Skip to content

Skip to table of contents

ਅਧਿਐਨ ਲੇਖ 15

ਤੁਸੀਂ ‘ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰੋ’

ਤੁਸੀਂ ‘ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰੋ’

‘ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰ।’​—1 ਤਿਮੋ. 4:12.

ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ

ਖ਼ਾਸ ਗੱਲਾਂ a

1. ਸਾਨੂੰ ਬੋਲਣ ਦੀ ਕਾਬਲੀਅਤ ਕਿਸ ਨੇ ਦਿੱਤੀ ਹੈ?

 ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ, ਇਸ ਕਰਕੇ ਉਸ ਨੇ ਸਾਨੂੰ ਬੋਲਣ ਦੀ ਕਾਬਲੀਅਤ ਦਿੱਤੀ ਹੈ। ਜਦੋਂ ਪਹਿਲੇ ਇਨਸਾਨ ਆਦਮ ਨੂੰ ਬਣਾਇਆ ਗਿਆ, ਤਾਂ ਉਸ ਵਿਚ ਇਹ ਕਾਬਲੀਅਤ ਸੀ ਕਿ ਉਹ ਸ਼ਬਦ ਵਰਤ ਕੇ ਆਪਣੇ ਸਵਰਗੀ ਪਿਤਾ ਨਾਲ ਗੱਲ ਕਰ ਸਕਦਾ ਸੀ। ਨਾਲੇ ਉਹ ਨਵੇਂ-ਨਵੇਂ ਸ਼ਬਦ ਵੀ ਬਣਾ ਸਕਦਾ ਸੀ। ਇਸ ਕਾਬਲੀਅਤ ਕਰਕੇ ਹੀ ਉਹ ਸਾਰੇ ਜਾਨਵਰਾਂ ਦੇ ਨਾਂ ਰੱਖਣ ਦੀ ਜ਼ਿੰਮੇਵਾਰੀ ਵੀ ਪੂਰੀ ਕਰ ਸਕਿਆ। (ਉਤ. 2:19) ਉਹ ਉਦੋਂ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਉਸ ਨੇ ਪਹਿਲੀ ਵਾਰ ਕਿਸੇ ਦੂਸਰੇ ਇਨਸਾਨ ਯਾਨੀ ਆਪਣੀ ਖ਼ੂਬਸੂਰਤ ਪਤਨੀ ਹੱਵਾਹ ਨਾਲ ਗੱਲ ਕੀਤੀ ਹੋਣੀ!​—ਉਤ. 2:22, 23.

2. (ੳ) ਪੁਰਾਣੇ ਸਮੇਂ ਵਿਚ ਬੋਲੀ ਦਾ ਗ਼ਲਤ ਇਸਤੇਮਾਲ ਹੋਣਾ ਕਿਵੇਂ ਸ਼ੁਰੂ ਹੋਇਆ? (ਅ) ਅੱਜ ਵੀ ਲੋਕਾਂ ਦੀ ਬੋਲੀ ਕਿਹੋ ਜਿਹੀ ਹੈ?

2 ਕੁਝ ਸਮੇਂ ਬਾਅਦ ਹੀ ਬੋਲੀ ਦੇ ਤੋਹਫ਼ੇ ਦਾ ਗ਼ਲਤ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ। ਸ਼ੈਤਾਨ ਨੇ ਹੱਵਾਹ ਨਾਲ ਝੂਠ ਬੋਲਿਆ ਜਿਸ ਕਰਕੇ ਇਨਸਾਨਾਂ ਵਿਚ ਪਾਪ ਅਤੇ ਨਾਮੁਕੰਮਲਤਾ ਆ ਗਈ। (ਉਤ. 3:1-4) ਆਦਮ ਨੇ ਵੀ ਆਪਣੀ ਜ਼ਬਾਨ ਦਾ ਗ਼ਲਤ ਇਸਤੇਮਾਲ ਕੀਤਾ ਜਦੋਂ ਉਸ ਨੇ ਆਪਣੀ ਗ਼ਲਤੀ ਦਾ ਦੋਸ਼ ਹੱਵਾਹ, ਇੱਥੋਂ ਤਕ ਕਿ ਯਹੋਵਾਹ ʼਤੇ ਵੀ ਲਾ ਦਿੱਤਾ। (ਉਤ. 3:12) ਕਾਇਨ ਨੇ ਆਪਣੇ ਭਰਾ ਹਾਬਲ ਦਾ ਕਤਲ ਕਰਨ ਤੋਂ ਬਾਅਦ ਯਹੋਵਾਹ ਨੂੰ ਝੂਠ ਬੋਲਿਆ। (ਉਤ. 4:9) ਬਾਅਦ ਵਿਚ ਕਾਇਨ ਦੇ ਪੁੱਤਰ ਲਾਮਕ ਨੇ ਇਕ ਕਵਿਤਾ ਰਚੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਜ਼ਮਾਨੇ ਦੇ ਲੋਕ ਵੀ ਕਿੰਨੇ ਹਿੰਸਕ ਸਨ। (ਉਤ. 4:23, 24) ਅੱਜ ਹਾਲਾਤ ਕਿਹੋ ਜਿਹੇ ਹਨ? ਅਸੀਂ ਦੇਖਦੇ ਹਾਂ ਕਿ ਰਾਜਨੀਤਿਕ ਲੀਡਰ ਬਿਨਾਂ ਕਿਸੇ ਝਿਜਕ ਦੇ ਸਾਰਿਆਂ ਸਾਮ੍ਹਣੇ ਘਟੀਆ ਬੋਲੀ ਬੋਲਦੇ ਹਨ। ਅੱਜ ਜ਼ਿਆਦਾਤਰ ਫ਼ਿਲਮਾਂ ਵਿਚ ਗੰਦੀ ਬੋਲੀ ਹੀ ਸੁਣਨ ਨੂੰ ਮਿਲਦੀ ਹੈ। ਬੱਚੇ ਸਕੂਲਾਂ ਵਿਚ ਅਤੇ ਵੱਡੇ ਆਪਣੇ ਕੰਮ ਦੀ ਥਾਂ ʼਤੇ ਦੇਖਦੇ ਹਨ ਕਿ ਲੋਕ ਆਮ ਤੌਰ ਤੇ ਗਾਲ਼ਾਂ ਕੱਢਦੇ ਅਤੇ ਇਕ-ਦੂਜੇ ਨੂੰ ਗੰਦੇ ਮਜ਼ਾਕ ਕਰਦੇ ਹਨ। ਦੁੱਖ ਦੀ ਗੱਲ ਹੈ, ਸਾਰੇ ਪਾਸੇ ਲੋਕ ਗੰਦੀ ਅਤੇ ਘਟੀਆ ਬੋਲੀ ਬੋਲਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਮਿਆਰ ਕਿੰਨੇ ਡਿੱਗ ਚੁੱਕੇ ਹਨ।

