ ਹੀ ਮਜ਼ਬੂਤ ਨਹੀਂ ਹੋਈ ਸੀ। ਉਸ ਨੇ ਦੇਖਿਆ ਸੀ ਕਿ ਕਿਵੇਂ ਉਸ ਦੀ ਮਾਂ ਨੇ ਵੱਖੋ-ਵੱਖਰੇ ਹਾਲਾਤਾਂ ਵਿਚ ਆਪਣੀ ਨਿਹਚਾ ਦਾ ਸਬੂਤ ਦਿੱਤਾ ਅਤੇ ਉਸ ਨੇ ਵੀ ਆਪਣੀ ਮਾਂ ਦੀ ਮਿਸਾਲ ʼਤੇ ਚੱਲਣ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ ਅੱਜ ਬਹੁਤ ਸਾਰੀਆਂ ਮਾਵਾਂ ਨੇ “ਕੁਝ ਕਹੇ ਬਿਨਾਂ” ਆਪਣੇ ਪਰਿਵਾਰਾਂ ਦੇ ਜੀਆਂ ਦੇ ਦਿਲਾਂ ਨੂੰ ਜਿੱਤਿਆ ਹੈ। (1 ਪਤ. 3:1, 2) ਤੁਸੀਂ ਵੀ ਵਧੀਆ ਮਿਸਾਲ ਕਾਇਮ ਕਰ ਕੇ ਆਪਣੇ ਬੱਚਿਆਂ ਨੂੰ ਸਿਖਾ ਸਕਦੀਆਂ ਹੋ। ਆਓ ਦੇਖੀਏ ਕਿਵੇਂ?

13. ਮਾਵਾਂ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ?

13 ਯਹੋਵਾਹ ਨਾਲ ਰਿਸ਼ਤੇ ਨੂੰ ਪਹਿਲ ਦਿਓ। (ਬਿਵ. 6:5, 6) ਬਾਕੀ ਮਾਵਾਂ ਵਾਂਗ ਤੁਸੀਂ ਵੀ ਆਪਣੇ ਬੱਚਿਆਂ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੀਆਂ ਹੋ। ਤੁਸੀਂ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣਾ ਸਮਾਂ, ਪੈਸਾ, ਨੀਂਦ ਅਤੇ ਹੋਰ ਚੀਜ਼ਾਂ ਦਾ ਤਿਆਗ ਕਰਦੀਆਂ ਹੋ। ਪਰ ਤੁਹਾਨੂੰ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਵਿਚ ਇੰਨਾ ਜ਼ਿਆਦਾ ਨਹੀਂ ਰੁੱਝ ਜਾਣਾ ਚਾਹੀਦਾ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੀ ਦਾਅ ʼਤੇ ਲੱਗ ਜਾਵੇ। ਇਸ ਲਈ ਬਾਕਾਇਦਾ ਪ੍ਰਾਰਥਨਾ ਕਰਨ, ਬਾਈਬਲ ਅਧਿਐਨ ਕਰਨ ਅਤੇ ਮੀਟਿੰਗਾਂ ਲਈ ਸਮਾਂ ਕੱਢੋ। ਇਸ ਤਰ੍ਹਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ-ਨਾਲ ਦੂਜਿਆਂ ਲਈ ਵੀ ਇਕ ਚੰਗੀ ਮਿਸਾਲ ਰੱਖ ਸਕਦੀਆਂ ਹੋ।

14-15. ਲੀਅਨ, ਮਾਰੀਆ ਅਤੇ ਜ਼ੋਆਓਂ ਤੋਂ ਤੁਸੀਂ ਕੀ ਸਿੱਖਦੇ ਹੋ?

