Skip to content

Skip to table of contents

ਮੇਰੇ ਕੁੱਤਿਆਂ ਲਈ ਬਿਸਕੁਟ

ਮੇਰੇ ਕੁੱਤਿਆਂ ਲਈ ਬਿਸਕੁਟ

ਅਮਰੀਕਾ ਦੇ ਆਰੇਗਨ ਵਿਚ ਰਹਿਣ ਵਾਲੇ ਨਿੱਕ ਨੇ ਲਿਖਿਆ: “2014 ਦੀ ਬਸੰਤ ਰੁੱਤ ਸੀ। ਮੈਂ ਆਪਣੇ ਦੋ ਕੁੱਤਿਆਂ ਨੂੰ ਬਾਜ਼ਾਰ ਵਿਚ ਘੁਮਾਉਣ ਲਈ ਲੈ ਕੇ ਜਾਂਦਾ ਹੁੰਦਾ ਸੀ। ਉੱਥੇ ਮੈਂ ਅਕਸਰ ਯਹੋਵਾਹ ਦੇ ਗਵਾਹਾਂ ਨੂੰ ਦੇਖਦਾ ਹੁੰਦਾ ਸੀ ਜੋ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲ ਖੜ੍ਹੇ ਹੁੰਦੇ ਸਨ। ਗਵਾਹਾਂ ਦਾ ਪਹਿਰਾਵਾ ਬਹੁਤ ਵਧੀਆ ਹੁੰਦਾ ਸੀ ਅਤੇ ਉਹ ਸਾਰਿਆਂ ਵੱਲ ਮੁਸਕਰਾ ਕੇ ਦੇਖਦੇ ਸਨ।

“ਯਹੋਵਾਹ ਦੇ ਗਵਾਹ ਨਾ ਸਿਰਫ਼ ਲੋਕਾਂ ਨਾਲ, ਸਗੋਂ ਮੇਰੇ ਕੁੱਤਿਆਂ ਨਾਲ ਵੀ ਪਿਆਰ ਨਾਲ ਪੇਸ਼ ਆਏ। ਇਕ ਦਿਨ ਜਦੋਂ ਈਲੇਨ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲ ਖੜ੍ਹੀ ਸੀ, ਤਾਂ ਉਸ ਨੇ ਮੇਰੇ ਕੁੱਤਿਆਂ ਨੂੰ ਬਿਸਕੁਟ ਖੁਆਏ। ਇਸ ਤੋਂ ਬਾਅਦ ਜਦੋਂ ਵੀ ਮੈਂ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲੋਂ ਲੰਘਦਾ ਸੀ, ਤਾਂ ਮੇਰੇ ਕੁੱਤੇ ਬਿਸਕੁਟ ਖਾਣ ਲਈ ਗਵਾਹਾਂ ਵੱਲ ਭੱਜਦੇ ਸਨ।

“ਕੁਝ ਮਹੀਨੇ ਇਸੇ ਤਰ੍ਹਾਂ ਬੀਤ ਗਏ। ਮੇਰੇ ਕੁੱਤਿਆਂ ਨੂੰ ਬਿਸਕੁਟ ਖਾ ਕੇ ਅਤੇ ਮੈਨੂੰ ਗਵਾਹਾਂ ਨਾਲ ਮਾੜੀ-ਮੋਟੀ ਗੱਲ ਕਰ ਕੇ ਮਜ਼ਾ ਆਉਂਦਾ ਸੀ। ਪਰ ਮੈਂ ਗਵਾਹਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ ਚਾਹੁੰਦਾ ਸੀ। ਉਸ ਸਮੇਂ ਮੇਰੀ ਉਮਰ 70 ਸਾਲਾਂ ਤੋਂ ਜ਼ਿਆਦਾ ਸੀ ਅਤੇ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਪਤਾ ਨਹੀਂ ਸੀ। ਬਹੁਤ ਸਾਰੇ ਚਰਚਾਂ ਵਿਚ ਜਾ ਕੇ ਮੇਰੇ ਪੱਲੇ ਬਸ ਨਿਰਾਸ਼ਾ ਹੀ ਪਈ ਸੀ। ਇਸ ਲਈ ਮੈਂ ਸੋਚਦਾ ਸੀ ਕਿ ਵਧੀਆ ਹੈ ਕਿ ਘਰੇ ਬਹਿ ਕੇ ਆਪੇ ਹੀ ਬਾਈਬਲ ਪੜ੍ਹ ਲਵੋ।

“ਉਸ ਸਮੇਂ ਦੌਰਾਨ ਮੈਂ ਸ਼ਹਿਰ ਦੇ ਕੁਝ ਹੋਰ ਹਿੱਸਿਆਂ ਵਿਚ ਵੀ ਅਲੱਗ-ਅਲੱਗ ਯਹੋਵਾਹ ਦੇ ਗਵਾਹਾਂ ਨੂੰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲਾ ਕੇ ਖੜ੍ਹੇ ਦੇਖਿਆ। ਮੈਂ ਦੇਖਿਆ ਕਿ ਸਾਰੇ ਹੀ ਗਵਾਹ ਹਮੇਸ਼ਾ ਦੂਜਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਸਨ। ਉਹ ਮੇਰੇ ਸਵਾਲਾਂ ਦੇ ਜਵਾਬ ਹਮੇਸ਼ਾ ਬਾਈਬਲ ਵਿੱਚੋਂ ਦਿੰਦੇ ਸਨ ਜਿਸ ਕਰਕੇ ਉਨ੍ਹਾਂ ʼਤੇ ਮੇਰਾ ਭਰੋਸਾ ਵਧਣ ਲੱਗਾ।