3. (ੳ) ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਸਾਡੇ ਆਲੇ-ਦੁਆਲੇ ਲੋਕ ਅਕਸਰ ਗੰਦੀ ਤੇ ਘਟੀਆ ਬੋਲੀ ਹੀ ਬੋਲਦੇ ਹਨ। ਪਰ ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਸ਼ਾਇਦ ਅਸੀਂ ਵੀ ਉਹੀ ਬੋਲੀ ਬੋਲਣ ਲੱਗ ਜਾਈਏ। ਬਿਨਾਂ ਸ਼ੱਕ, ਮਸੀਹੀ ਹੋਣ ਕਰਕੇ ਅਸੀਂ ਆਪਣੀ ਬੋਲਣ ਦੀ ਸ਼ਾਨਦਾਰ ਕਾਬਲੀਅਤ ਦਾ ਵਧੀਆ ਇਸਤੇਮਾਲ ਕਰਾਂਗੇ ਅਤੇ ਇਸ ਰਾਹੀਂ ਯਹੋਵਾਹ ਦਾ ਜੀਅ ਖ਼ੁਸ਼ ਕਰਾਂਗੇ। ਅਸੀਂ ਆਪਣੀ ਬੋਲੀ ਦੇ ਇਸ ਤੋਹਫ਼ੇ ਰਾਹੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ (1) ਪ੍ਰਚਾਰ ਵਿਚ, (2) ਮੀਟਿੰਗਾਂ ਵਿਚ ਅਤੇ (3) ਕਿਸੇ ਨਾਲ ਗੱਲਬਾਤ ਕਰਦਿਆਂ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸਾਡੀ ਬੋਲੀ ਯਹੋਵਾਹ ਲਈ ਮਾਅਨੇ ਕਿਉਂ ਰੱਖਦੀ ਹੈ।

ਸਾਡੀ ਬੋਲੀ ਯਹੋਵਾਹ ਲਈ ਮਾਅਨੇ ਰੱਖਦੀ ਹੈ

ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ (ਪੈਰੇ 4-5 ਦੇਖੋ) d

4. ਮਲਾਕੀ 3:16 ਮੁਤਾਬਕ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਲਈ ਸਾਡੀ ਬੋਲੀ ਮਾਅਨੇ ਰੱਖਦੀ ਹੈ?

4 ਮਲਾਕੀ 3:16 ਪੜ੍ਹੋ। ਯਹੋਵਾਹ ਉਨ੍ਹਾਂ ਲੋਕਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਇਕ ਕਿਤਾਬ ਵਿਚ ਲਿਖਦਾ ਹੈ ਜਿਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਡਰ ਮੰਨਦੇ ਹਨ ਅਤੇ ਉਸ ਦੇ ਨਾਂ ʼਤੇ ਸੋਚ-ਵਿਚਾਰ ਕਰਦੇ ਹਨ। ਯਹੋਵਾਹ ਇਸ ਤਰ੍ਹਾਂ ਕਿਉਂ ਕਰਦਾ ਹੈ? ਕਿਉਂਕਿ ਸਾਡੀ ਬੋਲੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਯਿਸੂ ਨੇ ਵੀ ਕਿਹਾ ਸੀ: “ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।” (ਮੱਤੀ 12:34) ਅਸੀਂ ਜੋ ਵੀ ਬੋਲਦੇ ਹਾਂ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਯਹੋਵਾਹ ਲਈ ਕਿੰਨਾ ਕੁ ਪਿਆਰ ਹੈ। ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਨੂੰ ਪਿਆਰ ਕਰਨ ਵਾਲੇ ਲੋਕ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ।

5. (ੳ) ਸਾਡੀ ਭਗਤੀ ਦਾ ਸਾਡੀ ਬੋਲੀ ਨਾਲ ਕੀ ਸੰਬੰਧ ਹੈ? (ਅ) ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਸਾਨੂੰ ਆਪਣੀ ਬੋਲੀ ਬਾਰੇ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

5 ਜੇ ਅਸੀਂ ਚੰਗੀ ਬੋਲੀ ਬੋਲਾਂਗੇ, ਤਾਂ ਹੀ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇਗਾ। (ਯਾਕੂ. 1:26) ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ, ਉਹ ਗੁੱਸੇ ਤੇ ਰੁੱਖੇ ਤਰੀਕੇ ਨਾਲ ਅਤੇ ਘਮੰਡ ਵਿਚ ਆ ਕੇ ਗੱਲ ਕਰਦੇ ਹਨ। (2 ਤਿਮੋ. 3:1-5) ਬਿਨਾਂ ਸ਼ੱਕ, ਅਸੀਂ ਕਦੀ ਵੀ ਉਨ੍ਹਾਂ ਵਰਗੇ ਨਹੀਂ ਬਣਨਾ ਚਾਹੁੰਦੇ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੀਏ। ਕੀ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇਗਾ ਜੇ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਪਿਆਰ ਨਾਲ ਗੱਲ ਕਰਦੇ ਹਾਂ, ਪਰ ਘਰ ਵਿਚ ਰੁੱਖੇ ਤਰੀਕੇ ਨਾਲ ਅਤੇ ਗੁੱਸੇ ਵਿਚ ਆ ਕੇ ਗੱਲ ਕਰਦੇ ਹਾਂ?​—1 ਪਤ. 3:7.

6. ਕਿੰਮਬਰਲੇ ਦੀ ਚੰਗੀ ਬੋਲੀ ਦਾ ਕੀ ਵਧੀਆ ਨਤੀਜਾ ਨਿਕਲਿਆ?

