Skip to content

Skip to table of contents

ਅਧਿਐਨ ਲੇਖ 18

ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੋ ਅਤੇ ਉਨ੍ਹਾਂ ਨੂੰ ਹਾਸਲ ਕਰੋ

ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੋ ਅਤੇ ਉਨ੍ਹਾਂ ਨੂੰ ਹਾਸਲ ਕਰੋ

“ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ ਅਤੇ ਇਨ੍ਹਾਂ ਵਿਚ ਮਗਨ ਰਹਿ ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ।”​—1 ਤਿਮੋ. 4:15.

ਗੀਤ 84 ਸੁਨਹਿਰੇ ਮੌਕੇ, ਹੋਵੋ ਤਿਆਰ!

ਖ਼ਾਸ ਗੱਲਾਂ a

1. ਅਸੀਂ ਯਹੋਵਾਹ ਦੀ ਸੇਵਾ ਵਿਚ ਕਿਹੜੇ ਕੁਝ ਟੀਚੇ ਰੱਖ ਸਕਦੇ ਹਾਂ?

 ਸੱਚੇ ਮਸੀਹੀ ਹੋਣ ਕਰਕੇ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਕਰਨ ਲਈ ਸਾਨੂੰ ਕੁਝ ਟੀਚੇ ਰੱਖਣ ਦੀ ਲੋੜ ਹੈ, ਜਿਵੇਂ ਕਿ ਮਸੀਹੀ ਗੁਣ ਪੈਦਾ ਕਰਨੇ, ਅਲੱਗ-ਅਲੱਗ ਹੁਨਰ ਸਿੱਖਣੇ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਣੇ।

2. ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਪਾਉਣ ਲਈ ਸਖ਼ਤ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

2 ਅਸੀਂ ਸਾਰੇ ਯਹੋਵਾਹ ਦੀ ਸੇਵਾ ਵਿਚ ਹੋਰ ਤਰੱਕੀ ਕਿਉਂ ਕਰਨੀ ਚਾਹੁੰਦੇ ਹਾਂ? ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਵਿਚ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਵਰਤਦੇ ਹਾਂ, ਤਾਂ ਇਸ ਨਾਲ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਦੂਜਾ ਕਾਰਨ, ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਹੋਰ ਵੀ ਮਦਦ ਕਰਨੀ ਚਾਹੁੰਦੀ ਹਾਂ। (1 ਥੱਸ. 4:9, 10) ਚਾਹੇ ਸਾਨੂੰ ਸੱਚਾਈ ਵਿਚ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਅਸੀਂ ਸਾਰੇ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰ ਸਕਦੇ ਹਾਂ। ਆਓ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

3. ਪਹਿਲਾ ਤਿਮੋਥਿਉਸ 4:12-16 ਵਿਚ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਕੀ ਕਰਨ ਦੀ ਸਲਾਹ ਦਿੱਤੀ?

3 ਜਦੋਂ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਪਹਿਲੀ ਚਿੱਠੀ ਲਿਖੀ, ਤਾਂ ਉਦੋਂ ਤਕ ਇਹ ਨੌਜਵਾਨ ਭਰਾ ਇਕ ਤਜਰਬੇਕਾਰ ਬਜ਼ੁਰਗ ਬਣ ਚੁੱਕਾ ਸੀ। ਫਿਰ ਵੀ ਪੌਲੁਸ ਰਸੂਲ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਤਰੱਕੀ ਕਰਦਾ ਰਹੇ। (1 ਤਿਮੋਥਿਉਸ 4:12-16 ਪੜ੍ਹੋ।) ਪੌਲੁਸ ਦੇ ਇਨ੍ਹਾਂ ਸ਼ਬਦਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰਨ ਨਾਲ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਸੀ ਕਿ ਤਿਮੋਥਿਉਸ ਦੋ ਗੱਲਾਂ ਵਿਚ ਤਰੱਕੀ ਕਰੇ। ਪਹਿਲੀ, ਉਹ ਆਪਣੇ ਅੰਦਰ ਮਸੀਹੀ ਗੁਣਾਂ ਨੂੰ ਹੋਰ ਵਧਾਵੇ, ਜਿਵੇਂ ਕਿ ਪਿਆਰ, ਨਿਹਚਾ ਅਤੇ ਸ਼ੁੱਧ ਰਹਿਣਾ। ਦੂਜੀ, ਉਹ ਆਪਣੇ ਹੁਨਰਾਂ ਨੂੰ ਹੋਰ ਵੀ ਨਿਖਾਰੇ, ਜਿਵੇਂ ਕਿ ਸਾਰਿਆਂ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਣਾ, ਨਸੀਹਤਾਂ ਦੇਣੀਆਂ ਅਤੇ ਸਿੱਖਿਆ ਦੇਣ ਦਾ ਕੰਮ ਕਰਨਾ। ਤਿਮੋਥਿਉਸ ਦੀ ਮਿਸਾਲ ਨੂੰ ਧਿਆਨ ਵਿਚ ਰੱਖ ਕੇ ਆਓ ਆਪਾਂ ਉਹ ਟੀਚੇ ਰੱਖੀਏ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਤਰੱਕੀ ਕਰਦੇ ਰਹਿ ਸਕਦੇ ਹਾਂ। ਨਾਲੇ ਅਸੀਂ ਕੁਝ ਤਰੀਕਿਆਂ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਸੇਵਕਾਈ ਨੂੰ ਹੋਰ ਵੀ ਵਧਾ ਸਕਦੇ ਹਾਂ।

ਮਸੀਹੀ ਗੁਣ ਪੈਦਾ ਕਰੋ

4. ਫ਼ਿਲਿੱਪੀਆਂ 2:19-22 ਮੁਤਾਬਕ ਤਿਮੋਥਿਉਸ ਯਹੋਵਾਹ ਦਾ ਵਧੀਆ ਸੇਵਕ ਕਿਉਂ ਸੀ?