“ਇਕ ਦਿਨ ਈਲੇਨ ਨੇ ਮੈਨੂੰ ਪੁੱਛਿਆ: ‘ਕੀ ਤੁਹਾਨੂੰ ਇਸ ਗੱਲ ʼਤੇ ਯਕੀਨ ਹੈ ਕਿ ਜਾਨਵਰ ਰੱਬ ਵੱਲੋਂ ਇਕ ਤੋਹਫ਼ਾ ਹਨ?’ ਮੈਂ ਜਵਾਬ ਦਿੱਤਾ: ‘ਹਾਂ, ਬਿਲਕੁਲ!, ਮੈਨੂੰ ਇਸ ਗੱਲ ʼਤੇ ਯਕੀਨ ਹੈ।’ ਫਿਰ ਈਲੇਨ ਨੇ ਮੈਨੂੰ ਯਸਾਯਾਹ 11:6-9 ਪੜ੍ਹ ਕੇ ਸੁਣਾਇਆ। ਇਸ ਤੋਂ ਬਾਅਦ ਮੈਂ ਗਵਾਹਾਂ ਤੋਂ ਬਾਈਬਲ ਬਾਰੇ ਸਿੱਖਣਾ ਤਾਂ ਚਾਹੁੰਦਾ ਸੀ, ਪਰ ਹਾਲੇ ਵੀ ਮੈਂ ਉਨ੍ਹਾਂ ਕੋਲੋਂ ਪ੍ਰਕਾਸ਼ਨ ਲੈਣ ਤੋਂ ਝਿਜਕਦਾ ਸੀ।

“ਉਸ ਦਿਨ ਤੋਂ ਬਾਅਦ ਈਲੇਨ ਅਤੇ ਉਸ ਦੇ ਪਤੀ ਬੇਰੈੱਟ ਨਾਲ ਮੈਨੂੰ ਬਾਈਬਲ ਵਿੱਚੋਂ ਗੱਲਬਾਤ ਕਰ ਕੇ ਬਹੁਤ ਮਜ਼ਾ ਆਉਣ ਲੱਗਾ। ਉਨ੍ਹਾਂ ਨੇ ਮੈਨੂੰ ਮੱਤੀ ਤੋਂ ਲੈ ਕੇ ਰਸੂਲਾਂ ਦੇ ਕੰਮ ਤਕ ਦੀਆਂ ਕਿਤਾਬਾਂ ਪੜ੍ਹਨ ਲਈ ਕਿਹਾ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਇਕ ਸੱਚਾ ਮਸੀਹੀ ਹੋਣ ਦਾ ਕੀ ਮਤਲਬ ਹੈ। ਇਸ ਲਈ ਮੈਂ ਬਾਈਬਲ ਵਿੱਚੋਂ ਇਹ ਕਿਤਾਬਾਂ ਪੜ੍ਹੀਆਂ। ਇਸ ਤੋਂ ਕੁਝ ਸਮੇਂ ਬਾਅਦ ਹੀ ਮੈਂ ਈਲੇਨ ਤੇ ਬੇਰੈੱਟ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਇਹ 2016 ਦੀਆਂ ਗਰਮੀਆਂ ਦੀ ਗੱਲ ਹੈ।

“ਮੈਨੂੰ ਹਰ ਹਫ਼ਤੇ ਬਾਈਬਲ ਸਟੱਡੀ ਕਰਨੀ ਅਤੇ ਮੀਟਿੰਗਾਂ ʼਤੇ ਜਾਣਾ ਬਹੁਤ ਵਧੀਆ ਲੱਗਦਾ ਸੀ। ਮੈਂ ਇਹ ਜਾਣ ਕੇ ਬਹੁਤ ਖ਼ੁਸ਼ ਸੀ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ। ਇਹ ਮੇਰੇ ਲਈ ਕਿਸੇ ਬਰਕਤ ਨਾਲੋਂ ਘੱਟ ਨਹੀਂ ਹੈ। ਫਿਰ ਇਕ ਸਾਲ ਬਾਅਦ ਹੀ ਮੇਰਾ ਬਪਤਿਸਮਾ ਹੋ ਗਿਆ ਅਤੇ ਮੈਂ ਇਕ ਗਵਾਹ ਬਣ ਗਿਆ। ਹੁਣ ਮੇਰੀ ਉਮਰ 79 ਸਾਲਾਂ ਦੀ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਨੂੰ ਬਾਈਬਲ ਦਾ ਸਹੀ ਗਿਆਨ ਮਿਲ ਗਿਆ ਹੈ। ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਆਪਣੇ ਵੱਡੇ ਪਰਿਵਾਰ ਦਾ ਹਿੱਸਾ ਬਣਾਇਆ ਹੈ।”