6 ਜਦੋਂ ਅਸੀਂ ਬੋਲੀ ਦੇ ਤੋਹਫ਼ੇ ਨੂੰ ਚੰਗੀ ਤਰ੍ਹਾਂ ਵਰਤਦੇ ਹਾਂ, ਤਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਸੇਵਕ ਹਾਂ। ਸਾਡੀ ਬੋਲੀ ਤੋਂ ਲੋਕ “ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਚ ਫ਼ਰਕ” ਸਾਫ਼ ਦੇਖ ਸਕਦੇ ਹਨ। (ਮਲਾ. 3:18) ਜ਼ਰਾ ਭੈਣ ਕਿੰਮਬਰਲੇ b ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਆਪਣੀ ਕਲਾਸ ਦੀ ਇਕ ਕੁੜੀ ਨਾਲ ਮਿਲ ਕੇ ਸਕੂਲ ਦਾ ਕੰਮ ਕਰਨ ਲਈ ਕਿਹਾ ਗਿਆ। ਇਕੱਠੇ ਕੰਮ ਕਰ ਕੇ ਉਸ ਕੁੜੀ ਨੇ ਦੇਖਿਆ ਕਿ ਕਿੰਮਬਰਲੇ ਬਾਕੀ ਵਿਦਿਆਰਥੀਆਂ ਨਾਲੋਂ ਬਹੁਤ ਵੱਖਰੀ ਸੀ। ਕਿੰਮਬਰਲੇ ਪਿੱਠ ਪਿੱਛੇ ਦੂਜਿਆਂ ਦੀ ਬੁਰਾਈ ਨਹੀਂ ਕਰਦੀ ਸੀ ਅਤੇ ਨਾ ਹੀ ਗਾਲ਼ਾਂ ਕੱਢਦੀ ਸੀ, ਸਗੋਂ ਦੂਜਿਆਂ ਨਾਲ ਚੰਗੇ ਤਰੀਕੇ ਨਾਲ ਗੱਲ ਕਰਦੀ ਸੀ। ਕਿੰਮਬਰਲੇ ਦਾ ਉਸ ਕੁੜੀ ʼਤੇ ਚੰਗਾ ਅਸਰ ਪਿਆ ਜਿਸ ਕਰਕੇ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਸਾਡੀ ਬੋਲੀ ਕਰਕੇ ਲੋਕ ਸੱਚਾਈ ਵੱਲ ਖਿੱਚੇ ਆਉਂਦੇ ਹਨ!

7. ਤੁਸੀਂ ਆਪਣੀ ਬੋਲੀ ਦੇ ਤੋਹਫ਼ੇ ਨੂੰ ਕਿਵੇਂ ਵਰਤਣਾ ਚਾਹੁੰਦੇ ਹੋ?

7 ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦੀ ਮਹਿਮਾ ਕਰੀਏ ਅਤੇ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਜਾਈਏ। ਅਸੀਂ ਕਿਵੇਂ ਆਪਣੀ ‘ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰ’ ਸਕਦੇ ਹਾਂ? ਇਹ ਜਾਣਨ ਲਈ ਆਓ ਆਪਾਂ ਕੁਝ ਗੱਲਾਂ ਵੱਲ ਧਿਆਨ ਦੇਈਏ।

ਪ੍ਰਚਾਰ ਵਿਚ ਚੰਗੀ ਮਿਸਾਲ ਕਾਇਮ ਕਰੋ

ਪ੍ਰਚਾਰ ਵਿਚ ਪਿਆਰ ਨਾਲ ਗੱਲ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ (ਪੈਰੇ 8-9 ਦੇਖੋ)

8. ਪ੍ਰਚਾਰ ਕਰਦੇ ਵੇਲੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

8 ਉਦੋਂ ਵੀ ਪਿਆਰ ਅਤੇ ਆਦਰ ਨਾਲ ਗੱਲ ਕਰੋਂ ਜਦੋਂ ਦੂਸਰੇ ਤੁਹਾਨੂੰ ਗੁੱਸਾ ਚੜ੍ਹਾਉਂਦੇ ਹਨ। ਯਿਸੂ ਦੀ ਸੇਵਕਾਈ ਦੌਰਾਨ ਲੋਕਾਂ ਨੇ ਉਸ ʼਤੇ ਝੂਠੇ ਦੋਸ਼ ਲਾਏ ਕਿ ਉਹ ਪੇਟੂ, ਸ਼ਰਾਬੀ, ਸ਼ੈਤਾਨ ਦਾ ਚੇਲਾ, ਸਬਤ ਨੂੰ ਨਾ ਮੰਨਣ ਵਾਲਾ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ ਸੀ। (ਮੱਤੀ 11:19; 26:65; ਲੂਕਾ 11:15; ਯੂਹੰ. 9:16) ਫਿਰ ਵੀ ਯਿਸੂ ਨੇ ਕਦੇ ਉਨ੍ਹਾਂ ਨੂੰ ਗੁੱਸੇ ਨਾਲ ਜਵਾਬ ਨਹੀਂ ਦਿੱਤਾ। ਜਦੋਂ ਲੋਕ ਸਾਡੇ ਨਾਲ ਵੀ ਗੁੱਸੇ ਵਿਚ ਗੱਲ ਕਰਦੇ ਹਨ, ਤਾਂ ਸਾਨੂੰ ਯਿਸੂ ਦੀ ਰੀਸ ਕਰਦਿਆਂ ਪਿਆਰ ਨਾਲ ਜਵਾਬ ਦੇਣਾ ਚਾਹੀਦਾ। (1 ਪਤ. 2:21-23) ਬਿਨਾਂ ਸ਼ੱਕ, ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। (ਯਾਕੂ. 3:2) ਪਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

9. ਪ੍ਰਚਾਰ ਵਿਚ ਆਪਣੀ ਜ਼ਬਾਨ ʼਤੇ ਕਾਬੂ ਰੱਖਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

9 ਜਦੋਂ ਪ੍ਰਚਾਰ ਵਿਚ ਤੁਹਾਡੇ ਨਾਲ ਕੋਈ ਰੁੱਖੇ ਤਰੀਕੇ ਨਾਲ ਗੱਲ ਕਰਦਾ ਹੈ, ਤਾਂ ਖਿਝੋ ਨਾ। ਭਰਾ ਸੈਮ ਦੱਸਦਾ ਹੈ: “ਮੈਂ ਹਮੇਸ਼ਾ ਇਸ ਗੱਲ ʼਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਘਰ-ਮਾਲਕ ਨੂੰ ਸੱਚਾਈ ਸੁਣਨ ਦੀ ਲੋੜ ਹੈ ਅਤੇ ਉਹ ਆਪਣੇ ਆਪ ਨੂੰ ਬਦਲ ਸਕਦਾ ਹੈ।” ਕਈ ਵਾਰ ਘਰ-ਮਾਲਕ ਇਸੇ ਕਰਕੇ ਗੁੱਸੇ ਹੋ ਜਾਂਦਾ ਹੈ ਕਿਉਂਕਿ ਅਸੀਂ ਗ਼ਲਤ ਸਮੇਂ ʼਤੇ ਉਸ ਦੇ ਘਰ ਜਾਂਦੇ ਹਾਂ। ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਪਹਿਲਾਂ ਹੀ ਬਹੁਤ ਗੁੱਸੇ ਵਿਚ ਹੈ, ਤਾਂ ਸਾਨੂੰ ਆਪਣੇ ਮਨ ਵਿਚ ਪ੍ਰਾਰਥਨਾ ਕਰ ਲੈਣੀ ਚਾਹੀਦੀ ਹੈ। ਭੈਣ ਰੂਬੀਨਾ ਵੀ ਇਸੇ ਤਰ੍ਹਾਂ ਕਰਦੀ ਹੈ। ਉਹ ਯਹੋਵਾਹ ਤੋਂ ਮਦਦ ਮੰਗਦੀ ਹੈ ਕਿ ਉਹ ਸ਼ਾਂਤ ਰਹਿ ਸਕੇ ਅਤੇ ਕੁਝ ਵੀ ਪੁੱਠਾ-ਸਿੱਧਾ ਨਾ ਕਹਿ ਦੇਵੇ।