14 ਬਹੁਤ ਸਾਰੇ ਨੌਜਵਾਨਾਂ ਨੇ ਆਪਣੀਆਂ ਮਾਵਾਂ ਦੀਆਂ ਚੰਗੀਆਂ ਮਿਸਾਲਾਂ ਦੇਖ ਕੇ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ʼਤੇ ਭਰੋਸਾ ਕਰਨਾ ਸਿੱਖਿਆ ਹੈ। ਆਓ ਆਪਾਂ ਕੁਝ ਉਦਾਹਰਣਾਂ ʼਤੇ ਗੌਰ ਕਰੀਏ। ਕ੍ਰਿਸਟੀਨ ਦੀ ਧੀ ਲੀਅਨ ਦੱਸਦੀ ਹੈ: “ਜਦੋਂ ਮੇਰੇ ਡੈਡੀ ਘਰ ਹੁੰਦੇ ਸਨ, ਤਾਂ ਅਸੀਂ ਬਾਈਬਲ ਸਟੱਡੀ ਨਹੀਂ ਕਰ ਪਾਉਂਦੇ ਸੀ। ਪਰ ਜਦੋਂ ਮੀਟਿੰਗਾਂ ʼਤੇ ਜਾਣ ਦੀ ਗੱਲ ਆਉਂਦੀ ਸੀ, ਤਾਂ ਮੇਰੀ ਮੰਮੀ ਹਮੇਸ਼ਾ ਮੀਟਿੰਗਾਂ ʼਤੇ ਜਾਂਦੀ ਸੀ। ਭਾਵੇਂ ਕਿ ਅਸੀਂ ਬਾਈਬਲ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ ਸੀ, ਪਰ ਮੰਮੀ ਦੇ ਕੰਮਾਂ ਨੂੰ ਦੇਖ ਕੇ ਸਾਡੀ ਨਿਹਚਾ ਮਜ਼ਬੂਤ ਹੋਈ। ਮੀਟਿੰਗਾਂ ਵਿਚ ਜਾਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਸਾਨੂੰ ਯਕੀਨ ਹੋ ਗਿਆ ਸੀ ਕਿ ਇਹੀ ਸੱਚਾਈ ਹੈ।”

15 ਮਾਰੀਆ ਨਾਲ ਵੀ ਇੱਦਾਂ ਹੀ ਹੋਇਆ। ਜਦੋਂ ਉਸ ਦੀ ਮੰਮੀ ਸਾਰੇ ਬੱਚਿਆਂ ਨਾਲ ਮੀਟਿੰਗ ਤੋਂ ਬਾਅਦ ਘਰ ਵਾਪਸ ਆਉਂਦੀ ਸੀ, ਤਾਂ ਕਈ ਵਾਰ ਉਸ ਦਾ ਡੈਡੀ ਉਨ੍ਹਾਂ ਨੂੰ ਮਾਰਦਾ-ਕੁੱਟਦਾ ਸੀ ਅਤੇ ਗਾਲ਼ਾਂ ਕੱਢਦਾ ਸੀ। ਉਹ ਦੱਸਦੀ ਹੈ: “ਮੈਂ ਦੇਖਿਆ ਸੀ ਕਿ ਮੇਰੇ ਮੰਮੀ ਸਾਰਿਆਂ ਨਾਲੋਂ ਜ਼ਿਆਦਾ ਦਲੇਰ ਹਨ। ਜਦੋਂ ਮੈਂ ਛੋਟੀ ਸੀ, ਤਾਂ ਮੈਂ ਇਨਸਾਨਾਂ ਦੇ ਡਰ ਕਰਕੇ ਕੁਝ ਕੰਮ ਕਰਨ ਤੋਂ ਮਨ੍ਹਾ ਕਰ ਦਿੰਦੀ ਸੀ। ਪਰ ਮੈਂ ਦੇਖਿਆ ਸੀ ਕਿ ਮੇਰੇ ਮੰਮੀ ਕਿੰਨੇ ਦਲੇਰ ਸਨ ਅਤੇ ਉਹ ਹਮੇਸ਼ਾ ਯਹੋਵਾਹ ਨੂੰ ਪਹਿਲ ਦਿੰਦੇ ਸਨ। ਇਸ ਤਰ੍ਹਾਂ ਮੈਂ ਇਨਸਾਨਾਂ ਦੇ ਡਰ ʼਤੇ ਕਾਬੂ ਪਾ ਸਕੀ।” ਜ਼ੋਆਓਂ ਨਾਂ ਦਾ ਭਰਾ ਦੱਸਦਾ ਹੈ ਕਿ ਉਸ ਦੇ ਡੈਡੀ ਨੇ ਘਰ ਵਿਚ ਬਾਈਬਲ ਜਾਂ ਯਹੋਵਾਹ ਬਾਰੇ ਗੱਲ ਕਰਨ ਤੋਂ ਬਿਲਕੁਲ ਮਨ੍ਹਾ ਕੀਤਾ ਸੀ। ਉਹ ਦੱਸਦਾ ਹੈ: “ਮੇਰੀ ਮੰਮੀ ਦੀ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਉਹ ਮੇਰੇ ਡੈਡੀ ਨੂੰ ਖ਼ੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਸੀ, ਪਰ ਜਿੱਥੇ ਯਹੋਵਾਹ ਦੀ ਗੱਲ ਆਉਂਦੀ ਸੀ, ਤਾਂ ਉੱਥੇ ਉਹ ਸਿਰਫ਼ ਯਹੋਵਾਹ ਦਾ ਪੱਖ ਲੈਂਦੀ ਸੀ।”