4 ਤਿਮੋਥਿਉਸ ਯਹੋਵਾਹ ਦਾ ਵਧੀਆ ਸੇਵਕ ਕਿਉਂ ਸੀ? ਉਸ ਵਿਚ ਸ਼ਾਨਦਾਰ ਮਸੀਹੀ ਗੁਣ ਸਨ। (ਫ਼ਿਲਿੱਪੀਆਂ 2:19-22 ਪੜ੍ਹੋ।) ਪੌਲੁਸ ਨੇ ਤਿਮੋਥਿਉਸ ਬਾਰੇ ਜੋ ਲਿਖਿਆ ਉਸ ਤੋਂ ਪਤਾ ਲੱਗਦਾ ਹੈ ਕਿ ਤਿਮੋਥਿਉਸ ਨਿਮਰ, ਵਫ਼ਾਦਾਰ, ਮਿਹਨਤੀ ਅਤੇ ਭਰੋਸੇਮੰਦ ਸੀ। ਉਹ ਭੈਣਾਂ-ਭਰਾਵਾਂ ਨੂੰ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਦਿਲੋਂ ਪਰਵਾਹ ਕਰਦਾ ਸੀ। ਇਸੇ ਕਰਕੇ ਪੌਲੁਸ ਤਿਮੋਥਿਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਤਿਮੋਥਿਉਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। (1 ਕੁਰਿੰ. 4:17) ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਵੀ ਪਿਆਰ ਕਰਦਾ ਹੈ ਅਤੇ ਅਸੀਂ ਭੈਣਾਂ-ਭਰਾਵਾਂ ਦੀ ਹੋਰ ਜ਼ਿਆਦਾ ਮਦਦ ਕਰ ਸਕਦੇ ਹਾਂ।​—ਜ਼ਬੂ. 25:9; 138:6.

ਦੇਖੋ ਕਿ ਤੁਸੀਂ ਆਪਣੇ ਅੰਦਰ ਹੋਰ ਕਿਹੜਾ ਮਸੀਹੀ ਗੁਣ ਵਧਾਉਣਾ ਚਾਹੁੰਦੇ ਹੋ (ਪੈਰੇ 5-6 ਦੇਖੋ)

5. (ੳ) ਤੁਸੀਂ ਆਪਣੇ ਅੰਦਰ ਕਿਹੜਾ ਖ਼ਾਸ ਗੁਣ ਵਧਾਉਣ ਦਾ ਟੀਚਾ ਰੱਖ ਸਕਦੇ ਹੋ? (ਅ) ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਇਕ ਜਵਾਨ ਭੈਣ ਕਿਹੜਾ ਟੀਚਾ ਰੱਖਦੀ ਹੈ ਅਤੇ ਉਹ ਇਸ ਨੂੰ ਹਾਸਲ ਕਰਨ ਲਈ ਕੀ ਕਰਦੀ ਹੈ?

5 ਕੋਈ ਖ਼ਾਸ ਗੁਣ ਵਧਾਉਣ ਦਾ ਟੀਚਾ ਰੱਖੋ। ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰੋ ਕਿ ਤੁਹਾਨੂੰ ਆਪਣੇ ਅੰਦਰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਫਿਰ ਇਕ ਅਜਿਹੇ ਗੁਣ ਬਾਰੇ ਸੋਚੋ ਜੋ ਤੁਸੀਂ ਵਧਾਉਣਾ ਚਾਹੁੰਦੇ ਹੋ। ਉਦਾਹਰਣ ਲਈ, ਕੀ ਤੁਸੀਂ ਹੋਰ ਵੀ ਜ਼ਿਆਦਾ ਹਮਦਰਦ ਬਣਨਾ ਚਾਹੁੰਦੇ ਹੋ? ਜਾਂ ਕੀ ਤੁਸੀਂ ਭੈਣਾਂ-ਭਰਾਵਾਂ ਦੀ ਹੋਰ ਵੀ ਜ਼ਿਆਦਾ ਮਦਦ ਕਰਨ ਵਾਲੇ ਬਣ ਸਕਦੇ ਹੋ? ਕੀ ਤੁਸੀਂ ਦੂਸਰਿਆਂ ਨਾਲ ਹੋਰ ਵੀ ਜ਼ਿਆਦਾ ਸ਼ਾਂਤੀ ਕਾਇਮ ਕਰਨ ਵਾਲੇ ਅਤੇ ਮਾਫ਼ ਕਰਨ ਵਾਲੇ ਬਣ ਸਕਦੇ ਹੋ? ਤੁਸੀਂ ਸ਼ਾਇਦ ਆਪਣੇ ਕਿਸੇ ਭਰੋਸੇਮੰਦ ਦੋਸਤ ਤੋਂ ਸਲਾਹ ਲੈ ਸਕਦੇ ਹੋ ਕਿ ਤੁਹਾਨੂੰ ਆਪਣੇ ਵਿਚ ਹੋਰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।​—ਕਹਾ. 27:6.

6. ਆਪਣੇ ਅੰਦਰ ਕੋਈ ਖ਼ਾਸ ਗੁਣ ਵਧਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਤੁਸੀਂ ਕਿਹੜੇ ਕੁਝ ਕਦਮ ਚੁੱਕ ਸਕਦੇ ਹੋ?