10. ਪਹਿਲਾ ਤਿਮੋਥਿਉਸ 4:13 ਮੁਤਾਬਕ ਸਾਨੂੰ ਕਿਹੜਾ ਟੀਚਾ ਰੱਖਣਾ ਚਾਹੀਦਾ ਹੈ?

10 ਹੋਰ ਵੀ ਵਧੀਆ ਸਿੱਖਿਅਕ ਬਣੋ। ਤਿਮੋਥਿਉਸ ਇਕ ਤਜਰਬੇਕਾਰ ਪ੍ਰਚਾਰਕ ਸੀ, ਪਰ ਫਿਰ ਵੀ ਉਸ ਨੂੰ ਆਪਣੇ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਸੀ। (1 ਤਿਮੋਥਿਉਸ 4:13 ਪੜ੍ਹੋ।) ਅਸੀਂ ਵੀ ਹੋਰ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਾਂ? ਹੋਰ ਵਧੀਆ ਤਿਆਰੀ ਕਰ ਕੇ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਕੋਲ ਸਿਖਾਉਣ ਲਈ ਬਹੁਤ ਵਧੀਆ ਔਜ਼ਾਰ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਵਧੀਆ ਸਿੱਖਿਅਕ ਬਣ ਸਕਦੇ ਹਾਂ। ਅਸੀਂ ਲਗਨ ਨਾਲ ਪੜ੍ਹੋ ਅਤੇ ਸਿਖਾਓ ਬਰੋਸ਼ਰ ਵਰਤ ਸਕਦੇ ਹਾਂ ਅਤੇ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ​—ਸਭਾ ਪੁਸਤਿਕਾ ਦੇ ਭਾਗ “ਪ੍ਰਚਾਰ ਵਿਚ ਮਾਹਰ ਬਣੋ” ਦੇ ਸੁਝਾਅ ਵੀ ਵਰਤ ਸਕਦੇ ਹਾਂ। ਕੀ ਤੁਸੀਂ ਇਨ੍ਹਾਂ ਔਜ਼ਾਰਾਂ ਨੂੰ ਵਰਤਦੇ ਹੋ? ਜੇ ਤੁਸੀਂ ਵਧੀਆ ਤਿਆਰੀ ਕਰੋਗੇ, ਤਾਂ ਤੁਸੀਂ ਬਿਨਾਂ ਕਿਸੇ ਡਰ ਦੇ ਅਤੇ ਪੂਰੇ ਭਰੋਸੇ ਨਾਲ ਗੱਲ ਕਰ ਸਕੋਗੇ।

11. ਕਿਹੜੀਆਂ ਗੱਲਾਂ ਕਰਕੇ ਕੁਝ ਮਸੀਹੀ ਵਧੀਆ ਸਿੱਖਿਅਕ ਬਣੇ ਹਨ?

11 ਅਸੀਂ ਮੰਡਲੀ ਦੇ ਦੂਜੇ ਭੈਣਾਂ-ਭਰਾਵਾਂ ਵੱਲ ਧਿਆਨ ਦੇ ਕੇ ਵੀ ਵਧੀਆ ਸਿੱਖਿਅਕ ਬਣ ਸਕਦੇ ਹਾਂ। ਸੈਮ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਆਪਣੇ ਆਪ ਤੋਂ ਪੁੱਛਦਾ ਹੈ ਕਿ ਦੂਸਰੇ ਭੈਣ-ਭਰਾ ਕਿਹੜੀਆਂ ਗੱਲਾਂ ਕਰਕੇ ਵਧੀਆ ਸਿੱਖਿਅਕ ਹਨ। ਫਿਰ ਉਹ ਦੇਖਦਾ ਹੈ ਕਿ ਦੂਸਰੇ ਭੈਣ-ਭਰਾ ਕਿਵੇਂ ਸਿਖਾਉਂਦੇ ਹਨ ਅਤੇ ਉਹ ਉਨ੍ਹਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਭੈਣ ਤਾਲੀਆ ਦੱਸਦੀ ਹੈ ਕਿ ਉਹ ਇਸ ਗੱਲ ʼਤੇ ਗੌਰ ਕਰਦੀ ਹੈ ਕਿ ਮੰਡਲੀ ਵਿਚ ਤਜਰਬੇਕਾਰ ਭਰਾ ਪਬਲਿਕ ਭਾਸ਼ਣ ਦਿੰਦਿਆਂ ਕਿਸੇ ਵਿਸ਼ੇ ਨੂੰ ਕਿਵੇਂ ਸਮਝਾਉਂਦੇ ਹਨ। ਇਸ ਤਰ੍ਹਾਂ ਉਹ ਸਿੱਖ ਸਕੀ ਕਿ ਪ੍ਰਚਾਰ ਵਿਚ ਕਿਸੇ ਵਿਸ਼ੇ ਬਾਰੇ ਕਿਵੇਂ ਗੱਲ ਕਰਨੀ ਹੈ।

ਮੀਟਿੰਗਾਂ ਵਿਚ ਵਧੀਆ ਮਿਸਾਲ ਕਾਇਮ ਕਰੋ

ਮੀਟਿੰਗਾਂ ਵਿਚ ਦਿਲੋਂ ਗੀਤ ਗਾ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ (ਪੈਰੇ 12-13 ਦੇਖੋ)

12. ਕੁਝ ਭੈਣਾਂ-ਭਰਾਵਾਂ ਨੂੰ ਕੀ ਕਰਨ ਵਿਚ ਝਿਜਕ ਮਹਿਸੂਸ ਹੁੰਦੀ ਹੈ?