16. ਇਕ ਮਾਂ ਦੀ ਵਧੀਆ ਮਿਸਾਲ ਦਾ ਦੂਜਿਆਂ ʼਤੇ ਕੀ ਅਸਰ ਪੈ ਸਕਦਾ ਹੈ?

16 ਮਾਵਾਂ ਯਾਦ ਰੱਖ ਸਕਦੀਆਂ ਹਨ ਕਿ ਉਨ੍ਹਾਂ ਦੀ ਚੰਗੀ ਮਿਸਾਲ ਦਾ ਦੂਜਿਆਂ ʼਤੇ ਅਸਰ ਪੈਂਦਾ ਹੈ। ਇਹ ਗੱਲ ਸਮਝਣ ਲਈ ਆਓ ਆਪਾਂ ਦੁਬਾਰਾ ਯੂਨੀਕਾ ਦੀ ਮਿਸਾਲ ʼਤੇ ਗੌਰ ਕਰੀਏ। ਉਸ ਦੀ ਵਧੀਆ ਮਿਸਾਲ ਦਾ ਪੌਲੁਸ ਰਸੂਲ ʼਤੇ ਚੰਗਾ ਅਸਰ ਪਿਆ। ਉਸ ਨੇ ਲਿਖਿਆ ਕਿ ਉਸ ਨੇ ਤਿਮੋਥਿਉਸ ਵਿਚ ਉਹੀ ਸੱਚੀ ਨਿਹਚਾ ਦੇਖੀ ਜੋ ਉਸ ਨੇ ‘ਪਹਿਲਾਂ ਉਸ ਦੀ ਮਾਤਾ ਯੂਨੀਕਾ ਵਿਚ ਦੇਖੀ ਸੀ।’ (2 ਤਿਮੋ. 1:5) ਪੌਲੁਸ ਨੇ ਪਹਿਲੀ ਵਾਰ ਯੂਨੀਕਾ ਦੀ ਨਿਹਚਾ ਕਦੋਂ ਦੇਖੀ ਸੀ? ਲੱਗਦਾ ਹੈ ਕਿ ਜਦੋਂ ਉਹ ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਲੁਸਤ੍ਰਾ ਗਿਆ ਸੀ, ਤਾਂ ਉਹ ਉੱਥੇ ਲੋਇਸ ਅਤੇ ਯੂਨੀਕਾ ਨੂੰ ਮਿਲਿਆ ਸੀ। ਨਾਲੇ ਹੋ ਸਕਦਾ ਹੈ ਕਿ ਉਸ ਨੇ ਹੀ ਉਨ੍ਹਾਂ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਹੋਣੀ। (ਰਸੂ. 14:4-18) ਜ਼ਰਾ ਸੋਚੋ ਕਿ ਲਗਭਗ 15 ਸਾਲ ਬਾਅਦ ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਚਿੱਠੀ ਲਿਖੀ, ਤਾਂ ਉਸ ਨੇ ਉਦੋਂ ਵੀ ਯੂਨੀਕਾ ਦੀ ਵਫ਼ਾਦਾਰੀ ਦੇ ਕੰਮਾਂ ਨੂੰ ਯਾਦ ਰੱਖਿਆ ਅਤੇ ਉਸ ਨੇ ਦੱਸਿਆ ਕਿ ਯੂਨੀਕਾ ਦੀ ਮਿਸਾਲ ʼਤੇ ਚੱਲਿਆ ਜਾ ਸਕਦਾ ਹੈ। ਯੂਨੀਕਾ ਦੀ ਵਧੀਆ ਮਿਸਾਲ ਨੇ ਨਾ ਸਿਰਫ਼ ਪੌਲੁਸ ਰਸੂਲ ʼਤੇ, ਸਗੋਂ ਪਹਿਲੀ ਸਦੀ ਦੇ ਬਹੁਤ ਸਾਰੇ ਮਸੀਹੀਆਂ ਦੇ ਦਿਲਾਂ ʼਤੇ ਵੀ ਗਹਿਰੀ ਛਾਪ ਛੱਡੀ ਸੀ। ਭੈਣੋ, ਜੇ ਤੁਸੀਂ ਵੀ ਇਕੱਲਿਆਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ ਹੋ ਜਾਂ ਤੁਹਾਡੇ ਪਤੀ ਸੱਚਾਈ ਵਿਚ ਨਹੀਂ ਹਨ, ਤਾਂ ਯਕੀਨ ਰੱਖੋ ਕਿ ਤੁਹਾਡੀ ਵਫ਼ਾਦਾਰੀ ਦੀ ਮਿਸਾਲ ਕਰਕੇ ਦੂਜਿਆਂ ਦੀ ਨਿਹਚਾ ਤਕੜੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਵੀ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ।

ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਵਿਚ ਸਮਾਂ ਲੱਗਦਾ ਹੈ। ਇਸ ਲਈ ਹਾਰ ਨਾ ਮੰਨੋ! (ਪੈਰਾ 17 ਦੇਖੋ)

17. ਜਦੋਂ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਬੱਚਾ ਉੱਨੀ ਤਰੱਕੀ ਨਹੀਂ ਕਰਦਾ, ਤਾਂ ਤੁਸੀਂ ਕੀ ਕਰੋਗੇ?

17 ਪਰ ਉਦੋਂ ਕੀ ਜਦੋਂ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਬੱਚਾ ਉੱਨੀ ਤਰੱਕੀ ਨਹੀਂ ਕਰਦਾ ਜਿੰਨੀ ਤੁਸੀਂ ਸੋਚਦੇ ਹੋ? ਯਾਦ ਰੱਖੋ ਕਿ ਇਕ ਬੱਚੇ ਨੂੰ ਸਿਖਲਾਈ ਦੇਣ ਵਿਚ ਸਮਾਂ ਲੱਗਦਾ ਹੈ। ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਜਦੋਂ ਤੁਸੀਂ ਇਕ ਬੀ ਬੀਜਦੇ ਹੋ, ਤਾਂ ਸ਼ਾਇਦ ਤੁਸੀਂ ਸੋਚੋ, ਕੀ ਇਹ ਕਦੇ ਉੱਗੇਗਾ ਤੇ ਵਧ ਕੇ ਫਲ ਦੇਵੇਗਾ? ਪਰ ਬੀ ਵਧੇਗਾ ਜਾਂ ਨਹੀਂ, ਇਹ ਸਾਡੇ ਹੱਥ-ਵੱਸ ਨਹੀਂ ਹੁੰਦਾ। ਫਿਰ ਵੀ ਤੁਸੀਂ ਉਸ ਨੂੰ ਪਾਣੀ ਦਿੰਦੇ ਰਹਿ ਸਕਦੇ ਹੋ ਤਾਂਕਿ ਉਸ ਨੂੰ ਵਧਣ ਦਾ ਵਧੀਆ ਮੌਕਾ ਮਿਲੇ। (ਮਰ. 4:26-29) ਬੱਚਿਆਂ ਨੂੰ ਸਿਖਾਉਣ ਲਈ ਵੀ ਇਸੇ ਤਰ੍ਹਾਂ ਕਰਨਾ ਪੈਂਦਾ ਹੈ। ਇਕ ਮਾਂ ਹੋਣ ਦੇ ਨਾਤੇ ਸ਼ਾਇਦ ਤੁਸੀਂ ਕਦੇ-ਕਦੇ ਸੋਚੋ ਕਿ ਪਤਾ ਨਹੀਂ ਤੁਹਾਡੀ ਮਿਹਨਤ ਕਰਕੇ ਤੁਹਾਡੇ ਬੱਚਿਆਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਹੋ ਰਿਹਾ ਹੈ ਜਾਂ ਨਹੀਂ। ਤੁਹਾਡੇ ਬੱਚੇ ਜੋ ਵੀ ਫ਼ੈਸਲਾ ਕਰਦੇ ਹਨ, ਉਨ੍ਹਾਂ ʼਤੇ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ। ਪਰ ਜੇ ਤੁਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਆਪਣੇ ਬੱਚਿਆਂ ਨੂੰ ਸਿਖਲਾਈ ਦਿੰਦੇ ਰਹੋਗੇ, ਤਾਂ ਤੁਸੀਂ ਉਨ੍ਹਾਂ ਨੂੰ ਯਹੋਵਾਹ ਦਾ ਦੋਸਤ ਬਣਨ ਦਾ ਵਧੀਆ ਮੌਕਾ ਦੇ ਰਹੇ ਹੋਵੋਗੇ।​—ਕਹਾ. 22:6.

