Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕੋਈ ਮਸੀਹੀ ਬਾਈਬਲ ਦੇ ਖ਼ਿਲਾਫ਼ ਜਾ ਕੇ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜਾ ਵਿਆਹ ਕਰਾਉਂਦਾ ਹੈ, ਤਾਂ ਮੰਡਲੀ ਉਸ ਦੇ ਪਹਿਲੇ ਤੇ ਦੂਜੇ ਵਿਆਹ ਨੂੰ ਕਿਸ ਨਜ਼ਰੀਏ ਤੋਂ ਦੇਖੇਗੀ?

▪ ਜੇ ਕੋਈ ਮਸੀਹੀ ਇੱਦਾਂ ਕਰਦਾ ਹੈ, ਤਾਂ ਮੰਡਲੀ ਦੀ ਨਜ਼ਰ ਵਿਚ ਉਸ ਦੇ ਪਹਿਲੇ ਵਿਆਹ ਦਾ ਬੰਧਨ ਟੁੱਟ ਚੁੱਕਾ ਹੈ ਅਤੇ ਉਹ ਉਸ ਦੇ ਦੂਜੇ ਵਿਆਹ ਨੂੰ ਜਾਇਜ਼ ਮੰਨੇਗੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਇਸ ਬਾਰੇ ਜਾਣਨ ਲਈ ਆਓ ਆਪਾਂ ਦੇਖੀਏ ਕਿ ਯਿਸੂ ਨੇ ਤਲਾਕ ਲੈਣ ਅਤੇ ਦੁਬਾਰਾ ਵਿਆਹ ਕਰਾਉਣ ਬਾਰੇ ਕੀ ਕਿਹਾ ਸੀ।

ਮੱਤੀ 19:9 ਵਿਚ ਯਿਸੂ ਨੇ ਤਲਾਕ ਲੈਣ ਦਾ ਸਿਰਫ਼ ਇੱਕੋ ਕਾਰਨ ਦੱਸਿਆ ਹੈ। ਉਸ ਨੇ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।” ਯਿਸੂ ਦੇ ਸ਼ਬਦਾਂ ਤੋਂ ਸਾਨੂੰ ਦੋ ਗੱਲਾਂ ਪਤਾ ਲੱਗਦੀਆਂ ਹਨ (1) ਬਾਈਬਲ ਵਿਚ ਤਲਾਕ ਲੈਣ ਦਾ ਸਿਰਫ਼ ਇੱਕੋ-ਇਕ ਕਾਰਨ ਦੱਸਿਆ ਗਿਆ ਹੈ, ਉਹ ਹੈ ਹਰਾਮਕਾਰੀ ਅਤੇ (2) ਜਿਹੜਾ ਮਸੀਹੀ ਇਸ ਕਾਰਨ ਤੋਂ ਇਲਾਵਾ ਤਲਾਕ ਲੈਂਦਾ ਹੈ ਅਤੇ ਦੁਬਾਰਾ ਵਿਆਹ ਕਰਾਉਂਦਾ, ਤਾਂ ਉਹ ਹਰਾਮਕਾਰੀ ਕਰਦਾ ਹੈ। a

ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਜੇ ਕੋਈ ਆਦਮੀ ਹਰਾਮਕਾਰੀ ਕਰਦਾ ਹੈ ਅਤੇ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਹੈ, ਤਾਂ ਉਹ ਬਾਈਬਲ ਮੁਤਾਬਕ ਦੁਬਾਰਾ ਵਿਆਹ ਕਰਾ ਸਕਦਾ ਹੈ? ਜ਼ਰੂਰੀ ਨਹੀਂ। ਜਦੋਂ ਪਤੀ ਹਰਾਮਕਾਰੀ ਕਰਦਾ ਹੈ, ਤਾਂ ਬੇਕਸੂਰ ਪਤਨੀ ਫ਼ੈਸਲਾ ਕਰੇਗੀ ਕਿ ਉਹ ਆਪਣੇ ਪਤੀ ਨੂੰ ਮਾਫ਼ ਕਰੇਗੀ ਜਾਂ ਉਸ ਨਾਲੋਂ ਆਪਣਾ ਰਿਸ਼ਤਾ ਤੋੜ ਲਵੇਗੀ। ਜੇ ਉਹ ਰਿਸ਼ਤਾ ਤੋੜ ਲੈਂਦੀ ਹੈ ਅਤੇ ਉਨ੍ਹਾਂ ਵਿਚ ਤਲਾਕ ਦੀ ਕਾਨੂੰਨੀ ਕਾਰਵਾਈ ਪੂਰੀ ਹੋ ਜਾਂਦੀ ਹੈ, ਤਾਂ ਉਹ ਦੋਨੋਂ ਜਣੇ ਦੁਬਾਰਾ ਵਿਆਹ ਕਰਾ ਸਕਦੇ ਹਨ।

ਦੂਜੇ ਪਾਸੇ, ਆਪਣੇ ਪਤੀ ਦੇ ਹਰਾਮਕਾਰੀ ਕਰਨ ਦੇ ਬਾਵਜੂਦ ਵੀ ਬੇਕਸੂਰ ਪਤਨੀ ਆਪਣਾ ਵਿਆਹ ਤੋੜਨਾ ਨਹੀਂ ਚਾਹੁੰਦੀ ਅਤੇ ਉਸ ਨੂੰ ਦੱਸਦੀ ਹੈ ਕਿ ਉਹ ਮਾਫ਼ ਕਰਨ ਲਈ ਤਿਆਰ ਹੈ। ਫਿਰ ਵੀ ਪਤੀ ਉਸ ਨਾਲ ਆਪਣਾ ਵਿਆਹੁਤਾ ਰਿਸ਼ਤਾ ਰੱਖਣਾ ਨਹੀਂ ਚਾਹੁੰਦਾ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਤਲਾਕ ਦੇ ਦਿੰਦਾ ਹੈ। ਕੀ ਇਸ ਹਾਲਤ ਵਿਚ ਪਤੀ ਦੁਬਾਰਾ ਵਿਆਹ ਕਰਾ ਸਕਦਾ ਹੈ? ਬਾਈਬਲ ਮੁਤਾਬਕ ਉਸ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਸ ਦੀ ਪਤਨੀ ਉਸ ਨੂੰ ਮਾਫ਼ ਕਰਨ ਲਈ ਤਿਆਰ ਹੈ ਅਤੇ ਆਪਣੇ ਵਿਆਹ ਦੇ ਬੰਧਨ ਨੂੰ ਬਚਾਉਣਾ ਚਾਹੁੰਦੀ ਹੈ। ਫਿਰ ਵੀ ਜੇ ਪਤੀ ਬਾਈਬਲ ਖ਼ਿਲਾਫ਼ ਜਾ ਕੇ ਦੁਬਾਰਾ ਵਿਆਹ ਕਰਾਉਂਦਾ ਹੈ, ਤਾਂ ਉਹ ਦੁਬਾਰਾ ਹਰਾਮਕਾਰੀ ਕਰਦਾ ਹੈ। ਇਸ ਕਰਕੇ ਮੰਡਲੀ ਦੇ ਬਜ਼ੁਰਗ ਦੁਬਾਰਾ ਉਸ ʼਤੇ ਨਿਆਂ ਕਮੇਟੀ ਬਿਠਾਉਣਗੇ।​—1 ਕੁਰਿੰ. 5:1, 2; 6:9, 10.