12 ਜਦੋਂ ਅਸੀਂ ਸਾਰੇ ਮਿਲ ਕੇ ਗੀਤ ਗਾਉਂਦੇ ਹਾਂ ਅਤੇ ਵਧੀਆ ਤਿਆਰੀ ਕਰ ਕੇ ਜਵਾਬ ਦਿੰਦੇ ਹਾਂ, ਤਾਂ ਅਸੀਂ ਸਾਰੇ ਮੀਟਿੰਗਾਂ ਵਿਚ ਹਿੱਸਾ ਲੈਂਦੇ ਹਾਂ। (ਜ਼ਬੂ. 22:22) ਪਰ ਕੁਝ ਭੈਣਾਂ-ਭਰਾਵਾਂ ਨੂੰ ਸਾਰਿਆਂ ਸਾਮ੍ਹਣੇ ਗੀਤ ਗਾਉਣ ਅਤੇ ਜਵਾਬ ਦੇਣ ਵਿਚ ਝਿਜਕ ਮਹਿਸੂਸ ਹੁੰਦੀ ਹੈ। ਕੀ ਤੁਹਾਨੂੰ ਵੀ ਇੱਦਾਂ ਹੀ ਮਹਿਸੂਸ ਹੁੰਦਾ ਹੈ? ਜੇ ਹਾਂ, ਤਾਂ ਜਾਣੋ ਕਿ ਕਿਹੜੀ ਗੱਲ ਨੇ ਦੂਸਰੇ ਭੈਣਾਂ-ਭਰਾਵਾਂ ਦੀ ਝਿਜਕ ਦੂਰ ਕਰਨ ਵਿਚ ਮਦਦ ਕੀਤੀ।

13. ਕਿਹੜੀ ਗੱਲ ਤੁਹਾਡੀ ਦਿਲੋਂ ਗੀਤ ਗਾਉਣ ਵਿਚ ਮਦਦ ਕਰ ਸਕਦੀ ਹੈ?

13 ਦਿਲੋਂ ਗੀਤ ਗਾਓ। ਜਦੋਂ ਵੀ ਅਸੀਂ ਰਾਜ ਦੇ ਗੀਤ ਗਾਉਂਦੇ ਹਾਂ, ਤਾਂ ਸਾਡਾ ਮੁੱਖ ਟੀਚਾ ਯਹੋਵਾਹ ਦੀ ਮਹਿਮਾ ਕਰਨਾ ਹੋਣਾ ਚਾਹੀਦਾ ਹੈ। ਸਾਰਾ ਨਾਂ ਦੀ ਭੈਣ ਨੂੰ ਪਤਾ ਹੈ ਕਿ ਉਸ ਨੂੰ ਵਧੀਆ ਢੰਗ ਨਾਲ ਗੀਤ ਨਹੀਂ ਗਾਉਣੇ ਆਉਂਦੇ, ਪਰ ਫਿਰ ਵੀ ਉਹ ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਉਹ ਮੀਟਿੰਗਾਂ ਦੇ ਬਾਕੀ ਭਾਗਾਂ ਦੀ ਤਿਆਰ ਕਰਦੀ ਹੈ, ਉਸੇ ਤਰ੍ਹਾਂ ਉਹ ਗੀਤ ਗਾਉਣ ਦੀ ਵੀ ਤਿਆਰੀ ਕਰਦੀ ਹੈ। ਗੀਤ ਗਾਉਣ ਦੀ ਤਿਆਰੀ ਕਰਦਿਆਂ ਉਹ ਇਹ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਗੀਤ ਦੇ ਕਿਹੜੇ ਬੋਲ ਮੀਟਿੰਗ ਦੇ ਭਾਗ ਨਾਲ ਜੁੜੇ ਹਨ। ਉਹ ਕਹਿੰਦੀ ਹੈ: “ਇਸ ਤਰ੍ਹਾਂ ਮੇਰਾ ਧਿਆਨ ਗੀਤ ਦੇ ਬੋਲਾਂ ʼਤੇ ਹੁੰਦਾ ਹੈ, ਨਾ ਕਿ ਇਸ ਗੱਲ ʼਤੇ ਕਿ ਮੈਂ ਕਿਵੇਂ ਗਾ ਰਹੀ ਹਾਂ।”

14. ਜੇ ਤੁਹਾਨੂੰ ਮੀਟਿੰਗਾਂ ਵਿਚ ਜਵਾਬ ਦੇਣ ਲੱਗਿਆਂ ਘਬਰਾਹਟ ਹੁੰਦੀ ਹੈ, ਤਾਂ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

14 ਹਰ ਮੀਟਿੰਗ ਵਿਚ ਜਵਾਬ ਦਿਓ। ਇਹ ਗੱਲ ਸੱਚ ਹੈ ਕਿ ਕਈਆਂ ਨੂੰ ਮੀਟਿੰਗਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ। ਤਾਲੀਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਮੈਨੂੰ ਸਾਰਿਆਂ ਸਾਮ੍ਹਣੇ ਗੱਲ ਕਰਦਿਆਂ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ। ਚਾਹੇ ਮੇਰੀ ਆਵਾਜ਼ ਤੋਂ ਦੂਸਰਿਆਂ ਨੂੰ ਪਤਾ ਨਹੀਂ ਲੱਗਦਾ, ਪਰ ਮੈਂ ਅੰਦਰੋਂ-ਅੰਦਰ ਬਹੁਤ ਘਬਰਾਈ ਹੁੰਦੀ ਹਾਂ। ਇਸ ਕਰਕੇ ਮੇਰੇ ਲਈ ਮੀਟਿੰਗਾਂ ਵਿਚ ਜਵਾਬ ਦੇਣੇ ਬਹੁਤ ਔਖੇ ਹੁੰਦੇ ਹਨ।” ਪਰ ਫਿਰ ਵੀ ਤਾਲੀਆ ਮੀਟਿੰਗਾਂ ਵਿਚ ਜਵਾਬ ਦਿੰਦੀ ਹੈ। ਜਦੋਂ ਉਹ ਮੀਟਿੰਗਾਂ ਦੀ ਤਿਆਰੀ ਕਰਦੀ ਹੈ, ਤਾਂ ਉਹ ਇਕ ਗੱਲ ਦਾ ਧਿਆਨ ਰੱਖਦੀ ਹੈ ਕਿ ਉਸ ਦਾ ਜਵਾਬ ਸਿੱਧਾ ਅਤੇ ਛੋਟਾ ਹੋਵੇ। ਉਹ ਕਹਿੰਦੀ ਹੈ: “ਜੇ ਮੇਰਾ ਜਵਾਬ ਛੋਟਾ, ਸਿੱਧਾ ਅਤੇ ਢੁਕਵਾਂ ਹੁੰਦਾ ਹੈ, ਤਾਂ ਉਹ ਸਹੀ ਹੈ ਕਿਉਂਕਿ ਮੀਟਿੰਗ ਚਲਾਉਣ ਵਾਲਾ ਭਰਾ ਵੀ ਇੱਦਾਂ ਦੇ ਹੀ ਜਵਾਬ ਚਾਹੁੰਦਾ ਹੈ।”