ਯਹੋਵਾਹ ਦੀ ਮਦਦ ʼਤੇ ਭਰੋਸਾ ਰੱਖੋ

18. ਆਪਣੇ ਦੋਸਤ ਬਣਨ ਵਿਚ ਯਹੋਵਾਹ ਤੁਹਾਡੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦਾ ਹੈ?

18 ਬਾਈਬਲ ਸਮਿਆਂ ਤੋਂ ਯਹੋਵਾਹ ਨੇ ਬਹੁਤ ਸਾਰੇ ਨੌਜਵਾਨਾਂ ਦੀ ਉਸ ਦੇ ਦੋਸਤ ਬਣਨ ਵਿਚ ਮਦਦ ਕੀਤੀ ਹੈ। (ਜ਼ਬੂ. 22:9, 10) ਜੇ ਤੁਹਾਡੇ ਬੱਚੇ ਵੀ ਉਸ ਦੇ ਦੋਸਤ ਬਣਨਾ ਚਾਹੁੰਦੇ ਹਨ, ਤਾਂ ਉਹ ਉਨ੍ਹਾਂ ਦੀ ਵੀ ਜ਼ਰੂਰ ਮਦਦ ਕਰੇਗਾ। (1 ਕੁਰਿੰ. 3:6, 7) ਭਾਵੇਂ ਤੁਹਾਡੇ ਬੱਚੇ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਨਹੀਂ ਵੀ ਕਰਦੇ, ਤਾਂ ਵੀ ਉਹ ਉਨ੍ਹਾਂ ਨੂੰ ਪਿਆਰ ਕਰਦਾ ਰਹੇਗਾ। (ਜ਼ਬੂ. 11:4) ਜਦੋਂ ਉਹ ਥੋੜ੍ਹਾ ਜਿਹਾ ਵੀ ਦਿਖਾਉਂਦੇ ਹਨ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨ ਲਈ “ਦਿਲੋਂ ਤਿਆਰ” ਹਨ, ਤਾਂ ਉਹ ਉਸੇ ਵੇਲੇ ਉਨ੍ਹਾਂ ਦੀ ਮਦਦ ਕਰੇਗਾ। (ਰਸੂ. 13:48; 2 ਇਤਿ. 16:9) ਉਹ ਸ਼ਾਇਦ ਤੁਹਾਡੀ ਸਹੀ ਸਮੇਂ ਤੇ ਉਹ ਗੱਲ ਕਹਿਣ ਵਿਚ ਮਦਦ ਕਰੇ ਜੋ ਤੁਹਾਡੇ ਬੱਚਿਆਂ ਨੂੰ ਸੁਣਨ ਦੀ ਸਭ ਤੋਂ ਜ਼ਿਆਦਾ ਲੋੜ ਹੈ। (ਕਹਾ. 15:23) ਜਾਂ ਮੰਡਲੀ ਵਿੱਚੋਂ ਕਿਸੇ ਪਰਵਾਹ ਦਿਖਾਉਣ ਵਾਲੇ ਭੈਣ ਜਾਂ ਭਰਾ ਨੂੰ ਉਨ੍ਹਾਂ ਵਿਚ ਖ਼ਾਸ ਦਿਲਚਸਪੀ ਦਿਖਾਉਣ ਲਈ ਉਕਸਾਏ। ਨਾਲੇ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਣਗੇ, ਉਦੋਂ ਵੀ ਯਹੋਵਾਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਚੇਤੇ ਕਰਾ ਸਕਦਾ ਹੈ ਜੋ ਤੁਸੀਂ ਉਨ੍ਹਾਂ ਨੂੰ ਛੋਟੇ ਹੁੰਦਿਆਂ ਤੋਂ ਸਿਖਾਉਂਦੇ ਹੋ। (ਯੂਹੰ. 14:26) ਇਸ ਲਈ ਜੇ ਤੁਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹੋਗੇ, ਤਾਂ ਯਹੋਵਾਹ ਤੁਹਾਨੂੰ ਬਰਕਤਾਂ ਦਿੰਦਾ ਰਹੇਗਾ।