6 ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਜਿਹੜਾ ਗੁਣ ਤੁਸੀਂ ਆਪਣੇ ਅੰਦਰ ਹੋਰ ਵਧਾਉਣਾ ਚਾਹੁੰਦੇ ਹੋ, ਉਸ ਬਾਰੇ ਪਰਮੇਸ਼ੁਰ ਦੇ ਬਚਨ ਵਿੱਚੋਂ ਹੋਰ ਜ਼ਿਆਦਾ ਖੋਜਬੀਨ ਕਰੋ। ਮੰਨ ਲਓ ਕਿ ਤੁਸੀਂ ਦੂਜਿਆਂ ਨੂੰ ਹੋਰ ਵੀ ਜ਼ਿਆਦਾ ਮਾਫ਼ ਕਰਨ ਵਾਲੇ ਬਣਨਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਬਾਈਬਲ ਵਿੱਚੋਂ ਉਨ੍ਹਾਂ ਲੋਕਾਂ ਬਾਰੇ ਪੜ੍ਹ ਸਕਦੇ ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰ ਸਕਦੇ ਹੋ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਦੂਜਿਆਂ ਨੂੰ ਮਾਫ਼ ਕੀਤਾ ਅਤੇ ਜਿਨ੍ਹਾਂ ਨੇ ਨਹੀਂ ਕੀਤਾ। ਜ਼ਰਾ ਯਿਸੂ ਦੀ ਮਿਸਾਲ ʼਤੇ ਗੌਰ ਕਰੋ। ਉਹ ਦੂਸਰਿਆਂ ਨੂੰ ਦਿਲ ਖੋਲ੍ਹ ਕੇ ਮਾਫ਼ ਕਰਦਾ ਸੀ। (ਲੂਕਾ 7:47, 48) ਯਿਸੂ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਲਾਉਣ ਦੀ ਬਜਾਇ ਇਹ ਦੇਖਦਾ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਕਿੰਨਾ ਕੁਝ ਕਰ ਸਕਦੇ ਸਨ। ਪਰ ਯਿਸੂ ਤੋਂ ਉਲਟ, ਉਸ ਦੇ ਜ਼ਮਾਨੇ ਦੇ ਫ਼ਰੀਸੀ “ਦੂਜਿਆਂ ਨੂੰ ਤੁੱਛ ਸਮਝਦੇ ਸਨ।” (ਲੂਕਾ 18:9) ਇਨ੍ਹਾਂ ਮਿਸਾਲਾਂ ʼਤੇ ਸੋਚ-ਵਿਚਾਰ ਕਰਨ ਤੋਂ ਬਾਅਦ ਆਪਣੇ ਆਪ ਨੂੰ ਪੁੱਛੋ: ‘ਮੈ ਦੂਜਿਆਂ ਵਿਚ ਕੀ ਦੇਖਦਾ ਹਾਂ? ਮੈਂ ਦੂਜਿਆਂ ਦੇ ਕਿਹੜੇ ਗੁਣਾਂ ʼਤੇ ਧਿਆਨ ਲਾਉਂਦਾ ਹਾਂ?’ ਜੇ ਤੁਹਾਨੂੰ ਕਿਸੇ ਵਿਅਕਤੀ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ, ਤਾਂ ਕਿਉਂ ਨਾ ਤੁਸੀਂ ਉਸ ਵਿਅਕਤੀ ਦੇ ਚੰਗੇ ਗੁਣ ਲਿਖੋ। ਫਿਰ ਆਪਣੇ ਆਪ ਨੂੰ ਪੁੱਛੋ: ‘ਜੇ ਯਿਸੂ ਮੇਰੀ ਜਗ੍ਹਾ ਹੁੰਦਾ, ਤਾਂ ਉਹ ਉਸ ਵਿਅਕਤੀ ਬਾਰੇ ਕੀ ਸੋਚਦਾ? ਕੀ ਉਹ ਉਸ ਨੂੰ ਮਾਫ਼ ਕਰ ਦਿੰਦਾ?’ ਇਸ ਤਰੀਕੇ ਨਾਲ ਅਧਿਐਨ ਕਰਨ ਨਾਲ ਅਸੀਂ ਆਪਣੀ ਸੋਚ ਸੁਧਾਰ ਸਕਦੇ ਹਾਂ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਉਸ ਵਿਅਕਤੀ ਨੂੰ ਮਾਫ਼ ਕਰਨਾ ਔਖਾ ਲੱਗੇ ਜਿਸ ਨੇ ਸਾਨੂੰ ਠੇਸ ਪਹੁੰਚਾਈ ਹੈ। ਪਰ ਜੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਸਮੇਂ ਦੇ ਬੀਤਣ ਨਾਲ ਸਾਡੇ ਲਈ ਦੂਜਿਆਂ ਨੂੰ ਮਾਫ਼ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ।

ਅਲੱਗ-ਅਲੱਗ ਹੁਨਰ ਸਿੱਖੋ

ਕਿੰਗਡਮ ਹਾਲ ਦੀ ਮੁਰੰਮਤ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰੋ (ਪੈਰਾ 7 ਦੇਖੋ) d

7. ਕਹਾਉਤਾਂ 22:29 ਮੁਤਾਬਕ ਅੱਜ ਯਹੋਵਾਹ ਹੁਨਰਮੰਦ ਭੈਣਾਂ-ਭਰਾਵਾਂ ਨੂੰ ਕਿਹੜੇ ਕੰਮ ਕਰਨ ਲਈ ਵਰਤ ਰਿਹਾ ਹੈ?

7 ਤੁਸੀਂ ਅਲੱਗ-ਅਲੱਗ ਹੁਨਰ ਸਿੱਖਣ ਦਾ ਵੀ ਟੀਚਾ ਰੱਖ ਸਕਦੇ ਹੋ। ਜ਼ਰਾ ਸੋਚੋ ਕਿ ਬੈਥਲ ਘਰਾਂ, ਸੰਮੇਲਨ ਹਾਲਾਂ ਅਤੇ ਕਿੰਗਡਮ ਹਾਲਾਂ ਦੀ ਉਸਾਰੀ ਕਰਨ ਲਈ ਬਹੁਤ ਜ਼ਿਆਦਾ ਭੈਣਾਂ-ਭਰਾਵਾਂ ਦੀ ਮਦਦ ਦੀ ਲੋੜ ਪੈਂਦੀ ਹੈ। ਉਸਾਰੀ ਦਾ ਕੰਮ ਕਰਨ ਲਈ ਜੇ ਤੁਸੀਂ ਕੋਈ ਹੁਨਰ ਨਹੀਂ ਸਿੱਖਿਆ ਹੈ, ਤਾਂ ਫ਼ਿਕਰ ਨਾ ਕਰੋ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਅਲੱਗ-ਅਲੱਗ ਹੁਨਰ ਸਿੱਖੇ ਹਨ। ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ ਨਾ ਸਿਰਫ਼ ਭਰਾ, ਸਗੋਂ ਭੈਣਾਂ ਵੀ ਸੰਮੇਲਨ ਹਾਲਾਂ ਅਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਲਈ ਜ਼ਰੂਰੀ ਹੁਨਰ ਸਿੱਖ ਰਹੀਆਂ ਹਨ। ਇਨ੍ਹਾਂ ਤਰੀਕਿਆਂ ਨਾਲ ਅਤੇ ਹੋਰ ਕਈ ਤਰੀਕਿਆਂ ਨਾਲ ‘ਯੁਗਾਂ-ਯੁਗਾਂ ਦਾ ਰਾਜਾ’ ਯਹੋਵਾਹ ਅਤੇ “ਰਾਜਿਆਂ ਦਾ ਰਾਜਾ” ਯਿਸੂ ਮਸੀਹ ਹੁਨਰਮੰਦ ਭੈਣਾਂ-ਭਰਾਵਾਂ ਨੂੰ ਵਰਤ ਕੇ ਆਪਣੇ ਸ਼ਾਨਦਾਰ ਕੰਮਾਂ ਨੂੰ ਪੂਰਾ ਕਰਵਾ ਰਹੇ ਹਨ। (1 ਤਿਮੋ. 1:17; 6:15; ਕਹਾਉਤਾਂ 22:29 ਪੜ੍ਹੋ।) ਇਸ ਲਈ ਅਸੀਂ ਸਖ਼ਤ ਮਿਹਨਤ ਕਰਨੀ ਚਾਹੁੰਦੇ ਹਾਂ ਅਤੇ ਆਪਣੇ ਹੁਨਰ ਯਹੋਵਾਹ ਦੀ ਵਡਿਆਈ ਕਰਨ ਲਈ ਵਰਤਣੇ ਚਾਹੁੰਦੇ ਹਾਂ, ਨਾ ਕਿ ਆਪਣੀ ਵਡਿਆਈ ਕਰਾਉਣ ਲਈ।​—ਯੂਹੰ. 8:54.