15. ਮੀਟਿੰਗਾਂ ਵਿਚ ਜਵਾਬ ਦੇਣ ਬਾਰੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

15 ਕਈ ਵਾਰ ਉਹ ਮਸੀਹੀ ਵੀ ਸ਼ਾਇਦ ਮੀਟਿੰਗਾਂ ਵਿਚ ਜਵਾਬ ਦੇਣ ਤੋਂ ਝਿਜਕਣ ਜੋ ਸ਼ਰਮੀਲੇ ਸੁਭਾਅ ਦੇ ਨਹੀਂ ਹੁੰਦੇ। ਕਿਉਂ? ਜੂਲੀਏਟ ਦੱਸਦੀ ਹੈ: “ਕਈ ਵਾਰ ਮੈਨੂੰ ਲੱਗਦਾ ਹੈ ਕਿ ਮੇਰਾ ਜਵਾਬ ਬਹੁਤਾ ਵਧੀਆ ਨਹੀਂ ਹੈ, ਇਸ ਡਰੋਂ ਮੈਂ ਹੱਥ ਖੜ੍ਹਾ ਹੀ ਨਹੀਂ ਕਰਦੀ।” ਯਾਦ ਰੱਖੋ, ਯਹੋਵਾਹ ਚਾਹੁੰਦਾ ਹੈ ਕਿ ਜਿੰਨਾ ਹੋ ਸਕੇ, ਅਸੀਂ ਆਪਣੇ ਵੱਲੋਂ ਵਧੀਆ ਜਵਾਬ ਦੇਣ ਦੀ ਕੋਸ਼ਿਸ਼ ਕਰੀਏ। c ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਘਬਰਾਹਟ ਹੋਣ ਦੇ ਬਾਵਜੂਦ ਵੀ ਮੀਟਿੰਗਾਂ ਵਿਚ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।

ਦੂਜਿਆਂ ਨਾਲ ਗੱਲਬਾਤ ਕਰਦਿਆਂ ਮਿਸਾਲ ਕਾਇਮ ਕਰੋ

16. ਸਾਨੂੰ ਕਿਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ?

16 “ਗਾਲ਼ੀ-ਗਲੋਚ,” ਘਟੀਆ ਗੱਲਾਂ ਅਤੇ ਦੂਜਿਆਂ ਦੀ ਬੇਇੱਜ਼ਤੀ ਕਰਨ ਵਾਲੀਆਂ ਗੱਲਾਂ ਨਾ ਕਰੋ। (ਅਫ਼. 4:31) ਇਹ ਗੱਲ ਸੱਚ ਹੈ ਕਿ ਮਸੀਹੀਆਂ ਨੂੰ ਗਾਲ਼ਾਂ ਬਿਲਕੁਲ ਨਹੀਂ ਕੱਢਣੀਆਂ ਚਾਹੀਦੀਆਂ। ਪਰ ਜੇ ਅਸੀਂ ਧਿਆਨ ਨਾ ਦੇਈਏ, ਤਾਂ ਸ਼ਾਇਦ ਅਸੀਂ ਦੂਜਿਆਂ ਬਾਰੇ ਗ਼ਲਤ ਗੱਲਾਂ ਕਰਨ ਲੱਗ ਸਕਦੇ ਹਾਂ। ਉਦਾਹਰਣ ਲਈ, ਸਾਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੇ ਸਭਿਆਚਾਰ, ਦੇਸ਼ ਜਾਂ ਕੌਮ ਬਾਰੇ ਬੁਰੀਆਂ ਗੱਲਾਂ ਨਾ ਕਰੀਏ ਅਤੇ ਨਾ ਹੀ ਉਨ੍ਹਾਂ ਦਾ ਮਜ਼ਾਕ ਉਡਾਈਏ। ਇਸ ਤੋਂ ਇਲਾਵਾ, ਸਾਨੂੰ ਕਦੇ ਵੀ ਦੂਜਿਆਂ ਦਾ ਦਿਲ ਦੁਖਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਕ ਭਰਾ ਮੰਨਦਾ ਹੈ: “ਕਈ ਵਾਰ ਮੈਂ ਇੱਦਾਂ ਦੀਆਂ ਗੱਲਾਂ ਕਹਿ ਦਿੰਦਾ ਸੀ ਜੋ ਮੈਨੂੰ ਮਜ਼ਾਕ ਲੱਗਦੀਆਂ ਸਨ ਅਤੇ ਮੈਨੂੰ ਲੱਗਦਾ ਸੀ ਕਿ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਅਸਲ ਵਿਚ ਮੇਰੀਆਂ ਗੱਲਾਂ ਨਾਲ ਦੂਸਰਿਆਂ ਨੂੰ ਦੁੱਖ ਪਹੁੰਚਦਾ ਸੀ। ਸਮੇਂ ਦੇ ਬੀਤਣ ਨਾਲ ਮੇਰੀ ਪਤਨੀ ਨੇ ਇਸ ਮਾਮਲੇ ਵਿਚ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਉਸ ਨੂੰ ਜਾਂ ਕਿਸੇ ਹੋਰ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਕਹਿ ਦਿੰਦਾ ਸੀ, ਤਾਂ ਉਹ ਇਕੱਲਿਆਂ ਵਿਚ ਮੈਨੂੰ ਇਸ ਬਾਰੇ ਦੱਸਦੀ ਸੀ।”

17. ਅਫ਼ਸੀਆਂ 4:29 ਮੁਤਾਬਕ ਅਸੀਂ ਦੂਜਿਆਂ ਦਾ ਹੌਸਲਾ ਕਿਵੇਂ ਵਧਾ ਸਕਦਾ ਹਾਂ?