ਜੇ ਕੋਈ ਆਦਮੀ ਬਾਈਬਲ ਦੇ ਖ਼ਿਲਾਫ਼ ਜਾ ਕੇ ਦੁਬਾਰਾ ਵਿਆਹ ਕਰਾਉਂਦਾ ਹੈ, ਤਾਂ ਮੰਡਲੀ ਉਸ ਦੇ ਪਹਿਲੇ ਵਿਆਹ ਅਤੇ ਦੂਜੇ ਵਿਆਹ ਬਾਰੇ ਕਿਹੋ ਜਿਹਾ ਨਜ਼ਰੀਆ ਰੱਖੇਗੀ? ਕੀ ਬਾਈਬਲ ਮੁਤਾਬਕ ਉਸ ਦਾ ਪਹਿਲਾ ਵਿਆਹ ਹਾਲੇ ਵੀ ਜਾਇਜ਼ ਮੰਨਿਆ ਜਾਵੇਗਾ? ਕੀ ਉਸ ਦੀ ਪਹਿਲੀ ਪਤਨੀ ਹਾਲੇ ਵੀ ਉਸ ਨੂੰ ਮਾਫ਼ ਕਰਨ ਜਾਂ ਉਸ ਨਾਲੋਂ ਰਿਸ਼ਤਾ ਤੋੜਨ ਦਾ ਫ਼ੈਸਲਾ ਕਰ ਸਕਦੀ ਹੈ? ਕੀ ਉਸ ਆਦਮੀ ਦੇ ਦੂਜੇ ਵਿਆਹ ਦਾ ਰਿਸ਼ਤਾ ਹਰਾਮਕਾਰੀ ਮੰਨਿਆ ਜਾਂਦਾ ਰਹੇਗਾ?

ਪਹਿਲਾਂ ਮੰਡਲੀ ਦੀ ਸਮਝ ਇਹ ਸੀ ਕਿ ਜੇ ਪਹਿਲੀ ਪਤਨੀ ਜੀਉਂਦੀ ਹੁੰਦੀ ਸੀ ਜਾਂ ਉਹ ਦੁਬਾਰਾ ਵਿਆਹ ਨਹੀਂ ਕਰਾਉਂਦੀ ਸੀ ਜਾਂ ਉਹ ਹਰਾਮਕਾਰੀ ਨਹੀਂ ਕਰਦੀ ਸੀ, ਤਾਂ ਮੰਡਲੀ ਦੀ ਨਜ਼ਰ ਵਿਚ ਪਤੀ ਦੇ ਦੂਜੇ ਵਿਆਹ ਦਾ ਰਿਸ਼ਤਾ ਹਰਾਮਕਾਰੀ ਮੰਨਿਆ ਜਾਂਦਾ ਸੀ। ਪਰ ਜ਼ਰਾ ਧਿਆਨ ਦਿਓ ਕਿ ਜਦੋਂ ਯਿਸੂ ਤਲਾਕ ਅਤੇ ਦੂਜੇ ਵਿਆਹ ਬਾਰੇ ਗੱਲ ਕਰ ਰਿਹਾ ਸੀ, ਤਾਂ ਉਸ ਨੇ ਬੇਕਸੂਰ ਸਾਥੀ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਇਸ ਦੀ ਬਜਾਇ, ਉਸ ਨੇ ਸਮਝਾਇਆ ਸੀ ਕਿ ਜਿਹੜਾ ਆਦਮੀ ਬਾਈਬਲ ਖ਼ਿਲਾਫ਼ ਜਾ ਕੇ ਤਲਾਕ ਲੈਂਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ। ਇਸ ਦਾ ਮਤਲਬ ਹੈ ਕਿ ਤਲਾਕ ਲੈ ਕੇ ਦੁਬਾਰਾ ਵਿਆਹ (ਜਿਸ ਨੂੰ ਯਿਸੂ ਨੇ ਹਰਾਮਕਾਰੀ ਦੇ ਬਰਾਬਰ ਕਿਹਾ ਸੀ) ਕਰਾਉਣ ਨਾਲ ਪਹਿਲੇ ਵਿਆਹ ਦਾ ਬੰਧਨ ਟੁੱਟ ਜਾਂਦਾ ਹੈ।

“ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”​—ਮੱਤੀ 19:9.