8. ਤੁਸੀਂ ਇਹ ਕਿਵੇਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਹੜਾ ਹੁਨਰ ਸਿੱਖਣ ਦੀ ਲੋੜ ਹੈ?

8 ਕੋਈ ਖ਼ਾਸ ਹੁਨਰ ਸਿੱਖਣ ਦਾ ਟੀਚਾ ਰੱਖੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਅਤੇ ਆਪਣੇ ਸਰਕਟ ਓਵਰਸੀਅਰ ਤੋਂ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਹੜਾ ਹੁਨਰ ਸਿੱਖਣ ਦੀ ਲੋੜ ਹੈ। ਉਦਾਹਰਣ ਲਈ, ਹੋ ਸਕਦਾ ਹੈ ਕਿ ਉਹ ਤੁਹਾਨੂੰ ਬੋਲਣ ਅਤੇ ਸਿਖਾਉਣ ਦੀ ਆਪਣੀ ਕਲਾ ਵਿਚ ਨਿਖਾਰ ਲਿਆਉਣ ਦਾ ਸੁਝਾਅ ਦੇਣ। ਤੁਸੀਂ ਉਨ੍ਹਾਂ ਤੋਂ ਇਹ ਵੀ ਪੁੱਛ ਸਕਦੇ ਹੋ ਕਿ ਤੁਹਾਨੂੰ ਸਿਖਾਉਣ ਦੇ ਕਿਸ ਮਾਮਲੇ ਵਿਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਫਿਰ ਤੁਸੀਂ ਉਨ੍ਹਾਂ ਦੇ ਸੁਝਾਵਾਂ ਮੁਤਾਬਕ ਕਦਮ ਚੁੱਕ ਸਕਦੇ ਹੋ।

9. ਕੋਈ ਹੁਨਰ ਸਿੱਖਣ ਦੇ ਟੀਚੇ ਨੂੰ ਹਾਸਲ ਕਰਨ ਲਈ ਤੁਸੀਂ ਕਿਹੜੇ ਕੁਝ ਕਦਮ ਚੁੱਕ ਸਕਦੇ ਹੋ?

9 ਆਪਣੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕੋ। ਮੰਨ ਲਓ, ਤੁਸੀਂ ਆਪਣੀ ਸਿਖਾਉਣ ਦੀ ਕਲਾ ਨਿਖਾਰਨਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਲਗਨ ਨਾਲ ਪੜ੍ਹੋ ਅਤੇ ਸਿਖਾਓ ਬਰੋਸ਼ਰ ਦਾ ਧਿਆਨ ਨਾਲ ਅਧਿਐਨ ਕਰ ਸਕਦੇ ਹੋ। ਜਦੋਂ ਤੁਹਾਨੂੰ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਕੋਈ ਭਾਗ ਦਿੱਤਾ ਜਾਂਦਾ ਹੈ, ਤਾਂ ਤੁਸੀਂ ਕਿਸੇ ਤਜਰਬੇਕਾਰ ਭਰਾ ਨੂੰ ਆਪਣਾ ਭਾਗ ਪਹਿਲਾਂ ਹੀ ਸੁਣਾ ਸਕਦੇ ਹੋ ਅਤੇ ਇਸ ਵਿਚ ਹੋਰ ਸੁਧਾਰ ਕਰਨ ਲਈ ਉਸ ਤੋਂ ਸੁਝਾਅ ਪੁੱਛ ਸਕਦੇ ਹੋ। ਜੇ ਤੁਸੀਂ ਆਪਣੇ ਭਾਗ ਚੰਗੀ ਤਰ੍ਹਾਂ ਪੇਸ਼ ਕਰਨ ਲਈ ਪਹਿਲਾਂ ਤੋਂ ਹੀ ਵਧੀਆ ਤਿਆਰੀ ਕਰੋਗੇ, ਤਾਂ ਇਸ ਤੋਂ ਦੂਜੇ ਸਾਫ਼ ਦੇਖ ਸਕਣਗੇ ਕਿ ਤੁਸੀਂ ਮਿਹਨਤੀ ਅਤੇ ਭਰੋਸੇਮੰਦ ਹੋ।​—ਕਹਾ. 21:5; 2 ਕੁਰਿੰ. 8:22.

10. ਜੇ ਸਾਨੂੰ ਕੋਈ ਹੁਨਰ ਨਿਖਾਰਨਾ ਔਖਾ ਲੱਗਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਕ ਮਿਸਾਲ ਦੇ ਕੇ ਸਮਝਾਓ।

10 ਜੇ ਤੁਹਾਨੂੰ ਕੋਈ ਹੁਨਰ ਸਿੱਖਣਾ ਔਖਾ ਲੱਗਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਹਾਰ ਨਾ ਮੰਨੋ ਅਤੇ ਸਖ਼ਤ ਮਿਹਨਤ ਕਰਦੇ ਰਹੋ। ਭਰਾ ਗੈਰੀ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਨੂੰ ਮੀਟਿੰਗਾਂ ਵਿਚ ਪੜ੍ਹਨ ਲਈ ਕਿਹਾ ਜਾਂਦਾ ਸੀ, ਤਾਂ ਉਹ ਅੰਦਰ ਹੀ ਅੰਦਰ ਬਹੁਤ ਸ਼ਰਮ ਮਹਿਸੂਸ ਕਰਦਾ ਸੀ ਕਿਉਂਕਿ ਉਹ ਠੀਕ ਢੰਗ ਨਾਲ ਪੜ੍ਹ ਨਹੀਂ ਸਕਦਾ ਸੀ। ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਉਹ ਸਖ਼ਤ ਮਿਹਨਤ ਕਰਦਾ ਰਿਹਾ ਅਤੇ ਪੜ੍ਹਾਈ ਕਰਨ ਦੇ ਆਪਣੇ ਹੁਨਰ ਨੂੰ ਨਿਖਾਰਨ ਵਿਚ ਲੱਗਾ ਰਿਹਾ। ਭਰਾ ਗੈਰੀ ਹੁਣ ਦੱਸਦਾ ਹੈ ਕਿ ਉਸ ਨੇ ਦੂਜੇ ਭਰਾਵਾਂ ਤੋਂ ਸਿੱਖਿਆ ਅਤੇ ਪ੍ਰਕਾਸ਼ਨਾਂ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ। ਨਤੀਜੇ ਵਜੋਂ, ਉਹ ਹੁਣ ਨਾ ਸਿਰਫ਼ ਮੰਡਲੀ ਦੀਆਂ ਮੀਟਿੰਗਾਂ ਵਿਚ, ਸਗੋਂ ਸੰਮੇਲਨਾਂ ਵਿਚ ਵੀ ਭਾਸ਼ਣ ਦਿੰਦਾ ਹੈ!

11. ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ?

11 ਕੀ ਤਿਮੋਥਿਉਸ ਇਕ ਬਹੁਤ ਵਧੀਆ ਭਾਸ਼ਣਕਾਰ ਜਾਂ ਸਿੱਖਿਅਕ ਸੀ? ਬਾਈਬਲ ਵਿਚ ਇਸ ਬਾਰੇ ਨਹੀਂ ਦੱਸਿਆ ਗਿਆ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਦੀ ਸਲਾਹ ਮੰਨ ਕੇ ਉਹ ਯਹੋਵਾਹ ਦੀ ਸੇਵਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਸਕਿਆ। (2 ਤਿਮੋ. 3:10) ਇਸੇ ਤਰ੍ਹਾਂ ਜੇ ਅਸੀਂ ਵੀ ਆਪਣੇ ਹੁਨਰ ਨਿਖਾਰਦੇ ਰਹਾਂਗੇ, ਤਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਾਂਗੇ।

ਵੱਖੋ-ਵੱਖਰੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭੋ

12. ਕੀ ਤੁਸੀਂ ਦੱਸ ਸਕਦੇ ਹੋ ਕਿ ਦੂਜਿਆਂ ਨੇ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ ਹੈ?

12 ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਦੂਜੇ ਸਾਡੀ ਮਦਦ ਕਰਦੇ ਹਨ। ਹਸਪਤਾਲ ਸੰਪਰਕ ਕਮੇਟੀਆਂ ਜਾਂ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਮਿਲਣ ਲਈ ਨਿਯੁਕਤ ਗਰੁੱਪ ਦੇ ਬਜ਼ੁਰਗ ਜਦੋਂ ਸਾਨੂੰ ਹਸਪਤਾਲ ਵਿਚ ਮਿਲਣ ਆਉਂਦੇ ਹਨ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜਾਂ ਜਦੋਂ ਅਸੀਂ ਕਿਸੇ ਔਖੀ ਘੜੀ ਵਿੱਚੋਂ ਲੰਘ ਰਹੇ ਹੁੰਦੇ ਹਾਂ ਅਤੇ ਬਜ਼ੁਰਗ ਆਪਣਾ ਸਮਾਂ ਕੱਢ ਕੇ ਸਾਡੀ ਗੱਲ ਸੁਣਦੇ ਹਨ ਤੇ ਸਾਨੂੰ ਦਿਲਾਸਾ ਦਿੰਦੇ ਹਨ, ਤਾਂ ਸਾਨੂੰ ਬਹੁਤ ਹਿੰਮਤ ਮਿਲਦੀ ਹੈ। ਜਾਂ ਜਦੋਂ ਸਾਨੂੰ ਕਿਸੇ ਬਾਈਬਲ ਵਿਦਿਆਰਥੀ ਨੂੰ ਸਿਖਾਉਣ ਵਿਚ ਮਦਦ ਚਾਹੀਦੀ ਹੁੰਦੀ ਹੈ ਅਤੇ ਕੋਈ ਤਜਰਬੇਕਾਰ ਪਾਇਨੀਅਰ ਸਾਡੇ ਨਾਲ ਉਹ ਸਟੱਡੀ ਕਰਾਉਂਦਾ ਹੈ ਤੇ ਸਟੱਡੀ ਤੋਂ ਬਾਅਦ ਸਾਨੂੰ ਕੋਈ ਸੁਝਾਅ ਦਿੰਦਾ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਸਾਨੂੰ ਵੀ ਇਹ ਖ਼ੁਸ਼ੀ ਮਿਲ ਸਕਦੀ ਹੈ ਜੇ ਅਸੀਂ ਅੱਗੇ ਵਧ ਕੇ ਦੂਜਿਆਂ ਦੀ ਮਦਦ ਕਰਾਂਗੇ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਜੇ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਜਾਂ ਹੋਰ ਤਰੀਕਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ, ਤਾਂ ਕਿਹੜੀ ਗੱਲ ਤੁਹਾਡੀ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿਚ ਮਦਦ ਕਰ ਸਕਦੀ ਹੈ?

13. ਕੋਈ ਟੀਚਾ ਰੱਖਦਿਆਂ ਅਸੀਂ ਕਿਹੜੀ ਗੱਲ ਧਿਆਨ ਵਿਚ ਰੱਖ ਸਕਦੇ ਹਾਂ?

13 ਸ਼ਾਇਦ ਤੁਸੀਂ ਸੋਚੋ: ‘ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੁੰਦਾ ਹਾਂ,’ ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਇਸ ਦੀ ਬਜਾਇ ਇਹ ਸੋਚੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣਾ ਟੀਚਾ ਹਾਸਲ ਕਰਨ ਲਈ ਕਦਮ ਚੁੱਕ ਸਕਦੇ ਹੋ। ਨਾਲੇ ਸਹੀ-ਸਹੀ ਜਾਣ ਸਕਦੇ ਹੋ ਕਿ ਤੁਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਜਾਂ ਨਹੀਂ। ਤੁਸੀਂ ਲਿਖ ਕੇ ਰੱਖ ਸਕਦੇ ਹੋ ਕਿ ਤੁਸੀਂ ਕਿਹੜਾ ਟੀਚਾ ਰੱਖੋਗੇ ਅਤੇ ਉਸ ਨੂੰ ਹਾਸਲ ਕਰਨ ਲਈ ਕਿਹੜੇ ਕੁਝ ਕਦਮ ਚੁੱਕੋਗੇ।

14. ਸਾਨੂੰ ਆਪਣੇ ਟੀਚਿਆਂ ਵਿਚ ਫੇਰ-ਬਦਲ ਕਰਨ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਹੈ?