17 ਆਪਣੀ ਬੋਲੀ ਰਾਹੀਂ ਦੂਜਿਆਂ ਦਾ ਹੌਸਲਾ ਵਧਾਓ। ਨੁਕਤਾਚੀਨੀ ਜਾਂ ਸ਼ਿਕਾਇਤ ਕਰਨ ਦੀ ਬਜਾਇ ਦੂਜਿਆਂ ਦੀ ਤਾਰੀਫ਼ ਕਰਨ ਵਿਚ ਪਹਿਲ ਕਰੋ। (ਅਫ਼ਸੀਆਂ 4:29 ਪੜ੍ਹੋ।) ਜ਼ਰਾ ਸੋਚੋ ਕਿ ਇਜ਼ਰਾਈਲੀਆਂ ਨੂੰ ਬਹੁਤ ਸਾਰੀਆਂ ਗੱਲਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ, ਪਰ ਉਹ ਅਕਸਰ ਸ਼ਿਕਾਇਤ ਕਰਦੇ ਸਨ। ਜਦੋਂ ਅਸੀਂ ਸ਼ਿਕਾਇਤ ਕਰਦੇ ਹਾਂ, ਤਾਂ ਦੂਸਰੇ ਵੀ ਸਾਨੂੰ ਦੇਖ ਕੇ ਸ਼ਿਕਾਇਤ ਕਰਨ ਲੱਗ ਸਕਦੇ ਹਨ। ਯਾਦ ਕਰੋ, ਜਦੋਂ ਦਸ ਜਾਸੂਸਾਂ ਨੇ ਬੁਰੀ ਖ਼ਬਰ ਲਿਆਂਦੀ, ਤਾਂ ਇਸ ਕਰਕੇ ਬਾਕੀ ‘ਇਜ਼ਰਾਈਲੀ ਵੀ ਮੂਸਾ ਖ਼ਿਲਾਫ਼ ਬੁੜ-ਬੁੜ ਕਰਨ ਲੱਗ’ ਪਏ। (ਗਿਣ. 13:31–14:4) ਇਸ ਤੋਂ ਉਲਟ, ਦੂਜਿਆਂ ਦੀ ਤਾਰੀਫ਼ ਕਰਨ ਨਾਲ ਉਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਜਦੋਂ ਯਿਫ਼ਤਾਹ ਦੀ ਧੀ ਦੀਆਂ ਸਹੇਲੀਆਂ ਨੇ ਉਸ ਦੀ ਤਾਰੀਫ਼ ਕੀਤੀ, ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਜ਼ਰੂਰ ਹੌਸਲਾ ਮਿਲਿਆ ਹੋਣਾ। (ਨਿਆ. 11:40) ਸਾਰਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਜਦੋਂ ਅਸੀਂ ਦੂਜਿਆਂ ਦੀ ਤਾਰੀਫ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਂਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦੇ ਸੰਗਠਨ ਵਿਚ ਉਨ੍ਹਾਂ ਦੀ ਬਹੁਤ ਅਹਿਮੀਅਤ ਹੈ।” ਇਸ ਲਈ ਸਾਨੂੰ ਮੌਕਾ ਮਿਲਣ ʼਤੇ ਦੂਜਿਆਂ ਦੀ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ।

18. (ੳ) ਜ਼ਬੂਰ 15:1, 2 ਮੁਤਾਬਕ ਸਾਨੂੰ ਸੱਚ ਕਿਉਂ ਬੋਲਣਾ ਚਾਹੀਦਾ ਹੈ? (ਅ) ਸੱਚ ਬੋਲਣ ਵਿਚ ਕੀ ਕੁਝ ਸ਼ਾਮਲ ਹੈ?

18 ਹਮੇਸ਼ਾ ਸੱਚ ਬੋਲੋ। ਜੇ ਅਸੀਂ ਝੂਠ ਬੋਲਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਦੇ ਕਿਉਂਕਿ ਯਹੋਵਾਹ ਹਰ ਤਰ੍ਹਾਂ ਦੇ ਝੂਠ ਤੋਂ ਨਫ਼ਰਤ ਕਰਦਾ ਹੈ। (ਕਹਾ. 6:16, 17) ਚਾਹੇ ਅੱਜ ਬਹੁਤ ਸਾਰੇ ਲੋਕਾਂ ਲਈ ਝੂਠ ਬੋਲਣਾ ਆਮ ਗੱਲ ਹੈ, ਪਰ ਅਸੀਂ ਦੁਨੀਆਂ ਦੀ ਬਜਾਇ ਯਹੋਵਾਹ ਦੀ ਸੋਚ ਮੁਤਾਬਕ ਚੱਲਦੇ ਹਾਂ। (ਜ਼ਬੂਰ 15:1, 2 ਪੜ੍ਹੋ।) ਬਿਨਾਂ ਸ਼ੱਕ, ਅਸੀਂ ਝੂਠ ਤਾਂ ਨਹੀਂ ਬੋਲਾਂਗੇ, ਪਰ ਅਸੀਂ ਅੱਧਾ-ਅਧੂਰਾ ਸੱਚ ਵੀ ਨਹੀਂ ਦੱਸਾਂਗੇ ਅਤੇ ਨਾ ਹੀ ਗੱਲ ਘੁਮਾ-ਫਿਰਾ ਕੇ ਦੱਸਾਂਗੇ ਕਿ ਸਾਮ੍ਹਣੇ ਵਾਲੇ ਨੂੰ ਸੱਚ ਪਤਾ ਹੀ ਨਾ ਲੱਗੇ।

ਦੂਜਿਆਂ ਨਾਲ ਗੱਲਬਾਤ ਕਰਦੇ ਹੋਏ ਚੁਗ਼ਲੀਆਂ ਦਾ ਰੁੱਖ ਚੰਗੀਆਂ ਗੱਲਾਂ ਵੱਲ ਮੋੜ ਕੇ ਅਸੀਂ ਯਹੋਵਾਹ ਦੀ ਮਿਹਰ ਪਾਉਂਦੇ ਹਾਂ (ਪੈਰਾ 19 ਦੇਖੋ)

19. ਦੂਜਿਆਂ ਨਾਲ ਗੱਲਬਾਤ ਕਰਦਿਆਂ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