ਪਹਿਲੇ ਵਿਆਹ ਦਾ ਬੰਧਨ ਟੁੱਟ ਜਾਣ ਤੋਂ ਬਾਅਦ ਹੁਣ ਇਹ ਫ਼ੈਸਲਾ ਬੇਕਸੂਰ ਪਤਨੀ ਦੇ ਹੱਥ ਵਿਚ ਨਹੀਂ ਹੁੰਦਾ ਕਿ ਉਹ ਆਪਣੇ ਕਸੂਰਵਾਰ ਪਤੀ ਨੂੰ ਮਾਫ਼ ਕਰੇਗੀ ਜਾਂ ਉਸ ਨਾਲੋਂ ਰਿਸ਼ਤਾ ਤੋੜ ਲਵੇਗੀ। ਇਸ ਤਰ੍ਹਾਂ ਬੇਕਸੂਰ ਪਤਨੀ ਇਸ ਫ਼ੈਸਲੇ ਦੇ ਭਾਰੀ ਬੋਝ ਤੋਂ ਮੁਕਤ ਹੋ ਜਾਂਦੀ ਹੈ। ਨਾਲੇ ਪਤੀ ਦੇ ਦੂਜੇ ਵਿਆਹ ਪ੍ਰਤੀ ਮੰਡਲੀ ਦਾ ਨਜ਼ਰੀਆ ਇਸ ਗੱਲ ʼਤੇ ਨਿਰਭਰ ਨਹੀਂ ਕਰਦਾ ਕਿ ਬੇਕਸੂਰ ਪਤਨੀ ਦੀ ਮੌਤ ਹੋ ਗਈ ਹੈ ਜਾਂ ਉਸ ਨੇ ਦੁਬਾਰਾ ਵਿਆਹ ਕਰਾ ਲਿਆ ਹੈ ਜਾਂ ਉਸ ਨੇ ਹਰਾਮਕਾਰੀ ਕੀਤੀ ਹੈ। b

ਉੱਪਰ ਅਸੀਂ ਗੱਲ ਕੀਤੀ ਸੀ ਕਿ ਪਤੀ ਦੀ ਹਰਾਮਕਾਰੀ ਕਰਕੇ ਤਲਾਕ ਹੋ ਜਾਂਦਾ ਹੈ। ਪਰ ਉਦੋਂ ਕੀ ਜੇ ਪਤੀ ਨੇ ਹਰਾਮਕਾਰੀ ਨਹੀਂ ਕੀਤੀ, ਫਿਰ ਵੀ ਉਹ ਤਲਾਕ ਲੈ ਕੇ ਦੂਜਾ ਵਿਆਹ ਕਰਾ ਲੈਂਦਾ ਹੈ? ਜਾਂ ਉਦੋਂ ਕੀ ਜੇ ਪਤੀ ਤਲਾਕ ਤੋਂ ਪਹਿਲਾਂ ਨਹੀਂ, ਸਗੋਂ ਤਲਾਕ ਤੋਂ ਬਾਅਦ ਹਰਾਮਕਾਰੀ ਕਰਦਾ ਹੈ ਅਤੇ ਪਤਨੀ ਉਸ ਨੂੰ ਮਾਫ਼ ਕਰਨਾ ਚਾਹੁੰਦੀ ਹੈ, ਫਿਰ ਵੀ ਉਹ ਦੂਜਾ ਵਿਆਹ ਕਰਾ ਲੈਂਦਾ ਹੈ? ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਹੈ ਕਿ ਤਲਾਕ ਲੈ ਕੇ ਦੁਬਾਰਾ ਵਿਆਹ ਕਰਾਉਣ ਨਾਲ ਪਤੀ ਹਰਾਮਕਾਰੀ ਕਰਦਾ ਹੈ ਜਿਸ ਨਾਲ ਪਹਿਲੇ ਵਿਆਹ ਦਾ ਬੰਧਨ ਟੁੱਟ ਜਾਂਦਾ ਹੈ। ਪਰ ਪਤੀ ਦਾ ਦੂਜਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਹੁੰਦਾ ਹੈ। 15 ਨਵੰਬਰ 1979 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 32 ʼਤੇ ਲਿਖਿਆ ਹੈ: “ਜਦੋਂ ਪਤੀ ਦੂਜਾ ਵਿਆਹ ਕਰਾ ਲੈਂਦਾ ਹੈ, ਤਾਂ ਉਹ ਆਪਣੀ ਦੂਜੀ ਪਤਨੀ ਨਾਲੋਂ ਰਿਸ਼ਤਾ ਤੋੜ ਕੇ ਪਹਿਲੀ ਪਤਨੀ ਕੋਲ ਨਹੀਂ ਜਾ ਸਕਦਾ ਕਿਉਂਕਿ ਉਸ ਦੇ ਪਹਿਲੇ ਵਿਆਹ ਦਾ ਬੰਧਨ ਤਲਾਕ, ਹਰਾਮਕਾਰੀ ਅਤੇ ਦੂਜੇ ਵਿਆਹ ਕਰਕੇ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।”