19. ਤੁਸੀਂ ਭਰੋਸਾ ਕਿਉਂ ਰੱਖ ਸਕਦੇ ਹੋ ਕਿ ਯਹੋਵਾਹ ਦੀ ਮਿਹਰ ਤੁਹਾਡੇ ʼਤੇ ਹੈ?

19 ਯਹੋਵਾਹ ਦਾ ਤੁਹਾਡੇ ਲਈ ਪਿਆਰ ਇਸ ਗੱਲ ʼਤੇ ਨਿਰਭਰ ਨਹੀਂ ਕਰਦਾ ਕਿ ਤੁਹਾਡੇ ਬੱਚੇ ਕਿਹੜੇ ਫ਼ੈਸਲੇ ਕਰਦੇ ਹਨ। ਉਹ ਤੁਹਾਨੂੰ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਜੇ ਤੁਸੀਂ ਇਕੱਲਿਆਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋ, ਤਾਂ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਬੱਚਿਆਂ ਦੀ ਰਾਖੀ ਕਰੇਗਾ ਅਤੇ ਉਨ੍ਹਾਂ ਦਾ ਪਿਤਾ ਬਣੇਗਾ। (ਜ਼ਬੂ. 68:5) ਤੁਸੀਂ ਆਪਣੇ ਬੱਚਿਆਂ ਲਈ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਉਹ ਯਹੋਵਾਹ ਦੀ ਸੇਵਾ ਕਰਨਗੇ ਜਾਂ ਨਹੀਂ। ਪਰ ਜੇ ਤੁਸੀਂ ਯਹੋਵਾਹ ਦੀ ਮਦਦ ʼਤੇ ਭਰੋਸਾ ਕਰਦੇ ਰਹੋਗੇ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਹੋਗੇ, ਤਾਂ ਤੁਸੀਂ ਉਸ ਦੀ ਮਿਹਰ ਜ਼ਰੂਰ ਪਾਓਗੇ।

ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”

a ਯੂਨੀਕਾ ਨੇ ਆਪਣੇ ਮੁੰਡੇ ਤਿਮੋਥਿਉਸ ਦੀ ਪਰਵਰਿਸ਼ ਕਰਨ ਵਿਚ ਵਧੀਆ ਮਿਸਾਲ ਰੱਖੀ। ਉਸ ਨੇ ਆਪਣੇ ਮੁੰਡੇ ਦੀ ਯਹੋਵਾਹ ਨਾਲ ਪਿਆਰ ਕਰਨ ਅਤੇ ਉਸ ਬਾਰੇ ਸਿੱਖਣ ਵਿਚ ਮਦਦ ਕੀਤੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅੱਜ ਮਸੀਹੀ ਮਾਵਾਂ, ਯੂਨੀਕਾ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੀਆਂ ਹਨ।

b ਕੁਝ ਨਾਂ ਬਦਲੇ ਗਏ ਹਨ।

c ਉਦਾਹਰਣ ਲਈ, ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 50 ਅਤੇ 15 ਅਗਸਤ 2011 ਦੇ ਪਹਿਰਾਬੁਰਜ ਦੇ ਸਫ਼ੇ 6-7 ʼਤੇ “ਪਰਿਵਾਰਕ ਅਤੇ ਨਿੱਜੀ ਸਟੱਡੀ ਲਈ ਸੁਝਾਅ” ਨਾਂ ਦਾ ਲੇਖ ਦੇਖੋ।