19 ਚੁਗ਼ਲੀਆਂ ਨਾ ਕਰੋ। (ਕਹਾ. 25:23; 2 ਥੱਸ. 3:11) ਜੂਲੀਏਟ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ ਕਿ ਚੁਗ਼ਲੀਆਂ ਦਾ ਉਸ ʼਤੇ ਕੀ ਅਸਰ ਪੈਂਦਾ ਹੈ। ਉਹ ਦੱਸਦੀ ਹੈ: “ਜਦੋਂ ਕੋਈ ਵਿਅਕਤੀ ਗੱਲਾਂ ਕਰਦੇ ਹੋਏ ਕਿਸੇ ਦੀਆਂ ਚੁਗ਼ਲੀਆਂ ਕਰਦਾ ਹੈ, ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਮੇਰਾ ਉਸ ਵਿਅਕਤੀ ਤੋਂ ਭਰੋਸਾ ਉੱਠ ਜਾਂਦਾ ਹੈ। ਜੇ ਉਹ ਅੱਜ ਮੇਰੇ ਕੋਲ ਕਿਸੇ ਬਾਰੇ ਬੁਰੀਆਂ ਗੱਲਾਂ ਕਰ ਸਕਦਾ ਹੈ, ਤਾਂ ਮੈਂ ਉਸ ਵਿਅਕਤੀ ʼਤੇ ਕਿੱਦਾਂ ਭਰੋਸਾ ਕਰ ਸਕਦੀ ਹਾਂ ਕਿ ਉਹ ਕੱਲ੍ਹ ਦੂਜਿਆਂ ਕੋਲ ਜਾ ਕੇ ਮੇਰੇ ਬਾਰੇ ਬੁਰਾ-ਭਲਾ ਨਹੀਂ ਕਹੇਗਾ?” ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲਬਾਤ ਚੁਗ਼ਲੀਆਂ ਵੱਲ ਚਲੀ ਗਈ ਹੈ, ਤਾਂ ਤੁਸੀਂ ਆਪਣੀ ਗੱਲਬਾਤ ਦਾ ਰੁੱਖ ਚੰਗੀਆਂ ਗੱਲਾਂ ਵੱਲ ਮੋੜ ਸਕਦੇ ਹੋ।​—ਕੁਲੁ. 4:6.

20. ਤੁਹਾਨੂੰ ਆਪਣੀ ਬੋਲੀ ਬਾਰੇ ਕਿਹੜਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਘਟੀਆ ਬੋਲੀ ਬੋਲਣ ਨੂੰ ਮਾਣ ਦੀ ਗੱਲ ਸਮਝਦੇ ਹਨ। ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੀ ਬੋਲੀ ਰਾਹੀਂ ਯਹੋਵਾਹ ਦਾ ਜੀਅ ਖ਼ੁਸ਼ ਹੋਵੇ। ਯਾਦ ਰੱਖੋ ਕਿ ਬੋਲਣ ਦੀ ਕਾਬਲੀਅਤ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਵਰਤੀਏ। ਯਹੋਵਾਹ ਸਾਨੂੰ ਜ਼ਰੂਰ ਬਰਕਤ ਦੇਵੇਗਾ ਜੇ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਜਾਂ ਦੂਜਿਆਂ ਨਾਲ ਗੱਲਬਾਤ ਕਰਦਿਆਂ ਚੰਗੀ ਬੋਲੀ ਬੋਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਬੁਰੀ ਦੁਨੀਆਂ ਦੇ ਅੰਤ ਤੋਂ ਬਾਅਦ ਸਾਡੇ ਲਈ ਹੋਰ ਵੀ ਜ਼ਿਆਦਾ ਸੌਖਾ ਹੋਵੇਗਾ ਕਿ ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦੀ ਮਹਿਮਾ ਕਰੀਏ। (ਯਹੂ. 15) ਉਦੋਂ ਤਕ ਪੱਕਾ ਇਰਾਦਾ ਕਰੋ ਕਿ “[ਤੁਹਾਡੇ] ਮੂੰਹ ਦੀਆਂ ਗੱਲਾਂ” ਨਾਲ ਯਹੋਵਾਹ ਦੀ ਮਹਿਮਾ ਹੁੰਦੀ ਰਹੇ।​—ਜ਼ਬੂ. 19:14.

ਗੀਤ 56 ਸੱਚਾਈ ਦੇ ਰਾਹ ʼਤੇ ਚੱਲ

a ਯਹੋਵਾਹ ਨੇ ਇਨਸਾਨਾਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ, ਉਹ ਹੈ ਬੋਲਣ ਦੀ ਕਾਬਲੀਅਤ। ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਤੋਹਫ਼ੇ ਨੂੰ ਯਹੋਵਾਹ ਦੀ ਇੱਛਾ ਦੇ ਮੁਤਾਬਕ ਨਹੀਂ ਵਰਤਦੇ। ਚਾਹੇ ਇਸ ਦੁਨੀਆਂ ਦੇ ਮਿਆਰ ਦਿਨ-ਬਦਿਨ ਡਿੱਗਦੇ ਜਾ ਰਹੇ ਹਨ, ਫਿਰ ਵੀ ਅਸੀਂ ਆਪਣੀ ਬੋਲੀ ਨੂੰ ਸਾਫ਼-ਸੁਥਰੀ ਕਿਵੇਂ ਰੱਖ ਸਕਦੇ ਹਾਂ ਅਤੇ ਇਸ ਰਾਹੀਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ? ਅਸੀਂ ਆਪਣੀ ਬੋਲੀ ਰਾਹੀਂ ਯਹੋਵਾਹ ਦਾ ਦਿਲ ਖ਼ੁਸ਼ ਕਿਵੇਂ ਕਰ ਸਕਦੇ ਹਾਂ ਜਦੋਂ ਅਸੀਂ ਪ੍ਰਚਾਰ ਅਤੇ ਮੀਟਿੰਗਾਂ ਵਿਚ ਜਾਂਦੇ ਹਾਂ ਅਤੇ ਇਕ-ਦੂਸਰੇ ਨਾਲ ਗੱਲਬਾਤ ਕਰਦੇ ਹਾਂ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।

b ਕੁਝ ਨਾਂ ਬਦਲੇ ਗਏ ਹਨ।

c ਮੀਟਿੰਗਾਂ ਵਿਚ ਜਵਾਬ ਦੇਣ ਬਾਰੇ ਹੋਰ ਜਾਣਕਾਰੀ ਲੈਣ ਲਈ ਜਨਵਰੀ 2019 ਦੇ ਪਹਿਰਾਬੁਰਜ ਵਿਚ “ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਲੇਖ ਦੇਖੋ।

d ਤਸਵੀਰ ਬਾਰੇ ਜਾਣਕਾਰੀ: ਪ੍ਰਚਾਰ ਵਿਚ ਗੁੱਸੇ ਨਾਲ ਪੇਸ਼ ਆ ਰਹੇ ਘਰ-ਮਾਲਕ ਨਾਲ ਇਕ ਭਰਾ ਵੀ ਗੁੱਸੇ ਵਿਚ ਗੱਲ ਕਰਦਾ ਹੋਇਆ; ਮੀਟਿੰਗ ਵਿਚ ਇਕ ਭਰਾ ਦਿਲੋਂ ਗੀਤ ਨਹੀਂ ਗਾ ਰਿਹਾ; ਇਕ ਭੈਣ ਕਿਸੇ ਦੀ ਚੁਗ਼ਲੀ ਕਰਦੀ ਹੋਈ।