14 ਸਾਨੂੰ ਆਪਣੇ ਟੀਚਿਆਂ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਕਈ ਵਾਰ ਸਾਡੇ ਹਾਲਾਤਾਂ ʼਤੇ ਸਾਡਾ ਕੋਈ ਵੱਸ ਨਹੀਂ ਚੱਲਦਾ। ਇਸ ਨੂੰ ਸਮਝਣ ਲਈ ਜ਼ਰਾ ਪੌਲੁਸ ਰਸੂਲ ਬਾਰੇ ਸੋਚੋ। ਉਸ ਨੇ ਥੱਸਲੁਨੀਕਾ ਸ਼ਹਿਰ ਵਿਚ ਮੰਡਲੀ ਸਥਾਪਿਤ ਕਰਨ ਵਿਚ ਮਦਦ ਕੀਤੀ ਸੀ। ਬਿਨਾਂ ਸ਼ੱਕ, ਉਸ ਦਾ ਟੀਚਾ ਸੀ ਕਿ ਉਹ ਉੱਥੇ ਰਹਿ ਕੇ ਨਵੇਂ ਬਣੇ ਮਸੀਹੀਆਂ ਦੀ ਮਦਦ ਕਰੇਗਾ। ਪਰ ਵਿਰੋਧ ਹੋਣ ਕਰਕੇ ਪੌਲੁਸ ਨੂੰ ਇਹ ਸ਼ਹਿਰ ਛੱਡ ਕੇ ਜਾਣਾ ਪਿਆ। (ਰਸੂ. 17:1-5, 10) ਪੌਲੁਸ ਨੇ ਆਪਣੇ ਆਪ ਨੂੰ ਬਦਲਦੇ ਹਾਲਾਤਾਂ ਮੁਤਾਬਕ ਢਾਲਿਆ ਅਤੇ ਉਹ ਉਸ ਸ਼ਹਿਰ ਤੋਂ ਚਲਾ ਗਿਆ। ਜੇ ਪੌਲੁਸ ਉਸ ਸ਼ਹਿਰ ਵਿਚ ਹੀ ਰੁਕਦਾ, ਤਾਂ ਉੱਥੋਂ ਦੇ ਭੈਣਾਂ-ਭਰਾਵਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਕੁਝ ਸਮੇਂ ਬਾਅਦ, ਉਸ ਨੇ ਥੱਸਲੁਨੀਕਾ ਦੇ ਨਵੇਂ ਬਣੇ ਮਸੀਹੀਆਂ ਦੀ ਨਿਹਚਾ ਪੱਕੀ ਕਰਨ ਲਈ ਤਿਮੋਥਿਉਸ ਨੂੰ ਉੱਥੇ ਭੇਜਿਆ। (1 ਥੱਸ. 3:1-3) ਥੱਸਲੁਨੀਕਾ ਦੇ ਭੈਣ-ਭਰਾ ਇਹ ਦੇਖ ਕੇ ਬਹੁਤ ਖ਼ੁਸ਼ ਹੋਏ ਹੋਣੇ ਕਿ ਤਿਮੋਥਿਉਸ ਉਨ੍ਹਾਂ ਦੀ ਮਦਦ ਕਰਨ ਲਈ ਆਇਆ ਸੀ।

15. ਹਾਲਾਤ ਬਦਲਣ ਕਰਕੇ ਸਾਡੇ ਟੀਚਿਆਂ ʼਤੇ ਕੀ ਅਸਰ ਪੈਂਦਾ ਹੈ? ਸਮਝਾਓ।

15 ਥੱਸਲੁਨੀਕਾ ਵਿਚ ਹੋਏ ਪੌਲੁਸ ਦੇ ਤਜਰਬੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਟੀਚਾ ਰੱਖੀਏ, ਪਰ ਹਾਲਾਤ ਬਦਲਣ ਕਰਕੇ ਅਸੀਂ ਇਸ ਟੀਚੇ ਨੂੰ ਹਾਸਲ ਨਾ ਕਰ ਸਕੀਏ। (ਉਪ. 9:11) ਇਸ ਤਰ੍ਹਾਂ ਹੋਣ ਤੇ ਸਾਨੂੰ ਕੋਈ ਅਜਿਹਾ ਟੀਚਾ ਰੱਖਣਾ ਚਾਹੀਦਾ ਹੈ ਜਿਸ ਨੂੰ ਅਸੀਂ ਹਾਸਲ ਕਰ ਸਕੀਏ। ਭਰਾ ਟੈੱਡ ਅਤੇ ਉਸ ਦੀ ਪਤਨੀ ਹੇਡੀ ਨੇ ਵੀ ਇਸੇ ਤਰ੍ਹਾਂ ਕੀਤਾ। ਉਹ ਦੋਵੇਂ ਬੈਥਲ ਵਿਚ ਸੇਵਾ ਕਰਦੇ ਸਨ, ਪਰ ਉਨ੍ਹਾਂ ਵਿੱਚੋਂ ਇਕ ਜਣੇ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਇਹ ਸੇਵਾ ਛੱਡਣੀ ਪਈ। ਯਹੋਵਾਹ ਨਾਲ ਪਿਆਰ ਹੋਣ ਕਰਕੇ ਉਨ੍ਹਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਉਸ ਦੀ ਸੇਵਾ ਕਰਨ ਬਾਰੇ ਸੋਚਿਆ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਭਰਾ ਟੈੱਡ ਨੂੰ ਸਰਕਟ ਓਵਰਸੀਅਰ ਦੀ ਥਾਂ ਮੰਡਲੀਆਂ ਦਾ ਦੌਰਾ ਕਰਨ ਦੀ ਸਿਖਲਾਈ ਦਿੱਤੀ ਗਈ। ਪਰ ਫਿਰ ਸੰਗਠਨ ਵਿਚ ਇਕ ਬਦਲਾਅ ਹੋਇਆ ਕਿ ਸਰਕਟ ਓਵਰਸੀਅਰ ਇਕ ਖ਼ਾਸ ਉਮਰ ਤਕ ਹੀ ਸੇਵਾ ਕਰ ਸਕਦੇ ਹਨ। ਭਰਾ ਟੈੱਡ ਅਤੇ ਉਸ ਦੀ ਪਤਨੀ ਹੇਡੀ ਨੂੰ ਪਤਾ ਲੱਗਾ ਕਿ ਜ਼ਿਆਦਾ ਉਮਰ ਹੋਣ ਕਰਕੇ ਉਹ ਇਹ ਸੇਵਾ ਵੀ ਨਹੀਂ ਕਰ ਸਕਦੇ। ਭਾਵੇਂ ਕਿ ਉਹ ਨਿਰਾਸ਼ ਸਨ, ਫਿਰ ਵੀ ਉਨ੍ਹਾਂ ਨੇ ਇਹ ਗੱਲ ਸਮਝੀ ਕਿ ਉਹ ਹੋਰ ਵੀ ਕਈ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਨ। ਭਰਾ ਟੈੱਡ ਕਹਿੰਦਾ ਹੈ: “ਅਸੀਂ ਸਿੱਖਿਆ ਕਿ ਸਾਨੂੰ ਕਦੇ ਵੀ ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ਦੇ ਕਿਸੇ ਇਕ ਤਰੀਕੇ ʼਤੇ ਨਹੀਂ ਲਾਉਣਾ ਚਾਹੀਦਾ, ਸਗੋਂ ਸਾਨੂੰ ਹੋਰ ਵੀ ਕਈ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।”