ਇਸ ਮਾਮਲੇ ਬਾਰੇ ਸਾਡੀ ਸਮਝ ਵਿਚ ਜੋ ਫੇਰ-ਬਦਲ ਹੋਇਆ ਹੈ, ਉਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਵਿਆਹ ਦੀ ਪਵਿੱਤਰਤਾ ਘੱਟ ਗਈ ਹੈ ਜਾਂ ਹਰਾਮਕਾਰੀ ਇੰਨਾ ਗੰਭੀਰ ਪਾਪ ਨਹੀਂ ਰਿਹਾ। ਜੇ ਇਕ ਆਦਮੀ ਬਾਈਬਲ ਖ਼ਿਲਾਫ਼ ਜਾ ਕੇ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜਾ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ ਜਿਸ ਕਰਕੇ ਉਸ ʼਤੇ ਨਿਆਂ ਕਮੇਟੀ ਬੈਠੇਗੀ। (ਜੇ ਉਸ ਦੀ ਦੂਜੀ ਪਤਨੀ ਮਸੀਹੀ ਹੈ, ਤਾਂ ਹਰਾਮਕਾਰੀ ਕਰਨ ਕਰਕੇ ਉਸ ʼਤੇ ਵੀ ਨਿਆਂ ਕਮੇਟੀ ਬੈਠੇਗੀ।) ਚਾਹੇ ਉਸ ਦੇ ਦੂਜੇ ਵਿਆਹ ਦਾ ਰਿਸ਼ਤਾ ਹਰਾਮਕਾਰੀ ਨਹੀਂ ਮੰਨਿਆ ਜਾਵੇਗਾ, ਪਰ ਉਸ ਨੂੰ ਕਾਫ਼ੀ ਸਾਲਾਂ ਤਕ ਮੰਡਲੀ ਵਿਚ ਕੋਈ ਵੀ ਖ਼ਾਸ ਸਨਮਾਨ ਨਹੀਂ ਦਿੱਤਾ ਜਾਵੇਗਾ। ਉਸ ਨੂੰ ਕੋਈ ਸਨਮਾਨ ਦੇਣ ਤੋਂ ਪਹਿਲਾਂ ਮੰਡਲੀ ਦੇ ਬਜ਼ੁਰਗ ਇਹ ਦੇਖਣਗੇ ਕਿ ਭੈਣ-ਭਰਾ ਅਤੇ ਦੂਜੇ ਲੋਕ ਹਾਲੇ ਵੀ ਉਸ ਦੇ ਪਾਪ ਕਰਕੇ ਪਰੇਸ਼ਾਨ ਹਨ ਜਾਂ ਨਹੀਂ। ਬਜ਼ੁਰਗ ਪਹਿਲੀ ਪਤਨੀ ਦੀਆਂ ਭਾਵਨਾਵਾਂ ਅਤੇ ਮੌਜੂਦਾ ਹਾਲਾਤਾਂ ਬਾਰੇ ਵੀ ਸੋਚਣਗੇ ਜਿਸ ਨੂੰ ਉਸ ਆਦਮੀ ਨੇ ਚਾਲਾਂ ਚੱਲ ਕੇ ਧੋਖਾ ਦਿੱਤਾ ਸੀ। ਨਾਲੇ ਜੇ ਉਨ੍ਹਾਂ ਦਾ ਕੋਈ ਨਾਬਾਲਗ ਬੱਚਾ ਹੈ ਜਿਸ ਨੂੰ ਉਸ ਨੇ ਛੱਡ ਦਿੱਤਾ ਸੀ, ਤਾਂ ਬਜ਼ੁਰਗ ਉਸ ਬਾਰੇ ਵੀ ਸੋਚਣਗੇ।​—ਮਲਾ. 2:14-16.