16. ਗਲਾਤੀਆਂ 6:4 ਤੋਂ ਅਸੀਂ ਕੀ ਸਿੱਖਦੇ ਹਾਂ?

16 ਕਈ ਵਾਰ ਸਾਡੀ ਜ਼ਿੰਦਗੀ ਵਿਚ ਜੋ ਹੁੰਦਾ ਹੈ, ਸਾਡਾ ਉਸ ʼਤੇ ਕੋਈ ਵੱਸ ਨਹੀਂ ਚੱਲਦਾ। ਹੋ ਸਕਦਾ ਹੈ ਕਿ ਜੋ ਜ਼ਿੰਮੇਵਾਰੀ ਅੱਜ ਸਾਡੇ ਕੋਲ ਹੈ, ਉਹ ਸ਼ਾਇਦ ਕੱਲ੍ਹ ਸਾਡੇ ਕੋਲ ਨਾ ਹੋਵੇ। ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਜ਼ਿੰਮੇਵਾਰੀਆਂ ਕਰਕੇ ਸਾਨੂੰ ਪਿਆਰ ਨਹੀਂ ਕਰਦਾ ਅਤੇ ਨਾ ਹੀ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਚਾਹੀਦੀ ਹੈ। ਭੈਣ ਹੇਡੀ ਦੱਸਦੀ ਹੈ: “ਜਦੋਂ ਅਸੀਂ ਆਪਣੀ ਤੁਲਨਾ ਦੂਜੇ ਭੈਣਾਂ-ਭਰਾਵਾਂ ਨਾਲ ਕਰਦੇ ਹਾਂ, ਤਾਂ ਸਾਡੀ ਖ਼ੁਸ਼ੀ ਖੰਭ ਲਾ ਕੇ ਉੱਡ ਜਾਂਦੀ ਹੈ।” (ਗਲਾਤੀਆਂ 6:4 ਪੜ੍ਹੋ।) ਇਸ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਅਤੇ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਭਾਲੀਏ। b

17. ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

17 ਜੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਸਾਦੀ ਰੱਖੋ ਅਤੇ ਬਿਨਾਂ ਮਤਲਬ ਦਾ ਕਰਜ਼ਾ ਨਾ ਲਓ। ਕਿਸੇ ਵੱਡੇ ਟੀਚੇ ਨੂੰ ਹਾਸਲ ਕਰਨ ਲਈ ਪਹਿਲਾਂ ਛੋਟੇ-ਛੋਟੇ ਟੀਚੇ ਰੱਖੋ। ਉਦਾਹਰਣ ਲਈ, ਜੇ ਤੁਸੀਂ ਰੈਗੂਲਰ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਪਹਿਲਾਂ ਤੁਸੀਂ ਕੁਝ ਮਹੀਨਿਆਂ ਤਕ ਲਗਾਤਾਰ ਔਗਜ਼ੀਲਰੀ ਪਾਇਨੀਅਰਿੰਗ ਕਰੋ? ਜਾਂ ਜੇ ਤੁਸੀਂ ਸਹਾਇਕ ਸੇਵਕ ਬਣਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਲਾਓ ਅਤੇ ਬੀਮਾਰ ਤੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਸਮਾਂ ਕੱਢੋ? ਛੋਟੇ-ਛੋਟੇ ਟੀਚਿਆਂ ਨੂੰ ਹਾਸਲ ਕਰਨ ਨਾਲ ਤੁਸੀਂ ਹੋਰ ਵੀ ਕਾਬਲ ਬਣੋਗੇ ਅਤੇ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਜ਼ਿੰਮੇਵਾਰੀਆਂ ਮਿਲਣਗੀਆਂ। ਇਸ ਲਈ ਪੱਕਾ ਇਰਾਦਾ ਕਰੋ ਕਿ ਤੁਹਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਜੀ-ਜਾਨ ਲਾ ਕੇ ਪੂਰੀ ਕਰੋਗੇ।​—ਰੋਮੀ. 12:11.

ਕੋਈ ਖ਼ਾਸ ਟੀਚਾ ਰੱਖੋ ਜਿਸ ਨੂੰ ਤੁਸੀਂ ਹਾਸਲ ਕਰ ਸਕਦੇ ਹੋ (ਪੈਰਾ 18 ਦੇਖੋ) e

18. ਭੈਣ ਬੇਵਰਲੀ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ? (ਤਸਵੀਰ ਵੀ ਦੇਖੋ।)

18 ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਇਸ ਲਈ ਤੁਸੀਂ ਸਿਆਣੀ ਉਮਰ ਵਿਚ ਵੀ ਟੀਚੇ ਰੱਖ ਸਕਦੇ ਹੋ ਅਤੇ ਇਨ੍ਹਾਂ ਨੂੰ ਹਾਸਲ ਕਰ ਸਕਦੇ ਹੋ। ਜ਼ਰਾ 75 ਸਾਲਾਂ ਦੀ ਭੈਣ ਬੇਵਰਲੀ ਦੀ ਮਿਸਾਲ ʼਤੇ ਗੌਰ ਕਰੋ। ਗੰਭੀਰ ਸਿਹਤ ਸਮੱਸਿਆ ਕਰਕੇ ਉਹ ਜ਼ਿਆਦਾ ਤੁਰ-ਫਿਰ ਨਹੀਂ ਸਕਦੀ। ਪਰ ਉਹ ਮੈਮੋਰੀਅਲ ਦੀ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੁੰਦੀ ਸੀ। ਇਸ ਲਈ ਉਸ ਨੇ ਛੋਟੇ-ਛੋਟੇ ਟੀਚੇ ਰੱਖੇ। ਜਦੋਂ ਭੈਣ ਨੇ ਮੁਹਿੰਮ ਲਈ ਰੱਖੇ ਆਪਣੇ ਟੀਚਿਆਂ ਨੂੰ ਹਾਸਲ ਕੀਤਾ, ਤਾਂ ਉਹ ਬਹੁਤ ਖ਼ੁਸ਼ ਹੋਈ। ਉਸ ਦੀ ਮਿਹਨਤ ਦੇਖ ਕੇ ਦੂਜੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਹੱਲਾਸ਼ੇਰੀ ਮਿਲੀ। ਭਾਵੇਂ ਕਿ ਸਿਆਣੀ ਉਮਰ ਦੇ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਜ਼ਿਆਦਾ ਸੇਵਾ ਨਹੀਂ ਕਰ ਪਾਉਂਦੇ, ਫਿਰ ਵੀ ਯਹੋਵਾਹ ਉਨ੍ਹਾਂ ਦੀ ਮਿਹਨਤ ਦੀ ਬਹੁਤ ਕਦਰ ਕਰਦਾ ਹੈ।​—ਜ਼ਬੂ. 71:17, 18.

19. ਅਸੀਂ ਯਹੋਵਾਹ ਦੀ ਸੇਵਾ ਵਿਚ ਕਿਹੜੇ ਕੁਝ ਟੀਚੇ ਰੱਖ ਸਕਦੇ ਹਾਂ?

19 ਇਸ ਲੇਖ ਵਿਚ ਅਸੀਂ ਸਿੱਖਿਆ ਕਿ ਸਾਨੂੰ ਉਹ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਸਾਨੂੰ ਉਹ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਮਿਲਦੀ ਹੈ। ਸਾਨੂੰ ਉਹ ਹੁਨਰ ਸਿੱਖਣੇ ਚਾਹੀਦੇ ਹਨ ਜਿਨ੍ਹਾਂ ਕਰਕੇ ਅਸੀਂ ਪਰਮੇਸ਼ੁਰ ਦੀ ਸੇਵਾ ਅਤੇ ਉਸ ਦੇ ਸੰਗਠਨ ਦੇ ਕੰਮਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕੀਏ। ਨਾਲੇ ਸਾਨੂੰ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਮੌਕੇ ਵੀ ਭਾਲਣੇ ਚਾਹੀਦੇ ਹਨ। c ਜਦੋਂ ਅਸੀਂ ਇਹ ਸਭ ਕੁਝ ਕਰਾਂਗੇ, ਤਾਂ ਯਹੋਵਾਹ ਸਾਨੂੰ ਵੀ ਤਿਮੋਥਿਉਸ ਵਾਂਗ ਬਰਕਤ ਦੇਵੇਗਾ ਅਤੇ ‘ਸਾਰੇ ਜਣੇ ਸਾਡੀ ਤਰੱਕੀ ਸਾਫ਼-ਸਾਫ਼ ਦੇਖ ਸਕਣਗੇ।’​—1 ਤਿਮੋ. 4:15.

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

a ਤਿਮੋਥਿਉਸ ਖ਼ੁਸ਼ ਖ਼ਬਰੀ ਦਾ ਬਹੁਤ ਵਧੀਆ ਪ੍ਰਚਾਰਕ ਸੀ। ਫਿਰ ਵੀ ਪੌਲੁਸ ਰਸੂਲ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਤਰੱਕੀ ਕਰਦਾ ਰਹੇ। ਪੌਲੁਸ ਦੀ ਸਲਾਹ ʼਤੇ ਚੱਲ ਕੇ ਤਿਮੋਥਿਉਸ ਹੋਰ ਵੀ ਵਧੀਆ ਢੰਗ ਨਾਲ ਯਹੋਵਾਹ ਦੀ ਸੇਵਾ ਕਰ ਸਕਿਆ ਅਤੇ ਭੈਣਾਂ-ਭਰਾਵਾਂ ਦੀ ਵੀ ਹੋਰ ਜ਼ਿਆਦਾ ਮਦਦ ਕਰ ਸਕਿਆ। ਬਿਨਾਂ ਸ਼ੱਕ, ਤੁਸੀਂ ਵੀ ਤਿਮੋਥਿਉਸ ਵਾਂਗ ਯਹੋਵਾਹ ਦੀ ਸੇਵਾ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹੋਵੋਗੇ। ਇਸ ਤਰ੍ਹਾਂ ਕਰਨ ਲਈ ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ? ਨਾਲੇ ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਤੁਹਾਨੂੰ ਕੀ ਕੁਝ ਕਰਨ ਦੀ ਲੋੜ ਹੈ?

b “ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉੱਥੇ ਜਾ ਕੇ ਸੇਵਾ ਕਰਨ” ਬਾਰੇ ਹੋਰ ਜਾਣਕਾਰੀ ਲੈਣ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਿਤਾਬ (ਹਿੰਦੀ) ਦਾ ਅਧਿਆਇ 10 ਪੈਰੇ 6-9 ਦੇਖੋ।

c ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!​ ਕਿਤਾਬ ਦਾ ਪਾਠ 60 ਪੜ੍ਹੋ।

d ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦੋ ਭੈਣਾਂ ਨੂੰ ਮੁਰੰਮਤ ਦਾ ਕੰਮ ਕਰਨਾ ਸਿਖਾ ਰਿਹਾ ਹੈ। ਫਿਰ ਉਹ ਭੈਣਾਂ ਇਹ ਹੁਨਰ ਸਿੱਖਣ ਤੋਂ ਬਾਅਦ ਖ਼ੁਦ ਮੁਰੰਮਤ ਦਾ ਕੰਮ ਕਰ ਰਹੀਆਂ ਹਨ।

e ਤਸਵੀਰਾਂ ਬਾਰੇ ਜਾਣਕਾਰੀ: ਇਕ ਸਿਆਣੀ ਉਮਰ ਦੀ ਭੈਣ ਤੁਰ-ਫਿਰ ਨਹੀਂ ਸਕਦੀ, ਫਿਰ ਵੀ ਉਹ ਘਰ ਵਿਚ ਬੈਠੀ ਫ਼ੋਨ ਰਾਹੀਂ ਲੋਕਾਂ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦੇ ਰਹੀ ਹੈ।