ਅਸੀਂ ਦੇਖਿਆ ਹੈ ਕਿ ਬਾਈਬਲ ਖ਼ਿਲਾਫ਼ ਜਾ ਕੇ ਤਲਾਕ ਲੈਣ ਅਤੇ ਦੁਬਾਰਾ ਵਿਆਹ ਕਰਾਉਣ ਦੇ ਕਿੰਨੇ ਗੰਭੀਰ ਨਤੀਜੇ ਨਿਕਲਦੇ ਹਨ। ਇਸ ਕਰਕੇ ਮਸੀਹੀਆਂ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਯਹੋਵਾਹ ਵਰਗਾ ਨਜ਼ਰੀਆ ਰੱਖਦੇ ਹੋਏ ਵਿਆਹੁਤਾ ਰਿਸ਼ਤੇ ਦੀ ਪਵਿੱਤਰਤਾ ਨੂੰ ਬਣਾਈ ਰੱਖਣ।​—ਉਪ. 5:4, 5; ਇਬ. 13:4.

a ਇਸ ਵਿਸ਼ੇ ਨੂੰ ਸੌਖਿਆਂ ਸਮਝਾਉਣ ਲਈ ਇਸ ਲੇਖ ਵਿਚ ਪਤੀ ਨੂੰ ਕਸੂਰਵਾਰ ਅਤੇ ਪਤਨੀ ਬੇਕਸੂਰ ਕਿਹਾ ਹੈ। ਪਰ ਇਸ ਵਿਚ ਦੱਸੀਆਂ ਗੱਲਾਂ ਦੋਹਾਂ ʼਤੇ ਲਾਗੂ ਹੁੰਦੀਆਂ ਹਨ। ਮਰਕੁਸ 10:11, 12 ਵਿਚ ਯਿਸੂ ਨੇ ਆਦਮੀ ਅਤੇ ਔਰਤ ਦੋਹਾਂ ਨੂੰ ਸਲਾਹ ਦਿੱਤੀ ਹੈ।

b ਪਹਿਲਾਂ ਸਾਡੀ ਸਮਝ ਸੀ ਕਿ ਜੇ ਪਹਿਲੀ ਪਤਨੀ ਦੀ ਮੌਤ ਨਹੀਂ ਹੋਈ ਜਾਂ ਉਸ ਨੇ ਦੂਜਾ ਵਿਆਹ ਨਹੀਂ ਕਰਾਇਆ ਜਾਂ ਉਸ ਨੇ ਵੀ ਹਰਾਮਕਾਰੀ ਨਹੀਂ ਕੀਤੀ, ਤਾਂ ਪਤੀ ਦੇ ਦੂਜੇ ਵਿਆਹ ਦਾ ਰਿਸ਼ਤਾ ਹਰਾਮਕਾਰੀ ਮੰਨਿਆ ਜਾਂਦਾ ਸੀ। ਪਰ ਹੁਣ ਸਾਡੀ ਇਹ ਸਮਝ ਬਦਲ ਗਈ ਹੈ।